Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨਾਗਮਣੀ ਵਾਲੀ ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ ਨਾਲ ਮੈਂ ਟੀ.ਵੀ. ਤੇ ਰੇਡੀਓ ਲਈ ਬਹੁਤ ਪ੍ਰੋਗਰਾਮ ਕੀਤੇ। ਅੰਮ੍ਰਿਤਾ ਨੂੰ ਖੁਸ਼ ਕਰਨ ਲਈ ਨਹੀਂ, ਨਾ ਕੋਈ ਲਾਹਾ ਲੈਣ ਲਈ, ਬਸ ਸਿਰਫ ਰੇਡੀਓ ਟੀ.ਵੀ. ਦੀ ਪ੍ਰੋਡਕਸ਼ਨ ਦਾ ਅਨੁਭਵ ਤੇ ਅਨੰਦ ਲੈਣ ਖ਼ਾਤਰ! ਸਿਰਫ ਅੰਮ੍ਰਿਤਾ ਪ੍ਰੀਤਮ ਅਜਿਹੀ ਸ਼ਖ਼ਸੀਅਤ ਸੀ ਜਿਸ ਨੂੰ ਪਤਾ ਸੀ ਰੀਕਾਰਡਿੰਗ ਹੁੰਦੀ ਕੀ ਹੈ? ਨਹੀਂ ਤਾਂ ਕੋਈ ਇੰਟਰਵਿਊ ’ਚ ਖੰਘਣ ਲੱਗ ਪਏਗਾ, ਕੋਈ ਐਂਵੇ ਹਿੱਲੀ ਜਾਏਗਾ, ਕੋਈ ਮੂੰਹ ਟੇਢਾ ਕਰ ਲਏਗਾ, ਕੋਈ ਜ਼ਿਆਦਾ ਹੀ ਸਿੱਧਾ ਕਰ ਲਏਗਾ, ਜੇ ਇੰਟਰਵਿਊ ਕਰਨਾ ਹਾਰੀ ਸਾਰੀ ਦਾ ਕੰਮ ਨਹੀਂ ਤਾਂ ਇੰਟਰਵਿਊ ਦੇਣਾ ਵੀ ਹਾਰੀ ਸਾਰੀ ਦਾ ਕੰਮ ਨਹੀਂ। ਅੰਮ੍ਰਿਤਾ ਨੂੰ ਪਤਾ ਸੀ ਰੇਡੀਓ, ਟੀ.ਵੀ. ਹੈ ਕੀ? ਉਹ ਆਪ ਉਚ ਪਾਏ ਦੀ ਬਰਾਡਕਾਸਟਰ ਸੀ। ਇੱਕ ਗੱਲ ਸਪਸ਼ਟ ਹੁੰਦੀ ਅੰਮ੍ਰਿਤਾ ਦੀ- ‘‘ਮੈਂ ਸਵਾਲਾਂ ਦੇ ਜਵਾਬ ਲਿਖ ਕੇ ਦਿਆਂਗੀ! ਸਵਾਲ ਪਹਿਲਾਂ ਮੈਨੂੰ ਲਿਖ ਕੇ ਦਿਓ’’ ਮੈਨੂੰ ਬੜਾ ਗੁੱਸਾ ਆਇਆ। ਯਾਰ ਕਮਾਲ ਦੀ ਔਰਤ ਹੈ ਟੀ.ਵੀ. ’ਤੇ ਇੰਟਰਵਿਊ ਦੇਣਾ ਹੈ ਤੇ ਇਹ ਜਨਾਬ ਕਹਿ ਰਹੇ ਨੇ ਲਿਖ ਕੇ ਇੰਟਰਵਿਊ ਦਿਆਂਗੀ! ਏਦਾਂ ਸਵਾਹ ਇੰਟਰਵਿਊ ਹੋਏਗਾ? ਪਰ ਉਦੋਂ ਮੈਂਬਰ ਪਾਰਲੀਮੈਂਟ ਸੀ ਅੰਮ੍ਰਿਤਾ! ‘‘ਨਾਗਮਣੀ’’ ਦੀ ਸੰਪਾਦਕ। ਪੰਜਾਬੀ ਦੀ ਸਿਰਮੌਰ ਲੇਖਕ। ਪੰਜਾਬੀ ਨੂੰ ਪੂਰੇ ਹਿੰਦੁਸਤਾਨ ਤੇ ਫੇਰ ਦੁਨੀਆਂ ਦੀਆਂ ਹੋਰ ਜ਼ੁਬਾਨਾਂ ’ਚ ਖਿੱਚ ਕੇ ਲੈ ਜਾਣ ਵਾਲੀ ਅੰਮ੍ਰਿਤਾ ਅੰਮ੍ਰਿਤਾ ਹੋਈ ਪਈ ਸੀ ਉਨ੍ਹੀਂ ਦਿਨੀਂ ਤੇ ਮੈਂ ਕੌਣ ਹੁੰਦਾ ਉਸ ਦੀ ਆਖੀ ਮੋੜਨ ਵਾਲਾ? ਪਿਆਰ ਨਾਲ ਕਿਹਾ- ‘‘ਅੰਮ੍ਰਿਤਾ ਜੀ ਲਿਖ ਕੇ ਬੋਲਣਾ ਚੰਗਾ ਨਹੀਂ ਲੱਗੇਗਾ ਟੀ.ਵੀ. ਤੇ’’ ਮੱਥੇ ’ਤੇ ਤਿਉੜੀ ਪਾ ਲਈ। ਸਿਗਰਟ ਲਾ ਲਈ। ਰਜਾਈ ਦਾ ਪੱਲਾ ਗੋਡਿਆਂ ਹੇਠ ਨੱਪ ਲਿਆ। ਚੁੱਪ ਹੋ ਗਈ ਅੰਮ੍ਰਿਤਾ। ਮੈਨੂੰ ਡਰ ਲੱਗਣ ਲੱਗ ਪਿਆ ਅੰਮ੍ਰਿਤਾ ਦੀ ਚੁੱਪ ਤੋਂ। ਮੈਂ ਕਿਹਾ ਕੰਮ ਵਿਗੜ ਹੀ ਨਾ ਜਾਵੇ! ਜਲੰਧਰ ਤੋਂ ਰੀਕਾਰਡਿੰਗ ਲਈ ਆਏ ਹਾਂ, ਬਰੰਗ ਹੀ ਨਾ ਮੁੜਨਾ ਪਵੇ! ਪਰ ਮੇਰੀ ਅੰਮ੍ਰਿਤਾ ਨਾਲ ਪੁਰਾਣੀ ਸਾਂਝ ਸੀ। ਮੈਂ ਨਾਗਮਣੀ ਦਾ ਕਵੀ ਵੀ ਸਾਂ। ਰੇਡੀਓ ’ਤੇ ਵੀ ਇੰਟਰਵਿਊ ਕੀਤਾ ਸੀ ਦੋ ਤਿੰਨ ਵਾਰ। ਇਮਰੋਜ਼ ਵੀ ਕੋਲ ਬੈਠਾ ਸੀ, ਮਾੜੀ ਮੋਟੀ ਮਦਦ ਕਰਨ ਲਈ। ਇਮਰੋਜ਼ ਨੇ ਆਪਣਾ ਕੰਮ ਕੀਤਾ। ਚਾਹ ਲੈ ਆਂਦੀ! ਅੰਮ੍ਰਿਤਾ ਆਖਣ ਲੱਗੇ- ‘‘ਬੋਲ ਕੇ ਦਿੱਤੇ ਇੰਟਰਵਿਊ ਵਿਚ ਗੱਲਾਂ ਅਧੂਰੀਆਂ ਰਹਿ ਜਾਂਦੀਆਂ ਨੇ, ਕੱਚੀਆਂ! ਲਿਖ ਕੇ ਦਿੱਤੇ ਇੰਟਰਵਿਊ ਵਿਚ ਤੁਹਾਡੀ ਕਮਿਟਮੈਂਟ ਹੁੰਦੀ ਹੈ। ਇਹੀ ਫਰਕ ਹੈ ਬੋਲੇ ਤੇ ਲਿਖੇ ਦਾ। ਮੈਂ ਕਦੀ ਕੋਈ ਇੰਟਰਵਿਊ ਬੋਲ ਕੇ ਨਹੀਂ ਦਿੱਤਾ। ਮੈਂ ਅੰਮ੍ਰਿਤਾ ਦੀ ਇਸ ਜ਼ਿੱਦ ਅੱਗੇ ਹਾਰ ਗਿਆ। ਸਾਰੀ ਰਾਤ ਜਾਗ ਕੇ ਸੁਆਲ ਲਿਖੇ। ਅੰਮ੍ਰਿਤਾ ਨੇ ਕਮਾਲ ਕੀਤੀ ਦੋ ਰਾਤਾਂ ਜਾਗ ਕੇ ਜਵਾਬ ਲਿਖੇ। ਅਸੀਂ ਕਮਾਲ ਕੀਤਾ ਤਿੰਨ ਦਿਨ ਲਾ ਕੇ ਇੰਟਰਵਿਊ ਰੀਕਾਰਡ ਕੀਤਾ। ਰਿਕਾਰਡਿੰਗ ਤੋਂ ਪਤਾ ਹੀ ਨਹੀਂ ਲਗਦਾ ਕਿ ਇੰਟਰਵਿਊ ਲਿਖ ਕੇ ਦਿੱਤਾ ਹੈ ਕਿ ਬੋਲ ਕੇ। ਏਹੀ ਕਮਾਲ ਸੀ ਅੰਮ੍ਰਿਤਾ ਦਾ। ਇੱਕ ਇੱਕ ਲਫ਼ਜ਼ ਸਾਫ। ਨਿੱਕੀ ਪਹਾੜੀ ਨਦੀ ਦੇ ਕਿਨਾਰੇ ਬੈਠੇ ਪਾਣੀ ਅੰਦਰ ਦਿਸਦੀਆਂ ਰੰਗ ਬਰੰਗੀਆਂ ਸਾਫ ਸ਼ਫਾਫ਼ ਗੋਲਾਈਦਾਰ ਵੱਟੀਆਂ ਵਾਂਗ। ਹੀਰਿਆਂ ਮੋਤੀਆਂ ਦੀ ਲੜੀ ਵਰਗੀਆਂ ਸਤਰਾਂ, ਸ਼ਬਦ, ਬੋਲ। ਸੰਨ 1986 ਵਿੱਚ ਰਿਕਾਰਡ ਕੀਤਾ ਇਹ ਪ੍ਰੋਗਰਾਮ ਮੇਰੀ ਜ਼ਿੰਦਗੀ ਦਾ ਬੇਹਤਰੀਨ ਪ੍ਰੋਗਰਾਮ ਹੋ ਨਿਬੜਿਆ। ਪ੍ਰੋਫੈਸ਼ਨਲ ਤੇ ਟੈਕਨੀਕਲੀ ਸੁਪਰਬ! ਇਹ ਮੁਲਾਕਾਤ ਉਸੇ ਦਾ ਟਰਾਂਸਕਰਾਇਬਡ ਰੂਪ ਹੈ: ਅੰਮ੍ਰਿਤਾ ਪ੍ਰੀਤਮ ਨਾਲ ਗੱਲਾਂ

08 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


? ਲਓ ਗੱਲ ਤੁਹਾਡੇ ਬਚਪਨ ਤੋਂ ਸ਼ੁਰੂ ਕਰਦੇ ਹਾਂ- ਉਸ ਘੜੀ, ਥਿਤ ਵਾਰ, ਤੇ ਉਸ ਵੇਲੇ ਵਕਤ ਬਾਰੇ ਦੱਸੋ, ਜਦੋਂ ਤੁਸੀਂ ਇਸ ਦੁਨੀਆਂ ਵਿੱਚ ਪਹਿਲਾ ਸਾਹ ਲਿਆ। ਤੇ ਇਹ ਵੀ ਦੱਸੋ ਕਿ ਉਹ ਕਿਹੜਾ ਸ਼ਹਿਰ-ਗਰਾਂ ਸੀ, ਜਿਥੇ ਤੁਹਾਡਾ ਜਨਮ ਹੋਇਆ?
- ਇਨਸਾਨ ਦੇ ਪੈਦਾ ਹੋਣ ਦਾ ਵਾਕਿਆ, ਅਜੀਬ ਵਾਕਿਆ ਹੁੰਦਾ ਏ, ਇਹ ਘਟਨਾ ਉਹਦੇ ਹੱਡੀਂ ਵਾਪਰਦੀ ਏ, ਤੇ ਉਹ ਕੱਲਾਕਾਰਾ ਇਕੋ ਇਨਸਾਨ ਹੁੰਦਾ ਏ, ਜੋ ਇਸ ਘਟਨਾ ’ਤੇ ਰੋਂਦਾ ਏ, ਪਰ ਉਹੀਉ ਕੱਲਾਕਾਰਾ ਹੁੰਦਾ ਏ, ਜਿਹਨੂੰ ਇਹ ਪਤਾ ਹੁੰਦਾ ਕਿ ਇਹ ਘਟਨਾ ਕਿੱਥੇ ਵਾਪਰੀ ਸੀ? ਤੇ ਉਦੋਂ ਵੇਲਾ ਵਕਤ ਕੀ ਸੀ? ਏਸ ਲਈ ਸੁਣੀ ਸੁਣਾਈ ਗੱਲ ਦਸਦੀ ਹਾਂ ਕਿ ਮੇਰੀ ਨਾਨੀ ਆਖਦੀ ਹੁੰਦੀ ਸੀ- ਨੀ ਤੂੰ ਜਦੋਂ ਜੰਮੀ, ਮੀਂਹ ਕਣੀ ਦੇ ਦਿਨਾਂ ਵਿਚ, 15 ਭਾਦਰੋਂ ਨੂੰ, ਉਦੋਂ ਦੇਵਤੇ ਸੁੱਤੇ ਪਏ ਸਨ…
ਇਹ ਮੈ ਪਿੱਛੋਂ ਸੁਣਿਆ ਕਿ ਸ਼ਿਸ਼ਰ, ਵਸੰਤ ਤੇ ਗ੍ਰੀਸ਼ਮ ਤਿੰਨ ਰੁੱਤਾਂ ਦੇਵਤਿਆਂ ਦਾ ਦਿਨ ਹੁੰਦੀਆਂ ਨੇ, ਤੇ ਵਰਸ਼ਾ, ਸ਼ਰਦ ਤੇ ਹੇਮੰਤ, ਇਹ ਤਿੰਨ ਰੁੱਤਾਂ ਦੇਵਤਿਆਂ ਦੀ ਰਾਤ ਹੁੰਦੀਆਂ ਨੇ, ਜਦੋਂ ਉਹ ਸੁੱਤੇ ਰਹਿੰਦੇ ਨੇ…
