Sports
 View Forum
 Create New Topic
 Search in Forums
  Home > Communities > Sports > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਓਲੰਪਿਕ ਖੇਡਾਂ ਤੇ ਅਨੋਖੇ ਵਿਵਾਦ

""

 

ਹਾਲਾਂਕਿ ਓਲੰਪਿਕ ਖੇਡਾਂ ਦਾ ਮੁੱਖ ਉਦੇਸ਼ ਖੇਡ ਭਾਵਨਾ ’ਤੇ ਪਹਿਰਾ ਦਿੰਦਿਆਂ, ਆਪਸੀ ਭਾਈਚਾਰੇ, ਮਿੱਤਰਤਾ ਅਤੇ ਸ਼ਾਂਤੀ ਦਾ ਪੈਗਾਮ ਦੇਣਾ ਸੀ ਪਰ ਇਹ ਗੱਲਾਂ ਮਿੱਥ ਹੀ ਸਾਬਤ ਹੋਈਆਂ। ਓਲੰਪਿਕ ਦੇ ਸਾਰੇ ਆਦਰਸ਼ ਹਵਾ ’ਚ ਉਡਦੇ ਨਜ਼ਰ ਆਏ। ਸਮੇਂ-ਸਮੇਂ ਸਿਰ ਇਨ੍ਹਾਂ ਖੇਡਾਂ ਨਾਲ ਅਨੋਖੇ ਵਿਰੋਧ ਅਤੇ ਵਿਵਾਦ ਵੀ ਜੁੜਦੇ ਰਹੇ ਹਨ। ਖੇਡਾਂ ਦੇ ਇਸ ਮਹਾਂਕੁੰਭ ਵਿੱਚ ਖਿਡਾਰੀ ਵਿਰੋਧ ਕਰਨ ਦੇ ਵੀ ਬੜੇ ਅਜੀਬੋ-ਗਰੀਬ ਤਰੀਕੇ ਅਪਣਾਉਂਦੇ ਰਹੇ ਹਨ। ਅਜਿਹੀ ਉਦਾਹਰਣ ਸੰਨ 2004 ਦੀਆਂ ਖੇਡਾਂ ਵਿੱਚ ਵੀ ਵੇਖਣ ਨੂੰ ਮਿਲੀ। ਇੱਥੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਇਰਾਨ ਦੇ ਜੂਡੋਕਾ ਖਿਡਾਰੀ ਅਰਸ਼ ਮਿਰੇਸਮਾਇਲੀ ਨੇ ਆਪਣੇ ਰਾਜਨੀਤਕ ਵਿਰੋਧੀ ਦੇਸ਼ ਇਜ਼ਰਾਈਲ ਦੇ ਏਹੁਦ ਬਾਕਸ ਦੇ ਖ਼ਿਲਾਫ਼ 66 ਕਿਲੋ ਵਜ਼ਨ ਦੇ ਮੁਕਾਬਲੇ ਵਿੱਚ ਮੈਦਾਨ ’ਚ ਉਤਰਨ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਅਜਿਹਾ ਕਰਕੇ ਉਹ ਫਲਸਤੀਨ ਦੇ ਲੋਕਾਂ ਪ੍ਰਤੀ ਆਪਣੀ ਹਮਦਰਦੀ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਸੀ, ਜਦਕਿ ਖੇਡ ਮਾਹਿਰਾਂ ਦੁਆਰਾ ਭਵਿੱਖਬਾਣੀ ਕੀਤੀ ਜਾ ਰਹੀ ਸੀ ਕਿ ਉਹ ਸੋਨ ਤਮਗੇ ਦਾ ਵੱਡਾ ਦਾਅਵੇਦਾਰ ਹੈ। ਇਸਲਾਮੀ ਦੇਸ਼ ਯਹੂਦੀ ਪ੍ਰਭੂਸੱਤਾ ਨੂੰ ਸਵੀਕਾਰ ਨਹੀਂ ਕਰਦੇ ਅਤੇ ਇਸਲਾਮਿਕ ਦੇਸ਼ਾਂ ਦੀ ਆਮ ਨੀਤੀ ਰਹੀ ਹੈ ਕਿ ਯਹੂਦੀ ਦੇਸ਼ਾਂ ਦੇ ਅਥਲੀਟਾਂ ਨਾਲ ਮੁਕਾਬਲਾ ਨਾ ਕੀਤਾ ਜਾਵੇ। ਅਰਸ਼ ਮਿਰੇਸਮਾਇਲੀ ਅਜਿਹਾ ਕਰਕੇ ਓਲੰਪਿਕ ਤਮਗਾ ਜਿੱਤਣ ਤੋਂ ਬਿਨਾਂ ਹੀ ਰਾਸ਼ਟਰੀ ਹੀਰੋ ਬਣ ਗਿਆ। ਉਸ ਨੂੰ ਇਰਾਨੀ ਲੋਕਾਂ ਵੱਲੋਂ ਓਲੰਪਿਕ ਚੈਂਪੀਅਨ ਵਰਗਾ ਸਨਮਾਨ ਦਿੱਤਾ ਗਿਆ।
ਜਦੋਂ ਵੀ ਕਦੇ ਓਲੰਪਿਕ ਖੇਡਾਂ ਵਿੱਚ ਰਾਜਨੀਤਕ ਵਿਰੋਧ ਪ੍ਰਦਰਸ਼ਨ, ਬਾਈਕਾਟ ਜਾਂ ਕੋਈ ਆਤੰਕਵਾਦੀ ਘਟਨਾ ਵਾਪਰਦੀ ਹੈ ਤਾਂ ਦੁਨੀਆਂ ਭਰ ਦੇ ਲੋਕ ਇਸ ਨੂੰ ਬਹੁਤ ਹੀ ਮੰਦਭਾਗਾ ਅਤੇ ਬੇਵਜ੍ਹਾ ਦੀ ਰਾਜਨੀਤੀ ਕਰਾਰ ਦਿੰਦੇ ਹਨ ਪਰ ਅਜਿਹੇ ਨਾਮੁਰਾਦ ਕਾਂਡ ਓਲੰਪਿਕ ਖੇਡਾਂ ਦਾ ਹਿੱਸਾ ਰਹੇ ਹਨ। ਖੇਡਾਂ ਵਿੱਚ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ ਪਰ ਇਸ ਕਹਾਵਤ ਦੀਆਂ ਧੱਜੀਆਂ ਉਡਾਉਂਦਿਆਂ ਓਲੰਪਿਕ ਖੇਡ ਮੰਚ ’ਤੇ ਲਗਾਤਾਰ ਰਾਜਨੀਤੀ ਹੁੰਦੀ ਰਹੀ ਹੈ।
ਸੰਨ 1904 ਦੀਆਂ ਸੇਂਟਲੂਈ ’ਚ ਹੋਈਆਂ ਓਲੰਪਿਕ ਖੇਡਾਂ ਦੇ 390 ਮੁਕਾਬਲਿਆਂ ਵਿੱਚੋਂ ਜਦੋਂ ਸਿਰਫ਼ 14 ਹੀ ਗੈਰ-ਅਮਰੀਕੀ ਖਿਡਾਰੀਆਂ ਨੂੰ ਜਿੱਤ ਨਸੀਬ ਹੋਈ ਤਾਂ ਇਨ੍ਹਾਂ ਖੇਡਾਂ ਨਾਲ ਵੀ ਪੱਖਪਾਤ, ਗੜਬੜ ਆਦਿ ਵਰਗੇ ਵਿਵਾਦ ਜੁੜੇ ਸਨ। ਉਸ ਤੋਂ ਅਗਲੇ ਲੰਡਨ ਓਲੰਪਿਕ ਖੇਡਾਂ ਦੀ ਸ਼ੁਰੂਆਤ ਵੀ ਵਿਵਾਦਾਂ ਨਾਲ ਹੋਈ। ਇੱਥੇ ਖੇਡ ਮੁਕਾਬਲਿਆਂ ਦੀ ਚੋਣ ਨੂੰ ਲੈ ਕੇ ਕਈਆਂ ਨੇ ਨਾਖੁਸ਼ੀ ਜ਼ਾਹਰ ਕੀਤੀ। ਬਰਤਾਨੀਆ ਨੇ ਇਨ੍ਹਾਂ ਖੇਡਾਂ ਵਿੱਚ ਜ਼ਿਆਦਾ ਤਮਗੇ ਜਿੱਤੇ ਕਿਉਂਕਿ  ਕਈ ਮੁਕਾਬਲਿਆਂ ’ਚ ਤਾਂ ਭਾਗ ਲੈਣ ਵਾਲੇ ਸਾਰੇ ਖਿਡਾਰੀ ਹੀ ਬ੍ਰਿਟਿਸ਼ ਸਨ। ਇੱਥੇ ਸਵੀਡਨ ਟੀਮ ਨੇ ਕੁਸ਼ਤੀ ਮੁਕਾਬਲਿਆਂ ਵਿੱਚ ਰੈਫਰੀਆਂ ਦੀ ਬੇਈਮਾਨੀ ਦੇ ਚੱਲਦਿਆਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਹੀ ਇਨਕਾਰ ਕਰ ਦਿੱਤਾ। ਕੈਨੇਡਾ ਅਤੇ ਫਰਾਂਸ ਦੇ ਸਾਈਕਲਿੰਗ ਦੇ ਖਿਡਾਰੀਆਂ ਨੇ ਨਿਰਣਾਇਕਾਂ ’ਤੇ ਪੱਖਪਾਤ ਦਾ ਦੋਸ਼ ਲਗਾਇਆ। ਅਮਰੀਕਾ ਨੇ ਵੀ ਅਜਿਹੀ ਸ਼ਿਕਾਇਤ ਦਰਜ ਕਰਵਾਈ। 400 ਮੀਟਰ ਦੀ ਦੌੜ ’ਚ ਅੰਤ ਤਕ ਅਮਰੀਕੀ ਦੌੜਾਕ ਕਾਰਪੋਊਟਰ ਅਤੇ ਰਾਬਿਸ ਸਭ ਤੋਂ ਅੱਗੇ ਸਨ। ਬ੍ਰਿਟਿਸ਼ ਦੌੜਾਕ ਹਾਲਸਵੇਲ ਤੀਜੇ ਸਥਾਨ ’ਤੇ ਸੀ ਤਾਂ ਅਚਾਨਕ ਕਿਸੇ ਨੇ ਗੜਬੜੀ ਦਾ ਸ਼ੋਰ ਮਚਾਉਂਦਿਆਂ ਹੱਲਾ ਬੋਲ ਦਿੱਤਾ। ਲਗਪਗ ਦਰਜਨ ਭਰ ਬ੍ਰਿਟਿਸ਼ ਅਧਿਕਾਰੀ ਟਰੈਕ ’ਤੇ ਆ ਗਏ, ਇੱਕ ਨੇ ਤਾਂ ਦੌੜ ਕੇ ਅੰਤਿਮ ਰੇਖਾ ’ਤੇ ਲੱਗਿਆ ਧਾਗਾ ਹੀ ਤੋੜ ਦਿੱਤਾ। ਇਸ ਤਰ੍ਹਾਂ ਅਮਰੀਕੀ ਦੌੜਾਕਾਂ ਦੇ ਛੂਹਣ ਲਈ ਕੋਈ ਅੰਤਿਮ ਰੇਖਾ ਹੀ ਨਹੀਂ ਸੀ ਬਚੀ। ਭਾਰੀ ਵਿਵਾਦ ਤੋਂ ਬਾਅਦ ਟਰੈਕ ਜੱਜਾਂ ਨੇ ਫ਼ੈਸਲਾ ਦਿੱਤਾ ਕਿ ਅਮਰੀਕੀ ਦੌੜਾਕਾਂ ਦੀ ਭੀੜ ਨੇ ਹਾਸਲਵੇਲ ਨੂੰ ਜਾਣ ਬੁਝ ਕੇ ਘੇਰ ਲਿਆ ਸੀ। ਇਸ ਲਈ ਦੌੜ ਦੁਬਾਰਾ ਕਰਵਾਈ ਜਾਵੇਗੀ। ਅਮਰੀਕੀ ਦੌੜਾਕਾਂ ਨੇ ਵਿਰੋਧ ਕਰਦਿਆਂ ਦੁਬਾਰਾ ਦੌੜ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਆਖਰ ਹਾਲਸਵੇਲ ਦੁਬਾਰਾ ਇਕੱਲਾ ਹੀ ਦੌੜਿਆ ਤੇ ਸੋਨ ਤਮਗੇ ਦਾ ਹੱਕਦਾਰ ਬਣ ਗਿਆ।
ਮੈਰਾਥਨ ਵਿੱਚ ਹਾਲ ਹੋਰ ਵੀ ਖਰਾਬ ਰਿਹਾ। ਇਟਲੀ ਅਥਲੀਟ  ਡੋਰਾਂਡੋ ਪਿਏਤਰੀ ਸਟੇਡੀਅਮ ’ਚ ਸਭ ਤੋਂ ਪਹਿਲਾਂ ਪਹੁੰਚਿਆ। ਥਕਾਨ ਨਾਲ ਉਹ ਏਨਾ ਚੂਰ ਸੀ ਕਿ ਉਲਟੀ ਦਿਸ਼ਾ ਵੱਲ ਦੌੜਨ ਲੱਗਿਆ ਅਤੇ ਫਿਰ ਰਸਤੇ ਵਿੱਚ ਹੀ ਡਿੱਗ ਪਿਆ। ਬ੍ਰਿਟਿਸ਼ ਅਧਿਕਾਰੀਆਂ ਨੇ ਨਾ ਸਿਰਫ਼ ਉਸ ਨੂੰ ਉਠਾ ਕੇ ਸਹੀ ਦਿਸ਼ਾ ਹੀ ਦਿਖਾਈ ਸਗੋਂ ਚਾਰ ਵਾਰ ਉਸ ਨੂੰ ਡਿੱਗੇ ਨੂੰ ਉਠਾ ਕੇ ਅੰਤਿਮ ਸੀਮਾ ਤਕ ਲੈ ਗਏ ਪਰ ਬਾਅਦ ’ਚ ਅਮਰੀਕੀ ਦੌੜਾਕ ਜਾਂਸ ਹੇਸ ਦੇ ਵਿਰੋਧ ਕਰਨ ’ਤੇ ਇਤਾਲਵੀ ਦੌੜਾਕ ਨੂੰ ਅਯੋਗ ਕਰਾਰ ਦੇ ਕੇ ਉਸ ਨੂੰ ਸੋਨ ਤਮਗਾ ਦਿੱਤਾ।

24 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੰਨ 1912 ਦੀਆਂ ਸਟਾਕਹੋਮ ਓਲੰਪਿਕ ਖੇਡਾਂ ਵਿੱਚ ਵੀ ਵਿਵਾਦਾਂ ਦਾ ਸਿਲਸਿਲਾ ਜਾਰੀ ਰਿਹਾ। ਸਵੀਡਨ ਦੇ ਜ਼ਬਰਦਸਤ ਦਮਖਮ ਦੇ ਮਾਲਕ ਜਿਮ ਥਾਰਪੇ ਦੇ ਡੇਕੇਥਲਨ ਅਤੇ ਪੇਟੇਥਲਨ ’ਚ ਸੋਨ ਤਮਗੇ ਜਿੱਤਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਪੇਸ਼ੇਵਰ ਬੇਸਵਾਲ ਖੇਡਦਾ ਹੈ ਤਾਂ ਉਸ ਤੋਂ ਤਮਗੇ ਵਾਪਸ ਲੈ ਲਏ ਗਏ। ਸਾਲ 1936 ਦੀਆਂ ਬਰਲਿਨ ਓਲੰਪਿਕ ਖੇਡਾਂ ਵਿੱਚ ਦੋ ਵਾਰ ਹਿਟਲਰ ਨੇ ਅਮਰੀਕੀ ਜੇਤੂਆਂ ਨੂੰ ਤਗਮਾ ਦੇਣ ਦੀ ਬਜਾਏ ਸਟੇਡੀਅਮ ’ਚੋਂ ਬਾਹਰ ਜਾਣਾ ਬਿਹਤਰ ਸਮਝਿਆ। ਇਨ੍ਹਾਂ ਜੇਤੂਆਂ ਵਿੱਚ ਮਹਾਨ ਅਥਲੀਟ ਜੈਸੀ ਉਵਜ਼ ਵੀ ਸ਼ਾਮਲ ਸੀ।
ਓਲੰਪਿਕ ਵਿਰੋਧ ਦਾ ਸਭ ਤੋਂ ਵੱਡਾ ਉਦਾਹਰਣ 1968 ਦੀਆਂ ਮੈਕਸੀਕੋ ਓਲੰਪਿਕ ਖੇਡਾਂ ਹਨ। ਅਮਰੀਕੀ ਦੌੜਾਕ ਟਾਮੀ ਸਮਿਥ ਅਤੇ ਜਾਨ ਕਾਰਲੋਸ ਨੇ ਪੁਰਸ਼ਾਂ ਦੇ 200 ਮੀ. ਦੌੜ ਵਿੱਚ ਕ੍ਰਮਵਾਰ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤੇ ਪਰ ਇਨਾਮ ਵੰਡ ਸਮਾਰੋਹ ਦੌਰਾਨ ਦੋਵੇਂ ਅਥਲੀਟ ਆਪਣੇ ਜੁੱਤੇ ਉਤਾਰ ਕੇ ਅਤੇ ਕਾਲੀਆਂ ਜਰਾਬਾਂ  ਪਹਿਨ ਕੇ ਆਏ। ਜਦੋਂ ਅਮਰੀਕੀ  ਰਾਸ਼ਟਰੀ ਗੀਤ ਦੀ ਧੁਨ ਵੱਜ ਰਹੀ ਸੀ, ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰਕੇ ਸਿਰ ਝੁਕਾਏ, ਆਪਣਾ ਇੱਕ ਹੱਥ ਹਵਾ ’ਚ ਲਹਿਰਾ ਦਿੱਤਾ। ਇਨ੍ਹਾਂ ਹੱਥਾਂ ’ਤੇ ਉਨ੍ਹਾਂ ਨੇ ਕਾਲੇ ਦਸਤਾਨੇ ਪਹਿਨੇ ਹੋਏ ਸਨ। ਆਮ ਤੌਰ ’ਤੇ ਟੈਲੀਵਿਜ਼ਨ ਕੈਮਰੇ ਅਜਿਹੇ ਵਿਰੋਧ ਘੱਟ ਹੀ ਦਿਖਾਉਂਦੇ ਹਨ ਕਿਉਂਕਿ ਉਸ ਸਮੇਂ ਰਾਸ਼ਟਰੀ ਧੁਨ ਵੱਜ ਰਹੀ ਸੀ ਤਾਂ 36 ਸੈਕਿੰਡ ਤਕ ਕੈਮਰੇ ਇਨ੍ਹਾਂ ’ਤੇ ਹੀ ਕੇਂਦਰਿਤ ਰਹੇ। ਦੋਵਾਂ ਨੇ ਇਸ ਅਨੋਖੇ ਵਿਰੋਧ ਦੀ ਵਿਆਖਿਆ ਕਰਦਿਆਂ ਕਿਹਾ, ‘‘ਕਾਲੀਆਂ ਜਰਾਬਾਂ ਸਿਆਹ ਨਸਲ ਅਮਰੀਕੀ ਦੀ ਗ਼ਰੀਬੀ ਦਾ ਪ੍ਰਤੀਕ ਹਨ ਅਤੇ ਦਸਤਾਨੇ ਅਮਰੀਕਾ ਦੇ ਸਿਆਹ ਤਾਕਤ ਦਾ ਪ੍ਰਤੀਕ ਹਨ।
