|
 |
 |
 |
|
|
Home > Communities > Punjabi Culture n History > Forum > messages |
|
|
|
|
|
ਸੂਰਜ ਤੇ ਚੰਦਰ ਚਾਲ ’ਚ ਫਸਿਆ ਕੈਲੰਡਰ |
ਨਾਨਕ ਨਾਮਲੇਵਾ ਅੱਜ ਬਾਬੇ ਦੇ ਨਾਂ ’ਤੇ ਬਣੇ ਕੈਲੰਡਰ ਨੂੰ ਲੈ ਕੇ ਦੋਫਾੜ ਨਹੀਂ ਸਗੋਂ ਕਈ ਫਾੜ ਹੋ ਚੁੱਕੇ ਹਨ। ਜੰਤਰੀ ਬਾਰੇ ਪੈਦਾ ਹੋ ਰਹੇ ਵਿਵਾਦਾਂ ਤੋਂ ਬਾਅਦ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਕੌਮ ਦੇ ਵਿਦਵਾਨਾਂ ਵਿੱਚ ਗੁਰੂ ਸਾਹਿਬਾਨ ਨਾਲ ਜੁੜੇ ਪੁਰਬਾਂ ਬਾਰੇ ਛਿੜੀ ਬਹਿਸ ਨੇ ਆਮ ਸ਼ਰਧਾਲੂਆਂ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ। ਨਾਨਕਸ਼ਾਹੀ ਕੈਲੰਡਰ ਬਾਰੇ ਛਿੜਿਆ ਵਿਵਾਦ ਹੱਦਾਂ ਤੋਂ ਬਾਅਦ ਹੁਣ ਸਰਹੱਦਾਂ ਟੱਪ ਰਿਹਾ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਮਨਾਏਗੀ। ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ 12 ਜੂਨ ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਵੀਜ਼ੇ ਵੀ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੱਖ ਰੱਖ ਕੇ ਹੀ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਦਾ ਜਥਾ ਪਾਕਿਸਤਾਨ ਜ਼ਰੂਰ ਜਾਵੇਗਾ ਪਰ ਵੀਜ਼ੇ ਮੁਤਾਬਕ ਸ਼ਰਧਾਲੂ 12 ਜੂਨ ਨੂੰ ਗੁਰਦੁਆਰਾ ਡੇਹਰਾ ਸਾਹਿਬ (ਲਾਹੌਰ) ਨਹੀਂ ਹੋਣਗੇ। ਇਸ ਦਿਨ ਉਹ ਜਿੱਥੇ ਵੀ ਹੋਣਗੇ, ਉਹ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਉੱਥੇ ਹੀ ਅਰਦਾਸ ਕਰ ਲੈਣਗੇ ਪਰ ਪਾਕਿਸਤਾਨ ਗੁਰਦੁਆਰਾ ਕਮੇਟੀ ਦੁਆਰਾ 16 ਜੂਨ ਨੂੰ ਡੇਹਰਾ ਸਾਹਿਬ ਵਿੱਚ ਆਯੋਜਿਤ ਕੀਤੇ ਜਾ ਰਹੇ ਦੀਵਾਨ ਵਿੱਚ ਹਾਜ਼ਰੀ ਨਹੀਂ ਲਗਵਾ ਸਕਣਗੇ। ਆਪੋ-ਆਪਣੀ ਗੱਲ ਮਨਾਉਣ ਲਈ ‘ਵਿਦਵਾਨ’ ਵੱਖੋ-ਵੱਖਰੇ ਤਰਕ ਅਤੇ ਦਲੀਲਾਂ ਦੇ ਰਹੇ ਹਨ। ਉਹ ਆਪਣੇ ਆਪ ਨੂੰ ਇਤਿਹਾਸਕ ਦਿਹਾੜੇ ਬਦਲਣ ਦੇ ਸਮਰੱਥ ਸਮਝਦੇ ਹਨ। ਉਨ੍ਹਾਂ ਦੀ ਪੁਰਜ਼ੋਰ ਕੋਸ਼ਿਸ਼ ਹੈ ਕਿ ਪ੍ਰਕਾਸ਼ ਦਿਵਸ ਅਤੇ ਜੋਤੀ-ਜੋਤ ਸਮਾਉਣ ਦੀਆਂ ਤਰੀਕਾਂ ਉਨ੍ਹਾਂ ਦੀ ਆਪਣੀ ਜੰਤਰੀ ਮੁਤਾਬਕ ਹੋਣ।
