ਗਜ਼ਲ
ਕਿਸੇ ਦੇ ਵਾਸਤੇ ਤੂੰ ਜੀ, ਕਿਸੇ ਕਰਕੇ ਤੂੰ ਮਰ ਜਾਵੀਂ I
ਬਣੇ ਇਤਹਾਸ ਫਿਰ ਜਿਹੜਾ,ਉਹ ਸੁਹਣੇ ਕਰਮ ਕਰ ਜਾਵੀਂ I
ਹੰਡਾ ਕੇ ਜੂਨ ਪੱਥਰ ਵੀ, ਤੇ ਭੁਰ ਭੁਰ ਖਾਕ ਹੋ ਜਾਂਦੇ,
ਰਹੇ ਪਰ ਗੂੰਜ ਸ਼ਬਦਾਂ ਵਿਚ,ਉਨ੍ਹਾ ਵਿਚ ਜੋਸ਼ ਭਰ ਜਾਵੀਂ I
ਸੁਨਾਮੀ ਵਹਿਣ ਮੋੜਣ ਦਾ, ਕਰੀਂ ਤੂੰ ਹੌਸਲਾ ਪੱਕਾ,
ਜੋ ਛੱਲਾਂ ਉਠਦੀਆਂ ਦਿਲ‘ਚੋਂ, ਤੂੰ ਉਹਨਾ ਤੋਂ ਨਾ ਡਰ ਜਾਵੀਂ I
ਖੁਸ਼ੀਆਂ ਦੇ ਸਮੁੰਦਰ ਵਿਚ , ਗਮਾਂ ਦੇ ਮਗਰਮਛ ਰਹਿੰਦੇ,
ਬਚਾ ਕੇ ਆਪਾ ਇਹਨਾਂ ਤੋਂ ,ਇਕਾਗਰ ਹੋ ਕੇ ਤਰ ਜਾਵੀਂ I
ਸਮੇਂ ਦੇ ਕਾਫਲੇ ਰੁਸਵਾ, ਕਰੀਂ ਨਾ ਰਸਤਿਆਂ ਦੇ ਵਿਚ,
ਲਮੇਰਾ ਪੰਧ ਹੈ ਭਾਵੇਂ , ਤੂੰ ਮੁਸ਼ਕਿਲ ਤੋਂ ਨਾ ਹਰ ਜਾਵੀਂ I
ਜੋ ਬੇਹੇ ਹੋ ਗਏ ਪਾਣੀ, ਤਪਾ ਕੇ ਭਾਫ ਕਰਦੇ ਹੁਣ,
ਤੇ ਤਪਦੀ ਧਰਤ ਦੇ ਉੱਤੇ,ਤੂੰ ਸਾਵਣ ਵਾਂਗ ਵਰ੍ਹ ਜਾਵੀਂ I
ਦਿਲਾਂ ਦੇ ਘੁੱਪ ਹਨੇਰੇ ਵਿਚ, ਨਿਰਾਸ਼ਾ ਦਾ ਰਹੇ ਵਾਸਾ,
ਜਗਾ ਕੇ ਆਸ ਦੇ ਦੀਵੇ, ਦਿਲਾਂ ਦੇ ਘਰ ਤੂੰ ਧਰ ਜਾਵੀਂ I
ਕਦੋਂ ਤਕ ਸੋਹਲ ਰਹਿਣਾ ਹੈ, ਤੂੰ ਜਾਤੀ ਅੱਗ ਵਿਚ ਸੜਦੇ,
ਜਿਨ੍ਹਾ ਸੀ ਠਾਰਿਆ ਤੈਨੂੰ, ਉਨ੍ਹਾ ਦਾ ਸੇਕ ਜ਼ਰ ਜਾਵੀਂ I
ਆਰ.ਬੀ.ਸੋਹਲ