|
|
|
|
|
|
Home > Communities > Punjabi Culture n History > Forum > messages |
|
|
|
|
|
ਬਾਬਾ ਬੋਲੀਐ ਪਤਿ ਹੋਇ |
ਵਿਧਾਨ’ ਦਾ ਸ਼ਾਬਦਿਕ ਅਰਥ ਹੈ ਕਾਨੂੰਨ, ਨੇਮ ਜਾਂ ਅਸੂਲ। ‘ਸਭਾ’, ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਪਰਿਸ਼ਦ, ਗੋਸਟਿ, ਗੋਸ਼ਠੀ ਜਾਂ ਸਮਿਤੀ ਹੁੰਦਾ ਹੈ। ਮਹਾਨ ਕੋਸ਼ ਅਨੁਸਾਰ ‘ਸ’ ਦਾ ਅਰਥ ‘ਸਾਥ’ ਅਤੇ ‘ਭਾ’ ਦਾ ਅਰਥ ‘ਪ੍ਰਕਾਸ਼’ ਹੈ। ਭਾਵ, ਮਜਲਿਸ, ਮੰਡਲੀ, ਸਭਾ ਦਾ ਅਸਥਾਨ। ਇਸ ਸ਼ਬਦ ਨੂੰ ਵੈਦਿਕ ਕਾਲ ਵਿੱਚ ਸਭਾ-ਸਥਲ ਵਜੋਂ ਵਰਤਿਆ ਜਾਂਦਾ ਰਿਹਾ ਹੈ। ਸਿੱਖ ਪੰਥ ਵਿਸ਼ਵ ਕੋਸ਼ (ਡਾ.ਰਤਨ ਸਿੰਘ ਜੱਗੀ) ਅਨੁਸਾਰ ਬੌਧ ਜਾਤਕ-ਸਾਹਿਤ ਮੁਤਾਬਕ ਉਸ ਨੂੰ ਸਹੀ ਅਰਥਾਂ ਵਿੱਚ’ਸਭਾ’ ਮੰਨਿਆ ਜਾਂਦਾ ਸੀ ਜਿਸ ‘ਚ ਸੰਤ ਲੋਗ ਸ਼ਾਮਲ ਹੋਣ ਅਤੇ ਸਹੀ ਸੰਤ ਉਹ ਹਨ ਜੋ ਧਰਮ ਦਾ ਭਾਸ਼ਣ ਕਰਨ ਅਤੇ ਦÉੈਸ਼ (ਅਥਵਾ ਦੋਸ਼, ਪਾਪ) ਅਤੇ ਮੋਹ ਤੋਂ ਉੱਪਰ ਹੋਣ। ਅੱਜ-ਕੱਲ੍ਹ ਖ਼ੁਸ਼ਾਮਦ ਕਰਨ ਵਾਲੇ ਆਪਣੇ ਨੇਤਾਵਾਂ ਨੂੰ ‘ਸੰਤ-ਸਿਆਸਤਦਾਨ’ ਕਹਿਣ ਤੋਂ ਵੀ ਨਹੀਂ ਝਿਜਕਦੇ। ‘ਵਿਧਾਨ’ ਅਤੇ ‘ਸਭਾ’ ਦੇ ਸੁਮੇਲ ਤੋਂ ਬਣਾਏ ਸ਼ਬਦ ‘ਵਿਧਾਨ ਸਭਾ’ ਦਾ ਅਰਥ ਕਾਨੂੰਨ ਬਣਾਉਣ ਵਾਲੀ ਸਭਾ ਜਾਂ ਅਸੈਂਬਲੀ ਹੈ। ਵਿਧਾਨ ਸਭਾ ਕਿਸੇ ਵਿਧੀ-ਵਿਧਾਨ ਜਾਂ ਮਰਿਆਦਾ ਤਹਿਤ ਹੀ ਚੱਲਦੀ ਹੈ। ਵਿਧੀਵਤ ਜਾਂ ਵਿਧੀ ਅਨੁਸਾਰ ਚੱਲਣ ਵਾਲੀ ਸਭਾ ਵਿੱਚ ਲਲਕਾਰੇ ਮਾਰਨੇ ਜਾਂ ਗਾਲ੍ਹਾਂ ਕੱਢਣੀਆਂ ਵਿਧਾਨ ਅਤੇ ਸੰਵਿਧਾਨ ਦੀ ਘੋਰ ਮਾਣਹਾਨੀ ਹੈ। ਸੂਬੇ ਵਿੱਚ ਅਮਨ-ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਬਦਅਮਨੀ ਪੈਦਾ ਹੋਣੀ ਬਦਸ਼ਗਨੀ ਹੈ। ਵਿਧੀ-ਵਿਧਾਨ ਅਤੇ ਸੰਵਿਧਾਨ ਦੇ ਰਖਵਾਲੇ ਜਦੋਂ ਆਪਸ ਵਿੱਚ ਗਾਲ੍ਹੀ-ਗਲੋਚ ਕਰਨ ਲੱਗ ਜਾਣ ਤਾਂ ਸਪਸ਼ਟ ਹੈ ਕਿ ਵਾੜ ਖੇਤ ਨੂੰ ਖਾ ਰਹੀ ਹੈ। ਇੰਜ ਲੱਗਦਾ ਹੈ ਜਿਵੇਂ ਵਿਧਾਨ ਸਭਾ ਵਿੱਚ ‘ਬੱਕਰੇ ਬੁਲਾਉਣ’ ਅਤੇ ‘ਬੜ੍ਹਕਾਂ’ ਮਾਰਨ ਵਾਲਿਆਂ ਨੇ ਸੰਵਾਦ ਰਚਾਉਣ ਦੀ ਆਪਣੀ ਅਮੀਰ ਪਰੰਪਰਾ ਨੂੰ ਤਿਲਾਂਜਲੀ ਦੇ ਦਿੱਤੀ ਹੋਵੇ। ਸੰਸਕ੍ਰਿਤ ਧਾਤੂ ਤੋਂ ਬਣੇ ‘ਗੋਸਟਿ’ ਦਾ ਅਰਥ ਵੀ ਇਕੱਠ ਜਾਂ ਇਕੱਠਾ ਕਰਨਾ ਹੈ। ਪੰਜਾਬ ਦੀ ਸਰਜ਼ਮੀਨ ‘ਤੇ ‘ਗੋਸਟਿ’ ਜਾਂ ਗੋਸ਼ਟੀ ਪ੍ਰਾਚੀਨ ਕਾਲ ਤੋਂ ਹੁੰਦੀ ਆਈ ਹੈ। ਗੋਸਟਿ ਦੌਰਾਨ ਗੰਭੀਰ ਤੋਂ ਗੰਭੀਰ ਅਤੇ ਅਤਿ ਸੰਵੇਦਨਸ਼ੀਲ ਮਸਲਿਆਂ ਤੇ ਮਾਮਲਿਆਂ ਨੂੰ ਉਸਾਰੂ ਸੰਵਾਦ ਰਾਹੀਂ ਸਹਿਜੇ ਹੀ ਨਜਿੱਠਿਆ ਜਾਂਦਾ ਸੀ। ਗੁਰੂ ਨਾਨਕ ਦੇਵ ਨੇ ਜਦੋਂ ਮੱਕੇ ਜਾ ਕੇ ਆਪਣੇ ਚਰਨ ਕਾਅਬੇ ਵੱਲ ਪਸਾਰ ਲਏ ਤਾਂ ਉਨ੍ਹਾਂ ਦੀ ਕਾਜ਼ੀਆਂ ਅਤੇ ਇਮਾਮਾਂ ਨਾਲ ਖੁੱਲ੍ਹੀ ਗੋਸਟਿ ਹੋਈ। ਜਨਮ ਸਾਖੀ, ‘ਗੋਸਿਟ ਮਕੇ ਮਦੀਨੇ ਕੀ’ ਵਿੱਚ ਗੁਰੂ ਨਾਨਕ ਠੋਸ ਦਲੀਲਾਂ ਨਾਲ ਆਪਣੇ ਵਿਚਾਰਧਾਰਕ ਵਿਰੋਧੀਆਂ ਨੂੰ ਕਾਇਲ ਕਰਦੇ ਹਨ। ਦੋਵਾਂ ਧਿਰਾਂ ਵਿੱਚ ਵਿਵਾਦ ਨਹੀਂ ਸਗੋਂ ਉਸਾਰੂ ਸੰਵਾਦ ਹੁੰਦਾ ਹੈ। ਇਸੇ ਤਰ੍ਹਾਂ ‘ਸਿਧ ਗੋਸਟਿ’ ਰਾਹੀਂ ਉਹ ਸਿੱਧਾਂ ਨੂੰ ਕਾਇਲ ਕਰਕੇ ਆਪਣੇ ਮੁਰੀਦ ਬਣਾਉਂਦੇ ਹਨ।
|
|
24 Dec 2012
|
|
|
|
ਆਪਣੇ ਅਮੀਰ ਵਿਰਸੇ ਤੋਂ ਅਭਿੱਜ ਅਤੇ ਅਣਜਾਣ ਨੇਤਾਵਾਂ ਨੇ ਵਿਧਾਨ ਸਭਾ ਵਿੱਚ ਇੱਕ-ਦੂਜੇ ਖ਼ਿਲਾਫ਼ ਅਪਸ਼ਬਦ ਬੋਲ ਕੇ ‘ਸਭਾ’ ਜਾਂ ‘ਗੋਸਟਿ’ ਸ਼ਬਦ ਦੇ ਮਹਾਤਮ ਨੂੰ ਅੱਖੋਂ-ਪਰੋਖੇ ਕੀਤਾ ਹੈ। ਉਨ੍ਹਾਂ ਨੇ ਵਿਧਾਨ ਸਭਾ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਜਮਹੂਰੀ ਕਦਰਾਂ-ਕੀਮਤਾਂ ਨਾਲ ਖਿਲਵਾੜ ਹੋਇਆ ਹੈ। ਜਦੋਂ ਪਹਿਲੀ ਵਾਰ ਚੁਣ ਕੇ ਆਏ ਮਕਬੂਲ ਪੰਜਾਬੀ ਗਾਇਕ ਮੁਹੰਮਦ ਸਦੀਕ ਨੇ ਮੁੱਖ ਮੰਤਰੀ ਦੀ ‘ਫਰਮਾਇਸ਼’ ‘ਤੇ ‘ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ’ ਦਾ ਗਾਇਆ ਸੀ ਤਾਂ ਉਸ ਦੀ ਇਸ ਕਰਕੇ ਆਲੋਚਨਾ ਕੀਤੀ ਗਈ ਕਿ ਵਿਧਾਨ ਸਭਾ ਨੂੰ ‘ਗਾਇਕੀ ਦਾ ਅਖਾੜਾ’ ਨਹੀਂ ਬਣਾਉਣਾ ਚਾਹੀਦਾ। ਅਖਾੜਾ ਸ਼ਬਦ ਉਦੋਂ ਅੱਖੜਦਾ ਹੈ ਜਦੋਂ ਇਹ ਆਧੁਨਿਕ ਸਮੇਂ ਦੇ ਪਵਿੱਤਰ ਅਸਥਾਨਾਂ ਵਿੱਚ ਹੋਏ ਮਰਿਆਦਾ ਦੇ ਘਾਣ ਨਾਲ ਜੁੜ ਜਾਂਦਾ ਹੈ। ਵੈਸੇ ਇਸ ਸ਼ਬਦ ਦਾ ਅਰਥ ਸਾਧਾਂ, ਸੰਤਾਂ ਅਤੇ ਸੰਨਿਆਸੀਆਂ ਦਾ ਵਿਚਰਨ-ਸਥਲ ਜਾਂ ਡੇਰਾ ਹੈ ਜਿਸ ਵਿੱਚ ਅਨੁਸ਼ਾਸਨ ਜਾਂ ਮਰਿਆਦਾ ਨੂੰ ਪਹਿਲ ਦਿੱਤੀ ਜਾਂਦੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਵਿਧਾਨ ਸਭਾ ਉਸ ਵੇਲੇ ‘ਜੰਗ ਦਾ ਅਖਾੜਾ’ ਬਣ ਗਈ ਜਦੋਂ ਸਿੱਖ ਪੰਥ ‘ਸ਼ਹੀਦੀ ਪੰਦਰਵਾੜੇ’ ਵਿੱਚ ਰੁੱਝਿਆ ਹੋਇਆ ਸੀ। ਹਰ ਸੰਵੇਦਨਸ਼ੀਲ ਪੰਜਾਬੀ ਨੂੰ ਪੋਹ ਦੀਆਂ ਉਹ ਕਾਲੀਆਂ-ਬੋਲੀਆਂ ਰਾਤਾਂ ਅਤੇ ਅੱਧਮੋਈਆਂ ਪ੍ਰਭਾਤਾਂ ਰਹਿ-ਰਹਿ ਕੇ ਯਾਦ ਆਉਂਦੀਆਂ ਹਨ ਜਦੋਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਮੇਂ ਦੀ ਜ਼ਾਲਮ ਹਕੂਮਤ ਨਾਲ ਜੂਝਦੇ ਹੋਏ ਮਾਛੀਵਾੜੇ ਦੇ ਜੰਗਲ-ਬੀਆਬਾਨ ਵਿੱਚ ਪਹੁੰਚੇ ਸਨ। ਸ਼ਰਧਾਲੂਆਂ ਨੇ ਦੇਖਿਆ ਕਿ ਸਰਬੰਸਦਾਨੀ ਹੇਠ ਘੋੜਾ ਨਹੀਂ, ਪੈਰੀਂ ਜੋੜਾ ਨਹੀਂ; ਸਿਰ ‘ਤੇ ਤਾਜ ਨਹੀਂ, ਹੱਥ ਬਾਜ ਨਹੀਂ। ਪੈਰਾਂ ਵਿੱਚ ਛਾਲੇ ਹਨ ਅਤੇ ਸਾਰਾ ਸਰੀਰ ਸਰਕੰਡੇ ਨਾਲ ਪੱਛਿਆ ਹੋਇਆ ਹੈ। ਪੋਹ ਦੇ ਇਸ ਪੰਦਰਵਾੜੇ ਦੌਰਾਨ ਕਈ ਲੋਕ ਅੱਜ ਵੀ ਮੰਜਿਆਂ ‘ਤੇ ਨਹੀਂ ਸੌਂਦੇ ਅਤੇ ਨਾ ਹੀ ਦਾਲ-ਭਾਜੀ ਨੂੰ ਤੜਕਾ ਲਾਉਂਦੇ ਹਨ। ਉਹ ਸੰਤ-ਸਿਪਾਹੀ ਨੂੰ ਸਿਮਰ ਕੇ ਨਿਹਾਲ ਹੁੰਦੇ ਹਨ। ਬਲਿਹਾਰੇ ਜਾਂਦੇ ਹਨ। ਅਜਿਹੇ ਦ੍ਰਿਸ਼ ਨੂੰ ਚਿਤਵਦਿਆਂ ਦੂਸ਼ਣਬਾਜ਼ੀਆਂ ਖÉਾਬ ਵਿੱਚ ਵੀ ਨਹੀਂ ਆਉਣੀਆਂ ਚਾਹੀਦੀਆਂ। ਪੰਜਾਬ ਵਿਧਾਨ ਸਭਾ ਵਿੱਚ ਇੱਕ-ਦੂਜੇ ਖ਼ਿਲਾਫ਼ ਛੱਡੇ ਗਏ ਸ਼ਬਦ-ਬਾਣਾਂ ਨੇ ਆਮ ਸ਼ਰਧਾਲੂਆਂ ਦੇ ਹਿਰਦੇ ਛਲਣੀ ਕੀਤੇ ਹਨ। ਇਹੀ ਹਾਲ ਜੋੜ ਮੇਲੇ ਮੌਕੇ ਆਯੋਜਿਤ ਕੀਤੀਆਂ ਜਾਂਦੀਆਂ ਸਿਆਸੀ ਕਾਨਫ਼ਰੰਸਾਂ ‘ਤੇ ਹੁੰਦਾ ਹੈ। ਸਿੰਘ ਸਾਹਿਬਾਨ ਦੀਆਂ ਅਪੀਲਾਂ-ਦਲੀਲਾਂ ਕਿ ਜੋੜ-ਮੇਲੇ ਨੂੰ ਸਿਆਸੀ ਰੰਗ ਨਾ ਦਿੱਤਾ ਜਾਵੇ, ਸਿਆਸਤਦਾਨਾਂ ਦੇ ਸਿਰਾਂ ਉੱਤੋਂ ਲੰਘ ਜਾਂਦੀਆਂ ਹਨ। ਉਨ੍ਹਾਂ ਨੂੰ ਪ੍ਰੋ.ਪੂਰਨ ਸਿੰਘ ਦੀ ਪੰਜਾਬ ਬਾਰੇ ਲਿਖੀ ਕਵਿਤਾ ਦੀਆਂ ਸਤਰਾਂ ਵੀ ਯਾਦ ਨਹੀਂ ਆਉਂਦੀਆਂ- ਇੱਥੇ ਕਲਗੀਆਂ ਵਾਲੇ ਦੇ ਤੀਰ, ਸ਼ਬਦ ਚਮਕਦੇ। ਸਿਆਸਤਦਾਨਾਂ ਨੂੰ ਇਹ ਚਮਕਦੇ-ਦਮਕਦੇ ਤੀਰ ਅਤੇ ਸ਼ਬਦ ਕਿਉਂ ਨਹੀਂ ਯਾਦ ਆਉਂਦੇ? ਮਾਖਿਓਂ ਮਿੱਠੀ ਪੰਜਾਬੀ ਬੋਲੀ ਵਿੱਚ ਕੌੜਾ ਤਾਂ ਦੂਰ ਦੀ ਗੱਲ, ਫਿੱਕਾ ਬੋਲਣ ਵਾਲੇ ਨੂੰ ਵੀ ਘ੍ਰਿਣਾ ਕੀਤੀ ਜਾਂਦੀ ਹੈ। ਫਿੱਕੇ, ਬੇਰਸ, ਬੇਸੁਆਦ (ਫਲ ਫਿੱਕੇ ਫੁਲ ਬਕਬਕੇ), ਬਦ-ਜ਼ਬਾਨ, ਰੁੱਖਾਂ ਅਤੇ ਸ਼ੋਭਾਹੀਨ ਬੋਲ-ਬਾਣੀ ਵਾਲੇ ਨੂੰ ਗੁਰਬਾਣੀ ਵਿੱਚ ਵੀ ਕੋਸਿਆ ਗਿਆ ਹੈ: ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ਫਿਕਾ ਦਰਗਹ ਸਦੀਐ ਮੁਹਿ ਥੁਕਾ ਫਿਕੇ ਪਾਇ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ਭਾਵ, ਤਲਖ ਤੇ ਤੁਰਸ਼ ਕਲਾਮੀ, ਫਿੱਕਾ ਬੋਲਣ ਜਾਂ ਬਦ-ਜ਼ਬਾਨ ਵਿਅਕਤੀ, ਅਕਲ ਤੋਂ ਕੋਹਾਂ ਦੂਰ ਹੁੰਦਾ ਹੈ ਅਤੇ ਉਸ ਨੂੰ ਦੰਡ ਵਜੋਂ ਪੌਲੇ ਪੈਂਦੇ ਹਨ। ਫਿੱਕਾ ਬੋਲਣ ਨਾਲ ਤਨ-ਮਨ, ਦੋਵੇਂ ਫਿੱਕੇ ਹੋ ਜਾਂਦੇ ਹਨ। ਗੁਰਬਾਣੀ ਵਿੱਚ ਮਿਠਾਸ ਅਤੇ ਨਿਮਰਤਾ ਨੂੰ ਖੂਬੀਆਂ ਅਤੇ ਨੇਕੀਆਂ ਦਾ ਨਿਚੋੜ ਦੱਸਿਆ ਹੈ: ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।
ਸਿਰੀ ਰਾਗੁ ਵਿੱਚ ਗੁਰੂ ਨਾਨਕ ਫਰਮਾਉਂਦੇ ਹਨ: ਬਾਬਾ ਬੋਲੀਐ ਪਤਿ ਹੋਇ (ਭਾਵ, ਉਹ ਬਚਨ ਬੋਲ ਜਿਨ੍ਹਾਂ ਕਰਕੇ ਇੱਜ਼ਤ ਅਤੇ ਮਾਣ ਮਿਲੇ)। ਸ਼ਾਲਾ! ਪੰਜਾਬ ਦੀ ਸਰਜ਼ਮੀਨ ‘ਤੇ ਵਿਚਰਨ ਵਾਲੇ ਸਿਆਸਤਦਾਨ ਅਜਿਹੀਆਂ ਟੂਕਾਂ ਨੂੰ ਹਿਰਦੇ ਵਿੱਚ ਵਸਾ ਕੇ ਸਿਹਤਮੰਦ ਸਿਆਸਤ ਕਰਨ।
ਵਰਿੰਦਰ ਵਾਲੀਆ
|
|
24 Dec 2012
|
|
|
|
Nycc sharing......thnx.....ਬਿੱਟੂ ਜੀ......
|
|
24 Dec 2012
|
|
|
|
|
|
|
|
|
|
|
|
|
|