|
 |
 |
 |
|
|
Home > Communities > Punjabi Culture n History > Forum > messages |
|
|
|
|
|
ਸ਼ਹੀਦੀ ਪੁਰਬ ’ਤੇ ਛਬੀਲਾਂ ਕਿਉਂ? |
ਇਹ ਵਿਚਾਰ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਆਉਂਦਾ ਹੋਵੇਗਾ ਕਿ ਜਿਸ ਦਿਨ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ, ਉਸ ਦਿਨ ਲੋਕਾਂ ਨੂੰ ਸਿੱਖ ਸੰਗਤਾਂ ਬੜੇ ਉਤਸ਼ਾਹ ਨਾਲ ਮਿੱਠੀ-ਕੱਚੀ ਲੱਸੀ ਦੀਆਂ ਛਬੀਲਾਂ ਲਾ ਕੇ ਠੰਢਾ ਜਲ ਕਿਉਂ ਪਿਲਾਉਂਦੀਆਂ ਹਨ? ਇਹ ਤਾਂ ਸੋਗ ਦਾ ਦਿਨ ਸੀ, ਦੁੱਖ ਮਨਾਉਣ ਦਾ ਦਿਨ ਸੀ, ਇਸ ਨੂੰ ਗੁਰਪੁਰਬ ਵਾਂਗ ਮਨਾਉਣਾ ਕਿੱਥੋਂ ਤਕ ਠੀਕ ਹੈ? ਕਈ ਸੌ ਸਾਲ ਪਹਿਲਾਂ ਕਰਬਲਾ ਦੇ ਮੈਦਾਨ ਵਿੱਚ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਹੋਈ ਸੀ। ਸਾਰੇ ਸੰਸਾਰ ਵਿੱਚ ਮੁਸਲਮਾਨ ਅਤੇ ਖ਼ਾਸ ਤੌਰ ’ਤੇ ਸ਼ੀਆ ਮੁਸਲਮਾਨ ਬੜੇ ਸੋਗ ਨਾਲ ਇਸ ਦਿਨ ਨੂੰ ਯਾਦ ਕਰਦੇ ਹਨ। ਮੁਹੱਰਮ ਦਾ ਦਿਨ ਹਰ ਸਾਲ ਇਸ ਦੁੱਖਦਾਈ ਦਿਨ ਦੀ ਕੌੜੀ ਯਾਦ ਵਜੋਂ ਮਨਾਇਆ ਜਾਂਦਾ ਹੈ, ਮੁਸਲਮਾਨ ਤਾਜੀਏ ਕੱਢਦੇ ਹਨ, ਜਲੂਸ ਵਿੱਚ ਸ਼ਰਧਾਲੂ ਸੰਗਲਾਂ ਨਾਲ ਆਪਣੇ ਸਰੀਰ ਨੂੰ ਲਹੂ-ਲੁਹਾਨ ਕਰ ਲੈਂਦੇ ਹਨ ਅਤੇ ਬੜੀ ਸ਼ਿੱਦਤ ਨਾਲ ਉਸ ਦਿਨ ਨੂੰ ਯਾਦ ਕਰਦੇ ਹੋਏ ਆਖਦੇ ਹਨ ‘ਹਾਏ ਹੁਸੈਨ-ਹਮ-ਨ-ਰੁਏ’ ਪਰ ਸਿੱਖ ਇਸ ਸ਼ਹਾਦਤ ਨੂੰ ਗੁਰਪੁਰਬ ਦੇ ਰੂਪ ਵਿੱਚ ਮਨਾਉਂਦੇ ਹਨ, ਉਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਦੇਵ ਜਾਂ ਗੁਰੂ ਗੋਬਿੰਦ ਸਿੰਘ ਦਾ ਦਿਨ ਮਨਾਉਂਦੇ ਹਨ। ਉਨ੍ਹਾਂ ਲਈ ਇਹ ਦਿਨ ਵੀ ‘ਗੁਰਪੁਰਬ’ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 30 ਮਈ 1606 ਈਸਵੀ ਨੂੰ ਹੋਈ ਸੀ। ਮਈ-ਜੂਨ ਦੇ ਮਹੀਨੇ ਅੰਤਾਂ ਦੀ ਗਰਮੀ ਹੁੰਦੀ ਹੈ। ਲਾਹੌਰ ਦੀ ਗਰਮੀ ਤਾਂ ਹੋਰ ਥਾਵਾਂ ਵਿੱਚ ਪੈਣ ਵਾਲੀ ਗਰਮੀ ਨੂੰ ਮਾਤ ਪਾ ਦਿੰਦੀ ਹੈ। ਅਜਿਹੀ ਗਰਮੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬਿਠਾਇਆ ਗਿਆ, ਉਨ੍ਹਾਂ ਦੇ ਪਿੰਡੇ ’ਤੇ ਤੱਤੀ ਰੇਤ ਪਾਈ ਗਈ, ਸਾਰਾ ਸਰੀਰ ਫਫੋਲਿਆਂ ਨਾਲ ਭਰ ਗਿਆ ਪਰ ਗੁਰੂ ਸਾਹਿਬ ਨੇ ਉਸ ਨੂੰ ਪ੍ਰਭੂ ਦਾ ਭਾਣਾ ਮੰਨ ਕੇ ਸਵੀਕਾਰ ਕਰ ਲਿਆ ਅਤੇ ਮੁੱਖੋਂ ਉਚਾਰਿਆ,‘ਤੇਰਾ ਭਾਣਾ ਮੀਠਾ ਲਾਗੇ।’
|
|
11 Jun 2013
|
|
|
|
ਜਹਾਂਗੀਰ ਨੇ ਆਪਣੇ ਸਿਪਾਹਸਾਲਾਰ ਮੁਰਤਜਾ ਖ਼ਾਨ ਨੂੰ ਹੁਕਮ ਦਿੱਤਾ ਸੀ ਕਿ ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਕੇ ਤਸੀਹੇ ਦੇ ਕੇ ਮਾਰਿਆ ਜਾਵੇ। ਇਸ ਹੁਕਮ ਮੁਤਾਬਕ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰ ਕੇ ਅੰਤਾਂ ਦੇ ਅਣਮਨੁੱਖੀ ਤਸੀਹੇ ਦਿੱਤੇ ਗਏ। ਹਕੂਮਤ ਚਾਹੁੰਦੀ ਸੀ ਕਿ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੀ ਤਪਸ਼ ਆਉਣ ਵਾਲੀਆਂ ਸਦੀਆਂ ਤਕ ਬਣੀ ਰਹੇ। ਲੋਕੀਂ ਇਸ ਘਟਨਾ ਨੂੰ ਯਾਦ ਕਰਨ ਅਤੇ ਆਪਣੇ ਗੁਰੂ ਦੇ ਤੱਤੀ ਤਵੀ ਦੇ ਸੇਕ ਨੂੰ ਸਦਾ ਮਹਿਸੂਸ ਕਰਦੇ ਰਹਿਣ ਪਰ ਸਿੱਖਾਂ ਨੇ ਉਸ ਦਾ ਜਵਾਬ ਗੁਰੂ ਵਾਕ ‘ਤੇਰਾ ਭਾਣਾ ਮੀਠਾ ਲਾਗੇ’ ਨਾਲ ਦਿੱਤਾ। ਲੋਕਾਂ ਨੂੰ ਠੰਢਾ-ਮਿੱਠਾ ਪਾਣੀ ਪਿਲਾ ਕੇ ਉਨ੍ਹਾਂ ਦੀ ਗਰਮੀ ਦੂਰ ਕੀਤੀ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ’ਤੇ ਠੰਢੀ-ਮਿੱਠੀ ਲੱਸੀ ਵਰਤਾਉਣ ਦੀ ਰਵਾਇਤ ਕਦੋਂ ਸ਼ੁਰੂ ਹੋਈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਜਿਨ੍ਹਾਂ ਨੇ ਵੀ ਇਹ ਰਵਾਇਤ ਸ਼ੁਰੂ ਕੀਤੀ, ਉਨ੍ਹਾਂ ਅੰਦਰ ‘ਤੇਰਾ ਭਾਣਾ ਮੀਠਾ ਲਾਗੇ’ ਦਾ ਭਾਵ ਜ਼ਰੂਰ ਅੰਦਰ ਤਕ ਵਸਿਆ ਹੋਵੇਗਾ। ਕਿੰਨੇ ਵੀ ਕਸ਼ਟ ਹੋਣ, ਕਿੰਨੇ ਵੀ ਜ਼ੁਲਮ ਹੋਣ, ਕਿੰਨੇ ਵੀ ਤਸੀਹੇ ਹੋਣ ਸਾਰਿਆਂ ਨੂੰ ਅਕਾਲ ਪੁਰਖ ਦਾ ਭਾਣਾ ਮਨ ਕੇ ਖਿੱੜੇ ਮੱਥੇ, ਹੱਸਦੇ-ਹੱਸਦੇ ਸਵੀਕਾਰ ਕਰ ਲੈਣਾ ਸਿੱਖੀ ਦੀ ਆਪਣੀ ਪਰੰਪਰਾ ਹੈ। ਭਾਣਾ ਮਜਬੂਰੀ ਦਾ ਕੌੜਾ ਘੁੱਟ ਨਹੀਂ, ਉਹ ਸ਼ਰਬਤ ਵਾਂਗ ਮਿੱਠਾ ਹੈ। ਮਿੱਠੀ-ਕੱਚੀ ਲੱਸੀ ਦਾ ਲੰਗਰ ‘ਤੇਰਾ ਭਾਣਾ ਮੀਠਾ ਲਾਗੇ’ ਦੀ ਸਹੀ ਤਰਜਮਾਨੀ ਸੀ। ਇਹ ਇਸ ਨਿਸ਼ਚੇ ਦਾ ਪ੍ਰਤੀਕ ਹੈ ਕਿ ਅੰਤਾਂ ਦੇ ਜ਼ੁਲਮ ਨੂੰ ਸਹਾਰਦੇ ਹੋਏ ਕਿਵੇਂ ਇੱਕ ਸ਼ਹੀਦ ਭਾਣੇ ਨੂੰ ਮਿੱਠਾ ਕਰ ਕੇ ਮੰਨਦਾ ਹੈ। ਸੰਸਾਰ ਦੇ ਇਤਿਹਾਸ ਵਿੱਚ ਇਹ ਇੱਕ ਅਦੁੱਤੀ ਅਤੇ ਨਿਵੇਕਲੀ ਰਵਾਇਤ ਹੈ ਅਤੇ ਸਾਨੂੰ ਇਸ ’ਤੇ ਗਰਵ ਹੈ। ਦੇਸ਼ ਦੇ ਲੰਮੇ ਇਤਿਹਾਸ ਵਿੱਚ ਤਿਆਗ ਦੀਆਂ ਬੜੀਆਂ ਉੱਤਮ ਮਿਸਾਲਾਂ ਹਨ। ਭਗਵਾਨ ਸ੍ਰੀ ਰਾਮ ਨੇ ਆਪਣੇ ਪਿਤਾ ਦੀ ਆਗਿਆ ਮੰਨ ਕੇ ਰਾਜ-ਪਾਟ ਤਿਆਗ ਦਿੱਤਾ ਅਤੇ ਚੌਦਾਂ ਸਾਲਾਂ ਦਾ ਬਨਵਾਸ ਸਵੀਕਾਰ ਕਰ ਲਿਆ ਸੀ। ਰਾਜਾ ਹਰੀਸ਼ਚੰਦਰ ਨੇ ਆਪਣਾ ਕੌਲ ਪੂਰਾ ਕਰਨ ਲਈ ਆਪਣਾ ਰਾਜ-ਪਾਟ ਦਾਨ ਵਿੱਚ ਦੇ ਦਿੱਤਾ ਸੀ। ਮਹਾਭਾਰਤ ਵਿਚਲੇ ਕਰਨ ਨੇ ਆਪਣੇ ਜੀਵਨ ਦੀ ਚਿੰਤਾ ਨਾ ਕਰਦੇ ਹੋਏ ਆਪਣੇ ਕਵਚ ਤੇ ਕੁੰਡਲ ਦਾਨ ਵਿੱਚ ਦੇ ਦਿੱਤੇ ਸਨ। ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਮਿਸਾਲਾਂ ਮਿਲ ਜਾਂਦੀਆਂ ਹਨ ਪਰ ਇਹ ਸਾਰੀਆਂ ਮਿਸਾਲਾਂ ਤਿਆਗ ਦੀਆਂ ਹਨ, ਸ਼ਹੀਦੀ ਜਾਂ ਬਲੀਦਾਨ ਦੀਆਂ ਨਹੀਂ। ਤਿਆਗ ਅਤੇ ਬਲੀਦਾਨ ਵਿੱਚ ਇੱਕ ਵੱਡਾ ਫ਼ਰਕ ਹੈ। ਤਿਆਗ ਵਿਅਕਤੀ ਆਪਣੇ ਕੌਲ ਜਾਂ ਆਪਣੇ ਨਿੱਜੀ ਨਿਰਣੇ ਦੀ ਪੂਰਤੀ ਲਈ ਕਰਦਾ ਹੈ। ਉਹ ਵਿਅਕਤੀਮੁਖੀ ਹੁੰਦਾ ਹੈ। ਬਲੀਦਾਨ ਸਮਾਜਮੁਖੀ ਹੁੰਦਾ ਹੈ। ਉਹ ਲੋਕਾਂ ਦੀ ਰੱਖਿਆ ਵਾਸਤੇ, ਉਨ੍ਹਾਂ ਦੇ ਹਿੱਤਾਂ ਅਤੇ ਕਿਸੇ ਵੱਡੇ ਉਦੇਸ਼ ਦੀ ਪੂਰਤੀ ਲਈ ਦਿੱਤਾ ਜਾਂਦਾ ਹੈ। ਸਾਰੇ ਭਾਰਤੀ ਮਿਥਿਹਾਸ ਵਿੱਚ ਇੱਕ ਉਦਾਹਰਨ ਬਲੀਦਾਨ ਦੀ ਨਜ਼ਰ ਆਉਂਦੀ ਹੈ, ਜਦੋਂ ਦਾਨਵਾਂ ਤੋਂ ਮਾਰ ਖਾਂਦੇ ਦੇਵਤਿਆਂ ਨੂੰ ਕਿਸੇ ਨੇ ਇਹ ਦੱਸਿਆ ਕਿ ਜੇ ਕੋਈ ਉੱਚਾ-ਸੁੱਚਾ ਵਿਅਕਤੀ ਆਪਣੀ ਦੇਹ ਦੀਆਂ ਹੱਡੀਆਂ ਦੇ ਦੇਵੇ ਅਤੇ ਉਨ੍ਹਾਂ ਤੋਂ ਇੱਕ ਸ਼ਸ਼ਤਰ ਬਣਾਇਆ ਜਾਵੇ ਤਾਂ ਦਾਨਵਾਂ ਦਾ ਸੰਘਾਰ ਕੀਤਾ ਜਾ ਸਕਦਾ ਹੈ। ਦੇਵਤੇ ਰਾਜਾ ਦਧੀਚੀ ਕੋਲ ਗਏ ਅਤੇ ਬੇਨਤੀ ਕੀਤੀ ਕਿ ਉਹ ਆਪਣੀਆਂ ਹੱਡੀਆਂ ਦੇ ਦੇਣ। ਰਾਜਾ ਦਧੀਚੀ ਇਸ ਲਈ ਤਿਆਰ ਹੋ ਗਏ। ਉਨ੍ਹਾਂ ਦੀਆਂ ਹੱਡੀਆਂ ਤੋਂ ਇੱਕ ਸ਼ਸ਼ਤਰ ਬਣਾਇਆ ਗਿਆ ਜਿਸਨੂੰ ‘ਵਜਰ’ ਆਖਦੇ ਹਨ। ਇਸ ਸ਼ਸ਼ਤਰ ਨਾਲ ਦਾਨਵਾਂ ਨਾਲ ਯੁੱਧ ਕੀਤਾ ਗਿਆ ਅਤੇ ਉਨ੍ਹਾਂ ’ਤੇ ਕਾਬੂ ਪਾਇਆ ਗਿਆ। ਸਾਡੇ ਦੇਸ਼ ਵਿੱਚ ਬਲੀਦਾਨ ਜਾਂ ਸ਼ਹੀਦੀ ਦੀ ਅਸਲ ਪਰੰਪਰਾ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਸ਼ੁਰੂ ਹੁੰਦੀ ਹੈ ਅਤੇ ਫਿਰ ਬਲੀਦਾਨਾਂ ਦੀ ਝੜੀ ਲੱਗ ਜਾਂਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ, ਚਾਰੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦਰ ਅਤੇ ਅਣਗਿਣਤ ਸਿੱਖ ਸ਼ਹੀਦੀਆਂ ਪ੍ਰਾਪਤ ਕਰਦੇ ਹਨ ਅਤੇ ਇਸ ਨੂੰ ‘ਮਿੱਠਾ ਭਾਣਾ’ ਮੰਨ ਕੇ ਅੰਗੀਕਾਰ ਕਰ ਲੈਂਦੇ ਹਨ। ਸਿੱਖੀ ਅੱਜ ਕੇਵਲ ਪੰਜਾਬ ਅਤੇ ਪੰਜਾਬੀ ਬੋਲਦੇ ਲੋਕਾਂ ਤਕ ਸੀਮਤ ਹੋ ਕੇ ਰਹਿ ਗਈ ਹੈ। ਅਸੀਂ ਉਨ੍ਹਾਂ ਲੱਖਾਂ ਵੀਰਾਂ ਨੂੰ ਭੁੱਲ ਗਏ ਹਾਂ, ਜਿਹੜੇ ਸਿੱਖੀ ਦੇ ਕਲਾਵੇ ਵਿੱਚ ਹਨ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਹਨ। ਅਣਗਿਣਤ ਸਿਕਲੀਗਰ, ਲੁਬਾਣੇ, ਵਣਜਾਰੇ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਸਿੱਖੀ ਦੀ ਮੁੱਖ ਧਾਰਾ ਤੋਂ ਦੂਰ ਕਰ ਦਿੱਤਾ ਗਿਆ ਹੈ। ਆਮ ਤੌਰ ’ਤੇ ਇਹ ਸਾਰੇ ਬੜੇ ਗ਼ਰੀਬ ਹਨ ਅਤੇ ਬੜੀ ਮਿਹਨਤ ਕਰ ਕੇ ਦੋ ਵਕਤ ਦੀ ਰੋਟੀ ਕਮਾਉਂਦੇ ਹਨ। ਕੁਝ ਸਾਲ ਪਹਿਲਾਂ ਇੰਦੌਰ ਦੀਆਂ ਕੁਝ ਸਿੱਖ ਸੰਸਥਾਵਾਂ ਨੇ ਗੁਰੂ ਗਰੰਥ ਸਾਹਿਬ ਬਾਰੇ ਤਿੰਨ ਰੋਜ਼ਾ ਸੈਮੀਨਾਰ ਕਰਵਾਇਆ ਸੀ। ਉੱਥੋਂ ਦੇ ਕੁਝ ਸਿੱਖ ਆਗੂਆਂ ਨੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਪਛੜੇ ਇਲਾਕਿਆਂ ਵਿੱਚ ਵਸਣ ਵਾਲੇ ਕੁਝ ਸਿੱਖਾਂ ਨੂੰ ਵੀ ਉੱਥੇ ਸੱਦਿਆ ਸੀ। ਕੇਸ-ਦਾੜ੍ਹੀ ਅਤੇ ਖ਼ਾਲਸਾਈ ਸਰੂਪ ਵਾਲੇ ਬੜੇ ਲੋਕੀਂ ਮੈਨੂੰ ਉੱਥੇ ਮਿਲੇ। ਉਹ ਸਾਰੇ ਹਿੰਦੀ ਬੋਲਦੇ ਸਨ। ਉਨ੍ਹਾਂ ਦੇ ਪਹਿਰਾਵੇ ਵਿੱਚ ਧੋਤੀ ਸ਼ਾਮਲ ਸੀ ਅਤੇ ਰੰਗ-ਰੂਪ ਪੰਜਾਬੀਆਂ ਵਾਲਾ ਨਹੀਂ ਸੀ ਪਰ ਉਹ ਪੂਰੇ ਗੁਰਸਿੱਖ ਸਨ। ਉਨ੍ਹਾਂ ਦੇ ਆਪਣੇ ਗੁਰਦੁਆਰੇ ਹਨ। ਇੰਦੌਰ ਦੇ ਸਿੱਖ ਇਸ ਗੱਲ ਲਈ ਸ਼ਲਾਘਾ ਦੇ ਪਾਤਰ ਹਨ ਜਿਨ੍ਹਾਂ ਨੇ ਉਨ੍ਹਾਂ ਸਿੱਖਾਂ ਨੂੰ ਉੱਥੇ ਬੁਲਾ ਕੇ ਪੂਰੇ ਸਿੱਖ ਸਮਾਜ ਨਾਲ ਜੋੜਨ ਦਾ ਯਤਨ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵੱਡੀ ਸੰਸਥਾ ਹੈ। ਉਸ ਦਾ ਬਹੁਤ ਵੱਡਾ ਬਜਟ ਹੈ। ਉਸ ਵੱਲੋਂ ਕਈ ਵਿੱਦਿਅਕ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ ਪਰ ਮੁੰਬਈ ਦੇ ਖ਼ਾਲਸਾ ਕਾਲਜ ਨੂੰ ਛੱਡ ਕੇ ਪੰਜਾਬ ਤੋਂ ਬਾਹਰ ਉਨ੍ਹਾਂ ਦਾ ਕੋਈ ਵਿੱਦਿਅਕ ਅਦਾਰਾ ਨਹੀਂ ਹੈ। ਕੀ ਸ਼੍ਰੋਮਣੀ ਕਮੇਟੀ ਨੂੰ ਇਹ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ ਕਿ ਉਹ ਸਾਰੀ ਦੁਨੀਆਂ ਵਿੱਚ ਵਸਦੇ ਨਾਨਕ-ਨਾਮ ਲੇਵਾ ਸੰਗਤਾਂ ਨਾਲ ਸੰਪਰਕ ਕਰੇ ਅਤੇ ਉਨ੍ਹਾਂ ਨੂੰ ਸਿੱਖੀ ਦੀ ਮੁੱਖ ਧਾਰਾ ਨਾਲ ਜੋੜੇ? ਸ਼੍ਰੋਮਣੀ ਕਮੇਟੀ ਨੂੰ ਉਚੇਚੇ ਤੌਰ ’ਤੇ ਦੋ ਕਮੇਟੀਆਂ ਦਾ ਗਠਨ ਕਰਨਾ ਚਾਹੀਦਾ ਹੈ। ਇੱਕ ਕਮੇਟੀ ਦੇਸ਼ ਦੇ ਵੱਖ- ਵੱਖ ਹਿੱਸਿਆਂ ਵਿੱਚ ਵਸਣ ਵਾਲੇ ਉਨ੍ਹਾਂ ਸਿੱਖਾਂ ਦੀ ਸਾਰ ਲਵੇ ਜਿਹੜੇ ਸਦੀਆਂ ਪਹਿਲਾਂ ਸਿੱਖ ਸਜੇ ਤੇ ਅੱਜ ਵੀ ਪੂਰੀ ਤਰ੍ਹਾਂ ਸਜੇ ਹੋਏ ਹਨ। ਇਹ ਲੋਕ ਗ਼ਰੀਬ ਹਨ, ਇਨ੍ਹਾਂ ਵਿੱਚ ਵਿੱਦਿਆ ਦਾ ਬਹੁਤਾ ਪ੍ਰਚਾਰ ਨਹੀਂ ਅਤੇ ਸਿੱਖ ਇਤਿਹਾਸ ਬਾਰੇ ਵੀ ਉਹ ਬਹੁਤਾ ਨਹੀਂ ਜਾਣਦੇ। ਸਾਡੇ ਰਾਗੀ ਜਥੇ, ਕਥਾ ਵਾਚਕ ਅਤੇ ਪ੍ਰਚਾਰਕ ਵੀ ਉੱਥੇ ਨਹੀਂ ਜਾਂਦੇ ਕਿਉਂਕਿ ਉਨ੍ਹਾਂ ਨੂੰ ਉੱਥੇ ਬਹੁਤੀ ਮਾਇਆ ਮਿਲਣ ਦੀ ਆਸ ਨਹੀਂ ਹੁੰਦੀ। ਦੂਜੀ ਕਮੇਟੀ ਉਨ੍ਹਾਂ ਸਿੱਖਾਂ ਨਾਲ ਆਪਣਾ ਸੰਪਰਕ ਰੱਖੇ ਜਿਹੜੇ ਵਿਦੇਸ਼ਾਂ ’ਚ ਜਾ ਵਸੇ ਹਨ। ਸਾਰੇ ਜਾਣਦੇ ਹਨ ਕਿ ਇਨ੍ਹਾਂ ਮੁਲਕਾਂ ਵਿੱਚ ਸਿੱਖੀ ਸਰੂਪ ਦਾ ਘਾਣ ਕਿੰਨੀ ਤੇਜ਼ੀ ਨਾਲ ਹੋ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਵਸੀਹ ਸਾਧਨ ਸੰਸਥਾਵਾਂ ਚੋਣਾਂ ਦੀ ਰਾਜਨੀਤੀ ਵਿੱਚ ਇੰਨੀਆਂ ਡੁੱਬੀਆਂ ਹੋਈਆਂ ਹਨ ਕਿ ਉਨ੍ਹਾਂ ਨੂੰ ਅਜਿਹੇ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਅਨੇਕ ਸੰਸਥਾਵਾਂ ਹਨ ਜਿਹੜੀਆਂ ਗੁਰਪੁਰਬ ਮਨਾਉਣ ਲਈ ਬੜਾ ਉਤਸ਼ਾਹ ਰੱਖਦੀਆਂ ਹਨ ਪਰ ਪੰਥ ਦੀਆਂ ਜ਼ਮੀਨੀ ਹਕੀਕਤਾਂ ਨਾਲ ਜੁੜੀਆਂ ਸਮੱਸਿਆਵਾਂ ਵੱਲ ਉਨ੍ਹਾਂ ਦਾ ਧਿਆਨ ਨਹੀਂ ਜਾਂਦਾ।
ਡਾ. ਮਹੀਪ ਸਿੰਘ
|
|
11 Jun 2013
|
|
|
ਸ਼ਹੀਦੀ ਪੁਰਬ ’ਤੇ ਛਬੀਲਾਂ ਕਿਉਂ? |
ਬੱਲੇ ਮੇਰਾ ਹੰਸ ਵੀਰ, ਮੋਤੀ ਚੁਗਦਾ ਗਿਆਨ ਸਾਗਰ ਤੀਰ |
