|
 |
 |
 |
|
|
Home > Communities > Anything goes here.. > Forum > messages |
|
|
|
|
|
ਗਿੱਧੇ ਦਾ ਡਿੱਗਦਾ ਮਿਆਰ -- ਪਾਲ ਸਿੰਘ ਸਮਾਓ |
ਗਿੱਧਾ ਪੰਜਾਬ ਦੀਆਂ ਮੁਟਿਆਰਾਂ ਦੀ ਰੂਹ ਦਾ ਨੱਚਦਾ ਅਤੇ ਗਾਉਂਦਾ ਉਹ ਪ੍ਰਤੀਬਿੰਬ ਹੈ ਜਾਂ ਉਹ ਰੰਗਮੰਚ ਹੈ, ਜਿੱਥੇ ਮੁਟਿਆਰਾਂ ਆਪਣੇ ਮਨ ਅਤੇ ਤਨ ਨੂੰ ਇਕ-ਸੁਰ ਹੋ ਕੇ ਝੂਮਣ ਲਾਉਂਦੀਆਂ ਹਨ ਅਤੇ ਨੱਚ-ਨੱਚ ਕੇ ਆਪਣੇ ਮਨ ਦੇ ਗੁਬਾਰ ਕੱਢਦੀਆਂ ਹਨ। ਤਾੜੀਆਂ ਜਿੱਥੇ ਗਿੱਧੇ ਦੇ ਪਿੜ ਦੀ ਜਿੰਦਜਾਨ ਮੰਨੀਆਂ ਗਈਆਂ ਹਨ, ਇਸ ਤੋਂ ਬਿਨਾਂ ਗਿੱਧੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸ਼ਾਇਦ ਇਸੇ ਕਰਕੇ ਹੀ ਇਸ ਨਾਚ ਦਾ ਨਾਂ ਗਿੱਧਾ ਪੈ ਗਿਆ ਹੋਵੇ। ਜੇ ਤਾੜੀਆਂ ਵਿੱਚ ਲੋੜੀਂਦਾ ਜੋਸ਼ ਨਹੀਂ ਤਾਂ ਗਿੱਧਾ ਮਘ ਨਹੀਂ ਸਕਦਾ। ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੀਆਂ ਮੁਟਿਆਰਾਂ ਆਪਣੇ ਆਪ ਨੂੰ ਗਿੱਧੇ ਲਈ ਸਮਰਪਿਤ ਕਰ ਦਿੰਦੀਆਂ ਸਨ। ਕਿਸੇ ਵਿਆਹ ਤੋਂ ਮਹੀਨਾ ਪਹਿਲਾਂ ਹੀ ਗਾਉਣ ਬਿਠਾ ਦਿੱਤਾ ਜਾਂਦਾ ਸੀ। ਕੁੜੀਆਂ-ਚਿੜੀਆਂ ਇਕੱਠੀਆਂ ਹੋ ਕੇ ਅੱਧੀ-ਅੱਧੀ ਰਾਤ ਰਵਾਇਤੀ ਲੋਕ ਗੀਤ ਗਾਇਆ ਕਰਦੀਆਂ ਸਨ। ਨਾਲ ਹੀ ਆਉਣ ਵਾਲੇ ਨਾਨਕਾ ਮੇਲ ਨੂੰ ਹਰਾਉਣ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾਂਦੀ ਸੀ। ਪੁਰਾਣੇ ਸਮੇਂ ਜਦੋਂ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੀ ਮਾਂ ਆਪਣੇ ਪੇਕੇ ਪਿੰਡ ਵਿਆਹ ਦੀ ਗੰਢ ਲੈ ਕੇ ਜਾਂਦੀ ਤਾਂ ਆਪਣੇ ਪੇਕਿਆਂ ਨੂੰ ਬਹੁਤ ਭਾਰੀ ਗਿਣਤੀ ਵਿੱਚ ਨਾਨਕਾ ਮੇਲ ਲਿਆਉਣ ਦੀ ਅਰਜ਼ ਕਰਦੀ ਸੀ। ਉਧਰੋਂ ਨਾਨਕੇ ਵੀ ਸਾਰੇ ਆਂਢ-ਗੁਆਂਢ ਨੂੰ ਵਿਆਹ ਵਿੱਚ ਜਾਣ ਲਈ ਤਿਆਰ ਕਰਦੇ ਸਨ। ਨਾਨਕਿਆਂ ਵੱਲੋਂ ਦਾਦਕਿਆਂ ਨੂੰ ਦਿੱਤੀਆਂ ਜਾਂਦੀਆਂ ਸਿੱਠਣੀਆਂ ਵੀ ਕਮਾਲ ਦੀਆਂ ਹੁੰਦੀਆਂ ਸਨ, ਜਿਵੇਂ:- ਦਾਦਕੇ ਕੁੜੀ ਦੇ ਚੀਕਣੀ ਮਿੱਟੀ ਦੇ ਹਾਰੇ, ਬਈ ਦੁੱਧ ਦਾ ਗਲਾਸ ਡੁੱਲ੍ਹ ਗਿਆ, ਸਾਰਾ ਟੱਬਰ ਚਿੰਗਾੜਾ ਮਾਰੇ…
|
|
27 Jan 2013
|
|
|
|
ਇਸ ਤਰ੍ਹਾਂ ਬੜੇ ਹੀ ਸੋਹਣੇ ਢੰਗ ਨਾਲ ਨਾਨਕਾ ਮੇਲ ਵੱਡੇ ਇਕੱਠ ਨਾਲ ਨੱਚਦਾ-ਗਾਉਂਦਾ, ਸਿਰਾਂ ਉੱਪਰ ਕੱਪੜੇ ਵਾਲੇ ਟਰੰਕ, ਕੱਪੜਿਆਂ ਦੀਆਂ ਗੱਠੜੀਆਂ, ਗੋਦੀ ਨਿਆਣੇ, ਹੱਥਾਂ ਵਿੱਚ ਸਮਾਨ ਦੇ ਭਰੇ ਫੁੱਲਾਂ ਨਾਲ ਕੱਢੇ ਹੋਏ ਝੋਲੇ ਫੜੀ ਆਉਂਦਾ। ਨਾਨਕੀਆਂ ਜ਼ੋਰ ਨਾਲ ਬੰਬੀਹਾ ਬਲਾਉਂਦੀਆਂ, ਜਿਵੇਂ:- ਜੀਤੋ ਕੁੜੀ ਦੇ ਬਾਰ ਨੀਂ ਬੰਬੀਹਾ ਬੋਲੇ, ਬੋਲੇ ਤਾਂ ਸਾਰੀ ਰਾਤ ਨੀਂ ਬੰਬੀਹਾ ਬੋਲੇ, ਨਿਕਲ ਨਖਰੋ ਬਾਹਰ ਨੀਂ ਬੰਬੀਹਾ ਬੋਲੇ, ਭੰਨ ਦਿਆਂਗੇ ਬਾਰ ਨੀਂ ਬੰਬੀਹਾ ਬੋਲੇ… ਦੂਜੇ ਪਾਸੇ ਦਾਦੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ। ਉਹ ਵੀ ਆਪਣੇ ਵੱਡੇ ਝੁੰਡ ਨਾਲ ਤਿਆਰ ਬਰ ਤਿਆਰ ਖੜੀਆਂ ਗਾਉਂਦੀਆਂ ਹਨ:- ਖਾਣ ਸੂਰੀਆਂ ਆਈਆਂ ਨੀਂ, ਘਰ ਜੀਤੋ ਦੇ… ਮੂੰਹ ਧੋ ਕੇ ਨਾ ਆਈਆਂ ਨੀਂ ਮੱਖੀਆਂ ਭਿਣਕਦੀਆਂ… ਤੱਤੀ ਜਲੇਬੀ ਖਾਊਂ ਨੀਂ ਰਾਹ ਵਿੱਚ ਕਹਿੰਦੀ ਸੀ… ਇੱਥੇ ਕਾਸਤੋ ਲਿਆਈ ਨੀਂ ਗੱਡਾ ਜਵਾਕਾਂ ਦਾ… ਚੁਟਕੀ ਵੀ ਮਾਰਾਂ ਰਾਖ ਦੀ, ਮਾਮੀ, ਤੈਨੂੰ ਬਾਂਦਰੀ ਲੈਂਦੀ ਨੀਂ ਬਣਾ, ਟੁੱਕ ਦੀ ਬੁਰਕੀ ਸੁੱਟ ਕੇ, ਤੈਥੋਂ ਖੇਡਾ ਲੈਂਦੀ ਨੀਂ ਅਨਪੜ੍ਹ ਮੂਰਖੇ ਨੀਂ ਪਵਾ… ਇਸ ਤਰ੍ਹਾਂ ਸਿੱਠਣੀਆਂ ਦੇਣ ਤੋਂ ਬਾਅਦ ਐਨਾ ਜ਼ੋਰ ਦਾ ਗਿੱਧਾ ਪੈਂਦਾ ਕਿ ਗਿੱਧੇ ਦੀ ਗੂੰਜ ਪੂਰੇ ਪਿੰਡ ਵਿੱਚ ਸੁਣਾਈ ਦਿੰਦੀ। ਜਦੋਂ ਤਕ ਇਕ ਧਿਰ ਹਾਰ ਨਹੀਂ ਸੀ ਮੰਨ ਲੈਂਦੀ, ਉਦੋਂ ਤਕ ਇੱਕ ਦੂਜੇ ਨੂੰ ਪਾਣੀ ਵੀ ਨਹੀਂ ਸੀ ਪੀਣ ਦਿੱਤਾ ਜਾਂਦਾ। ਮੁੜ੍ਹਕੋ-ਮੁੜ੍ਹਕੀ ਹੋਈਆਂ ਇੱਕ-ਦੂਜੀ ਉੱਤੇ ਚੜ੍ਹ-ਚੜ੍ਹ ਕੇ ਬੋਲੀਆਂ ਪਾਉਂਦੀਆਂ। ਬਹੁਤ ਹੀ ਸੋਹਣਾ ਮਾਹੌਲ ਸਿਰਜਿਆ ਹੁੰਦਾ ਸੀ। ਆਪਸੀ ਪਿਆਰ ਦੀ ਸਾਂਝ ਹਰ ਇੱਕ ਦਿਲ ਨੂੰ ਪਿਘਲਾ ਕੇ ਰੱਖ ਦਿੰਦੀ ਸੀ। ਨਾਨਕਾ ਮੇਲ ਤੋਂ ਸ਼ੁਰੂ ਹੋ ਕੇ ਗਿੱਧਾ ਪੂਰੇ ਵਿਆਹ ਵਿੱਚ ਜਾਰੀ ਰਹਿੰਦਾ। ਰਾਤ ਨੂੰ ਜਾਗੋ ਦੀ ਤਿਆਰੀ ਕਰਕੇ, ਫਿਰ ਜੰਝ ਚੜ੍ਹਾ ਕੇ, ਡੋਲੀ ਘਰ ਆਉਣ ਤੋਂ ਬਾਅਦ ਵਿਆਹ ਦੇ ਵਿਚਕਾਰਲੇ ਦਿਨ ਅਤੇ ਅਖਰੀਲੇ ਦਿਨ ਪਿੰਡ ਦੀਆਂ ਗਲੀਆਂ, ਸਰਪੰਚਾਂ, ਨੰਬਰਦਾਰਾਂ ਤੇ ਸਾਕ-ਸਬੰਧੀਆਂ ਦੇ ਘਰ ਵਿੱਚ ਗਿੱਧਾ ਪਾਇਆ ਜਾਂਦਾ ਸੀ। ਪਿੰਡ ਦੇ ਛੜਿਆਂ ਦੀ ਤਾਂ ਬਸ ਗੱਲ ਹੀ ਛੱਡੋ, ਨਾਨਕੀਆਂ ਚਾਹ ਕੇ ਲੈਂਦੀਆਂ ਸਨ ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਇਸ ਅਮੀਰ ਲੋਕ ਨਾਚ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਹੈ। ਡੀ.ਜੇ. ਸਿਸਟਮ ਨੇ ਅੱਜ-ਕੱਲ੍ਹ ਪਿੰਡਾਂ ਵਿੱਚ ਵੀ ਗਿੱਧੇ ਨੂੰ ਢਾਹ ਦਿੱਤੀ ਹੈ। ਵਿਆਹ ਦੇ ਪਹਿਲੇ ਦਿਨ ਹੀ ਸ਼ੋਰ-ਸ਼ਰਾਬੇ ਦੀ ਧਮਕ ਨਾਲ ਵੱਡੇ-ਵੱਡੇ ਸਪੀਕਰਾਂ ’ਤੇ ਚੱਲ ਰਹੇ ਲੱਚਰ ਗੀਤਾਂ ਨੇ ਪੰਜਾਬ ਦੇ ਰਿਵਾਇਤੀ ਰੀਤੀ-ਰਿਵਾਜਾਂ ਨੂੰ ਲਹੂ-ਲੁਹਾਣ ਕਰ ਦਿੱਤਾ ਹੈ। ਅਧਨੰਗੇ ਕੱਪੜਿਆਂ ਵਿੱਚ ਕੁੜੀਆਂ ਹਿੰਦੀ ਗੀਤਾਂ ’ਤੇ ਨੱਚਦੀਆਂ ਹਨ, ਨਾਲ ਹੀ ਮੁੰਡੇ ਵੀ ਸ਼ਰਾਬ ਦੇ ਨਸ਼ੇ ਵਿੱਚ ਨੱਚਦੇ ਹਨ। ਇਸ ਵਿੱਚ ਧੀ-ਭੈਣ ਦੀ ਇੱਜ਼ਤ ਤੇ ਅਣਖ ਮਰੀ ਨਜ਼ਰ ਆਉਂਦੀ ਹੈ। ਇਹੋ ਜਿਹੇ ਮਾਹੌਲ ਨੂੰ ਦੇਖ ਕੇ ਮਨ ਉੱਚੀ-ਉੱਚੀ ਧਾਹਾਂ ਮਾਰਦਾ ਹੈ ਕਿ ਕਿੱਧਰ ਗੁਆਚ ਗਏ ਉਹ ਲੋਕ ਗੀਤ, ਸਿੱਠਣੀਆਂ, ਬੋਲੀਆਂ, ਘੋੜੀਆਂ, ਸੁਹਾਗ, ਦੋਹੇ, ਜੋ ਮੇਰੇ ਪੰਜਾਬ ਨੂੰ ਰੰਗੀਨ ਬਣਾਉਂਦੇ ਸਨ। ਜਦੋਂ ਧੀਆਂ, ਭੈਣਾਂ, ਭਾਬੀਆਂ, ਮਾਵਾਂ, ਚਾਚੀਆਂ ਅਤੇ ਤਾਈਆਂ ਬੜੀ ਹੀ ਮਿਠਾਸ ਨਾਲ ਗਾਉਂਦੀਆਂ ਅਤੇ ਆਉਂਦੇ-ਜਾਂਦੇ ਰਾਹੀਆਂ ਨੂੰ ਵੀ ਮਸਤ ਕਰ ਦਿੰਦੀਆਂ ਸਨ। ਅੱਜ ਪੰਜਾਬ ਦੀਆਂ ਮੁਟਿਆਰਾਂ ਆਪਣਾ ਨਾਚ ਛੱਡ ਗਈਆਂ ਹਨ ਤੇ ਇਸ ਨੂੰ ਸੰਭਾਲਣ ਵਾਲਾ ਕੋਈ ਵਿਰਲਾ ਹੀ ਰਹਿ ਗਿਆ ਹੈ।
