|
ਅਕਾਲ ਪੁਰਖ ਨੂੰ ਬੇਨਤੀ |
ਹੇ ਸੁੰਦਰਤਾ ! ਹੇ ਜੋਤੀ ! ਹੇ ਸ਼ਾਂਤ ਬਹਿਰ ਦੇ ਮੋਤੀ ! ਹੇ ਲਟ ਪਟ ਕਰਦੇ ਤਾਰੇ ! ਹੇ ਬਿਜ਼ਲੀ ਦੇ ਲਿਸ਼ਕਾਰੇ ! ਹੇ ਗਰਮੀ ਪ੍ਰੇਮ-ਅਗਨ ਦੀ ! ਉਚਿਆਈ ਧਰਮ ਗਗਨ ਦੀ ! ਆ ਜਾ ! ਮੇਰੇ ਵਿਚ ਆ ਜਾ ! ਵਿਸਮਾਦ ਨਗਰ ਦੇ ਰਾਜਾ ! ਲੂੰ ਲੂੰ ਵਿਚ ਵਸ ਜਾ ਮੇਰੇ, ਹਿਰਦੇ ਵਿਚ ਲਾ ਦੇ ਡੇਰੇ ! ਕਰ ਬਾਹਾਂ ਅੰਕ ਸਮਾ ਲੈ, ਸਾਗਰ ਵਿਚ ਬੂੰਦ ਰਲਾ ਲੈ । ਮੈਂ ਤੂੰ ਹੋਵਾਂ ਤੂੰ ਮੈਂ ਹੋ, ਮੈਂ ਲਹਿਰ ਬਣਾਂ, ਤੂੰ ਨੈਂ ਹੋ, ਨਾ ਕੋਈ ਭੇਦ ਪਛਾਣੇ, ਮੈਂ ਤੂੰ ਨਾ ਦੋ ਕਰ ਜਾਣੇ । ਇਕ ਰੰਗੇ ਤੇ ਇਕ ਰਸੀਏ, ਆ ਘੁਲ ਮਿਲ ਕੇ ਹੁਣ ਵਸੀਏ । ਤੂੰ ਹਰ ਘਟੀਆ, ਹਰ ਜਾਈ, ਮੈਂ ਤੋਂ ਭੀ ਦੂਰ ਨ ਕਾਈ ; ਪਰ ਬੰਦ ਜਦੋਂ ਤਕ ਦੀਦੇ, ਮਿਟਦੇ ਨਹਿੰ ਸਹਿੰਸੇ ਜੀ ਦੇ । ਉਹਲਾ ਕਰ ਕੇ ਇਕ ਪਾਸੇ, ਮੈਂ ਤੂੰ ਵਿਚ ਫਰਕ ਨਾ ਭਾਸੇ । ਐਸਾ ਮਿਲ ਜਾਏ ਟਿਕਾਣਾ, ਮਿਟ ਜਾਏ ਆਉਣ ਜਾਣਾ । ਕਰ ਹੌਲਾ ਵਾਂਗ ਹਵਾੜਾਂ, ਅਰ ਮੁਹਕਮ ਵਾਂਗ ਪਹਾੜਾਂ ; ਹਸਮੁਖਾ ਅਨੰਦ ਰਸੀਲਾ, ਨਿਰਮਲ, ਵਿਸ਼ਾਲ ਚਮਕੀਲਾ । ਛੁਟ ਜਾਣ ਤਮਾਸ਼ੇ ਹਾਸੇ, ਹੋਵੇ ਇਕਾਂਤ ਸਭ ਪਾਸੇ , ਸੰਗੀ ਨਾ ਹੋਵਣ ਨੇੜੇ, ਦੁਖ ਸੁਖ ਨਾ ਜਿਸ ਥਾਂ ਛੇੜੇ । ਹੋਵੇ ਚੌਤਰਫ ਹਨੇਰਾ, ਇਕ ਚਾਨਣ ਚਮਕੇ ਤੇਰਾ ! ਉਸ ਚਾਨਣ ਵਿੱਚ ਸਮਾ ਕੇ ; ਮਿਟ ਜਾਵਾਂ ਆਪ ਮਿਟਾ ਕੇ ।..
ਹਰਦੀਪ ਸਿੰਘ ਬੇਨੀਪਾਲ
|
|
14 Dec 2012
|