Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਚ ਆਖਿਆਂ ਭਾਂਬੜ ਮਚਦਾ ਏ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੱਚ ਆਖਿਆਂ ਭਾਂਬੜ ਮਚਦਾ ਏ

ਮੁੱਢ-ਕਦੀਮੀ ਕਹਾਵਤ ਹੈ ਕਿ ਸੱਚ ਕੌੜਾ ਅਤੇ ਬੇਹੱਦ ਅਸਹਿਣਯੋਗ ਹੁੰਦਾ ਹੈ। ਜੇ ਮਾਨਵ ਜਾਤੀ ਦੇ ਵਿਕਾਸ ਦੇ ਇਤਿਹਾਸ ਵੱਲ ਪੰਛੀ ਝਾਤ ਪਾਈਏ ਤਾਂ ਇਹ ਤੱਥ ਉੱਘੜ ਕੇ ਸਾਮ੍ਹਣੇ ਆ ਜਾਂਦਾ ਹੈ ਕਿ ਜਦੋਂ ਵੀ ਕਿਸੇ ਖਾਸ ਸਮੇਂ ਤੇ ਕਿਸੇ ਮਨੁੱਖ ਨੇ ਪ੍ਰੰਪਰਾਵਾਦੀ ਪ੍ਰਪਾਟੀਆਂ ਨੂੰ ਸੱਚ ਦੀ ਕਸਵੱਟੀ ’ਤੇ ਪਰਖ ਕੇ ਉਨ੍ਹਾਂ ਨੂੰ ਚੁਣੌਤੀ ਦੇਣ ਦਾ ਹੌਸਲਾ ਕੀਤਾ ਹੈ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਵਗਦੇ ਦਰਿਆਵਾਂ ਦੇ ਵਹਿਣ ਦੇ ਨਾਲ-ਨਾਲ ਤੈਰਨਾ ਤਾਂ ਬੜਾ ਆਸਾਨ ਹੈ ਪਰ ਵਹਿਣ ਦੀ ਉਲਟ ਦਿਸ਼ਾ ਵੱਲ ਨੂੰ ਤੈਰਨਾ ਬੜਾ ਔਖਾ ਹੁੰਦਾ ਹੈ ਤੇ ਜੇ ਕਿਤੇ ਪਾਣੀ ਦੇ ਵਹਿਣ ਦੀ ਗਤੀ ਵਧੇਰੇ ਤੇਜ਼ ਹੋਵੇ ਤਾਂ ਕਈ ਵਾਰੀ ਅਸੰਭਵ ਵੀ ਹੋ ਜਾਂਦਾ ਹੈ। ਜਦੋਂ ਵੀ ਅਸੀਂ ਪੁਰਾਤਨ ਸਮਿਆਂ ਤੋਂ ਲੈ ਕੇ, ਸੱਚ ਦੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ, ਤਾਂ ਦੇਖਦੇ ਹਾਂ ਕਿ ਕਦੇ ਤਾਂ ਸੱਚ ਦੇ ਮੋਢੇ ’ਤੇ ਸਲੀਬ ਹੈ ਤੇ ਸੱਚ ਆਪਣਾ ਸਿਰੜ ਪਾਲ਼ਦਾ, ਆਖ਼ਰ ਨੂੰ ਉਸੇ ਸਲੀਬ ’ਤੇ ਹੀ ਲਟਕ ਜਾਂਦਾ ਹੈ, ਕਦੇ ਸੱਚ ਸੂਲੀ ’ਤੇ ਲਟਕਦਾ ਹੈ, ਕਦੇ ਜ਼ਹਿਰ ਦੇ ਪਿਆਲੇ ਨੂੰ ਸੱਚ ਡੀਕ ਲਾ ਕੇ ਪੀ ਰਿਹਾ ਹੈ। ਸੱਚ ਕਦੇ ਤੱਤੀ ਤਵੀ ’ਤੇ ਬੈਠਦਾ ਹੈ ਕਦੇ ਦੀਵਾਰਾਂ ਵਿੱਚ ਚਿਣ ਦਿੱਤਾ ਜਾਂਦਾ ਹੈ, ਪ੍ਰੰਤੂ ਇਹ ਬੰਦ-ਬੰਦ ਕਟਵਾਉਂਦਾ, ਚਰਖੜੀਆਂ ਤੇ ਚੜ੍ਹਦਾ, ਪੁੱਠੀਆਂ ਖੱਲਾਂ ਲਹਾਉਂਦਾ ਤੇ ਖੋਪਰੀਆਂ ਉਤਰਵਾਉਂਦਾ ਵੀ ਪ੍ਰਵਾਨ ਚੜ੍ਹਦਾ ਹੈ। ਦੰਭ ਅਤੇ ਪਾਖੰਡ ਸਦਾ ਹੀ ਸੱਚ ਦਾ ਮੂੰਹ ਚਿੜਾਉਂਦੇ ਰਹੇ ਹਨ, ਪਰ ਸੱਚ ਅਤੇ ਹੱਕ ਦੇ ਮੁਦੱਈ ਵੀ ਸਮੇਂ-ਸਮੇਂ ਪ੍ਰਗਟ ਹੁੰਦੇ ਗਏ, ਸੱਚ ਨਾਲ ਵਫ਼ਾ ਪਾਲਦੇ ਹੋਏ, ਆਪਣੇ ਪਵਿੱਤਰ ਲਹੂ ਨਾਲ, ਸਮੇਂ ਦੀ ਹਿੱਕ ’ਤੇ ਸੱਚ ਦੀਆਂ ਇਬਾਰਤਾਂ ਲਿਖਦੇ ਰਹੇ। ਭਾਵੇਂ ਬਲਵਾਨ ਅਤੇ ਨਿਰਦਈ ਸਮਿਆਂ ਦੇ ਜਬਰ, ਸੱਚ ਨੂੰ ਨਿਰੰਤਰ ਦਰੜਦੇ ਰਹੇ, ਪਰ ਸੱਚ ਮੋਇਆ ਨਹੀਂ, ਸੱਚ ਕਮਜ਼ੋਰ ਵੀ ਨਹੀਂ ਹੋਇਆ। ਸੰਸਾਰ ਦੇ ਇਤਿਹਾਸ ਵਿੱਚ ਅਨੇਕਾਂ ਜਾਬਰ, ਸੱਚ ਦੀ ਮੌਤ ਦੇ ਸੁਪਨੇ ਆਪਣੇ ਮਨਾਂ ਵਿੱਚ ਲੈ ਕੇ, ਖ਼ੁਦ ਹੀ ਮੌਤ ਦੀ ਆਗੋਸ਼ ਵਿੱਚ ਜਾ ਸੁੱਤੇ, ਪਰ ਸੱਚ ਸਦਾ ਸੂਰਜ ਵਾਂਗ ਮਘਦਾ ਅਤੇ ਦਗਦਾ, ਸਲਾਮਤ ਰਿਹਾ ਤੇ ਇਤਿਹਾਸ ਦੇ ਪੰਨਿਆਂ ‘ਚ ਨਮੂਦਾਰ ਹੁੰਦਾ ਰਿਹਾ। ਇਹ ਠੀਕ ਹੈ ਕਿ ਸੱਚ ਕਹਿਣ ਅਤੇ ਪ੍ਰਗਟ ਕਰਨ ਲਈ ਇੱਕ ਅਸਾਧਾਰਨ ਤੇ ਅਨੋਖੀ ਹਿੰਮਤ ਜੁਟਾਉਣ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਸੱਚ ਸੁਣਨ ਲਈ ਵੀ ਸਿਰੇ ਦੀ ਧੀਰਜ        ਜ਼ਰੂਰੀ ਹੁੰਦੀ ਹੈ। ਸੱਚ ਦੀ ਆਤਮਾ ਦੀ ਅੰਤਰੀਵੀ ਭਾਵਨਾ ਨੂੰ    ਸਮਝਣ ਅਤੇ ਉਸ ਦੇ ਅਮਲਾਂ ਨੂੰ ਦ੍ਰਿਸ਼ਟਮਾਨ ਕਰਨ ਲਈ, ਬੌਧਿਕ ਦ੍ਰਿੜ੍ਹਤਾ, ਦਾਨਾਈ ਅਤੇ ਦੂਰਦਰਸ਼ਤਾ ਸਮੇਂ-ਸਮੇਂ ’ਤੇ ਆਪਣੀ   ਬਣਦੀ ਭੂਮਿਕਾ ਨਿਭਾਉਂਦੇ ਹਨ। ਸੱਚ ਪ੍ਰਗਟ ਹੋਣ ਲਈ ਆਪਣਾ ਸਮਾਂ ਆਪ ਤਹਿ ਕਰਦਾ ਹੈ, ਇਹ ਦੁਨਿਆਵੀ ਰਫ਼ਤਾਰ ਅਤੇ ਅਖੌਤੀ ਰਸਮਾਂ ਦਾ ਗੁਲਾਮ ਨਹੀਂ। ਸਮੇਂ ਦੀ ਚਮਕ-ਦਮਕ ਤੋਂ ਸੱਖਣਾ, ਸੱਚ ਤਾਂ ਮਲੰਗ ਹੈ, ਫ਼ਕੀਰ ਹੈ, ਉਹ ਆਪਣੇ ਰਹੁ-ਰਸਤੇ ਆਪ     ਉਲੀਕਦਾ ਹੈ। ਕਹਾਵਤ ਹੈ ਕਿ ਜਦੋਂ ਤੱਕ ਸੱਚ ਜਾਗਦਾ ਤੇ   ਅੰਗੜਾਈ ਲੈਂਦਾ ਹੈ ਤਦ ਤੱਕ ਕੂੜ ਅੱਧੀ ਦੁਨੀਆਂ ਤੱਕ ਪਸਰ ਗਿਆ ਹੁੰਦਾ ਹੈ। ਸੱਚ ਦੀਆਂ ਪੈੜਾਂ ਦੇ ਨਿਸ਼ਾਨ ਤਾਂ ਸੱਚ ਦੀਆਂ ਪਗਡੰਡੀਆ ਵਿੱਚੋਂ ਹੀ ਲੱਭਦੇ ਹਨ, ਪਰ ਇਨ੍ਹਾਂ ਪੈੜਾਂ ਨੂੰ ਟਟੋਲਣ ਤੇ ਨੱਪਣ ਵਾਲੇ ਨੈਣ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੇ। ਮਨੁੱਖ ਦੀ ਹਯਾਤੀ ਦੀ ਸੋਝੀ ਵਿੱਚ ਸ਼ਰਮ,ਧਰਮ, ਦਰਦ, ਮੁਹੱਬਤ, ਰਹਿਮ ਤੇ ਨਿਆਂ  ਦੇ ਅਹਿਸਾਸ, ਸਭ ਇਕੱਠੇ ਪੁੰਘਰਦੇ ਤੇ ਵਿਕਸਤ ਹੁੰਦੇ ਹਨ, ਮਨੁੱਖੀ ਸੁਭਾਅ ਦੇ ਇਹ ਸਾਰੇ ਅਹਿਸਾਸ, ਇੱਕ ਦੂਜੇ ਦੇ ਪੂਰਕ ਹਨ ਤੇ ਸੱਚ ਇਨ੍ਹਾਂ ਸਭਨਾ ਦਾ ਅਣਡਿੱਠ ਤੇ ਖ਼ਾਮੋਸ਼ ਨਿਗਾਹਬਾਨ ਹੈ। ਇਹ ਸਾਰੇ ਅਨੁਭਵ ਮਨੁੱਖ ਦੇ ਕਠੋਰ ਮਨ ਨੂੰ ਕੋਮਲਤਾ ਵੱਲ ਢਾਲਣ ਵਿੱਚ ਸਹਾਈ ਹੁੰਦੇ ਹਨ।

21 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਅਜੋਕੇ ਸਮਿਆਂ ਦੀ ਤ੍ਰਾਸਦੀ ਵੇਖੋ, ਜਿੱਥੇ ਸੱਚ ਬੋਲਣ ਤੇ ਸੱਚੀ ਗੱਲ ਮੂੰਹ ’ਤੇ ਆਖ ਦੇਣ ਵਾਲੇ ਨੂੰ, ਸੰਸਾਰਕ ਅਤੇ ਵਿਵਹਾਰਕ ਨਿਰੂਪਣ ਕਰਨ ਸਮੇਂ, ਉਸ ਨੂੰ ਮੂੰਹ-ਫੱਟ ਦਾ ਲਕਬ ਨਸੀਬ ਹੁੰਦਾ ਹੈ ਤੇ ਉਸ ਦੇ ਉਲਟ ਜ਼ਮਾਨਾਸਾਜ਼ੀਆਂ ਦੇ ਅਮਲ ਪਾਲਣ ਵਾਲੇ ਜ਼ਮਾਨਾਸਾਜ਼ਾਂ ਨੂੰ ‘ਦਾਨਿਸ਼ਵਰ’ ਦੇ ਲਕਬ ਨਾਲ ਨਿਵਾਜਿਆ ਜਾਂਦਾ ਹੈ। ਸੱਚ ਬੋਲਣ ਵਾਲਾ ਮਨੁੱਖ ਅਲੱਗ-ਥਲੱਗ ਹੋ ਕੇ ਇਕੱਲਾ ਰਹਿ ਜਾਂਦਾ ਹੈ, ਤੇ ਚਾਪਲੂਸ ਜ਼ਮਾਨਾਸਾਜ਼, ਹਰ ਰੁਤਬੇ ਲਈ ਯੋਗ ਮੰਨਿਆ ਜਾਂਦਾ ਹੈ। ਜਦੋਂ ਅਸੀ ਆਪਣੇ ਜੀਵਨ ਦੇ ਸੰਕਲਪਾਂ ਵਿੱਚ ਸੱਚ ਤੇ ਆਧਾਰਿਤ ਇੱਕ ਖ਼ਾਸ ਨਿਸ਼ਚੇ ਨੂੰ ਗ੍ਰਹਿਣ ਕਰ ਲੈਂਦੇ ਹਾਂ ਤੇ ਉਸ ’ਤੇ ਪੁਖ਼ਤਗੀ ਨਾਲ ਪਹਿਰਾ ਦਿੰਦੇ ਹਾਂ ਤਦ ਵੀ ਅਨੇਕਾਂ ਔਕੜਾਂ ਸਾਡਾ ਰਾਹ ਰੋਕ ਖੜੋਂਦੀਆਂ ਹਨ। ਚੁਪਾਸਿਓਂ ਮਸ਼ਵਰੇ, ਨਸੀਹਤਾਂ ਤੇ ਉਪਦੇਸ਼ ਮਿਲਣੇ ਸ਼ੁਰੂ ਹੋ ਜਾਂਦੇ ਹਨ, ਕਿ ਨਰਮ ਤੇ ਲਚਕਦਾਰ ਰਵੱਈਆ ਅਪਣਾਉਣ ਵਿੱਚ ਹੀ ਬੇਹਤਰੀ ਤੇ ਲਾਹੇਵੰਦੀ ਹੈ, ਸਮੇਂ ਦਾ ਲਾਹਾ ਲਓ ਤੇ ਵਗਦੀ ਗੰਗਾ ਵਿੱਚ ਹੱਥ ਧੋ ਲਵੋ, ਆਮ ਸਹਿਮਤੀ ਵੀ ਤਾਂ ਇੱਕ ਸੰਕਲਪ ਹੈ ਪਰ ਸੱਚ, ਸਰਬ-ਸਹਿਮਤੀ ਵਿੱਚ ਕਈ ਵਾਰੀ ਵੱਡੀ ਰੁਕਾਵਟ ਬਣ ਜਾਂਦਾ ਹੈ, ਤੁਹਾਡੇ ਲਈ ਇਹ ਚੁਨਣਾ ਕਠਿਨ ਹੋ ਜਾਂਦਾ ਹੈ ਕਿ ਆਪਣੇ ਹੱਠ ’ਤੇ ਖੜ੍ਹੇ ਹੋ ਕੇ ਸੱਚ ’ਤੇ ਪਹਿਰਾ ਦੇਣ ਨੂੰ ਪਹਿਲ ਦਿੱਤੀ ਜਾਵੇ ਜਾਂ ਫਿਰ ਆਮ ਸਹਿਮਤੀ ਦੇ ਸੰਕਲਪ ਵਿੱਚ ਵਿਲੀਨ ਹੋ ਕੇ ਜ਼ਿੰਦਗੀ ਜਿਊਣ ਲਈ ਕੋਈ ਲਾਹੇਵੰਦ ਸੌਦੇਬਾਜ਼ੀ ਕਰ ਲਈ ਜਾਵੇ ਤੇ ਸੱਚ ਨਾਲ ਵਿਸਾਹਘਾਤ ਕਰਕੇ ਉਸ ਨੂੰ ਆਪਣੇ ਨਿੱਜ ਲਈ ਕੁਰਬਾਨ ਕਰ ਦਿੱਤਾ ਜਾਵੇ। ਮੈਂ ਮੰਨਦਾ ਹਾਂ ਕਿ ਸੱਚ ਨੂੰ ਸੱਟ ਮਾਰਨ ਵਿੱਚ ਅਨੇਕਾ ਦੁਨਿਆਵੀ ਲਾਭ ਮਿਲਦੇ ਹਨ ਪਰ ਮਨੁੱਖ ਦੇ ਅੰਦਰਲੀ ਸੱਚੀ ਰੂਹ ਦੀ ਮੌਤ ਹੋ ਜਾਂਦੀ ਹੈ, ਸੱਚ ਨਾਲ ਫ਼ਰੇਬ ਕਰਕੇ ਮਨੁੱਖ ਬੇ-ਰੂਹ, ਬੇਜ਼ਮੀਰ ਤੇ ਨਿਰਜਿੰਦ ਜਿਹੇ ਲੋਕਾਂ ਦੀ ਕਤਾਰ ਵਿੱਚ ਜਾ ਖੜ੍ਹਦਾ ਹੈ ਤੇ ਸੱਚ ’ਤੇ ਪਹਿਰਾ ਦੇਣ ਨਾਲ ਤੁਹਾਡੀ ਰੂਹਾਨੀ ਜਿੱਤ ਹੁੰਦੀ ਹੈ, ਰੂਹ ਦਾ ਰਜੇਵਾਂ ਵੀ ਤੇ ਮਨੁੱਖੀ ਜੀਵਨ ਦੇ ਨਿਖਾਰ ਲਈ ਇੱਕ ਅਤੀ ਲੋੜੀਂਦੀ ਔਸ਼ਧੀ ਹੈ। ਡਾਕਟਰ ਸਰ ਮੁਹੰਮਦ ਇਕਬਾਲ ਇਸ ਅਸੰਗਤ-ਮਨੋਬਿਰਤੀ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ:
‘‘ਤੇਰਾ ਤਨ ਰੂਹ ਸੇ ਨਾ ਆਸ਼ਨਾ ਹੈ, ਅਜਬ ਕਯਾ ਆਹ ਤੇਰੀ ਨਾ-ਰਸਾ ਹੈ,
ਤਨੇ ਬੇ-ਰੂਹ ਸੇ ਬੇਜ਼ਾਰ ਹੈ ਹੱਕ, ਖ਼ੁਦਾ-ਏ-ਜਿੰਦ ਜਿੰਦੋਂ ਕਾ ਖ਼ੁਦਾ ਹੈ’’
ਗੁਰੂ ਨਾਨਕ ਸਾਹਿਬ ਨੇ ਤਾਂ ਪੰਦਰ੍ਹਵੀਂ ਸਦੀ ਦੇ ਅੰਧਕਾਰਮਈ ਸਮੇਂ ਵਿੱਚ ਵੀ ਸੱਚ ਦਾ ਸੁਨੇਹਾ ਦੇਣ ਸਮੇਂ, ਸੱਚ ਦੀ ਅਣਹੋਂਦ ਨੂੰ ਮਹਿਸੂਸ ਕੀਤਾ ਸੀ, ਆਪ ਫ਼ੁਰਮਾਉਂਦੇ ਹਨ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।।
