Punjabi Culture n History
 View Forum
 Create New Topic
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਯਾਦਾਂ ਦੇ ਝਰੋਖੇ ’ਚੋਂ ਸੰਤ ਰਾਮ ਉਦਾਸੀ

ਨਵੰਬਰ1967 ਦੀ ਗੱਲ ਹੈ। ਸਕੂਲ ਵਿੱਚ ਕਵਿਤਾ ਪਾਠ ਮੁਕਾਬਲਾ ਚੱਲ ਰਿਹਾ ਸੀ। ਤਿੰਨ-ਚਾਰ ਟੀਮਾਂ ਦੇ ਵਿਦਿਆਰਥੀ ਕਲਾਕਾਰਾਂ ਨੇ ਬੜੀਆਂ ਦਮਦਾਰ ਕਵਿਤਾਵਾਂ/ਗੀਤ ਬੋਲੇ। ਸਰਕਾਰੀ ਸਕੂਲ ਬਰਨਾਲਾ ਦੇ ਮੁੰਡਿਆਂ ਦੀ ਇੱਕ ਜੋੜੀ ਜੋ ਉੱਥੋਂ ਦੇ ਅਧਿਆਪਕ ਅਮਰਨਾਥ ਧਰਨੀ ਨੇ ਤਿਆਰ ਕਰਵਾਈ ਸੀ, ਸਰੋਤਿਆਂ ਦੀ ਉਮੀਦ ਅਤੇ ਜੱਜਾਂ ਦੀ ਨਿਰਪੱਖ ਚੋਣ ’ਤੇ ਖ਼ਰੀ ਉਤਰੀ ਤੇ ਫਸਟ ਆਈ। ਕਵਿਤਾ ਦੀਆਂ ਸਤਰਾਂ ਸਨ:
ਅਜੇ ਨਾ ਆਈ ਮੰਜ਼ਿਲ ਤੇਰੀ,
ਅਜੇ ਵਡੇਰਾ ਪਾੜਾ ਏ।
ਹਿੰਮਤ ਕਰ ਅਲਬੇਲੇ ਰਾਹੀ,
ਅਜੇ ਹਨੇਰਾ ਗਾੜ੍ਹਾ ਏ।
ਦੂਜੇ ਵਿਦਿਆਰਥੀ ਦੀ ਕਵਿਤਾ ਵੀ ਵੀਅਤਨਾਮੀ ਬੱਚਿਆਂ ਦੀ ਸੂਰਮਗਤੀ ਸਬੰਧੀ ਸੀ। ਇਹ ਕਵਿਤਾ ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਨਾਲ ਮੇਲ ਖਾਂਦੀ ਸੀ।
ਇਨਾਮ ਵੰਡ ਸਮਾਗਮ ਸਮੇਂ ਮੈਂ ਪਹਿਲੇ ਨੰਬਰ ’ਤੇ ਰਹੀ ਇਸ ਟੀਮ ਦੇ ਇੰਚਾਰਜ ਅਧਿਆਪਕ ਸ੍ਰੀ ਧਰਨੀ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਕਵਿਤਾਵਾਂ ਪਿੰਡ ਚੰਨਣਵਾਲ ਪੜ੍ਹਾਉਂਦੇ ਇੱਕ ਮਾਸਟਰ ਸੰਤ ਰਾਮ ਉਦਾਸੀ ਦੀਆਂ ਹਨ। ਉਸ ਦਿਨ ਤੋਂ ਹੀ ਮੈਂ ਉਦਾਸੀ ਦੀ ਸ਼ਾਇਰੀ ਦਾ ਕਦਰਦਾਨ ਹੋ ਗਿਆ ਅਤੇ ਮਨ ’ਚ ਝੌਂ ਉੱਠਦੀ ਕਿ ਕਦ ਉਸ ਨੂੰ ਮਿਲਿਆ ਜਾਵੇ। ਲਿਖਾਰੀ ਸਭਾ ਦੀ ਮੀਟਿੰਗ ਵਿੱਚ ਜਦੋਂ ਮੈਂ ਪਹਿਲੀ ਵਾਰ ਆਇਆ ਤਾਂ ਬੜੀ ਹੀ ਝਿਜਕ ਅਤੇ ਸੰਗਦਾ-ਸੰਗਾਉਂਦਾ ਲੇਖਕਾਂ ਦੀ ਅਰਧ-ਚਾਪ ਪਾਲ ਵਿੱਚ ਜਾ ਬੈਠਾ। ਵਾਰੀ ਸਿਰ ਹਰ ਇੱਕ ਨੂੰ ਕੁਝ ਨਾ ਕੁਝ ਸੁਣਾਉਣਾ ਪੈਂਦਾ ਸੀ ਅਤੇ ਪ੍ਰੋ. ਜੋਗਾ ਸਿੰਘ ਸੁਣਾਈ ਰਚਨਾ ਦੀ ਮਾਰਕਸਵਾਦੀ ਨਜ਼ਰੀਏ ਨਾਲ ਪੁਣ-ਛਾਣ ਕਰਦਾ ਸੀ। ਇਸ ਮੀਟਿੰਗ ਵਿੱਚ ਸੰਤ ਰਾਮ ਉਦਾਸੀ ਵੀ ਸੀ। ਜਦੋਂ ਉਸ ਦੀ ਵਾਰੀ ਆਈ ਤਾਂ ਉਸ ਨੇ ਕੰਨ ’ਤੇ ਹੱਥ ਧਰ ਕੇ ਉੱਚੀ ਹੇਕ ਵਿੱਚ ਆਪਣੇ ਗੀਤ ਦਾ ਮੁਖੜਾ ਛੋਹਿਆ:
ਹਾੜੀਆਂ ਦੇ ਹਾਣੀਓਂ ਵੇ,
ਸੌਣੀਆਂ ਦੇ ਸਾਥੀਓ ਵੇ,
ਕਰ ਲਵੋ ਦਾਤੀਆਂ ਤਿਆਰ,
ਚੱਕੋ ਵੇ ਹਥੌੜਿਆਂ ਨੂੰ,
ਤੋੜੋ ਹਿੱਕ ਪੱਥਰਾਂ ਦੀ,
ਅੱਜ ਸਾਨੂੰ ਲੋੜੀਂਦੇ ਅੰਗਾਰ।
ਇਸ ਗੀਤ ਦੀ ਖ਼ੂਬ ਪ੍ਰਸ਼ੰਸਾ ਹੋਈ। ਕੁਝ ਆਲੋਚਕਾਂ ਨੇ ਇਸ ਨੂੰ ਨਾਅਰੇਬਾਜ਼ੀ ਵੀ ਕਿਹਾ। ਉਨ੍ਹਾਂ ਆਲੋਚਕਾਂ ਨੂੰ ਕਵਿਤਾ ਦੀ ਐਨੀ ਸਮਝ ਨਹੀਂ ਸੀ। ਅਗਾਂਹਵਧੂ ਖੁੱਲ੍ਹੀਆਂ ਕਵਿਤਾਵਾਂ ਨਾਲੋਂ ਵੱਧ ਉਦਾਸੀ ਦੀ ਕਵਿਤਾ ਆਮ ਲੋਕਾਂ ਦੇ ਜ਼ਿਆਦਾ ਨੇੜੇ ਸੀ। ਪਹਿਲਾਂ ਉਦਾਸੀ ਹਮੇਸ਼ਾਂ ਨਜ਼ਰ-ਅੰਦਾਜ਼ ਹੁੰਦਾ ਰਿਹਾ ਪਰ ਬਾਅਦ ਵਿੱਚ ਜਦੋਂ ਵੀ ਪੰਜਾਬੀ ਆਲੋਚਕ ‘ਬਰਨਾਲਾ ਸਕੂਲ ਆਫ਼ ਪੋਇਟਰੀ’ ਦੀ ਗੱਲ ਤੋਰਦੇ ਤਾਂ ਉਦਾਸੀ ਨੂੰ ਸ਼ਾਇਰੀ ਦੀ ਪੌੜੀ ਦੇ ਸਿਖ਼ਲਰੇ ਟੰਬੇ ਨਾਲ ਜਾ ਜੋੜਦੇ। ਸੰਨ 1970 ਵਿੱਚ ਉਦਾਸੀ ਨੇ ਹੀ ਮੈਨੂੰ ਕੋਈ ਰਸਾਲਾ ਸ਼ੁਰੂ ਕਰਨ ਦੀ ਸਲਾਹ ਦਿੱਤੀ। ਮੈਂ ਹਾਂ ਕਰ ਬੈਠਾ। ਤੱਤ-ਭੜੱਤ ਵਿੱਚ ਅਸੀਂ ‘ਅਗਨਦੂਤ’ ਨਾਂ ਦੀ ਪੁਸਤਕ ਲੜੀ ਸ਼ੁਰੂ ਕੀਤੀ, ਜੋ ਬਾਅਦ ਵਿੱਚ ‘ਕਿੰਤੂ’ ਨਾਮ ਹੇਠ ਛਪਦਾ ਰਿਹਾ। ਪਹਿਲਾ ਅੰਕ 800 ਕਾਪੀ ਛਾਪਿਆ ਅਤੇ ਕੀਮਤ 25 ਪੈਸੇ ਰੱਖੀ। ਪਰਚਾ ਮੁਫ਼ਤ ਘੱਲਿਆ। ਇਸ ਵਿੱਚ ਉਦਾਸੀ ਦੀ ਕਵਿਤਾ ‘ਲੈਨਿਨ ਦੇ ਨਾਂ’ ਛਾਪੀ:
ਸੱਜਣਾਂ, ਸੂਹਾ-ਸੂਹਾ ਤੇਰਾ ਵੇ ਗਰਾਂ
ਤੇਰੇ ਪਿੰਡ ਵਿੱਚ ਭੁੱਖੀ ਮਰਦੀ ਨਾ ਵੇਖੀ ਵੇ ਮੈਂ
ਕਿਸੇ ਬੱਚੜੂ ਦੀ ਅੰਨੀ ਮਾਂ।
ਹੋਰ ਵੀ ਅਗਾਂਹਵਧੂ ਲੇਖਕਾਂ ਦੀਆਂ ਲਿਖਤਾਂ ਛਾਪਣ ਲਈ ਮੈਨੂੰ ਉਦਾਸੀ ਨੇ ਸੁਝਾਅ ਦਿੱਤੇ। ਹਰ ਅੰਕ ਵਿੱਚ ਉਦਾਸੀ ਦਾ ਗੀਤ ਛਪਦਾ ਅਤੇ ਉਦਾਸੀ ਜਿੱਥੇ ਜਾਂਦਾ ‘ਕਿੰਤੂ’ ਦੇ ਪਾਠਕ ਵਧਾਉਂਦਾ। ਉਹ ਮੁਫ਼ਲਿਸੀ, ਗੁਰਬਤ ਅਤੇ ਆਰਥਿਕਤਾ ਦਾ ਝੰਬਿਆ ਕਬੀਲਦਾਰੀ ਕਿਉਂਟਣ ਵੱਲ ਬਹੁਤਾ ਧਿਆਨ ਨਹੀਂ ਸੀ ਦੇ ਸਕਿਆ। ਉਹ ਆਖਦਾ ਪ੍ਰੋਲੋਤਾਰੀਆਂ ਦਾ ਜੀਵਨ ਇਹੋ ਜਿਹਾ ਹੀ ਥੁੜ੍ਹਿਆ, ਟੁੱਟਿਆ, ਸਮਾਜਿਕ ਅਨਿਆਂ ਅਤੇ ਵਿਤਕਰਿਆਂ ਭਰਪੂਰ ਹੁੰਦਾ ਹੈ। ਨਿਆਣੇ ਆਪੇ ਮੇਰੇ ਵਾਂਗ ਰੁਲ-ਖੁਲ ਕੇ ਪਲ ਜਾਣਗੇ। ਉਹ ਪਰਿਵਾਰਕ ਕਬੀਲਦਾਰੀ ਨਾਲੋਂ ਸਮਾਜਿਕ ਤਬਦੀਲੀ ਲਈ ਜੱਦੋ-ਜਹਿਦ ਨੂੰ ਵਧੇਰੇ ਤਰਜੀਹ ਦਿੰਦਾ ਸੀ। ਉਹ ਅਧਿਆਤਮਕ ਮੁਕਤੀ ਦੀ ਥਾਂ ਦਲਿਤਾਂ ਅਤੇ ਥੁੜ੍ਹੇ-ਟੁੱਟੇ ਲੋਕਾਂ ਦੀ ਆਰਥਿਕ ਮੁਕਤੀ ਦੀ ਤਰਫ਼ਦਾਰੀ ਕਰਦਾ ਰਿਹਾ। ਇੱਕ ਦਿਨ ਅਸੀਂ ਨਕੋਦਰ ਕਵੀ ਦਰਬਾਰ ’ਤੇ ਜਾਣ ਲਈ ਬੱਸ ’ਤੇ ਸਫ਼ਰ ਕਰ ਰਹੇ ਸੀ। ਰਾਹ ਵਿੱਚ ਸੜਕ ’ਤੇ ਰਾਜਸਥਾਨ ਦੀਆਂ ਕੁੜੀਆਂ, ਮੁੰਡੇ, ਬਜ਼ੁਰਗ ਅਤੇ ਬੁੜੀਆਂ ਕੰਮ ਕਰ ਰਹੀਆਂ ਸਨ। ਉਹ ਮੈਂ ਵੀ ਵੇਖੀਆਂ ਤੇ ਹੋਰ ਸਵਾਰੀਆਂ ਨੇ ਵੀ ਜ਼ਰੂਰ ਵੇਖੀਆਂ ਹੋਣਗੀਆਂ ਪਰ ਉਦਾਸੀ ਦੇ ਦ੍ਰਿਸ਼ਟੀਕੋਣ ’ਚ ਫ਼ਰਕ ਸੀ। ਨਕੋਦਰ ਦੇ ਕਵੀ ਦਰਬਾਰ ’ਤੇ ਜਦੋਂ ਉਦਾਸੀ ਨੇ ਆਪਣਾ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਬੱਸ ਸਫ਼ਰ ਦਾ ਅਨੁਭਵ ਮੌਕੇ ਦੇ ਡਿੱਠ ਵਰਨਣ ਰਾਹੀਂ ਪੇਸ਼ ਕਰਦੀ ਰੁਬਾਈ ਨਾਲ ਸ਼ੁਰੂ ਕੀਤਾ ਤਾਂ ਮੈਂ ਉਦਾਸੀ ਦੀ ਪਕੜ ’ਤੇ ਫ਼ਿਦਾ ਹੋ ਗਿਆ।
ਸਰੋਤਿਆਂ ਦੀਆਂ ਤਾੜੀਆਂ ਦੀ ਗੜਗੜਾਹਟ ਵਿੱਚ ਮੈਨੂੰ ਮਾਣ ਮਹਿਸੂਸ ਹੋ ਰਿਹਾ ਸੀ ਕਿ ਉਦਾਸੀ ਕਵੀ-ਦਰਬਾਰ ਲੁੱਟ ਕੇ ਲੈ ਜਾਵੇਗਾ ਤੇ ਹੋਇਆ ਵੀ ਇੰਜ ਹੀ। ਮੇਰੇ ਸਮੇਤ ਪਾਸ਼, ਦਰਸ਼ਨ ਖਟਕੜ, ਜੈਮਲ ਪੱਡਾ ਅਤੇ ਉੱਥੋਂ ਦੇ ਹੋਰ ਸਥਾਨਕ ਕਵੀ, ਸਰੋਤਿਆਂ ਨੂੰ ਅਸੀਂ ਜਚਦੇ ਤਾਂ ਰਹੇ ਪਰ ਉਦਾਸੀ ਵਾਂਗ ਉਨ੍ਹਾਂ ਦੀ ਜ਼ਿਹਨੀਅਤ ਵਿੱਚ ਪਚਦੇ ਮਹਿਸੂਸ ਨਹੀਂ ਸੀ ਹੋ ਰਹੇ। ਉਦਾਸੀ ਦਾ ਮੇਰੇ ਘਰੇ ਉਸੇ ਤਰ੍ਹਾਂ ਆਉਣਾ-ਜਾਣਾ ਰਿਹਾ। ਇੱਕ ਦਿਨ ਗਈ ਰਾਤ ਉਹ ਬਾਬਾ ਬੂਝਾ ਸਿੰਘ ਨੂੰ ਵੀ ਲੈ ਆਇਆ ਤਾਂ ਮੈਂ ਉਦਾਸੀ ਨੂੰ ਕਿਹਾ ਕਿ ਤੁਸੀਂ ਪ੍ਰਸ਼ਾਦੇ ਛਕਿਓ, ਆਰਾਮ ਨਾਲ ਨਿਸ਼ਚਿੰਤ ਹੋ ਕੇ ਰਹੋ ਪਰ ਮੈਨੂੰ ਇਹ ਨਾ ਦੱਸਿਓ ਬਈ ਅਸੀਂ ਕਿੱਥੋਂ ਆਏ ਹਾਂ ਅਤੇ ਕਿੱਧਰ ਨੂੰ ਜਾਣਾ ਹੈ? ਹੋ ਸਕਦਾ ਹੈ ਕਿ ਪੁਲੀਸ ਮੁਖ਼ਬਰੀ ਹੋਣ ’ਤੇ ਮੈਥੋਂ ਆ ਕੇ ਪੁੱਛੇ। ਜੇ ਮੈਂ ਨਾ ਦੱਸਿਆ ਤਾਂ ਹੋ ਸਕਦਾ ਉਨ੍ਹਾਂ ਦੀ ਇੱਕ ਚਪੇੜ ਨਾਲ ਹੀ ਤੁਹਾਡਾ ਪਤਾ-ਠਿਕਾਣਾ ਦੱਸ ਦਿਆਂ। ਹੋ ਸਕਦਾ ਹੈ ਕਿ ਤੇਰੇ ਵਾਂਗੂ ਕਰੜਾ ਰਹਾਂ ਤੇ ਘੋਟਣਿਆਂ ਨਾਲ ਵੀ ਨਾ ਮੰਨਾਂ। ਜੇ ਮੈਨੂੰ ਤੁਹਾਡੇ ਬਾਰੇ ਪਤਾ ਹੀ ਨਹੀਂ  ਹੋਵੇਗਾ ਤਾਂ ਮੈਂ ਦੱਸਾਂਗਾ ਕੀ? ਉਦਾਸੀ ਬੋਲਿਆ,‘‘ਮੈਂ ਕੱਚੀਆਂ ਗੋਲੀਆਂ ਨਹੀਂ ਖੇਡਿਆ। ਮੈਂ ਆਪਣੇ ਪ੍ਰੋਗਰਾਮਾਂ ਦੀ ਕਿਸੇ ਕੋਲ ਭਾਫ਼ ਨੀਂ ਕੱਢਦਾ।’’
ਸਤੰਬਰ 1972 ਵਿੱਚ ‘ਕਿੰਤੂ’ ਦਾ ਸੰਤ ਰਾਮ ਉਦਾਸੀ ਅੰਕ ਕੱਢਣ ਦੀ ਵਿਉਂਤਬੰਦੀ ਕੀਤੀ ਗਈ ਤਾਂ ਸਾਡੇ ਕੋਲ ਛਪਾਈ ਜੋਗੇ ਪੈਸੇ ਨਹੀਂ ਸਨ। ਉਨ੍ਹਾਂ ਦਿਨਾਂ ਵਿੱਚ ਪਰਦੁਮਣ ਸਿੰਘ ਬੇਦੀ ਤੋਂ ‘ਕਿੰਤੂ’ ਛਪਵਾਇਆ ਜਾਂਦਾ ਅਤੇ ‘ਹੇਮ ਜਯੋਤੀ’ ਵੀ ਉੱਥੇ ਹੀ ਲੁਧਿਆਣੇ ਛਪਦਾ ਸੀ। ਅਸੀਂ ਉਸ ਕੋਲ ਗਏ ਅਤੇ ਆਪਣੀ ਸਮੱਸਿਆ ਦੱਸੀ ਤਾਂ ਉਸ ਨੇ ਕਿਹਾ ਕਿ 1000 ‘ਕਿੰਤੂ’ ਦਾ ਉਦਾਸੀ ਅੰਕ ਛਾਪ ਲਵਾਂਗੇ ਤੇ ਫਿਰ ਇਸ ਦਾ ਟਾਈਟਲ ਬਦਲ ਕੇ ਉਦਾਸੀ ਦੀ ਕਿਤਾਬ ਤਿਆਰ ਹੋ ਜਾਵੇਗੀ। ਅਸੀਂ ਸੰਤ ਰਾਮ ਉਦਾਸੀ ਦੇ ‘ਕਿੰਤੂ’ ਅੰਕ ਉਸ ਦੇ      ਖਾਤੇ ਪਾ ਕੇ ਕਿਤਾਬ ‘ਲਹੂ ਭਿੱਜੇ ਬੋਲ’ ਛਾਪੀ। ‘ਕਿੰਤੂ’ ਅਤੇ ਕਿਤਾਬ ਹੱਥੋਂ-ਹੱਥ ਵਿਕ ਗਏ। ਪਰਦੁੱਮਣ ਸਿੰਘ ਦਾ ਖ਼ਰਚਾ ਨਿਕਲ ਆਇਆ ਹੋਵੇਗਾ। ਮੁੜ ਕੇ ਕਈ ਪ੍ਰਕਾਸ਼ਕਾਂ ਨੇ ਬਿਨਾਂ ਕੋਈ ‘ਰਾਇਲਟੀ’ ਦਿੱਤਿਆਂ ਇਸ ਪੁਸਤਕ ਦੇ ਕਈ-ਕਈ ਐਡੀਸ਼ਨ ਛਾਪੇ। ਇਸ ਪੁਸਤਕ ਦੀ ਰਿਕਾਰਡ ਵਿਕਰੀ ਹੋਈ ਤੇ ਉਦਾਸੀ ਅਤੇ ‘ਕਿੰਤੂ’ ਪੂਰੇ ਪੰਜਾਬ ਵਿੱਚ ਪ੍ਰਸਿੱਧ ਹੋਏ। ਉਦਾਸੀ ਅੰਕ ਮਗਰੋਂ ‘ਕਿੰਤੂ’ ਪੱਕੇ ਪੈਰੀਂ ਹੋ ਗਿਆ।
