|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
| ਸੰਮਾਂ ਵਾਲੀ ‘ਡਾਂਗ ਜੋੜੀ’ ( ਸੱਤਪਾਲ ਡਾਂਗ ਦਾ ਦੇਹਾਂਤ ) |
ਸੱਤਪਾਲ ਡਾਂਗ ਦੇ ਦੇਹਾਂਤ ਨਾਲ ਕਮਿਊਨਿਸਟ ਪਾਰਟੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਹ ਦਰਵੇਸ਼ ਸਿਆਸਤਦਾਨਾਂ ਦੀ ਪੌੜੀ ਦਾ ਸਿਖਰਲਾ ਪੌਡਾ ਸਨ। ਆਪਣੇ ਸਿਆਸੀ ਵਿਰੋਧੀਆਂ ਲਈ ਉਹ ਹਮੇਸ਼ਾਂ ਸੰਮਾਂ ਵਾਲੀ ਡਾਂਗ ਵਾਂਗ ਖੜਕਦੇ ਰਹੇ। ਸੱਤਪਾਲ ਡਾਂਗ ਅਤੇ ਉਨ੍ਹਾਂ ਦੀ ਮਰਹੂਮ ਪਤਨੀ ਵਿਮਲਾ ਡਾਂਗ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਅਤੇ ਮਸ਼ਾਲ ਬਣ ਕੇ ਜੀਵੇ। ਪੁਰਾਣੇ ਬਜ਼ੁਰਗਾਂ ਦੇ ਹੱਥ ਫੜੀ ਡਾਂਗ ਜਿਵੇਂ ਵਫ਼ਾਦਰ ਸਾਥੀ ਵਾਂਗ ਸਾਥ ਨਿਭਾਉਂਦੀ ਹੈ, ਤਿਵੇਂ ਡਾਂਗ ਜੋੜੀ ਨੇ ਲੋਕਾਂ ਨਾਲ ਇਹ ਵਫ਼ਾ ‘ਇੱਕ ਤੇ ਇੱਕ ਗਿਆਰਾਂ’ ਵਾਂਗ ਨਿਭਾਈ। ‘ਗਿਆਰਾਂ ਡਾਂਗਾਂ’ ਵਾਲੀ ਇਸ ਜੋੜੀ ਨੇ ਆਪਣੀ ਪੁਰਾਣੀ ਪੀੜ੍ਹੀ ਲਈ ਵੀ ਡੰਗੋਰੀ ਅਤੇ ਵਹਿੰਗੀ ਦਾ ਕੰਮ ਕੀਤਾ। ਸੰਸਾਰ ਨਾਲ ਖ਼ੂਨ ਦੀ ਗੰਢ ਪਾਉਣ ਲਈ ਔਲਾਦ ਦੀ ਲੋੜ ਮਹਿਸੂਸ ਹੁੰਦੀ ਹੈ। ਲੋਕ-ਹਿੱਤਾਂ ਨਾਲ ਜੁੜੀ ਹੋਣ ਕਰਕੇ ਡਾਂਗ ਜੋੜੀ ਨੇ ਫ਼ੈਸਲਾ ਲਿਆ ਸੀ ਕਿ ਉਹ ਔਲਾਦ ਪੈਦਾ ਨਹੀਂ ਕਰਨਗੇ। ਉਨ੍ਹਾਂ ਦਾ ਵਿਚਾਰ ਸੀ ਕਿ ਬੱਚਿਆਂ ਦੇ ਮੋਹ ਵਿੱਚ ਫਸ ਕੇ ਉਹ ਲੋਕਾਂ ਨੂੰ ਪੂਰਾ ਧਿਆਨ ਨਹੀਂ ਦੇ ਸਕਣਗੇ। ਮੋਹ-ਮਾਇਆ ਦਾ ਤਿਆਗ ਕਰ ਕੇ ਉਨ੍ਹਾਂ ਆਪਣਾ ਸਮੁੱਚਾ ਜੀਵਨ ਜਨਤਕ ਸੰਘਰਸ਼ ਨੂੰ ਸਮਰਪਤ ਕਰ ਦਿੱਤਾ ਸੀ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੂੰ ਆਪਣੇ ਇਸ ਫ਼ੈਸਲੇ ਕਰਕੇ ਅੰਤਲੇ ਦਿਨਾਂ ਵਿੱਚ ਬੇਹੱਦ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ।
