|
ਕ੍ਰਾਂਤੀਕਾਰੀ ਕਵੀ ਬਿਸਮਿਲ ਫ਼ਰੀਦਕੋਟੀ |
ਤਲਖ਼ੀਆਂ ਦੀ ਜ਼ਹਿਰ ਪੀ ਕੇ ਵੀ ਮਨੁੱਖਤਾ ਦੀ ਖ਼ੈਰ ਮੰਗਣ ਵਾਲਾ ਬਿਸਮਿਲ ਫ਼ਰੀਦਕੋਟੀ ਇੱਕ ਅਜਿਹਾ ਕ੍ਰਾਂਤੀਕਾਰੀ ਕਵੀ ਸੀ ਜੋ ਉਮਰ ਭਰ ਲੋਕਾਈ ਦੇ ਹੱਕਾਂ ਲਈ ਨਿਰੰਤਰ ਜੂਝਦਾ ਰਿਹਾ। ਬਿਸਮਿਲ ਫ਼ਰੀਦਕੋਟੀ ਦਾ ਅਸਲ ਨਾਂ ਗਿਰਧਾਰੀ ਲਾਲ ਸੀ। ਉਸਦਾ ਜਨਮ ਪਹਿਲੀ ਨਵੰਬਰ, 1926 ਨੂੰ ਪੰਡਿਤ ਪਾਲੀ ਰਾਮ ਦੇ ਘਰ ਪਿੰਡ ਢੋਲਣ ਸਤਾਈ ਚੱਕ (ਹੁਣ ਪਾਕਿਸਤਾਨ) ਵਿੱਚ ਹੋਇਆ। ਉਸ ਦਾ ਬਚਪਨ ਤੰਗੀਆਂ-ਤੁਰਸ਼ੀਆਂ ‘ਚ ਗੁਜ਼ਰਿਆ। ਉਹ ਅਜੇ ਦਸਾਂ ਵਰ੍ਹਿਆਂ ਦਾ ਹੀ ਸੀ ਜਦੋਂ ਉਸ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਦੋ ਵੱਡੇ ਭੈਣ-ਭਰਾ ਵੀ ਵਾਰੀ-ਵਾਰੀ ਤੁਰ ਗਏ। ਮਾਂ ਦੀ ਹੱਲਾਸ਼ੇਰੀ ਸਦਕਾ ਉਸਨੇ ਮਿਡਲ ਤਕ ਦੀ ਪੜ੍ਹਾਈ ਕੀਤੀ। ਛੋਟੀ ਉਮਰੇ ਹੀ ਉਸਨੂੰ ਪੈਸੇ ਕਮਾਉਣ ਲਈ ਸੰਘਰਸ਼ ਕਰਨਾ ਪਿਆ। ਉਸਨੇ ਸਵੈ-ਯਤਨਾਂ ਨਾਲ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਸੰਤਾਲੀ ‘ਚ ਉੱਜੜ ਕੇ ਇੱਧਰ ਆਉਣਾ ਪਿਆ। ਉਸਨੇ ਕੁਝ ਸਮਾਂ ਫ਼ੌਜ ਦੀ ਨੌਕਰੀ ਕੀਤੀ, ਨਹਿਰ ਪਟਵਾਰੀ ਵੀ ਬਣੇ ਅਤੇ ਚੁੰਗੀ ਮੁਹੱਰਰੀ ਵੀ ਕੀਤੀ। ਉਹ ਸਹਿਕਾਰਤਾ ਸੁਸਾਇਟੀ ਦਾ ਸਕੱਤਰ ਰਿਹਾ, ਹਿਕਮਤ ਵੀ ਕੀਤੀ ਤੇ ਰਿਕਸ਼ਾ ਚਾਲਕ ਵੀ ਬਣਨਾ ਪਿਆ ਪਰ ਹਰ ਕੰਮ ਵਿੱਚ ਆਪਣੇ ਸਵੈਮਾਣ ਨੂੰ ਕਾਇਮ ਰੱਖਿਆ। ਬਿਸਮਿਲ ਨੂੰ ਕਵਿਤਾ ਦੀ ਜਾਗ 1950 ਵਿੱਚ ਲੱਗੀ। ਉਨ੍ਹੀਂ ਦਿਨੀਂ ਨੰਦ ਲਾਲ ਨੂਰਪੁਰੀ ਫ਼ਰੀਦਕੋਟ ਵਿੱਚ ਹੀ ਸਨ। ਉਸਨੇ ਹਰੀ ਸਿੰਘ ਫ਼ਰੀਦਕੋਟੀ, ਸੰਪੂਰਨ ਸਿੰਘ ਝੱਲਾ, ਹਰਬੰਸ ਲਾਲ ਸ਼ਰਮਾ ਅਤੇ ਨੂਰਪੁਰੀ ਸਾਹਿਬ ਦੀ ਸੰਗਤ ਮਾਣੀ। ਮੁੱਢ ਤੋਂ ਉਹ ਸਟੇਜ ‘ਤੇ ਆਉਣ ਲੱਗ ਪਏ ਸਨ। ਉਸ ਦੀ ਹੇਠ ਲਿਖੀ ਰੁਬਾਈ ਬਹੁਤ ਮਕਬੂਲ ਹੋਈ: ‘ਹੈ ਦੌਰ ਨਵਾਂ ਹੀਰ ਪੁਰਾਣੀ ਨਾ ਸੁਣੋ। ਦੁੱਖ ਚਾਕ ਦਾ ਸੈਦੇ ਦੀ ਜ਼ੁਬਾਨੀ ਨਾ ਸੁਣੋ। ਛੇੜੀ ਏ ਜ਼ਮਾਨੇ ਨੇ ਆਵਾਮਾਂ ਦੀ ਕਥਾ, ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ।’ ਲਗਪਗ ਦੋ ਦਹਾਕੇ ਬਿਸਮਿਲ ਕਮਿਊਨਿਸਟ ਪਾਰਟੀ ਦਾ ਸਰਗਰਮ ਵਰਕਰ ਰਿਹਾ। ਉਹ ਬਹੁਤ ਤਕੜਾ ਜਥੇਬੰਦਕ ਆਗੂ ਸੀ। ਸੰਨ 1951 ਵਿੱਚ ਉਸ ਨੇ ਫ਼ਰੀਦਕੋਟ ਵਿਖੇ ਪੰਜਾਬ ਦੀ ਪਹਿਲੀ ‘ਮਿਉਂਸਪਲ ਮੁਲਾਜ਼ਮ ਯੂਨੀਅਨ’ ਸਥਾਪਤ ਕੀਤੀ। ਸੰਨ 1953 ਵਿੱਚ ਰਿਕਸ਼ਾ ਵਰਕਰਜ਼ ਯੂਨੀਅਨ ਕਾਇਮ ਕੀਤੀ ਅਤੇ 1956 ਵਿੱਚ ਟਾਂਗਾ-ਰਿਕਸ਼ਾ ਯੂਨੀਅਨ ਦੀ ਨੀਂਹ ਰੱਖੀ, ਜੋ ਕਿ ਪੰਜਾਬ ਵਿੱਚ ਹੀ ਨਹੀਂ ਭਾਰਤ ਵਿੱਚ ਵੀ ਆਪਣੀ ਹੀ ਕਿਸਮ ਦੀ ਜਥੇਬੰਦੀ ਸੀ। ਬਿਸਮਿਲ ਦੀ ਜ਼ਿੰਦਗੀ ਨਿਰੰਤਰ ਸੰਘਰਸ਼ ਸੀ ਤੇ ਉਸ ਦਾ ਸਾਰਾ ਕਲਾਮ ‘ਹੱਕ-ਸੱਚ’ ਦੀ ਪੁਕਾਰ ਹੈ। ਬਿਸਮਿਲ ਨੂੰ ਕਵਿਤਾ ਦੀ ਹਰ ਸਿਨਫ਼ ਕਵਿਤਾ, ਗੀਤ, ਗ਼ਜ਼ਲ ਅਤੇ ਰੁਬਾਈ ਉੱਪਰ ਅਬੂਰ ਹਾਸਲ ਸੀ। ਉਸ ਦੀ ਕਵਿਤਾ ‘ਕ੍ਰਾਂਤੀਕਾਰੀ’ ਦੀਆਂ ਸਤਰਾਂ ਇਸ ਤਰ੍ਹਾਂ ਹਨ: ”ਮੈਂ ਐਸਾ ਦੀਪ ਹਾਂ ਜਿਸ ਨੂੰ ਕਿ ਤੂਫ਼ਾਨਾਂ ਜਗਾਇਆ ਹੈ। ਮੈਂ ਉਹ ਨਗ਼ਮਾ ਜੋ ਲਹਿਰਾਂ ਨੇ ਕਿਨਾਰੇ ਨੂੰ ਸੁਣਾਇਆ ਹੈ। ਮੈਂ ਉਹ ਸ਼ੀਸ਼ਾ ਕਿ ਜਿਸ ਨੂੰ ਪੱਥਰਾਂ ਨੇ ਆਜ਼ਮਾਇਆ ਹੈ। ਮੈਂ ਉਹ ਨਾਅਰਾ ਕਿ ਮਨਸੂਰਾਂ ਜੋ ਚੜ੍ਹ ਸੂਲੀ ‘ਤੇ ਲਾਇਆ ਹੈ।” ਇਸੇ ਤਰ੍ਹਾਂ ਮਜਬੂਰ ਅਮਨ, ਸਰਸਰੀ ਹਉਕਾ, ਊਸ਼ਾ ਦੇ ਕੁੱਛੜ, ਸਮਿਆਂ ਦਾ ਨਗਾਰਾ, ਸਰਘੀ ਦਾ ਤਾਰਾ, ਵੇਸ਼ੀਆ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਦਰਦਾਂ ਦੀ ਰਿਆਸਤ, ਅਗਲਾ ਪੜਾਅ, ਲੋਕ ਯੁੱਗ ਤੇ ਓਡ ਆਦਿ ਖ਼ੂਬਸੂਰਤ ਤੇ ਸ਼ਕਤੀਸ਼ਾਲੀ ਕਵਿਤਾਵਾਂ ਹਨ। ਇੱਕ ਗੀਤ ਰਾਹੀਂ ਕਵੀ ‘ਰਹਿਬਰਾਂ’ ਨੂੰ ਜਨਤਾ ਦੀ ਭਲਾਈ ਦਾ ਸੁਝਾਓ ਦਿੰਦਾ ਹੈ। ਕੋਠੀਆਂ-ਬੰਗਲਿਆਂ ਨੂੰ ਉਹ ‘ਰਾਜਨੀਤਕ ਸਰਾਵਾਂ’ ਆਖਦਾ ਹੈ। ਬਿਸਮਿਲ ਦੀਆਂ ਗ਼ਜ਼ਲਾਂ ਦੇ ਕੁਝ ਚੋਣਵੇਂ ਸ਼ਿਅਰਾਂ ਵਿੱਚ ਉਸ ਦਾ ਕਹਿਣ ਦਾ ਢੰਗ, ਨਜ਼ਾਕਤ, ਖ਼ੂਬਸੂਰਤੀ, ਸ਼ਬਦਾਂ ਦੀ ਚੋਣ, ਪਿੰਗਲ ਦੀ ਉਸਤਾਦੀ, ਡੂੰਘੀ ਸੋਚ ਤੇ ਉਡਾਰੀ ਪ੍ਰਤੱਖ ਮਾਣੀ ਤੇ ਸਲਾਹੀ ਜਾ ਸਕਦੀ ਹੈ। ਬਿਸਮਿਲ ਇੱਕ ਧੜੱਲੇਦਾਰ ਸਮਾਜਿਕ ਕਾਰਕੁੰਨ ਸੀ। ਉਸ ਦੀ ਕਥਨੀ ਤੇ ਕਰਨੀ ਵਿੱਚ ਇਕਸੁਰਤਾ ਸੀ। ਪਾਖੰਡੀਆਂ ਦੀਆਂ ਕਰਤੂਤਾਂ ਉਹ ਬੜੀ ਦਲੇਰੀ ਨਾਲ ਨੰਗੀਆਂ ਕਰਦਾ ਸੀ। ਆਪਣੇ ਆਖ਼ਰੀ ਦਿਨਾਂ ਵਿੱਚ ਬਿਸਮਿਲ ਪਿੰਡ ਨਵਾਂ ਕਿਲ੍ਹਾ ਦੇ ਪੰਚਾਇਤ ਘਰ ਦੀ ਇੱਕ ਕੋਠੜੀ ਵਿੱਚ ਰਹਿੰਦਾ ਸੀ। ਟੀ.ਬੀ. ਦੀ ਬਮਾਰੀ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਦਾਖਲ ਕਰਵਾਇਆ ਗਿਆ। ਬੀਮਾਰੀ ਵਧਣ ਕਾਰਨ ਟੀ.ਬੀ. ਸੈਨੀਟੋਰੀਅਮ, ਅੰਮ੍ਰਿਤਸਰ ਵਿਖੇ ਭਰਤੀ ਕਰਵਾਉਣਾ ਪਿਆ, ਜਿੱਥੇ ਉਹ 14 ਦਸੰਬਰ, 1974 ਵਾਲੇ ਦਿਨ ਸਿਰਫ਼ 48 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਸੰਨ 1975 ਵਿੱਚ ਬਿਸਮਿਲ ਯਾਦਗਾਰੀ ਕਮੇਟੀ ਬਣੀ। ਨਵਰਾਹੀ ਘੁਗਿਆਣਵੀ ਤੇ ਕੁਝ ਹੋਰ ਲੇਖਕਾਂ ਦੇ ਯਤਨਾਂ ਸਦਕਾ ਕਵੀ ਦੇ ਕਲਾਮ ਨੂੰ ‘ਖੌਲਦੇ ਸਾਗਰ’ ਵਿੱਚ ਸਾਂਭਿਆ ਗਿਆ। ਅਗਾਂਹਵਧੂ ਸੋਚ ਦੇ ਧਾਰਨੀ ਅਦੀਬਾਂ ਨੇ ਬਿਸਮਿਲ ਦੀ ਪੁਖਤਾ ਸ਼ਾਇਰੀ ਦਾ ਖ਼ੂਬ ਆਨੰਦ ਮਾਣਿਆ ਅਤੇ ਉਭਰਦੇ ਲੇਖਕਾਂ ਨੇ ਸੇਧ ਹਾਸਲ ਕੀਤੀ।
ਨਿਰਮੋਹੀ ਫ਼ਰੀਦਕੋਟੀ * ਸੰਪਰਕ: 95017-00527
|
|
14 Dec 2012
|