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।
ਕੂੜ ਦੀ ਕਾਲੀ ਮੱਸਿਆ ਦੇ ਹਨੇਰਿਆਂ ਨੇ ਸੱਚ ਦੇ ਚੰਦਰਮੇ ਨੂੰ ਹਰ ਸਮੇਂ ਆਪਣੀ ਬੁੱਕਲ ਵਿੱਚ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਖੰਡ ਅਤੇ ਭਰਮਾਂ ਦੇ ਜਾਲ ਵਿੱਚ ਉਲਝੀ ਮਨੁੱਖਤਾ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਭਰਮ ਜਾਲ ਵਿੱਚੋਂ ਕੱਢਣ ਦੇ ਤਰਕਸ਼ੀਲ ਉਪਰਾਲੇ ਕੀਤੇ ਤਾਂ ਸਮੇਂ ਦੀ ਗਰਦਸ਼ ਨੇ ਉਨ੍ਹਾਂ ਨੂੰ ਵੀ ਨਹੀਂ ਬਖ਼ਸ਼ਿਆ, ਭੂਤਨਾ ਤੇ ਬੇਤਾਲਾ ਤੱਕ ਕਹਿ ਦਿੱਤਾ। ਗੁਰੂ ਨਾਨਕ ਸਾਹਿਬ ਆਪ ਫ਼ੁਰਮਾਉਂਦੇ ਹਨ:
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ।। ਕੋਈ ਆਖੈ ਆਦਮੀ ਨਾਨਕੁ ਵੇਚਾਰਾ।।
ਪੰਜਾਬ ਦੇ ਸੂਫ਼ੀ ਕਵੀ, ਦਰਵੇਸ਼ ਬਾਬਾ ਬੁੱਲ੍ਹੇ ਸ਼ਾਹ ਦਾ ਅਨੁਭਵ ਸਤਾਰਵ੍ਹੀਂ ਸਦੀ ਵਿੱਚ ਵੀ ਕੋਈ ਅੱਡਰਾ ਨਹੀਂ ਸੀ। ਸੱਚ ਦੀ ਡਗਰ ’ਤੇ ਪਹਿਰਾ ਦਿੰਦਿਆਂ ਜੋ ਦੁਸ਼ਵਾਰੀਆਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ, ਬਾਬਾ ਬੁੱਲ੍ਹੇ ਸ਼ਾਹ ਆਪਣੀ ਇੱਕ ਕਾਫ਼ੀ ਵਿੱਚ ਇੰਝ ਬਿਆਨ ਕਰਦੇ ਹਨ:
‘‘ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ,
ਜੀ ਦੋਹਾਂ ਗੱਲਾਂ ਤੋਂ ਜਿਚਦਾ ਏ, ਜਿਚ ਜਿਚ ਕੇ ਜਿਹਬਾ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।’’

21 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੱਚ, ਹਰ ਕਿਸਮ ਦੇ ਇਨਸਾਨੀ ਰਿਸ਼ਤਿਆਂ ਦੀ ਪਵਿੱਤਰਤਾ ਦੀ ਬੁਨਿਆਦ ਹੈ। ਜਦੋਂ ਵੀ ਝੂਠ ਇਨ੍ਹਾਂ ਰਿਸਤਿਆਂ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਰਿਸ਼ਤਿਆਂ ਦੀ ਪਾਕੀਜ਼ਗੀ ਭੰਗ ਹੋਣੀ ਸ਼ੁਰੂ ਹੋ ਜਾਂਦੀ, ਜਦੋਂ ਝੂਠ ਬੇਨਕਾਬ ਹੁੰਦਾ ਹੈ ਤਾਂ ਪਵਿੱਤਰ ਤੋਂ ਪਵਿੱਤਰ ਰਿਸ਼ਤੇ ਵੀ ਤਿੜਕਦੇ-ਤਿੜਕਦੇ ਅੰਤ ਨੂੰ ਬਰਬਾਦ ਹੋ ਜਾਂਦੇ ਹਨ। ਭਾਵੇਂ ਕਿਸੇ ਮਜਬੂਰੀ ਵੱਸ, ਅਸੀਂ ਰਿਸ਼ਤਿਆਂ ਦੀਆਂ ਟੁੱਟੀਆਂ ਤੰਦਾਂ ਨੂੰ ਮੁੜ ਕੇ ਜੋੜਨ ਦੀ ਲੱਖ ਕੋਸ਼ਿਸ਼ ਕਰੀਏ, ਪਰ ਤਿੜਕੇ ਵਿਸ਼ਵਾਸਾਂ ਵਿੱਚ ਕਦੇ ਵੀ ਉਵੇਂ ਦੀ ਸੱਜਰੀ ਤਾਜ਼ਗੀ ਮੁੜ ਕਦੇ ਮਹਿਸੂਸ ਨਹੀਂ ਹੁੰਦੀ। ਕੁਝ ਤਿੜਕੇ ਵਿਸ਼ਵਾਸ਼ ਤੇ ਟੁੱਟੇ ਰਿਸ਼ਤੇ ਤਾਂ ਮਨੁੱਖ ਨੂੰ ਉਮਰ ਭਰ ਲਈ ਬੇਚੈਨ ਕਰਕੇ ਰੱਖ ਦਿੰਦੇ ਹਨ।
ਸੱਚ ਬੋਲਣ ਦਾ ਸਭ ਤੋਂ ਵੱਡਾ ਵਸਫ਼ ਇਹ ਹੈ ਕਿ ਉਸ ਨੂੰ ਯਾਦ ਰੱਖਣ ਦੀ ਲੋੜ ਨਹੀਂ, ਕਿਉਂਕਿ ਸੱਚ ਤਾਂ ਹਮੇਸ਼ਾ ਸੱਚ ਹੀ        ਰਹਿੰਦਾ ਹੈ ਤੇ ਝੂਠ ਮਨੁੱਖ ਦੀਆਂ ਚੁਸਤੀਆਂ ਤੇ ਚਲਾਕੀਆਂ ਦੇ   ਚੇਤਿਆਂ ਵਿੱਚ ਗਵਾਚ ਜਾਂਦਾ ਹੈ। ਝੂਠ ਬੋਲ ਕੇ, ਉਸ ਨੂੰ ਸਦਾ ਯਾਦ ਰੱਖਣ ਦੀ ਜ਼ਹਿਮਤ ਉਠਾਉਣੀ ਪੈਂਦੀ ਹੈ, ਜੇ ਕਿਤੇ ਆਪਣੀ ਕਹੀ ਝੂਠੀ ਗੱਲ ਨੂੰ ਭੁੱਲ ਜਾਵੋ ਤਾਂ  ਕਈ ਵਾਰੀ ਜਲਾਲਤ ਦੀ ਹੱਦ ਤੱਕ ਸ਼ਰਮਸਾਰ ਹੋਣਾ ਪੈਂਦਾ ਹੈ। ਸੱਚ ਦਾ ਆਪਣਾ ਇੱਕ ਰਜੇਵਾਂ ਹੈ, ਇਸ ਦੀ ਭਰਪੂਰਤਾ ਦੀ ਇੱਕ ਆਪਣੀ ਸੁਗੰਧੀ ਤੇ ਨਿਰਾਲਾ ਜਿਹਾ ਆਭਾ ਮੰਡਲ ਹੈ ਜੋ ਮਨੁੱਖ ਦੀ ਸ਼ਖ਼ਸੀਅਤ ਨੂੰ ਨਿਖਾਰ ਕੇ, ਕਾਬਿਲ-ਏ-ਇਹਤਰਾਮ (ਆਦਰ ਯੋਗ) ਬਣਾਉਣ ਵਿੱਚ ਵੱਡੀ ਸਕਾਰਾਤਮਕ ਭੂਮਿਕਾ ਨਿਭਾਉਂਦਾ ਹੈ।
ਕੁਝ ਦਿਨ ਹੋਏ ਇੱਕ ਸ਼ਗਨਾ ਦੇ ਸਮਾਗਮ ਵਿੱਚ ਇੱਕ ਸਤਿਕਾਰਯੋਗ ਬਜ਼ੁਰਗ ਮੇਰੇ ਪਾਸ ਆ ਬੈਠੇ, ਆਪਣੀ ਜਾਣ-ਪਹਿਚਾਣ ਕਰਵਾਉਣ ਉਪਰੰਤ ਕਹਿਣ ਲੱਗੇ, ‘ਮੈਂ ਤੁਹਾਡਾ ਬੜਾ ਵੱਡਾ ਪ੍ਰਸੰਸਕ ਹਾਂ, ਮੈਂ ਤੁਹਾਡੀਆਂ ਤਕਰੀਰਾਂ ਬੜੇ ਧਿਆਨ ਨਾਲ ਸੁਣਦਾ ਹਾਂ, ਹਰ ਵਾਰ ਕੋਈ ਨਾ ਕੋਈ ਨਵਾਂਪਣ ਲੱਭਦਾ ਹੈ, ਤੁਹਾਡੀਆਂ ਤਹਿਰੀਰਾਂ ਅਤੇ ਬੇਬਾਕ ਟਿੱਪਣੀਆਂ ਵੀ ਮੈਨੂੰ ਬਹੁਤ ਪਸੰਦ ਹਨ’ ਬਜ਼ੁਰਗਵਾਰ ਵੱਲੋਂ ਮਾਸੂਮੀਅਤ ਵਿੱਚ ਕੀਤੀ ਜਾ ਰਹੀ ਮੇਰੀ ਲਗਾਤਾਰ ਤਾਰੀਫ਼, ਮੈਨੂੰ ਪ੍ਰੇਸ਼ਾਨ ਕਰ ਰਹੀ ਸੀ ਕਿਉਂਕਿ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਇਸ ਤਾਰੀਫ਼ ਦੇ ਮੁਸਤਹੱਕ ਨਹੀਂ ਹਾਂ,  ਮੈਂ ਉਨ੍ਹਾਂ ਨੂੰ ਵਿੱਚੇ ਹੀ ਟੋਕਦਿਆਂ ਕਿਹਾ ਕਿ ਮੈਨੂੰ ਤਾਂ ਕਦੇ ਕੋਈ ਅਜਿਹਾ ਅਨੁਭਵ ਨਹੀਂ ਹੋਇਆ, ਸਿਆਸੀ ਪਾਰਟੀਆਂ ਦੇ ਮੁੱਖ ਆਗੂ ਤਾਂ ਮੈਨੂੰ ਪਸੰਦ ਨਹੀਂ ਕਰਦੇ, ਅੱਗੋਂ ਬਜ਼ੁਰਗ ਕਹਿਣ ਲੱਗੇ ‘‘ਜੀ ਉਹ ਤੁਹਾਨੂੰ ਪਸੰਦ ਕਿਓਂ ਕਰਨ, ਤੁਸੀਂ ਕਿਹੜਾ ਉਨ੍ਹਾਂ ਦੀ ਝੋਲੀ ਚੁੱਕਦੇ ਹੋ, ਜੋ ਸੱਚੀ ਗੱਲ ਹੁੰਦੀ ਹੈ ਅਗਲੇ ਦੇ ਮੂੰਹ ’ਤੇ ਆਖ ਦਿੰਦੇ ਹੋ, ਹੁਣ ਤਾਂ ਸਰਦਾਰ ਜੀ ਝੋਲੀ ਚੁੱਕਾਂ ਦਾ ਜ਼ਮਾਨਾ ਆ ਗਿਆ, ਸੱਚ, ਸੇਵਾ ਤੇ ਕੁਰਬਾਨੀ ਨੂੰ ਕੋਈ ਨਹੀਂ ਪੁੱਛਦਾ, ਤੁਸੀਂ ਆਪਣੇ ਢੰਗ ਨਾਲ ਸੱਚ ਦੇ ਪਹਿਰੂ ਬਣੇ ਰਹੋ, ਕਦੇ ਤਾਂ ਮਾਹਰਾਜ ਬਾਂਹ ਫੜੂ’’। ਬਜ਼ੁਰਗਵਾਰ ਦੀਆਂ ਮਾਸੂਮੀਅਤ ਭਰੀਆਂ, ਸਾਧਾਰਨ ਪਰ ਵਜ਼ਨਦਾਰ ਗੱਲਾਂ ਨੇ ਮੇਰੇ ਮਨ ਅੰਦਰ ਦੀ ਸਵੈਭਰੋਸਗੀ ਨੂੰ ਇੱਕ ਨਵੀਂ ਪੁਖ਼ਤਗੀ ਦੀ ਜਾਗ ਲਾ ਦਿੱਤੀ, ਮੈਨੂੰ ਤਸੱਲੀ ਹੋਈ ਕਿ ਅੱਜ ਵੀ ਇਸ ਦੁਨੀਆਦਾਰ ਇਨਸਾਨੀ ਸਮਾਜ ਵਿੱਚ ਇੱਕ ਅਜਿਹਾ ਵਰਗ ਮੌਜੂਦ ਹੈ, ਜੋ ਸੱਚ ਤੇ ਹੱਕ ਦੀ ਤਰਫ਼ਦਾਰੀ ਦਾ ਬੇਬਾਕੀ ਨਾਲ ਦਮ ਭਰਦਾ ਹੈ।

21 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇੱਥੇ ਮੈਂ ਇੱਕ ਵਾਕਿਆ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ, ਜਦੋਂ ਮੈ ਬਾਰਵ੍ਹੀਂ ਵਿਧਾਨ ਸਭਾ ਦਾ ਮੈਂਬਰ ਸੀ ਤਾਂ ਸਦਨ ਵਿੱਚ ਇੱਕ ਦਿਨ ਅਚਨਚੇਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਬਿਲ ਪੇਸ਼ ਹੋ ਗਿਆ, ਉਸ ਸਮੇਂ ਦੀ ਸਰਕਾਰ ਦੀ ਇਹ ਇੱਛਾ ਸੀ ਕਿ ਇਸ ਬਿਲ ਨੂੰ ਬਿਨਾਂ ਕਿਸੇ ਬਹਿਸ ਤੇ ਬਿਖੇੜੇ ਦੇ ਉਸੇ ਦਿਨ ਹੀ ਪਾਸ ਕਰ ਦਿੱਤਾ ਜਾਵੇ, ਪਰ ਮੇਰਾ ਤਰਕ ਸੀ, ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਬਿਲ, ਸਦਨ ਵਿੱਚ ਅਚਨਚੇਤ ਪੇਸ਼ ਕੀਤਾ ਗਿਆ ਹੈ ਤੇ ਕਿਸੇ ਵੀ ਸਦਨ ਦੇ ਮੈਂਬਰ ਨੂੰ ਇਸ ਦੇ ਸਾਰੇ ਪਹਿਲੂਆਂ ਦੇ ਵਿਸਥਾਰ ਨੂੰ ਗੰਭੀਰਤਾ ਨਾਲ ਪੜ੍ਹਨ ਤੇ ਵਿਚਾਰਨ ਦਾ ਮੌਕਾ ਨਹੀਂ ਮਿਲਿਆ, ਇਸ ਲਈ ਮੈਂ ਮਾਣਯੋਗ ਸਪੀਕਰ ਸਾਹਿਬ ਪਾਸ ਪ੍ਰਸਤਾਵ ਪੇਸ਼ ਕੀਤਾ ਕਿ ਚੰਗਾ ਹੋਵੇਗਾ ਜੇ ਇਹ ਬਿਲ ਸਦਨ ਦੀ ਅਗਲੀ ਮੀਟਿੰਗ ਵਿੱਚ, ਵਿਚਾਰ ਅਤੇ ਬਹਿਸ ਲਈ ਮੁਲਤਵੀ ਕਰ ਲਿਆ ਜਾਵੇ, ਸਪੀਕਰ ਸਾਹਿਬ ਨੇ ਮੇਰੀ ਹਾਮੀ ਭਰਦਿਆਂ ਕਿਹਾ, ‘‘ਜੇ ਸਦਨ ਸਹਿਮਤ ਹੈ ਤਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਬਿਲ ਅਗਲੀ ਬੈਠਕ ਵਿੱਚ ਵਿਚਾਰ ਲਿਆ ਜਾਵੇ’’, ਸਦਨ ਦੇ ਕਿਸੇ ਵੀ ਮੈਂਬਰ ਨੇ ਇਹ ਗੱਲ ਧਿਆਨ ਨਾਲ ਨਾ ਸੁਣੀ ਤੇ ਸਪੀਕਰ ਡਾਕਟਰ ਕੇਵਲ ਕ੍ਰਿਸ਼ਨ ਨੇ ਲਵਲੀ ਯੂਨੀਵਰਸਿਟੀ ਬਿਲ ’ਤੇ ਵਿਚਾਰ, ਸਦਨ ਦੀ ਅਗਲੀ ਬੈਠਕ ਲਈ ਮੁਲਤਵੀ ਕਰ ਦਿੱਤਾ।