ਡਾ ਮਹੀਪ ਸਿੰਘ ਸਾਹਿਬ ਸਿਖ ਜਗਤ ਵਿਚ ਚੋਟੀ ਦੇ ਵਿਦਵਾਨ ਹਨ ਅਤੇ ਚੋਟੀ ਦੀਆਂ ਹਨ ਉਨ੍ਹਾਂ ਦੀਆਂ ਖੋਜ ਭਰਪੂਰ ਲਿਖਤਾਂ | ਵਾਹੇਗੁਰੁ ਸਾਡੇ ਦਿਲਾਂ ਵਿਚ ਗੁਰੂ ਸਾਹਿਬਾਨ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਯਾਦ ਅਤੇ ਉਨ੍ਹਾਂ ਪ੍ਰਤੀ ਆਦਰ ਭਾਵ ਹਮੇਸ਼ਾ ਬਣਾਈ ਰਖੇ | ਬਹੁਤ ਸੁੰਦਰ ਆਰਟੀਕਲ ਪੇਸ਼ ਕੀਤਾ ਹੈ ਬਾਈ ਜੀ |
ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ! ਧੰਨ ਗੁਰੂ ਅਰਜਨ ਦੇਵ ਜੀ - ਸ਼ਤ ਸ਼ਤ ਪ੍ਰਣਾਮ ||
... ਜਗਜੀਤ ਸਿੰਘ ਜੱਗੀ
ਬੱਲੇ ਮੇਰਾ ਹੰਸ ਵੀਰ, ਮੋਤੀ ਚੁਗਦਾ ਗਿਆਨ ਸਾਗਰ ਤੀਰ |
ਡਾ ਮਹੀਪ ਸਿੰਘ ਸਾਹਿਬ ਸਿਖ ਜਗਤ ਵਿਚ ਚੋਟੀ ਦੇ ਵਿਦਵਾਨ ਹਨ ਅਤੇ ਚੋਟੀ ਦੀਆਂ ਹਨ ਉਨ੍ਹਾਂ ਦੀਆਂ ਖੋਜ ਭਰਪੂਰ ਲਿਖਤਾਂ | ਆਪ ਜੀ ਨੇ ਉਨ੍ਹਾਂ ਦਾ ਬਹੁਤ ਸੁੰਦਰ ਆਰਟੀਕਲ ਪੇਸ਼ ਕੀਤਾ ਹੈ ਬਾਈ ਜੀ | ਵਾਹਿਗੁਰੂ ਸਾਡੇ ਦਿਲਾਂ ਵਿਚ ਗੁਰੂ ਸਾਹਿਬਾਨ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਯਾਦ ਅਤੇ ਉਨ੍ਹਾਂ ਪ੍ਰਤੀ ਆਦਰ ਭਾਵ ਹਮੇਸ਼ਾ ਬਣਾਈ ਰਖੇ
ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ! ਧੰਨ ਗੁਰੂ ਅਰਜਨ ਦੇਵ ਜੀ - ਸ਼ਤ ਸ਼ਤ ਪ੍ਰਣਾਮ ||
... ਜਗਜੀਤ ਸਿੰਘ ਜੱਗੀ
|
|
12 Jun 2013
|
|
|
|
Bahut dhandwad ji share karan layi ji
|
|
12 Jun 2013
|
|
|
|
|
|
|
|
|
|
|
 |
 |
 |
|
|
|