Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਅੰਗਰੇਜ਼ੀ ਦੀ ਗੁਲਾਮੀ ਛੱਡੋ, ਆਪਣੀ ਭਾਸ਼ਾ ਉੱਪਰ ਮਾਣ ਕਰੋ

ਭਾਰਤ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਅੰਗਰੇਜ਼ੀ ਭਾਸ਼ਾ ਦਾ ਦਬਦਬਾ ਬਰਕਰਾਰ ਹੈ ਅਤੇ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਭਾਰਤੀ ਉਪਮਹਾਂਦੀਪ ਵਿੱਚ ਵਸਦੇ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਦੀਆਂ ਭਾਸ਼ਾਵਾਂ ਨੂੰ ਅੰਗਰੇਜ਼ੀ ਨੇ ਨੁੱਕਰੇ ਲਾ ਛੱਡਿਆ ਹੈ। ਸਭ ਰਾਜਾਂ ਅਤੇ ਕੇਂਦਰੀ ਪੱਧਰ ‘ਤੇ ਸਰਕਾਰੀ ਕੰਮਕਾਜ਼ ਦੀ ਭਾਸ਼ਾ ਅੰਗਰੇਜ਼ੀ ਹੈ। ਉਚੇਰੀ ਸਿੱਖਿਆ, ਖਾਸ ਕਰਕੇ ਵਿਗਿਆਨਕ ਅਤੇ ਤਕਨੀਕੀ ਸਿੱਖਿਆ ਦਾ ਮਾਧਿਅਮ ਵੀ ਅੰਗਰੀਜ਼ੀ ਹੀ ਹੈ। ਨੌਕਰੀਆਂ ਅਤੇ ਉੱਚ ਸਿੱਖਿਆ ਲਈ ਲਗਭਗ ਸਾਰੀਆਂ ਪ੍ਰੀਖਿਆਵਾਂ ਦਾ ਮਾਧਿਅਮ ਵੀ ਅੰਗਰੇਜ਼ੀ ਹੀ ਹੈ। ਭਾਰਤ ਵਿੱਚ ਚੰਗੀ ਕਰੀਅਰ ਦਾ ਰਾਹ ਚੰਗੀ ਅੰਗਰੇਜ਼ੀ ਰਾਹੀਂ ਹੀ ਲੰਘਦਾ ਹੈ। ਅੱਜ ਅੰਗਰੇਜ਼ੀ ਇੱਕ ਫੈਸ਼ਨ ਹੈ, ਸਮਾਜਿਕ ਮਾਣ ਸਨਮਾਨ ਦਾ ਇੱਕ ਚਿੰਨ੍ਹ ਹੈ।
ਸਾਡੇ ਦੇਸ਼ ਵਿੱਚ ਬਸਤੀਵਾਦੀ ਗੁਲਾਮੀ ਦੇ ਸਮੇਂ ਤੋਂ ਹੀ ਅੰਗਰੇਜ਼ੀ ਭਾਸ਼ਾ ਦੀ ਚੌਧਰ ਬਾ-ਦਸਤੂਰ ਬਰਕਰਾਰ ਹੈ। 1947 ਵਿੱਚ ਭਾਰਤ ਸਿਆਸੀ ਤੌਰ ‘ਤੇ ਭਾਵੇਂ ਅੰਗਰੇਜ਼ਾਂ ਤੋਂ ਅਜ਼ਾਦ ਹੋ ਗਿਆ, ਪਰ ਬਸਤੀਵਾਦੀ ਵਿਰਾਸਤ ਦੇ ਅਹਿਮ ਅੰਗ ਅੰਗਰੇਜ਼ੀ ਤੋਂ ਅਜ਼ਾਦ ਨਾ ਹੋ ਸਕਿਆ।

ਪੰਜਾਬੀ ਭਾਸ਼ਾ ਦੇ ਸੰਦਰਭ ‘ਚ ਗੱਲ ਕਰਨੀ ਹੋਵੇ ਤਾਂ ਅਸੀਂ ਦੂਹਰੀ ਗੁਲਾਮੀ ਦੇ ਸ਼ਿਕਾਰ ਹਾਂ। ਅਸੀਂ ਅੰਗਰੇਜ਼ੀ ਦੇ ਨਾਲ਼ ਨਾਲ਼ ਹਿੰਦੀ ਦੀ ਗੁਲਾਮੀ ਵੀ ਹੰਢਾ ਰਹੇ ਹਾਂ। ਪੰਜਾਬ ਦੇ ਕਈ ਸ਼ਹਿਰੀ ਖੇਤਰਾਂ ਵਿੱਚ ਅੱਜ ਹਿੰਦੀ ਅਖ਼ਬਾਰਾਂ ਦੀ ਸਰਕੂਲੇਸ਼ਨ ਪੰਜਾਬੀ ਅਖ਼ਬਾਰਾਂ ਨੂੰ ਪਿੱਛੇ ਛੱਡ ਗਈ ਹੈ ਅਤੇ ਕਈ ਥਾਵੇਂ ਬਰਾਬਰ ਦੀ ਟੱਕਰ ਦੇ ਰਹੀ ਹੈ। ਇਸ ਦੀ ਇੱਕ ਵਜ੍ਹਾ ਤਾਂ ਇਹ ਹੈ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਹਿੰਦੀ ਭਾਸ਼ੀ ਆਬਾਦੀ ਵੱਡੀ ਗਿਣਤੀ ‘ਚ ਆਣ ਵਸੀ ਹੈ। ਨਿਸ਼ਚੇ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਅਖ਼ਬਾਰ ਅਤੇ ਜਾਣਕਾਰੀ ਦੇ ਹੋਰ ਸਾਧਨ ਮੁਹੱਈਆ ਹੋਣਾ ਕੋਈ ਗਲਤ ਨਹੀਂ ਹੈ। ਇਸ ਦੀ ਦੂਸਰੀ ਵਜ੍ਹਾ ਇਹ ਹੈ ਕਿ ਅੱਜ ਪੰਜਾਬ ਦਾ ਮੱਧ ਵਰਗ ਅਤੇ ਖਾਸ ਕਰਕੇ ਸ਼ਹਿਰੀ ਮੱਧ ਵਰਗ ਆਪਣੀ ਮਾਂ ਬੋਲੀ ਨਾਲ਼ ਗੱਦਾਰੀ ਕਰ ਗਿਆ ਹੈ। ਉਹ ਅੰਗਰੇਜ਼ੀ ਹਿੰਦੀ ਮਗਰ ਦੌੜ ਰਿਹਾ ਹੈ। ਇਨ੍ਹਾਂ ਘਰਾਂ ‘ਚ ਬੱਚਿਆਂ ਨੂੰ ਬਚਪਨ ਤੋਂ ਹੀ ਅੰਗਰੇਜ਼ੀ ਤੇ ਦੂਜੇ ਨੰਬਰ ‘ਤੇ ਹਿੰਦੀ ਬੋਲਣ ਦੀ ਆਦਤ ਪਾਈ ਜਾ ਰਹੀ ਹੈ। ਪੰਜਾਬੀ ਬੋਲਣ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ। ਪੰਜਾਬ ਦਾ ਮੱਧ ਵਰਗ (ਸ਼ਹਿਰੀ) ਹੁਣ ਅੰਗਰੇਜ਼ੀ ਜਾਂ ਹਿੰਦੀ ਬੋਲਣ ‘ਚ ਹੀ ਮਾਣ ਸਮਝਦਾ ਹੈ।

