|
 |
 |
 |
|
|
Home > Communities > Punjabi Culture n History > Forum > messages |
|
|
|
|
|
ਤ੍ਰਿਵੈਣੀ ਵਾਲੇ ਬਾਬੇ ਦੀ ਯਾਦ |

ਬਾਬਾ ਗੁਰਦੇਵ ਸਿੰਘ ਚੱਲ ਵਸਿਆ। ਉਸ ਦੇ ਅਕਾਲ ਚਲਾਣੇ ਦੀ ਖ਼ਬਰ ਨਾ ਕਿਸੇ ਅਖ਼ਬਾਰ ਵਿੱਚ ਛਪੀ ਅਤੇ ਨਾ ਹੀ ਕਿਸੇ ਟੀ.ਵੀ. ਚੈਨਲ ’ਤੇ ਦਿਖਾਈ ਗਈ। ਗੰਢੂਆਂ ਤੋਂ ਇੱਕ ਦੋਸਤ ਦਾ ਫੋਨ ਆਇਆ ਕਿ ਤਾਇਆ ਗੁਰਦੇਵ ਸਿੰਘ ਹੁਣ ਨਹੀਂ ਰਿਹਾ। ਮੇਰਾ ਦੋਸਤ ਹੀ ਮੇਰੇ ਅਤੇ ਬਾਬੇ ਵਿਚਾਲੇ ਸੰਪਰਕ ਸੀ। ਉਹ ਉਸੇ ਦੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਹੀ ਮੈਨੂੰ ਉਸ ਦੀ ਖ਼ਬਰਸਾਰ ਦਿੰਦਾ ਸੀ। ਸੰਗਰੂਰ ਜ਼ਿਲ੍ਹੇ ਦੇ ਸੁਨਾਮ ਇਲਾਕੇ ਦੇ ਗੰਢੂਆਂ ਪਿੰਡ ਦੇ ਇਸ ਦਲਿਤ ਮਜ਼ਦੂਰ ਬਾਬਾ ਗੁਰਦੇਵ ਸਿੰਘ ਦਾ ਪਹਿਲੀ ਵਾਰ ਜ਼ਿਕਰ ਮੇਰੇ ਦੋਸਤ ਕਰਮਜੀਤ ਅਨਮੋਲ ਨੇ ਕੀਤਾ ਸੀ ਜੋ ਬਾਬੇ ਦੇ ਹੀ ਪਿੰਡ ਦਾ ਹੈ। ਉਸ ਦੇ ਮੂੰਹੋਂ ਹੀ ਮੈਂ ਇਸ ਅਸਲੀ ਹੀਰੋ ਦੀ ਕਹਾਣੀ ਸੁਣੀ ਸੀ। ਬਾਬਾ ਗੁਰਦੇਵ ਸਿੰਘ ਬਾਰੇ ਮੈਂ ਪਹਿਲੀ ਵਾਰ ਕਿਸੇ ਮੈਗਜ਼ੀਨ ਵਿੱਚ ਆਰਟੀਕਲ ਵੀ ਲਿਖਿਆ ਸੀ ਜਿਸ ਤੋਂ ਬਾਅਦ ਮੀਡੀਆ ਵਿੱਚ ਉਸ ਬਾਰੇ ਚਰਚਾ ਵੀ ਛਿੜੀ ਸੀ। ਇਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬਾਬਾ ਗੁਰਦੇਵ ਸਿੰਘ ਦਾ ਸੂਬਾ ਪੱਧਰੀ ਸਮਾਗਮ ਵਿੱਚ ਸਨਮਾਨ ਕੀਤਾ ਸੀ ਜੋ ਬਾਬੇ ਨੂੰ ਮਿਲਿਆ ਪਹਿਲਾ ਅਤੇ ਆਖ਼ਰੀ ਸਰਕਾਰੀ ਸਨਮਾਨ ਸੀ। ਸਾਰੇ ਸੋਚ ਰਹੇ ਹੋਣਗੇ ਕਿ ਬਾਬਾ ਗੁਰਦੇਵ ਸਿੰਘ ਆਖ਼ਰ ਕੌਣ ਸੀ ਅਤੇ ਉਸ ਦਾ ਸਮਾਜ ਲਈ ਕੀ ਯੋਗਦਾਨ ਸੀ? ਬਾਬਾ ਗੁਰਦੇਵ ਸਿੰਘ ਇੱਕ ਬੇਜ਼ਮੀਨਾ ਦਲਿਤ ਮਜ਼ਦੂਰ ਸੀ ਜਿਹੜਾ ਦਿਹਾੜੀ ਕਰ ਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ ਪਰ ਉਸ ਨੇ ਆਪਣੀ ਜ਼ਿੰਦਗੀ ਕੁਦਰਤ ਦੀ ਨਿਸ਼ਕਾਮ ਸੇਵਾ ਦੇ ਲੇਖੇ ਲਾ ਦਿੱਤੀ ਸੀ। ਉਹ ਸਾਰੀ ਉਮਰ ਆਪਣੀ ਹੀ ਲੀਹ ਉੱਤੇ ਚੱਲਦਾ ਰਿਹਾ। 90 ਸਾਲ ਤੋਂ ਵੱਧ ਉਮਰ ਭੋਗ ਕੇ ਉਹ ਚੱਲ ਵਸਿਆ।
|
|
04 Jul 2013
|
|
|
|
ਆਖ਼ਰੀ ਵਕਤ ਤਕ ਉਹ ਠੀਕ-ਠਾਕ ਰਿਹਾ; ਬਹੁਤਾ ਬੀਮਾਰ ਵੀ ਨਹੀਂ ਹੋਇਆ, ਬਸ, ਕਮਜ਼ੋਰ ਬਹੁਤ ਹੋ ਗਿਆ ਸੀ। ਬਾਬਾ ਗੁਰਦੇਵ ਸਿੰਘ ਨੇ ਆਪਣੀ ਜ਼ਿੰਦਗੀ ਦੇ 6 ਦਹਾਕੇ ਰੁੱਖਾਂ ਦੇ ਨਾਮ ਕਰ ਦਿੱਤੇ ਸਨ। ਕਈ ਦਹਾਕਿਆਂ ਦੌਰਾਨ ਉਹ ਹਰ ਰੋਜ਼ ਸਵੇਰੇ ਦਿਹਾੜੀ ਕਰਨ ਲਈ ਚਲਾ ਜਾਂਦਾ। ਪੂਰਾ ਦਿਨ ਦਿਹਾੜੀ ਕਰ ਕੇ ਉਹ ਭਾਵੇਂ ਥੱਕ ਜਾਂਦਾ ਸੀ ਪਰ ਹਾਰ ਮੰਨਣੀ ਉਸ ਦੀ ਕਿਤਾਬ ਦਾ ਸ਼ਬਦ ਨਹੀਂ ਸੀ। ਉਹ ਰਸਤੇ ਵਿੱਚ ਆਉਂਦੇ-ਜਾਂਦੇ ਛੱਪੜਾਂ, ਸੂਇਆਂ ਅਤੇ ਖੱਡਾਂ ਤੋਂ ਨਿੰਮ, ਪਿੱਪਲ ਤੇ ਬਰੋਟੇ ਦੇ ਬੂਟੇ ਇਕੱਠੇ ਕਰਦਾ ਤੇ ਪਿੰਡਾਂ ਦੀਆਂ ਸੱਥਾਂ ਜਾਂ ਅਜਿਹੇ ਥਾਂ ਜਿੱਥੇ ਲੋਕਾਂ ਦਾ ਵਧੇਰੇ ਆਉਣ-ਜਾਣ ਹੁੰਦਾ ਸੀ,’ਤੇ ਇਨ੍ਹਾਂ ਤਿੰਨਾਂ ਬੂਟਿਆਂ ਨੂੰ ਇਕੱਠੇ ਕਰ ਕੇ ਤ੍ਰਿਵੈਣੀਆਂ ਬਣਾ ਕੇ ਲਗਾ ਦਿੰਦਾ ਸੀ। ਸਾਲ 2004 ਤਕ ਮੋਟੇ ਜਿਹੇ ਅੰਦਾਜ਼ੇ ਮੁਤਾਬਿਕ ਬਾਬੇ ਦੇ ਆਪਣੇ ਹੱਥੀਂ ਲਾਏ 1200 ਪੌਦੇ ਤ੍ਰਿਵੈਣੀਆਂ ਦੇ ਰੂਪ ਵਿੱਚ ਦਰੱਖਤ ਬਣ ਚੁੱਕੇ ਸਨ। ਜਿੰਨੀ ਦੇਰ ਬਾਬੇ ਦਾ ਸਰੀਰ ਕੰਮ ਕਰਨ ਲਈ ਸਾਥ ਦਿੰਦਾ ਰਿਹਾ, ਉਸ ਦਾ ਇਹ ਕਾਰਜ ਨਿਰੰਤਰ ਚੱਲਦਾ ਰਿਹਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬਾਬੇ ਕੋਲ ਕੋਈ ਆਵਾਜਾਈ ਦਾ ਸਾਧਨ ਵੀ ਨਹੀਂ ਸੀ ਅਤੇ ਨਾ ਹੀ ਉਸ ਦੀ ਕੋਈ ਮਦਦ ਕਰਦਾ ਸੀ। ਮੋਢੇ ਉੱਤੇ ਕਹੀ ਰੱਖ ਕੇ ਉਹ ਤੁਰਿਆ ਜਾਂਦਾ, ਤ੍ਰਿਵੈਣੀਆਂ ਲਗਾਉਂਦਾ ਅਤੇ ਉਨ੍ਹਾਂ ਦੀ ਸੰਭਾਲ ਕਰਦਾ ਰਹਿੰਦਾ। ਉਹ ਜਿਸ ਪਹੀ ਜਾਂ ਰਾਹੇ ਤੁਰਦਾ, ਉਸ ਦਾ ਸੁਆਗਤ ਕਰਨ ਲਈ ਉਸ ਦੇ ਹੱਥੀਂ ਲਾਏ ਬੂਟੇ ਵੱਡੇ-ਵੱਡੇ ਦਰੱਖਤਾਂ ਦੇ ਰੂਪ ਵਿੱਚ ਫ਼ੌਜੀਆਂ ਵਾਂਗ ਤਾਇਨਾਤ ਮਿਲਦੇ। ਉਸ ਦੀ ਇਸ ਮੁਹਿੰਮ ਨੂੰ ਭਖਾਉਣ ਵਿੱਚ ਪਿੰਡ ਦੇ ਨੌਜਵਾਨਾਂ ਨੇ ਵੀ ਯੋਗਦਾਨ ਪਾਇਆ ਸੀ। ਪਿੰਡ ਦੇ ਯੂਥ ਕਲੱਬ ਦੇ ਨੌਜਵਾਨਾਂ ਨੇ ਆਪਣੇ ਜੇਬ ਖ਼ਰਚੇ ਵਿੱਚੋਂ ਕੁਝ ਪੈਸੇ ਦੇ ਕੇ ਬਾਬੇ ਨੂੰ ਇੱਕ ਸਾਈਕਲ ਅਤੇ ਇੱਕ ਬਾਲਟੀਨੁਮਾ ਫੁਆਰਾ ਲੈ ਦਿੱਤਾ ਸੀ। ਹੁਣ ਬਾਬਾ ਸਾਈਕਲ ਉੱਤੇ ਜਾਂਦਾ ਸੀ। ਸਾਈਕਲ ਦੇ ਕਰੀਅਰ ’ਤੇ ਕਹੀ ਰੱਖੀ ਹੁੰਦੀ ਅਤੇ ਹੈਂਡਲ ਉੱਤੇ ਫੁਹਾਰੇ ਵਾਲੀ ਬਾਲਟੀ ਲਮਕ ਰਹੀ ਹੁੰਦੀ। ਬਾਬਾ ਚੁੱਪ-ਚਪੀਤੇ ਇਹ ਕਾਰਜ ਦਹਾਕਿਆਂਬੱਧੀ ਕਰਦਾ ਰਿਹਾ। ਉਸ ਦੇ ਇਸ ਕੰਮ ਨੂੰ ਨਾ ਤਾਂ ਸਰਕਾਰ ਨੇ ਮਾਨਤਾ ਦਿੱਤੀ ਅਤੇ ਨਾ ਹੀ ਕਿਸੇ ਗ਼ੈਰ-ਸਰਕਾਰੀ ਜਥੇਬੰਦੀ ਨੇ ਪਰ ਗੰਢੂਆਂ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਆਮ ਲੋਕਾਂ ਵਿੱਚ ਉਸ ਦੀ ਚਰਚਾ ਜ਼ਰੂਰ ਛਿੜੀ ਰਹੀ। ਬਾਬਾ ਇਹ ਕਾਰਜ ਕਿਸੇ ਐਵਾਰਡ ਜਾਂ ਸਨਮਾਨ ਲਈ ਨਹੀਂ ਸੀ ਕਰ ਰਿਹਾ। ਉਸ ਲਈ ਇਹ ਉਸ ਦੇ ਸਮਾਜ ਦਾ ਕੰਮ ਸੀ, ਉਸ ਦੇ ਪਰਿਵਾਰ ਦਾ ਕੰਮ ਸੀ ਅਤੇ ਕੁਦਰਤ ਦੀ ਸੇਵਾ ਸੀ। ਉਸ ਨੂੰ ਕਿਸੇ ਮਾਣ-ਸਨਮਾਨ ਦੀ ਭੁੱਖ ਨਹੀਂ ਸੀ। ਬਾਬਾ ਗੁਰਦੇਵ ਸਿੰਘ ਨਾਲ ਮੇਰੀ ਆਖ਼ਰੀ ਵਾਰ ਮੁਲਾਕਾਤ ਸੁਲਤਾਨਪੁਰ ਲੋਧੀ ਵਿੱਚ ਕਾਲੀ ਵੇਈਂ ਦੇ ਕੰਢੇ ਦੋ ਸਾਲ ਪਹਿਲਾਂ ਹੋਈ ਸੀ ਜਿੱਥੇ ਉਸ ਨੂੰ ਕੈਨੇਡਾ ਦੀ ਸਮਾਜਸੇਵੀ ਜਥੇਬੰਦੀ ‘ਦ੍ਰਿਸ਼ਟੀ ਪੰਜਾਬ’ ਨੇ 50,000 ਰੁਪਏ ਦਾ ‘ਵਾਤਾਵਰਨ ਐਵਾਰਡ’ ਦੇਣ ਲਈ ਬੁਲਾਇਆ ਸੀ। ਜਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਸਨਮਾਨ ਲੈਣ ਲਈ ਬਾਬਾ ਗੁਰਦੇਵ ਸਿੰਘ ਆਏ ਅਤੇ ਜਦੋਂ ਉਨ੍ਹਾਂ ਦਾ ਸਨਮਾਨ ਪੱਤਰ ਪੜ੍ਹਿਆ ਜਾ ਰਿਹਾ ਸੀ ਤਾਂ 90ਵਿਆਂ ਨੂੰ ਟੱਪ ਚੁੱਕੇ ਬਾਬੇ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਬਾਬਾ ਹੁਣ ਖ਼ੁਦ ਦਰਿਆ ਕੰਢੇ ਰੁੱਖੜਾ ਬਣ ਗਿਆ ਹੈ ਪਰ ਫਿਰ ਵੀ ਉਹ ਦੋ ਸਾਲ ਹੋਰ ਗੁਜ਼ਾਰ ਗਿਆ। ਬਾਬਾ ਭਾਵੇਂ ਸਦਾ ਲਈ ਤੁਰ ਗਿਆ ਪਰ ਉਸ ਦੇ ਲਾਏ ਰੁੱਖ ਕਈ ਪੀੜ੍ਹੀਆਂ ਨੂੰ ਛਾਂ ਦਿੰਦੇ ਰਹਿਣਗੇ ਅਤੇ ਉਸ ਦੀ ਰੂਹ ਇਨ੍ਹਾਂ ਰੁੱਖਾਂ ਦੇ ਰੂਪ ਵਿੱਚ ਜ਼ਿੰਦਾ ਰਹੇਗੀ। ਉਸਦੀਆਂ ਲਾਈਆਂ ਤ੍ਰਿਵੈਣੀਆਂ ਵਿੱਚ ਉਸ ਦੇ ਸਾਖਸ਼ਾਤ ਦਰਸ਼ਨ ਹੁੰਦੇ ਰਹਿਣਗੇ। -ਖੁਸ਼ਹਾਲ ਲਾਲੀ * ਸੰਪਰਕ: 98883-04440
|
|
04 Jul 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|