Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜ਼ਹਿਰ ਪੀ ਕੇ ਅਮਰ ਹੋਇਆ ਸੁਕਰਾਤ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜ਼ਹਿਰ ਪੀ ਕੇ ਅਮਰ ਹੋਇਆ ਸੁਕਰਾਤ

ਜ਼ਹਿਰ ਪੀ ਕੇ ਅਮਰ ਹੋਇਆ ਸੁਕਰਾਤ

 

 

 

ਸੁਕਰਾਤ ਮੇਰੀ ਜਾਚੇ ਦੁਨੀਆਂ ਦਾ ਸਭ ਤੋਂ ਵੱਡਾ ਫਿਲਾਸਫਰ ਹੈ। ਲੋਕਤੰਤਰ ਬਾਰੇ ਜੋ ਕੁਝ ਸੁਕਰਾਤ ਨੇ ਬਹੁਤ ਦੇਰ ਪਹਿਲਾਂ ਕਿਹਾ ਸੀ, ਉਸ ਨੂੰ ਅੱਜ ਦੀ ਭਾਰਤੀ ਰਾਜਨੀਤੀ ਵਿੱਚ ਵਾਪਰਦਿਆਂ ਵੇਖਿਆ ਜਾ ਸਕਦਾ ਹੈ।ਸੁਕਰਾਤ ਜਦੋਂ ਚੌਦਾਂ-ਪੰਦਰਾਂ ਵਰ੍ਹਿਆਂ ਦਾ ਹੋਇਆ ਤਾਂ ਉਸ ਦੇ ਬਾਪ ਨੇ ਉਸ ਨੂੰ ਸੰਗਤਰਾਸ਼ੀ ਸਿਖਾਉਣੀ ਸ਼ੁਰੂ ਕਰ ਦਿੱਤੀ। ਇਹ ਉਹ ਦੌਰ ਸੀ ਜਦੋਂ ਪੁੱਤਰ ਨੂੰ ਬਾਪ ਵਾਲਾ ਕਿੱਤਾ ਹੀ ਅਪਨਾਉਣਾ ਪੈਂਦਾ ਸੀ। ਸੁਕਰਾਤ ਦਾ ਬਾਪ ਏਥਨਜ਼ ਦਾ ਇੱਕ ਸਰਕਾਰੀ ਠੇਕੇਦਾਰ ਸੀ। ਉਹ ਸੰਗਮਰਮਰ ਦੀਆਂ ਮੂਰਤੀਆਂ ਬਣਾਉਂਦਾ ਸੀ। ਉਹ ਪਹਿਲਾਂ ਪਹਿਲ ਸੁਕਰਾਤ ਨੂੰ ਔਜ਼ਾਰ ਫੜਨ ਦੀ ਜਾਚ ਸਿਖਾਉਂਦਾ ਕਿ ਕਿਵੇਂ ਹਥੌੜਾ ਫੜਨਾ ਹੈ, ਕਿਵੇਂ ਛੈਣੀ ਫੜਨੀ ਹੈ ਅਤੇ ਕਿੱਥੇ ਕਿਵੇਂ ਸੱਟ ਮਾਰਨੀ ਹੈ।ਸੁਕਰਾਤ ਆਪਣੇ ਬਾਪ ਨੂੰ ਸੁਆਲ ਕਰਦਾ, ‘‘ਪਿਤਾ ਜੀ ਤੁਸੀਂ ਪੱਥਰ ਵਿੱਚੋਂ ਬੁੱਤ ਕਿਵੇਂ ਕੱਢ ਲੈਂਦੇ ਹੋ?’’ ਉਸ ਦਾ ਪਿਤਾ ਜੁਆਬ ਦਿੰਦਾ, ‘‘ਪੁੱਤਰ, ਬੁੱਤ ਤਾਂ ਪਹਿਲਾਂ ਹੀ ਪੱਥਰ ਵਿੱਚ ਹੁੰਦਾ ਹੈ, ਮੈਂ ਤਾਂ ਸਿਰਫ਼ ਉਸ ਉਪਰੋਂ ਵਾਧੂ ਪੱਥਰ ਹੀ ਹਟਾਉਂਦਾ ਹਾਂ।’’ ਅਜਿਹੇ ਜੁਆਬ ਸੁਣ ਕੇ ਸੁਕਰਾਤ ਬੜਾ ਹੈਰਾਨ ਹੁੰਦਾ।ਸੁਕਰਾਤ ਦੀ ਮਾਂ ਦਾਈ ਦਾ ਕੰਮ ਕਰਦੀ ਸੀ। ਸੁਕਰਾਤ ਉਸ ਨੂੰ ਵੀ ਪੁੱਛਦਾ, ‘‘ਮਾਤਾ ਜੀ! ਤੁਸੀਂ ਬੱਚੇ ਕਿੱਥੋਂ ਲੈ ਆਉਂਦੇ ਹੋ?’’ ਉਸ ਦੀ ਮਾਂ ਦਾ ਜੁਆਬ ਹੁੰਦਾ, ‘‘ਪੁੱਤਰ, ਬੱਚੇ ਤਾਂ ਪਹਿਲਾਂ ਹੀ ਹੁੰਦੇ ਹਨ, ਮੈਂ ਤਾਂ ਸਿਰਫ਼ ਉਨ੍ਹਾਂ ਨੂੰ ਜਿਸਮ ਦੀ ਕੈਦ ਵਿੱਚੋਂ ਹੀ ਆਜ਼ਾਦ ਕਰਾਉਂਦੀ ਹਾਂ। 

14 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇੰਜ ਸੁਕਰਾਤ ਨੇ ਆਪਣੇ ਬਾਪ ਅਤੇ ਮਾਂ ਵੱਲੋਂ ਦੱਸੀਆਂ ਗੱਲਾਂ ਨਾਲ ਜ਼ਿੰਦਗੀ ਦਾ ਬਹੁਤ ਵੱਡਾ ਰਾਜ਼ ਸਮਝ ਲਿਆ। ਉਸ ਨੇ ਸੋਚਿਆ ਕਿ ਇਨਸਾਨ ਦੇ ਦਿਮਾਗ਼ ਵਿੱਚ ਕਿੰਨੇ ਖ਼ਿਆਲ ਹਨ, ਜਿਹੜੇ ਆਜ਼ਾਦ ਹੋਣ ਦੇ ਇੰਤਜ਼ਾਰ ਵਿੱਚ ਹਨ। ਉਸ ਨੇ ਸੋਚਿਆ ਕਿ ਹਰ ਚੀਜ਼ ਨੂੰ ਸਮਝਣ/ਸਮਝਾਉਣ ਲਈ ਸੁਆਲ ਕਰੋ। ਸੁਕਰਾਤ ਨੂੰ ਅਹਿਸਾਸ ਹੋਇਆ ਕਿ ਜੇ ਇਨਸਾਨ ਸਹੀ ਸੁਆਲ ਕਰਨਾ ਸਿੱਖ ਜਾਵੇ ਤਾਂ ਦਿਮਾਗ਼ ਅੰਦਰ ਕੈਦ ਖਿਆਲਾਂ ਨੂੰ ਆਜ਼ਾਦ ਕਰਵਾਇਆ ਜਾ ਸਕਦਾ ਹੈ। ਇੰਜ ਸੁਕਰਾਤ ਦਾ ਸੰਗਤਰਾਸ਼ੀ ਦਾ ਕੰਮ ਹੌਲੀ-ਹੌਲੀ ਘੱਟ ਹੁੰਦਾ ਗਿਆ ਅਤੇ ਸੁਆਲ ਪੁੱਛਣ ਅਤੇ ਖੋਜ ਕਰਨ ਦਾ ਜ਼ਿਆਦਾ ਹੋਈ ਗਿਆ। ਇਹ ਠੀਕ ਵੀ ਸੀ ਕਿਉਂਕਿ ਰੱਬ ਨੇ ਸੁਕਰਾਤ ਨੂੰ ਇਨਸਾਨਾਂ ਦਾ ਫਿਲਾਸਫਰ ਬਣਾਇਆ ਸੀ ਨਾ ਕਿ ਪੱਥਰਾਂ ਦਾ। ਏਥਨਜ਼ ਵਿੱਚ ਸੁਕਰਾਤ ਨੂੰ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਰਹਿੰਦਾ ਸੀ। ਉਂਜ ਵੀ ਉਸ ਸਮੇਂ ਏਥਨਜ਼ ਦੇ ਲੋਕ ਫਿਲਾਸਫਰਾਂ ਵਾਂਗ ਹੀ ਹੁੰਦੇ ਸਨ। ਉਨ੍ਹਾਂ ਨੂੰ ਗੱਲਬਾਤ ਕਰਨ ਦਾ ਸ਼ੌਕ ਸੀ ਅਤੇ ਉਹ ਚੌਰਾਹਿਆਂ ਵਿੱਚ ਖੜ੍ਹ ਕੇ ਬਹਿਸਾਂ ਕਰਦੇ ਸਨ। ਸ਼ਹਿਰ ਦੇ ਨੇੜੇ ਹੀ ਇੱਕ ਪਹਾੜੀ ਸੀ ਜਿਸ ਨੂੰ ਏਥਨਜ਼ ਦੀ ਛੱਤ ਕਿਹਾ ਜਾਂਦਾ ਸੀ। ਉਸ ਉਪਰ ਸੁਕਰਾਤ ਦੀ ਮਹਿਫ਼ਿਲ ਹਰ ਰੋਜ਼ ਜੁੜਦੀ ਸੀ। ਇਸ ਪਹਾੜੀ ਉਪਰ ਉਨ੍ਹਾਂ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਸੀ, ਜਿਹੜੇ ਦੂਜੇ ਮੁਲਕਾਂ ਵਿੱਚੋਂ ਏਥਨਜ਼ ਨੂੰ ਆਉਂਦੇ-ਜਾਂਦੇ ਰਹਿੰਦੇ ਸਨ। ਇਸੇ ਪਹਾੜੀ ਉਪਰ ਬੈਠ ਕੇ ਲੋਕ ਕਿਸ਼ਤੀਆਂ ਦੇ ਮੁਕਾਬਲੇ ਵੀ ਵੇਖਦੇ ਸਨ।
ਸੁਕਰਾਤ ਦੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਸ ਦੀ ਦੂਜੀ ਸ਼ਾਦੀ ਜੀਨੀ ਪੇਥੀ ਨਾਲ ਹੋਈ। ਇਹ ਔਰਤ ਮਸ਼ਹੂਰ ਇਸ ਲਈ ਸੀ ਕਿ ਉਹ ਬਹੁਤ ਹੀ ਲੜਾਕੀ ਸੀ। ਉਸ ਨਾਲ ਕੋਈ ਵੀ ਆਦਮੀ ਸ਼ਾਦੀ ਕਰਨ ਲਈ ਤਿਆਰ ਨਹੀਂ ਸੀ। ਉਸ ਦੇ ਸੁਭਾਅ ਕਰਕੇ ਹੀ ਉਸ ਦੀ ਸ਼ਾਦੀ ਕਰਨ ਦੀ ਉਮਰ ਲੰਘ ਚੁੱਕੀ ਸੀ। ਸੁਕਰਾਤ ਵੀ ਫ਼ਕੀਰੀ ਜ਼ਿੰਦਗੀ ਜੀ ਰਿਹਾ ਸੀ। ਉਹ ਨਾ ਤਾਂ ਬਹੁਤ ਸੋਹਣਾ ਸੀ ਅਤੇ ਨਾ ਹੀ ਦੌਲਤਮੰਦ। ਜੀਨੀ, ਸੁਕਰਾਤ ਨਾਲੋਂ ਵੀਹ ਸਾਲ ਛੋਟੀ ਸੀ। ਉਹ ਬੜੀ ਮੂੰਹ ਫੱਟ ਅਤੇ ਕੌੜੇ ਸੁਭਾਅ ਦੀ ਸੀ। ਇਸ ਦੇ ਬਾਵਜੂਦ ਉਹ ਇੱਕ ਇੱਜ਼ਤਦਾਰ ਅਤੇ ਹਿੰਮਤ ਵਾਲੀ ਔਰਤ ਸੀ। ਜੀਨੀ ਤੋਂ ਸੁਕਰਾਤ ਦੇ ਤਿੰਨ ਪੁੱਤਰ ਹੋਏ। ਸੁਕਰਾਤ ਘਰ ਤੋਂ ਬਾਹਰ ਆਪਣੀ ਦਵਾਈਆਂ ਦੀ ਦੁਕਾਨ ਵਿੱਚ ਆਪਣੇ ਸ਼ਾਗਿਰਦਾਂ ਨਾਲ ਵਡਮੁੱਲੇ ਵਿਚਾਰ ਸਾਂਝੇ ਕਰਦਾ ਰਹਿੰਦਾ। ਜੀਨੀ ਘਰ ਵਿੱਚ ਇਸ ‘ਨਿਕੰਮੇ’ ਕੰਮ ਦਾ ਸਿਆਪਾ ਕਰਦੀ ਰਹਿੰਦੀ। ਜੀਨੀ, ਸੁਕਰਾਤ ਦੇ ਸ਼ਾਗਿਰਦਾਂ ਦੀ ਵੀ ਚੰਗੀ ਲਾਹ-ਪਾਹ ਕਰਦੀ ਰਹਿੰਦੀ ਅਤੇ ਕਹਿੰਦੀ, ‘‘ਤੁਸੀਂ ਕਿਉਂ ਮੂੰਹ ਚੁੱਕ ਕੇ ਇਧਰ ਆ ਜਾਂਦੇ ਹੋ? ਤੁਸੀਂ ਕਿਉਂ ਇਸ ਨਿਕੰਮੇ ਬੰਦੇ ਦੇ ਮਗਰ ਲੱਗੇ ਹੋਏ ਹੋ? ਸਾਰਾ ਦਿਨ ਸਰਕਾਰ ਦੇ ਸੂਹੀਏ ਸਾਡੇ ਬੂਹਿਆਂ ਨਾਲ ਕੰਨ ਲਗਾ ਕੇ ਬੈਠੇ ਰਹਿੰਦੇ ਹਨ, ਤੁਸੀਂ ਇੱਕ ਦਿਨ ਸਾਨੂੰ ਮਰਵਾ ਕੇ ਹੀ ਛੱਡੋਗੇ।’’ ਜਦੋਂ ਉਹ ਇਸ ਦੀ ਸ਼ਿਕਾਇਤ ਸੁਕਰਾਤ ਕੋਲ ਕਰਦੇ ਤਾਂ ਸੁਕਰਾਤ ਦਾ ਜੁਆਬ ਹੁੰਦਾ, ‘‘ਤੁਸੀਂ ਤਾਂ ਕਾਬੂ ਆਏ ਤੇ ਨਿਕਲ ਗਏ ਪਰ ਤੁਸੀਂ ਉਸ ਆਦਮੀ ਦੀ ਹਿੰਮਤ ਦੀ ਦਾਦ ਕਿਉਂ ਨਹੀਂ ਦਿੰਦੇ ਜਿਹੜਾ ਅਜਿਹੀ ਔਰਤ ਨਾਲ ਰਹਿ ਰਿਹਾ ਹੈ? ਪਰ ਇਸ ਦੀ ਟੋਕਾ-ਟਾਕੀ ਤੋਂ ਮੇਰੇ ਅੰਦਰ ਜ਼ਬਤ ਦੀ ਤਾਕਤ ਪੈਦਾ ਹੁੰਦੀ ਹੈ। ਇਸ ਦੀਆਂ ਲਾਹਨਤਾਂ ਅਤੇ ਝਿੜਕਾਂ ਨਾਲ ਮੈਂ ਆਪਣੇ ਸਬਰ ਦਾ ਇਮਤਿਹਾਨ ਲੈਂਦਾ ਹਾਂ। ਉਹ ਅੱਗ ਦਾ ਗੋਲਾ ਬਣ ਜਾਂਦੀ ਹੈ ਅਤੇ ਮੈਂ ਬਰਫ਼ ਦਾ ਢੇਲਾ ਬਣ ਜਾਂਦਾ ਹਾਂ। ਸਿਰ ਨੂੰ ਖ਼ੂਨ ਚੜ੍ਹਨ ਨਾਲ ਉਹ ਬੇਹੋਸ਼ ਹੋ ਜਾਂਦੀ ਹੈ ਅਤੇ ਮੈਂ ਉਸ ਨੂੰ ਪਾਣੀ ਪਿਆ ਕੇ ਹੋਸ਼ ਵਿੱਚ ਲਿਆਉਂਦਾ ਹਾਂ। ਉਹ ਮੇਰੀ ਸ਼ੁਕਰਗੁਜ਼ਾਰ ਹੋ ਜਾਂਦੀ ਹੈ ਅਤੇ ਫ਼ਿਰ ਮੇਰੇ ਪਾਸੋਂ ਮੁਆਫ਼ੀਆਂ ਮੰਗਣ ਲੱਗ ਜਾਂਦੀ ਹੈ। ਬੇਵਕੂਫ਼ ਸ਼ਾਗਿਰਦੋ, ਜੀਨੀ ਮੇਰਾ ਇਲਾਜ ਹੈ। ਉਹ ਮੇਰੇ ਅੰਦਰ ਅਕਲ ਅਤੇ ਇਲਮ ਦਾ ਹੰਕਾਰ ਪੈਦਾ ਨਹੀਂ ਹੋਣ ਦਿੰਦੀ। ਉਹ ਮੈਨੂੰ ਮੇਰੀ ਔਕਾਤ ਵਿੱਚ ਰੱਖਦੀ ਹੈ। ਹੋ ਸਕਦਾ ਹੈ ਕਿ ਤੁਹਾਡੀ ਤਾਰੀਫ਼ ਮੇਰਾ ਦਿਮਾਗ਼ ਖ਼ਰਾਬ ਕਰ ਦੇਵੇ ਅਤੇ ਮੇਰੇ ਪੈਰ ਜ਼ਮੀਨ ਤੋਂ ਚੁੱਕੇ ਜਾਣ।’’
ਸੁਕਰਾਤ ਦੇ ਸਮੇਂ ਯੂਨਾਨ ਵਿੱਚ ਸਰਕਾਰੀ ਧਰਮ ਦੇਵੀ-ਦੇਵਤਿਆਂ ਦੀ ਪੂਜਾ ਦਾ ਧਰਮ ਸੀ। ਇੱਥੋਂ ਦੇ ਲੋਕਾਂ ਦਾ ਕੋਈ ਇੱਕ ਸਾਂਝਾ ਰੱਬ ਨਹੀਂ ਸੀ। ਇਨ੍ਹਾਂ ਲੋਕਾਂ ਦੇ ਵੱਖੋ-ਵੱਖਰੇ ਰੱਬ ਸਨ। ਇਨ੍ਹਾਂ ਵਿੱਚ ਕੋਈ ਇਸ਼ਕ ਦਾ ਦੇਵਤਾ ਸੀ, ਕੋਈ ਹੁਸਨ ਦੀ ਦੇਵੀ ਸੀ। ਅਸਰ ਰਸੂਖ਼ ਵਾਲੇ ਲੋਕਾਂ ਨੇ ਇਨ੍ਹਾਂ ਦੇਵਤਿਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ। ਕੋਈ ਸੂਰਜ ਨੂੰ ਰੱਬ ਮੰਨਦਾ ਸੀ, ਕੋਈ ਚੰਦ ਨੂੰ। ਅਜਿਹੇ ਸਮੇਂ ਸੁਕਰਾਤ ਨੇ ਸੂਰਜ ਨੂੰ ਦਹਿਕਦਾ ਹੋਇਆ ਪਹਾੜ ਜਾਂ ਪੱਥਰ ਅਤੇ ਚੰਦ ਨੂੰ ਜ਼ਮੀਨ ਦਾ ਟੁਕੜਾ ਕਹਿ ਦਿੱਤਾ। ਕਮਾਲ ਦੀ ਗੱਲ ਹੈ ਕਿ ਜਿਹੜੀ ਗੱਲ ਸੁਕਰਾਤ ਨੇ ਸਦੀਆਂ ਪਹਿਲਾਂ ਕਹੀ ਸੀ ਉਹ ਅੱਜ ਸੱਚ ਸਾਬਿਤ ਹੋ ਰਹੀ ਹੈ। ਪਰ ਉਸ ਸਮੇਂ ਕੀ ਹੋਇਆ? ਯੂਨਾਨ ਵਿੱਚ ਉਸ ਸਮੇਂ ਦਾ ਸਮਾਜ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਹਿੱਲ ਗਿਆ। ਇਸ ਨਾਲ ਕਈ ਲੋਕਾਂ ਦੀ ਸਦੀਆਂ ਤੋਂ ਚੱਲੀ ਆ ਰਹੀ ਠੱਗੀ ਦੇ ਪੈਰ ਉੱਖੜ ਗਏ ਅਤੇ ਉਨ੍ਹਾਂ ਨੇ ਸੁਕਰਾਤ ਨੂੰ ਕਾਫ਼ਿਰ ਸਾਬਿਤ ਕਰ ਕੇ ਉਸ ਨੂੰ ਜ਼ਹਿਰ ਦਾ ਪਿਆਲਾ ਪੀਣ ਲਈ ਮਜਬੂਰ ਕਰ ਦਿੱਤਾ।
ਯੂਨਾਨ ਵਿੱਚ ਉਸ ਸਮੇਂ ਕੇਅਰਫੂਨ ਨਾਂ ਦਾ ਇੱਕ ਪਹੁੰਚਿਆ ਹੋਇਆ ਦਰਵੇਸ਼ ਫ਼ਕੀਰ ਸੀ। ਉਸ ਨੇ ਸੁਕਰਾਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਦਾਨਿਸ਼ਮੰਦ ਅਤੇ ਸਿਆਣਾ ਇਨਸਾਨ ਕਿਹਾ ਤਾਂ ਸੁਕਰਾਤ ਨੇ ਆਪਣੇ ਬਾਰੇ ਕੀਤੀ ਇਸ ਭਵਿੱਖਬਾਣੀ ਨੂੰ ਪਰਖਣ ਦੇ ਯਤਨ ਸ਼ੁਰੂ ਕਰ ਦਿੱਤੇ।