ਹਿੰਦੀ ਭਾਰਤ ਦੇ ਬਹੁਤ ਵੱਡੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਭਾਰਤ ਦੇ ਹਾਕਮ ਇਸ ਨੂੰ ਕੌਮੀ ਭਾਸ਼ਾ ਕਹਿੰਦੇ ਹਨ। ਅਜ਼ਾਦੀ ਤੋਂ ਬਾਅਦ ਉਨ੍ਹਾਂ ਜ਼ਬਰਦਸਤੀ ਭਾਰਤ ਦੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲ਼ੇ ਲੋਕਾਂ ‘ਤੇ ਥੋਪਣ ਦੀ ਕੋਸ਼ਿਸ਼ ਕੀਤੀ। ਜਿਸ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਖਾਸ ਕਰਕੇ ਦੱਖਣੀ ਸੂਬਿਆਂ ‘ਚ ਜ਼ਬਰਦਸਤ ਵਿਰੋਧ ਹੋਇਆ। ਜਦ ਭਾਰਤ ਹੀ ਇੱਕ ਕੌਮ ਨਹੀਂ ਤਾਂ ਇਸ ਦੀ ਕੋਈ ਕੌਮੀ ਭਾਸ਼ਾ ਵੀ ਨਹੀਂ ਹੋ ਸਕਦੀ। ਭਾਰਤੀ ਉਪਮਹਾਂਦੀਪ ਕਈ ਕੌਮੀਅਤਾਂ ਦਾ ਘਰ ਹੈ। ਸਾਂਝੇ ਖਿਤੇ, ਸਾਂਝੇ ਸੱਭਿਆਚਾਰ ਤੋਂ ਇਲਾਵਾ ਭਾਸ਼ਾ ਉਹ ਅਹਿਮ ਅੰਗ ਹੈ ਜੋ ਮਿਲ਼ਕੇ ਕਿਸੇ ਕੌਮੀਅਤ ਦੀ ਰਚਨਾ ਕਰਦੇ ਹਨ। ਇਸ ਲਈ ਵੱਖ-ਵੱਖ ਕੌਮੀਅਤਾਂ ਦੀਆਂ ਭਾਸ਼ਾਵਾਂ ਨੂੰ ਦਬਾਏ ਜਾਣ ਦਾ ਜ਼ਬਰਦਸਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਹਾਂ ਭਾਰਤ ‘ਚ ਵਸਦੀਆਂ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਨੂੰ ਆਪਸ ਵਿੱਚ ਸੰਚਾਰ ਕਰਨ ਲਈ ਇੱਕ ਸੰਪਰਕ ਭਾਸ਼ਾ ਦੀ ਲੋੜ ਜ਼ਰੂਰ ਹੈ। ਆਪਣੇ ਭਗੌਲਿਕ ਪਸਾਰੇ ਕਾਰਨ ਹਿੰਦੀ ਅਜਿਹੀ ਸੰਪਰਕ ਭਾਸ਼ਾ ਲਈ ਸਭ ਤੋਂ ਯੋਗ ਹੋ ਸਕਦੀ ਹੈ। ਪਰ ਇਸ ਦੀ ਚੋਣ ਵੀ ਭਾਰਤ ਦੀਆਂ ਸਭ ਕੌਮੀਅਤਾਂ ਦੇ ਲੋਕਾਂ ਦੀ ਆਪਸੀ ਸਹਿਮਤੀ ਨਾਲ਼ ਹੋਣੀ ਚਾਹੀਦੀ ਹੈ।