|
|
17 Jun 2013
|
|
|
|
|
ਸੱਤਪਾਲ ਡਾਂਗ ਅਤੇ ਵਿਮਲਾ ਡਾਂਗ ਭਾਰਤ ਦੀ ਸ਼ਾਇਦ ਇੱਕੋ-ਇੱਕ ਅਜਿਹੀ ਜੋੜੀ ਸੀ ਜਿਸ ਨੂੰ ਰਾਸ਼ਟਰਪਤੀ ਵੱਲੋਂ ਪਦਮ ਵਿਭੂਸ਼ਣ ਅਤੇ ਪਦਮਸ੍ਰੀ ਨਾਲ ਸਨਮਾਨਤ ਕੀਤਾ ਗਿਆ। ਅਜਿਹਾ ਮਾਣ-ਸਨਮਾਨ ਕਮਿਊਨਿਸਟ ਪਾਰਟੀ ਵਾਸਤੇ ਵੱਡੀ ਪ੍ਰਾਪਤੀ ਵਾਲੀ ਗੱਲ ਸੀ। ਲੋਕਾਂ ਖਾਤਰ ਸੱਤ ਦਹਾਕੇ ਲਗਾਤਾਰ ਲੜਦੇ ਰਹਿਣਾ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ। ਉਨ੍ਹਾਂ ਦੇ ਦੇਹਾਂਤ ਨਾਲ ‘ਸਿਆਸੀ ਫ਼ਕੀਰਾਂ’ ਦਾ ਯੁੱਗ ਖ਼ਤਮ ਹੋ ਗਿਆ ਹੈ। ਵੈਸੇ, ਅਜਿਹੇ ਯੁੱਗ ਦੇ ਅੰਤ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਚਰਖੇ ਦੀ ਘੂਕ ਮੱਧਮ ਪੈ ਗਈ ਸੀ। ਖਾਦੀ ਜਦੋਂ ਟੈਰੀਕਾਟ ਨਾਲੋਂ ਵੀ ਮਹਿੰਗਾ ਹੋ ਗਿਆ ਤਾਂ ਸਾਬਰਮਤੀ ਦੇ ਸੰਤ ਦੀ ਆਤਮਾ ਵੀ ਕੁਰਲਾ ਉੱਠੀ ਸੀ। ਸਵਦੇਸ਼ੀ ਧਾਰਾ ਦੇ ਲੜਖੜਾਉਣ ਦੇ ਬਾਵਜੂਦ ਡਾਂਗ ਜੋੜੀ ਨੇ ਆਪਣੇ ਅਸੂਲਾਂ ’ਤੇ ਪਹਿਰਾ ਦਿੱਤਾ। ਉਨ੍ਹਾਂ ਨੂੰ ਭਾਵੇਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਹੋਣ ਨਾਤੇ ਪੈਨਸ਼ਨ ਮਿਲਣ ਤੋਂ ਇਲਾਵਾ ਆਪਣੀਆਂ ਲਿਖੀਆਂ ਹੋਈਆਂ ਪੁਸਤਕਾਂ ਦੀ ਚੋਖੀ ਰਾਇਲਟੀ ਮਿਲਦੀ ਸੀ ਪਰ ਉਹ ਗੁਜ਼ਾਰੇ ਲਾਇਕ ਮਾਇਆ ਰੱਖਣ ਤੋਂ ਇਲਾਵਾ ਬਾਕੀ ਸਾਰੀ ਰਾਸ਼ੀ ਪਾਰਟੀ ਨੂੰ ਦਾਨ ਕਰਦੇ ਸਨ। ਇਸ ਕਰਮਯੋਗੀ ਜੋੜੀ ਦਾ ਸਬੰਧ ਭਾਵੇਂ ਪੰਜਾਬ ਨਾਲ ਨਹੀਂ ਸੀ ਫਿਰ ਵੀ ਉਨ੍ਹਾਂ ਆਪਣੇ ਅੰਤਲੇ ਸਵਾਸ ਅੰਮ੍ਰਿਤਸਰ ਦੇ ਛੇਹਰਟਾ ਕਸਬੇ ਵਿੱਚ ਤਿਆਗੇ। ਛੇਹਰਟਾ ਦੇ ‘ਏਕਤਾ ਭਵਨ’ ਵਿੱਚ ਰਹਿੰਦਿਆਂ ਉਨ੍ਹਾਂ ਦੇ ਬਰਤਨਾਂ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਕੁੱਲ ਕੀਮਤ ਪੰਜ ਹਜ਼ਾਰ ਤੋਂ ਵੱਧ ਨਹੀਂ ਸੀ। ਛੋਟੇ ਕੱਦ ਵਾਲੇ ਮਹਾਨ ਬੰਦੇ ਕੋਲ ਇਕਲੌਤਾ ਕੋਟ ਅਤੇ ਪੁਰਾਣੀ ਮਾਰਕਸੀ ਟੋਪੀ ਸੀ ਜਿਸ ਨੂੰ ਉਹ ਸਰਦੀਆਂ ਵਿੱਚ ਬਸ ਪਾਲੇ ਤੋਂ ਬਚਣ ਲਈ ਪਹਿਨਿਆ ਕਰਦੇ ਸਨ। ਬ੍ਰਿਟਿਸ਼ ਰਾਜ ਵੇਲੇ ਸੱਤਪਾਲ ਡਾਂਗ ਨੂੰ ਆਪਣੀ ਪਤਨੀ ਸਮੇਤ ਲੰਮਾ ਸਮਾਂ ਰੂਪੋਸ਼ ਹੋਣਾ ਪਿਆ ਸੀ। ਗੋਰੀ ਹਕੂਮਤ ਖ਼ਿਲਾਫ਼ ਲੜਨ ਦੇ ਇਵਜ਼ ਵਜੋਂ ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਮਿਲਣ ਵਾਲੀ ਪੈਨਸ਼ਨ ਕਦੇ ਨਹੀਂ ਸੀ ਲਈ। ਲੋਕ ਸੇਵਾ ਲਈ ‘ਪਦਮ ਵਿਭੂਸ਼ਨ’ ਨਾਲ ਸਨਮਾਨਤ ਸ੍ਰੀ ਡਾਂਗ ਅੰਮ੍ਰਿਤਸਰ ਪੱਛਮੀ ਹਲਕੇ ਤੋਂ 13 ਸਾਲ ਨਿਰੰਤਰ ਵਿਧਾਇਕ ਰਹਿ ਚੁੱਕੇ ਸਨ। ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵੇਲੇ ਉਹ ਖ਼ੁਰਾਕ ਮੰਤਰੀ ਹੁੰਦਿਆਂ ਵੀ ਕਈ ਵਾਰ ਸਾਈਕਲ ’ਤੇ ਸਵਾਰ ਹੋ ਕੇ ਲੋਕਾਂ ਨੂੰ ਮਿਲਣ ਚਲੇ ਜਾਂਦੇ ਸਨ। ਪੰਜਾਬੀ ਸੂਬਾ ਬਣਨ ਤੋਂ ਬਾਅਦ ਸੱਤਪਾਲ ਡਾਂਗ ਜਦੋਂ ਤਤਕਾਲੀ ਮੁੱਖ ਮੰਤਰੀ ਗੁਰਮੁਖ ਸਿੰਘ ਮੁਸਾਫਿਰ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਵਿੱਚ ਪੁੱਜੇ ਸਨ ਤਾਂ ਉਨ੍ਹਾਂ ਦੀ ਰਾਸ਼ਟਰੀ ਪੱਧਰ ’ਤੇ ਪ੍ਰਸ਼ੰਸਾ ਹੋਈ ਸੀ। ਉਹ ਲਗਾਤਾਰ 1980 ਤਕ ਵਿਧਾਇਕ ਰਹੇ। ਉਹ ਜ਼ਾਤੀ ਤੌਰ ’ਤੇ ਕਮਿਊਨਿਸਟ ਪਾਰਟੀ ਦੇ ਦੋਫਾੜ ਹੋਣ ਦੇ ਖ਼ਿਲਾਫ਼ ਸਨ। ਇਸ ਮੁੱਦੇ ਨੂੰ ਉਨ੍ਹਾਂ ਕਈ ਵਾਰ ਆਪਣੀ ਪਾਰਟੀ ਦੇ ਮੰਚ ’ਤੇ ਵੀ ਉਠਾਇਆ ਸੀ। ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਰਹੇ ਬਜ਼ੁਰਗ ਨੇਤਾ ਨੇ ਜਦੋਂ 1997 ਵਿੱਚ ਸਰਗਰਮ ਸਿਆਸਤ ਤੋਂ ਸੰਨਿਆਸ ਲਿਆ ਤਾਂ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਸੀ। ਇਹ ਹਕੀਕਤ ਹੈ ਕਿ ਹਿੰਦੁਸਤਾਨ ਵਿੱਚ ਨੇਤਾ ਸਰੀਰ ਛੱਡਣ ਤੋਂ ਪਹਿਲਾਂ ਕੁਰਸੀ ਨਹੀਂ ਛੱਡਦੇ। ਹੋਸ਼-ਹਵਾਸ ਤਕ ਉਹ ਕਮਿਊਨਿਸਟ ਏਕਤਾ ਦੇ ਹਾਮੀ ਰਹੇ। ਉਨ੍ਹਾਂ ਨੂੰ ਕਮਿਊਨਿਸਟ ਲਹਿਰ ਦਾ ਪਤਨ ਸਤਾਇਆ ਕਰਦਾ ਸੀ। ਆਪਣੀ ਕਰਮ-ਭੂਮੀ ਪੰਜਾਬ ਵਿੱਚ ਇਸ ਲਹਿਰ ਦੇ ਕਮਜ਼ੋਰ ਪੈਣ ਤੋਂ ਬਾਅਦ ਉਹ ਘੋਰ ਚਿੰਤਾ ਵਿੱਚ ਡੁੱਬ ਗਏ ਸਨ। ਉਮਰ ਦੇ ਅਖਰੀਲੇ ਪੜਾਅ ’ਤੇ ਉਨ੍ਹਾਂ ਦੀ ਯਾਦ ਸ਼ਕਤੀ ਕਮਜ਼ੋਰ ਹੋਣ ਤੋਂ ਬਾਅਦ ਉਹ ਏਕਾਂਤ ਅਵਸਥਾ ਵਿੱਚ ਨਾ ਪੁੱਜਦੇ ਤਾਂ ਸ਼ਾਇਦ ਉਹ ਆਪਣੀ ਪਾਰਟੀ ਦੀ ਸਥਿਤੀ ਬਾਰੇ ਹੋਰ ਵੀ ਫ਼ਿਕਰਮੰਦ ਹੋ ਜਾਂਦੇ। ਉਨ੍ਹਾਂ ਦੀ ਪਤਨੀ ਵੱਲੋਂ 10 ਮਈ 2009 ਨੂੰ ਸਦੀਵੀ ਵਿਛੋੜਾ ਦੇਣ ਤੋਂ ਬਾਅਦ ਉਹ ਇਕੱਲਤਾ ਮਹਿਸੂਸ ਕਰਨ ਲੱਗ ਪਏ ਸਨ। ਆਖਰੀ ਦਿਨਾਂ ਵਿੱਚ ਵਿਗੜਦੀ ਸਿਹਤ ਕਾਰਨ ਉਹ ਆਪਣੇ ਨੇੜਲੇ ਸਾਥੀਆਂ ਨੂੰ ਵੀ ਨਹੀਂ ਸਨ ਪਛਾਣ ਸਕਦੇ। ਦਹਾੜਨ ਵਾਲਾ ਸ਼ੇਰ ਸ਼ਾਂਤ ਹੋ ਚੁੱਕਾ ਸੀ। ਸੱਤਪਾਲ ਡਾਂਗ ਦੀ ਵਸੀਅਤ ਵੀ ਪੜ੍ਹਨਯੋਗ ਹੈ। ਆਪਣੇ ਆਪ ਨੂੰੂ ਨਾਸਤਿਕ ਦੱਸਦਿਆਂ ਉਨ੍ਹਾਂ ਲਿਖਿਆ ਹੈ: ਮੌਤ ਹੀ ਇਨਸਾਨ ਦਾ ਅੰਤਿਮ ਪੜਾਅ ਹੈ ਜਦੋਂਕਿ ਪੁਨਰ-ਜਨਮ ਕੋਰੀ ਕਲਪਨਾ। ਵਸੀਅਤ ਵਿੱਚ ਉਨ੍ਹਾਂ ਲਿਖਿਆ ਹੈ ਕਿ ਧਾਰਮਿਕ ਰੀਤੀ-ਰਿਵਾਜਾਂ ਨੇ ਮਨੁੱਖ ਨੂੰ ਹਨੇਰੇ ਵੱਲ ਧੱਕਿਆ ਹੈ। ਉਨ੍ਹਾਂ ਆਪਣੇ ਅੰਤਿਮ ਸੰਸਕਾਰ ਵੇਲੇ ਕਿਸੇ ਵੀ ਤਰ੍ਹਾਂ ਦੇ ਰੀਤੀ-ਰਿਵਾਜ ਨੂੰ ਅਪਣਾਉਣ ਤੋਂ ਗੁਰੇਜ਼ ਕਰਨ ਲਈ ਲਿਖਿਆ ਹੈ। ਵਸੀਅਤ ਲਿਖਣ ਵੇਲੇ ਉਨ੍ਹਾਂ ਦੀ ਸੱਜੀ ਅੱਖ ਖ਼ਰਾਬ ਹੋਣ ਕਰਕੇ ਉਨ੍ਹਾਂ ਮਰਨ ਉਪਰੰਤ ਖੱਬੀ ਅੱਖ ਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਕਾਮਰੇਡ ਡਾਂਗ ਦਾ ਜਨਮ 4 ਅਕਤੂਬਰ 1920 ਨੂੰ ਗੁੱਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ ਸੀ। ਲਾਹੌਰ ਵਿੱਚ ਵਿਦਿਆਰਥੀ ਸੰਘਰਸ਼ ਦੌਰਾਨ ਜਦੋਂ ਉਨ੍ਹਾਂ ਦੀ ਮੁਲਾਕਤ ਇੱਕ ਜੁਝਾਰੂ ਕਸ਼ਮੀਰੀ ਪੰਡਤ ਕੁੜੀ ਵਿਮਲਾ ਬਕਿਆਲ (ਡਾਂਗ) ਨਾਲ ਹੋਈ ਤਾਂ ਦੋਵੇਂ ਪਿਆਰ ਦੇ ਬੰਧਨ ਵਿੱਚ ਬੱਝ ਗਏ ਸਨ। ਲਾਹੌਰ ਕਾਲਜ ਦੇ ਗ੍ਰੈਜੂਏਟ, ਡਾਂਗ ਦੀ ਪੰਜਾਬੀ, ਹਿੰਦੀ ਤੋਂ ਇਲਾਵਾ ਅੰਗਰੇਜ਼ੀ ਜ਼ੁਬਾਨ ’ਤੇ ਵੀ ਖਾਸੀ ਪਕੜ ਸੀ। ਪੰਜਾਬ ਵਿੱਚ ਕਾਲੇ ਦੌਰ ਦੌਰਾਨ ਵੀ ਸੱਤਪਾਲ ਡਾਂਗ ਨੇ ਅੰਮ੍ਰਿਤਸਰ ਨਹੀਂ ਛੱਡਿਆ। ਇਸ ਦੌਰ ਬਾਰੇ ਲਿਖੀਆਂ ਉਨ੍ਹਾਂ ਦੀਆਂ ਪੁਸਤਕਾਂ ‘ਜੈਨੇਸਿਸ ਆਫ਼ ਟੈਰੇਰਿਜ਼ਮ’, ‘ਟੈਰੇਰਿਜ਼ਮ ਇਨ ਪੰਜਾਬ’ ਅਤੇ ‘ਸਟੇਟ ਰਿਲੀਜਨ ਐਂਡ ਪੋਲੀਟਿਕਸ’ ਵਿੱਚ ਦਿੱਤੇ ਗਏ ਤੱਥਾਂ ਨਾਲ ਕੁਝ ਧਿਰਾਂ ਸਹਿਮਤ ਨਹੀਂ ਸਨ। ਫਿਰ ਵੀ ਇਹ ਪੁਸਤਕਾਂ ਉਸ ਦੌਰ ਦੀ ਖਿੜਕੀ ਹਨ। ਕਾਲੇ ਦੌਰ ਵੇਲੇ ਡਾਂਗ ਜੋੜੀ ਵੱਲੋਂ ਦਿਖਾਈ ਗਈ ਦੀਦਾ-ਦਲੇਰੀ ਦੀ ਖੁਸ਼ਵੰਤ ਸਿੰਘ ਨੇ ਵੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਲਿਖਿਆ ਕਿ ਵਰ੍ਹਦੀਆਂ ਗੋਲੀਆਂ ਵਿੱਚ ਵੀ ਇਸ ਜੋੜੀ ਨੇ ਅੰਮ੍ਰਿਤਸਰ ਨਹੀਂ ਛੱਡਿਆ। ਇਸ ਤੋਂ ਪਹਿਲਾਂ ਇਸ ਜੋੜੀ ਨੇ ਹਿੰਦ-ਪਾਕਿ ਜੰਗ ਵੇਲੇ ਵਰ੍ਹਦੇ ਗੋਲਿਆਂ ਵੇਲੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸਰਹੱਦ ’ਤੇ ਰਹਿਣ ਵਾਲੇ ਲੋਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਸੀ। ਔਖੇ ਤੋਂ ਔਖੇ ਵਕਤ ਵੀ ਸੱਤਪਾਲ ਡਾਂਗ ਦੀਆਂ ਅੱਖਾਂ ਵਿੱਚ ਕਦੇ ਅੱਥਰੂ ਨਹੀਂ ਸਨ ਆਏ ਪਰ ਉਨ੍ਹਾਂ ਦੇ ਵਿਦਾ ਹੋਣ ਤੋਂ ਬਾਅਦ ਅੱਜ ਹਰ ਅੱਖ ਨਮ ਹੈ।
ਵਰਿੰਦਰ ਵਾਲੀਆ
|
|
17 Jun 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|