ਮੇਰੇ ਚੰਗੀ ਤਰ੍ਹਾਂ ਯਾਦ ਸੀ ਕਿ ਹਾਲੇ ਕੁਝ ਸਮਾਂ ਪਹਿਲਾ ਹੀ ਭਾਰਤ ਦੀ ਸਰਵ ਉੱਚ ਅਦਾਲਤ (ਸੁਪਰੀਮ ਕੋਰਟ) ਨੇ ਦੇਸ਼ ਦੇ ਉੱਘੇ ਵਿਗਿਆਨੀ ਅਤੇ ਸਿੱਖਿਆ ਸਾਸ਼ਤਰੀ ਡਾਕਟਰ ਯਸ਼ਪਾਲ ਜੀ ਦੀ ਇੱਕ ਲੋਕ ਹਿੱਤ ਪਟੀਸ਼ਨ ’ਤੇ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ, ਛੱਤੀਸਗੜ੍ਹ ਰਾਜ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਭੰਗ ਕਰ ਦਿੱਤਾ ਸੀ, ਮੈਂ ਚਾਹੁੰਦਾ ਸੀ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਲੋਅ ਵਿੱਚ ਹੀ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਚੰਗੀ ਤਰ੍ਹਾਂ ਪਰਖ ਤੇ ਘੋਖ ਕਰਕੇ ਹੀ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਨੂੰ ਮਨਜ਼ੂਰੀ ਦੇਣੀ ਚਾਹੀਦੀ, ਉਂਜ ਵੀ ਨਿੱਜੀ ਖੇਤਰ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਧੜਾ-ਧੜ ਆਉਣ ਨਾਲ ਜਿੱਥੇ ਸਿੱਖਿਆ ਦਾ ਵੱਡੀ ਪੱਧਰ ’ਤੇ ਵਪਾਰੀਕਰਨ ਹੋਵੇਗਾ ਉੱਥੇ ਨਾਲ-ਨਾਲ ਸਿੱਖਿਆ ਦੇ ਮਿਆਰਾਂ ਨੂੰ ਵੀ ਢਾਅ ਲੱਗੇਗੀ। ਡਿਗਰੀਆਂ ਪਾਸ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਵੇਗਾ। ਕਿੱਤਾ-ਮੁਖੀ ਮਿਆਰੀ ਸਿੱਖਿਆ ਦਾ ਪਸਾਰ ਤੇ ਉਸ ਲਈ ਲੋੜੀਂਦੇ ਰੁਜ਼ਗਾਰ ਦੇ ਮੌਕਿਆਂ ਵਿੱਚ ਸੰਤੁਲਨ ਬਣਾਉਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਹਿਲੂ ਸਨ, ਜਿਨ੍ਹਾਂ ਦੇ ਜੇ ਵਿਸਥਾਰ ਵਿੱਚ ਜਾਵਾਂ ਤਾਂ ਨਿਬੰਧ ਆਪਣੇ ਕੇਂਦਰ ਬਿੰਦੂ ਤੋਂ ਬਾਹਰ ਚਲਾ ਜਾਵੇਗਾ। ਬਾਰ੍ਹਵੀਂ ਪੰਜਾਬ ਵਿਧਾਨ ਸਭਾ ਦਾ ਇਤਿਹਾਸ ਗਵਾਹ ਹੈ ਕਿ ਮੈਂ ਇਕੱਲੇ ਨੇ ਹੀ ਇਸ ਬਿਲ ਦੀ ਡਟ ਕੇ ਤਰਕਪੂਰਣ ਵਿਰੋਧਤਾ ਕੀਤੀ, ਪ੍ਰੰਤੂ ਬਿਲ ਪਾਸ ਹੋ ਗਿਆ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ ਵਿੱਚ, ਨਿੱਜੀ ਖੇਤਰ ਦੀ ਪਹਿਲੀ ਯੂਨੀਵਰਸਿਟੀ ਦੇ ਰੂਪ ਵਿੱਚ, ਹੋਂਦ ਵਿੱਚ ਆ ਗਈ ਤੇ ਨਿੱਜੀ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਹੋਂਦ ਵਿੱਚ ਆਉਣ ਲਈ ਰਾਹ ਖੁੱਲ੍ਹ ਗਿਆ ਹੈ। ਪੰਜਾਬੀ ਦੀ ਕਹਾਵਤ ਅਨੁਸਾਰ, ਮੈਂ ਸਹੇ ਨੂੰ ਨਹੀਂ ਪਹੇ ਨੂੰ ਰੋ ਰਿਹਾ ਸੀ, ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ, ਇਸ ਸਭ ਕੁਝ ਦੇ ਬਾਵਜੂਦ ਮੈਂ ਆਪਣੀ ਗੱਲ ਸਪੱਸ਼ਟਤਾ ਅਤੇ ਬੇਬਾਕੀ ਨਾਲ ਕਹਿ ਦਿੱਤੀ। ਦੂਸਰੇ ਦਿਨ ਮੇਰੇ ਮੋਬਾਈਲ ਫ਼ੋਨ ’ਤੇ ਮੇਰੇ ਇੱਕ ਅਤੀ ਸਤਿਕਾਰ ਯੋਗ, ਬੁੱਧੀਮਾਨ ਮਿੱਤਰ ਦਾ ਸੁਨੇਹਾ ਮਿਲਿਆ ਜਿਸ ਵਿੱਚ ਉਨ੍ਹਾਂ ਇਸ਼ਾਰੇ ਦੇ ਤੌਰ ’ਤੇ ਮੈਨੂੰ ਸ਼ਾਇਰ ਸੁਰਜੀਤ ਪਾਤਰ ਦੀ ਇੱਕ ਗ਼ਜ਼ਲ ਦਾ ਇਹ ਸ਼ੇਅਰ ਭੇਜ ਦਿੱਤਾ,
