Punjabi Culture n History
 View Forum
 Create New Topic
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਆਬ, ਆਬਦਾਰ ਤੇ ਆਬਕਾਰ

ਪੰਜ-ਆਬ ਦੇ ਆਬ ਅਤੇ ਪੰਜਾਬੀ ਮਾਂ ਬੋਲੀ ਦੀ ਆਭਾ, ਦੋਵੇਂ ਖ਼ਤਰੇ ਦਾ ਨਿਸ਼ਾਨ ਟੱਪ ਚੁੱਕੇ ਹਨ।
ਇੱਕ ਜ਼ਮਾਨਾ ਸੀ ਜਦੋਂ ਆਬਦਾਰ, ਸ਼ਾਹਾਂ ਅਤੇ ਸ਼ਹਿਨਸ਼ਾਹਾਂ ਦੇ ਦਰਾਂ ’ਤੇ ਪਾਣੀ ਦੀਆਂ ਮਸ਼ਕਾਂ/ਬੋਕੀਆਂ ਲੈ ਕੇ ਖੜੇ ਰਹਿੰਦੇ ਸਨ। ਹੁਣ ਆਬਦਾਰ ਦੀ ਥਾਂ ਆਬਕਾਰ (ਸ਼ਰਾਬ ਕੱਢਣ ਵਾਲਾ) ਨੇ ਲੈ ਲਈ ਹੈ। ਸਰਕਾਰ ਹੋਵੇ ਜਾਂ ਰਾਜ ਦਰਬਾਰ, ਆਬਕਾਰੀ ਦਾ ਚਾਰ-ਚੁਫੇਰੇ ਬੋਲਬਾਲਾ ਹੈ। ਤਮਾਮ ਨੀਤੀਆਂ ਅਤੇ ਬਦਨੀਤੀਆਂ, ਆਬਕਾਰੀ ਦੁਆਲੇ ਊਰੀ ਵਾਂਗ ਘੁੰਮਦੀਆਂ ਨਜ਼ਰ ਆਉਂਦੀਆਂ ਹਨ। ਪੰਜ-ਆਬ ਵਿੱਚ ਵਹਿ ਰਹੀ ਸ਼ਰਾਬ ਨੇ ਸਾਡੇ ਗੌਰਵਸ਼ਾਲੀ ਵਿਰਸੇ ਨੂੰ ਮਦਹੋਸ਼ ਕਰ ਦਿੱਤਾ ਹੈ। ਗੀਤ-ਸੰਗੀਤ ਵਿੱਚੋਂ ਰਾਗ ਅਤੇ ਰਬਾਬ ਮਨਫ਼ੀ ਹੋਣ ਨਾਲ ਅਮੀਰ ਸੱਭਿਆਚਾਰ ਨੂੰ ਸ਼ੋਰ-ਸ਼ਰਾਬੇ ਨੇ ਘੇਰ ਲਿਆ ਹੈ।
ਮਾਂ ਬੋਲੀ ਦੇ ਹਿਤੈਸ਼ੀ ਕਹਿੰਦੇ ਹਨ ਕਿ ਪੰਜਾਬੀ ਨੂੰ ਗਿਣੀ-ਮਿੱਥੀ ਸਾਜ਼ਿਸ਼ (ਵੈਸੇ, ਸਾਜ਼ਿਸ਼ ਹਮੇਸ਼ਾਂ ਹੁੰਦੀ ਗਿਣੀ-ਮਿੱਥੀ ਹੈ) ਤਹਿਤ ਮਕਤਲ ਵੱਲ ਲਿਜਾਇਆ ਜਾ ਰਿਹਾ ਹੈ। ਪੰਜਾਬੀ ਸੱਭਿਆਚਾਰ ਨੂੰ ਪਲੀਤ ਕਰਨ ਵਿੱਚ ਆਪਣੇ ਅਤੇ ਬੇਗਾਨੇ,  ਦੋਵੇਂ ਸ਼ਾਮਲ ਹਨ ਜਿਸ ਦੀ ਤਾਜ਼ਾ ਮਿਸਾਲ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਵਿੱਚੋਂ ਪੰਜਾਬੀ ਨੂੰ ਮਨਫ਼ੀ ਕਰਨ ਲਈ ਘੜੀ ਗਈ ਸਾਜ਼ਿਸ਼ ਹੈ। ਪੰਜਾਬੀਆਂ ਦੀ ਹੋਂਦ ਨੂੰ ਉਨ੍ਹਾਂ ਦੇ ਮਾਣਮੱਤੇ ਸੱਭਿਆਚਾਰ ਤੋਂ ਅਲੱਗ ਕਰ ਕੇ ਨਹੀਂ ਵੇਖਿਆ ਜਾ ਸਕਦਾ।  