Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜੇ ਬਾਈ ਚਿੱਠੀ ਨਾ ਲਿਖਦਾ


ਸ਼ਾਇਦ 1967 ਦੇ ਜੂਨ ਦਾ ਦੂਜਾ ਹਫ਼ਤਾ ਹੈ। ਤਿੰਨ ਮੀਲ ਦਾ ਪੈਂਡਾ ਤੈਅ ਕਰਕੇ ਬਾਪੂ ਤੇ ਮੈਂ ਪੈਦਲ ਹੀ, ਗੁਆਂਢੀ ਪਿੰਡ ਕੜਿਆਲ ਦੇ ਮਿਡਲ ਸਕੂਲ ਵਿੱਚ ਪਹੁੰਚਦੇ ਹਾਂ। ਸਕੂਲ ਦਾ ਹੈਡਮਾਸਟਰ ਬਾਪੂ ਨੂੰ ਆਉਣ ਦਾ ਕਾਰਨ ਪੁੱਛਦਾ ਹੈ। ਬਾਪੂ ਮੇਰੇ ਵੱਲ ਇਸ਼ਾਰਾ ਕਰਕੇ ਦੱਸਦਾ ਹੈ ਕਿ ਇਸ ਨੂੰ ਛੇਵੀਂ ’ਚ ਦਾਖਲ ਕਰਵਾਉਣਾ ਹੈ। ਬਾਪੂ ਦੀ ਗੱਲ ਸੁਣ ਕੇ ਗੁੱਸੇ ’ਚ ਲਾਲ ਹੈੱਡਮਾਸਟਰ ਕਹਿੰਦਾ ਹੈ, ‘‘ਕਰਤਾਰ ਸਿਆਂ, ਕਿਉਂ ਨਿਆਣਿਆਂ ਦਾ ਭਵਿੱਖ ਤਬਾਹ ਕਰਨ ’ਤੇ ਤੁਲਿਆ ਹੋਇਆ ਹੈਂ? ਮੁੰਡੇ ਨੂੰ ਤੂੰ ਇੱਕ ਸਾਲ ਪੜ੍ਹਨੋਂ ਹਟਾਈ ਰੱਖਿਆ। ਹੁਣ ਇਸ ਨੂੰ ਆਉਂਦਾ ਕੀ ਹੋਊ? ਮੁੰਡਾ ਸਭ ਕੁਝ ਭੁੱਲ-ਭੁਲਾ ਗਿਆ ਹੋਣੈ। ਮਾਯੂਸ ਹੋਇਆ ਬਾਪੂ ਕਹਿੰਦਾ ਹੈ, ‘‘ਇਹ ਗੱਲ  ਠੀਕ ਹੈ ਕਿ ਮੁੰਡਾ ਇੱਕ ਸਾਲ ਪੜ੍ਹਨੋਂ ਹਟਿਆ ਰਿਹੈ ਪਰ ਵੱਡੇ ਭਰਾ ਵਾਂਗ ਇਹ ਵੀ ਹੁਸ਼ਿਆਰ ਹੈ। ਪੰਜਵੀਂ ਚੋਂ ਪਹਿਲੇ ਨੰਬਰ ’ਤੇ ਆਇਆ ਸੀ। ਉਂਜ ਵੀ ਘਰੇ ਵੱਡੇ ਭਰਾ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਹੈ। ਭਾਵੇਂ ਸੁਣ ਕੇ ਦੇਖ ਲਵੋ, ਸਾਰੀ ਏ.ਬੀ.ਸੀ. ਜ਼ੁਬਾਨੀ ਯਾਦ ਐਂ।’’ ਹੈੱਡਮਾਸਟਰ ਮੇਰੇ ਵੱਲ ਮੂੰਹ ਕਰਕੇ ਪੁੱਛਦਾ ਹੈ, ‘‘ਕਿਉਂ ਬਈ, ਆਉਂਦੀ ਐ ਸਾਰੀ ਏ.ਬੀ.ਸੀ.?’’  ਮੈਂ ਹੌਂਸਲੇ ਨਾਲ ਦੱਸਦਾ ਹਾਂ ਕਿ ਏ.ਬੀ.ਸੀ. ਵੀ ਆਉਂਦੀ ਹੈ ਅਤੇ ਛੇਵੀਂ ਦੀ ਅੰਗਰੇਜ਼ੀ ਦੀ ਕਿਤਾਬ ਦੇ ਚੌਂਤੀ ਦੇ ਚੌਂਤੀ ਪਾਠ ਵੀ।’’ ਹੈੱਡਮਾਸਟਰ ਆਖਦਾ ਹੈ, ‘‘ਕਾਕਾ, ਮੈਨੂੰ ਪਤਾ ਹੈ, ਤੂੰ ਦਿਮਾਗੀ (ਵੱਡਾ ਭਰਾ ਜਸਵੰਤ ਜੋ ਉਸੇ ਸਕੂਲ ’ਚ ਛੇਵੀਂ ’ਚ ਪੜ੍ਹਦਾ ਸੀ) ਦਾ ਭਰਾ ਹੈ। ਤੂੰ ਹੁਸ਼ਿਆਰ ਤਾਂ ਹੋਵੇਗਾ ਹੀ ਪਰ ਮੈਂ ਤੇਰੇ ਬਾਪੂ ਨੂੰ ਇਸ ਕਰਕੇ ਗੁੱਸੇ ਹੋ ਰਿਹਾ ਸੀ ਕਿ ਉਸ ਨੇ ਤੇਰਾ ਤੇ ਤੇਰੇ ਵੱਡੇ ਭਰਾ ਦਾ ਇੱਕ ਸਾਲ ਮਾਰਤਾ, ਤੁਹਾਨੂੰ ਪੜ੍ਹਨੋਂ ਹਟਾ ਕੇ।’’
ਮਾਸਟਰ ਦੀ ਗੱਲ ਸੁਣ ਕੇ ਬਾਪੂ ਨੇ ਕਿਹਾ, ‘‘ਮਾਸਟਰ ਜੀ, ਕੀਹਦਾ ਦਿਲ ਨੀ ਕਰਦਾ ਕਿ ਉਹ ਆਪਣੇ ਬੱਚਿਆਂ ਨੂੰ ਸੋਲ੍ਹਾਂ-ਸੋਲ੍ਹਾਂ ਜਮਾਤਾਂ ਨਾ ਪੜ੍ਹਾਵੇ ਪਰ ਮੇਰੀ ਕਬੀਲਦਾਰੀ ਵੱਡੀ ਹੈ, ਵੱਡੇ ਤਿੰਨ ਮੁੰਡੇ ਬੰਬਈ ਆਪਣੇ ਕੰਮਕਾਰ ’ਚ ਲੱਗੇ ਆ। ਉੱਥੇ ਉਹ ਆਪਣਾ ਤੋਰੀ ਫੁਲਕਾ ਚਲਾਈ ਜਾਂਦੇ ਐ। ਇੱਥੇ ਵਾਹੀ ਵਾਸਤੇ ਮੈਂ ਇਕੱਲਾ ਹਾਂ, ਸੀਰੀ ਰੱਖਣ ਦੀ ਉਂਜ ਵੁੱਕਤ ਨੀ, ਜੇ ਰੱਖੀਏ ਤਾਂ ਬੋਹਲ ਦਾ ਅੱਧ ਵੰਡਾ ਕੇ ਉਹ ਲੈ ਜਾਂਦੈ ਨੇ। ਮੈਂ ਤਾਂ ਸੋਚਿਆ ਸੀ ਕਿ ਇਸ ਤਰ੍ਹਾਂ ਇੱਕ ਸਾਲ ਪੜ੍ਹਨੋਂ ਹਟਾਉਣ ਨਾਲ ਇਨ੍ਹਾਂ ਨੂੰ ਬਹੁਤਾ ਫ਼ਰਕ ਨੀ ਪੈਣਾ ਤੇ ਸੀਰੀ ਨੂੰ ਦਿੱਤਾ ਜਾਣ ਵਾਲਾ ਛੇਵਾਂ ਹਿੱਸਾ ਤਾਂ ਬਚਿਆ ਰਹੂ ਪਰ ਬੰਬਈ ਰਹਿੰਦੇ ਵੱਡੇ ਮੁੰਡੇ ਨੇ ਮੇਰੀ ਪੇਸ਼ ਨ੍ਹੀਂ ਜਾਣ ਦਿੱਤੀ। ਉਸ ਨੇ ਚਿੱਠੀ ਲਿਖ ਘੱਲੀ ਐ, ਜੇ ਇਨ੍ਹਾਂ ਨੂੰ ਦੁਬਾਰਾ ਪੜ੍ਹਨੇ ਨਾ ਲਾਇਆ ਤਾਂ ਮੈਂ ਘਰੇ ਧੇਲਾ ਨੀਂ ਘੱਲਣਾ। ਇਸੇ ਡਰੋਂ ਮੈਂ ਇਸ ਨੂੰ ਦਾਖਲ ਕਰਾਉਣ ਆਇਐਂ। ਮਾਸਟਰ ਜੀ ਤੁਹਾਨੂੰ ਪਤਾ ਈ ਐ, ਬਾਹਰੋਂ ਪੈਸਾ ਜੁੜਣ ਨਾਲ ਖੇਤੀ ਦੀ ਕਮਾਈ ’ਚ ਕਿੰਨੀ ਬਰਕਤ ਪੈ ਜਾਂਦੀ ਐ।’’
ਖ਼ੈਰ, ਮੈਨੂੰ ਛੇਵੀਂ ’ਚ ਦਾਖਲਾ ਮਿਲ ਗਿਆ। ਮਿਹਨਤ ਕਾਰਨ ਮਿਡਲ ਤੇ ਮੈਟ੍ਰਿਕ ਪ੍ਰੀਖਿਆਵਾਂ ਵਿੱਚ ਪਹਿਲੇ ਨੰਬਰ ’ਤੇ ਆਇਆ। ਸਕੂਲ ’ਚੋਂ ਪਹਿਲੀ ਵਾਰ ਮੈਰਿਟ ਵਿੱਚ ਆਉਣ ਕਾਰਨ, ਇਲਾਕੇ ’ਚ ਮਾਨ-ਸਨਮਾਨ ਵੀ ਮਿਲਿਆ। ਮੁੱਖ ਅਧਿਆਪਕ ਵੱਲੋਂ ਦਫ਼ਤਰ ਵਿੱਚ ਨਵੇਂ ਲਗਾਏ ਆਨਰਜ਼ ਬੋਰਡ ਉੱਪਰ ਪਹਿਲਾ ਨਾਮ ਵੀ ਲਿਖਿਆ ਗਿਆ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਈ.ਸੀ.ਏ.ਆਰ. ਸਕਾਲਰਸ਼ਿਪ ਨਾਲ ਪ੍ਰੋਫੈਸ਼ਨਲ ਡਿਗਰੀ ਕਰਨ ਦਾ ਸਬੱਬ ਵੀ ਬਣਿਆ। ਉਪਰੰਤ ਸਰਕਾਰੀ ਮਹਿਕਮੇ ਵਿੱਚ ਅੱਵਲ ਦਰਜਾ ਗਜ਼ਟਿਡ ਅਧਿਕਾਰੀ ਬਣਨ ਦਾ ਮੌਕਾ ਵੀ ਮਿਲਿਆ ਤੇ ਹੁਣ ਗੁਜ਼ਾਰੇ ਤੋਂ ਵੱਧ ਪੈਨਸ਼ਨ ਮਿਲ ਰਹੀ ਹੈ।
ਅੱਜ 45 ਸਾਲ ਬਾਅਦ ਮੈਂ ਉਸੇ ਵੱਡੇ ਭਰਾ ਬਾਈ ਦਰਸ਼ਨ ਸਿੰਘ ਦੀ ਮ੍ਰਿਤਕ ਦੇਹ ਪਾਸ ਸੁੰਨ ਹੋਇਆ ਖੜਾ ਹਾਂ। ਮਨ ਵਿੱਚ, ਪੰਜਵੀਂ ’ਚ ਸਾਰੀ ਜਮਾਤ ਚੋਂ ਫਸਟ ਆਉਣ, ਸੀਰੀ ਰੱਖਣ ਦੀ ਸਮਰੱਥਾ ਨਾ ਹੋਣ ਕਾਰਨ ਪੜ੍ਹਾਈ ਵਿੱਚੇ ਛੱਡ ਕੇ ਬਾਪੂ ਨਾਲ ਖੇਤੀ ਦਾ ਕੰਮ ਕਰਨ, ਫਿਰ ਉਸ ਸਮੇਂ ਬੰਬਈ ਰਹਿੰਦੇ ਵੱਡੇ ਭਰਾ ਵੱਲੋਂ ਦੁਬਾਰਾ ਪੜ੍ਹਨ ਨਾ ਲਾਉਣ ਦੀ ਸੂਰਤ ਵਿੱਚ, ਬਾਪੂ ਨੂੰ ਘਰ  ਪੈਸਾ ਨਾ ਘੱਲਣ ਵਾਲੀ ਚਿੱਠੀ ਵਾਲਾ  ਦ੍ਰਿਸ਼ ਅੱਖਾਂ ਸਾਹਮਣੇ ਸਾਕਾਰ ਹੋ ਉਠਦਾ ਹੈ। ਆਲੇ-ਦੁਆਲੇ ਤੋਂ ਬੇਖ਼ਬਰ, ਮੈਂ ਵੱਡੇ ਭਰਾ ਦੀ ਦੇਹ ’ਤੇ ਚੌਫਾਲ ਡਿੱਗ ਪੈਂਦਾ ਹਾਂ।
ਮੈਂ ਸੋਚਣ ਲੱਗਦਾ ਹਾਂ, ਜੇ  ਵੱਡੇ ਭਰਾ ਨੇ, ਉੇਸ ਸਮੇਂ ਬਾਪੂ ਨੂੰ ਬੰਬਈ ਤੋਂ ਕੋਈ ਪੈਸਾ ਨਾ ਘੱਲਣ ਦੀ ਚਿਤਾਵਨੀ ਵਾਲੀ ਚਿੱਠੀ ਨਾ ਘੱਲੀ ਹੁੰਦੀ ਤਾਂ ਮੈਂ ਦੁਬਾਰਾ ਪੜ੍ਹਨ ਨਹੀਂ ਲੱਗ ਸਕਦਾ ਸੀ, ਨਾ ਹੀ ਸਰਕਾਰੀ ਮਹਿਕਮੇ ਵਿੱਚ ਆਹਲਾ ਅਫ਼ਸਰ ਲੱਗ ਸਕਦਾ ਸੀ ਤੇ ਨਾ ਹੀ ਜ਼ਿੰਦਗੀ ਵਿੱਚ ਪ੍ਰਾਪਤ ਕੀਤੇ ਮੁਕਾਮ ’ਤੇ ਪੁੱਜ ਸਕਦਾ ਸੀ। ਜੇ ਬਾਈ ਉਹ ਚਿੱਠੀ ਨਾ ਲਿਖਦਾ ਤਾਂ ਮੈਂ ਵੀ ਅੱਜ ਸਮਾਜ ਦੇ ਹਾਸ਼ੀਏ ’ਤੇ ਧੱਕੇ ਹੋਏ ਵਰਗ ਦਾ ਇੱਕ ਹਿੱਸਾ ਹੋਣਾ ਸੀ।

 

ਡਾ. ਹਜ਼ਾਰਾ ਸਿੰਘ ਚੀਮਾ ਸੰਪਰਕ- 98142-81938

02 Jul 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਬਹੁਤ ਹੀ ਬਾਕਮਾਲ ਰਚਨਾ ਹੈ ਵੀਰ ਜੀ...ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ...!!!

02 Jul 2012

Reply