15 ਭਾਦਰੋਂ ਦਾ ਹਿਸਾਬ ਲਾਈਏ ਤਾਂ 31 ਅਗਸਤ ਬਣਦਾ ਏ। ਤੇ ਕਹਿੰਦੇ ਨੇ ਸਾਲ 1919 ਸੀ, ਜਦੋਂ ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਹੋਇਆ ਸੀ…
ਤੇ ਜੇ ਅੱਗੋਂ ਪੁੱਛੋਂ ਪਈ ਮੈਂ ਸਾਰੀ ਉਮਰ ਕੀ ਸੋਚਦੀ ਰਹੀ, ਤੇ ਕੀ ਲਿਖਦੀ ਰਹੀ, ਤਾਂ ਮੈਨੂੰ ਜਾਪਦਾ ਏ ਕਿ ਇਹ ਮੇਰੀ ਉਮਰ ਜਿੰਨਾ ਲੰਬਾ ਜਤਨ ਏ, ਉਨ੍ਹਾਂ ਦੇਵਤਿਆਂ ਨੂੰ ਜਗਾਣ ਦਾ, ਜੋ ਇਨਸਾਨ ਦੇ ਅੰਦਰ ਸੌਂ ਗਏ ਨੇ…
ਤੇ ਦੂਜੀ ਗੱਲ ਜਿਹੜੀ ਤੁਸਾਂ ਪੁੱਛੀ ਏ, ਪਈ ਉਹ ਪਿੰਡ ਗਿਰਾਂ ਕਿਹੜਾ ਸੀ, ਜਿੱਥੇ ਜੰਮੀ ਸਾਂ? ਜਾਪਦਾ ਏ, ਜਦੋਂ ਮੈਂ ਆਪਣੀ ਜ਼ਿੰਦਗੀ ਦੀ ਦਾਸਤਾਨ ਇੱਕ ਨਜਮ ਵਿੱਚ ਲਿਖੀ ਸੀ, ਤਾਂ ਉਹਦੇ ਵਿੱਚ ਆਖਿਆ ਸੀ ਕਿ-
ਪੱਥਰਾਂ ਦੇ ਨਗਰ ਵਿਚ ਜੋ ਵਾਰਿਸ ਨੇ ਅੱਗ ਬਾਲੀ ਸੀ
ਇਹ ਮੇਰੀ ਅੱਗ ਵੀ ਉਸੇ ਦੀ ਜਾਂਨਸ਼ੀਨ ਹੈ
ਅੱਗ-ਅੱਗ ਦੀ ਵਾਰਿਸ…
ਤਾਂ ਇਹ ਸੱਚੀ ਗੱਲ ਹੀ ਆਖੀ। ਵਾਰਿਸ ਸ਼ਾਹ ਜੰਡਿਆਲੇ ਦਾ ਸੀ, ਜ਼ਿਲ੍ਹਾ ਗੁੱਜਰਾਂਵਾਲੇ ਦਾ, ਤੇ ਮੈਂ ਖ਼ਾਸ ਗੁਜਰਾਂ ਵਾਲੇ ਦੀ…
? ਉਸ ਪਲ ਦਾ ਜ਼ਿਕਰ ਕਰੋ ਜਦੋਂ ਤੁਹਾਡੇ ਸਾਹਾਂ ਵਿੱਚ ਕੋਈ ਮਹਿਕ ਰਲੀ ਹੋਵੇ, ਤੇ ਤੁਹਾਨੂੰ ਉਸ ਪਲ ਅਹਿਸਾਸ ਹੋਇਆ ਹੋਵੇ ਕਿ ਇਸੇ ਪਲ ਦਾ ਨਾਂ ਜਵਾਨੀ ਹੈ……
- ਪੂਰੇ ਯਾਰ੍ਹਾਂ ਵਰ੍ਹਿਆਂ ਦੀ ਨਹੀਂ ਸਾਂ, ਜਦੋਂ ਮੇਰੀ ਮਾਂ, ਇਸ ਦੁਨੀਆ ਤੇ ਨਹੀਂ ਸੀ ਰਹੀ। ਤੇ ਮੈਂ ਰਾਤੀ ਘਰ ਦੀ ਛੱਤ ਉੱਤੇ, ਜਦੋਂ ਚੰਨ ਨੂੰ ਵੇਖਦੀ ਸਾਂ, ਜਾਪਦਾ ਸੀ, ਉਹਦੇ ਵਿੱਚ ਮੇਰੀ ਮਾਂ ਦਾ ਨਾਂ ਲਿਖਿਆ ਹੋਇਆ ਏ- ਰਾਜ। ਉਹ ਦੋਵੇਂ ਅੱਖਰ ਮੈਨੂੰ ਚੰਨ ਦੇ ਕਾਗਜ਼ ਉੱਤੇ ਲਿਖੇ ਹੋਏ ਦਿਸਦੇ ਸਨ। ਫੇਰ ਪਤਾ ਨਹੀਂ ਕਦੋਂ, ਉਹਨਾਂ ਵਿੱਚ ਤੀਜਾ ਅੱਖਰ ਰਲ ਗਿਆ, ਤੇ ਮੈਨੂੰ ਜਾਪਣ ਲੱਗ ਪਿਆ ਕਿ ਚੰਨ ਦੇ ਕਾਗਜ਼ ਉੱਤੇ ਰਾਜਨ ਲਿਖਿਆ ਹੋਇਆ ਏ। ਜਾਪਦਾ ਏ- ਜਦੋਂ ਮੈਂ ਪਹਿਲੀ ਵਾਰ ਚੰਨ ਉੱਤੇ ਲਿਖਿਆ ਹੋਇਆ ਇਹ ਹਰਫ਼ ਪੜ੍ਹਿਆ ਸੀ, ਆਪਣੇ ਮਹਿਬੂਬ ਦਾ ਨਾਂ, ਆਪਣੇ ਜ਼ੇਹਨੀ ਤਸੱਵਰ ਦਾ, ਉਸ ਦਿਨ ਮੈਨੂੰ ਜਵਾਨੀ ਚੜ੍ਹੀ ਸੀ…
ਜਿਸ ਰਾਤ ਦੇ ਹੋਠਾਂ ਨੇ ਕਦੇ ਸੁਪਨੇ ਦਾ ਮੱਥਾ ਚੁੰਮਿਆ
ਸੋਚਾਂ ਦੇ ਪੈਰੀਂ ਛਣਕਦੀ ਇਕ ਝਾਂਜਰ ਜਹੀ ਉਸ ਰਾਤ ਦੀ…
? ਤੁਸਾਂ ਨਾਗਮਣੀ ਵਿਚ ਇਕ ਵਾਰ ਲੇਖਕਾਂ ਨੂੰ ਸਵਾਲ ਪਾਇਆ ਸੀ ਕਿ ਉਹ ਆਪਣੀ ਪਹਿਲੀ ਮੁਹੱਬਤ ਦਾ ਜ਼ਿਕਰ ਕਰਨ! ਤੇ ਉਸ ਨਾਗਮਣੀ ਅੰਕ ਨੂੰ ਤੁਸਾਂ ਪਹਿਲਾ ਚੇਤਰ ਆਖਿਆ ਸੀ। ਤੁਸੀਂ ਆਪਣੇ ਪਹਿਲੇ ਚੇਤਰ ਦਾ ਨਾਂ ਦੱਸੋਗੇ?
- ਰੋਜ਼ ਅਜ਼ਲ ਦੇ ਦਿਨ ਨਿਕਾਹ ਬੱਧਾ…
ਏਸੇ ਲਈ ਆਖਿਆ ਸੀ-
ਮੈਂ ਜਨਮ ਜਨਮ ਦੀ ਦ੍ਰੋਪਦੀ-
ਮੈਂ ਪੰਜ ਤੱਤ ਦੀ ਕਾਇਆ, ਪੰਜ ਤੱਤ ਪਰਣਾਈ…
ਤੇ ਜਿਹੜੀ ਗੱਲ ਮੁਹੱਬਤ ਦੀ ਪੁੱਛੀ ਜੇ, ਉਹਦੀ ਇਬਤਦਾ ਦਾ ਨਾਂ ਸੀ- ਸਾਹਿਰ, ਤੇ ਉਹਦੀ ਇਨਤਹਾ ਦਾ ਨਾਂ ਏ- ਇਮਰੋਜ਼।
ਗੱਲ ਇਹ ਸੀ ਕਿ ਸੂਫ਼ੀ ਸ਼ਾਇਰਾਂ ਦਾ ਕਲਾਮ ਮੇਰੀ ਰੂਹ ਵਿਚ ਵੱਸਿਆ ਹੋਇਆ ਸੀ, ਇਹ ਬੋਲ ਵੀ ਕੰਨਾਂ ਵਿਚ ਸਨ ਕਿ ਰੱਬ ਮਿਲਿਆ, ਰਾਂਝਣ ਨਾ ਮਿਲਿਆ, ਰੱਬ ਰਾਂਝੇ ਵਰਗਾ ਨਾਹੀਂ। ਏਸ ਲਈ ਪਹਿਲੋਂ ਰਾਂਝੇ ਨੂੰ ਤੇ ਫੇਰ ਰੱਬ ਨੂੰ ਮਿਲਣਾ ਸੀ, ਪਈ ਰੱਬ ਦੀ ਕਿਤੇ ਤੌਹੀਨ ਨਾ ਹੋ ਜਾਏ ਤੇ ਮੈਂ ਆਖਾਂ ਕਿ ਰੱਬ ਰਾਂਝੇ ਵਰਗਾ ਨਾਹੀਂ…
ਏਸ ਲਈ ਦੀਵਾਨਗੀ ਦਾ ਆਲਮ ਵੇਖਿਆ, ਸਾਹਿਰ ਦੀ ਸੂਰਤ ਵਿਚ ਵੀ ਤੇ ਇਮਰੋਜ਼ ਦੀ ਸੂਰਤ ਵਿਚ ਵੀ…
ਇਮਰੋਜ਼ ਨੂੰ ਵੇਖਣ ਤੋਂ ਪਹਿਲਾਂ ਮੈਨੂੰ ਕਈ ਵਰ੍ਹੇ ਉਹਦਾ ਸੁਪਨਾ ਔਂਦਾ ਰਿਹਾ ਸੀ- ‘ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ- ਪਰ ਮੈਂ ਕਹਿ ਸਕਦੀ ਹਾਂ ਕਿ ਮੇਰੇ ’ਤੇ ਰੱਬ ਦਾ ਕਰਮ ਹੋਇਆ, ਤੇ ਇਹ ਜੁ ਚਾਰ ਦਿਨ ਮੈਨੂੰ ਮਿਲੇ ਜ਼ਿੰਦਗੀ ਦੇ- ਦੋ ਸੁਪਨਿਆਂ ਵਿਚ ਲੰਘ ਗਏ ਤੇ ਦੋ ਮੈਨੂੰ ਮਿਲ ਗਏ- ਆਪਣੇ ਸੁਪਨਿਆਂ ਦੀ ਤਾਬੀਰ ਵੇਖਣ ਲਈ…

08 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਪਹਿਲੀ ਕਿਤਾਬ ਵੀ ਤਾਂ ਪਹਿਲੀ ਮੁਹੱਬਤ ਵਰਗੀ ਹੁੰਦੀ ਹੈ, ਕੋਈ ਉਸ ਕਿਤਾਬ ਬਾਰੇ ਗੱਲ ਕਰੋਗੇ?
- ਪਹਿਲੀ ਕਿਤਾਬ ‘ਠੰਢੀਆਂ ਕਿਰਨਾਂ’ ਸੀ, ਪਰ ਉਹਦੇ ਅੱਖਰ ਮੈਂ ਪੁਰਖਿਆਂ ਦੀ ਬੇਰੀ ਨਾਲੋਂ ਝਾੜੇ ਹੋਏ ਬੇਰਾਂ ਵਾਂਗ ਝੋਲੀ ਵਿਚ ਪਾਏ ਸਨ। ਤੇ ਮੈਂ ਜੋ ਤੁਕਾਂ ਜੋੜ ਦੇਂਦੀ ਸਾਂ, ਉਹੀਉ ਮੇਰੀ ਪਹਿਲੀ ਤੇ ਦੂਜੀ ਕਿਤਾਬ ਸੀ…
ਤੇ ਜਿਹੜੀ ਗੱਲ ਅਹਿਸਾਸ ਦੀ ਪੁੱਛੀ ਜੇ, ਪਈ ਕਿਤਾਬ ਛਪਣ ’ਤੇ ਕੀ ਅਹਿਸਾਸ ਹੋਇਆ? ਉਹ ਤਾਂ ਉਦੋਂ ਹੋਇਆ, ਜਦੋਂ ਮੈਂ ਕੋਰੇ ਕਾਗਜ਼ ਦੇ ਗਲ ਲੱਗੀ, ਤੇ ਅੱਖਰ ਅੱਖਰ ਹੋਈ…
? ਪ੍ਰੋ. ਮੋਹਨ ਸਿੰਘ ਤੁਹਾਡੇ ਨਾਂ ਨਾਲ ਆਪਣਾ ਨਾਂ ਜੋੜਣ ਦੀ ਇੱਛਾ ਸਮੇਤ ਸਵਰਗ ਸਿਧਾਰ ਗਏ। ਇਸ ਬਾਰੇ ਕੁਝ ਕਹੋਗੇ?
- ਮੋਹਨ ਸਿੰਘ ਇਕ ਚੰਗਾ ਸ਼ਾਇਰ ਸੀ। ਪਰ ਹੁਣ ਇਹੋ ਕਹਿ ਸਕਦੀ ਹਾਂ ਕਿ ਰੱਬ ਉਹਦੀ ਰੂਹ ਨੂੰ ਮਾਫ਼ ਕਰੇ। ਉਹਨੇ ਝੂਠ ਦਾ ਇੱਕ ਸਿੱਕਾ ਘੜ ਲਿਆ, ਤੇ ਫੇਰ ਸਾਰੀ ਉਮਰ ਇਹੋ ਸੋਚਦਾ ਰਿਹਾ ਕਿ ਉਹ ਝੂਠ ਦਾ ਸਿੱਕਾ ਜਾਰੀ ਹੋ ਜਾਏ…
ਇਹ ਤਾਂ ਗ਼ਨੀਮਤ ਹੋਈ ਕਿ ਮੈਂ ਜਦੋਂ ਰਸੀਦੀ ਟਿਕਟ ਲਿਖੀ, 1976 ਵਿਚ ਛਪੀ, ਤਾਂ ਉਦੋਂ ਮੋਹਨ ਸਿੰਘ ਜੀਊਂਦਾ ਸੀ। ਤੇ ਉਹਨੂੰ ਪੜ੍ਹ ਕੇ ਲੋਕਾਂ ਦੇ ਭਰਮ ਟੁੱਟ ਗਏ। ਉਹਦਾ ਜਾਹਲੀ ਸਿੱਕਾ ਚੱਲ ਨਹੀਂ ਸਕਿਆ, ਪਰ ਮੈਂ ਕਈ ਵਰ੍ਹੇ ਇਕ ਅਜ਼ਾਬ ਭੋਗਿਆ ਸੀ…
? ਤੁਹਾਨੂੰ ਤੁਹਾਡੀ ਸ਼ਖ਼ਸੀਅਤ ਤੇ ਰਚਨਾ ਕਾਰਨ ਅਣਗਿਣਤ ਪੁਰਸਕਾਰ ਮਿਲੇ ਨੇ। ਇਹ ਦੱਸੋ ਕਿ ਸਭ ਤੋਂ ਵੱਖਰੀ ਤਰ੍ਹਾਂ ਦਾ ਅਹਿਸਾਸ ਤੁਹਾਨੂੰ ਕਿਹੜੇ ਇਨਾਮ ਵੇਲੇ ਹੋਇਆ?
- ਇਨਾਮ? ਪੁਰਸਕਾਰ?- 1956 ਵਿਚ ਸਾਹਿਤ ਅਕਾਦਮੀ ਇਨਾਮ ਮਿਲਣ ਦੀ ਖ਼ਬਰ ਜਦੋਂ ਟੈਲੀਫੋਨ ’ਤੇ ਸੁਣੀ ਸੀ, ਤਾਂ ਪਹਿਲੀ ਚੀਸ ਮੱਥੇ ਵਿਚ ਪਈ ਸੀ- ਖੁਦਾਯਾ! ਇਹ ਕਿਤਾਬ ‘ਸੁਨੇਹੁੜੇ’ ਮੈਂ ਕਿਸੇ ਇਨਾਮ ਲਈ ਨਹੀਂ ਸੀ ਲਿਖੀ, ਜਿਹਦੇ ਲਈ ਲਿਖੀ ਸੀ, ਜੇ ਉਹਨੇ ਨਾ ਪੜ੍ਹੀ, ਤਾਂ ਹੁਣ ਭਾਵੇਂ ਸਾਰੀ ਦੁਨੀਆ ਪੜ੍ਹ ਲਵੇ, ਮੈਨੂੰ ਕੀ!