ਕਲਕੱਤੇ ਮੇਰਾ ਮਿੱਤਰ ਹਰਦੇਵ ਸਿੰਘ ਗਰੇਵਾਲ ਰਹਿੰਦਾ ਹੈ। ਉਸ ਨੂੰ ਵੀ ਭਿਣਕ ਪਈ ਪਈ ਕਿ ਉਦਾਸੀ ਬਹੁਤ ਵਧੀਆ ਤਰੰਨਮ ਵਿੱਚ ਗਾਉਂਦਾ ਹੈ। ਉਸ ਨੇ ਮੈਨੂੰ ਚਿੱਠੀ ਪਾਈ ਕਿ ਐਤਕੀਂ ਜੱਗੂ ਬਾਜ਼ਾਰ ਕਲਕੱਤਾ ਵਿੱਚ ਬੜਾ ਸਿੱਖ ਸੰਗਤ ਗੁਰਦੁਆਰਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ’ਤੇ ਕਵੀ ਦਰਬਾਰ ਹੋਣਾ ਹੈ। ਉਦਾਸੀ ਨੂੰ ਲੈ ਕੇ ਆਉਣਾ। ਮੈਂ ਅਤੇ ਉਦਾਸੀ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਕਲਕੱਤੇ ਪੁੱਜੇ। ਇਨ੍ਹਾਂ ਦਿਨਾਂ ਵਿੱਚ ਉਦਾਸੀ ਅੱਖਾਂ ਦੀ ਅਲਸਰ ਬੀਮਾਰੀ ਤੋਂ ਪੀੜਤ ਸੀ। ਫਿਰ ਵੀ ਕਲਕੱਤੇ ਹੋਰ ਕਈ ਸੂਬਿਆਂ ਤੋਂ ਸਟੇਜੀ ਕਵੀ ਆਏ ਹੋਏ ਸਨ। ਜਦੋਂ ਸੰਤ ਰਾਮ ਉਦਾਸੀ ਨੇ ਸ੍ਰੀ ‘ਗੁਰੂ ਗੋਬਿੰਦ ਸਿੰਘ’ ਜੀ ਦਾ ਗੀਤ ਛੋਹਿਆ ਤਾਂ ਸਰੋਤਿਆਂ ਵਿੱਚ ਜੋਸ਼ ਭਰ ਗਿਆ:
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਸੇ ਆਨੰਦਪੁਰ ਦਾ
ਕੁੱਲੀ-ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸੰਤ ਰਾਮ ਉਦਾਸੀ ਦੀ ਬੱਲੇ-ਬੱਲੇ ਹੀ ਨਹੀਂ ਸੀ ਹੋ ਰਹੀ ਸਗੋਂ ਉਸ ਨੂੰ ਵਾਰ-ਵਾਰ ਸੁਣਨ ਦੀ ਮੰਗ ਵੀ ਵਧ ਰਹੀ ਸੀ। ਸੰਤ ਰਾਮ ਉਦਾਸੀ ਦਾ ਅਖੀਰਲੇ ਦਿਨਾਂ ਵਿੱਚ ਵੱਖ-ਵੱਖ ਇਨਕਲਾਬੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਵਿਰੋਧ ਮੰਦਭਾਗਾ ਆਖਿਆ ਜਾ ਸਕਦਾ ਹੈ। ਕਈ ਉਸ ਨੂੰ ਲੋਕ ਕਵੀ ਦੀ ਥਾਂ ‘ਨੋਣ ਕਵੀ’ ਕਹਿ ਕੇ ਨਿੰਦਦੇ ਅਤੇ ਕੋਈ ਲਾਲ ਕਿਲ੍ਹੇ ’ਤੇ ਇਨਕਲਾਬੀ ਗੀਤ ਗਾਉਣ ’ਤੇ ਵੀ ਉਦਾਸੀ ਨੂੰ ਹਾਕਮ ਜਮਾਤ ਦਾ ਕਵੀ ਕਹਿ ਕੇ ਭੰਡਦਾ, ਕੋਈ ‘ਲਹੂ ਭਿੱਜੇ ਬੋਲ’ ਨੂੰ ‘ਸ਼ਰਾਬ ਭਿੱਜੇ ਬੋਲ’ ਕਹਿ ਉਦਾਸੀ ਨੂੰ ਮਿਹਣਾ ਮਾਰਦਾ, ਖੇਤੀਬਾੜੀ ਯੂਨੀਵਰਸਿਟੀ ਦਾ ਸਨਮਾਨ, ਢੁੱਡੀਕੇ ਵਿਖੇ ਬਾਵਾ ਬਲਵੰਤ ਇਨਾਮ ਅਤੇ ਜਗਦੇਵ ਸਿੰਘ ਜੱਸੋਵਾਲ ਵੱਲੋਂ ਸਿੱਕਿਆਂ ਨਾਲ ਤੋਲੇ ਜਾਣ ਸਮੇਂ ਉਦਾਸੀ ’ਤੇ ਕੀਤੇ ਅਹਿਸਾਨ ਨੂੰ ਮਾੜਾ ਆਖਿਆ ਗਿਆ। ਅਜਿਹੀਆਂ ਟਿੱਪਣੀਆਂ ਤੋਂ ਉਦਾਸੀ ਬੇਹੱਦ ਪ੍ਰੇਸ਼ਾਨ ਸੀ ਪਰ ਉਹ ਕਿਹਾ ਕਰਦਾ ਸੀ ਕਿ ਸਿਧਾਂਤ ਦੀ ਕਸਵੱਟੀ ਦੀ ਚੌਕਸੀ ਮੈਂ ਹਰ ਵੇਲੇ ਵਰਤੀ ਹੈ ਤੇ ਮੈਂ ਇਸ ਗੱਲ ਬਾਰੇ ਪੂਰਾ ਚੇਤੰਨ ਹਾਂ ਕਿ ਕਵਿਤਾ ਨੂੰ ਕਿੱਥੇ ਜਾਂ ਕਿਨ੍ਹਾਂ ਲੋਕਾਂ ਵਿੱਚ ਖੜ੍ਹਾ ਕਰਨਾ ਹੈ। ਉਦਾਸੀ ਨੇ ਹਮੇਸ਼ਾਂ ਇਸ ਗੱਲੋਂ ਇਨਕਾਰ ਕੀਤਾ ਕਿ ਉਹ ਸਰਕਾਰੀਆ ਬਣਦਾ ਜਾ ਰਿਹਾ ਹੈ। ਉਦਾਸੀ ਨਿੰਦਕਾਂ ਦੀਆਂ ਅਜਿਹੀਆਂ ਟਿੱਪਣੀਆਂ ਤੋਂ ਪ੍ਰੇਸ਼ਾਨ ਤਾਂ ਜ਼ਰੂਰ ਹੋਇਆ ਪਰ ਆਪਣੇ ਅਕੀਦੇ ਤੋਂ ਥਿੜਕਿਆ ਨਹੀਂ। ਉਦਾਸੀ ਦੀ ਲੋਕ ਕਵਿਤਾ ਨੂੰ ਲਾਲ-ਸਲਾਮ।

 

ਸੀ. ਮਾਰਕੰਡਾ :- ਸੰਪਰਕ: 94172-72161

06 Nov 2013

Reply