|
** ਘੋੜੀਆਂ ** |
ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ-ਗੀਤ ਘੋੜੀਆਂ ਅਖਵਾਉਂਦੇ ਹਨ। ***ਘੋੜੀ ਸੋਂਹਦੀ ਕਾਠੀਆਂ ਦੇ ਨਾਲ ਘੋੜੀ ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜ਼ਾਰ। ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ 'ਤੇ ਲਾਓ। ਖਾਣਾ ਰਾਜਿਆਂ ਦਾ ਖਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਛੈਲ ਨਵਾਬਾਂ ਦੇ ਘਰ ਢੁੱਕਣਾ, ਸਰਦਾਰਾਂ ਦੇ ਘਰ ਢੁੱਕਣਾ। ਉਮਰਾਵਾਂ ਦੀ ਤੇਰੀ ਚਾਲ, ਵਿੱਚ ਸਰਦਾਰਾਂ ਦੇ ਤੇਰਾ ਬੈਠਣਾ। ਚੀਰਾਂ ਤੇਰਾ ਵੇ ਮੱਲਾ ਸੋਹਣਾ, ਬਣਦਾ ਕਲਗੀਆਂ ਦੇ ਨਾਲ। ਕਲਗੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਕੈਂਠਾ ਤੇਰਾ ਵੇ ਮੱਲਾ ਸੋਹਣਾ, ਬਣਦਾ ਜੁਗਨੀਆਂ ਦੇ ਨਾਲ। ਜੁਗਨੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਜਾਮਾ ਤੇਰਾ ਵੇ ਮੱਲਾ ਸੋਹਣਾ, ਬਣਦਾ ਤਣੀਆਂ ਦੇ ਨਾਲ। ਤਣੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਜੁੱਤੀ ਤੇਰੀ ਵੇ ਮੱਲਾ ਸੋਹਣੀ, ਵਾਹਵਾ ਜੜੀ ਤਿੱਲੇ ਨਾਲ। ਕੇਹੀ ਸੋਹਣੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ 'ਤੇ ਲਾਓ। ਪੁੱਤ ਸਰਦਾਰਾਂ ਦੇ ਅਖਵਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ***ਨਿੱਕੀ-ਨਿੱਕੀ ਬੂੰਦੀ ਨਿੱਕੀ-ਨਿੱਕੀ ਬੂੰਦੀ ਵੇ ਨਿੱਕਿਆ, ਮੀਂਹ ਵੇ ਵਰ੍ਹੇ, ਵੇ ਨਿੱਕਿਆ, ਮਾਂ ਵੇ ਸੁਹਾਗਣ, ਤੇਰੇ ਸ਼ਗਨ ਕਰੇ। ਮਾਂ ਵੇ ਸੁਹਾਗਣ, ਤੇਰੇ ਸ਼ਗਨ ਕਰੇ। ਵੇ ਨਿੱਕਿਆ, ਦੰਮਾਂ ਦੀ ਬੋਰੀ, ਤੇਰਾ ਬਾਬਾ ਫੜੇ। ਦੰਮਾਂ ਦੀ ਬੇਰੀ, ਤੇਰਾ ਬਾਬਾ ਵੇ ਫੜੇ। ਵੇ ਨਿੱਕਿਆ, ਹਾਥੀਆਂ ਸੰਗਲ, ਤੇਰਾ ਬਾਪ ਫੜੇ। ਵੇ ਨਿੱਕਿਆ, ਹਾਥੀਆਂ ਸੰਗਲ ਤੇਰਾ ਬਾਪ ਫੜੇ। ਵੇ ਨਿੱਕਿਆ, ਨੀਲੀ ਵੇ ਘੋੜੀ, ਮੇਰਾ ਨਿੱਕੜਾ ਚੜ੍ਹੇ। ਨੀਲੀ ਨੀਲੀ ਵੇ ਘੋੜੀ, ਮੇਰਾ ਨਿੱਕੜਾ ਚੜ੍ਹੇ। ਵੇ ਨਿੱਕਿਆ, ਭੈਣ ਸੁਹਾਗਣ ਤੇਰੀ ਵਾਗ ਫੜੇ। ਭੈਣ ਵੇ ਸੁਹਾਗਣ ਤੇਰੀ ਵਾਗ ਫੜੇ ਵੇ ਨਿੱਕਿਆ, ਪੀਲ਼ੀ ਪੀਲ਼ੀ ਦਾਲ ਤੇਰੀ ਘੋੜੀ ਚਰੇ।
|
|
24 Aug 2010
|