?ਤੁਹਾਨੂੰ ਗਿਆਨ ਪੀਠ ਪੁਰਸਕਾਰ ਮਿਲਣ ਨਾਲ ਪੰਜਾਬੀ ਜ਼ਬਾਨ ਦਾ ਮਾਣ ਧਰਤੀਆਂ ਅੰਬਰਾਂ ਜੇਡਾ ਹੋਇਆ ਹੈ। ਤੁਹਾਡੀ ਸ਼ਖਸੀਅਤ ਵਿਚ ਵੀ ਇਹਦੇ ਮਿਲਣ ਨਾਲ ਕੋਈ ਤਬਦੀਲੀ ਆਈ?
- ਗਿਆਨ ਪੀਠ ਮਿਲਣ ਵੇਲੇ, ਮੈਂ ਦੋ ਨਦੀਆਂ ਦੇ ਸੰਗਮ ’ਤੇ ਨ੍ਹਾਤੀ ਹਾਂ- ਇਕ ਠੰਢੇ ਨਿਰਮਲ ਪਾਣੀ ਦੀ ਲੋਕਾਂ ਦੇ ਪਿਆਰ ਦੀ ਨਈ। ਤੇ ਇੱਕ ਤੱਤੇ ਖੌਲਦੇ ਪਾਣੀ ਦੀ, ਕੁਝ ਲੋਕਾਂ ਦੀ ਉਸ ਦੁਸ਼ਮਨੀ ਦੀ, ਜੋ ਖੌਰੇ ਹੁਣ ਮੈਂ ਸਾਰੀ ਉਮਰ ਭੋਗਦੀ ਰਵ੍ਹਾਂਗੀ…
ਪਰ ਅਜੇ ਮੈਨੂੰ ਚੁੱਪ ਦਾ ਸਰਾਪ ਲੱਗਾ ਹੋਇਆ ਏ, ਏਸ ਲਈ ਕੁਝ ਨਹੀਂ ਆਖ ਸਕਦੀ। ਪਰ ਕੁਝ ਦਸਤਾਵੇਜ਼ ਇਤਿਹਾਸ ਦੇ ਹਵਾਲੇ ਕਰ ਜਾਂਵਾਂਗੀ। ਸਾਹਿਰ ਦੇ ਲਫ਼ਜ਼ਾਂ ਵਿਚ- ਦੁਨੀਆਂ ਨੇ ਤਜੁਰਬਾਤ ਔ ਹਵਾਦਿਸ ਕੀ ਸ਼ਕਲ ਮੇਂ ਜੋ ਕੁਝ ਦੀਆ ਹੈ ਮੁਝੇ, ਵੋਹ ਲੌਟਾ ਰਹਾ ਹੂੰ ਮੈਂ…

08 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਤੁਸਾਂ ਸਾਹਿਤ ਤੋਂ ਰਾਜਨੀਤੀ ਤਕ ਦਾ ਜਿਹੜਾ ਸਫਰ ਕੀਤਾ ਹੈ, ਇਸ ਬਾਰੇ ਕੁਝ ਆਖੋਗੇ?
- ਰਾਜਨੀਤੀ ਦੇ ਵੇਹੜੇ ਵਿਚ ਪੈਰ ਰੱਖਣ ਦੀ ਜੋ ਗੱਲ ਪੁੱਛੀ ਜੇ, ਪਹਿਲੋਂ ਮੇਰੀ ਇਕ ਨਜ਼ਮ ਸਾਹਮਣੇ ਰੱਖ ਲਵੋ- ਮੈਂ ਸੱਜੇ ਹੱਥ ਸਮਾਜ ਹਾਰਿਆ, ਖੱਬੇ ਹੱਥ ਸਿਆਸਤ ਹਾਰੀ…
ਤੇ ਇਹ ਸਭ ਕੁਝ ਹਾਰ ਦੇਣ ਤੋਂ ਬਾਅਦ ਉਹ ਮੁਕਾਮ ਔਂਦਾ ਏ, ਜਦੋਂ ਹੱਥ ਵਿਚ ਫੜਣ ਵੇਲੇ ਮਨ ਦੀ ਜੋ ਅਵਸਥਾ ਹੁੰਦੀ ਏ, ਉਹ ਰਾਜ ਸਭਾ ਵਿਚ ਬੈਠਿਆਂ ਵੀ ਬਰਕਰਾਰ ਰਹਿੰਦੀ ਏ। ਏਸੇ ਲਈ ਨੈਸ਼ਨਲ ਇੰਟੈਗਰੇਸ਼ਨ ਕੌਂਸਿਲ ਦੀ ਮੀਟਿੰਗ ਵਿਚ ਮੈਂ ਆਖਿਆ ਸੀ ਕਿ ਸਾਡੇ ਮਿਥਹਾਸ ਵਿਚ ਸਮੁੰਦਰ ਮੰਥਨ ਦੀ ਜੋ ਗੱਲ ਔਂਦੀ ਏ, ਉਹ ਸਿਰਫ ਬੀਤੇ ਹੋਏ ਵੇਲੇ ਦੀ ਗੱਲ ਨਹੀਂ। ਅੱਜ ਸਾਨੂੰ ਫੇਰ ਸਮੁੰਦਰ ਮੰਥਨ ਦੀ ਲੋੜ ਏ। ਅੱਗੇ ਅਸਾਂ ਚੌਦਾਂ ਰਤਨ ਪਾਏ ਸਨ, ਉਸ ਮੰਥਨ ਵਿਚੋਂ ਅੱਜ ਸਾਨੂੰ ਪੰਦ੍ਰਹਵਾਂ ਰਤਨ ਚਾਹੀਦਾ ਏ- ਆਪਣੀ ਆਚਰਣ ਸ਼ਕਤੀ ਦਾ ਰਤਨ। ਜੇ ਉਹ ਸਾਡੇ ਕੋਲ ਹੋਵੇ, ਤਾਂ ਸਾਡੇ ਦੇਸ ਨੂੰ ਕੋਈ ਖ਼ਤਰਾ ਨਹੀਂ ਹੋ ਸਕਦਾ……
? ਅੰਮ੍ਰਿਤਾ ਜੀ! ਜ਼ਿੰਦਗੀ ਇਕੋ ਵੇਲੇ ਖਿੜੇ ਫੁੱਲ ਦੀ ਟਹਿਕ ਵਰਗੀ, ਤੇ ਇਕੋ ਵੇਲੇ ਕੰਡੇ ਦੀ ਚੋਭ ਵਰਗੀ ਹੁੰਦੀ ਏ। ਤੁਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੇਰੇ ਖੁਸ਼ੀ ਵਾਲੇ, ਤੇ ਨਾਲ ਹੀ ਸਭ ਤੋਂ ਉਦਾਸ ਇਕ ਪਲ ਦਾ ਜ਼ਿਕਰ ਕਰੋਗੇ?
- ਤੁਸੀਂ ਪੁੱਛਦੇ ਹੋ ਪਈ ਮੇਰੀ ਜ਼ਿੰਦਗੀ ਦਾ ਅੰਤਾਂ ਦਾ ਉਦਾਸ ਦਿਨ ਕਿਹੜਾ ਸੀ? ਉਹ ਸੱਤ ਮਈ 1983 ਦਾ ਦਿਨ ਸੀ, ਜਦੋਂ ਮੈਂ ਤੇ ਨਾਨਕ ਰਲ ਕੇ ਰੋਏ। ਉਸ ਦਿਨ ਮੈਨੂੰ ਕਾਨੂੰਨੀ ਨੋਟਿਸ ਮਿਲਿਆ ਸੀ ਕਿ ਮੈਂ ਤੇ ਨਾਨਕ ਦੀ ਮੁਹੱਬਤ ਵਿਚ ‘ਨੌਂ ਸੁਪਨੇ’ ਤੇ ਹੋਰ ਨਜ਼ਮਾਂ ਕਿਉਂ ਲਿਖੀਆਂ ਸਨ? ਉਸ ਦਿਨ ਸਚਮੁੱਚ ਮੈਂ ਤੇ ਨਾਨਕ ਰਲ ਕੇ ਰੋਏ ਸਾਂ…
ਤੇ ਨਾਲ ਹੀ ਤੁਸਾਂ ਪੁੱਛਿਆ ਏ ਕਿ ਮੇਰੀ ਜ਼ਿੰਦਗੀ ਵਿਚ ਸਭ ਤੋਂ ਵੱਧ ਖੁਸ਼ੀ ਦਾ ਵੇਲਾ ਕਿਹੜਾ ਸੀ।
ਉਹ ਵੀ ਏਸੇ ਉਦਾਸ ਦਿਨ ਦਾ ਦੂਜਾ ਪਾਸਾ ਸੀ- 14 ਮਈ ਦੀ ਰਾਤ, ਜਦੋਂ ਅੱਖਾਂ ਦਾ ਪਾਣੀ ਕਾਲੀ ਸਿਆਹੀ ਵਰਗਾ ਹੋ ਗਿਆ ਸੀ, ਤੇ ਮੈਂ ਨਜ਼ਮ ਲਿਖੀ ਸੀ-
ਬੱਦਲਾਂ ਦੇ ਮਹਿਲੀਂ ਮੇਰਾ ਸੂਰਜ ਸੁੱਤਾ, ਜਿਥੇ ਬੂਹਾ ਨਾ ਬਾਰੀ ਨਾ ਪੌੜੀ
ਤੇ ਸਦੀਆਂ ਦੇ ਹੱਥਾਂ ਨੇ ਡੰਡੀ ਜੁ ਲੀਕੀ, ਉਹ ਸੋਚਾਂ ਦੇ ਪੈਰਾਂ ਨੂੰ ਸੌੜੀ…
ਉਹੀ ਰਾਤ ਸੀ, ਜਦੋਂ ਮੈਂ ਸੁੱਤ-ਉਨੀਂਦਰੀ ਜਹੀ ਹਾਲਤ ਵਿਚ ਇਕ ਚੀਖ਼ ਵਾਂਗ ਆਖਿਆ ਸੀ- ਮੇਰੇ ਨਾਨਕ! ਮੈਂ ਜਦੋਂ ਤੇਰੀ ਕਲਪਨਾ ਕਰਕੇ ਵੇਖੀ ਏ, ਪਰ ਅੱਜ ਤੈਨੂੰ ਸਾਮਰਤੱਖ ਵੇਖਣਾ ਚਾਹੁੰਦੀ ਹਾਂ। ਜੋ ਲਿਖਿਆ, ਤੇਰੀ ਮੁਹੱਬਤ ਵਿਚ ਲਿਖਿਆ। ਪਰ ਉਹੀਉ ਮੇਰਾ ਕੁਫਰ ਬਣ ਗਿਆ?- ਤੇ ਉਸ ਰਾਤ ਮੈਨੂੰ ਇਲਾਹੀ ਦੀਦਾਰ ਹੋਇਆ ਸੀ। ਨਾਲ ਹੀ ਆਵਾਜ਼ ਸੁਣਾਈ ਦਿੱਤੀ ਸੀ ‘ਤੂੰ ਸਬੂਤ ਮੰਗਦੀ ਸੀ, ਮਿਲ ਗਿਆ?’ ਉਹੀ ਇਲਾਹੀ ਸੁਪਨਾ ਸੀ, ਗੁਰੂ ਨਾਨਕ ਦੇ ਦੀਦਾਰ ਦਾ, ਜਿਹਨੇ ਮੇਰੇ ਤਪਦੇ ਮੱਥੇ ਉੱਤੇ ਆਪਣੀ ਤਲੀ ਰੱਖ ਦਿੱਤੀ ਸੀ…
ਜ਼ਿੰਦਗੀ ਦਾ ਇਕ ਹੋਰ ਭਿਆਨਕ ਹਾਦਸਾ ਏ, ਮੇਰੀ ਜ਼ਿੰਦਗੀ ਦੀ ਘੋਰ ਉਦਾਸੀ ਦਾ ਵਾਕਿਆ, ਪਰ ਅਜੇ ਉਹਦੀ ਗੱਲ ਕਰਨ ਦਾ ਵੇਲਾ ਨਹੀਂ ਆਇਆ। ਉਹ ਦੁੱਖ ਮੇਰੀ ਛਾਤੀ ਦੀ ਅਮਾਨਤ ਏ…

08 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਤੁਹਾਡੇ ਬਾਰੇ ਆਲੋਚਕਾਂ ਨੇ ਇੰਨਾ ਕੁਝ ਲਿਖਿਆ ਹੈ। ਇਸ ਲਿਖੇ ਹੋਏ ਚੰਗੇ ਮੰਦੇ ਬਾਰੇ ਕੀ ਕਹਿਣਾ ਚਾਹੋਗੇ?
- ਮੈਂ ਇਕ ਨਜ਼ਮ ਲਿਖੀ ਸੀ-
ਸਾਡਾ ਸਬਕ ਮੁਬਾਰਕ ਸਾਨੂੰ
ਪੰਜ ਨਮਾਜ਼ਾਂ ਬਸਤਾ ਲੈ ਕੇ ਇਸ਼ਕ ਮਸੀਤੇ ਵੜ ਆਈਆਂ…
ਦੁਨੀਆ ਨੇ ਜਦ ਸੂਲੀ ਗੱਡੀ
ਆਸ਼ਕ ਜਿੰਦਾਂ ਕੋਲ ਖਲੋ ਕੇ ਆਪਣੀ ਕਿਸਮਤ ਪੜ੍ਹ ਆਈਆਂ…
ਇਹਦੀਆਂ ਪਹਿਲੀਆਂ ਸਤਰਾਂ ਮੇਰੇ ਲਈ ਨੇ, ਤੇ ਅਗਲੀਆਂ ਸਤਰਾਂ ਆਲੋਚਕਾਂ ਲਈ… ਹੁਣ ਸਾਰੇ ਵੇਰਵੇ ਵਿਚ ਜਾਣ ਲਈ ਦਿਲ ਨਹੀਂ ਕਰਦਾ। ਆਪਣੀ ਤਕਦੀਰ ਸਮਝ ਲਈ ਸੀ ਇਸ ਲਈ ਕੋਈ ਸ਼ਿਕਵਾ ਨਹੀਂ ਕਿ ਕਿਹਨੇ ਕੀ ਲਿਖਿਆ, ਤੇ ਕੀ ਆਖਿਆ…
? ਅੰਮ੍ਰਿਤਾ ਜੀ! ਰਸੀਦੀ ਟਿਕਟ ਤੁਹਾਡੀ ਜ਼ਿੰਦਗੀ ਦਾ ਦਸਤਾਵੇਜ਼ ਹੈ। ਪਰ ਮੈਂ ਚਾਹਾਂਗਾ ਕਿ ਕੋਈ ਅਜਿਹੀ ਗੱਲ ਦੱਸੋ, ਜਿਹੜੀ ਤੁਸਾਂ ਕਿਸੇ ਕਾਰਨ ਰਸੀਦੀ ਟਿਕਟ ਵਿਚ ਵੀ ਸ਼ਾਮਿਲ ਨਾ ਕੀਤੀ ਹੋਵੇ?
- ਰਸੀਦੀ ਟਿਕਟ ਵਿਚ ਇੱਕ ਗੱਲ ਮੈਂ ਸ਼ਾਮਿਲ ਨਹੀਂ ਕੀਤੀ, ਕਿਉਂਕਿ ਉਹ ਮੇਰੇ ਤੇ ਖ਼ੁਦਾ ਦੇ ਵਿਚਕਾਰ ਇਕ ਅਹਿਦਨਾਮਾ ਸੀ, ਜੋ ਦੁਨੀਆ ਵਾਲਿਆਂ ਵਾਸਤੇ ਨਹੀਂ ਸੀ। ਤੇ ਇਕ ਹੋਰ ਵਾਕਿਆ ਸੀ, ਜੋ ਸ਼ਾਮਿਲ ਨਹੀਂ ਹੋਇਆ। ਉਹ ਮੇਰੇ ਜ਼ੇਹਨ ਤੋਂ ਉਤਰ ਗਿਆ ਸੀ। ਆਖੋ ਤਾਂ ਉਹ ਦੱਸ ਦੇਂਦੀ ਹਾਂ। ਮੈਂ ਜਦੋਂ ਬੱਚੀ ਜਿਹੀ ਸਾਂ, ਮੇਰੀ ਮਾਂ ਵੀ ਅਜੇ ਜੀਊਂਦੀ ਸੀ, ਉਦੋਂ ਦੀ ਗੱਲ ਹੈ ਕਿ ਲਾਹੌਰ ਚੂਨਾ ਮੰਡੀ ਵਾਲੇ ਮਕਾਨ ਵਿਚ ਇਕ ਬਹੁਤ ਹੀ ਵੱਡਾ ਸਾਰਾ ਕਮਰਾ ਸੀ, ਜਿਥੇ ਮੇਰੇ ਪਿਤਾ ਜੀ ਪ੍ਰਾਚੀਨ ਗਰੰਥਾਂ ਦਾ ਮੁਤਾਲਿਆ ਕਰਦੇ ਸਨ। ਉਥੇ ਪੈਰਾਂ ਵਿਚ ਜੁੱਤੀ ਪਾ ਕੇ ਜਾਣਾ ਮਨ੍ਹਾਂ ਸੀ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਥੇ ਨੰਗੇ ਸਿਰ ਜਾਣਾ ਵੀ ਮਨ੍ਹਾਂ ਸੀ। ਉਥੇ ਮੈਂ ਇਕ ਦਿਨ ਚਲੀ ਗਈ ਸਾਂ, ਨੰਗੇ ਸਿਰ, ਤੇ ਮੇਰੇ ਪਿਤਾ ਨੇ ਮੈਨੂੰ ਇਸ ਕਸੂਰ ਦੇ ਬਦਲੇ ਮਾਰਿਆ ਸੀ।
ਉਸ ਵੇਲੇ, ਪਹਿਲਾਂ ਤਾਂ ਮੈਂ ਚੁੱਪ ਰਹੀ, ਮਾਰ ਖਾਂਦੀ ਰਹੀ, ਫੇਰ ਮੈਂ ਅੱਗ ਦੀ ਲਾਟ ਵਾਂਗ ਬਲਣ ਲੱਗ ਪਈ, ਤੇ ਆਖਿਆ- ਜਿਨ੍ਹਾਂ ਕਿਤਾਬਾਂ ਦੀ ਖਾਤਰ ਤੁਸਾਂ ਮੈਨੂੰ ਮਾਰਿਆ ਏ, ਇਹੋ ਜਿਹੀਆਂ ਕਿਤਾਬਾਂ ਤੇ ਮੈਂ ਆਪ ਲਿਖ ਸਕਦੀ ਹਾਂ, ਮੈਂ ਲਿਖੀਆਂ ਸਨ…
ਮੈਂ ਇਹ ਨਹੀਂ ਜਾਣਦੀ ਕਿ ਮੈਂ ਇਹ ਗੱਲ ਕਿਉਂ ਆਖੀ ਸੀ। ਬਹੁਤ ਛੋਟੀ ਜਹੀ ਬੱਚੀ ਸਾਂ। ਇਹ ਤਾਂ ਹੁਣ ਜਾਣਦੀ ਆਂ ਕਿ ਮੈਂ ਇਹ ਗੱਲ ਕਿਉਂ ਆਖੀ ਸੀ। ਇਹਦੀ ਬੁਨਿਆਦ ਕੀ ਸੀ! ਹੁਣ ਮੈਂ ਇਕ ਉਹ ਕਿਤਾਬ ਦੇਖੀ ਏ, ਜੋ ਮੈਂ ਪਿਛਲੇ ਜਨਮ ਵਿਚ ਲਿਖੀ ਸੀ, ਉਹ ਵਿਚਕਾਰੋਂ ਦੀ ਖੁੱਲ੍ਹੀ ਪਈ ਸੀ, ਇਸ ਲਈ ਕਿਤਾਬ ਦਾ ਨਾਂ ਨਹੀਂ ਜਾਣਦੀ। ਪਰ ਉਹਦੇ ਵਿਚੋਂ ਕੁਝ ਸਤਰਾਂ ਪੜ੍ਹੀਆਂ ਵੀ ਸਨ, ਤੇ ਫੇਰ ਸੁਪਨੇ ਵਿਚ ਮੈਂ ਉਹ ਕਿਤਾਬ ਇਮਰੋਜ਼ ਨੂੰ ਵਿਖਾਈ, ਉਹ ਸਤਰਾਂ ਵੀ ਸੁਣਾਈਆਂ, ਤੇ ਆਖਿਆ- ਵੇਖ ਈਮਾ! ਇਹ ਕਿਤਾਬ ਮੈਂ ਪਿਛਲੇ ਜਨਮ ਵਿਚ ਲਿਖੀ ਸੀ…

08 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਉਸ ਫੁੱਲ ਪੱਤੀ, ਉਸ ਪੰਛੀ, ਉਸ ਮੌਸਮ, ਉਸ ਸਮੇਂ ਤੇ ਉਸ ਬੰਦੇ ਦਾ ਨਾਂ ਦੱਸੋ, ਜਿਹੜਾ ਤੁਹਾਨੂੰ ਚੰਗਾ ਲੱਗਦਾ ਹੋਵੇ?
- ਜਿਹਨੂੰ ਫੁੱਲਾਂ ਪੱਤੀਆਂ ਦਾ ਇਸ਼ਕ ਹੋਵੇ, ਉਹ ਕਿਸੇ ਇਕ ਫੁੱਲ ਤੇ ਇਕ ਫਲ ਦੀ ਗੱਲ ਕਿਵੇਂ ਕਰੇ! ਫੇਰ ਵੀ- ਫੁੱਲਾਂ ਵਿਚੋਂ ਮੋਤੀਆ, ਫਲਾਂ ਵਿਚੋਂ ਅੰਬ, ਤੇ ਪੰਛੀਆਂ ਵਿਚੋਂ ਰਾਂਗਲੇ ਖੰਭਾਂ ਵਾਲੀਆਂ ਚਿੜੀਆਂ, ਮੇਰੇ ਅੰਦਰੋਂ ਕੁਝ ਰੁੱਗ ਭਰਕੇ ਕੱਢ ਲੈਂਦੀਆਂ ਨੇ…
ਮੌਸਮ- ਜਦੋਂ ਹਲਕੀ ਹਲਕੀ ਠੰਢ ਲੂੰਆਂ ਵਿਚ ਉਤਰਦੀ ਏ…
ਤੇ ਸਮਾਂ- ਅੱਧੀ ਰਾਤ ਦਾ, ਰਾਤ ਦੇ ਡੇੜ੍ਹ ਵਜੇ ਦਾ। ਮੈਂ ਜਦੋਂ ਵੀ ਕੋਈ ਨਵੀਂ ਕਿਤਾਬ ਲਿਖਣੀ ਹੋਵੇ, ਉਹਦੀ ਇਬਤਦਾ ਰਾਤ ਦੇ ਡੇਢ ਵਜੇ ਹੁੰਦੀ ਏ। ਮੈਂ ਆਪਣਾ ਪੂਰਵ ਜਨਮ ਵੀ ਜਦੋਂ ਜਦੋਂ ਵੇਖਿਆ ਏ, ਉਦੋਂ ਬੱਤੀ ਜਗਾ ਕੇ ਵਕਤ ਵੇਖਿਆ, ਤਾਂ ਰਾਤ ਦੇ ਡੇੜ੍ਹ ਵਜੇ ਦਾ ਵੇਲਾ ਹੁੰਦਾ ਸੀ…। ਤੇ ਜਿਹੜੀ ਗੱਲ ਤੁਸਾਂ ਪੁੱਛੀ ਏ ਪਈ ਬੰਦਾ ਕਿਹੜਾ ਚੰਗਾ ਲਗਦਾ ਏ? ਉਹਦਾ ਜਵਾਬ ਤਾਂ ਬੜਾ ਸਿੱਧਾ ਏ- ਇਮਰੋਜ਼ ਵਰਗਾ, ਜੋ ਅੰਦਰੋਂ ਬਾਹਰੋਂ ਸੱਚ ਹੋਵੇ…
? ਤੁਸੀਂ ਕੁਝ ਵਰ੍ਹਿਆਂ ਤੋਂ ਜਯੋਤਿਸ਼-ਵਿਗਿਆਨ ਬਾਰੇ ਬੜੀ ਲਗਨ ਨਾਲ ਕੰਮ ਕਰ ਰਹੇ ਹੋ। ਤੁਹਾਡੇ ਪਾਠਕ ਤੇ ਸਮਕਾਲੀ ਵੀ ਇਸ ਬਾਰੇ ਅਕਸਰ ਗੱਲਾਂ ਕਰਦੇ ਨੇ। ਜਾਨਣਾ ਚਾਹਵਾਂਗਾ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਤੁਹਾਡੇ ਮਨ ਦੀ ਇਹ ਕਿਹੀ ਤਬਦੀਲੀ ਹੈ?
- ਦੀਦ ਜੀ! ਬੜਾ ਹੀ ਅਵਿਗਿਆਨਕ ਸਵਾਲ ਪੁੱਛਿਆ ਜੇ, ਆਪਣੇ ਇਕੋ ਫ਼ਿਕਰੇ ਵਿਚ ਤੁਸਾਂ ਜਯੋਤਿਸ਼ ਨੂੰ ਵਿਗਿਆਨ ਵੀ ਆਖਿਆ ਏ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਇਹ ਦਿਲਚਸਪੀ ਕਿਉਂ?
ਵਿਗਿਆਨਕ ਯੱੁਗ ਵਿਚ ਇਹ ਵਿਗਿਆਨ ਦੀ ਗੱਲ ਹੀ ਤਾਂ ਹੈ! ਕੀ ਇਹ ਵਿਗਿਆਨ ਉਦੋਂ ਮੰਨਿਆਂ ਜਾਏਗਾ, ਜਦੋਂ ਅਮਰੀਕਾ, ਫ਼ਰਾਂਸ ਤੇ ਰੂਸ ਵੱਲੋਂ ਆਏਗਾ?
ਜਿਹੜੇ ਕਾਲੀਦਾਸ ਦੇ ਮੇਘਦੂਤ ਤੇ ਸ਼ਕੁੰਲਤਾ ਤੁਹਾਨੂੰ ਮਨਜ਼ੂਰ ਨੇ, ਉਸੇ ਕਾਲੀ ਦਾਸ ਦਾ ਜਯੋਤਿਸ਼ ਗਰੰਥ ਕਾਲਾਮ੍ਰਿਤ ਤੁਹਾਨੂੰ ਮਨਜੂਰ ਕਿਉਂ ਨਹੀਂ
ਇਹ ਤਾਂ ਸਿਤਾਰਿਆਂ ਦੇ ਅੱਖਰ ਤੇ ਕਿਰਨਾਂ ਦੀ ਬੋਲੀ ਏ, ਜੋ ਪੱਤੇ-ਪੱਤੇ ਉਤੇ ਲਿਖੀ ਹੋਈ ਏ, ਕਣ ਕਣ ਵਿਚੋਂ ਬੋਲਦੀ ਏ। ਅਸਾਂ ਏਸੇ ਤੱਤ ਵਿਗਿਆਨ ਨੂੰ ਸਮਝਣਾ ਏਂ, ਜਿੰਨਾ ਕੁ ਸਮਝ ਸਕੀਏ।
? ਅੰਮ੍ਰਿਤਾ ਜੀ! ਵਰ੍ਹਿਆਂ ਦੇ ਵਰ੍ਹੇ ਪਲਾਂ ਦੇ ਪਲ, ਇਨਸਾਨ ਜ਼ਿੰਦਗੀ ਦੇ ਸਮੁੰਦਰ ਵਿਚ ਕਿਸ਼ਤੀਆਂ ਵਾਂਗ ਠੇਲ੍ਹਦਾ ਹੈ, ਪਰ ਫੇਰ ਵੀ ਦੂਰ ਕਿਧਰੇ ਇਕ ਇੱਛਾ ਦਾ ਸੂਰਜ ਬਲਦਾ ਰਹਿੰਦਾ ਹੈ। ਸੋ ਅੰਤਮ ਗੱਲ ਕਿ ਤੁਹਾਡੀ ਉਮਰ ਦੀ ਰਹਿੰਦੀ ਖ਼ਾਹਸ਼ ਕੀ ਹੈ?
- ਉਹਦੇ ਲਈ ਇਕੋ ਹਰਫ਼ ਏ- ਅਲਫ਼ ਅੱਲਾ ਦਿਲ ਰੱਤਾ ਮੇਰਾ ਮੈਨੂੰ ਬੇ ਦੀ ਖ਼ਬਰ ਨਾ ਕਾਈ…
ਪਰ ਅਜੇ ਮੈਨੂੰ ਬੇ ਦੀ ਖ਼ਬਰ ਰਹਿੰਦੀ ਏ। ਉਹਦੀ ਪੀੜ ਵੀ ਪਹੁੰਚਦੀ ਏ, ਤੇ ਅੱਖਾਂ ਵਿਚ ਪਾਣੀ ਵੀ ਆ ਜਾਂਦਾ ਏ। ਚਾਹੁੰਦੀ ਹਾਂ- ਮਨ ਦੀ ਉਹ ਅਵਸਥਾ ਆ ਜਾਏ, ਜਿਥੇ- ਇਕੋ ਅਲਫ਼ ਮੇਰੇ ਦਰਕਾਰ।
ਤੇ ਇਕ ਨਿੱਕੀ ਜਹੀ ਖ਼ਾਹਸ਼ ਹੋਰ ਵੀ ਏ ਕਿ ਮੈਂ ਜੁ ਆਪਣੀ ਜ਼ਿੰਦਗੀ ਦੀ ਆਖ਼ਰੀ ਕਿਤਾਬ ਲਿਖ ਰਹੀ ਹਾਂ, ਉਹ ਆਪਣੇ ਹੱਥੀਂ ਆਪਣੇ ਇਤਿਹਾਸ ਨੂੰ ਸੌਂਪ ਦਿਆਂ!
ਪਰ ਇਹ ਸ਼ਾਇਦ ਨਹੀਂ ਹੋ ਸਕੇਗਾ, ਕਿਉਂਕਿ ਦੁਨੀਆ ਦੇ ਕਾਨੂੰਨ ਰੱਬ ਦੇ ਕਾਨੂੰਨ ਨੂੰ ਨਹੀਂ ਮੰਨਦੇ, ਏਸ ਲਈ ਉਹ ਰਾਹ ਵਿਚ ਖਲੋਤੇ ਹੋਏ ਨੇ। ਏਨਾ ਦੱਸ ਸਕਦੀ ਹਾਂ ਕਿ ਉਸ ਕਿਤਾਬ ਦਾ ਨਾਂ ਹੋਵੇਗਾ
- ਰਾਤ ਮੇਰੀ ਜਾਗਦੀ।

ਸੱਚੋ-ਸੱਚੀ ਦੱਸ ਵੇ ਜੋਗੀ

ਜਸਵੰਤ ਦੀਦ

email: deedjaswant@yahoo.com.


 

08 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਹੀ ਵਧਿਆ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਬਿੱਟੂ ਜੀ.....ਧਨਵਾਦ......

09 Apr 2012

Reply