ਇਤਿਹਾਸ ਗਵਾਹ ਹੈ ਕਿ ਪੰਜਾਬੀ ਕਈ ਵਾਰ ਉੱਜੜਨ ਤੋਂ ਬਾਅਦ ਆਪਣੇ ਵਿਰਸੇ ਦਾ ਓਟ-ਆਸਰਾ ਲੈ ਕੇ ਮੁੜ ਪੈਰਾਂ ’ਤੇ ਖੜਦੇ ਰਹੇ ਹਨ। ਪੰਜਾਬੀਆਂ ਦੇ ਸਿਰੜ ਦਾ ਜ਼ਿਕਰ ਡਾ.ਮਹਿੰਦਰ ਸਿੰਘ ਰੰਧਾਵਾ ਨੇ ਅੰਗਰੇਜ਼ੀ ਵਿੱਚ ਲਿਖੀ ਆਪਣੀ ਪੁਸਤਕ ‘Out of the 1shes’ ਵਿੱਚ   ਦਿਲਚਸਪ ਅੰਦਾਜ਼ ਵਿੱਚ ਕੀਤਾ ਹੈ:  “ਬਲੂਤ (Oak) ਜਰਮਨੀ ਦਾ ਕੌਮੀ ਰੁੱਖ ਹੈ। ਮੈਪਲ (Maple) ਕੈਨੇਡਾ ਦਾ ਤੇ ਟਾਹਲੀ ਪੰਜਾਬ ਦਾ ਪ੍ਰਤੀਕਾਤਮਕ ਰੁੱਖ ਹੈ। ਟਾਹਲੀ ਪੰਜਾਬ ਦੇ ਕਿਸਾਨ ਦਾ ਪ੍ਰਤੀਕ ਹੈ। ਇਸ ਦੀ ਲੱਕੜ ਬਹੁਤ ਸਖ਼ਤ ਤੇ ਸਭ ਤੋਂ ਵੱਧ ਲਾਹੇਵੰਦ ਹੁੰਦੀ ਹੈ। ਇਹ ਲੱਕੜ ਘੁਣ ਸਮੇਤ ਹਰ ਤਰ੍ਹਾਂ ਦੀ ਮਾਰ ਸਹਿ ਸਕਦੀ ਹੈ। ਜੇਕਰ ਇਸ ਨੂੰ ਜੜ੍ਹਾਂ ’ਚੋਂ ਹੀ ਕੱਟ ਦਈਏ ਤਾਂ ਬਸੰਤ-ਬਹਾਰ ਵਿੱਚ ਇਹ ਫਿਰ ਫੁੱਟ ਪੈਂਦੀ ਹੈ। ਲੁਧਿਆਣਾ-ਜਲੰਧਰ ਜੀ.ਟੀ.ਰੋਡ ’ਤੇ ਦੋਵੇਂ ਪਾਸੇ ਖੜੀਆਂ ਟਾਹਲੀਆਂ ਦੀਆਂ ਕਤਾਰਾਂ ਕਮਾਲ ਦਾ ਦ੍ਰਿਸ਼ ਪੇਸ਼ ਕਰਦੀਆਂ ਸਨ ਪਰ ਸਤੰਬਰ 1947 ਵਿੱਚ ਇੱਥੋਂ ਉੱਜੜ ਕੇ ਪਾਕਿਸਤਾਨ ਜਾ ਰਹੇ ਮੁਸਲਮਾਨ ਇਨ੍ਹਾਂ ਨੂੰ ਬੁਰੀ ਤਰ੍ਹਾਂ ਛਾਂਗ ਗਏ ਕਿਉਂਕਿ ਉਨ੍ਹਾਂ ਨੂੰ ਬਾਲਣ ਦੀ ਲੋੜ ਸੀ ਤੇ ਪਿੱਛੇ ਰਹਿ ਗਏ ਨੰਗ-ਮੁਨੰਗੇ ਰੋਡੇ ਟਾਹਣ। ਜਾਪਦਾ ਸੀ ਕਿ ਸੜਕ ਦੁਆਲੇ ਮੁੜ ਬੂਟੇ ਲਾਉਣੇ ਪੈਣਗੇ। ਤਿੰਨ ਸਾਲਾਂ ਮਗਰੋਂ ਸੜਕ ਦੁਆਲੇ ਖੜੇ ਇਹ ਨੰਗੇ ਟਾਹਣ ਫਿਰ ਹਰੇ-ਕਚੂਰ ਨਜ਼ਰ ਆਉਣ ਲੱਗ ਪਏ। ਕਿੰਨਾ ਕਮਾਲ ਦਾ ਚਿੰਨ੍ਹ ਹੈ ਪੰਜਾਬ ਦੇ ਕਿਸਾਨਾਂ ਦਾ- ਟਾਹਲੀ। ਚੀਨੀ ਲੋਕਧਾਰਾ ਦੇ ਮਿਥਿਹਾਸਕ ਪੰਛੀ ਕੁਕਨੂਸ ਵਾਂਗ, ਜੋ ਸੜ ਕੇ ਆਪਣੀ ਹੀ ਚਿਤਾ ਦੀ ਰਾਖ ਵਿੱਚੋਂ ਮੁੜ ਪੈਦਾ ਹੁੰਦਾ ਹੈ- ਵਧੇਰੇ ਜਵਾਨ, ਬਲਵਾਨ ਤੇ ਨਵਾਂ-ਨਕੋਰ। ਪੰਜਾਬ ਬੜੇ ਭਿਆਨਕ ਦੁਖਾਂਤ ਵਿੱਚੋਂ ਮੁੜ ਉੱਭਰਿਆ ਹੈ ਤੇ ਕਿਸੇ ਕਮਜ਼ੋਰ ਨਸਲ ਨੂੰ ਤਾਂ ਇਹ ਹੋਣੀ ਮੂਲੋਂ ਹੀ ਮੁਕਾ ਸਕਦੀ ਹੈ।”
‘ਰਾਖ ’ਚੋਂ ਉੱਗੇ’ ਪੁਸਤਕ ਦਾ ਪੰਜਾਬੀ ਅਨੁਵਾਦ ਦਵੀ ਦਵਿੰਦਰ ਕੌਰ ਅਤੇ ਡਾ.ਜਗਦੀਸ਼ ਕੌਰ ਨੇ ਸਾਂਝੇ ਤੌਰ ’ਤੇ ਕੀਤਾ ਹੈ। ਇਸ ਵਿੱਚੋਂ ਮਿਹਨਤਕਸ਼ ਪੰਜਾਬੀਆਂ ਦੇ ਸਿਰੜ ਤੇ ਸਬਰ-ਸੰਤੋਖ ਦਾ ਪਤਾ ਚੱਲਦਾ ਹੈ। ਇਸ ਸਿਰੜ ਦੀ ਕੰਡ ਭੰਨਣ ਲਈ ਸਮੇਂ ਦੇ ਹਾਕਮਾਂ ਵੱਲੋਂ ਅਣਗਿਣਤ ਸਾਜ਼ਿਸ਼ਾਂ ਘੜੀਆਂ ਗਈਆਂ। ਛਾਂਗੀਆਂ ਹੋਈਆਂ ਟਾਹਲੀਆਂ ਕਈ ਬਹਾਰਾਂ ਲੰਘ ਜਾਣ ਦੇ ਬਾਵਜੂਦ ਹਰੀਆਂ-ਭਰੀਆਂ ਨਹੀਂ ਹੁੰਦੀਆਂ। ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਨੀਵਾਂ ਜਾਣ ਤੋਂ ਇਲਾਵਾ ਜ਼ਹਿਰੀਲਾ ਹੋ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਟਾਹਲੀ ਵਰਗਾ ਰੁੱਖ ਵੀ ਕਮਜ਼ੋਰ ਪੈ ਗਿਆ ਹੈ। ਟਾਹਲੀ ਦਾ ਪ੍ਰਤੀਕ ਪੰਜਾਬੀ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ। ਪੰਜਾਬੀਆਂ ਨੂੰ ਆਰਥਿਕ ਅਤੇ ਸੱਭਿਆਚਾਰਕ ਤੌਰ ’ਤੇ ਵੱਡੀ ਮਾਰ ਪੈ ਰਹੀ ਹੈ। ਰੂਹ ਵਿੱਚ ਰਚੇ ਲੋਕ ਗੀਤਾਂ ਦੀ ਥਾਂ ਹੁਣ ਹੁੱਲੜਬਾਜ਼ ਗਾਇਕਾਂ ਨੇ ਲੈ ਲਈ ਹੈ। ਇੰਜ ਜਾਪਦਾ ਹੈ ਜਿਵੇਂ ਪੰਜਾਬੀ ਸੱਭਿਆਚਾਰ ਦੇ ਪੈਰਾਂ ਵਿੱਚ ਪੰਜੇਬਾਂ ਦੀ ਥਾਂ ਜ਼ੰਜੀਰਾਂ ਛਣਕ ਰਹੀਆਂ ਹੋਣ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਰ ਪਾਸਿਓਂ ਜਕੜੀ ਜਾ ਰਹੀ ਹੈ।
ਸੰਤਾਲੀ ਦੀ ਵੰਡ ਤੋਂ ਬਾਅਦ ‘ਆਜ਼ਾਦ’ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਪੰਜਾਬੀਆਂ ਦੇ ਸਿਰੜ ਨੂੰ ਦਾਦ ਦਿੰਦਿਆਂ ਡਾ.ਰੰਧਾਵਾ ਨੇ ਲਿਖਿਆ ਹੈ ਕਿ ਅਜਿਹਾ ਦੁਖਾਂਤ ਕਿਸੇ ਕਮਜ਼ੋਰ ਨਸਲ ਨਾਲ ਵਾਪਰਦਾ ਤਾਂ ਅਜਿਹੀ ਹੋਣੀ ਨੇ ਉਸ ਨੂੰ ਮੂਲੋਂ ਮੁਕਾ ਦੇਣਾ ਸੀ। ਇਨ੍ਹਾਂ ਪੰਜਾਬੀਆਂ ਦੇ ਸਿਰੜ ਅੱਗੇ ਨਤਮਸਤਕ ਹੁੰਦਿਆਂ ਸਵਰਾਜਬੀਰ ਅਤੇ ਹਰਵਿੰਦਰ ਨੇ ਲਿਖਿਆ ਹੈ, “ਦੇਸ਼ ਦੀ ਵੰਡ ਦਾ ਬੋਝ ਚੁੱਕਦੇ ਹੋਏ ਪੰਜਾਬੀ ਪੱਛਮੀ ਪੰਜਾਬ ਤੋਂ ਦਿੱਲੀ ਅਤੇ ਭਾਰਤ ਦੇ ਹੋਰ ਇਲਾਕਿਆਂ ਵਿੱਚ ਪਹੁੰਚੇ ਤੇ ਆਪਣੀ ਮਿਹਨਤ ਤੇ ਮੁਸ਼ੱਕਤ ਨਾਲ ਉਨ੍ਹਾਂ ਦਿੱਲੀ ਦੀ ਵਪਾਰਕ ਤੇ ਸਮਾਜਿਕ ਜ਼ਿੰਦਗੀ ਵਿੱਚ ਗੌਰਵਮਈ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ ਵੰਡ ਦੀ ਹੋਣੀ ਦਾ ਹੌਂਸਲੇ ਨਾਲ ਮੁਕਾਬਲਾ ਕਰਦਿਆਂ, ਇਸ ਨੂੰ ਵੰਡਦਿਆਂ-ਵੰਡਾਉਂਦਿਆਂ ਦਿੱਲੀ ਦੀ ਆਰਥਿਕਤਾ ਤੇ ਵਿਕਾਸ ਵਿੱਚ ਵੱਡਾ ਹਿੱਸਾ ਪਾਇਆ। ਇਤਿਹਾਸ ਦੀ ਇੰਨੀ ਵੱਡੀ ਤਰਾਸਦੀ ਨੂੰ ਸਹਿ ਕੇ ਆਏ ਪੰਜਾਬੀਆਂ ਕੋਲ ਨਾ ਆਪਣੀ ਭਾਸ਼ਾ ਵੱਲ ਧਿਆਨ ਦੇਣ ਦਾ ਸਮਾਂ ਸੀ ਤੇ ਨਾ ਹੀ ਆਪਣੇ ਸੱਭਿਆਚਾਰ ਵੱਲ…ਦਿੱਲੀ ਵਿੱਚ ਪੰਜਾਬੀ ਬੋਲਦਾ ਬੰਦਾ ਪੰਜਾਬ ਦਾ ਪੰਜਾਬੀ ਨਹੀਂ, ਸਗੋਂ ਦਿੱਲੀ ਦਾ ਪੰਜਾਬੀ ਬੋਲਣ ਵਾਲਾ ਬੰਦਾ ਬਣ ਗਿਆ…।” ਦਿੱਲੀ ਦੇ ਵਪਾਰ ਵਿੱਚ ਖੁੱਭ ਜਾਣ ਵਾਲੇ ਪੰਜਾਬੀ, ਖ਼ਾਸ ਤੌਰ ’ਤੇ ਅਗਲੀਆਂ ਪੀੜ੍ਹੀਆਂ ਹੌਲੀ-ਹੌਲੀ ਆਪਣੇ ਵਿਰਸੇ ਨਾਲੋਂ ਟੁੱਟਣੇ ਸ਼ੁਰੂ ਹੋ ਗਏ। ਉਨ੍ਹਾਂ ਨੂੰ ਸੱਭਿਆਚਾਰਕ ਅਮੀਰੀ ਨਾਲੋਂ ਆਰਥਿਕ ਅਮੀਰੀ ’ਤੇ ਵੱਧ ਮਾਣ ਹੋਇਆ। ਅੰਮ੍ਰਿਤ ਕੌਰ ਅੰਮ੍ਰਿਤਾ ਬਣ ਗਈ ਅਤੇ ਬਠਿੰਡੇ ਦਾ ਗਰਗ, ਗਾਰਗੀ ਬਣ ਗਿਆ। ਕਿਸੇ ਵੇਲੇ ਦਿੱਲੀ ਵਿੱਚ ਸੱਤਰ ਫ਼ੀਸਦੀ ਵਾਲੇ ਪੰਜਾਬੀਆਂ ਦੀ ਤਦਾਦ ਘਟਣ ਲੱਗ ਪਈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਮੁਖੀ ਦੇ ਨਾਲ-ਨਾਲ ਦੇਵਨਾਗਰੀ ਵਿੱਚ ਮੁਖਵਾਕ ਲਿਖਣੇ ਮਜਬੂਰੀ ਬਣ ਗਿਆ। ਇੱਕ ਸਮਾਂ ਸੀ ਜਦੋਂ ਗੁਰੂ ਅਰਜਨ ਦੇਵ ਨੇ ਦੇਸ਼ ਭਰ ਦੀ ਭਗਤੀ ਲਹਿਰ ਦਾ ਲਿਪੀਅੰਤਰ ਗੁਰਮੁਖੀ ਵਿੱਚ ਕੀਤਾ ਸੀ। ਦਿੱਲੀ ਦੀ ਵਰਤਮਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਤੋਂ ਅਵੇਸਲੀ ਲੱਗ ਰਹੀ ਹੈ। ਅਜਿਹੇ ਅਵੇਸਲੇਪਣ ਦਾ ਸਿੱਟਾ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਵਿੱਚੋਂ ਪੰਜਾਬੀ ਨੂੰ ਮਨਫ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਫ਼ੈਸਲਾ ਹੈ। ਇਸ ਵਿਸ਼ਵ-ਵਿਦਿਆਲੇ ਵੱਲੋਂ ਪ੍ਰਸਤਾਵਤ  ਨਵੇਂ ਚਾਰ-ਸਾਲਾ ਗਰੈਜੂਏਸ਼ਨ ਪ੍ਰੋਗਰਾਮ ਵਿੱਚ ਪੰਜਾਬੀ ਭਾਸ਼ਾ ਅਤੇ ਹੋਰ ਭਾਰਤੀ ਭਾਸ਼ਾਵਾਂ (ਉਰਦੂ, ਤਾਮਿਲ ਅਤੇ ਬੰਗਲਾ ਆਦਿ) ਨੂੰ ਬੇਹੱਦ ਨੁਕਸਾਨ ਪਹੁੰਚਿਆ ਹੈ। ਨਵਾਂ ਸਿਲੇਬਸ ਬਣਾਉਣ ਲੱਗਿਆਂ ਯੂਨੀਵਰਸਿਟੀ ਨੇ ਇਹ ਸੋਚਿਆ ਹੀ ਨਹੀਂ ਕਿ ਇਸ ਫ਼ੈਸਲੇ ਨਾਲ ਪੰਜਾਬੀਆਂ ਨੂੰ ਕਿੰਨਾ ਵੱਡਾ ਸੱਭਿਆਚਾਰਕ ਖੋਰਾ ਲੱਗੇਗਾ। ਸਵਰਾਜਬੀਰ ਅਤੇ ਹਰਵਿੰਦਰ ਵੱਲੋਂ ਇਹ ਮੁੱਦਾ ਚੁੱਕੇ ਜਾਣ ਦੀ ਦੇਰ ਸੀ ਕਿ ਪੰਜਾਬੀ ਦੇ ‘ਖੈਰ-ਖਵਾਹਾਂ’ ਦੀ ਬਿਆਨਬਾਜ਼ੀ ਸ਼ੁਰੂ ਹੋ ਗਈ। ਪਹਿਲਾਂ ਵਾਂਗ ਬਹੁਤੇ ਬਿਆਨ ਸਿੱਖ ਜਥੇਬੰਦੀਆਂ ਦੇ ਆਏ ਜਿਸ ਤੋਂ ਮੁੜ ਪ੍ਰਭਾਵ ਪੈਂਦਾ ਹੈ ਜਿਵੇਂ ਉਹ ਇਕੱਲੇ ਹੀ ਮਾਂ ਬੋਲੀ ਦੇ ਠੇਕੇਦਾਰ ਹੋਣ। ਸੰਤਾਲੀ ਵੇਲੇ ਦਰਿਆਵਾਂ ਨੂੰ ਵੰਡਣ ਤੋਂ ਪਹਿਲਾਂ ਹੀ ਪੰਜਾਬੀ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੋ ਗਈਆਂ ਸਨ। ਸੌੜੀ ਸੋਚ ਵਾਲਿਆਂ ਨੇ ਧਰਮ ਦੇ ਨਾਂ ਹੇਠ ਮਾਂ ਬੋਲੀ ਨੂੰ ਫ਼ਿਰਕੂ ਵਲਗਣਾਂ ਵਿੱਚ ਬੰਨ੍ਹਣਾ ਸ਼ੁਰੂ ਕਰ ਦਿੱਤਾ ਸੀ। ਅੱਜ ਵੀ ਇਹੋ ਜਿਹਾ ਪ੍ਰਭਾਵ ਦਿੱਤਾ ਜਾ ਰਿਹਾ ਹੈ ਜਿਵੇਂ ਪੰਜਾਬੀ ਸਿਰਫ਼ ਇੱਕ ਫ਼ਿਰਕੇ ਦੀ ਬੋਲੀ ਹੋਵੇ। ਠੰਢੇ ਦਿਮਾਗ਼ ਨਾਲ ਵਿਚਾਰਿਆ ਜਾਵੇ ਤਾਂ ਗੱਲ ਸਮਝ ਆ ਸਕਦੀ ਹੈ ਕਿ ਕੋਈ ਵੀ ਪੰਜਾਬੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਾ ਹੈ ਤਾਂ ਉਹ ਆਪਣੀ ਭਾਵਨਾ ’ਚੋਂ ਸ਼ਿਵ ਕੁਮਾਰ, ਧਨੀ ਰਾਮ ਚਾਤ੍ਰਿਕ, ਫ਼ਿਰੋਜ਼ਦੀਨ ਸ਼ਰਫ਼ ਅਤੇ ਨੰਦ ਨਾਲ ਨੂਰਪੁਰੀ ਵਰਗੇ ਪੰਜਾਬੀ ਦੇ ਮਹਾਨ ਸਪੁੱਤਰਾਂ ਨੂੰ ਮਨਫ਼ੀ ਕਰ ਕੇ ਨਹੀਂ ਵੇਖਦਾ। ਫ਼ਿਰਕੂ ਜ਼ਹਿਨੀਅਤ ਤੋਂ ਜ਼ਰਾ ਕੁ ਉਪਰ ਉੱਠਣ ਤੋਂ ਬਾਅਦ ਇਤਿਹਾਸ ਦੇ ਵਰਕੇ ਫਰੋਲੀਏ ਤਾਂ ਪਤਾ ਲੱਗ ਜਾਵੇਗਾ ਕਿ ਪੰਜਾਬੀ ਦੀ ਹੋਂਦ ਸਿੱਖ ਮਤ ਦੀ ਆਮਦ ਤੋਂ ਕਈ ਸਦੀਆਂ ਪਹਿਲਾਂ ਵੀ ਸੀ। ਪੰਜਾਬੀ ਨੇ ਆਪਣਿਆਂ ਅਤੇ ਬੇਗਾਨਿਆਂ ਕਰਕੇ ਸੰਤਾਪ ਹੰਢਾਇਆ ਹੈ। ਸ਼ਿਵ ਦੇ ਕਹਿਣ ਵਾਂਗ- ਮੈਂ ਉਹ ਚੰਦਰੀ ਡੋਲੀ ਜਿਸ ਦੀ ਲੁੱਟ ਲਈ ਆਪ ਕਹਾਰਾਂ। ਚੌਮੁਖੀਏ ਦੀਵੇ, ਬੇਮੁਖੀਏ ਹੋ ਜਾਣ ਤਾਂ- ਘਰ ਕੋ ਲਗੀ ਆਗ, ਘਰ ਕੇ ਚਿਰਾਗ਼ ਸੇ, ਵਾਲੀ ਸਥਿਤੀ ਬਣ ਜਾਂਦੀ ਹੈ। ਜਿਹੜੇ ਦਰਿਆਵਾਂ ਨੇ ਜਿਸ ਧਰਤੀ ਨੂੰ ਸਾਂਝੇ ਤੌਰ ’ਤੇ ਸਿੰਜ ਕੇ ਪੰਜ-ਆਬ ਬਣਾਇਆ ਸੀ, ਖ਼ੁਦ ਵੰਡੇ ਗਏ। ਸ਼ਾਹਮੁਖੀ, ਗੁਰਮੁਖੀ, ਦੇਵਨਾਗਰੀ ਅਤੇ ਰੋਮਨ ਲਿਪੀਆਂ ਵਿੱਚ ਵੰਡੀ ਹੋਈ ਪੰਜਾਬੀ ਆਪਣੇ ਅਸਲ ਘਰ ਦਾ ਸਿਰਨਾਵਾਂ ਭੁੱਲ ਕੇ ਦਰ-ਬ-ਦਰ ਭਟਕ ਰਹੀ ਹੈ। ਹਿਮਾਚਲ ਦੀ ਦੇਵ ਭੂਮੀ ਤੋਂ ਨਿਕਲਣ ਵਾਲੇ ਦਰਿਆ ਵੀ ਪਸ਼ੇਮਾਨ ਹਨ। ਦੇਵ ਭੂਮੀ ਖ਼ੁਦ ਪੰਜਾਬੀ ਨੂੰ ਆਪਣੀ ਬੋਲੀ ਮੰਨਣ ਤੋਂ ਇਨਕਾਰੀ ਹੈ। ਪੰਜਾਬ ਤੋਂ ਵੱਖ ਹੋਏ ਹਰਿਆਣਾ ਨੇ ਅੱਧੀ ਸਦੀ ਤੋਂ ਵੱਧ ਦੱਖਣੀ ਭਾਰਤ ਦੀ ਤੇਲਗੂ ਨੂੰ ਕੁੱਛੜ  ਚਾਈ ਰੱਖਿਆ। ਲੰਮੀ ਜਦੋਜਹਿਦ ਤੋਂ ਬਾਅਦ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਣ ਦੇ ਬਾਵਜੂਦ ਇਸ ਨੂੰ ਹਾਲੇ ਤਕ ਦਿਲੋਂ ਨਹੀਂ ਅਪਣਾਇਆ ਗਿਆ। ਵਿਛੜੇ ਦਰਿਆਵਾਂ ’ਤੇ ਸਾਂਝੇ ਪੁਲ਼ ਬਣਾ ਕੇ ਹੀ ਪੰਜਾਬੀਅਤ ਦੇ ਵਿਰਸੇ ਨੂੰ ਸਾਂਭਿਆ ਜਾ ਸਕਦਾ ਹੈ। ਅਜਿਹੇ ਯਤਨ ਨਾ ਕੀਤੇ ਗਏ ਤਾਂ ਫ਼ਾਰਸੀ ਵਾਂਗ ਪੰਜਾਬੀ ਭਾਸ਼ਾ ਦਾ ਮੁਤਾਲਿਆ ਕਰਨ ਵਾਲੇ ਵਿਦਵਾਨ ਵੀ ਘੱਟ ਗਿਣਤੀ ਵਿੱਚ ਰਹਿ ਜਾਣਗੇ।

 

ਵਰਿੰਦਰ ਵਾਲੀਆ

12 Jul 2013

Reply