Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਿਸਦੇ ਜ਼ਖ਼ਮਾਂ ਦੀ ਚੀਸ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਰਿਸਦੇ ਜ਼ਖ਼ਮਾਂ ਦੀ ਚੀਸ

ਜੂਨ 1984 ਵਿੱਚ ਹਰਿਮੰਦਰ ਸਾਹਿਬ ’ਤੇ ਭਾਰਤੀ ਫ਼ੌਜ ਵੱਲੋਂ ਕੀਤਾ ਗਿਆ ਹਮਲਾ ਦੁਸ਼ਮਣ ਦੇਸ਼ ਜਾਂ ਦੁਸ਼ਮਣ ਸੈਨਿਕਾਂ ’ਤੇ ਨਹੀਂ ਸਗੋਂ ਆਪਣੇ ਹੀ ਮੁਲਕ ਦੇ ਨਾਗਰਿਕਾਂ ’ਤੇ ਸੀ, ਜਿਸ ’ਚ ਕਈ ਨਿਰਦੋਸ਼ ਬੱਚੇ, ਬਜ਼ੁਰਗ, ਔਰਤਾਂ ਅਤੇ ਆਦਮੀ ਮਾਰੇ ਗਏ ਸਨ। ਇਹ ਫ਼ੌਜੀ ਹਮਲਾ ‘ਸ੍ਰੀ ਹਰਿਮੰਦਰ ਸਾਹਿਬ’ ’ਤੇ ਕੀਤਾ ਗਿਆ ਸੀ ਜਿਸਨੂੰ ਬ੍ਰਹਿਮੰਡ ਵਿੱਚ ਮਾਨਵਤਾ ਦਾ ਸਰਬ-ਸਾਂਝਾ ਧਰਮ ਮੰਦਰ ਹੋਣ ਦਾ ਮਾਣ ਹਾਸਲ ਹੈ। ਸੰਤ ਕਬੀਰ ਜੀ ਦਾ ਪਾਵਨ ਕਥਨ ਹੈ ਕਿ ਅਜਿਹਾ ਕੋਈ ਮਨੁੱਖ ਨਹੀਂ ਹੈ ਜੋ ਆਪਣੇ ਘਰ-ਮੰਦਰ-ਮਹਿਲ ਨੂੰ ਜਲਾ ਦੇਵੇ:
ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ। (ਪੰਨਾ 1368)
ਕਿਹਾ ਜਾਂਦਾ ਹੈ ਕਿ ਇਹ ਫ਼ੌਜੀ ਹਮਲਾ ਖ਼ਤਰਨਾਕ ਅਤਿਵਾਦੀਆਂ ਨੂੰ ਕੱਢਣ ਲਈ ਕੀਤਾ ਗਿਆ ਸੀ ਪਰ ਕਿਹੜੇ ਕਾਨੂੰਨ ਤਹਿਤ ਹਮਲਾ ਕਰਨ ਲਈ ਮਜਬੂਰ ਹੋਣਾ ਪਿਆ, ਇਸ ਬਾਰੇ ਅੱਜ ਤਕ ਸਪਸ਼ਟਤਾ ਨਹੀਂ ਹੈ। ਕੁਝ ਖ਼ਤਰਨਾਕ ਅਤਿਵਾਦੀਆਂ ਨੂੰ ਸੁਰੱਖਿਅਤ ਢੰਗ ਨਾਲ ਬੇਗ਼ਾਨੇ ਦੇਸ਼ ਉਨ੍ਹਾਂ ਦੇ ਘਰ ਤਕ ਛੱਡਿਆ ਜਾਂਦਾ ਹੈ। ਮੁੰਬਈ ਦੇ ਤਾਜ਼ ਹੋਟਲ ਅਤੇ ਸ੍ਰੀਨਗਰ ਦੇ ਹਜ਼ਰਤ ਬਲ ’ਚੋਂ ਅਤਿਵਾਦੀਆਂ ਨੂੰ ਬਾਹਰ ਕੱਢਣ ਸਮੇਂ ਇਨ੍ਹਾਂ ਦੀ ਵਿਰਾਸਤੀ ਅਹਿਮੀਅਤ ਨੂੰ ਤਰਜ਼ੀਹ ਦਿੱਤੀ ਗਈ ਸੀ ਪਰ ਕੀ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਵਿਰਾਸਤ ਦਾ ਹਿੱਸਾ ਨਹੀਂ ਸੀ? ਪਰ ਡਾਢੇ ਦਾ ਸੱਤੀ ਵੀਹੀਂ ਸੌ। ਇਹ ਫ਼ੌਜੀ ਹਮਲਾ ਸ੍ਰੀ ਹਰਿਮੰਦਰ ਸਾਹਿਬ ’ਤੇ ਉਸ ਸਮੇਂ ਕੀਤਾ ਗਿਆ ਸੀ ਜਦੋਂ ਸਮੁੱਚੀ ਮਾਨਵਤਾ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਨੂੰ ਸਰਬ-ਸਾਂਝਾ ਧਰਮ ਗ੍ਰੰਥ-
ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਰਬ-ਸਾਂਝਾ ਧਰਮ ਮੰਦਰ- ਸ੍ਰੀ ਹਰਿਮੰਦਰ ਸਾਹਿਬ ਦਿੱਤਾ ਸੀ। ਵਿਸ਼ਵ ਦੇ ਇਤਿਹਾਸ ਵਿੱਚ ਜੂਨ 1984 ਦਾ ਪਹਿਲਾ ਹਫ਼ਤਾ ਕਾਲੇ ਅੱਖਰਾਂ ਵਿੱਚ ਉਕਰਿਆ ਗਿਆ ਹੈ। ਇਹ ਉਹ ਦਿਨ ਸੀ ਜਦੋਂ ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਅਤੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਕੱਤਰ ਸੀ। ਉਸ ਸਮੇਂ ਜਾਬਰ ਸਰਕਾਰ ਦੇ ਫ਼ੌਜੀ ਹਮਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਵਿਖੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ ਨੂੰ ਟੈਂਕਾਂ ਦੇ ਗੋਲਿਆਂ ਅਤੇ ਬੰਬਾਂ ਦਾ ਨਿਸ਼ਾਨਾ ਬਣਾਇਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੱਖੜੀ-ਖੱਖੜੀ ਹੋਈ ਇਮਾਰਤ, ਦਰਸ਼ਨੀ ਡਿਉੜੀ ਵਿੱਚ ਹੋਏ ਮਘੋਰਿਆਂ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਗੋਲੀਆਂ ਦਾ ਨਿਸ਼ਾਨਾ ਬਣ ਜਾਣ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸੜ ਜਾਣ (ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਹੱਥ ਲਿਖਤ ਪਾਵਨ ਸਰੂਪ ਅਗਨ ਭੇਟ ਹੋ ਗਏ) ਨੇ ਸਿੱਖ ਮਾਨਸਿਕਤਾ ਨੂੰ ਅਜਿਹਾ ਜ਼ਖ਼ਮੀ ਕੀਤਾ ਕਿ ਧਰਮੀ ਜਿਉੜਿਆਂ ਦਾ ਤਨ-ਮਨ ਛਲਣੀ ਹੋ ਗਿਆ।

05 Jun 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

29 ਸਾਲ ਬੀਤ ਜਾਣ ਤੋਂ ਬਾਅਦ ਵੀ ਜ਼ਖ਼ਮੀ ਹਿਰਦੇ ਜਿਉਂ ਦੇ ਤਿਉਂ ਹਨ। ਇਹ ਜਖ਼ਮ ਹੀ ਅਜਿਹੇ ਹਨ ਜਿਨ੍ਹਾਂ ਦਾ ਪੂਰੀ ਤਰ੍ਹਾਂ ਠੀਕ ਹੋ ਜਾਣਾ  ਅਸੰਭਵ ਹੈ। ਕੁਝ ਸਾਕੇ ਸਦੀਵੀ ਕਾਲ ਲਈ ਆਪਣੀ ਅਮਿੱਟ ਛਾਪ ਲੋਕ-ਹਿਰਦਿਆਂ ਉਪਰ ਛੱਡ ਜਾਂਦੇ ਹਨ। ਜੂਨ, 1984 ਵਿੱਚ ਵੀ ਅਜਿਹਾ ਕੁਝ ਵਾਪਰਿਆ ਜਿਸਦੀ ਆਸ ਦੁਸ਼ਮਣਾਂ ਪਾਸੋਂ ਵੀ ਨਹੀਂ ਸੀ ਕੀਤੀ ਜਾ ਸਕਦੀ ਪਰ ‘ਆਪਣਿਆਂ’ ਨੇ ਇਹ ਸਭ ਕੁਝ ਕਰ ਵਿਖਾਇਆ ਸੀ। ਇਤਿਹਾਸਕਾਰ ਇਨ੍ਹਾਂ ਕਾਲੇ ਦਿਨਾਂ ਦੀ ਤੁਲਨਾ ਸਿੱਖ ਕੌਮ ਦੇ ਇਤਿਹਾਸ ਵਿੱਚ ਪਹਿਲਾਂ ਵਾਪਰੇ ਘੱਲੂਘਾਰਿਆਂ ਨਾਲ ਕਰਦੇ ਹੋਏ ਇਸ ਨੂੰ ਤੀਜੇ ਘੱਲੂਘਾਰੇ ਦਾ ਨਾਮ ਦਿੰਦੇ ਹਨ। ਇਸ ਨੂੰ ਤੀਜੇ ਘੱਲੂਘਾਰੇ ਦਾ ਨਾਮ ਤਾਂ ਦਿੱਤਾ ਜਾ ਸਕਦਾ ਹੈ ਪਰ ਇਹ ਦੇਖਣ ਦੀ ਲੋੜ ਹੈ ਕਿ ਪਹਿਲਾਂ ਵਾਪਰੇ ਦੋ ਘੱਲੂਘਾਰਿਆਂ ਤੋਂ ਇਹ ਕਿਵੇਂ ਭਿੰਨ ਹੈ? ਪਹਿਲਾ ਘੱਲੂਘਾਰਾ ਜੂਨ, 1746 ਈਸਵੀ ਦੇ ਪਹਿਲੇ ਹਫ਼ਤੇ ਹੀ ਵਾਪਰਿਆ ਸੀ ਜਦੋਂ ਲਗਪਗ 15,000 ਸਿਦਕੀ ਸਿੰਘ ਸਮੇਂ ਦੀ ਜਾਬਰ ਹਕੂਮਤ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ ਸਨ। ਇਹ ਕਹਿਰ ਉਸ ਸਮੇਂ ਦੇ ਹਾਕਮ ਯਹੱਈਆ ਖਾਨ ਦੇ ਇੱਕ ਅਹਿਲਕਾਰ ਲਖਪਤ ਰਾਏ ਨੇ ਕੀਤਾ ਸੀ, ਜਿਸਨੇ ਇਹ ਕਸਮ ਖਾਧੀ ਹੋਈ ਸੀ ਕਿ ਉਹ ਸਿੱਖ ਕੌਮ ਦਾ ਖੁਰਾ ਖੋਜ ਮਿਟਾ ਕੇ ਹੀ ਸਾਹ ਲਵੇਗਾ ਪਰ ਆਖ਼ਰ ਉਹ ਆਪ ਹੀ ਮਿਟ ਗਿਆ।