14 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਸ ਕਥਨ ਤੋਂ ਬਾਅਦ ਸੁਕਰਾਤ ਨੇ ਸ਼ਾਇਰਾਂ ਨਾਲ ਸਿਆਣਪ ਦਾ ਮੁਕਾਬਲਾ ਕਰਨ ਦਾ ਇਰਾਦਾ ਕੀਤਾ। ਉਸ ਦਾ ਖ਼ਿਆਲ ਸੀ ਕਿ ਇਹ ਦੂਰ ਦੀ ਕੌਡੀ ਸੁੱਟਣ ਵਾਲੇ ਉਸ ਦੇ ਦਾਨਿਸ਼ਮੰਦੀ ਦੇ ਦਾਅਵੇ ਨੂੰ ਜ਼ਰੂਰ ਝੁਠਲਾ ਦੇਣਗੇ। ਇਨ੍ਹਾਂ ਵਿੱਚ ਸੁਕਰਾਤ ਦੇ ਸਮਕਾਲੀ ਸਾਰੇ ਵੱਡੇ-ਵੱਡੇ ਸ਼ਾਇਰ ਸ਼ਾਮਿਲ ਸਨ। ਕੁਝ ਤਾਂ ਖ਼ੁਦ ਨੂੰ ਦੇਵਤਾ ਅਤੇ ਰੱਬ ਦਾ ਅਵਤਾਰ ਸਮਝੀ ਬੈਠੇ ਸਨ। ਉਹ ਜ਼ਿੰਦਗੀ ਦੇ ਹਰ ਗ਼ੈਰ-ਜ਼ਿੰਮੇਵਾਰ ਰਵੱਈਏ ਨੂੰ ਆਪਣੀ ਸ਼ਖ਼ਸੀਅਤ ਦਾ ਗੁਣ ਖ਼ਿਆਲ ਕਰਦੇ ਸਨ। ਉਹ ਬਹੁਤ ਹੀ ਨਿਕੰਮੇ ਤੇ ਸੁਸਤ ਸਨ। ਉਹ ਪਵਿੱਤਰ ਆਗੂਆਂ ਤੇ ਪੇਸ਼ਾਵਰ ਜੋਤਸ਼ੀਆਂ ਵਾਂਗ ਬੜੀਆਂ ਇਲਹਾਮੀ ਗੱਲਾਂ ਕਰਦੇ ਸਨ ਪਰ ਜ਼ਿੰਦਗੀ ਦੇ ਵਿਹਾਰ ਤੋਂ ਕੋਰੇ ਸਨ। ਉਹ ਇਨਸਾਨ ਹੁੰਦੇ ਹੋਏ ਵੀ ਆਪਣੇ-ਆਪ ਨੂੰ ਇੱਕ ਵੱਖਰੀ ਦੁਨੀਆਂ ਦੇ ਲੋਕ ਖ਼ਿਆਲ ਕਰਦੇ ਸਨ। ਉਹ ਕੁਦਰਤ ਕਾਮਲ ਦੀ ਵਦੀਅਤ ਕੀਤੀ ਗਈ ਸ਼ਾਇਰੀ ਤੋਂ ਫਿਤਰੀ ਮਲਕੇ ਦੇ ਸ਼ਾਇਰ ਕਹਿ ਕੇ ਆਪਣੇ ਆਪ ਨੂੰ ਪੈਗ਼ੰਬਰ ਕਰਾਰ ਦੇਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਦੇ ਸਨ।
ਸ਼ਾਇਰਾਂ ਤੋਂ ਬਾਅਦ ਸੁਕਰਾਤ ਆਪਣੇ ਵੇਲੇ ਦੇ ਕਾਨੂੰਨਦਾਨਾਂ ਕੋਲ ਗਿਆ। ਸੁਕਰਾਤ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਕਾਨੂੰਨ ਬਣਾਉਣ ਵਾਲਾ, ਕਾਨੂੰਨ ਦੀ ਵਿਆਖਿਆ ਕਰਨ ਵਾਲਾ ਤੇ ਉਹਦੇ ਮੁਤਾਬਿਕ ਇਨਸਾਫ਼ ਕਰਨ ਵਾਲੇ ਇਸ ਤਬਕੇ ਦੇ ਵਿਅਕਤੀ ਦੇਸ਼ ਵਿੱਚ ਆਪਣੇ ਆਪ ਨੂੰ ਪਵਿੱਤਰ ਮੰਨਦੇ ਹਨ ਅਤੇ ਸਿਰਫ਼ ਕਾਨੂੰਨ ਦੀਆਂ ਕਿਤਾਬਾਂ ਪੜ੍ਹ ਕੇ ਖ਼ੁਦ ਨੂੰ ਦੁਨੀਆਂ ਦੇ ਸਭ ਤੋਂ ਸਿਆਣੇ ਵਿਅਕਤੀ ਮੰਨਦੇ ਹਨ ਹਾਲਾਂਕਿ ਇਨ੍ਹਾਂ ਦਾ ਅਸਲੀ ਕਿਰਦਾਰ ਆਪਣੇ ਅੰਦਰ ਕੋਈ ਖ਼ਾਸ ਗੁਣ ਨਹੀਂ ਰੱਖਦਾ ਸੀ। ਇਨ੍ਹਾਂ ਵਿੱਚ ਹਰ ਵੱਡੇ ਤੋਂ ਵੱਡੇ ਕਾਨੂੰਨਦਾਨ ਦੀ ਇੱਕ ਫ਼ੀਸ ਮੁਕੱਰਰ ਹੈ ਅਤੇ ਜਿਸ ਕੋਲ ਫ਼ੀਸ ਲਈ ਪੈਸੇ ਹੋਣ ਉਹ ਇਨ੍ਹਾਂ ਦੀਆਂ ਸੇਵਾਵਾਂ ਹਾਸਿਲ ਕਰ ਸਕਦਾ ਹੈ। ਇਨ੍ਹਾਂ ਦੀਆਂ ਸੇਵਾਵਾਂ ਨੂੰ ਕਾਤਲ ਵੀ ਖਰੀਦ ਸਕਦਾ ਹੈ ਤੇ ਮਕਤੂਲ ਦੇ ਵਾਰਸ ਵੀ; ਚੋਰ ਅਤੇ ਡਾਕੂ ਵੀ ਇਨ੍ਹਾਂ ਦੀਆਂ ਸੇਵਾਵਾਂ ਨੂੰ ਇਸੇ ਤਰ੍ਹਾਂ ਖਰੀਦ ਸਕਦੇ ਹਨ ਜਿਸ ਤਰ੍ਹਾਂ ਕੋਈ ਨੇਕ ਇਨਸਾਨ ਇਨ੍ਹਾਂ ਨੂੰ ਆਪਣਾ ਵਕੀਲ ਮੁਕੱਰਰ ਕਰ ਸਕਦਾ ਹੈ।
ਸੁਕਰਾਤ ਦਾ ਇਨ੍ਹਾਂ ਨੂੰ ਸੁਆਲ ਸੀ ਕਿ ਤੁਹਾਡੇ ਵਿੱਚੋਂ ਕਿਸੇ ਦਾ ਅਦਾਲਤ ਤੋਂ ਇੱਕ ਬੇਗੁਨਾਹ ਇਨਸਾਨ ਨੂੰ ਸਜ਼ਾ ਤੋਂ ਬਚਾ ਲੈਣਾ ਤਾਂ ਸੁਆਬ ਹੈ ਪਰ ਕਿਸੇ ਬੇਗੁਨਾਹ ਨੂੰ ਆਪਣੀ ਲਿਆਕਤ ਨਾਲ ਸਜ਼ਾ ਦਿਵਾਉਣਾ ਕਿੱਥੋਂ ਦੀ ਦਾਨਸ਼ਵਰੀ ਤੇ ਇਨਸਾਫ਼ ਹੈ ਜਦੋਂਕਿ ਇੱਕ ਬੇਗੁਨਾਹ ਇਨਸਾਨ ਬਰੀ ਹੋਣ ਲਈ ਕਿਸੇ ਕਾਬਲ ਵਕੀਲ ਦੀ ਫ਼ੀਸ ਨਾ ਦੇ ਸਕਣ ਯੋਗ ਹੋਵੇ।
