ਲੋਕੀਂ ਪੁੱਜਦੇ ਸੀ ਹੁੰਮ ਹੁੰਮਾ ਕੇ ਕੱਠ ਬੇਹਿਸਾਬਾ
ਕੁੜੀ ਕੱਢ ਕੇ ਲੈ ਗਿਆ ਸੁਣਿਆ ਸਤਸੰਗੀਆ ਬਾਬਾ
ਗਰੀਬ ਗੁਰਬੇ ਪੰਜਾਬੀਆਂ ਨੂੰ ਹੁਣ ਫੇਰ ਭੜਕਾਉਂਦੇ ਨੇ
ਕਈ ਵਿੱਚ ਵਲੈਤਾਂ ਬੈਠੇ ਖਾਲਿਸਤਾਨ ਬਣਾਉਂਦੇ ਨੇ
ਵੋਟ ਪਵਾ ਕੇ ਤੇਰੇ ਖੁੱਡੇ ਖੂੰਜੇ ਲਾ ਦੇਣੇ
ਤੈਨੂੰ ਕੱਖ ਨੀ ਮਿਲਣਾ ਚਿੱਟੀਆਂ ਨੀਲੀਆਂ ਪੱਗਾਂ ਤੋਂ
ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ
ਪੰਜਾਬ ਚ ਕਹਿੰਦੇ ਦਿੱਲੀ ਵਾਂਗੂ ਮੈਟਰੋ ਲਿਆਉਣੀ ਆਂ,
ਲੈਟ ਤਾਂ ਸਾਲੀ ਆਉਂਦੀ ਨੀ ਮੈਟਰੋ ਪਾਥੀਆਂ ਤੇ ਚਲਾਉਣੀ ਆਂ,
ਵੱਡੇ ਪਲਾਜੇ ਖੋਲਤੇ ਕਹਿੰਦੇ ਸੂਬੇ ਚ ਤਰੱਕੀਆਂ ਨੇ
ਕਈ ਪਿੰਡਾਂ ਚ ਗਲੀਆਂ ਨਾਲੀਆਂ ਅਜੇ ਵੀ ਕੱਚੀਆਂ ਨੇ
ਬਠਿੰਡੇ ਕਰ ਦੇਣਾ ਨੀਊ ਯਾਰਕ ਚ ਤਬਦੀਲ
ਡਾਂਗਾਂ ਪੈਂਦੀਆਂ ਬੇਰੁਜਗਾਰਾਂ ਹੱਡਾਂ ਉੱਤੇ ਨੀਲ
ਲਹਿਰ ਖਾੜਕੂ ਉੱਠੀ ਕੋਹਾੜਾ ਆਪਣੇ ਪੈਰਾਂ ਤੇ
ਮਾਂ ਨੂੰ ਕਰਦੇ ਮਸ਼ਕਰੀਆਂ ਬਚ ਕੇ ਪੁੱਤ ਸਲੱਗਾਂ ਤੋਂ
ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ
ਇਟਲੀ ਵਿੱਚ ਇੱਕ ਸਿੱਖਾਂ ਦਾ ਕੋਈ ਬਾਬਾ ਮਾਰ ਦਿੱਤਾ
ਯੱਭਲ ਕੌਮ ਨੇ ਸਾਰਾ ਜਲੰਧਰ ਸ਼ਹਿਰ ਸਾੜ ਦਿੱਤਾ
ਸਰਸੇ ਵਾਲੇ ਦਾ ਰੁਜਗਾਰ ਮਰਾਤਾ ਗੋਬਿੰਦ (ਸ਼ਰੀ ਗੁਰੂ ਗੋਬਿੰਦ ਸਿੰਘ) ਦੇ ਬਾਣੇ ਨੇ
ਹਿੰਦੂ ਸਿੱਖਾਂ ਦੇ ਦੰਗੇ ਹੁੰਦੇ ਵਿੱਚ ਲੁਧੀਆਣੇ ਦੇ
ਨਿੱਤ ਨਵੇਂ ਕਨੂੰਨ ਬੇਗਾਨੇ ਕਰ ਦਿੰਦੇ ਲਾਗੂ
ਮਾਨਸਾ ਜਿਲੇ ਵਿੱਚ ਠੋਕਿਆ ਕਿਸਾਨ ਯੂਨੀਅਨ ਆਗੂ
ਜਾਂ ਤਾਂ ਵੀਜ਼ੇ ਲਾਵਕੇ ਬਾਹਰਲੇ ਮੁਲਕੀਂ ਨਿੱਕਲ ਜੋ
ਜਾਂ ਰਹਿਣਾ ਕਿਵੇਂ ਪੰਜਾਬ ਚ ਹੋ ਜੋ ਜਾਣੂ ਚੱਜਾਂ ਤੋਂ
ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ
ਕਿਤੇ ਕੈਪਟਨ ਕਿਤੇ ਬਾਦਲ ਆ ਗਿਆ ਧੰਨ ਧੰਨ ਕਰਵਾਤੀ
ਇਹ ਬਾਹਰੋਂ ਦੇਖਣ ਨੂੰ ਚੰਗਾ ਲੱਗਦਾ ਚਿੱਟੇ ਰੰਗ ਦਾ ਹਾਥੀ
ਨਿਚੋੜ ਲਿਆ ਪੰਜਾਬ ਸਾਰਾ ਨਾ ਪੱਲੇ ਏਹਦੇ ਕੱਖ
ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਈ ਰੰਬਾ ਰੱਖ
ਫਿਲਮਾਂ ਗਾਣਿਆਂ ਵਿੱਚ ਪੰਜਾਬੀ ਖੌਰੂ ਪਾਉਂਦੇ ਆ
ਕਿਤੇ ਸੱਥ ਬਹਿ ਕੇ ਸੁਣੀਂ ਗੰਢੇ ਕੀ ਭਾਅ ਅਉਂਦੇ ਆ
ਝੋਨਾ ਨਾ ਬੀਜਕੇ ਦੱਸ ਅਸੀਂ ਭੁੱਖੇ ਮਰਨਾ ਹੈ
ਕਹਿੰਦੇ ਵਾਤਾਵਰਣ ਪਰਦੂਸ਼ਤ ਹੁੰਦਾ ਪਰਾਲੀ ਦੀਆਂ ਅੱਗਾਂ
ਤੋਂ ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ
ਪੜੇ ਲਿਖੇ ਸਿਆਣਿਆਂ ਤੋਂ ਕੋਈ ਅਕਲ ਤੂੰ ਸਿੱਖਿਆ ਕਰ
ਲੋਕਾਂ ਵਾਂਗੂੰ ਇਸ਼ਕ ਮਸ਼ੂਕ ਦੀ ਕਵਿਤਾ ਲਿਖਿਆ ਕਰ
ਛੱਡਦੇ ਕਿਸਾਨ ਮਜਦੂਰ ਦੀ ਫਿਰਦੀ ਜਿਉਂਦੀ ਲਾਸ਼ ਨੂੰ
ਏਥੇ ਬਟਾਲਵੀ ਬਹੁਤ ਮਸ਼ਹੂਰ ਨਾ ਕੋਈ ਜਾਣੇ ਪਾਸ਼ ਨੂੰ
ਝੁੱਗਾ ਚੱਕਿਆਂ ਢਿੱਡ ਨੰਗਾ ਤੇਰਾ ਸ਼ਰੇਆਮ ਉਏ
ਨੈਣੇਵਾਲੀਆ ਚੜਦੇ ਨੂੰ ਆਖੀਦੀ ਸਲਾਮ ਉਏ
ਸਿੱਖਿਆ ਕਰ ਕੁਛ ਚਮਚਿਆਂ ਤੋਂ ਕੁਛ ਲਾਈ ਲੱਗਾਂ ਤੋਂ
ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ - ਨੈਣੇਵਾਲੀਆ