|
ਬਿਸਕੁਟ ਖਾਣ ਕਤੂਰੇ |
ਗੂੰਗੀ ਪਰਜ਼ਾ ਰਾਜੇ ਬੋਲੇ , ਕਿਥੋਂ ਕੋਈ ਨਿਆਂ ਨੂੰ ਟੋਹਲੇ , ਹੱਕ ਮੰਗਦਿਆਂ ਗੋਲੀ ਮਿਲਦੀ , ਰੋਟੀ ਮੰਗੀਏ ਹੂਰੇ । ਬਾਲਕ ਜਿੱਥੇ ਭੁੱਖ਼ੇ ਮਰਦੇ , ਬਿਸਕੁਟ ਖਾਣ ਕਤੂਰੇ ॥
• ਜਾਦੂਗਰ ਦਾ ਬਣੇ ਤਮਾਸ਼ਾ , ਵੱਧ ਗਈ ਬੇਰੁਜ਼ਗਾਰੀ । ਭੀੜ ਇਕੱਠੀ ਕਰਨ ਨੂੰ ਵੱਜਦੀ , ਡੁੱਗ ਡੁੱਗੀ ਸਰਕਾਰੀ । ਬਾਂਦਰ ਨਾਚ ਨਚਾਉਂਦੇ ਨੇਤਾ , ਨੱਚੀਏ ਵਾਂਗ ਜਮੂਰੇ । ਬਾਲਕ ਜਿੱਥੇ ਭੁੱਖੇ ਮਰਦੇ , ਬਿਸਕੁੱਟ ਖਾਣ ਕਤੂਰੇ ॥
• ਅੰਬਰਾਂ ਨੂੰ ਮਹਿੰਗਾਈ ਛੂਹ ਗਈ, ਲੰਬੀਆਂ ਪੁੱਟ ਪੁਲਾਂਘਾਂ । ਭੁੱਖੇ ਢਿੱਡ ਹੁਣ ਕਿਵੇਂ ਸੁਣਾਵੇ , ਕੁੱਕੜ ਤੜਕੇ ਵਾਂਗਾਂ । ਮਹਿੰਗਾਈ , ਬੇਰੁਜ਼ਗਾਰੀ ਲੱਗੀਆਂ , ਜਿੱਦ ਜਿੱਦ ਲੰਘਣ ਮੂਹਰੇ । ਬਾਲਕ ਜਿੱਥੇ ਭੁੱਖੇ ਮਰਦੇ , ਬਿਸਕੁੱਟ ਖਾਣ ਕਤੂਰੇ ॥
* ਹੁਸਨ ਸੁਹੱਪਣ ਰੱਬ ਦੀ ਰਹਿਮਤ , ਬਹੁਤਾ ਨਾ ਚਮਕਾ ਤੂੰ । ਪਾੜ ਖਾਣੀਆਂ ਨਜ਼ਰਾਂ ਕੋਲੋਂ , ਖ਼ੁਦ ਨੂੰ ਕੁੜੇ ਬਚਾ ਤੂੰ । ਇੱਜ਼ਤਾਂ ਤਾਈਂ ਡੰਗ ਜਾਣ ਨਾ , ਹਵਸੀ ਖ਼ੰਜ ਖ਼ੰਜੂਰੇ । ਬਾਲਕ ਜਿੱਥੇ ਭੁੱਖੇ ਮਰਦੇ , ਬਿਸਕੁੱਟ ਖਾਣ ਕਤੂਰੇ ॥
• ਅੱਜ ਦੇ ਯੁੱਗ ਪਰੀਵਾਰ ਪਾਲਣਾ , ਹਰ ਬੰਦੇ ਨੂੰ ਔਖ਼ਾ । ਅੰਦਰੋਂ ਹਰ ਇੱਕ ਵਿੱਚ ਚਿੰਤਾਂ ਦੇ , ਉਂਝ ਵੇਖ਼ਣ ਨੂੰ ਸੌਖ਼ਾ । ਰੁੱਖ਼ੀ ਮਿਸੀ ਖਾ ਲੈ ਭਲਿਆ , ਭਾਲ ਨਾ ਸ਼ੱਕਰ ਬੂਰੇ । ਬਾਲਕ ਜਿੱਥੇ ਭੁੱਖੇ ਮਰਦੇ , ਬਿਸਕੁੱਟ ਖਾਣ ਕਤੂਰੇ ॥
• ਪੱਖ਼ੀ ਝੱਲ ਕੇ ਗਰਮੀ ਕੱਟ ਲੈ , ਅੱਗ ਸੇਕ ਕੇ ਸਰਦੀ । ਤੇਰੀ ਗਰਮੀ ਸਰਦੀ ਲਈ , ਸਰਕਾਰ ਨਹੀ ਕੁੱਝ ਕਰਦੀ । ਤਨ ਦੇ ਕਪੜੇ ਲਾਹੁਣ ਨੂੰ ਫਿਰਦੀ , ਭਾਲ ਨਾ ਕੰਬਲ ਭੂਰੇ । ਬਾਲਕ ਜਿੱਥੇ ਭੁੱਖੇ ਮਰਦੇ , ਬਿਸਕੁੱਟ ਖਾਣ ਕਤੂਰੇ ॥
• ਜ਼ਜ਼ਬਾਤਾਂ ਦਾ ਗਲਾ ਦਬਾ ਲੈ, ਜੇ ਹੈ ਸੌਖ਼ਾ ਰਹਿਣਾ । ਤੇਰੇ ਮੁਰਦਾਬਾਦ ਕਹਿਣ ਦਾ , ਰੱਤੀ ਫਰਕ ਨਹੀਂ ਪੈਣਾ । ਵਾਅਦੇ ਸਿਰਫ਼ ਕਿਤਾਬੀ ਗੱਲਾਂ , ਕਰਨ ਨਾ ਨੇਤਾ ਪੂਰੇ । ਬਾਲਕ ਜਿੱਥੇ ਭੁੱਖੇ ਮਰਦੇ , ਬਿਸਕੁੱਟ ਖਾਣ ਕਤੂਰੇ ॥
• ਗ਼ਰੀਬੀ ਰੇਖ਼ਾ ਤੋਂ ਥੱਲੇ ਵਾਲਾ , ਹੈ ਜੋ ਸ਼ਬਦ " ਘੁਮਾਣਾ"। ਇਸ ਰੇਖ਼ਾ ਨੇ ਕਦੇ ਨਾ ਮਿੱਟਣਾ , ਮਿੱਟੂ ਗ਼ਰੀਬ ਨਿਮਾਣਾ । ਗ਼ਰੀਬਾਂ ਦੇ ਤਾਂ ਸੁਪਨੇ ਭਲਿਆ , ਰਹਿੰਦੇ ਸਦਾ ਅਧੂਰੇ । ਬਾਲਕ ਜਿੱਥੇ ਭੁੱਖੇ ਮਰਦੇ , ਬਿਸਕੁੱਟ ਖਾਣ ਕਤੂਰੇ ॥
ਲੇਖਕ - ਜਰਨੈਲ ਘੁਮਾਣ,
|
|
23 Sep 2010
|