ਸੁਕਰਾਤ ਕਾਨੂੰਨ ਦੇ ਅਦਾਰੇ ਦੇ ਸਭ ਤੋਂ ਅਹਿਮ ਤੇ ਕੇਂਦਰੀ ਸ਼ਖ਼ਸੀਅਤ ਕਿਸੇ ਜੱਜ ਨੂੰ ਵੀ ਮਹਿਜ਼ ਇੱਕ ਖਿਡੌਣਾ ਹੀ ਖ਼ਿਆਲ ਕਰਦਾ ਹੈ ਕਿ ਇਸ ਦੇ ਕਾਨੂੰਨ ਦੀ ਕਿਤਾਬ ਮੁਤਾਬਕ ਜੇ ਕੋਈ ਕਾਨੂੰਨਦਾਨ ਅਦਾਲਤ ਦੇ ਜੱਜ ਸਾਹਮਣੇ ਇੱਕ ਅਸਲੀ ਕਾਤਲ ਜਾਂ ਮੁਜਰਮ ਨੂੰ ਵੀ ਬੇਗੁਨਾਹ ਸਾਬਿਤ ਕਰ ਦੇਵੇ ਤਾਂ ਜੱਜ ਇਸ ਨੂੰ ਸਜ਼ਾ ਦੇਣ ਦਾ ਅਖ਼ਤਿਆਰ ਨਹੀਂ ਸੀ ਰੱਖਦਾ। ਇਸ ਤਰੀਕੇ ਇੱਕ ਕਾਨੂੰਨਦਾਨ ਜੇ ਕਿਸੇ ਬੇਗੁਨਾਹ ਨੂੰ ਕਾਨੂੰਨ ਮੁਤਾਬਕ ਮੁਜਰਮ ਸਾਬਿਤ ਕਰਨ ਵਿੱਚ ਕਾਮਯਾਬ ਹੋ ਜਾਵੇ ਤਾਂ ਜੱਜ ਇਸ ਬੇਗੁਨਾਹ ਨੂੰ ਸਜ਼ਾ ਦੇਣ ਦਾ ਪਾਬੰਦ ਖ਼ਿਆਲ ਕੀਤਾ ਜਾਂਦਾ ਹੈ।
ਇਨ੍ਹਾਂ ਤੋਂ ਬਾਅਦ ਸੁਕਰਾਤ ਇਨਸਾਨੀ ਜ਼ਿੰਦਗੀ ਦੇ ਸਭ ਤੋਂ ਵੱਡੇ ਅਤੇ ਆਖਰੀ ਅਦਾਰੇ ਪਾਦਰੀਆਂ ਤੇ ਰਹਿਬਰਾਂ ਕੋਲ ਜਾਂਦਾ ਹੈ, ਜੋ ਆਪ ਰੱਬ ਅਤੇ ਇਨਸਾਨਾਂ ਵਿਚਕਾਰ ਸਾਂਝ ਪੁਆਉਣ ਦਾ ਏਜੰਟ ਬਣਿਆ ਹੋਇਆ ਸੀ। ਇਨ੍ਹਾਂ ਲੋਕਾਂ ਦਾ ਸੁਕਰਾਤ ਨਾਲ ਰੱਬ ਦੇ ਦੇਵਤਿਆਂ ਦੀ ਬਹੁਤਾਤ ’ਤੇ ਝਗੜਾ ਚੱਲ ਪਿਆ। ਉਹ ਇੱਕੋ ਵੇਲੇ ਕਈ ਰੱਬਾਂ ਦੇ ਤਰਜ਼ਮਾਨ ਤੇ ਰਾਬਤਾ ਅਫ਼ਸਰ ਬਣੇ ਬੈਠੇ ਸਨ। ਇਨ੍ਹਾਂ ਰਹਿਬਰਾਂ ਤੇ ਪਾਦਰੀਆਂ ਦੇ ਨਾਲ-ਨਾਲ ਏਥਨਜ਼ ਦੇ ਉਹ ਸਾਰੇ ਫਿਲਾਸਫਰ ਵੀ ਸੁਕਰਾਤ ਖ਼ਿਲਾਫ਼ ਲੜਨ ਲਈ ਤਿਆਰ ਹੋ ਗਏ ਜਿਨ੍ਹਾਂ ਦੇ ਵਿਚਾਰ ਪਾਦਰੀਆਂ ਨਾਲ ਮਿਲਦੇ-ਜੁਲਦੇ ਸਨ। ਸੁਕਰਾਤ ਉਨ੍ਹਾਂ ਨੂੰ ਕਹਿੰਦਾ ਸੀ ਕਿ ਰੱਬ ਇੱਕ ਹੁੰਦਾ ਹੈ। ਉਹ ਆਪਣੇ ਵਕਤ ਦੇ ਪਾਦਰੀਆਂ, ਰਹਿਬਰਾਂ ਅਤੇ ਮਜ਼ਹਬੀ ਫਿਲਾਸਫਰਾਂ ਨੂੰ ਕਿਹਾ ਕਰਦਾ ਸੀ ਕਿ ਸਾਡੇ ਕੌਮੀ ਤੇ ਸਰਕਾਰੀ ਅਹੁਦੇਦਾਰ ਵੀ ਰੱਬ ਦੇ ਸ਼ਰੀਕ ਹਨ। ਤੁਸੀਂ ਹਜ਼ਾਰਾਂ ਨਾਵਾਂ ਨਾਲ ਰੱਬ ਦੇ ਸ਼ਰੀਕ ਪੈਦਾ ਕਰ ਲਏ ਹਨ। ਆਪਣੀਆਂ ਦੁਕਾਨਾਂ ਚਲਾਉਣ ਲਈ ਇਨ੍ਹਾਂ ਰੱਬਾਂ ਨਾਲ ਝੂਠੀਆਂ ਕਹਾਣੀਆਂ ਜੋੜ ਲਈਆਂ ਹਨ। ਇਨ੍ਹਾਂ ਜਾਅਲੀ ਰੱਬਾਂ ਦੀ ਖ਼ੁਸ਼ਨੂਦੀ ਹਾਸਿਲ ਕਰਨ ਲਈ ਤੁਸੀਂ ਲੋਕਾਂ ਤੋਂ ਹਰ ਰੋਜ਼ ਲੱਖਾਂ ਜਾਨਵਰਾਂ ਦੀਆਂ ਕੁਰਬਾਨੀਆਂ ਕਰਵਾ ਕੇ ਜਾਨਵਰਾਂ ਦੀ ਨਸਲਕੁਸ਼ੀ ਕਰਵਾ ਰਹੇ ਹੋ। ਦੇਵੀਆਂ ਤੇ ਦੇਵਤਿਆਂ ਉੱਤੇ ਔਰਤ ਅਤੇ ਨੌਜੁਆਨ ਲੜਕੇ ਕੁਰਬਾਨ ਕਰਕੇ ਤੁਸੀਂ ਇਨਸਾਨੀਅਤ ਦੀ ਤੌਹੀਨ ਕਰ ਰਹੇ ਹੋ ਜਦੋਂਕਿ ਇਨਸਾਨ ਅਤੇ ਜਾਨਵਰ ਸਾਰੇ ਖ਼ੁਦਾ ਦੀ ਔਲਾਦ ਹਨ। ਇਨ੍ਹਾਂ ਦੀ ਨਸਲਕੁਸ਼ੀ ਰੱਬ ਦੇ ਹੁਕਮ ਦੇ ਖ਼ਿਲਾਫ ਹੋਵੇਗੀ। ਇਹ ਰੱਬ ਦੀ ਹੁਕਮ ਅਦੂਲੀ ਅਤੇ ਗੁਨਾਹ ਹੈ। ਇਸ ਲਈ ਤੁਸੀਂ ਸਾਰੇ ਲੋਕ ਖ਼ੁਦਾ ਦੇ ਮੁਜਰਮ ਹੋ। ਤੁਸੀਂ ਇਨਸਾਨਾਂ ਨੂੰ ਵੰਡ ਦਿੱਤਾ ਹੈ। ਇਨਸਾਨਾਂ ਵਿੱਚ ਭੇਦ-ਭਾਵ ਪੈਦਾ ਕਰ ਦਿੱਤਾ ਹੈ, ਫ਼ਿਰਕਾਪ੍ਰਸਤੀ ਦਾ ਸ਼ਿਕਾਰ ਕਰ ਦਿੱਤਾ ਹੈ, ਤੁਸੀਂ ਫ਼ਸਾਦ ਖੜ੍ਹਾ ਕਰਨ ਵਾਲੇ ਲੋਕ ਹੋ। ਜੇ ਇਸ ਦੁਨੀਆਂ ਨੂੰ ਤੁਹਾਡੇ ਆਸਰੇ ਛੱਡ ਦਿੱਤਾ ਜਾਵੇ ਤਾਂ ਤੁਸੀਂ ਇਸ ਦੁਨੀਆਂ ਨੂੰ ਖ਼ੂਨ ਦਾ ਮੈਦਾਨ ਬਣਾ ਦਿਉਗੇ।