ਪੰਜਾਬ ਵਿੱਚ ਅੱਜ ਅਜਿਹੇ ਸਕੂਲ ਵੀ ਹਨ ਜਿੱਥੇ ਪੰਜਾਬੀ ਬੋਲਣ ਉੱਪਰ ਪਾਬੰਦੀ ਹੈ। ਨਿਸ਼ਚੇ ਹੀ ਭਾਰਤ ਦੇ ਹੋਰਾਂ ਸੂਬਿਆਂ ‘ਚ ਵੀ ਅ ਜਿਹੇ ਸਕੂਲ ਹੋਣਗੇ ਜਿੱਥੇ ਬੱਚਿਆਂ ਦੇ ਮਾਂ ਬੋਲੀ ਬੋਲਣ ‘ਤੇ ਪਾਬੰਦੀ ਹੋਵੇ। ਅਜਿਹੇ ਸਕੂਲਾਂ ਬਾਰੇ ਜਾਣ ਕੇ ਕੀਨੀਆ ਦੇ ਲੇਖਕ ਨਗੂਗੀ ਵਾ ਥਯੋਂਗੋ ਦੇ ਬੋਲ ਯਾਦ ਆਉਂਦੇ ਹਨ। ਨਗੂਗੀ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਦੇਸ਼ ਬ੍ਰਿਟੇਨ ਦਾ ਗੁਲਾਮ ਸੀ, ਜਿਹੜੇ ਸਕੂਲ ਵਿੱਚ ਉਹ ਬਚਪਨ ਵਿੱਚ ਪੜ੍ਹਦਾ ਸੀ, ਉੱਥੇ ਬੱਚਿਆਂ ਤੇ ਸਥਾਨਕ ਭਾਸ਼ਾ (ਗਿਕਯੂ) ਬੋਲਣ ‘ਤੇ ਪਾਬੰਦੀ ਸੀ। ਜੇਕਰ ਬੱਚੇ ਕਦੇ ਗਲਤੀ ਨਾਲ਼ ਵੀ ਆਪਣੀ ਮਾਂ ਬੋਲੀ ‘ਚ ਗੱਲ ਕਰ ਲੈਂਦੇ ਤਾਂ ਉਨ੍ਹਾਂ ਨੂੰ ਬੈਂਤਾਂ ਨਾਲ਼ ਕੁੱਟਿਆ ਜਾਂਦਾ ਸੀ। ਬੱਚੇ ਦੇ ਮੂੰਹ ‘ਚ ਕਾਗਜ਼ ਤੁੰਨ ਦਿੱਤੇ ਜਾਂਦੇ ਸਨ, ਫਿਰ ਇੱਕ ਬੱਚੇ ਦੇ ਮੂੰਹ ‘ਚੋਂ ਉਹ ਕਾਗਜ਼ ਕੱਢਕੇ ਦੂਸਰੇ ਬੱਚੇ ਦੇ ਮੂੰਹ ਵਿੱਚ ਤੁੰਨੇ ਜਾਂਦੇ ਸਨ, ਫਿਰ ਇਹੀ ਕਾਗਜ਼ ਤੀਸਰੇ, ਫਿਰ ਚੌਥੇ ਅਤੇ ਅੱਗੇ ਉਨ੍ਹਾਂ ਸਭ ਬੱਚਿਆਂ ਦੇ ਵਿੱਚ ਇਹ ਜੂਠੇ ਕਾਗਜ਼ ਦਿੱਤੇ ਸਨ ਜਿਨ੍ਹਾਂ ਆਪਣੀ ਮਾਂ ਬੋਲੀ ਬੋਲਣ ਦਾ ‘ਗੁਨਾਹ’ ਕੀਤਾ ਹੋਵੇ।

14 Jun 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 


ਪੰਜਾਬ ਦੇ ਕਈ ਨਾਮਵਰ ਬੁੱਧੀਜੀਵੀ ਅੰਗਰੇਜ਼ੀ ਵਿੱਚ ਹੀ ਲਿਖਦੇ ਹਨ। ਉੱਘੇ ਮਾਰਕਸਵਾਦੀ ਚਿੰਤਕ ਪ੍ਰੋ. ਰਣਧੀਰ ਸਿੰਘ ਦੀ ਹੀ ਉਦਾਹਰਣ ਲਓ ਸਾਡੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਲਗਭਗ ਸਾਰਾ ਲੇਖਣ (ਗਦਰੀ ਸੂਰਬੀਰ ਨੂੰ ਛੱਡਕੇ) ਅੰਗਰੇਜ਼ੀ ਵਿੱਚ ਹੈ। ਉਨ੍ਹਾਂ ਦੀਆਂ ਜ਼ਿਆਦਾਤਰ ਰਚਨਾਵਾਂ ਦੇ ਤਾਂ ਪੰਜਾਬੀ ਵਿੱਚ ਅਨੁਵਾਦ ਵੀ ਉਪਲਭਧ ਨਹੀਂ ਹਨ। ਪੰਜਾਬ ਦੇ ਉੱਘੇ ਅਰਥਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਦੇ ਲਗਭਗ ਸਾਰੇ ਹੀ ਪੇਪਰ ਅੰਗਰੇਜ਼ੀ ਵਿੱਚ ਹਨ। ਜਦ ਜੋ ਕੁਝ ਇਨ੍ਹਾਂ ਲਿਖਿਆ ਹੈ ਪੰਜਾਬੀ ਭਾਸ਼ਾ ਉਸ ਸਭ ਨੂੰ ਪ੍ਰਗਟਾਉਣ ਦੇ ਪੂਰੀ ਤਰ੍ਹਾਂ ਸਮੱਰਥ ਹੈ। ਪਤਾ ਨਹੀਂ ਇਹ ਬੁੱਧੀਜੀਵੀ ਲਿਖਦੇ ਕਿਸੇ ਵਾਸਤੇ ਹਨ? ਸਾਡੇ ਬੁੱਧੀਜੀਵੀਆਂ ਦਾ ਇਹ ਅੰਗਰੇਜ਼ੀ ਪ੍ਰੇਮ ਦਿਖਾਉਂਦਾ ਹੈ ਕਿ ਉਹ ਪੰਜਾਬੀ ਜ਼ੁਬਾਨ, ਪੰਜਾਬੀ ਲੋਕਾਂ ਤੋਂ ਇਹ ਲੋਕ ਕਿੰਨਾ ਦੂਰ ਜਾ ਚੁੱਕੇ ਹਨ। ਚਾਹੀਦਾ ਤਾਂ ਇਹ ਹੈ ਆਪਣੀ ਭਾਸ਼ਾ ਵਿੱਚ ਲਿਖਿਆ ਜਾਵੇ ਬਾਅਦ ਵਿੱਚ ਲੋੜ ਮੁਤਾਬਕ ਹੋਰਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇ।