|
|
27 Jan 2013
|
|
|
|
ਭਾਵੇਂ ਪੰਜਾਬ ਦੀਆਂ ਸਾਰੀਆਂ ਹੀ ਯੂਨੀਵਰਸਿਟੀਆਂ ਨੇ ਇਨ੍ਹਾਂ ਨਾਚਾਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ ਅਤੇ ਬਹੁਤ ਵੱਡੇ ਪੱਧਰ ’ਤੇ ਕਰ ਵੀ ਰਹੀਆਂ ਹਨ ਪਰ ਫਿਰ ਵੀ ਇਨ੍ਹਾਂ ਲੋਕ ਨਾਚਾਂ ਵਿੱਚ ਬਹੁਤ ਸਾਰੀ ਮਿਲਾਵਟ ਅਤੇ ਗਿਰਾਵਟ ਆ ਰਹੀ ਹੈ। ਜਿਵੇਂ ਗਿੱਧਾ ਤੀਆਂ ਦਾ ਪੈ ਰਿਹਾ ਹੁੰਦਾ ਹੈ, ਕੁੜੀਆਂ ਸਟੇਜ ਉੱਪਰ ਚਰਖਾ ਡਾਹ ਕੇ ਕੱਤ ਰਹੀਆਂ ਹੁੰਦੀਆਂ ਹਨ, ਇੱਕ ਪਾਸੇ ਬਾਗ ਜਾਂ ਫੁਲਕਾਰੀਆਂ ਕੱਢ ਰਹੀਆਂ ਹੁੰਦੀਆਂ ਹਨ, ਰਿਵਾਇਤੀ ਗੀਤ ਵੀ ਗਾਏ ਜਾ ਰਹੇ ਹੁੰਦੇ ਹਨ, ਪਿੱਛੇ ਘੜੇ, ਬਾਲਟੀਆਂ, ਛੱਜ, ਕੌਲੀਆਂ, ਬਾਟੀਆਂ, ਸੋਟੀਆਂ ਅਤੇ ਬੇਲੋੜਾ ਸਮਾਨ ਨਜ਼ਰ ਆਉਂਦਾ ਹੈ। ਜੋ ਗੀਤ ਗਾਏ ਜਾਂਦੇ ਹਨ, ਉਨ੍ਹਾਂ ਵਿੱਚ ਰਿਵਾਇਤੀ ਹੇਕਾਂ ਖਤਮ ਹੁੰਦੀਆਂ ਹਨ। ਦੂਜੇ ਪਾਸੇ ਤ੍ਰਿੰਞਣ ਦੇ ਵਿਸ਼ੇ ’ਤੇ ਗਿੱਧਾ ਸ਼ੁਰੂ ਹੁੰਦਾ ਹੈ, ਸਟੇਜ ’ਤੇ ਕੋਈ ਕੁੜੀ ਰੋੜੇ ਖੇਡ ਰਹੀ ਹੁੰਦੀ ਹੈ, ਇੱਕ-ਦੋ ਜਾਣੀਆਂ ਚੁੰਨੀਆਂ ਸੁਕਾ ਰਹੀਆਂ ਹੁੰਦੀਆਂ ਹਨ, ਕੋਈ ਦੁੱਧ ਰਿੜਕ ਰਹੀ ਹੈ, ਕੋਈ ਕੱਤ ਰਹੀ ਹੈ। ਚਰਖਾ ਵੀ ਉਹ ਹੁੰਦਾ ਹੈ ਜਿਸ ਦੇ ਨਾ ਤਾਂ ਮੁੰਨੇ ਹੁੰਦੇ ਹਨ, ਨਾ ਹੀ ਚਰਮਖਾਂ, ਨਾ ਹੀ ਮਾਲ੍ਹ, ਨਾ ਹੀ ਕੱਤਣੀ, ਸਿਰਫ਼ ਹੱਥ ਵਿੱਚ ਪੂਣੀ ਫੜ ਕੇ ਪੁੱਠਾ ਗੇੜਾ ਦੇ ਰਹੀਆਂ ਹੁੰਦੀਆਂ ਹਨ। ਬਾਗ ਗੋਡਿਆਂ ਉਪਰ ਸਿੱਧਾ ਰੱਖ ਕੇ ਕੱਢਿਆ ਜਾ ਰਿਹਾ ਹੁੰਦਾ ਹੈ। ਇਹ ਨਹੀਂ ਪਤਾ ਹੁੰਦਾ ਕਿ ਚਰਖੇ ਦੀ ਜ਼ਰੂਰਤ ਤੀਆਂ ਵਿੱਚ ਹੈ ਜਾਂ ਤ੍ਰਿੰਞਣਾਂ ਵਿਚ। ਤੀਆਂ ਅਤੇ ਤ੍ਰਿੰਞਣਾਂ ਨੂੰ ਇੱਕ ਰੂਪ ਦਿੱਤਾ ਜਾਂਦਾ ਹੈ ਅਤੇ ਗੀਤਾਂ ਦੀ ਥਾਂ ਸੁਹਾਗ ਗਾਏ ਜਾਂਦੇ ਹਨ। ਕੋਈ ਜੰਞ ਚੜ੍ਹਾ ਰਹੀਆਂ ਹੁੰਦੀਆਂ ਹਨ, ਨਾਈ-ਧੋਈ ਦੀ ਰਸਮ ਕਰਕੇ ਅਤੇ ਜੰਞ ਚੜ੍ਹਾ ਕੇ ਗਿੱਧਾ ਸ਼ੁਰੂ ਕਰ ਦਿੰਦੀਆਂ ਹਨ। ਜੇ ਗਹਿਣਿਆਂ ਦੀ ਗੱਲ ਕਰੀਏ ਸੱਗੀ ਕਿਤੇ ਹੁੰਦੀ ਹੈ ਤੇ ਫੁੱਲੀਆਂ ਕਿਤੇ, ਉਹ ਵੀ ਬਿਨਾਂ ਮੀਢੀਆਂ ਤੋਂ। ਮੋਹਰਾਂ, ਸਿੰਘ ਤਵੀਤ, ਜੁਗਨੀ, ਝੁੰਬਰ ਸੂਈ, ਕਲਿੱਪ ਪਤਾ ਨਹੀਂ ਕਿਸ ਤਰ੍ਹਾਂ ਪਹਿਨੇ ਹੁੰਦੇ ਹਨ। ਜੇ ਪਹਿਰਾਵੇ ਦੀ ਗੱਲ ਕਰੀਏ ਤਾਂ ਉੱਚੇ-ਉੱਚੇ ਕਮੀਜ਼, ਢਾਕਾਂ ਨੰਗੀਆਂ, ਸੱਤ-ਅੱਠ ਮੀਟਰ ਦੇ ਘੱਗਰੇ, ਦੋ ਮੀਟਰ ਦੀ ਚੁੰਨੀ, ਘੱਗਰੇ ਉੱਚੇ ਅਤੇ ਬਹੁਤ ਜ਼ਿਆਦਾ ਪਤਲੇ, ਬਿਨਾਂ ਜਰੀ ਤੋਂ ਗੋਟਾ, ਵਾਧੂ ਦੇ ਚਿਲਮ ਸਿਤਾਰੇ ਦੇਖ ਕੇ ਮਨ ਨੂੰ ਘਬਰਾਹਟ ਹੋਣ ਲੱਗ ਪੈਂਦੀ ਹੈ। ਗੁੱਤਾਂ ਮੂਹਰੇ ਸੁੱਟੀਆਂ ਹੋਈਆਂ ਅਤੇ ਬਹੁਤ ਉੱਚੀਆਂ। ਜੇ ਗਿੱਧੇ ਦੀ ਨਚਾਈ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਨੱਚ ਰਹੀਆਂ ਹੁੰਦੀਆਂ ਹਨ ਜਿਵੇਂ ਚਾਬੀ ਦੇ ਕੇ ਛੱਡੀਆਂ ਹੋਣ, ਨਾ ਕੋਈ ਲਚਕ, ਨਾ ਧਮਾਲ, ਨਾ ਅੱਡੀ, ਨਾ ਹੀ ਪੂਰਨ ਤੌਰ ’ਤੇ ਤਾੜੀ ਵੱਜ ਰਹੀ ਹੁੰਦੀ ਹੈ। ਸਾਹੋ-ਸਾਹੀ ਇੱਕ ਦੂਜੇ ਦੇ ਵਿੱਚ ਵੱਜ ਕੇ ਡਿੱਗ ਪੈਂਦੀਆਂ ਹਨ। ਗੀਤਾਂ ਅਤੇ ਫ਼ਿਲਮਾਂ ਵਿੱਚੋਂ ਕੱਢੇ ਹੋਏ ਸਟੈੱਪ, ਬੋਲੀਆਂ ਬੇਤੁਕੀਆਂ, ਗੱਡੇ ਦੀ ਜਗ੍ਹਾ ਮੋਟਰਸਾਈਕਲ ਤੇ ਕੈਨੇਡਾ, ਅਮਰੀਕਾ ਅਤੇ ਇਧਰ-ਉਧਰ ਦੀਆਂ ਬੋਲੀਆਂ ਸੁਣਾਈ ਦਿੰਦੀਆਂ ਹਨ। ਜੇ ਸਮਾਨ ਦੀ ਗੱਲ ਕਰੀਏ ਤਾਂ ਸਾਡੀ ਉਹ ਪਰਾਤ ਜਿਸ ਵਿੱਚ ਬੜੇ ਹੀ ਪਵਿੱਤਰ ਪਕਵਾਨ ਬਣਦੇ ਹਨ, ਉਸ ਨੂੰ ਮੂਧੀ ਮਾਰ ਕੇ ਨੱਚਣਾ, ਸੋਟੀ ’ਤੇ ਘੁੰਗਰੂ ਲਾ ਕੇ ਲੱਤਾਂ ਵਿੱਚ ਪਾ ਕੇ ਨੱਚਣਾ, ਕੁੜੀ ਨੂੰ ਉੱਪਰ ਚੁੱਕਣਾ, ਕੁੜੀ ਉੱਪਰ ਕੁੜੀ ਚੜ੍ਹ ਕੇ ਸਾਈਕਲ ਬਣਾਉਣਾ ਆਦਿ। ਰਿਵਾਇਤੀ ਸਿੱਠਣੀਆਂ ਅਤੇ ਗੀਤਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਗੀਤਾਂ ਅਤੇ ਸਿੱਠਣੀਆਂ ਦੀਆਂ ਤੁਕਾਂ ਨੂੰ ਲੈ ਕੇ ਬੋਲੀਆਂ ਬਣਾਈਆਂ ਜਾਂਦੀਆਂ ਹਨ, ਜਿਵੇਂ:- ਜੀਤੋ ਭੈਣੇ ਤੇਰੇ ਕੀ ਆਏ, ਕੀ ਜਾਈਏ ਨੀਂ ਸ਼ਾਮਲਾਟ ਥੋੜ੍ਹੀ ਏ, ਦੱਸ ਅਖਾੜਾ ਕਿੱਥੇ ਲਾਈਏ… ਗੁੱਤ ਗੁੰਦ ਦੇ ਕਪੱਤੀਏ, ਸਾਰਾ-ਰਾ-ਰ-ਰਾ ਗੁੱਤ ਗੁੰਦ ਦੇ ਕਪੱਤੀਏ, ਟੀਰੀ-ਰੀ-ਰੀ ਨੀਂ ਉੱਤੇ ਪਾ ਦੇ ਡਾਕ ਬੰਗਲਾ…
|
|
27 Jan 2013
|
|
|
|