|
|
17 Jun 2013
|
|
|
|
ਅੰਮ੍ਰਿਤਸਰ ਦੇ ਬਾਨੀ, ਗੁਰੂ ਰਾਮਦਾਸ ਦੇ ਗ੍ਰਹਿ ਵਿਖੇ ਜਨਮ ਲੈਣ ਵਾਲੇ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਛਿੜਿਆ ਵਿਵਾਦ ਹਿਰਦੇਵੇਦਕ ਹੈ। ਚੌਥੇ ਗੁਰੂ ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ ਹਰੀਦਾਸ ਜੀ ਦੇ ਘਰ 24 ਸਤੰਬਰ 1534 ਈ. ਨੂੰ ਹੋਇਆ ਸੀ। ਗੁਰੂ ਦਰਸ਼ਨਾਂ ਦੀ ਤਾਂਘ ਉਨ੍ਹਾਂ ਨੂੰ ਗੋਇੰਦਵਾਲ ਲੈ ਆਈ। ਜੇਠੇ (ਗੁਰੂ ਰਾਮਦਾਸ) ਦਾ ‘ਜ਼ਹਿਰ ਕਹਿਰ’ ਵਾਲੇ ਰਾਵੀ ਨੂੰ ਛੱਡ ਬਿਆਸ ਦੇ ਸ਼ਾਂਤ ਕੰਢੇ ’ਤੇ ਰੈਣ-ਬਸੇਰਾ ਬਣਾਉਣ ਲਈ ਮਨ ਲੋਚਿਆ। ਗੁਰੂ ਅਰਜਨ ਦੇਵ ਦਾ ਸਮੁੱਚਾ ਜੀਵਨ ਬਿਆਸ ਅਤੇ ਰਾਵੀ ਨਦੀਆਂ ਦਰਮਿਆਨ ਗੁਜ਼ਰਿਆ ਜਿਸ ਦਾ ਹਾਸਲ ਰਸ-ਭਿੰਨੀ ਗੁਰਬਾਣੀ ਅਤੇ ਲਾਸਾਨੀ ਕੁਰਬਾਨੀ ਹੈ। ਗੁਰੂ ਅਰਜਨ, ਨਾਨਕ ਦੀ ਪੰਜਵੀਂ ਜੋਤ ਹਨ, ਜਿਨ੍ਹਾਂ ਦੇ ਨਾਂ ’ਤੇ ਸਿੱਖ ਕੈਲੰਡਰ ਦਾ ਨਾਂ ਰੱਖਿਆ ਗਿਆ ਹੈ। ਅਗਨਿ ਅਤੇ ਜਲ ਦਾ ਕੋਈ ਮੇਲ ਨਹੀਂ ਪਰ ਰਾਵੀ ਦੇ ਪਾਣੀਆਂ ਵਿੱਚ ਇਹ ਜੋਤ ਐਸੀ ਸਮਾਈ ਜਿਸ ਨਾਲ ਚਾਨਣ ਹੀ ਚਾਨਣ ਬਿਖਰ ਗਿਆ। ਰਾਵੀ ਦੇ ਪਾਣੀਆਂ ’ਤੇ ਸ਼ਹੀਦਾਂ ਦੇ ਸਿਰਤਾਜ ਨੇ ਸ਼ਹਾਦਤ ਦੀ ਅਨੂਠੀ ਇਬਾਰਤ ਲਿਖ ਦਿੱਤੀ। ਇਸ ਦਿਹਾੜੇ ਨੂੰ ਮਨਾਉਣ ਲੱਗਿਆਂ ਵੀ ਜੇ ਕੌਮ ਦੁਬਿਧਾ ਵਿੱਚ ਪੈ ਜਾਵੇ ਤਾਂ ਫਿਰ ਰੱਬ ਹੀ ਰਾਖਾ ਹੈ। ਗੁਰੂ ਕਵੀ ਨੇ “ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮ ਪਦਾਰਥੁ ਨਾਨਕੁ ਮਾਂਗੈ” ਦਾ ਜਾਪ ਜਪਦਿਆਂ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਲਾਸਾਨੀ ਸ਼ਹਾਦਤ ਦਿੱਤੀ ਸੀ ਪਰ ਉਨ੍ਹਾਂ ਦੇ ਕਈ ਨਾਮਲੇਵਾ ਭਾਣੇ ਨੂੰ ਮਿੱਠਾ ਮੰਨਣ ਵਾਲੇ ਦਾ ਪੁਰਬ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਮਨਾਉਣ ਤਕ ਹੀ ਸੀਮਤ ਹੁੰਦੇ ਹਨ। ਇਸ ਸ਼ਹਾਦਤ ਨੇ ਦੇਗ ਤੋਂ ਬਾਅਦ ਤੇਗ ਦੀ ਅਹਿਮੀਅਤ ਦਾ ਗਿਆਨ ਕਰਵਾਇਆ ਸੀ। ਦੇਗ-ਤੇਗ ਦੀ ਫ਼ਤਿਹ ਨੇ ਇੱਕ ਅਜਿਹੇ ਇਨਕਲਾਬ ਨੂੰ ਜਨਮ ਦਿੱਤਾ ਜਿਸ ਨੇ ਅੱਗੇ ਚੱਲ ਕੇ ਜ਼ੁਲਮ ਅਤੇ ਜਬਰ ਦੀਆਂ ਨੀਂਹਾਂ ਨੂੰ ਕਾਂਬਾ ਛੇੜ ਦਿੱਤਾ ਸੀ। ਸਾਰੇ ਵਰਣਾਂ ਲਈ ਬਾਉਲੀਆਂ, ਤਾਲਾਂ ਅਤੇ ਸਰੋਵਰਾਂ ਦੀ ਤਾਮੀਰ ਜਾਤ-ਪਾਤ ਨੂੰ ਖ਼ਤਮ ਕਰਨ ਵੱਲ ਇੱਕ ਅਹਿਮ ਕਦਮ ਸੀ। ‘ਗੁਰੂ ਦੇ ਚੱਕ’ ਦੇ ਸਾਂਝੇ ਮੰਦਿਰ ਵਿੱਚ ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਉਣ ਤੋਂ ਬਾਅਦ ਵਰਣਾਂ ਵਿੱਚ ਵੰਡੇ ਸਮਾਜ ਦੇ ਸਾਰੇ ਝਗੜੇ-ਝੇੜੇ ਖ਼ਤਮ ਹੋ ਜਾਣੇ ਚਾਹੀਦੇ ਸਨ। ਸਾਂਝੀਵਾਲਤਾ ਦੇ ਇਸ ਗ੍ਰੰਥ ਵਿੱਚ ਸਭ ਵਰਣਾਂ ਨਾਲ ਸਬੰਧਤ ਸੂਫ਼ੀ ਸੰਤਾਂ, ਭਗਤਾਂ ਅਤੇ ਗੁਰੂਆਂ ਦੀ ਬਾਣੀ ਅੰਕਿਤ ਹੈ। ਸਾਂਝੇ ਕੌਮੀ ਕਾਰਜਾਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਧਰਮ-ਕਿਰਤ ਵਿੱਚੋਂ ਦਸਵੰਧ ਦੇਣ ਦੀ ਪਿਰਤ ਪਾਈ। ਇਸ ਤੋਂ ਪਹਿਲਾਂ ਭਾਰਤੀ ਧਾਰਮਿਕ ਇਤਿਹਾਸ ਵਿੱਚ ਸ਼ਹਾਦਤ ਦਾ ਸੰਕਲਪ ਤਾਂ ਸੀ ਪਰ ਇਸ ਨੂੰ ਅਮਲੀ ਰੂਪ ਗੁਰੂ ਅਰਜਨ ਦੇਵ ਨੇ ਹੀ ਦਿੱਤਾ ਸੀ। ਭਗਤ ਕਬੀਰ ਜੀ ਦੀ ਬਾਣੀ ਨੂੰ ਗੁਰਮੁਖੀ ਵਿੱਚ ਉਲਥਾ ਕਰਨ ਲੱਗਿਆਂ ਗੁਰੂ ਅਰਜਨ ਦੇਵ ਦਾ ਮਨ ਅਨੂਠੀ ਸ਼ਹਾਦਤ ਲਈ ਬਿਹਬਲ ਹੋਇਆ ਹੋਵੇਗਾ: ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ।। (ਸਲੋਕ ਕਬੀਰ, ਪੰਨਾ 1105) ਪਸ਼ੂਆਂ ਦੀਆਂ ਬਲੀਆਂ ਦੇਣ ਵਾਲੇ ਮੁਲਕ ਵਿੱਚ ਬਲੀਦਾਨ ਦੇਣਾ ਆਪਣੇ ਆਪ ਵਿੱਚ ਇੱਕ ਮਹਾਨ ਵਰਤਾਰਾ ਸੀ। ਇਸ ਸ਼ਹਾਦਤ ਨੇ ‘ਜ਼ਹਿਰ ਕਹਿਰ’ ਵਾਲੀ ਰਾਵੀ ਵਿੱਚ ਜਿਵੇਂ ਪਤਾਸੇ ਘੋਲ ਦਿੱਤੇ ਸਨ। ਇਨ੍ਹਾਂ ਪਾਣੀਆਂ ਵਿੱਚ ਇਲਾਹੀ ਜੋਤ ਸਮਾਉਣ ਤੋਂ ਬਾਅਦ ਰਾਵੀ ਦੀਆਂ ਲਹਿਰਾਂ ਜਿਵੇਂ ਬਾਣੀ ਕੰਠ ਕਰਦੀਆਂ ਹੋਈਆਂ ਕੋਈ ਸੰਦੇਸ਼ ਦੇ ਰਹੀਆਂ ਸਨ। ਬਾਣੀ ਤੇ ਕੁਰਬਾਨੀ ਦਾ ਅਨੂਠਾ ਸੁਮੇਲ ਸੀ ਇਹ, ਜਿਸ ਨੇ ਇਤਿਹਾਸ ਨੂੰ ਇਨਕਲਾਬ ਦਾ ਪਲੇਠਾ ਸਬਕ ਪੜ੍ਹਾਇਆ ਸੀ। ਉਨ੍ਹਾਂ ਦੇ ਨਾਨਾ ਗੁਰੂ ਅਮਰਦਾਸ ਜੀ ਆਪ ਨੂੰ ‘ਕਵਿਤਾ ਦਾ ਮਲਾਹ’ (ਦੋਹਤਾ, ਬਾਣੀ ਕਾ ਬੋਹਥਾ) ਕਹਿ ਕੇ ਵਡਿਆਉਂਦੇ ਸਨ। ਆਪ ਜੀ ਦੇ 2312 ਸ਼ਬਦ ਹਨ, ਗੁਰੂ ਗ੍ਰੰਥ ਸਾਹਿਬ ਦਾ ਲਗਪਗ ਅੱਧਾ ਭਾਗ। ਚੰਗਾ ਹੁੰਦਾ ਜੇ ਸਮੁੱਚੀ ਕੌਮ ਸ਼ਹੀਦੀ ਦਿਹਾੜੇ ਨੂੰ ਲੈ ਕੇ ਵਿਵਾਦ ਵਿੱਚ ਫਸਣ ਦੀ ਬਜਾਏ ਉਨ੍ਹਾਂ ਵੱਲੋਂ ਰਚੀ ਬਾਣੀ ਅਤੇ ਕੁਰਬਾਨੀ ਬਾਰੇ ਇੱਕ ਮੰਚ ’ਤੇ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਦੀ। ਵੈਸੇ ਨਾਨਕਸ਼ਾਹੀ ਕੈਲੰਡਰ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਸੋਧਿਆ ਹੋਇਆ ਕੈਲੰਡਰ 2010 ਵਿੱਚ ਲਾਗੂ ਕੀਤਾ ਗਿਆ ਸੀ ਜਿਸ ਨੇ ਮਸਲੇ ਨੂੰ ਹੋਰ ਵੀ ਉਲਝਾ ਦਿੱਤਾ ਹੈ। ਪਾਕਿਸਤਾਨ ਗੁਰਦੁਆਰਾ ਕਮੇਟੀ ਤੋਂ ਇਲਾਵਾ ਕਈ ਹੋਰ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੇ ਸੋਧੇ ਹੋਏ ਕੈਲੰਡਰ ਨੂੰ ਮਾਨਤਾ ਨਹੀਂ ਦਿੱਤੀ। ਜਦੋਂ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਤਾਂ ਉਸ ਵੇਲੇ ਦੋ ਤਖ਼ਤਾਂ (ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ) ਅਤੇ ਸੰਤ ਸਮਾਜ ਦੇ ਇੱਕ ਵਰਗ ਵੱਲੋਂ ਵੀ ਇਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਗਿਆ। ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਤਤਕਾਲੀ ਜਥੇਦਾਰ ਗਿਆਨੀ ਪੂਰਨ ਸਿੰਘ ਅਤੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਿੱਚ ਜੰਗ ਛਿੜ ਗਈ ਸੀ। ਗਿਆਨੀ ਪੂਰਨ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਗੁਣਾ (ਮਹਾਰਾਸ਼ਟਰ) ਤੋਂ ਜਾਰੀ ਕੀਤੇ ਗਏ ਵਿਵਾਦਤ ਹੁਕਮਨਾਮੇ ਰਾਹੀਂ ਪੰਥ ਵਿੱਚੋਂ ਛੇਕ ਦਿੱਤਾ ਜਦੋਂਕਿ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਨੂੰ ਹੀ ਬਰਖ਼ਾਸਤ ਕਰ ਦਿੱਤਾ ਸੀ। ਇਹ ਆਪਣੇ ਆਪ ਵਿੱਚ ਹੀ ਵਿਡੰਬਨਾ ਹੈ ਕਿ ਨਾਨਕ ਨਾਮਲੇਵਾ ਨਾਨਕ ਦੇ ਨਾਂ ’ਤੇ ਬਣੇ ਕੈਲੰਡਰ ਦੇ ਮੁੱਦੇ ਨੂੰ ਲੈ ਕੇ ਬੁਰੀ ਤਰ੍ਹਾਂ ਵੰਡੇ ਗਏ। ਪਰਵਾਸੀ ਭਾਰਤੀ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਸੂਰਜੀ ਚਾਲ ’ਤੇ ਆਧਾਰਤ ਸੀ। ਇਸ ਕੈਲੰਡਰ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਵਰ੍ਹੇ 1469 ਤੋਂ ਮੰਨੀ ਗਈ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਸਮੁੱਚੇ ਗੁਰਪੁਰਬ ਤੇ ਸ਼ਹੀਦੀ ਦਿਹਾੜਿਆਂ ਦੀਆਂ ਤਰੀਕਾਂ ਸਥਾਈ ਤੌਰ ’ਤੇ ਨਿਰਧਾਰਤ ਕਰ ਦਿੱਤੀਆਂ ਗਈਆਂ ਸਨ ਪਰ ਹੋਲਾ ਮਹੱਲਾ, ਦੀਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਆਦਿ ਨਿਰਧਾਰਤ ਨਹੀਂ ਸਨ ਕੀਤੇ ਗਏ। ਇਨ੍ਹਾਂ ਦੀਆਂ ਤਰੀਕਾਂ ਨੂੰ ਪਹਿਲਾਂ ਵਾਲੇ ਬਿਕਰਮੀ ਕੈਲੰਡਰ ਅਨੁਸਾਰ ਹੀ ਰੱਖਿਆ ਗਿਆ ਸੀ। ਕੁਝ ਸਿੱਖ ਸੰਸਥਾਵਾਂ ਦੇ ਜ਼ੋਰ ਪਾਉਣ ਤੋਂ ਬਾਅਦ ਕਈ ਇਤਿਹਾਸਕ ਦਿਹਾੜਿਆਂ ਨੂੰ ਮੁੜ ਚੰਦਰ ਚਾਲ ਅਨੁਸਾਰ ਬਿਕਰਮੀ ਕੈਲੰਡਰ ਦੀ ਤਰਜ਼ ’ਤੇ ਸੋਧਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ, ਜੋ ਕੈਲੰਡਰ ਦੀ ਸਥਾਪਨਾ ਵੇਲੇ ਬਣਾਈ ਗਈ ਗਿਆਰਾਂ ਮੈਂਬਰੀ ਕਮੇਟੀ ਵਿੱਚ ਸ਼ਾਮਲ ਸਨ, ਨੇ ਹਿਰਖ ਨਾਲ ਆਖਿਆ ਕਿ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਮਿਲਗੋਭਾ ਜੰਤਰੀ ਬਣ ਗਿਆ ਹੈ। ਇਹ ਨਾ ਤਾਂ ਬਿਕਰਮੀ ਰਿਹਾ ਤੇ ਨਾ ਹੀ ਨਾਨਕਸ਼ਾਹੀ। ਸੂਰਜ ਚਾਲ ਅਤੇ ਚੰਦਰ ਚਾਲ ਦੇ ਗਣਿਤ ਨੇ ਗੁਰੂਆਂ ਨਾਲ ਜੁੜੇ ਉਤਸਵਾਂ ਅਤੇ ਪੁਰਬਾਂ ਬਾਰੇ ਵੀ ਭੰਬਲਭੂਸਾ ਪਾ ਦਿੱਤਾ ਹੈ।
|
|
17 Jun 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|