‘‘ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ,
ਚਾਰ ਕੁ ਬੰਦੇ ਛੱਡ ਲੈ, ਮੋਢਾ ਦੇਣ ਲਈ’’

ਬੁੱਧੀਮਾਨ ਦੋਸਤ ਦੇ ਇਸ ਮਸ਼ਵਰੇ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਝੰਜੋੜ ਕੇ ਰੱਖ  ਦਿੱਤਾ, ਮੈਂ ਸੰਜੀਦਗੀ ਨਾਲ ਸੋਚਣ ਲੱਗ ਪਿਆ ਕਿ ਕਿਤੇ ਸੱਚੀ-ਮੁੱਚੀ ਬੇਬਾਕੀ ਨਾਲ ਆਪਣੀ ਗੱਲ ਕਹਿਣ ਦਾ ਚੁਣਿਆ ਰਸਤਾ, ਮੈਨੂੰ ਇੱਕ ਦਿਨ ਅਲੱਗ-ਥਲੱਗ ਤਾਂ ਨਹੀਂ ਕਰ ਦੇਵੇਗਾ? ਮੇਰੇ ਅਚੇਤ ਮਨ ਵਿੱਚ ਦੁਬਿਧਾ ਦਾ ਆਲਮ ਪਸਰ ਗਿਆ, ਮਿਲੇ-ਜੁਲੇ ਖ਼ਿਆਲ ਹਾਵੀ ਹੋਣ ਲੱਗ ਪਏ, ਵੰਨਗੀ ਵਜੋਂ ਇਹ ਸ਼ੇਅਰ   ਮੁਲਾਹਜ਼ਾ ਫ਼ੁਰਮਾਓ:
‘ਦਿਲ ਚਾਹਤਾ ਹੈ ਚੀਰਦੂੰ ਪਰਦਾ ਫ਼ਰੇਬ ਕਾ,
ਫਿਰ ਸੋਚਤਾ ਹੂੰ ਮੁਸ਼ਕਿਲੇਂ ਪਹਿਲੇ ਹੀ ਕਮ ਨਹੀਂ’
ਮੈਂ ਸੋਚਦਾ ਗਿਆ, ਰਸਤਾ ਕਠਿਨ ਹੈ, ਸਮੱਸਿਆਵਾਂ ਦੇ ਵਾਵਰੋਲੇ ਚੁਫ਼ੇਰਿਓਂ ਘੇਰਨ ਲਈ, ਘੋਰ ਘਟਾਵਾਂ ਬਣ ਕੇ ਬਰੂਹਾਂ ’ਤੇ ਮੰਡਰਾ ਰਹੇ ਹਨ, ਸਰਮਾਏਦਾਰ ਤੇ ਮਾਫ਼ੀਏ, ਨਿਜ਼ਾਮ ’ਤੇ ਕਾਬਜ਼ ਹਨ, ਰਾਜਨੀਤਕ ਸਾਮੰਤਵਾਦ ਅਤੇ ਮਾਫੀਆ ਗ੍ਰੋਹਾਂ ਦੇ ਖੁਫ਼ੀਆ ਗਠਜੋੜ, ਮਜ਼ਬੂਤੀ ਨਾਲ ਪੈਰ ਪਸਾਰ ਰਹੇ ਹਨ ਤੇ ਤੇਰੇ ਪੱਲੇ ਨਿਪਟ ਫ਼ਕੀਰੀ ਹੈ, ਹੱਥ ਵਿੱਚ ਕਾਠ ਦੀ ਤਲਵਾਰ ਹੈ, ਕਿੰਝ ਲੜੇਂਗਾ? ਪਰ ਇਨ੍ਹਾਂ ਸਾਰੀਆਂ ਦੁਸ਼ਵਾਰੀਆਂ ਦੇ ਬਾਵਜੂਦ , ਮਨ, ਸੱਚ ਦੀ ਹਾਮੀ ਭਰਨ ਲਈ ਕਚੀਚੀਆਂ ਵਟਦਾ ਹੋਇਆ, ਫ਼ਰੇਬ ਨੂੰ ਬੇਨਕਾਬ ਕਰਨ ਲਈ ਉਪਰਾਮ ਹੋ ਉੱਠਦਾ ਹੈ।
ਆਖ਼ਰ ਆਪਣੀ ਜ਼ਮੀਰ ਦੇ ਰੂਬਰੂ ਹੋਇਆ, ਆਪਣੇ ਆਪ ਨੂੰ ਵੀ ਮੁਖ਼ਾਤਬ ਹੋ ਕੇ ਢੇਰ ਸਾਰੀਆਂ ਗੱਲਾਂ ਕੀਤੀਆਂ,  ਮੇਰੀ ਜ਼ਮੀਰ ਹੀ ਮੇਰੀ ਰਾਹਬਰ ਬਣੀ, ਮੈਨੂੰ ਸਾਰੇ ਸਵਾਲਾਂ ਦੇ ਉੱਤਰ ਮਿਲ ਗਏ, ਮੈਂ ਤੌਖ਼ਲਿਆਂ ਤੋਂ ਸੁਰਖਰੂ ਹੋ ਗਿਆ।  ਸੁਹਿਰਦ ਮਿੱਤਰ ਨੂੰ, ਜਿਸ ਨੇ ਸੁਰਜੀਤ ਪਾਤਰ ਦੀ ਗ਼ਜ਼ਲ ਦੇ ਉਪਰੋਕਤ ਸ਼ੇਅਰ ਰਾਹੀਂ ਮਸ਼ਵਰਾ ਦਿੱਤਾ ਸੀ, ਉਸ ਦੇ ‘ਨਾਯਾਬ’ ਮਸ਼ਵਰੇ ਦਾ ਜੁਆਬ ਇਨ੍ਹਾਂ ਸਤਰਾਂ ਰਾਹੀਂ ਭੇਜ ਦਿੱਤਾ:

ਸੱਚ ਤਾਂ ਏਵੇਂ ਬੋਲ, ਭਾਵੇਂ ਕੱਲਾ ਰਹਿ ਜਾਵੇਂ,
ਕੀ ਲੈਣਾ ਬੰਦਿਆਂ ਤੋਂ, ਆਪਾਂ ਮੋਢਾ ਦੇਣ ਲਈ।

 

ਬੀਰ ਦਵਿੰਦਰ ਸਿੰਘ ਸੰਪਰਕ: 98140-33362

21 Apr 2013

Reply