ਦੂਜੀ ਵਾਰ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਲਈ ਅਹਿਮਦ ਸ਼ਾਹ ਅਬਦਾਲੀ ਨੇ 1762 ਈਸਵੀ ਵਿੱਚ ਮਾਲੇਰਕੋਟਲੇ ਦੇ ਨੇੜੇ ਕੁੱਪ ਰਹੀੜਾ ਦੇ ਲਾਗੇ 20,000 ਦੇ ਲਗਪਗ ਸਿੰਘਾਂ ਨੂੰ ਘੇਰੇ ਵਿੱਚ ਲੈ ਕੇ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਦਾ ਕਤਲ ਕਰ ਦਿੱਤਾ। ਬਹੁਤ ਸਾਰੇ ਸਿਦਕੀ ਸਿੰਘ ਆਖ਼ਰੀ ਦਮ ਤਕ ਲੜਦੇ ਰਹੇ। ਇਸ ਘੱਲੂਘਾਰੇ ਵਿੱਚ ਸਿੱਖ ਕੌਮ ਦੇ ਜਾਨੀ ਨੁਕਸਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਅਬਦਾਲੀ ਲਾਹੌਰ ਵੱਲ ਵਾਪਸ ਜਾ ਰਿਹਾ ਸੀ ਤਾਂ ਉਸ ਦੇ ਲਸ਼ਕਰ ਨਾਲ 50 ਗੱਡੇ ਅਜਿਹੇ ਸਨ ਜਿਨ੍ਹਾਂ ਵਿੱਚ ਸ਼ਹੀਦ ਸਿੰਘਾਂ ਦੇ ਸਿਰ ਲੱਦੇ ਹੋਏ ਸਨ। ਇਸ ਘੱਲੂਘਾਰੇ ਵਿੱਚ ਪਹਿਲੇ ਘੱਲੂਘਾਰੇ ਨਾਲੋਂ ਜਾਨੀ ਅਤੇ ਮਾਲੀ ਨੁਕਸਾਨ ਜ਼ਿਆਦਾ ਹੋਇਆ ਸੀ। ਇਸ ਕਰਕੇ ਇਸ ਨੂੰ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ ਹੈ। ਜੂਨ 1984 ਦੇ ਪਹਿਲੇ ਹਫ਼ਤੇ ਸ਼ੁਰੂ ਹੋਇਆ ਘੱਲੂਘਾਰਾ ਪਹਿਲੇ ਘੱਲੂਘਾਰੇ ਵਾਂਗ ਜੂਨ ਦੇ ਪਹਿਲੇ ਹਫ਼ਤੇ ਸ਼ੁਰੂ ਹੋਇਆ ਸੀ ਅਤੇ ਇਸ ਵਿੱਚ ਵੀ ਪਹਿਲੇ-ਦੂਜੇ ਘੱਲੂਘਾਰੇ ਵਾਂਗ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਕਰਕੇ ਇਸ ਨੂੰ ‘ਤੀਸਰੇ ਘੱਲੂਘਾਰੇ’ ਦਾ ਨਾਮ ਦਿੱੱਤਾ ਜਾ ਸਕਦਾ ਹੈ ਪਰ ਪਹਿਲੇ ਘੱਲੂਘਾਰਿਆਂ ਅਤੇ ਇਸ ਘੱਲੂਘਾਰੇ ਵਿੱਚ ਸਮੇਂ, ਸਰਕਾਰ ਤੇ ਸਥਿਤੀ ਦਾ ਕਾਫ਼ੀ ਅੰਤਰ ਹੈ। ਪਹਿਲੇ ਘੱਲੂਘਾਰੇ ਦੁਸ਼ਮਣ ਵੱਲੋਂ ਸ਼ੁਰੂ ਕੀਤੇ ਗਏ ਸਨ ਜਦਕਿ ਤੀਜਾ ਘੱਲੂਘਾਰਾ ਆਜ਼ਾਦ ਭਾਰਤ ਵਿੱਚ ‘ਆਪਣਿਆਂ’ ਵੱਲੋਂ ਕੀਤਾ ਗਿਆ ਸੀ। ਜਾਨ-ਮਾਲ ਦੇ ਨੁਕਸਾਨ ਦੇ ਨਾਲ-ਨਾਲ ਇਸ ਘੱਲੂਘਾਰੇ ਵਿੱਚ ਜੋ ਇਤਿਹਾਸਕ ਵਿਰਸੇ ਅਤੇ ਵਿਰਾਸਤ ਦਾ ਨੁਕਸਾਨ ਆਪਣਿਆਂ ਨੇ ਕੀਤਾ, ਉਹ ਪਹਿਲੇ ਘੱਲੂਘਾਰਿਆਂ ਨੂੰ ਮਾਤ ਪਾ ਗਿਆ। ਇਹ ਘੱਲੂਘਾਰਾ ਪਹਿਲੇ ਵਾਪਰੇ ਘੱਲੂਘਾਰਿਆਂ ਨਾਲੋਂ ਭਿਆਨਕ ਅਤੇ ਮਾਰੂ ਸੀ।