14 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੁਕਰਾਤ ਇਨ੍ਹਾਂ ਰਹਿਬਰਾਂ, ਪਾਦਰੀਆਂ ਅਤੇ ਮਜ਼ਹਬੀ ਲੋਕਾਂ ਨੂੰ ਭਰੀ ਅਦਾਲਤ ਵਿੱਚ ਕਹਿ ਦਿੰਦਾ ਹੈ: ‘‘ਤੁਸੀਂ ਮੈਨੂੰ ਮੌਤ ਦੀ ਸਜ਼ਾ ਕੀ ਦਿਓਗੇ ਮੈਂ ਖ਼ੁਦ ਤੁਹਾਡੇ ਵਰਗੇ ਲੋਕਾਂ ਵਿੱਚ ਜਿਉਂਦਾ ਰਹਿਣਾ ਜ਼ਿੰਦਗੀ ਦੀ ਤੌਹੀਨ ਸਮਝਦਾ ਹਾਂ। ਤੁਸੀਂ ਚਾਹੁੰਦੇ ਹੋ ਕਿ ਮੈਂ ਮੌਤ ਦੇ ਡਰ ਤੋਂ ਆਪਣਾ ਈਮਾਨ ਬਦਲ ਲਵਾਂ? ਤੁਹਾਡੇ ਜਾਹਲਾਂ ਦੀ ਗੱਲ ਮੰਨ ਲਵਾਂ ਅਤੇ ਆਪਣੀ ਸੋਚ ਤੋਂ ਮੁਨਕਰ ਹੋ ਜਾਵਾਂ? ਤੁਸੀਂ ਮੈਨੂੰ ਕਿਉਂ ਖ਼ੁਦਾ ਦੀ ਹੁਕਮ-ਅਦੂਲੀ ਕਰਨ ਲਈ ਕਹਿ ਰਹੇ ਹੋ? ਜਦੋਂਕਿ ਮੈਂ ਤੁਹਾਡੇ ਤੋਂ ਆਪਣੇ ਗਿਆਨ ਦੀ ਕੋਈ ਕੀਮਤ ਨਹੀਂ ਮੰਗਦਾ ਅਤੇ ਨਾ ਹੀ ਮੈਂ ਸਰਕਾਰੋਂ-ਦਰਬਾਰੋਂ ਕੁਝ ਹਾਸਿਲ ਕਰਦਾ ਹਾਂ। ਮੈ ਤਾਂ ਇੱਕ ਅਜਿਹਾ ਫ਼ਕੀਰ ਹਾਂ ਜੋ ਸੱਚ ਦੀ ਤਲਾਸ਼ ਵਿੱਚ ਹੈ।’’
ਕਰਾਈਟੋ ਅਤੇ ਸੁਕਰਾਤ ਹਮਉਮਰ ਵੀ ਸਨ ਅਤੇ ਜਮਾਤੀ ਵੀ। ਕਰਾਈਟੋ ਕਹਿੰਦਾ ਸੀ ਕਿ ਜਦੋਂ ਉਹ ਛੋਟਾ ਸੀ, ਸੁਕਰਾਤ ਬਾਲਗ ਹੋ ਗਿਆ ਸੀ। ਜਦੋਂ ਮੈਂ ਜੁਆਨ ਹੋਇਆ ਉਦੋਂ ਬੁੱਢਾ ਹੋ ਗਿਆ। ਕਰਾਈਟੋ ਸੁਕਰਾਤ ਬਾਰੇ ਇਹੋ ਜਿਹੇ ਵਿਚਾਰ ਪ੍ਰਗਟਾਉਂਦਾ ਰਹਿੰਦਾ ਸੀ ਕਿ ਜਿਨ੍ਹਾਂ ਚੀਜ਼ਾਂ ਤੋਂ ਅਸੀਂ ਬੇਧਿਆਨੇ ਲੰਘ ਜਾਂਦੇ ਹਾਂ ਸੁਕਰਾਤ ਉਨ੍ਹਾਂ ਨੂੰ ਘੰਟਿਆਂਬੱਧੀ ਵੇਖਦਾ ਰਹਿੰਦਾ, ਉੱਥੋਂ ਉਸ ਨੂੰ ਧੱਕ ਕੇ ਅੱਗੇ ਕਰਨਾ ਪੈਂਦਾ ਸੀ।
ਮਿਸਾਲ ਵਜੋਂ ਕਰਾਈਟੋ ਏਥਨਜ਼ ਦੇ ਮੌਸ ਨਾਮੀ ਘੁਮਿਆਰ ਦਾ ਵਾਕਿਆ ਦੱਸਦਾ ਏ। ਜਿਸ ਦੀ ਦੁਕਾਨ ਅੱਗੋਂ ਉਹ ਤੇ ਸੁਕਰਾਤ ਅਕਸਰ ਲੰਘਦੇ ਰਹਿੰਦੇ ਸਨ। ਉਸ ਦਾ ਕਦੀ ਇਸ ਹੁਨਰ ਵੱਲ ਧਿਆਨ ਹੀ ਨਹੀਂ ਸੀ ਗਿਆ ਕਿ ਘੁਮਿਆਰ ਮੌਸ ਬੜੇ ਸੁੰਦਰ ਬਰਤਨ ਬਣਾਉਣ ਵਿੱਚ ਮਾਹਰ ਹੋਣ ਕਰ ਕੇ ਏਥਨਜ਼ ਵਿੱਚ ਪ੍ਰਸਿੱਧ ਹੈ ਪਰ ਸੁਕਰਾਤ ਬਚਪਨ ਤੋਂ ਹੀ ਘੁਮਿਆਰਾਂ, ਮੋਚੀਆਂ, ਬੁੱਤਘਾੜਿਆਂ ਤੇ ਗੁੰਬਦ ਬਣਾਉਣ ਵਾਲਿਆਂ ਕੋਲ ਜਾ ਕੇ ਸੁਆਲ-ਜੁਆਬ ਕਰਦਾ ਰਹਿੰਦਾ।
ਕਰਾਈਟੋ ਦੱਸਦਾ ਹੈ ਕਿ ਇੱਕ ਦਿਨ ਸੁਕਰਾਤ ਉਸ ਨੂੰ ਬਾਹੋਂ ਫੜ ਕੇ ਦੁਕਾਨ ਦੇ ਅੰਦਰ ਲੈ ਗਿਆ ਅਤੇ ਉਸ ਨੂੰ ਚੁੱਪ ਕਰਕੇ ਬੈਠੇ ਰਹਿਣ ਦਾ ਇਸ਼ਾਰਾ ਕੀਤਾ।
ਘੁਮਿਆਰ ਨੇ ਨਵਾਂ ਬਰਤਨ ਬਣਾਉਣ ਲਈ ਮਿੱਟੀ ਦਾ ਇੱਕ ਥੋਬਾ ਚੱਕ ਉਪਰ ਰੱਖਿਆ ਤੇ ਚੱਕ ਨੂੰ ਘੁਮਾਉਂਦਾ ਰਿਹਾ। ਫਿਰ ਹੱਥਾਂ ਨਾਲ ਉਸ ਮਿੱਟੀ ਨੂੰ ਹੇਠਾਂ ਉੱਤੇ ਕਰ ਕੇ ਵੱਖ-ਵੱਖ ਸ਼ਕਲਾਂ ਵਿੱਚ ਢਾਲਣ ਦੀ ਕੋਸ਼ਿਸ਼ ਕਰਦਾ ਰਿਹਾ। ਮਿੱਟੀ ਦੇ ਥੋਬੇ ਵਿੱਚ ਤਬਦੀਲੀ ਹੋਈ ਅਤੇ ਉਸ ਵਿੱਚੋਂ ਇੱਕ ਬਰਤਨ ਜ਼ਾਹਿਰ ਹੋ ਗਿਆ।
ਇਹ ਨਜ਼ਾਰਾ ਕਰਾਈਟੋ ਦੀਆਂ ਅੱਖਾਂ ਸਾਹਮਣੇ ਪਹਿਲੀ ਵਾਰ ਵਾਪਰਿਆ ਤੇ ਉਸ ਨੇ ਮਹਿਸੂਸ ਕੀਤਾ ਜਿਵੇਂ ਉਸ ਦੀਆਂ ਅੱਖਾਂ ਸਾਹਮਣੇ ਕੋਈ ਜਾਨਦਾਰ ਚੀਜ਼ ਪੈਦਾ ਹੋ ਗਈ ਹੋਵੇ।
ਫਿਰ ਸੁਕਰਾਤ ਨੇ ਉਸ ਘੁਮਿਆਰ ਤੋਂ ਪੁੱਛਿਆ, ‘‘ਇਹ ਸ਼ਕਲ ਮਿੱਟੀ ਵਿੱਚ ਤਾਂ ਨਹੀਂ ਸੀ। ਇਹ ਸ਼ਕਲ ਤੂੰ ਆਪਣੇ ਦਿਮਾਗ਼ ਵਿੱਚੋਂ ਮਿੱਟੀ ਵਿੱਚ ਭੇਜੀ ਹੈ? ਇਸ ਲਈ ਜਿਹੜੀ ਚੀਜ਼ ਪਹਿਲਾ ਮੌਜੂਦ ਨਹੀਂ ਸੀ ਉਹ ਬਰਤਨ ਦੇ ਰੂਪ ਵਿੱਚ ਸਾਡੇ ਸਾਹਮਣੇ ਕਿਵੇਂ ਆ ਗਈ ਹੈ?’’ ਘੁਮਿਆਰ ਨੇ ਕਿਹਾ, ‘‘ਜਿਵੇਂ ਤੁਸੀਂ ਕਿਹਾ ਹੈ ਠੀਕ ਹੋ ਸਕਦਾ ਹੈ ਪਰ ਮੈਂ ਤਾਂ ਮਿੱਟੀ ਤੋਂ ਜੋ ਬਰਤਨ ਬਣਾਉਣਾ ਹੁੰਦਾ ਹੈ ਉਹ ਬਣਾ ਦਿੰਦਾ ਹਾਂ।’’
ਸੁਕਰਾਤ ਘੁਮਿਆਰ ਨੂੰ ਪੁੱਛਦਾ ਹੈ, ‘‘ਤੈਨੂੰ ਕਿਵੇਂ ਪਤਾ ਹੈ ਕਿ ਕਿਹੜਾ ਬਰਤਨ ਸੁੰਦਰ ਅਤੇ ਠੀਕ ਹੈ?’’
ਘੁਮਿਆਰ ਕਹਿਣ ਲੱਗਾ, ‘‘ਮੈਨੂੰ ਇਹ ਤਾਂ ਪਤਾ ਨਹੀ ਪਰ ਜਿਹੜਾ ਮੈਨੂੰ ਚੰਗਾ ਲੱਗਦਾ ਹੈ ਉਹੋ ਹੀ ਸੁੰਦਰ ਹੈ। ਤੇਰਾ ਚੰਗੇ ਤੋਂ ਕੀ ਭਾਵ ਹੈ?’’ ਸੁਕਰਾਤ ਨੇ ਪੁੱਛਿਆ, ‘‘ਆਹ ਜਿਹੜੀਆਂ ਤੂੰ ਸੁਰਾਹੀਆਂ ਬਣਾਈਆਂ ਹਨ ਇਹ ਸਾਰੀਆਂ ਚੰਗੀਆਂ ਹਨ?’’
‘‘ਨਹੀਂ, ਸਾਰੀਆਂ ਤਾਂ ਚੰਗੀਆਂ ਨਹੀਂ ਪਰ ਜਿਸ ਸੁਰਾਹੀ ਵਿੱਚੋਂ ਪਾਣੀ ਚੰਗੀ ਤਰ੍ਹਾਂ ਦੂਜੇ ਬਰਤਨ ਵਿੱਚ ਪਵੇ, ਉਹੋ ਚੰਗੀ ਹੈ। ਜਿਵੇਂ ਜਿਸ ਵਿੱਚੋਂ ਸ਼ਰਾਬ ਪਿਆਲੇ ਵਿੱਚ ਠੀਕ ਤਰ੍ਹਾਂ ਨਾ ਪਵੇ ਜਾਂ ਪਾਉਣ ਸਮੇਂ ਡੱੁਲ੍ਹ ਜਾਵੇ ਅਸੀਂ ਉਸ ਨੂੰ ਵੀ ਚੰਗੀ ਨਹੀਂ ਕਹਾਂਗੇ।’’
‘‘ਇਸ ਦਾ ਮਤਲਬ ਇਹ ਹੋਇਆ ਕਿ ਸੁਰਾਹੀ ਜਿਸ ਮਕਸਦ ਲਈ ਬਣਾਈ ਗਈ ਹੈ। ਉਹ ਮਕਸਦ ਬਗ਼ੈਰ ਨੁਕਸਾਨ ਹੋਏ ਤੋਂ ਪੂਰਾ ਹੋ ਜਾਵੇ।’’ ਸੁਕਰਾਤ ਨੇ ਕਿਹਾ, ‘‘ਇਸ ਦਾ ਮਤਲਬ ਇਹ ਹੋਇਆ ਕਿ ਉਹੀ ਚੀਜ਼ ਚੰਗੀ ਹੁੰਦੀ ਹੈ ਜਿਹੜੀ ਆਪਣਾ ਕਰਤੱਵ ਬੜੀ ਯੋਗਤਾ ਨਾਲ ਨਿਭਾਵੇ।’’
ਸੁਕਰਾਤ ਨੂੰ ਇਸ ਘੁਮਿਆਰ ਦੀ ਗੱਲਬਾਤ ਵਿੱਚ ਇੱਕ ਵੱਡੇ ਫਲਸਫੇ ਦਾ ਗਿਆਨ ਹੋਇਆ ਕਿ ਜਿਹੜੀ ਚੀਜ਼ ਜਿਸ ਕੰਮ ਲਈ ਬਣਾਈ ਗਈ ਹੈ ਜੇ ਉਹ ਆਪਣਾ ਕੰਮ ਚੰਗੀ ਤਰ੍ਹਾਂ ਨਿਭਾਉਂਦੀ ਹੈ ਤਾਂ ਉਹ ਖ਼ੂਬਸੂਰਤ ਹੈ। ਉਸ ਨੇ ਇਸ ਫਲਸਫੇ ਰਾਹੀਂ ਹੀ ਟ੍ਰੋਬੋਲਸ ਨੂੰ ਇੱਕ ਮੁਕਾਬਲੇ ਵਿੱਚ ਹਰਾਇਆ ਸੀ । ਟ੍ਰੋਬੋਲਸ ਏਥਨਜ਼ ਦਾ ਬੜਾ ਖ਼ੂਬਸੂਰਤ ਇਨਸਾਨ ਸੀ ਜਿਸ ਦੀ ਖ਼ੂਬਸੂਰਤੀ ਦੀ ਸਾਰੇ ਸ਼ਹਿਰ ਵਿੱਚ ਚਰਚਾ ਸੀ, ਉਹ ਗਿਆਨ ਅਤੇ ਸਾਹਿਤ ਦਾ ਵੀ ਬੜਾ ਰਸੀਆ ਸੀ ਅਤੇ ਫਲਸਫੇ ਦਾ ਵੀ ਵਿਦਿਆਰਥੀ ਸੀ। ਕੁਦਰਤ ਦੀ ਸੁੰਦਰਤਾ ਉਸ ਦਾ ਮਨਭਾਉਂਦਾ ਵਿਸ਼ਾ ਸੀ, ਜਿਸ ਬਾਰੇ ਉਸ ਦੀ ਸੁਕਰਾਤ ਨਾਲ ਹਰ ਰੋਜ਼ ਬਹਿਸ ਚੱਲਦੀ ਰਹਿੰਦੀ ਸੀ। ਉਹ ਹਰ ਵੇਲੇ ਕੋਸ਼ਿਸ਼ ਕਰਦਾ ਰਹਿੰਦਾ ਸੀ ਕਿ ਕੋਈ ਐਸਾ ਵਿਸ਼ਾ ਮਿਲੇ ਜਿਸ ਵਿੱਚ ਸੁਕਰਾਤ ਨੂੰ ਲਾਜੁਆਬ ਕੀਤਾ ਜਾ ਸਕੇ।

14 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇੱਕ ਦਿਨ ਸ਼ਰਾਰਤ ਨਾਲ ਉਹ ਇੱਕ ਅਜਿਹਾ ਵਿਸ਼ਾ ਲੈ ਕੇ ਆਇਆ ਜਿਹੜਾ ਕਿਸੇ ਲਿਹਾਜ਼ ਨਾਲ ਵੀ ਸੁਕਰਾਤ ਲਈ ਬਹਿਸ ਦੇ ਕਾਬਿਲ ਨਹੀਂ ਸੀ ਹੋ ਸਕਦਾ ਪਰ ਟ੍ਰੋਬੋਲਸ ਦਾ ਮਕਸਦ ਸੁਕਰਾਤ ਨਾਲ ਮਜ਼ਾਕ ਕਰਨਾ ਸੀ ਤਾਂ ਕਿ ਉਹ ਸੁਕਰਾਤ ਨੂੰ ਲਾਜੁਆਬ ਕਰ ਸਕੇ।
ਉਸ ਨੇ ਆਪਣੇ ਦੋਸਤਾਂ ਦੀ ਹਾਜ਼ਰੀ ਵਿੱਚ ਸੁਕਰਾਤ ਨੂੰ ਕਿਹਾ, ‘‘ਜੇ ਤੂੰ ਆਪਣੀ ਦਲੀਲਬਾਜ਼ੀ ਨਾਲ ਇਹ ਸਾਬਿਤ ਕਰ ਦੇਵੇਂ ਕਿ ਤੂੰ ਮੇਰੇ ਤੋਂ ਜ਼ਿਆਦਾ ਖ਼ੂਬਸੂਰਤ ਹੈ ਤਾਂ ਫਿਰ ਮੈਂ ਤੇਰੇ ਗਿਆਨ ਦਾ ਨਾ ਸਿਰਫ਼ ਪ੍ਰਸ਼ੰਸਕ ਹੋ ਜਾਵਾਂਗਾ ਸਗੋਂ ਕੁਝ ਨਕਦ ਇਨਾਮ ਵੀ ਦੇਵਾਂਗਾ।’’ ਇਸ ਕਿਸਮ ਦਾ ਮੌਕਾ ਤਾਂ ਸੁਕਰਾਤ ਨੂੰ ਰੱਬ ਦੇਵੇ। ਇਸ ਲਈ ਸੁਕਰਾਤ ਝੱਟ ਤਿਆਰ ਹੋ ਗਿਆ ਅਤੇ ਇਸ ਮੁਕਾਬਲੇ ਦਾ ਜੱਜ ਉਨ੍ਹਾਂ ਨੇ ਜ਼ੀਨੋਫਾਨ ਨੂੰ ਮੁਕੱਰਰ ਕਰ ਲਿਆ। ਜੀਨੋਫਾਨ ਵੀ ਇਸ ਮੁਕਾਬਲੇ ਦਾ ਜੱਜ ਬਣ ਕੇ ਬੜਾ ਖ਼ੁਸ਼ ਹੋਇਆ। ਇਸ ਸ਼ਰਾਰਤੀ ਜੱਜ ਨੇ ਪਹਿਲਾ ਫ਼ਿਕਰਾ ਹੀ ਇਹ ਕਿਹਾ ਕਿ ਦੀਵੇ ਦੀ ਲੋਅ ਜ਼ਰਾ ਹੋਰ ਵਧਾਉ ਤਾਂ ਕਿ ਸੁਕਰਾਤ ਦੇ ਨੈਣ-ਨਕਸ਼ ਉੱਘੜ ਕੇ ਨਜ਼ਰ ਆ ਸਕਣ, ਦੀਵਾ ਸੁਕਰਾਤ ਦੇ ਨੇੜੇ ਕਰ ਦਿੱਤਾ ਗਿਆ ਅਤੇ ਇੰਜ ਮੁਕਾਬਲਾ ਸ਼ੁਰੂ ਹੋ ਗਿਆ।
ਸੁਕਰਾਤ ਨੇ ਉਸ ਨੂੰ ਪੁੱਛਿਆ, ‘‘ਕੀ ਤੇਰੇ ਖ਼ਿਆਲ ਵਿੱਚ ਖ਼ੂਬਸੂਰਤੀ ਇਨਸਾਨਾਂ ਵਿੱਚ ਹੀ ਪਾਈ ਜਾਂਦੀ ਹੈ ਜਾਂ ਕਿਸੇ ਹੋਰ ਵੀ ਚੀਜ਼ ਵਿੱਚ ਵੀ?’’
ਟ੍ਰੋਬੋਲਸ ਨੇ ਜੁਆਬ ਦਿੱਤਾ, ‘‘ਮੇਰੇ ਖ਼ਿਆਲ ਵਿੱਚ ਇਨਸਾਨਾਂ ਤੋਂ ਬਿਨਾਂ ਘੋੜਿਆਂ, ਬਲਦਾਂ ਅਤੇ ਦੂਜਿਆਂ ਜਾਨਵਰਾਂ ਅਤੇ ਪੰਛੀਆਂ ਵਿੱਚ ਵੀ ਪਾਈ ਜਾਂਦੀ ਹੈ। ਇੱਥੋਂ ਤੱਕ ਵੀ ਕਿ ਕਈ ਬੇਜਾਨ ਚੀਜ਼ਾਂ ਵਿੱਚ ਵੀ ਮਿਲਦੀ ਹੈ ਜਿਵੇਂ ਕਿ ਢਾਲਾਂ, ਨੇਜ਼ੇ, ਤਲਵਾਰਾਂ ਵਗ਼ੈਰਾ ਵਿੱਚ।’’
ਸੁਕਰਾਤ ਨੇ ਪੁੱਛਿਆ, ‘‘ਇਹ ਸਾਰੀਆਂ ਚੀਜ਼ਾਂ ਇੱਕ-ਦੂਜੇ ਤੋਂ ਬੜੀਆਂ ਵੱਖਰੀਆਂ ਨੇ ਫਿਰ ਇਹ ਖ਼ੂਬਸੂਰਤ ਕਿਵੇਂ ਅਖਵਾ ਸਕਦੀਆਂ ਹਨ?’’
ਟ੍ਰੋਬੋਲਸ, ‘‘ਜੇ ਇਹ ਇਸ ਢੰਗ ਨਾਲ ਬਣਾਈਆਂ ਜਾਣ ਕਿ ਇਹ ਆਪਣੇ ਮਕਸਦ ’ਤੇ ਪੂਰੀਆਂ ਉਤਰਨ ਤਾਂ ਮੈਂ ਉਨ੍ਹਾਂ ਨੂੰ ਖ਼ੂਬਸੂਰਤ ਸਮਝਦਾ ਹਾਂ।’’
ਸੁਕਰਾਤ, ‘‘ਸ਼ਾਬਾਸ਼ੇ! ਫਿਰ ਇਹ ਦੱਸ ਕਿ ਅੱਖਾਂ ਦੀ ਕੀ ਸਿਫ਼ਤ ਹੈ?’’
ਟ੍ਰੋਬੋਲਸ, ‘‘ਅੱਖਾਂ ਦੀ ਇਹ ਸਿਫ਼ਤ ਹੈ ਕਿ ਇਨ੍ਹਾਂ ਰਾਹੀਂ ਅਸੀਂ ਵੇਖ ਸਕਦੇ ਹਾਂ।’’
ਸੁਕਰਾਤ, ‘‘ਇਸ ਹਿਸਾਬ ਨਾਲ ਤਾਂ ਮੇਰੀਆਂ ਅੱਖਾਂ ਤੇਰੀਆਂ ਅੱਖਾਂ ਤੋਂ ਵੱਧ ਖ਼ੂਬਸੂਰਤ ਹਨ ਕਿਉਂਕਿ ਤੂੰ ਸਿਰਫ਼ ਸਿੱਧਾ ਹੀ ਵੇਖ ਸਕਦਾ ਹੈਂ ਅਤੇ ਮੇਰੀਆਂ ਅੱਖਾਂ ਉੱਭਰੀਆਂ ਅਤੇ ਵੱਡੀਆਂ ਹੋਣ ਕਰਕੇ ਮੈਂ ਸਿੱਧਾ ਵੀ ਵੇਖ ਸਕਦਾ ਹਾਂ ਅਤੇ ਪਾਸਿਆਂ ਨੂੰ ਵੀ।’’
ਉਸ ਨੂੰ ਚਿੜਾਉਣ ਲਈ ਟ੍ਰੋਬੋਲਸ ਕਹਿੰਦਾ ਹੈ, ‘‘ਫਿਰ ਤਾਂ ਕੇਕੜਿਆਂ ਦੀਆਂ ਅੱਖਾਂ ਸਭ ਤੋਂ ਖ਼ੂਬਸੂਰਤ ਹਨ ਕਿਉਂਕਿ ਉਹ ਉਤਾਂਹ ਨੂੰ ਵੀ ਵੇਖ ਸਕਦੀਆਂ ਹਨ।’’
ਸੁਕਰਾਤ, ‘‘ਹਾਂ। ਠੀਕ ਹੈ ਤੇਰੀ ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਕੇਕੜੇ ਦੀਆਂ ਅੱਖਾਂ ਦੂਰ ਤੱਕ ਵੇਖ ਸਕਦੀਆਂ ਹਨ। ਪਰ ਟ੍ਰੋਬੋਲਸ ਤੂੰ ਹੀ ਤਾਂ ਕਿਹਾ ਹੈ ਕਿ ਉਹ ਚੀਜ਼ ਵਧੇਰੇ ਖ਼ੂਬਸੂਰਤ ਹੈ ਜੋ ਆਪਣੇ ਕਰਤੱਵ ਨੂੰ ਵਧੀਆ ਢੰਗ ਨਾਲ ਨਿਭਾਵੇ।’’
ਹੁਣ ਟ੍ਰੋਬੋਲਸ ਨੇ ਸੁਕਰਾਤ ਨੂੰ ਪੁੱÎਛਿਆ, ‘‘ਹੁਣ ਦੱਸੋ ਕਿ ਆਪਾਂ ਵਿੱਚੋਂ ਨੱਕ ਕਿਸ ਦੀ ਖ਼ੂਬਸੂਰਤ ਹੈ?’’
ਸੁਕਰਾਤ ਨੇ ਕਿਹਾ, ‘‘ਜੇ ਨੱਕ ਸੁੰਘਣ ਲਈ ਬਣੀ ਹੈ ਤਾਂ ਮੇਰੀਆਂ ਨਾਸਾਂ ਚੌੜੀਆਂ ਹਨ ਤੇ ਇਨ੍ਹਾਂ ਦਾ ਰੁਖ਼ ਆਸਮਾਨ ਵੱਲ ਹੈ। ਇਸ ਕਰ ਕੇ ਮੇਰੀਆਂ ਨਾਸਾਂ ਦੂਰ ਤੱਕ ਤੇ ਹਰ ਦਿਸ਼ਾ ਵੱਲੋਂ ਸੁੰਘਣ ਦੀ ਸ਼ਕਤੀ ਰੱਖਦੀਆਂ ਹਨ ਪਰ ਤੇਰੀਆਂ ਨਾਸਾਂ ਦਾ ਰੁਖ਼ ਧਰਤੀ ਵੱਲ ਹੈ ਅਤੇ ਤੂੰ ਆਪ ਹੀ ਤਾਂ ਕਿਹਾ ਹੈ ਕਿ ਉਹ ਚੀਜ਼ ਸੁੰਦਰ ਹੈ ਜਿਹੜੀ ਆਪਣਾ ਮਕਸਦ ਪੂਰਾ ਕਰਦੀ ਹੈ। ਮੇਰਾ ਫੀਨਾ ਨੱਕ ਮੇਰੇ ਵੇਖਣ ਵਿੱਚ ਰੁਕਾਵਟ ਨਹੀਂ ਜਦੋਂਕਿ ਤੇਰਾ ਸਿੱਧਾ ਨੱਕ ਤੇਰੀ ਨਜ਼ਰ ਵਿੱਚ ਰੁਕਾਵਟ ਬਣਿਆ ਰਹਿੰਦਾ ਹੈ।’’ ਟ੍ਰੋਬੋਲਸ, ਸੁਕਰਾਤ ਦੀ ਬਦਸੂਰਤੀ ਦਾ ਮਖ਼ੌਲ ਉਡਾਉਣ ਲਈ ਬੋਲਿਆ, ‘‘ਤੇਰਾ ਮੂੰਹ ਮੇਰੇ ਮੁਕਾਬਲੇ ਬਹੁਤ ਵੱਡਾ ਹੈ ਕਿਉਂਕਿ ਮੂੰਹ ਤਾਂ ਬੁਰਕੀ ਪਾਉਣ ਲਈ ਬਣਾਇਆ ਗਿਆ ਹੈ ਪਰ ਤੇਰਾ ਮੂੰਹ ਬਹੁਤ ਵੱਡਾ ਹੋਣ ਕਰਕੇ ਸਾਰੀ ਦੀ ਸਾਰੀ ਰੋਟੀ ਤੇਰੀ ਇੱਕੋ ਬੁਰਕੀ ਬਣ ਸਕਦੀ ਹੈ। ਇਸ ਤੋਂ ਤੂੰ ਇਹੋ ਕਹੇਂਗਾ ਕਿ ਮੇਰਾ ਮੂੰਹ ਕਿਉਂਕਿ ਇੱਕੋ ਵਾਰ ਸਾਰੀ ਰੋਟੀ ਖਾ ਸਕਦਾ ਹੈ, ਇਸ ਲਈ ਮੇਰਾ ਵੱਡਾ ਮੂੰਹ ਤੇਰੇ ਛੋਟੇ ਮੂੰਹ ਨਾਲੋਂ ਖ਼ੂਬਸੂਰਤ ਹੈ।’’

