ਹੱਡ ਦੀ ਸੱਟ ਵਾਂਗ ਘਰ ਕਰ ਜਾਂਦੀ
ਚੀਸ ਇਸ਼ਕ ਨਿਆਣੇ ਦੀ
ਪਹਿਲੇ ਤੋੜ ਦੀ ਨਿੱਤਰਿਆ ਪਾਣੀ
ਕੱਢੀਏ ਗੁੜ ਪੁਰਾਣੇ ਦੀ
ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ
ਜਿਹੜੀ ਧੀ ਘਰਾਣੇ ਦੀ
ਜਦ ਇਸ਼ਕ ਲੈਂਦਾ ਫਿਰਦਾ
ਹੁਸਨ ਦੇ ਲੱਕ ਹਿੱਕ ਦਾ ਮੇਚ,
ਘਿਓ ਆਖਰ ਪਿਘਲ ਗਿਆ
ਨਾ ਸਹਿੰਦਾ ਬਹੁਤਾ ਸੇਕ,
ਜੋੜਾਂ ਵਿੱਚ ਚੀਸਾਂ ਉੱਠਦੀਆਂ ਨੇ
ਜਦ ਲੈਂਦੀ ਅੰਗੜਾਈ,
ਹੁਣ ਪਛਤਾਵਾਂ ਕਿਉਂ ਮੋਢੇ ਤੋਂ
ਮੈਂ ਚੁੰਨੀ ਸਰਕਾਈ
ਹੰਝੂਆਂ ਦੇ ਨਾਲ ਭਿੱਜ ਗਈ ਅੜਿਆ
ਇੱਕ ਕੰਨੀ ਸਿਰਹਾਣੇ ਦੀ
ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ.....
ਨਾ ਇਹ ਕਿਸੇ ਝਨਾ ਦੀ ਸੁਣਦਾ
ਨਾ ਟੁੱਟੇ ਹੋਏ ਤੀਰਾਂ ਦੀ
ਨਾ ਪਰਵਾਹ ਇਹਨੂੰ ਮਾਰੂਥਲ ਦੀ
ਨਾ ਮਾਸ਼ੂਕ ਦੇਆਂ ਵੀਰਾਂ ਦੀ
ਦੱਸ ਕੀ ਵਧ ਜੂ ਕੀ ਘਟ ਜੂ ਇੱਜਤ
ਕਿੱਕਰ ਟੰਗੀਆਂ ਲੀਰਾਂ ਦੀ
ਇਹ ਗੱਲ ਹੈ ਆਸ਼ਿਕ ਲੋਕਾਂ ਦੀ ਫਰੀਦ
ਜਿਹੇ ਫਕੀਰਾਂ ਦੀ
ਗੋਹਾ ਕੂੜਾ ਸਿੱਟ ਦੀਆਂ ਦੀ
ਪਾਥੀਆਂ ਪੱਥ ਦੀਆਂ ਹੀਰਾਂ ਦੀ
ਅਣਜੰਮੀਆਂ ਕੁੱਖਾਂ ਵਿੱਚ ਰੀਝਾਂ ਦੀ
ਨਿੰਮ ਬੂਹੇ ਪੁੱਤ ਸਿਆਣੇ ਦੀ
ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ...........
ਨਾ ਇਹ ਖੂਲੇ ਝੱਥਰੇ ਜਚਦੀਆਂ ਦੀ
ਨਾ ਵਿੱਚ ਕਲੱਬਾਂ ਨਚਦੀਆਂ ਦੀ
ਇਹ ਬਲੀ ਦਾਜ ਦੀ ਚੜੀਆਂ ਦੀ
ਲਾਟਾਂ ਸਟੋਵ ਵਿੱਚ ਮੱਚਦੀਆਂ ਦੀ
ਗੱਲ ਅਨਪੜ ਪੇਂਡੂ ਕੁੜੀਆਂ ਦੀ
ਸਿਰ ਤੇ ਚੁੰਨੀ ਰਖਦੀਆਂ ਦੀ
ਇਹ ਬਪੂ ਦੀ ਘੂਰ ਤੋਂ ਡਰਦੀਆਂ ਦੀ
ਨਾ ਖੁੱਲ ਕੇ ਉੱਚੀ ਹਸਦੀਆਂ ਦੀ
ਇਹ ਕੱਚੇ ਘਰਾਂ ਵਿੱਚ ਰਹਿੰਦੀਆਂ ਦੀ
ਮਾਹੀ ਦੇ ਦਿਲ ਵਿੱਚ ਵਸਦੀਆਂ ਦੀ
ਇਹ ਗੱਲ ਕਪਾਹ ਦੇਂਆ ਫੁੱਟਾਂ ਦੀ
ਝੋਨੇ ਕਣਕ ਦੇ ਦਾਣੇ ਦੀ
ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ...........
ਬੇਬੇ ਤੋਂ ਪੱਟੀਆਂ ਗੁੱਤਾਂ ਦੀ
ਬਾਪੂ ਤੋਂ ਪਈਆਂ ਗਾਲਾਂ ਦੀ
ਇਹ ਪੀਚੋ ਬੱਕਰੀ ਖੇਡਦੀਆਂ
ਡੱਬੇ ਟੱਪ ਮਾਰੀਆਂ ਛਾਲਾਂ ਦੀ
ਇਹ ਉਲਝੀਆਂ ਜੀਆਂ ਗੁੱਤਾਂ ਦੀ
ਜੂੰਆਂ ਵਾਲੇ ਵਾਲਾਂ ਦੀ
ਇਹ ਗੱਲ ਨਾ ਚੰਡੀਗੜ ਰਹਿੰਦੀਆਂ ਦੀ
ਗੱਲ ਸੈਂਕੜੇ ਹੀ ਨੈਣੇਵਾਲਾਂ ਦੀ
ਬਾਜਾਂ ਵਾਲਿਆ ਜੇ ਸੁਣਦੈਂ ਸੁਲਝਾ ਦੇ
ਗੱਲ ਉਲਝੇ ਹੋਏ ਤਾਣੇ ਦੀ
ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ
ਜਿਹੜੀ ਧੀ ਘਰਾਣੇ ਦੀ...