ਇਸ ਤਰ੍ਹਾਂ ਹੀ ਸ਼ਗਨਾਂ ਦਾ ਗਿੱਧਾ ਪੈ ਰਿਹਾ ਹੈ। ਤਮਾਸ਼ੇ ਵਿੱਚ ਉੱਚੀ-ਉੱਚੀ ਵਿਰਲਾਪ ਕਰਕੇ ਵੈਣ ਪਾਏ ਜਾਂਦੇ ਹਨ, ਜਿਸ ਨੂੰ ਸੋਗ ਵਿੱਚ ਬਦਲ ਦਿੱਤਾ ਜਾਂਦਾ ਹੈ। ਤੀਆਂ ਦੇ ਗਿੱਧੇ ਵਿੱਚੋਂ ‘ਬੱਲ੍ਹੋਂ’ ਦੀ ਰਸਮ ਬਿਲਕੁਲ ਖ਼ਤਮ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਪੰਜਾਬ ਦੇ ਇਸ ਅਮੀਰ ਲੋਕ ਨਾਚ ਦਾ ਮਿਆਰ ਕਾਫ਼ੀ ਡਿੱਗ ਚੁੱਕਾ ਹੈ। ਇਹ ਨਾਚ ਪੱਛਮੀ ਪ੍ਰਭਾਵ ਹੇਠਾਂ ਆ ਗਿਆ ਹੈ। ਗਿੱਧੇ ਦੇ ਡਿੱਗਦੇ ਮਿਆਰ ਲਈ ਕਈ ਗੱਲਾਂ ਜ਼ਿੰਮੇਵਾਰ ਹਨ। ਮੁਕਾਬਲਿਆਂ ਦੌਰਾਨ ਕਈ ਵਾਰ ਖ਼ੂਬਸੂਰਤ ਅਤੇ ਟਿਕਵੇਂ ਗਿੱਧਿਆਂ ਨੂੰ ਪਿੱਛੇ ਛੱਡ ਦਿੱਤਾ ਜਾਂਦਾ ਹੈ। ਕਾਰਨ ਸਿਫ਼ਾਰਸ਼ ਜਾਂ ਫਿਰ ਜਿਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਬਿਲਕੁਲ ਹੀ ਪਤਾ ਨਹੀਂ ਨੂੰ ਪੈਨਲ ਵਿੱਚ ਰੱਖਣਾ। ਗਿੱਧਾ ਪਾਉਣ ਦਾ ਢੰਗ, ਨੱਚ-ਨੱਚ ਕੇ ਧਮਾਲ ਪਾਉਣਾ, ਬੋਲੀਆਂ ਦੀ ਲੈਅ, ਸੁਰ-ਤਾਲ ਦਾ ਉਨ੍ਹਾਂ ਨੂੰ ਬਹੁਤਾ ਅਨੁਭਵ ਨਹੀਂ ਹੁੰਦਾ। ਜਿਹੜੇ ਬਿਨਾਂ ਤਜਰਬੇ ਤੋਂ ਜੱਜ ਬੈਠਦੇ ਹਨ ਅਤੇ ਕਮਜ਼ੋਰ ਗਿੱਧਿਆਂ ਨੂੰ ਅੱਗੇ ਲਿਆਉਂਦੇ ਹਨ, ਉਨ੍ਹਾਂ ਦੀ ਕਾਪੀ ਅੱਗੇ ਬੱਚੇ ਕਰਨੀ ਸ਼ੁਰੂ ਕਰ ਦਿੰਦੇ ਹਨ, ਜੋ ਆਪਣੇ ਵਿਰਸੇ ਤੋਂ ਬਹੁਤ ਦੂਰ ਚਲੇ ਜਾਂਦੇ ਹਨ।
* ਸੰਪਰਕ: 99156-90146
|
|
27 Jan 2013
|
|
|
|
ਬਹੁਤ ਵਧੀਆ ਜੀ.....Nycc Sharing.......
|
|
30 Jan 2013
|
|
|
|
|
|
|
|
|
|
 |
 |
 |
|
|
|