" ਵੀਹ ਵਰ੍ਹੇ ਪਹਿਲਾਂ ਗੁਰਦੁਆਰਾ ਮਨੀਕਰਣ ਵਿਖੇ
ਨਿੱਕੀ ਜਿਹੀ ਤਸਵੀਰ ਟੰਗੀ ਵੇਖੀ :" ਕਵੀ ਗੁਰੂ ਗੋਬਿੰਦ ਸਿੰਘ
"
ਪਿੱਠ ਭੂਮੀ ਹਨੇਰੀ,ਗੁਰੂ ਹੱਥ ਕਲ਼ਮ,ਚਿਹਰੇ ਸ਼ਬਦ ਚਾਨਣ,ਅੱਖਾਂ ਕੋਮਲ
ਤਰਲ -- ਗੋਬਿੰਦ ਦੀ ਇਹ ਤਸਵੀਰ ਵਿਰਲੀ ਹੈ । ਏਸ ਲਈ
ਨਹੀਂ ਕਿ ਗੋਬਿੰਦ ਏਦਾਂ ਦੇ ਸੀ ਨਹੀਂ । ਏਸ ਲਈ
ਵੀ ਨਹੀਂ ਕਿ ਇਹ ਤਸਵੀਰ ਕਿਸੇ ਬਣਾਈ ਨਹੀਂ । ਏਸ ਲਈ
ਕਿ -- ਅਸੀਂ ਬਣਨ ਨਹੀਂ ਦੇਂਦੇ । ਸਾਡੀ ਸੰਸਕਾਰੀ ਅੱਖ ਵਿੱਚ ਗੁਰੂ
ਗੋਬਿੰਦ ਦੀ ਤਸਵੀਰ ਏਦਾਂ ਹੈ : ਤਣਿਆ ਚਿਹਰਾ,ਸਿੱਧੀ ਧੌਣ,ਭੱਥੇ
ਤੀਰ,ਗਲ਼ ਮੋਤੀ,ਸ਼ਾਹੀ ਲਿਬਾਸ,ਮੋਢੇ ਬਾਜ਼,ਹੱਥ
ਕਿਰਪਾਨ,ਹੇਠਾਂ ਘੋੜਾ,ਆਲੇ ਦੁਆਲੇ ਸੰਗਤ,ਪਿੱਛੇ ਫ਼ੌਜ,ਅੱਗੇ ਮੌਤ ...!
ਸਿੰਘ,ਸਹਿਜਧਾਰੀ,ਫ਼ੌਜੀ,ਨਕਸਲੀ ਜਾਂ ਖਾਲਿਸਤਾਨੀ -- ਸਭ
ਦੀ ਸੋਚ ਇਕ ਦੂਜੇ ਤੋਂ ਵੱਖਰੀ । ਕਈ ਵਾਰ ਉਲਟ ਵੀ । ਗੁਰੂ ਗੋਬਿੰਦ
ਸਿੰਘ -- ਸਭ ਦੀ ਪ੍ਰੇਰਣਾ । ਕਿਵੇਂ ? ਕਿਉਂ ?
ਹਰ ਸੱਭਿਅਤਾ ਨਾਇਕ ਲਭਦੀ ਹੈ -- ਪ੍ਰੇਮ ਲਈ,ਸੱਚ
ਲਈ,ਸੁਤੰਤਰਤਾ ਲਈ । ਨਾਇਕ ਉਹ ਸੰਚਾ ਹੈ ਜਿਸ ਵਿੱਚ
ਨਵਾਂ ਜੰਮਿਆ ਬੰਦਾ ਪਿਘਲਾ ਕੇ ਪਾਉਣਾ ਹੁੰਦਾ ਹੈ -- ਨਾਇਕ
ਵਰਗੇ ' ਕਲੋਨ ' ਪੈਦਾ ਕਰਨ ਲਈ । ਸੱਭਿਅਤਾ ਨੂੰ ਨਾਇਕ ਨਾ ਲੱਭੇ
ਤਾਂ ਘੜ ਲੈਂਦੀ ਹੈ । ਗੁਰੂ ਗੋਬਿੰਦ ਸਾਡੇ ਲਈ ਦਲੇਰੀ ਤੇ ਸ਼ਹੀਦੀ ਦੇ
ਨਾਇਕ ਹਨ ।
ਗੁਰੂ ਗੋਬਿੰਦ ਸੱਚਮੁੱਚ ਹੋਏ,ਪਰ ਅਸੀਂ ਓਨੇ ਜਾਣੇ ਨਹੀਂ,ਜਿੰਨੇ ਘੜ ਲਏ
। ਗੁਰੂ ਨੂੰ ਜਾਣਨਾ ਔਖਾ ਹੈ,ਸਮਝਣਾ ਹੋਰ ਔਖਾ,ਸਮਝ ਕੇ
