ਦਿਲ ਦੇ ਬੂਹੇ ਯਾਦ ਤੇਰੀ ਨੇ, ਪੈਰ ਜਦੋਂ ਵੀ ਪਾਇਆ ਏ
ਪਥਰ ਹੋਈਆਂ ਅਖੀਆਂ ਨੂੰ ਵੀ, ਬੂੰਦ ਬੂੰਦ ਪਿੰਘ੍ਲਾਇਆ ਏ
ਪੰਛੀ ਚੋਗਾ ਚੁਗ ਕੇ ਜਦ ਵੀ, ਆਲਣਿਆਂ ਵਲ ਮੁੜ ਪੈਂਦੇ
ਮੈਂ "ਆਪਣੇ" ਲਭਣ ਤੁਰ ਪੈਂਦਾਂ, ਜਾਪੇ ਇਹ ਘਰ ਪਰਾਇਆ ਏ
ਜਦ ਵੀ ਚੜਦੇ ਸੂਰਜ ਦੀਆਂ ਕਿਰਾਨਾ, ਮੇਰੇ ਵਿਹੜੇ ਪੈਂਦੀਆਂ ਨੇ
ਸੂਲਾਂ ਵਾਂਗੂ ਚੁਭਦੀਆਂ, ਮੇਰਾ ਰੋਮ ਰੋਮ ਤੜਫਾਇਆ ਏ
ਨਾ ਜਗਾਓ ਰੋਸ਼ਨੀ, ਤੁਸੀਂ ਨਾ ਜਲਾਓ ਇਹ ਦਿਲ ਮੇਰਾ
ਓਏ ਚਾਨਣਾ ਦੇ ਵਾਸੀਓ, ਮੈਂ ਆਪੇ ਹੀ ਦੀਪ ਭੁਝਾਇਆ ਏ
ਅਣਜਾਣੇ ਵਿਚ ਪੈਰ ਮੇਰੇ, ਫਿਰ ਉਸ ਘਰ ਵਾਲ ਮੁੜ ਪੈਂਦੇ ਨੇ
ਜਿਸ ਘਰ ਦਿਆਂ ਵਸਨੀਕਾਂ ਨੇ, ਮੈਨੂ ਦਿਲੋਂ ਭੁਲਾਇਆ ਏ
ਖੁਸ਼ੀਆਂ ਖੇੜੇ ਤਾਂ ਕਿਸੇ ਨੇ, ਦਿਨ ਦਿਹਾੜੇ ਲੁਟ ਲਾਏ ਸੀ
ਪੀੜਾਂ, ਹੰਝੂ, ਹਾਓਕੇ, ਹਾਵੇ, ਹੁਣ ਮੇਰਾ ਸਰਮਾਇਆ ਏ
ਵਸਦਿਆਂ ਨਾਲ ਦਸੋ ਭਲਾ, ਮੈ ਕਿਸ ਤਰਾਂ ਨਿਭਾਵਾਂਗਾ
ਉਜੜਿਆਂ ਨੂੰ ਹੁਣ ਅਸਾਂ ਨੇ, ਚੁਮ੍ਕੇ ਹਿਕ ਨਾਲ ਲਾਇਆ ਏ
ਕਿਸ ਤਰਾਂ ਬਚ ਸਕਦਾਂ ਹਾਂ ਮੈ, ਉਹਨਾ ਯਾਦਾਂ ਦੇ ਸੇਕ ਤੋਂ
ਜਿਹਨਾ ਯਾਦਾਂ ਦਾ ਆਪਣੇ ਹਥੀਂ, ਹਿਕ ਅੰਦਰ ਧੂਣ ਧੁਖਾਇਆ ਏ
ਧਰਤੀ ਉਤੇ ਤੇਰੀਆਂ ਪੈੜਾਂ, ਲਭਦਾ ਫਿਰੇ ਗੁਰਿੰਦਰ ਨੀ
ਤੂੰ ਅਰਸ਼ਾਂ ਦੀਏ ਪਰੀਏ ਇਹਨੂ, ਕਮਲਾ ਕਿਓਂ ਬਣਾਇਆ ਏ