ਪੰਜਾਬੀ ਦੇ ਸਾਹਿਤਕ ਪਰਚੇ, ਜਿਨ੍ਹਾਂ ਤੋਂ ਪੰਜਾਬੀ ਭਾਸ਼ਾ ਦੀ ਤਰੱਕੀ ਦੀ ਆਸ ਕੀਤੀ ਜਾਂਦੀ ਹੈ, ਉਹ ਵੀ ਪੰਜਾਬੀ ਭਾਸ਼ਾ ਦਾ ਕਬਾੜਾ ਕਰੀ ਜਾ ਰਹੇ ਹਨ। ਇਨ੍ਹਾਂ ਵਿੱਚ ਛਪਦੇ ਸਾਹਿਤ ਚੋਰ ਲੇਖਕ ਅਕਸਰ ਹਿੰਦੀ ਅਤੇ ਜੇਕਰ ਕਿਸੇ ਦੀ ਪਹੁੰਚ ਹੋਵੇ ਤਾਂ ਅੰਗਰੇਜ਼ੀ ਤੋਂ ‘ਮਾਲ’ ਚੋਰੀ ਕਰਦੇ ਹਨ। ਚੋਰੀ ਕੀਤੇ ਹੋਏ ਇਸ ਮਾਲ ਵਿੱਚ ਉਹ ਹਿੰਦੀ, ਅੰਗਰੇਜ਼ੀ ਦੇ ਸ਼ਬਦ ਵੀ ਥੋਕ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਆ ਰਹੇ ਹਨ। ਜਦ ਕਿ ਉਹ ਸਾਰੇ ਸ਼ਬਦ ਪੰਜਾਬੀ ਭਾਸ਼ਾ ‘ਚ ਵੀ ਮੌਜੂਦ ਹੁੰਦੇ ਹਨ, ਜੋ ਹੋਰਾਂ ਭਾਸ਼ਾਵਾਂ ‘ਚੋਂ ਲਏ ਜਾਣ ਵਾਲ਼ੇ ਸ਼ਬਦਾਂ ਦੇ ਅਰਥਾਂ ਨੂੰ ਪ੍ਰਗਟਾਅ ਸਕਦੇ ਹਨ। ਕੁਝ ਸਿਰਫ਼ ਬੌਧਿਕਤਾ ਘੋਟਣ ਲਈ ਵੀ ਹਿੰਦੀ ਅੰਗਰੇਜ਼ੀ ਦਾ ਇਸਤੇਮਾਲ ਕਰਦੇ ਹਨ। ਕਈ ਕਮਿਊਨਿਸਟ ਪਾਰਟੀਆਂ/ਗਰੁੱਪ ਵੀ ਆਪਣੇ ਮੈਗਜ਼ੀਨ, ਅਖ਼ਬਾਰ ਅੰਗਰੇਜ਼ੀ ਵਿੱਚ ਹੀ ਕੱਢਦੇ ਹਨ। ਇੱਥੋਂ ਤੱਕ ਕਿ ਸਾਮਰਾਜਵਾਦੀ ਗੁਲਾਮੀ ਵਿਰੁੱਧ ਸਭ ਤੋਂ ਵੱਧ ਗਰਮਾਗਰਮ ਨਾਹਰੇ ਲਾਉਣ ਵਾਲ਼ਿਆਂ ਦਾ ਵੀ ਇਹੋ ਹਾਲ ਹੈ। ਸਾਮਰਾਜਵਾਦੀ ਗੁਲਾਮੀ ਵਿਰੁੱਧ ਨਾਹਰੇ ਲਾਉਣ ਵਾਲ਼ੇ ਖੁਦ ਹੀ ਮਾਨਸਿਕ ਤੌਰ ‘ਤੇ ਸਾਮਰਾਜਵਾਦੀਆਂ (ਅਮਰੀਕਾ, ਬ੍ਰਿਟੇਨ) ਦੀ ਭਾਸ਼ਾ ਦੇ ਗੁਲਾਮ ਹਨ।

‘ਪੜ੍ਹੇ ਲਿਖੇ’ ਲੋਕਾਂ ਦਰਮਿਆਨ ਰੋਜ਼ਮੱਰ੍ਹਾ ਦੀ ਗੱਲਬਾਤ ‘ਚ ਅੰਗਰੇਜ਼ੀ ਦੇ ਸ਼ਬਦਾਂ ਦਾ ਵੱਡੀ ਪੱਧਰ ‘ਤੇ ਇਸਤੇਮਾਲ ਇੱਕ ਫੈਸ਼ਨ ਬਣ ਚੁੱਕਾ ਹੈ। ਇਹ ਮਾਨਸਿਕ ਗੁਲਾਮੀ ਦਾ ਇੱਕ ਹੋਰ ਪ੍ਰਗਟਾਵਾ ਹੈ।

