ਖਾਮੋਸ਼ ਸ਼ਹਿਰ ਦੀਆਂ
ਸੁੰਨਸਾਨ ਸੜਕਾਂ ਤੇ
ਮੱਨੁਖ ਦੀ ਸੋਚ ਮੁਕਦੀ ਜਾ ਰਹੀ ਹੈ ।
ਜੀਵਨ ਦੇ ਨਕਸ਼ੇ ਤੇ
ਕਸਮਾਂ ਦੀ ਚਾਲ ਮੱਠੀ ਪੈਂਦੀ ਜਾ ਰਹੀ ਹੈ ।
ਉੱਕੜੇ ਹੋਏ ਰਾਹਾਂ ਤੇ
ਯਾਦਾਂ ਦੀ ਲੜੀ ਹੁਣ ਟੁੱਟਦੀ ਜਾ ਰਹੀ ਹੈ ।
ਕਾਗਜ਼ਾਂ ਦੇ ਟੁਕੜਿਆਂ ਨੂੰ
ਕਦੋਂ ਤੱਕ ਸਾਂਭਦੇ ਰਹੋਗੇ ?
ਰੇਤਾਂ ਦੀਆਂ ਨੀਹਾਂ ਤੇ
ਕਦੋਂ ਤਕ ਮਹਿਲ ਉਸਾਰਦੇ ਰਹੋਗੇ ।
ਸੌਂ ਰਹੇ ਅੰਗਿਆਰਿਆਂ 'ਚ
ਭਾਂਬੜ ਦੀ ਹੁਣ ਆਸ ਨਹੀਂ ।
ਬੀਤ ਚੁੱਕੇ ਕੱਲ ਤੋਂ
ਨਵੀਂ ਸਵੇਰ ਦੀ ਆਸ ਨਹੀਂ ।
ਸਮਾਂ ਆ ਗਿਆ ਹੈ,ਦੋਸਤੋ !
ਭੁੱਜਦੇ ਥਲਾਂ ਵਿੱਚ ਖੇਡਣ ਦਾ ।
ਸੂਲਾਂ ਦੀਆਂ ਸੇਜਾਂ ਤੇ ਸੌਣ ਦਾ ।
ਸੰਘਣੇ ਜੰਗਲਾਂ ਨੂੰ ਚੀਰਦਿਆਂ
ਡਰ ਦੀਆਂ ਧੂੜਾਂ ਨੂੰ ਧਕੇਲਦਿਆਂ
ਸੱਪਾਂ ਦੀਆਂ ਸਿਰੀਆ ਨੂੰ ਮਿੱਧ ਕੇ,
ਆਸਾਂ ਦਾ ਦੀਵਾ ਫੜਕੇ,
ਜ਼ਿੰਦਗੀ ਦੀਆਂ ਵਾਟਾਂ ਕਟਦਿਆਂ
ਮੰਜ਼ਿਲ ਤੇ ਆਖਿਰ ਪਹੁੰਚਣਾ ਹੈ ।
=====================
੧੯੮੪ ਦੇ ਦੰਗਿਆਂ ਨੂੰ ਯਾਦ ਕਰਦਿਆ ਹੋਇਆ
===================================