Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਿਸਮਿਲ ਫ਼ਰੀਦਕੋਟੀ ਨੂੰ ਯਾਦ ਕਰਦਿਆਂ

 

 

ਲੋਕ ਕਵੀ ਗਿਰਧਾਰੀ ਲਾਲ ਬਿਸਮਿਲ ਫ਼ਰੀਦਕੋਟੀ ਦਾ ਜਨਮ ਇੱਕ ਨਵੰਬਰ 1926 ਨੂੰ ਪਿੰਡ ਢੋਲਣ ਸਤਾਈ ਚੱਕ, ਤਹਿਸੀਲ ਚੂਹਨੀਆਂ, ਜ਼ਿਲ੍ਹਾ ਲਾਹੌਰ ਵਿਖੇ ਪੰਡਿਤ ਪਾਲੀ ਰਾਮ ਦੇ ਘਰ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਪਰਿਵਾਰ ਫ਼ਰੀਦਕੋਟ ਆਣ ਟਿਕਿਆ। ਗੀਤਾਂ ਦੇ ਬਾਦਸ਼ਾਹ ਲਾਲਾ ਨੰਦ ਲਾਲ ਨੂਰਪੁਰੀ ਵੀ ਪਾਕਿਸਤਾਨ ਬਣਨ ਪਿੱਛੋਂ ਫ਼ਰੀਦਕੋਟ ਵਸ ਗਏ ਸਨ। ਉਨ੍ਹਾਂ ਦੀ ਸੰਗਤ ਵਿੱਚ ਕਈ ਨੌਜਵਾਨ ਕਵੀ ਬੈਠਣ ਲੱਗੇ ਜਿਨ੍ਹਾਂ ਵਿੱਚ ਹਰੀ ਸਿੰਘ ਤਾਂਗੜੀ ਅਤੇ ਬਿਸਮਿਲ ਫ਼ਰੀਦਕੋਟੀ ਵਿਸ਼ੇਸ਼ ਸਨ। ਇੱਥੇ ਹੀ ਬਿਸਮਿਲ ਨੂੰ ਕੀਵਤਾ ਦੀ ਜਾਗ ਲੱਗੀ। ਉਹ ਨਜ਼ਮ, ਗੀਤ,  ਗ਼ਜ਼ਲ ਅਤੇ ਰੁਬਾਈ ਲਿਖਣ ਲੱਗਿਆ। ਉਸ ਦੀਆਂ ਨਜ਼ਮਾਂ ‘ਚਾਂਦ ਬੀਬੀ’, ‘ਸਰਘੀ ਦਾ ਤਾਰਾ’, ‘ਹਾਏ ਕਵਿਤਾ ਦਾ ਫਤੂਰ’, ‘ਓਡ’ ਅਤੇ ‘ਦਰਦਾਂ ਦੀ ਰਿਆਸਤ’ ਖ਼ੂਬ ਮਕਬੂਲ ਹੋਈਆਂ। ਵੱਡੇ-ਵੱਡੇ ਕਵੀ-ਦਰਬਾਰਾਂ ਵਿੱਚ ਉਸ ਨੂੰ ਦਾਦ ਮਿਲਣ ਲੱਗੀ। ਰੁਬਾਈ ਉਸ ਦੀ ਬਹੁਤ ਪਰਵਾਨ ਚੜ੍ਹੀ। ਉਰਦੂ-ਫ਼ਾਰਸੀ ਲੀਹਾਂ ’ਤੇ ਰੁਬਾਈ ਕਹਿਣ ਵਾਲਾ ਬਿਸਮਿਲ ਪੰਜਾਬੀ ਦਾ ਵਾਹਿਦ ਕਵੀ ਹੈ। ਉਸ ਦੀ ਇੱਕ ਰੁਬਾਈ ਦਾ ਨਮੂਨਾ ਇੰਜ ਹੈ:
ਹੈ ਦੌਰ ਨਵਾਂ,
ਹੀਰ ਪੁਰਾਣੀ ਨਾ ਸੁਣੋ।
ਦੁੱਖ ਚਾਕ ਦਾ,
ਸੈਦੇ ਦੀ ਜ਼ੁਬਾਨੀ ਨਾ ਸੁਣੋ!
ਛੇੜੀ ਏ ਜ਼ਮਾਨੇ ਨੇ,
ਅਵਾਮਾਂ ਦੀ ਕਥਾ,
ਰਾਜੇ ਜਾਂ ਨਵਾਬਾਂ ਦੀ
ਕਹਾਣੀ ਨਾ ਸੁਣੋ।
ਬਿਸਮਿਲ ਬੜਾ ਖ਼ਰਾ ਮਨੁੱਖ ਅਤੇ ਖੁੱਦਾਰ ਵਿਅਕਤੀ ਸੀ। ਜੀਵਨ ਨਿਰਬਾਹ ਲਈ ਉਸ ਨੇ ਕਈ ਪਾਪੜ ਵੇਲੇ। ਕਦੇ ਚੁੰਗੀ ਮੁਹੱਰਰ, ਕਦੇ ਰਿਕਸ਼ਾ ਚਾਲਕ ਅਤੇ ਕਦੇ ਕੋਆਪਰੇਟਿਵ ਸੁਸਾਇਟੀ ਦਾ ਸਕੱਤਰ। ਉਹ ਸੀ.ਪੀ.