ਸੰਨ 1964 ਦੀਆਂ ਟੋਕੀਓ ਖੇਡਾਂ ਦੇ ਫਲਾਈਟ ਵੇਟ ਮੁਕਾਬਲੇ ’ਚ ਦੱਖਣੀ ਕੋਰੀਆ ਦੇ ਚੋਗ ਡੋਗ ਕੀਹ ਨੂੰ ਸੋਵੀਅਤ ਸੰਘ ਦੇ ਸਤਾਨਿਸਲਾਵ ਸੋਰੋਕਿਨ ਦੇ ਖ਼ਿਲਾਫ਼ ਦੂਜੇ ਦੌਰ ’ਚ ਇਸ ਲਈ ਅਯੋਗ ਕਰਾਰ ਦੇ ਦਿੱਤਾ ਗਿਆ ਕਿਉਂਕਿ ਉਸ ਨੇ ਮੁਕਾਬਲੇ ਦੌਰਾਨ ਸਿਰ ਕਾਫ਼ੀ ਝੁਕਾਅ ਰੱਖਿਆ ਸੀ। ਇਸ ਦੇ ਵਿਰੋਧ ਵਿੱਚ ਉਹ ਰਿੰਗ ’ਚ ਹੀ ਬੈਠ ਗਿਆ ਅਤੇ 51 ਮਿੰਟ ਬਾਅਦ ਉਸ ਵੇਲੇ ਉਠਿਆ ਜਦੋਂ ਅਧਿਕਾਰੀਆਂ ਨੇ ਉਸ ਨੂੰ ਜਬਰੀ ਉੱਠਣ ਲਈ ਮਜਬੂਰ ਕੀਤਾ। ਇਸੇ ਤਰ੍ਹਾਂ ਦਾ ਵਿਰੋਧ ਚੋਗ ਦੇ ਹਮਵਤਨ ਮੁੱਕੇਬਾਜ਼ ਬੀਯੁਨ ਜੋਗ ਇਲ ਨੇ ਕੀਤਾ ਪਰ ਉਹ 67 ਮਿੰਟ ਤਕ ਮੋਨ ਵਿਰੋਧ ਸਵਰੂਪ, ਪਹਿਲਾਂ ਰਿੰਗ ’ਚ ਤੇ ਜ਼ਮੀਨ ਉੱਤੇ ਕੁਰਸੀ ’ਤੇ ਬੈਠਾ ਰਿਹਾ। ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਬਲਗਾਰੀਆ ਦੇ ਹਰਿਸਤੋਵ ਦੇ ਖ਼ਿਲਾਫ਼ ਆਪਣੇ ਸਿਰ ਨੂੰ ਦੁਰਮੱਟ ਦੀ ਤਰ੍ਹਾਂ ਇਸਤੇਮਾਲ ਕਰਨ ’ਤੇ ਉਸ ਦੇ ਅੰਕ ਕੱਟੇ ਗਏ ਸਨ।
ਇਨ੍ਹਾਂ ਤਮਾਮ ਘਟਨਾਵਾਂ ਨਾਲ ਭਰੇ ਓਲੰਪਿਕ ਇਤਿਹਾਸ ਦਾ ਅਧਿਐਨ ਕਰਨ ਤੋਂ ਬਾਅਦ ਇਹੀ ਨਤੀਜਾ ਸਾਹਮਣੇ ਆਉਂਦਾ ਹੈ ਕਿ ਓਲੰਪਿਕ ਖੇਡਾਂ ’ਚ ਵਿਰੋਧ ਅਤੇ ਵਿਵਾਦ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ, ਇਨ੍ਹਾਂ ਨੂੰ ਇੱਕ-ਦੂਜੇ ਤੋਂ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ।

-ਸੀਤਲ ਸਿੰਘ ਪਲਾਹੀ
ਮੋਬਾਈਲ: 94636-12204.

24 Jul 2012

Reply