ਅੰਗਰੇਜ਼ੀ ਸਾਡੀ ਚੋਣ ਨਹੀਂ ਹੈ, ਮਜਬੂਰੀ ਹੈ। ਸਾਡੇ ਹਾਕਮਾਂ ਨੇ ਸਾਡੇ ਉੱਪਰ ਇੱਕ ਵਿਦੇਸ਼ੀ ਭਾਸ਼ਾ ਥੋਪ ਰੱਖੀ ਹੈ। ਪੰਜਾਬ ਵਿੱਚ ਪਹਿਲਾਂ ਛੇਵੀਂ ਜਮਾਤ ਤੋਂ ਅੰਗਰੇਜ਼ੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਸੀ ਤੇ ਬਾਅਦ ਵਿੱਚ ਜੱਥੇਦਾਰ ਤੋਤਾ ਸਿੰਘ ਨੇ ਇਸ ਨੂੰ ਪਹਿਲੀ ਜਮਾਤ ਤੋਂ ਲਾਜ਼ਮੀ ਬਣਾ ਦਿੱਤਾ। ਅਨੇਕਾਂ ਵਿਦਿਆਰਥੀ ਅੰਗਰੇਜ਼ੀ ਚੰਗੀ ਨਾ ਹੋਣ ਕਾਰਨ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਪਾਉਂਦੇ। ਇਹ ਕੋਈ ਪੈਮਾਨਾ ਨਹੀਂ ਹੋ ਸਕਦਾ ਕਿ ਜੋ ਅੰਗਰੇਜ਼ੀ ਚੰਗੀ ਤਰ੍ਹਾਂ ਜਾਣਦਾ ਹੋਵੇ ਉਹੀ ਵਿਦਿਆਰਥੀ ਬੁੱਧੀਮਾਨ ਹੋਵੇਗਾ। ਸੰਸਾਰ ਵਿੱਚ ਅਨੇਕਾਂ ਅਜਿਹੇ ਦੇਸ਼ ਹਨ ਜੋ ਅੰਗਰੇਜ਼ੀ ਦੇ ਗੁਲਾਮ ਨਹੀਂ ਹਨ। ਉੱਥੋਂ ਦੇ ਲੋਕਾਂ ਨੇ ਆਪਣੀਆਂ ਭਾਸ਼ਾਵਾਂ ਵਿੱਚ ਪੜ੍ਹਾਈ ਕਰਕੇ ਸਾਹਿਤ, ਕਲਾ, ਵਿਗਿਆਨ ਆਦਿ ਗਿਆਨ ਦੇ ਹਰ ਖੇਤਰ ‘ਚ ਨਵੇਂ-ਨਵੇਂ ਕੀਰਤੀਮਾਨ ਬਣਾਏ ਹਨ। ਰੂਸ, ਜਪਾਨ, ਫ਼ਰਾਂਸ, ਜਰਮਨੀ ਆਦਿ ਅਜਿਹੇ ਕਈ ਦੇਸ਼ ਹਨ ਜਿਨ੍ਹਾਂ ਦਾ ਅੰਗਰੇਜ਼ੀ ਤੋਂ ਬਿਨਾਂ ਹੀ ਸਰਦਾ ਹੈ। ਜਿੱਥੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ‘ਚ ਹੀ ਪੜ੍ਹਨ ਦਾ ਮੌਕਾ ਮਿਲ਼ਦਾ ਹੈ। ਉਂਝ ਦੇਖਿਆ ਜਾਵੇਂ ਤਾਂ ਅੰਗਰੇਜ਼ੀ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਦੀ ਹੀ ਭਾਸ਼ਾ ਹੈ। ਸੰਸਾਰ ਦੇ ਕਈ ਦੇਸ਼ਾਂ ਖਾਸ ਕਰਕੇ ਅਫ਼ਰੀਕਾ ਅਤੇ ਏਸ਼ੀਆਈ ਦੇਸ਼ਾਂ ਵਿੱਚ ਜਿੱਥੇ ਲਗਭਗ ਪਿਛਲੀ ਇੱਕ ਸਦੀ ਤੋਂ ਅੰਗਰੇਜ਼ੀ ਸਥਾਨਕ ਭਾਸ਼ਾਵਾਂ ਨੂੰ ਦਬਾ ਰਹੀ ਹੈ, ਉੱਥੇ ਇਹ ਵਸੋਂ ਦੇ ਸਿਰਫ਼ ਇੱਕ ਛੋਟੇ ਜਿਹੇ ਹਿੱਸੇ (ਹਾਕਮ ਜਮਾਤਾਂ ਅਤੇ ਸ਼ਹਿਰੀ ਉੱਚ ਮੱਧਵਰਗ) ਦੀ ਹੀ ਭਾਸ਼ਾ ਬਣ ਸਕੀ ਹੈ। ਅੰਗਰੇਜ਼ੀ ਕਿਸੇ ਵੀ ਤਰ੍ਹਾਂ ਕੌਮਾਂਤਰੀ ਭਾਸ਼ਾ ਨਹੀਂ ਹੈ, ਜਿਵੇਂ ਕਿ ਕੁਝ ਲੋਕ ਇਸ ਨੂੰ ਪੇਸ਼ ਕਰਦੇ ਹਨ।