ਜੀਣਾ ਲੱਗਭੱਗ ਅਸੰਭਵ,ਪਰ ਘੜਣਾ ਸੌਖਾ । ਸੱਚ ਅਤੇ ਇਤਿਹਾਸ ਨੂੰ
ਮਿਥਿਹਾਸ ਬਣਾਉਣ ਲਈ ( ਕਿਸੇ ਦੇ ਤੁਰ ਜਾਣ ਮਗਰੋਂ ) ਇਕ ਪੁਸ਼ਤ
ਹੀ ਬਹੁਤ ਹੁੰਦੀ ਹੈ । ਉਸ ਮਹਾਂਪੁਰਖ ਨੂੰ ਵਿਦਾ ਹੋਇਆਂ
ਤਾਂ ਬਾਰਾਂ ਪੰਦਰਾਂ ਪੁਸ਼ਤਾਂ ਬੀਤ ਚੁੱਕੀਆਂ ਹਨ ।
ਆਨੰਦਪੁਰ ਤੇ ਚਮਕੌਰ ਦੀ ਜੰਗ ਹਾਰੇ,ਖਿਦਰਾਣੇ ਦੀ ਢਾਬ 'ਤੇ ਲੜ ਕੇ
ਹਟੇ,ਮੌਤ ਨੂੰ ਟਾਲਦੇ ਵੰਗਾਰਦੇ ਗੋਬਿੰਦ -- ਆਪਣੀ ਸਲਤਨਤ ਮੋੜਣ ਲਈ
ਫ਼ੌਜ ਇਕੱਠੀ ਨਹੀਂ ਕਰਦੇ : ਦਮਦਮੇ ਬਹਿ ਕੇ ਗੁਰੂ ਗ੍ਰੰਥ ਦਾ ਮੁੜ
ਸੰਪਾਦਨ ਕਰਦੇ ਹਨ । ਉਨ੍ਹਾਂ ਨੂੰ ਪਤਾ ਹੈ -- ਸ਼ਕਤੀ ਸ਼ਬਦ ਵਿਚ ਹੈ
। ਓਥੋਂ ਹੀ ਇਹ ਸ਼ਖ਼ਸ ਤੇ ਸ਼ਮਸ਼ੀਰ ਵਿਚ ਦਾਖਲ ਹੁੰਦੀ ਹੈ । ਉਹ
ਸੰਤ, ਸਿਪਾਹੀ ਹੋਣ ਨੂੰ ਆਖਦੇ ਹਨ.....ਸਿਪਾਹੀ,ਸੰਤ ਹੋਣ ਨੂੰ
ਨਹੀਂ ।
ਇਹ ਗੋਬਿੰਦ -- ਸਾਡੀ " ਲੋੜ " ਦਾ ਗੋਬਿੰਦ ਨਹੀਂ । ਅਸੀਂ ਉਹਨੂੰ
ਮੁੜ ਘੜਦੇ ਹਾਂ । ਉਹਦੇ ਹੱਥੋਂ ਕਲਮ ਲੁਕਾਅ,ਸ਼ਮਸ਼ੀਰ ਫ਼ੜਾਉਂਦੇ ਹਾਂ ।
ਅੱਖ ਵਿੱਚੋਂ ਕਰੁਣਾ ਕੱਢ ਬੀਰ ਰਸ ਪਾਉਂਦੇ ਹਾਂ । " ਜਿਨ ਪ੍ਰੇਮ
ਕੀਓ ਤਿਨ ਹੀ ਪ੍ਰਭ ਪਾਇਓ " ਮੇਟ ਕੇ ਮੱਥੇ " ਨਿਸਚੈ ਕਰ
ਆਪਨੀ ਜੀਤ ਕਰੋਂ " ਖੁਣਦੇ ਹਾਂ । ਅਜਿਹੇ ਗੋਬਿੰਦ ਨੂੰ ਹੁਣ ਅਸੀਂ "
ਵਰਤ " ਸਕਦੇ ਹਾਂ ....।
ਗੁਰੂ ਕਿਹਾ : " ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ
ਧਿਆਇ " ।
ਅਸੀਂ ਪਹਿਲੀ ਅੱਧੀ ਤੁਕ ਸਾਂਭ ਲੈਂਦੇ,ਪਿਛਲੀ ਅੱਧੀ ਤਿਆਗ