14 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੁਕਰਾਤ ਨੇ ਕਿਹਾ, ‘‘ਕੀ ਮੇਰੇ ਮੋਟੇ ਬੁੱਲ੍ਹ ਤੇਰੇ ਪਤਲੇ ਬੁੱਲ੍ਹਾਂ ਨਾਲੋਂ ਵਧੀਆ ਨਹੀਂ?’’
ਟ੍ਰੋਬੋਲਸ ਬੋਲਿਆ, ‘‘ਬੱਸ ਕਰ ਸੁਕਰਾਤ, ਬੱਸ ਕਰ!’’
ਸੁਕਰਾਤ ਨੇ ਕਿਹਾ, ‘‘ਤੇਰੀ ਇਹ ਬੇਬਸੀ ਇਸ ਗੱਲ ਦਾ ਖੁੱਲ੍ਹਾ ਸਬੂਤ ਨਹੀਂ ਕਿ ਮੈਂ ਤੇਰੇ ਨਾਲੋਂ ਵੱਧ ਖ਼ੂਬਸੂਰਤ ਹਾਂ?’’
ਟ੍ਰੋਬੋਲਸ ਕਹਿਣ ਲੱਗਿਆ, ‘‘ਮੈਂ ਤੇਰੇ ਨਾਲ ਹੋਰ ਬਹਿਸ ਨਹੀਂ ਕਰ ਸਕਦਾ। ਤੇਰਾ ਕੀ ਹੈ ਤੂੰ ਤਾਂ ਮੈਨੂੰ ਗਧੇ ਨਾਲੋਂ ਵੱਧ ਬਦਸੂਰਤ ਸਿੱਧ ਕਰ ਦੇਵੇਂਗਾ ਪਰ ਮੈਂ ਅਖ਼ੀਰ ਵਿੱਚ ਹੁਣ ਇੱਥੇ ਹਾਜ਼ਰ ਲੋਕਾਂ ਦੀ ਰਾਇ ਲੈਣੀ ਚਾਹੁੰਦਾ ਹਾਂ।’’
ਅਜਿਹੀਆਂ ਬਹਿਸਾਂ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੇ ਕੀਤੀਆਂ। ਇਨ੍ਹਾਂ ਵਿੱਚ ਵਪਾਰੀ ਅਤੇ ਸੈਨਿਕ ਵੀ ਸ਼ਾਮਿਲ ਸਨ। ਸੁਕਰਾਤ ਨੇ ਆਪਣੀਆਂ ਦਲੀਲਾਂ ਨਾਲ ਇਨ੍ਹਾਂ ਸਾਰਿਆਂ ਨੂੰ ਮਾਤ ਦਿੱਤੀ।
ਜਦੋਂ ਸੁਕਰਾਤ ਉੱਪਰ ਚੱਲੇ ਮੁਕੱਦਮੇ ਤੋਂ ਬਾਅਦ ਉਸ ਨੂੰ ਜ਼ਹਿਰ ਦਾ ਪਿਆਲਾ ਪੀਣ ਦੀ ਸਜ਼ਾ ਸੁਣਾਈ ਗਈ ਤਾਂ ਉਸ ਸਮੇਂ ਦੇਵਤਿਆਂ ਦਾ ਪਵਿੱਤਰ ਤਿਉਹਾਰ ਸ਼ੁਰੂ ਹੋ ਗਿਆ। ਇਸ ਲਈ ਸੁਕਰਾਤ ਨੂੰ ਜੇਲ੍ਹ ਵਿੱਚ ਇੱਕ ਮਹੀਨਾ ਹੋਰ ਜਿਊਣ ਦਾ ਸਮਾਂ ਮਿਲ ਗਿਆ। ਇਸ ਸਮੇਂ ਹੀ ਸਬੀਜ਼, ਸੁਕਰਾਤ ਨੂੰ ਮਿਲਣ ਜੇਲ੍ਹ ਵਿੱਚ ਆਇਆ।
ਸਬੀਜ਼ ਨੇ ਸੁਕਰਾਤ ਨੂੰ ਨੇੜੇ ਆਈ ਮੌਤ ਬਾਰੇ ਕਈ ਸੁਆਲ ਕੀਤੇ। ਸੁਕਰਾਤ ਨੇ ਬੜੇ ਹੌਸਲੇ ਨਾਲ ਚੰਗੇ ਜੁਆਬ ਦਿੰਦਿਆਂ ਕਿਹਾ ਕਿ ਇੱਕ ਫਿਲਾਸਫਰ ਨੂੰ ਮੌਤ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ।
ਸਬੀਜ਼ ਨੇ ਇਹ ਵੀ ਕਿਹਾ, ‘‘ਉਸਤਾਦ ਜੀ, ਹਕੂਮਤ ਚਾਹੁੰਦੀ ਹੈ ਕਿ ਜੇ ਸੁਕਰਾਤ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਜਾਣਾ ਚਾਹੇ ਤਾਂ ਜਾ ਸਕਦਾ ਹੈ।’’
ਸੁਕਰਾਤ ਦਾ ਜੁਆਬ ਸੀ, ‘‘ਇਹ ਕਿਵੇਂ ਹੋ ਸਕਦਾ ਹੈ! ਮੈਂ ਆਪਣੀ ਮਾਂ ਇਸ ਧਰਤੀ ਨੂੰ ਜਿੱਥੇ ਜੰਮਿਆ ਹਾਂ, ਛੱਡ ਕੇ ਹੋਰ ਕਿਤੇ ਭੱਜ ਜਾਵਾਂ?’’
ਸਬੀਜ਼ ਨੇ ਕਿਹਾ, ‘‘ਉਸਤਾਦ ਜੀ, ਤੁਹਾਡੇ ਸਾਰੇ ਸ਼ਾਗਿਰਦਾਂ ਨੇ ਯੋਜਨਾ ਬਣਾਈ ਹੈ ਕਿ ਤੁਹਾਨੂੰ ਜੇਲ੍ਹ ਵਿੱਚੋਂ ਭਜਾ ਕੇ ਲੈ ਜਾਈਏ।’’
ਸੁਕਰਾਤ ਨੇ ਕਿਹਾ, ‘‘ਠੀਕ ਹੈ ਤੁਸੀਂ ਸਾਰੇ ਇਸ ਬਾਰੇ ਮੇਰੇ ਨਾਲ ਦਲੀਲ ਰਾਹੀਂ ਚਰਚਾ ਕਰੋ। ਜੇ ਤੁਸੀਂ ਇਹ ਸਾਬਤ ਕਰ ਦਿੱਤਾ ਕਿ ਮੇਰਾ ਜੇਲ੍ਹ ਵਿੱਚੋਂ ਭੱਜਣਾ ਜਾਇਜ਼ ਹੈ ਤਾਂ ਮੈਂ ਜੇਲ੍ਹ ਵਿੱਚੋਂ ਭੱਜ ਜਾਵਾਂਗਾ।’’ ਉਸ ਤੋਂ ਬਾਅਦ ਪੂਰਾ ਇੱਕ ਮਹੀਨਾ ਸੁਕਰਾਤ ਦੇ ਸ਼ਾਗਿਰਦਾਂ ਨੇ ਉਸ ਨਾਲ ਬਹਿਸ ਕੀਤੀ ਪਰ ਸੁਕਰਾਤ ਨੇ ਆਪਣੀਆਂ ਦਲੀਲਾਂ ਨਾਲ ਸਾਰਿਆਂ ਨੂੰ ਇਹ ਗੱਲ ਮੰਨਵਾ ਦਿੱਤੀ ਕਿ ਉਸ ਦਾ ਜੇਲ੍ਹ ਵਿੱਚੋਂ ਭੱਜਣਾ ਠੀਕ ਨਹੀਂ।
ਜਿਸ ਦਿਨ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਜਾਣਾ ਸੀ, ਉਸ ਦਿਨ ਉਸ ਦੀ ਪਤਨੀ ਅਤੇ ਬੱਚੇ ਵੀ ਉਸ ਨੂੰ ਮਿਲਣ ਆਏ। ਉਸ ਦੇ ਸ਼ਾਗਿਰਦਾਂ ਨੂੰ ਜੇਲ੍ਹਰ ਨੇ ਕਿਹਾ, ‘‘ਅੱਜ ਅਸੀਂ ਸੁਕਰਾਤ ਨੂੰ ਆਜ਼ਾਦ ਕਰ ਰਹੇ ਹਾਂ।’’ ਉਸ ਦਾ ਭਾਵ ਸੀ ਕਿ ਉਸ ਨੂੰ ਜ਼ਿੰਦਗੀ ਤੋਂ ਆਜ਼ਾਦ ਕਰ ਰਹੇ ਹਾਂ।
ਜ਼ਹਿਰ ਦਾ ਪਿਆਲਾ ਸੁਕਰਾਤ ਨੇ ਜੇਲ੍ਹਰ ਦੇ ਹੱਥੋਂ ਇੰਜ ਫੜਿਆ ਜਿਵੇਂ ਸ਼ਰਬਤ ਦਾ ਪਿਆਲਾ ਹੋਵੇ। ਜਦੋਂ ਉਸ ਨੇ ਪਿਆਲਾ ਹੱਥ ਵਿੱਚ ਫੜਿਆ ਤਾਂ ਉਸ ਦੀ ਪਤਨੀ ਰੋਣ ਲੱਗ ਪਈ। ਸੁਕਰਾਤ ਨੇ ਇੱਕ ਸ਼ਾਗਿਰਦ ਨੂੰ ਕਿਹਾ ਕਿ ਇਸ ਨੂੰ ਘਰ ਛੱਡ ਆਓ। ਪਿਆਲਾ ਹੱਥ ਵਿੱਚ ਫੜ ਕੇ ਸੁਕਰਾਤ ਆਪਣੇ ਸ਼ਾਗਿਰਦਾਂ ਨਾਲ ਫਿਰ ਗੱਲਬਾਤ ਕਰਨ ਲੱਗ ਪਿਆ ਤਾਂ ਜੇਲ੍ਹਰ ਨੇ ਇੱਕ ਸ਼ਾਗਿਰਦ ਨੂੰ ਕਿਹਾ, ‘‘ਸੁਕਰਾਤ ਨੂੰ ਕਹੋ ਹੁਣ ਗੱਲਾਂਬਾਤਾਂ ਨਾ ਕਰੇ ਕਿਉਂਕਿ ਜੋਸ਼ ਵਿੱਚ ਗੱਲਾਂ ਕਰਨ ਨਾਲ ਖ਼ੂਨ ਗਰਮ ਹੋ ਜਾਂਦਾ ਹੈ। ਇੰਜ ਜ਼ਹਿਰ ਦਾ ਅਸਰ ਘਟ ਜਾਂਦਾ ਹੈ। ਇਸ ਲਈ ਫਿਰ ਜ਼ਹਿਰ ਦੋ-ਤਿੰਨ ਵਾਰ ਦੇਣਾ ਪੈਂਦਾ ਹੈ।’’ ਸੁਕਰਾਤ ਦਾ ਜੁਆਬ ਸੀ, ‘‘ਜੇ ਇੱਕ ਵਾਰ ਜ਼ਹਿਰ ਪੀ ਲਿਆ ਤਾਂ ਦੋ-ਤਿੰਨ ਵਾਰ ਪੀਣ ਵਿੱਚ ਕੀ ਫ਼ਰਕ ਪੈਂਦਾ ਹੈ?’’

 

ਡਾ. ਜੋਗਿੰਦਰ ਸਿੰਘ ਕੈਰੋਂ  ਮੋਬਾਈਲ: 97804-51372

 


 

14 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

jankari bharpor lekh , TFS bittu ji

14 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Nycc........thnx.......bittu ji.......for sharing........

15 Oct 2012

Reply