ਬਿਨਾਂ ਸ਼ੱਕ ਸੰਸਾਰ ਭਾਈਚਾਰੇ ਨੂੰ ਇੱਕ ਅਜਿਹੀ ਭਾਸ਼ਾ ਦੀ ਲੋੜ ਹੈ, ਜਿਸ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਲੋਕ ਇੱਕ ਦੂਸਰੇ ਨਾਲ਼ ਸੰਚਾਰ ਸਥਾਪਿਤ ਕਰ ਸਕਣ। ਇਹ ਭਾਸ਼ਾ ਅੰਗਰੇਜ਼ੀ ਵੀ ਹੋ ਸਕਦੀ ਹੈ ਅਤੇ ਸੰਸਾਰ ਦੀ ਕੋਈ ਹੋਰ ਭਾਸ਼ਾ ਵੀ। ਇਹ ਤਾਂ ਸੰਸਾਰ ਭਾਈਚਾਰਾ ਆਪਸੀ ਰਜਾਮੰਦੀ ਨਾਲ਼ ਹੀ ਇੱਕ ਕੌਮਾਂਤਰੀ ਸੰਪਰਕ ਭਾਸ਼ਾ ਦੀ ਚੋਣ ਕਰੇਗਾ। ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਸੰਸਾਰ ਦੇ ਲੋਕ ਸਰਮਾਏਦਾਰ-ਸਾਮਰਾਜਵਾਦੀ ਦਾਬੇ ਤੋਂ ਮੁਕਤ ਹੋਣਗੇ। ਅੱਜ ਦੇ ਸਮੇਂ ਵਿੱਚ ਤਾਂ ਭਾਸ਼ਾ ਵੀ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਸਥਾਨਕ ਜੋਟੀਦਾਰਾਂ ਦੇ ਹੱਥਾਂ ਵਿੱਚ ਕਿਰਤੀ ਲੋਕਾਂ ਨੂੰ ਲੁੱਟਣ ਦਾ, ਉਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਖ਼ਤਮ ਕਰਨ ਦਾ ਇੱਕ ਜ਼ਬਰਦਸਤ ਹਥਿਆਰ ਹੈ। ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਇਨਸਾਨ ਆਪਸ ਵਿੱਚ ਸੰਵਾਦ ਕਰਦੇ ਹਨ, ਬੀਤੇ ਸਮੇਂ ਤੋਂ ਸਬਕ ਲੈਂਦੇ ਹਨ ਅਤੇ ਭਵਿੱਖ ਦੇ ਸੁਪਨੇ ਵੇਖਦੇ ਹਨ। ਕਿਰਤੀ ਲੋਕ ਲੁੱਟ ਅਨਿਆਂ ਅਤੇ ਦਾਬੇ ਤੋਂ ਮੁਕਤ ਸਮਾਜ ਦੇ ਸੁਪਨੇ ਆਪਣੀ ਭਾਸ਼ਾ ‘ਚ ਹੀ ਦੇਸ਼ ਸਕਦੇ ਹਨ। ਆਪਣੀ ਭਾਸ਼ਾ ‘ਚ ਹੀ ਉਹ ਸਰਮਾਏਦਾਰ-ਸਾਮਰਾਜਵਾਦੀ ਲੁੱਟ-ਦਾਬੇ ਤੋਂ ਮੁਕਤੀ ਦੀਆਂ ਯੋਜਨਾਵਾਂ ਘੜ ਸਕਦੇ ਹਨ ਅਤੇ ਉਨ੍ਹਾਂ ਨੂੰ ਅਮਲ ‘ਚ ਲਿਆ ਸਕਦੇ ਹਨ। ਭਾਸ਼ਾ ਜਮਾਤੀ ਸੰਘਰਸ਼ ਦਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ। ਤੇ ਸਾਡੇ ਹਾਕਮ ਸਾਥੋਂ ਇਹ ਹਥਿਆਰ ਖੋਹ ਲੈਣਾ ਚਾਹੁੰਦੇ ਹਨ।

14 Jun 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 


ਭਾਸ਼ਾ ਦੇ ਮਾਮਲੇ ‘ਚ ਸਾਡੇ ਸਮਾਜ ਦੀ ਹਾਲਤ ਬਹੁਤ ਗੰਭੀਰ ਹੈ। ਚਾਰੇ ਪਾਸੇ ਅੰਗਰੇਜ਼ੀ ਦਾ ਬੋਲਬਾਲਾ ਹੈ। ਅੰਗਰੇਜ਼ੀ ਸਿੱਖਣ ਲਈ ਪੂਰੇ ਸਮਾਜ ਵਿੱਚ ਦੌੜ ਜਿਹੀ ਲੱਗੀ ਹੋਈ ਹੈ। ਅੰਗਰੇਜ਼ੀ ਜਾਨਣਾ ਵਿਦਵਾਨਾਂ ‘ਚ ਵੱਡਾ ਵਿਦਵਾਨ ਹੋਣਾ ਹੈ। ਅਤੇ ਜੋ ਅੰਗਰੇਜ਼ੀ ਨਹੀਂ ਸਿੱਖ ਪਾਉਂਦਾ ਉਹ ਹੀਣ ਭਾਵਨਾ ਦਾ ਸ਼ਿਕਾਰ ਰਹਿੰਦਾ ਹੈ। ਅਜਿਹੇ ਸਮੇਂ ਇਸ ਭਾਸ਼ਾਈ ਗੁਲਾਮੀ ਵਿਰੁੱਧ ਬੋਲਣਾ ਧਾਰਾ ਦੇ ਖਿਲਾਫ਼ ਖੜ੍ਹੇ ਹੋਣਾ ਹੈ। ਤੇ ਸਾਨੂੰ ਧਾਰਾ ਦੇ ਖਿਲਾਫ਼ ਖੜ੍ਹੇ ਹੋਣਾ ਹੀ ਹੋਵੇਗਾ। ਅੱਜ ਪੂਰੇ ਭਾਰਤ ਵਿੱਚ ਗਰੀਬ ਕਿਰਤੀ ਲੋਕ ਹੀ ਆਪਣੀਆਂ ਮਾਂ ਭਾਸ਼ਾਵਾਂ ਨੂੰ ਬਚਾ-ਸਾਂਭ ਰਹੇ ਹਨ। ਪੰਜਾਬ ਵਿੱਚ ਵੀ ਪੰਜਾਬ ਦੇ ਕਿਰਤੀ ਲੋਕ ਹੀ ਪੰਜਾਬੀ ਭਾਸ਼ਾ ਨੂੰ ਸਾਂਭ ਰਹੇ ਹਨ। ਤੇ ਕਿਰਤੀ ਲੋਕਾਂ ਦੀ ਪੂਰਨ ਮੁਕਤੀ ਲਈ ਸਮਰਪਿਤ, ਪਾਰਟੀਆਂ/ਜਥੇਬੰਦੀਆਂ ਨੂੰ ਭਾਸ਼ਾਈ ਗੁਲਾਮੀ ਦੇ ਖਿਲਾਫ਼ ਖੜ੍ਹੇ ਹੋਣਾ ਹੀ ਹੋਵੇਗਾ।