ਦਿੰਦੇ ਹਾਂ । ਸ਼ਕਤੀ ਪਹਿਲਾਂ ਸ਼ਬਦ ਪਿੱਛੋਂ ।
ਜਿਹੜਾ ਪਹਿਲਾ ਅੱਧ ਪੂਰਾ ਕਰ ਲੈਂਦਾ ਹੈ,ਤਾਕਤਵਰ ਤੇ
ਸੱਤਾਧਾਰੀ ਹੋ ਜਾਂਦਾ ਹੈ : ਦੂਜੇ ਅੱਧ ਦੀ ਉਹਨੂੰ ਲੋੜ
ਨਹੀਂ ਰਹਿੰਦੀ । ਸਾਡੇ ਤੇ ਰਾਜ ਕਰਦਾ ਹੈ,ਸਾਡਾ ਧਰਮ
ਨਿਸ਼ਚਿਤ ਕਰਦਾ ਹੈ -- ਗੋਬਿੰਦ ਮੁਤਾਬਕ ਨਹੀਂ,ਆਪਣੇ ਮੁਤਾਬਕ ।
ਅਸੀਂ ਓਨ੍ਹਾਂ ਦੇ ਹੁਕਮ ਵਿਚ ਜੀਂਦੇ ਹਾਂ ਜਿੰਨ੍ਹਾਂ ਵਿਰੁੱਧ ਗੋਬਿੰਦ
ਲੜਿਆ ।
ਨਾਨਕ ਹੱਸਦਾ ਸੀ ਤੇ ਨੱਚਦਾ ਵੀ ਸੀ । ਮੂਰਤ ਘੜ ਕੇ
ਅਸੀਂ ਨਾਨਕ ਨੂੰ ਚਿੱਟੇ ਦਾਹੜੇ,ਉਦਾਸੀਨ ਚਿਹਰੇ ਤੇ ਉੱਠੇ ਹੋਏ ਹੱਥ
ਵਿਚ ਕੈਦ ਕਰਦੇ ਹਾਂ । ਨਾਨਕ ਨੂੰ ਜੁਆਨ ਨਹੀਂ ਹੋਣ ਦਿੰਦੇ,ਗੋਬਿੰਦ ਨੂੰ
ਸ਼ਾਂਤ ਨਹੀਂ ਹੋਣ ਦੇਂਦੇ ।
ਅਸੀਂ ਆਪਣੇ ਸਟੀਰੀਓਟਾਈਪ : ਪੂਰਵ - ਨਿਸ਼ਚਿਤ ਚਿਹਰੇ,ਗੁਣ ਤੇ
ਲੋੜਾਂ -- ਉਨ੍ਹਾਂ 'ਤੇ ਲਾਗੂ ਕਰਦੇ ਹਾਂ ।
ਉਹ ਸਨ ਕਿਹੋ ਜਿਹੇ -- ਨਹੀਂ ਜਾਣਨਾ ਚਾਹੁੰਦੇ । ਉਹ ਕਿਹੋ ਜਿਹੇ
ਹੋਣ : ਏਹਦਾ ਫ਼ੈਸਲਾ ਕਰਦੇ ਹਾਂ ।
ਅਸੀਂ ਨਾਨਕ ਦੀ ਉਹ ਤਸਵੀਰ ਬਣਨ ਹੀ ਨਹੀਂ ਦੇਂਦੇ -- "
ਯੋਧਾ ਨਾਨਕ " ..... " ਹੱਸਦਾ ਨਾਨਕ " ........
ਅਸੀਂ ਗੋਬਿੰਦ ਦੀ ਉਹ ਤਸਵੀਰ ਵੀ ਨਹੀਂ ਬਣਨ ਦੇਂਦੇ -- "
ਕਵੀ ਗੋਬਿੰਦ " ..... " ਖੇਡਦਾ ਗੋਬਿੰਦ " .......!! "
------------------------------------------------------------
------------------------------------
ਸੁਖਪਾਲ.....(( ਕਿਤਾਬ ' ਏਸ ਜਨਮ ਨਾ ਜਨਮੇ ' ਵਿੱਚੋਂ ))
|