ਇਸਨੂੰ ਹਾਕਮਾਂ ਦੀ ਬਦਕਿਸਮਤੀ ਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਨੇ ਕਦੇ ਇਤਿਹਾਸ ਨੂੰ ਪੜ੍ਹਨ ਦਾ ਯਤਨ ਨਹੀਂ ਕੀਤਾ। ਸਿੱਖ ਸਦੀਆਂ ਤੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸੰਘਰਸ਼ ਕਰਦੇ ਰਹੇ ਹਨ। ਇਨ੍ਹਾਂ ਨੇ ਕਈ ਵਾਰ ਭਾਰਤੀ ਲੜਕੀਆਂ ਨੂੰ ਦੁਸ਼ਮਣਾਂ ਹੱਥੋਂ ਛੁਡਾਉਣ ਲਈ ਆਪਣੀਆਂ ਜਾਨਾਂ ਤਕ ਕੁਰਬਾਨ ਕਰ ਦਿੱਤੀਆਂ ਸਨ। ਜੇ ਇਹ ਜ਼ਰਾਇਮ ਪੇਸ਼ਾ ਲੋਕ ਹਨ ਤਾਂ ਫਿਰ ਦੇਸ਼ ਭਗਤ ਕੌਣ ਹੈ? ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਆਜ਼ਾਦੀ ਨੂੰ ਕਾਇਮ ਰੱਖਣ ਲਈ ਅਣਗਿਣਤ ਕੁਰਬਾਨੀਆਂ ਕੀਤੀਆਂ ਸਨ। ਅਕ੍ਰਿਤਘਣ ਇਹ ਲੋਕ ਹਮੇਸ਼ਾਂ ਦੇਸ਼ ਭਗਤਾਂ ਦੇ ਵਿਰੁੱਧ ਹੀ ਸਾਜ਼ਿਸ਼ਾਂ ਰਚਦੇ ਰਹੇ ਹਨ। ਇਤਿਹਾਸ ਦਾ ਹਰ ਨਿਰਪੱਖ ਵਿਦਿਆਰਥੀ ਸਿੱਖਾਂ ਨੂੰ ਦੇਸ਼ ਭਗਤ ਹੀ ਕਹੇਗਾ ਪਰ ਇਹ ਹਮੇਸ਼ਾਂ ਉਨ੍ਹਾਂ ਨੂੰ ਅਤਿਵਾਦੀ, ਵੱਖਵਾਦੀ ਅਤੇ ਦੇਸ਼ ਧਰੋਹੀ ਕਹਿ ਕੇ ਦੇਸ਼ ਦੀਆਂ ਵੰਡੀਆਂ ਪਾਉਣ ’ਤੇ ਤੁਲੇ ਰਹੇ ਹਨ।
ਨਵੰਬਰ 1984 ਦਾ ਸਿੱਖ ਕਤਲੇਆਮ ਇਸ ਘੱਲੂਘਾਰੇ ਦਾ ਹੀ ਹਿੱਸਾ ਸੀ। ਆਜ਼ਾਦ ਭਾਰਤ ਵਿੱਚ ਆਜ਼ਾਦ ਨਾਗਰਿਕਾਂ ਦੇ ਚਿੱਟੇ ਦਿਨ ਕਤਲ ਹੋਏ, ਕਈਆਂ ਦੇ ਟੋਟੇ-ਟੋਟੇ ਕਰ ਦਿੱਤੇ ਗਏ, ਗਲਾਂ ਵਿੱਚ ਟਾਇਰ ਅਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ ਪਰ ਕਿਸੇ ਇਨਸਾਫ਼ਪਸੰਦ ਭਾਰਤੀ ਨੇ ਹਾਅ ਦਾ ਨਾਅਰਾ ਵੀ ਨਾ ਮਾਰਿਆ। ਰਾਜਧਾਨੀ ਦਿੱਲੀ ਵਿੱਚ ਹੀ 3,000 ਤੋਂ ਵੱਧ ਨਿਰਦੋਸ਼ ਮਾਰੇ ਗਏ ਪਰ ਉਨ੍ਹਾਂ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ। ਤਿੰਨ ਦਿਨ ਦੇਸ਼ ਦੀ ਰਾਜਧਾਨੀ ਵਿੱਚ ਹਜ਼ਾਰਾਂ ਨਾਗਰਿਕਾਂ ਦਾ ਕਤਲ ਹੁੰਦਾ ਰਿਹਾ ਪਰ ਇੱਕ ਵੀ ਕਾਤਲ ਗ੍ਰਿਫ਼ਤਾਰ ਨਹੀਂ ਹੋਇਆ? ਇੱਕ ਨੂੰ ਵੀ ਸਜ਼ਾ ਨਹੀਂ ਹੋਈ? ਇਹ ਕਿਹੋ ਜਿਹਾ ਇਨਸਾਫ਼ ਹੈ! ਕਿਹਾ ਜਾ ਸਕਦਾ ਹੈ ਕਿ ਜੂਨ ਅਤੇ ਨਵੰਬਰ 84 ਵਿੱਚ ਸਿੱਖਾਂ ਦਾ ਕਤਲੇਆਮ ਨਹੀਂ ਬਲਕਿ ਸਿੱਖ ਵਿਰਸੇ, ਵਿਰਾਸਤ ਅਤੇ ਵਿਸ਼ਵਾਸ ਨੂੰ ਬੁਰੀ ਤਰ੍ਹਾਂ ਕਤਲ ਕਰਨ ਦਾ ਮਨਹੂਸ ਯਤਨ ਕੀਤਾ ਗਿਆ ਸੀ। ਐਮਰਜੈਂਸੀ ਦੇ ਮੋਰਚੇ ਸਮੇਂ ਸਿੱਖ ਇਸ ਦੇਸ਼ ਦੇ ਨਾਇਕ ਬਣ ਗਏ ਸਨ ਜਿਨ੍ਹਾਂ ਨੂੰ ਸਬਕ ਸਿਖਾਉਣ ਲਈ ਜੂਨ ਅਤੇ ਨਵੰਬਰ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕੀਤੇ ਗਏ ਅਣਮਨੱੁਖੀ ਫ਼ੌਜੀ ਹਮਲੇ ਨੂੰ ਭਾਵੇਂ ਅੱਜ 29 ਸਾਲ ਹੋ ਗਏ ਹਨ ਪਰ ਮੇਰੇ ਸਾਹਮਣੇ ਉਹ ਪਲ ਅੱਜ ਵੀ ਉਵੇਂ ਹੀ ਸਾਕਾਰ ਹਨ ਜਦੋਂ ਸਾਡੇ ਛੋਟੇ ਜਿਹੇ ਪਿੰਡ ਕਾਹਨੋਵਾਨ (ਗੁਰਦਾਸਪੁਰ) ਦੇ ਨਿਹੱਥੇ ਬਜ਼ੁਰਗ, ਨੌਜਵਾਨ, ਮਰਦ ਅਤੇ ਔਰਤਾਂ ਇਸ ਫ਼ੌਜੀ ਹਮਲੇ ਕਰਕੇ ਪੈਦਾ ਹੋਏ ਰੋਹ ਤੇ ਰੋਸ ਨੂੰ ਪ੍ਰਗਟ ਕਰਨ ਲਈ ਪੈਦਲ ਅੰਮ੍ਰਿਤਸਰ ਵੱਲ ਚੱਲ ਪਏ ਸਨ ਪਰ ਉਨ੍ਹਾਂ ਨੂੰ ਮੁਕਾਮ ’ਤੇ ਪਹੁੰਚਣ ਕਿਸਨੇ ਦੇਣਾ ਸੀ! ਭਾਵਨਾ, ਸਿਦਕ, ਭਰੋਸੇ ਅਤੇ ਵਿਸ਼ਵਾਸ ਨੂੰ ਪ੍ਰਗਟ ਕਰਦੇ ਉਹ ਜ਼ਖ਼ਮ ਅੱਜ ਸਿੱਖ ਮਾਨਸਿਕਤਾ ’ਤੇ ਡੂੰਘੇ ਨਾਸੂਰ ਬਣ ਚੁੱਕੇ ਹਨ। ਇਨ੍ਹਾਂ ਉੱਤੇ ਹਮਦਰਦੀ ਦੀ ਮੱਲ੍ਹਮ ਤਾਂ ਲੱਗ ਸਕਦੀ ਹੈ ਪਰ ਉਹ ਵੀ ਲਗਾਈ ਨਹੀਂ ਜਾ ਰਹੀ।
ਰੂਪ ਸਿੰਘ

05 Jun 2013

Reply