ਭਾਸ਼ਾਈ ਗੁਲਾਮੀ ਵਿਰੁੱਧ ਸੰਘਰਸ਼ ਅੱਜ ਮੁਕੰਮਲ ਲੋਕ ਮੁਕਤੀ ਦੇ ਪ੍ਰੋਜੈਕਟ ਦਾ ਅਹਿਮ ਅੰਗ ਹੈ। ਅੰਗਰੇਜ਼ੀਅਤ ਦੀ ਗੁਲਾਮੀ ਵਿਰੁੱਧ ਸਾਨੂੰ ਕੁਝ ਠੋਸ ਕਦਮ ਚੁੱਕਣੇ ਹੋਣਗੇ। ਸਾਨੂੰ ਪੜ੍ਹਾਈ ਲਿਖਾਈ ਆਪਣੀ ਭਾਸ਼ਾ ਵਿੱਚ ਹੀ ਕਰਨੀ ਚਾਹੀਦੀ ਹੈ। ਮਜ਼ਬੂਰੀ ਵਸ ਜੋ ਸਾਡੀ ਭਾਸ਼ਾ ਵਿੱਚ ਮੁਹੱਈਆ ਨਾ ਹੋਵੇ, ਉਹ ਹੀ ਦੂਸਰੀ ਭਾਸ਼ਾ (ਹਿੰਦੀ, ਅੰਗਰੇਜ਼ੀ) ਵਿੱਚ ਪੜ੍ਹਨਾ ਚਾਹੀਦਾ ਹੈ। ਲਿਖਣਾ ਸਾਨੂੰ ਪੰਜਾਬੀ ‘ਚ ਹੀ ਚਾਹੀਦਾ ਹੈ ਅਤੇ ਬਾਅਦ ਵਿੱਚ ਲੋੜ ਮੁਤਾਬਕ ਦੂਜੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ‘ਚ ਵੀ ਸਾਨੂੰ ਸਾਰਾ ਕੰਮ ਕਾਜ਼ ਪੰਜਾਬੀ ਵਿੱਚ ਕਰਨ ਦੇ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣੀ ਹੋਵੇਗੀ। ਆਮ ਲੋਕਾਂ ‘ਚ ਲੇਖਾਂ, ਦੁਵਰਕੀਆਂ, ਜ਼ੁਬਾਨੀ ਅੰਗਰੇਜ਼ੀ ਦੀ ਗੁਲਾਮੀ ਵਿਰੁੱਧ ਪ੍ਰਚਾਰ ਕਰਨਾ ਹੋਵੇਗਾ। ਅੰਗਰੇਜ਼ੀ ਨਾ ਸਿੱਖ ਸਕਣ ਦੀ ਹੀਣ ਭਾਵਨਾ ‘ਚੋਂ ਲੋਕਾਂ ਨੂੰ ਉਭਾਰਨਾ ਹੋਵੇਗਾ। ਆਮ ਲੋਕਾਂ (ਪੰਜਾਬੀ ਭਾਸ਼ੀ) ਨਾਲ਼ ਗਲਬਾਤ ਸਮੇਂ ਦੂਸਰੀਆਂ ਭਾਸ਼ਾਵਾਂ (ਅੰਗਰੇਜ਼ੀ, ਹਿੰਦੀ) ਦੇ ਸ਼ਬਦਾਂ ਦੀ ਵਰਤੋਂ ਤੋਂ ਬਚਦਿਆਂ ਸ਼ੁੱਧ ਪੰਜਾਬੀ ਬੋਲਣੀ ਚਾਹੀਦੀ ਹੈ। ਅੰਗਰੇਜ਼ੀਅਤ ਦੇ ਫੈਸ਼ਨ, ਲਟਕੇ-ਝਟਕਿਆਂ ਦੀ ਖਿੱਲੀ ਉਡਾਈ ਜਾਣੀ ਚਾਹੀਦੀ ਹੈ।