ਆਈ. ਦਾ ਸਰਗਰਮ ਵਰਕਰ ਵੀ ਰਿਹਾ। ਉਸ ਨੇ ਕਿਸਾਨ ਮੋਰਚਿਆਂ ਵਿੱਚ ਜੇਲ੍ਹ ਯਾਤਰਾ ਵੀ ਕੀਤੀ। ਜੇਲ੍ਹ ਵਿੱਚ ਸੰਤੋਖ ਸਿੰਘ ਧੀਰ ਅਤੇ ਗੁਰਦਾਸ ਰਾਮ ਆਲਮ ਵੀ ਉਸ ਦੇ ਹਮਰਾਹ ਸਨ। ਉਸ ਨੇ ਸ਼ਾਦੀ ਨਹੀਂ ਕਰਵਾਈ। ਸਾਰਾ ਜੀਵਨ ਲੋਕ ਸੇਵਾ ਵਿੱਚ ਲਗਾ ਦਿੱਤਾ। ਉਹ ਸਾਹਿਤ ਸਭਾ ਫ਼ਰੀਦਕੋਟ ਦੇ ਮੋਢੀਆਂ ਵਿੱਚੋਂ ਸੀ। ਉਹ 14 ਦਸੰਬਰ, 1974 ਨੂੰ 48 ਸਾਲਾਂ ਦੀ ਉਮਰ ਭੋਗ ਕੇ ਟੀ.ਬੀ. ਸੈਨੀਟੋਰੀਅਮ, ਅੰਮ੍ਰਿਤਸਰ ਵਿਖੇ ਕਾਲਵਸ ਹੋ ਗਿਆ ਸੀ। ਸਾਹਿਤ ਸਭਾ ਫ਼ਰੀਦਕੋਟ ਨੇ ਹੋਰ ਸਭਾਵਾਂ ਅਤੇ ਸੱਜਣਾਂ-ਮਿੱਤਰਾਂ ਦੇ ਸਹਿਯੋਗ ਨਾਲ ਬਿਸਮਿਲ ਦੇ ਚੋਣਵੇਂ ਕਲਾਮ ਨੂੰ ਸੰਨ 1975 ਵਿੱਚ  ‘ਖੌਲਦੇ ਸਾਗਰ’ ਕਾਵਿ-ਸੰਗ੍ਰਹਿ ਵਿੱਚ ਸੰਭਾਲ ਕੇ ਨਿਹਾਇਤ ਸ਼ਾਨਦਾਰ ਕਾਰਜ ਕੀਤਾ। ਇਸ ਕਠਿਨ ਕੰਮ ਵਿੱਚ ਗੁਰਦਾਸਰੀਣ ਕੋਟਕਪੂਰਵੀ ਅਤੇ ਬਿਸਮਿਲ ਦੇ ਛੋਟੇ ਭਾਈ ਜਗਦੀਸ਼ ਲਾਲ ਸ਼ਰਮਾ ਨੇ ਤੋੜ ਨਿਭਾਈ। ਹੋਰ ਵੀ ਕਈ ਸੱਜਣਾਂ-ਸਨੇਹੀਆਂ ਨੇ ਪੂਰਾ ਸਹਿਯੋਗ ਦਿੱਤਾ। ਕੁਝ ਚਿਰ ਪਿੱਛੋਂ ਸਾਹਿਤ ਸਭਾ ਫ਼ਰੀਦਕੋਟ ਵੱਲੋਂ ‘ਬਿਸਮਿਲ ਫ਼ਰੀਦਕੋਟੀ ਐਵਾਰਡ’ ਦੀ ਸਥਾਪਨਾ ਕਰ ਕੇ ਹਰ ਸਾਲ ਨਾਮਵਰ ਲੇਖਕਾਂ ਨੂੰ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜੋ ਹੁਣ ਤਕ ਜਾਰੀ ਹੈ। ਨਿਰਸੰਦੇਹ ਉਹ ਇੱਕ ਠੋਸ ਸ਼ਾਇਰ ਅਤੇ ਵਧੀਆ ਇਨਸਾਨ ਸੀ। ਰੁਬਾਈ ਦੇ ਖੇਤਰ ਵਿੱਚ ਉਸ ਦਾ ਕੋਈ ਸਾਨੀ ਨਹੀਂ। ਫ਼ਰੀਦਕੋਟ ਨੂੰ ਖ਼ਾਸ ਕਰਕੇ ਅਤੇ ਸਮੁੱਚੇ ਪੰਜਾਬੀ ਸੰਸਾਰ ਨੂੰ ਉਸ ਉੱਤੇ ਫ਼ਖ਼ਰ ਹੈ। ਉਸ ਦੇ ਕੁਝ ਸ਼ਿਅਰ ਪਾਠਕਾਂ ਦੀ ਨਜ਼ਰ ਹਨ:
- ਆਏ ਖ਼ਬਰ ਨੂੰ, ਨਾਲ ਪਰ ਲੈ ਕੇ ਰਕੀਬ ਨੂੰ,
ਪੀਣਾ ਪਿਆ ਏ ਜ਼ਹਿਰ ਵੀ, ਦਿਲ ਦੀ ਦਵਾ ਦੇ ਨਾਲ।
-    ਗਰਦਸ਼ ਮੇਰੇ ਪਿੱਛੇ ਫਿਰੇ, ਮਿੱਟੀ ਨੂੰ ਛਾਣਦੀ;
ਇੱਕ ਤੂੰ ਕਿ ਮੈਨੂੰ ਮਾਰਿਆ, ਮਿੱਟੀ ’ਚ ਰੋਲ ਕੇ।
-    ਕਿਸੇ ਚੇਤੰਨ ਰੂਹ ਦਾ ਸਾਰ ਗ਼ਜ਼ਲ, ਸੁਰ ਸ਼ਬਦ ਸ਼ਰਾਬ ਆਕਾਰ ਗ਼ਜ਼ਲ।
 

ਪ੍ਰਿੰ. ਨਵਰਾਹੀ ਘੁਗਿਆਣਵੀ ਸੰਪਰਕ: 98150-02302

13 Dec 2013

Reply