ਸਰਕਾਰ ਤੋਂ ਵੀ ਇਹ ਮੰਗ ਕੀਤੀ ਜਾਣੀ ਚਾਹੀਦੀ ਹੈ ਕਿ ਮਾਤ ਭਾਸ਼ਾ ਨੂੰ ਵਿੱਦਿਆ ਦਾ ਮਾਧਿਅਮ ਬਣਾਇਆ ਜਾਵੇ। ਇਹ ਇੱਕ ਸਰਵ-ਪ੍ਰਵਾਨਤ ਤੱਥ ਹੈ ਕਿ ਇਨਸਾਨ ਜਿਸ ਭਾਸ਼ਾ ਵਿੱਚ ਸੋਚਦਾ ਹੈ ਉਸੇ ਭਾਸ਼ਾ ‘ਚ ਬੇਹਤਰ ਪੜ੍ਹ ਸਕਦਾ ਹੈ। ਭਾਸ਼ਾ ਦਾ ਲੋਕਾਂ ਦੇ ਸੱਭਿਆਚਾਰਕ ਜੀਵਨ, ਉਨ੍ਹਾਂ ਦੇ ਭੂਗੋਲਿਕ ਵਾਤਾਵਰਣ ਨਾਲ਼ ਡੂੰਘਾ ਸਬੰਧ ਹੁੰਦਾ ਹੈ। ਇਸ ਲਈ ਮਨੁੱਖ ਆਪਣੀ ਮਾਤ ਭਾਸ਼ਾ ‘ਚ ਹੀ ਬੇਹਤਰ ਤਰੀਕੇ ਨਾਲ਼ ਗਿਆਨ ਹਾਸਲ ਕਰ ਸਕਦਾ ਹੈ। ਹੋਰ ਭਾਸ਼ਾਵਾਂ ਸਿੱਖਣਾ ਕੋਈ ਬੁਰਾਈ ਦੀ ਗੱਲ ਨਹੀਂ, ਸਗੋਂ ਚੰਗੀ ਗੱਲ ਹੈ। ਕੋਈ ਜਿੰਨੀਆਂ ਵਧੇਰੇ ਭਾਸ਼ਾਵਾਂ ਸਿੱਖ ਸਕੇ, ਮਨੁੱਖਤਾ ਦੁਆਰਾ ਸਿਰਜੇ ਗਿਆਨ ਦੇ ਵਸੀਲਿਆਂ ਤੱਕ ਉਸ ਦੀ ਓਨੀ ਹੀ ਵਧੇਰੇ ਪਹੁੰਚ ਹੋਵੇਗੀ। ਪਰ ਕੋਈ ਵੀ ਭਾਸ਼ਾ ਕਿਸੇ ਭਾਸ਼ਾਈ ਸਮੂਹ, ਕੌਮ ਉੱਪਰ ਥੋਪੀ ਨਹੀਂ ਜਾਣੀ ਚਾਹੀਦੀ। ਇਸ ਲਈ ਅੰਗਰੇਜ਼ੀ ਵੀ ਵਿਦਿਆਰਥੀਆਂ ਉੱਪਰ ਇੱਕ ਲਾਜ਼ਮੀ ਵਿਸ਼ੇ ਵਜੋਂ ਥੋਪੀ ਨਹੀਂ ਜਾਣੀ ਚਾਹੀਦੀ, ਸਗੋਂ ਇੱਕ ਚੋਣਵਾਂ ਵਿਸ਼ਾ ਹੋਣੀ ਚਾਹੀਦੀ ਹੈ ਤਾਂ ਕਿ ਜਿਸ ਨੂੰ ਜ਼ਰੂਰਤ ਹੋਵੇ ਅੰਗਰੇਜ਼ੀ ਪੜ੍ਹੇ ਜਿਸ ਨੂੰ ਜ਼ਰੂਰਤ ਨਾ ਹੋਵੇ ਉਹ ਨਾ ਪੜ੍ਹੇ। ਸਿਰਫ਼ ਅੰਗਰੇਜ਼ੀ ਹੀ ਕਿਉਂ ਸੰਸਾਰ ਦੀਆਂ ਹੋਰ ਭਾਸ਼ਾਵਾਂ ਦੀ ਸਿੱਖਿਆ ਵੀ ਵਿਦਿਆਰਥੀਆਂ ਨੂੰ ਮੁਹੱਈਆ ਹੋਣੀ ਚਾਹੀਦੀ ਹੈ। ਪਰ ਭਾਸ਼ਾ ਦੀ ਚੋਣ ਦਾ ਹੱਕ ਵਿਦਿਆਰਥੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ।

ਭਾਸ਼ਾ ਦੀ ਸਮੱਸਿਆ ਉੱਪਰ ਇਹ ਕੋਈ ਅੰਤਮ ਸ਼ਬਦ ਨਹੀਂ ਹਨ। ਇਸ ਮਸਲੇ ਦੇ ਵੱਖ-ਵੱਖ ਪੱਖਾਂ ਉੱਪਰ ਬਹੁਤ ਕੁਝ ਲਿਖਿਆ ਜਾਣਾ ਚਾਹੀਦਾ ਹੈ। ਇੱਥੇ ਅਸੀਂ ਬੱਸ ਕੁਝ ਸਮੱਸਿਆਵਾਂ ਦੀ ਅਤੇ ਉਨ੍ਹਾਂ ਦੇ ਹੱਲ ਦੇ ਕੁਝ ਠੋਸ ਕਦਮਾਂ ਦੀ ਨਿਸ਼ਾਨਦੇਹੀ ਕੀਤੀ ਹੈ। ‘ਲਲਕਾਰ’ ਦੇ ਆਉਣ ਵਾਲ਼ੇ ਅੰਕਾਂ ਵਿੱਚ ਅਸੀਂ ਭਾਸ਼ਾ ਦੇ ਸਵਾਲ ਉੱਪਰ ਹੋਰ ਵੀ ਸਮੱਗਰੀ ਪ੍ਰਕਾਸ਼ਤ ਕਰਾਂਗੇ।

 

(ਮੈਗਜ਼ੀਨ "ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ" ਦੇ ਜੂਨ ਦੇ ਅੰਕ ਦੀ ਸੰਪਾਦਕੀ ਵਿਚੋਂ)
 http://lalkaar.wordpress.com/2012/06/11/%E0%A8%85%E0%A9%B0%E0%A8%97%E0%A8%B0%E0%A9%87%E0%A8%9C%E0%A8%BC%E0%A9%80-%E0%A8%A6%E0%A9%80-%E0%A8%97%E0%A9%81%E0%A8%B2%E0%A8%BE%E0%A8%AE%E0%A9%80-%E0%A8%9B%E0%A9%B1%E0%A8%A1%E0%A9%8B-%E0%A8%86/

14 Jun 2012

Balihar Sandhu BS
Balihar Sandhu
Posts: 5088
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Nice sharing 22 G....

14 Jun 2012

ਰੂਪ  ਢਿੱਲੋਂ
ਰੂਪ
Posts: 599
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Vaah vaah. Tuhadi gal naal pura samet haan, mai english jampal haan Tay jaan bujh Kay punjabi likhdaa so Punjab valia nU taa lajmee punjabi payla sikhni chaheedi hai

14 Jun 2012

   Jagdev Raikoti
Jagdev
Posts: 309
Gender: Male
Joined: 01/May/2011
Location: Canada
View All Topics by Jagdev
View All Posts by Jagdev
 
ਲੇਖ ਵਦੀਆ ਹੈ.ਪਰ ਅੰਗੇਰਜੀ ਬਿਨਾ ਵੀ ਸਰਨਾ ਨੀ.ਹਾਂ ਪੰਜਾਬੀ ਭੁਲੋ ਨਾ
14 Jun 2012

Reply