Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਾਇਰੀ ਦਾ ਗਹਿਰਾ ਸਾਗਰ ਗੁਲਜ਼ਾਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਾਇਰੀ ਦਾ ਗਹਿਰਾ ਸਾਗਰ ਗੁਲਜ਼ਾਰ


ਮੁੰਬਈ ਭਾਰਤ ਦੀ ਅਜਿਹੀ  ਸੁਪਨ-ਨਗਰੀ ਹੈ, ਜਿੱਥੇ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਆਪਣੀ ਤਕਦੀਰ ਅਜਮਾਉਣ ਲਈ ਆਉਂਦੇ ਹਨ। ਕੁਝ ਸਟਾਰ ਬਣ ਜਾਂਦੇ ਹਨ ਅਤੇ ਬਹੁਤ ਸਾਰੇ ਵਕਤ ਦੀ ਮਾਰ ਹੇਠ ਦਬ ਜਾਂਦੇ ਹਨ।  ਚਕਾਚੌਂਧ ਵਾਲੇ ਇਸ ਸ਼ਹਿਰ ਵਿੱਚ ਬੰਦਾ ਆਪਣੇ-ਆਪ ਨੂੰ ਲੱਭਦਾ ਫਿਰਦਾ ਹੈ। ਬਾਜ਼ਾਰ ਜਾਂਦਿਆਂ ਫ਼ਿਲਮੀ ਸਿਤਾਰੇ ਕਿਸੇ ਵੱਡੇ ਮਾਲ, ਕਿਸੇ ਪੰਜ ਤਾਰਾ ਹੋਟਲ ਜਾਂ ਕਿਸੇ ਬੂਟੀਕ ਵਿੱਚ ਅਕਸਰ ਵੇਖੇ ਜਾ ਸਕਦੇ ਹਨ, ਆਮ ਬੰਦੇ ਵਾਂਗ ਵਿਚਰਦੇ ਤੇ ਖ਼ਰੀਦੋ-ਫ਼ਰੋਖ਼ਤ ਕਰਦੇ। ਬਾਂਦਰਾ ਤੋਂ ਹੀ ਫ਼ਿਲਮ ਨਗਰੀ ਸ਼ੁਰੂ ਹੋ ਜਾਂਦੀ ਹੈ। ਮੈਂ ਭਾਵੇਂ ਪਹਿਲਾਂ ਵੀ ਮੁੰਬਈ ਆਪਣੀ ਭੈਣ ਨੂੰ ਮਿਲਣ ਆਉਂਦੀ ਸੀ ਪਰ ਇਸ ਵਾਰ ਮੈਂ ਜਾ ਰਹੀ ਸਾਂ ਉਚੇਚੇ ਸੱਦੇ ਉਪਰ, ਮਿਲਣ ਉਸ ਖ਼ਾਸ ਨੂੰ, ਜੋ ਇਸ ਜਾਦੂਈ ਨਗਰੀ ਦੀ ਜਿੰਦ ਹੈ। ਮੇਰੀ ਮੁਰਾਦ ਗੁਲਜ਼ਾਰ ਤੋਂ ਹੈ। ਗੁਲਜ਼ਾਰ, ਜੋ ਸਕੂਲ ਪੜ੍ਹਦਿਆਂ ਕਵਿਤਾ/ਗੀਤ ਲਿਖਣ ਲੱਗ ਗਿਆ ਸੀ, ਜਿਸਨੂੰ ਆਮ ਨੌਜਵਾਨ ਵਾਂਗ ਇਸ ਨਗਰੀ ਵਿੱਚ ਜਾਣ ਦਾ  ਖ਼ਬਤ ਸੀ ਆਪਣੇ ਲਿਖੇ ਗੀਤ ਕਿਸੇ ਹੀਰੋ-ਹੀਰੋਇਨ ਦੇ ਹੋਂਠਾਂ ’ਤੇ ਮਚਲਦੇ ਵੇਖਣ ਦਾ। ਇਸੇ ਖ਼ਬਤ ਨੂੰ ਵੇਖਦਿਆਂ ਉਸ ਦੇ ਪਿਤਾ ਨੇ ਦੁਖੀ ਮਾਨਸਿਕਤਾ ਵਿੱਚੋਂ ਕਿਹਾ ਸੀ, ‘‘ਸ਼ਾਇਰੀ ਕਰੇਂਗਾ ਤਾਂ ਢਿੱਡ ਭਰਨ ਲਈ ਭਰਾ ਦਿਆਂ ਹੱਥਾਂ ਵੱਲ ਦੇਖੇਂਗਾ।’’ ਪਰ ਸੰਪੂਰਨ ਸਿੰਘ ਕਾਲੜਾ/ਗੁਲਜ਼ਾਰ ਦੀਨਵੀ ਕਿਵੇਂ ਨਾ ਕਿਵੇਂ ਮੁੰਬਈ ਜਾ ਪੁੱਜਾ। ਮੁੰਬਈ ਜਾ ਕੇ ਉਸ ਆਪਣੀ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਸਹਾਰਾ ਲੈਂਦਿਆਂ ਇੱਕ ਕਾਰ ਗੈਰਾਜ ਵਿੱਚ ਬਤੌਰ ਮਕੈਨਿਕ ਕੰਮ ਕਰਨਾ ਸ਼ੁਰੂ ਕੀਤਾ ਤੇ ਨਾਲੋ-ਨਾਲ ਗੁਲਜ਼ਾਰ ਦੀਨਵੀ ਦੇ ਨਾਂ ਹੇਠ ਗੀਤ ਵੀ ਲਿਖਦਾ ਰਿਹਾ, ਅਫ਼ਸਾਨੇ/ਕਹਾਣੀਆਂ ਵੀ। ਉਸ ਦੇ ਇਸੇ ਖ਼ਬਤ ਨੇ ਸੰਨ 1963 ਵਿੱਚ ਐੱਸ.ਡੀ. ਬਰਮਨ ਨਾਲ ਇੱਕ ਨਿੱਕੀ ਜਿਹੀ ਮੁਲਾਕਾਤ ਪਿੱਛੋਂ ਉਸ ਦੀ ਨਿਰਦੇਸ਼ਨਾ ਹੇਠ ਬਣ ਰਹੀ ਫ਼ਿਲਮ ‘ਬੰਦਨੀ’ ਵਿੱਚ ਹੀਰੋਇਨ ਨੂਤਨ ਲਈ ਉਸ ਨੂੰ ਇੱਕ ਗੀਤ ਲਿਖਣ ਲਈ ਕਿਹਾ। ਗੁਲਜ਼ਾਰ ਨੇ ਗੀਤ ਕਲਮਬੱਧ ਕੀਤਾ। ਉਹ ਗੀਤ ਸੀ- ‘ਮੇਰਾ ਗੋਰਾ ਅੰਗ ਲਇਲੇ; ਮੋਹੇ ਸ਼ਾਮ ਰੰਗ ਦੇਇਦੇ, ਛੁਪ ਜਾਊਂਗੀ ਰਾਤ ਹੀ ਮੇਂ; ਮੋਹੇ ਪੀਅ ਕਾ ਸੰਗ ਦੇਇਦੇ।’ ਇਹ ਗੀਤ ਕਾਫ਼ੀ ਚਰਚਿਤ ਹੋਇਆ ਅਤੇ ਅੱਜ ਵੀ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਓਨਾ ਹੀ ਤਾਜ਼ਾ ਹੈ। ਗੁਲਜ਼ਾਰ ਨੇ ਇਹ ਗੀਤ ਲਿਖ ਕੇ ਮੁੰਬਈ ਫ਼ਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਲਗਪਗ ਅੱਧੀ ਦਰਜਨ ਫ਼ਿਲਮਾਂ ਲਈ ਗੀਤ ਲਿਖੇ, ਜਿਨ੍ਹਾਂ ਵਿੱਚੋਂ 11 ਲਈ ਫ਼ਿਲਮ ਫ਼ੇਅਰ ਐਵਾਰਡ ਮਿਲੇ, 4 ਫ਼ਿਲਮਾਂ ਦੇ ਬੈਸਟ ਡਾਇਲਾਗ ਲਿਖਣ ਲਈ ਅਕੈਡਮੀ ਐਵਾਰਡ, ਸਾਲ 2008 ਵਿੱਚ ‘ਜੈ ਹੋ’ ਗੀਤ ਜੋ ਏ. ਆਰ. ਰਹਿਮਾਨ ਨੇ ਸੰਗੀਤਬੱਧ ਕੀਤਾ ਸੀ, ਨੂੰ ਅਕੈਡਮੀ ਐਵਾਰਡ ਮਿਲਿਆ। ਬਾਅਦ ਵਿੱਚ ਸਾਲ 2010 ਵਿੱਚ ਇਸੇ ਗੀਤ ਲਈ ਹੀ ਉਸ ਨੂੰ ਏ.ਆਰ. ਰਹਿਮਾਨ ਨਾਲ ਸਾਂਝੇ ਤੌਰ ’ਤੇ ਗ੍ਰੈਮੀ ਐਵਾਰਡ ਮਿਲਿਆ। ਇਸੇ ਸਾਲ ਉਸ ਨੂੰ ‘ਪਦਮਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਸਾਲ 2012 ਵਿੱਚ ਇੰਦਰਾ ਗਾਂਧੀ ਨੈਸ਼ਨਲ ਇੰਟੀਗ੍ਰੇਸ਼ਨ ਐਵਾਰਡ ਮਿਲਿਆ। ਅਪਰੈਲ 2013 ਵਿੱਚ ਉਸ ਨੂੰ ਆਸਾਮ ਯੂਨੀਵਰਸਿਟੀ ਦਾ ਚਾਂਸਲਰ ਥਾਪਿਆ ਗਿਆ। ਇਸ ਤੋਂ ਬਿਨਾਂ ਉਸ ਨੇ ਚਰਚਿਤ ਟੀ.ਵੀ. ਸੀਰੀਅਲ ‘ਮਿਰਜ਼ਾ ਗ਼ਾਲਿਬ’, ‘ਤਹਿਰੀਰ ਮੁਨਸ਼ੀ ਪ੍ਰੇਮ ਚੰਦ ਕੀ’, ‘ਹੈਲੋ ਜ਼ਿੰਦਗ਼ੀ’, ‘ਪੋਟਲੀ ਬਾਬਾ’, ‘ਜੰਗਲ ਬੁੱਕ’ ਆਦਿ ਲਿਖੇ ਅਤੇ ਨਿਰਦੇਸ਼ਤ ਕੀਤੇ। ਬਹੁਤ ਸਾਰੇ ਪ੍ਰਸਿੱਧ ਉਰਦੂ ਗ਼ਜ਼ਲਕਾਰਾਂ ਦੀ ਸ਼ਾਇਰੀ ਦੀਆਂ ਐਲਬਮਾਂ ਤਿਆਰ ਕੀਤੀਆਂ/ਕਰਵਾਈਆਂ। ਇਨ੍ਹਾਂ ਵਿੱਚੋਂ ਜਗਜੀਤ ਸਿੰਘ ਦੀ ਆਵਾਜ਼ ਵਿੱਚ ਤਿਆਰ ਕੀਤੀ ਐਲਬਮ ਉਹਦੀ ਮੌਤ ਤੋਂ ਬਾਅਦ ਸ਼ਰਧਾਂਜਲੀ ਵਜੋਂ ਪੇਸ਼ ਕੀਤੀ। ਉਸ ਨੇ ਹਿੰਦੀ/ਉਰਦੂ ਸਾਹਿਤ-ਜਗਤ ਨੂੰ ਕਾਵਿ-ਸੰਗ੍ਰਿਹ ‘ਚਾਂਦ ਪੁਖਰਾਜ ਕਾ’, ‘ਰਾਤ ਪਸ਼ਮੀਨੇ ਕੀ’, ‘ਪੰਦਰਾਂ ਪਾਂਚ ਪਛੱਤਰ’  ਤੋਂ ਬਿਨਾਂ ਕਹਾਣੀ ਸੰਗ੍ਰਿਹ ‘ਰਾਵੀ ਪਾਰ’ (ਜਿਹੜਾ ਪਾਕਿਸਤਾਨ ਵਿੱਚ ‘ਦਸਤਖ਼ਤ’ ਨਾਂ ਹੇਠ ਛਪਿਆ) ਅਤੇ ‘ਧੂੰਆਂ’ ਸਾਹਿਤ ਜਗਤ ਦੀ ਝੋਲ਼ੀ ਵਿੱਚ ਪਾਏ।
ਗੁਲਜ਼ਾਰ ਉਰਫ਼ ਸੰਪੂਰਨ ਸਿੰਘ ਕਾਲੜਾ ਗੁਲਜ਼ਾਰ ਦੀਨਵੀ ਸੰਨ 1937 ਵਿੱਚ ਦੀਨਾ ਜ਼ਿਲ੍ਹਾ ਜੇਲ੍ਹਮ (ਪਾਕਿਸਤਾਨ) ਵਿੱਚ ਪੈਦਾ ਹੋਇਆ ਸੀ। ਸੰਨ 1947 ਤੋਂ ਬਾਅਦ ਪਰਿਵਾਰ ਸਹਿਤ ਏਧਰ ਆਜ਼ਾਦ ਭਾਰਤ ਵਿਚਲੇ ਪੰਜਾਬ ਦੇ ਪਿੰਡ ਰੱਲਾ, ਜ਼ਿਲ੍ਹਾ ਮਾਨਸਾ ਦੇ ਬਾਬਾ ਜੋਗੀ ਪੀਰ ਪਬਲਿਕ ਸਕੂਲ ਵਿੱਚ ਪੜ੍ਹਿਆ ਅਤੇ ਜਵਾਨ ਹੋਇਆ। ਮੁੰਬਈ ਪਾਲੀ ਹਿੱਲ ਵਿੱਚ ‘ਬੋਸਿਕਾਨਾ’ ਉਹਦਾ ਨਿਵਾਸ ਅਸਥਾਨ। ਉਹਦੀ ਇਕਲੌਤੀ ਲਾਡਲੀ ਧੀ ਬੋਸਕੀ ਉਰਫ਼ ਮੇਘਨਾ ਗੁਲਜ਼ਾਰ ਦੇ ਨਾਂ ਹੇਠ ਫ਼ਿਲਮੀ ਦੁਨੀਆਂ ਵਿੱਚ ਕੰਮ ਕਰ ਰਹੀ ਹੈ। ਇਸ ਮੁਲਾਕਾਤ ਦੀ ਜੜ੍ਹ ਮੇਰੀ ਕਿਤਾਬ ‘ਤਾਰਿਆਂ ਦਾ ਛੱਜ’ ਹੈ। ਜਦੋਂ ਸਾਲ 1995 ਵਿੱਚ ਇਸ ਦੀ ਚਰਚਾ ਛਿੜਿਆ ਸੀ ਤਾਂ ਉਸ ਸੁਪਨ ਨਗਰੀ ਤੋਂ ਸੁਨੇਹਾ ਮਿਲਿਆ ਸੀ, ਇਸੇ ਬੋਸਕਿਆਨਾ ਤੋਂ ਮੁਲਾਕਾਤ ਲਈ। ਬਦਕਿਸਮਤੀ ਨਾਲ ਨਹੀਂ ਸਾਂ ਜਾ ਸਕੀ ਓਦੋਂ। ਫਿਰ ਨਾਰਥ ਜ਼ੋਨ ਕਲਚਰ ਸੈਂਟਰ ਦੇ ਪ੍ਰਾਜੈਕਟ ਅਫ਼ਸਰ ਜੱਸੀ ਨਾਲ ਚਰਚਾ ਹੋਈ। ਉਸੇ ਨੇ ਇਸ ਮੁਲਾਕਾਤ ਨੂੰ ਸਾਕਾਰ ਕੀਤਾ ਅਤੇ ਗੁਲਜ਼ਾਰ ਦੇ ਅਤਿ-ਨਜ਼ਦੀਕੀ ਅਤੇ ਡਰਾਮਾ ਲੇਖਕ-ਡਾਇਰੈਕਟਰ ਸਲੀਮ ਆਰਿਫ਼ ਦਾ ਫ਼ੋਨ ਆਇਆ ਕਿ ਮੈਂ ਆਵਾਂ ਮਿਲਣ ਗੁਲਜ਼ਾਰ ਨੂੰ।
ਮੈਂ ਆ ਗਈ ਸਾਂ ਪਾਲੀ ਹਿੱਲ। ਮੇਰੀ ਕਾਰ ਮੁੰਬਈ ਦੀਆਂ ਸਿੱਧੀਆਂ-ਸਪਾਟ ਸੜਕਾਂ ਛੱਡ ਨਿੱਕੀ ਪਹਾੜੀ ਸੜਕ ਤੋਂ ਮੁੜ ਰਹੀ ਸੀ। ਡਰਾਈਵਰ ਨੇ ਕਾਰ ਰੋਕੀ। ਮੇਰੇ ਸਾਹਮਣੇ ਸੀ ਬੋਸਕਿਆਨਾ। ਲੋਹੇ ਦਾ ਕਾਲਾ ਗੇਟ। ਬੈੱਲ ਕਰਨ ’ਤੇ ਛੋਟੂ ਬਾਹਰ ਆਉਂਦਾ ਹੈ। ਬਿਨਾਂ ਗੇਟ ਖੋਲ੍ਹਿਆਂ ਪੁੱਛਦਾ ਹੈ, ‘‘ਹਾਂ ਜੀ?’’‘ ‘‘ਗੁਲਜ਼ਾਰ ਜੀ ਸੇ ਮਿਲਨਾ ਹੈ।’’ ਇਹ ਸੁਣ ਕੇ ਉਹ ਗੇਟ ਦੀ ਅਰਲ ਖੋਲ੍ਹਦਾ ਹੈ। ਅੰਦਰ ਆਉਣ ਤੋਂ ਬਾਅਦ ਇੱਕ ਦਰਵਾਜ਼ੇ ਵੱਲ ਇਸ਼ਾਰਾ ਕਰਦਾ ਹੈ। ਅੰਦਰ ਮਹਾਰਾਸ਼ਟਰੀ ਅੰਦਾਜ਼ ਵਿੱਚ ਸਾਰੀਆਂ ਜੁੱਤੀਆਂ/ਬੂਟ/ਚੱਪਲਾਂ ਬਾਹਰ। ਮੈਂ ਵੀ ਆਪਣੀ ਚੱਪਲ ਬਾਹਰ ਉਤਾਰ ਕੇ ਅੰਦਰ ਆਉਂਦੀ ਹਾਂ। ਇੱਕ ਮਹਾਰਾਸ਼ਟਰੀ ਅਧਖੜ੍ਹ ਉਮਰ ਦਾ ਬਾਬੂ ਲਗਾਤਾਰ ਲੈਪਟਾਪ ’ਤੇ ਕੰਮ ਕਰ ਰਿਹਾ ਸੀ। ਮੈਨੂੰ ਵੇਖਕੇ ਉਹਨੇ ਨੱਕ ਉਪਰ ਰੱਖੀ ਐਨਕ ਤੋਂ ਅੱਖਾਂ ਉਪਰ ਕਰ ਕੇ ਪੁੱਛਿਆ,‘‘ਬਤਾਈਏ।’’ ਮੈਂ ਕਿਹਾ, ‘‘ਮੈਂ ਮਨਜੀਤ ਇੰਦਰਾ, ਚੰਡੀਗੜ੍ਹ ਸੇ ਆਈ ਹੂੰ। ਮੈਨੇ ਗੁਲਜ਼ਾਰ ਜੀ ਸੇ ਮਿਲਨਾ ਹੈ।’’ ‘‘ਐਪੁਆਇੰਟਮੈਂਟ ਹੈ ਕਿਯਾ?’’ ਉਸ ਨੇ ਪੁੱਛਿਆ। ਮੈਂ ਇੱਕਦਮ ਕਿਹਾ, ‘‘ਸਲੀਮ ਸਾਹਿਬ ਨੇ ਫ਼ੋਨ ਕੀਆ ਥਾ ਮੁਝੇ, ਔਰ ਮੈਸਿਜ ਭੀ ਕਿ ਮੈਂ ਗੁਲਜ਼ਾਰ ਜੀ ਸੇ ਮਿਲਨੇ ਆਜ ਇਸ ਵਕਤ ਆ ਜਾਊਂ।’’ ਮੈਂ ਅਜੇ ਆਪਣਾ ਮੋਬਾਈਲ ਕੱਢ ਹੀ ਰਹੀ ਸਾਂ ਮੈਸਿਜ ਦਿਖਾਉਣ ਲਈ ਕਿ ਉਹ ਕੁਰਸੀ ਤੋਂ ਉੱਠ ਖੜ੍ਹਾ ਹੋਇਆ। ਮੈਨੂੰ ਕੁਰਸੀ ’ਤੇ ਬਹਿ ਜਾਣ ਲਈ ਕਹਿ ਕੇ ਝੱਬ ਦੇਣੀ ਅੰਦਰ ਗਿਆ। ਸਕਿੰਟਾਂ ਵਿੱਚ ਉਹ ਬਾਹਰ ਆਇਆ ਅਤੇ ਦੱਸਿਆ ਕਿ ਸਾਜਿਦ ਨਾਡੀਆਲਵਾਲਾ ਜੀ ਆਏ ਹੂਏ ਹੈਂ। ਆਪ ਪਾਂਚ ਮਿੰਟ ਬੈਠੀਏ। ਕੁਝ ਦੇਰ ਬਾਅਦ ਸਲੀਮ ਆਰਿਫ਼ ਮੈਨੂੰ ਗੁਲਜ਼ਾਰ ਦੇ ਡਰਾਇੰਗ ਰੂਮ ਵਿੱਚ ਲੈ ਗਿਆ। ਗੁਲਜ਼ਾਰ ਨਾਡੀਆਲਵਾਲਾ ਨਾਲ ਗੁਫ਼ਤਗੂ ਕਰ ਰਿਹਾ ਸੀ। ਕੁਝ ਮਿੰਟਾਂ ਪਿੱਛੋਂ ਨਾਡੀਆਵਾਲਾ ਬਾਹਰ ਆਇਆ ਅਤੇ ਪਿੱਛੇ-ਪਿੱਛੇ ਗੁਲਜ਼ਾਰ। ਮੈਂ ਸੋਫ਼ੇ ਤੋਂ ਉੱਠ ਖਲੋਤੀ। ਦੋਵਾਂ ਨਾਲ ਦੁਆ ਸਲਾਮ ਹੋਈ। ਦਰਵਾਜ਼ੇ ’ਤੇ ਉਹਨੂੰ ਵਿਦਾ ਕਰ ਗੁਲਜ਼ਾਰ ਮੇਰੇ ਨਾਲ ਵਾਲੇ ਸੋਫ਼ੇ ’ਤੇ ਬਹਿ ਗਿਆ। ਮੇਰੇ ਕੋਲ ਜਿਵੇਂ ਸ਼ਬਦ ਨਹੀਂ ਸਨ ਜਾਂ ਸੋਚਦੀ ਹੋਵਾਂ ਕਿ ਗੱਲ ਕਿੱਥੋਂ ਸ਼ੁਰੂ ਕਰਾਂ? ਗੁਲਜ਼ਾਰ ਨੇ ਸਿਲਸਿਲਾ ਆਰੰਭਿਆ, ‘‘ਤੁਸੀਂ ਤਾਂ ਚਾਹ ਈ ਨਹੀਂ ਪੀਤੀ।’’ ‘‘ਪੀ ਰਹੀ ਆਂ,’’ ਮੈਂ ਕਿਹਾ ਅਤੇ ਆਪਣੀ ਗੱਲ ਜਾਰੀ ਰੱਖੀ, ‘‘ਮੈਂ ਆਪਣੇ-ਆਪ ਨੂੰ ਵੱਡੇ ਭਾਗਾਂ ਵਾਲੀ ਸਮਝਦੀ ਆਂ ਕਿ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ। ਇੱਕ ਲਿਵਿੰਗ ਲੇਜੈਂਡ ਦੇ ਸਾਹਮਣੇ, ਇੱਕ ਵੱਡੀ ਫ਼ਿਲਮੀ ਹਸਤੀ ਸਾਹਮਣੇ।’’ ਉਹ ਹਲਕਾ ਜਿਹਾ ਮੁਸਕਰਾਇਆ। ਉਸ ਨੇ ਸੁਆਲ ਕੀਤਾ,‘‘ਇਹ ਸਿਲਸਿਲਾ ਕਵਿਤਾ ਲਿਖਣ ਦਾ ਕਦੋਂ ਸ਼ੁਰੂ ਹੋਇਆ?…ਕੋਈ ਹੈ ਘਰ ਵਿੱਚ ਜੋ ਲਿਖਦਾ ਹੋਵੇ?’’ ‘‘ਸਕੂਲ ਵਿੱਚ ਪੜ੍ਹਦਿਆਂ ਹੀ ਲਿਖਣਾ/ਛਪਣਾ ਸ਼ੁਰੂ ਹੋ ਗਿਆ ਸੀ, ਉਂਜ ਘਰ ਵਿੱਚ ਕੋਈ ਲੇਖਕ/ਸ਼ਾਇਰ ਨਹੀਂ ਸੀ। ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦਾ ਆਸ਼ੀਰਵਾਦ ਪ੍ਰਾਪਤ ਹੈ। ਤੁਹਾਨੂੰ ਹੋਰ ਕੀ ਚਾਹੀਦੈ। ਤੁਸਾਂ ਬਹੁਤ ਸੁਹਣੀ ਅਕੀਦਤ ਪੇਸ਼ ਕੀਤੀ ਏ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਨੂੰ। ਤੁਹਾਡੇ ਵਰਗੇ ਸ਼ਾਇਰ ਦੀ ਹੌਸਲਾ-ਅਫ਼ਜ਼ਾਈ ਵੀ ਤਾਂ ਓਨੀ ਈ ਜ਼ਰੂਰੀ ਐ। ਜਿਹੋ ਜਿਹਾ ਤੁਸੀਂ ਲਿਖਦੇ ਓ, ਜਿਹੋ ਜਿਹੇ ਤੁਹਾਡੇ ਲਿਖੇ ਗੀਤ ਫ਼ਿਲਮਾਂ ਰਾਹੀਂ ਸੈਂਕੜੇ ਲੋਕ ਸੁਣਦੇ ਨੇ, ਬਹੁਤ ਵੱਡੀ ਗੱਲ ਐ, ਏਥੋਂ ਤੀਕ ਪਹੁੰਚਣਾ। ਆਵਾਮ ਦੀ ਆਵਾਜ਼ ਬਣਨਾ, ਮੈਂ ਉਹਨੂੰ ਕਿਹਾ, ‘‘ਹੁਣ ਤਾਂ ‘ਤਾਰਿਆਂ ਦਾ ਛੱਜ’ ਤਿੰਨ ਜ਼ੁਬਾਨਾਂ ’ਚ ਛਪ ਰਹੀ ਐ। ਪੰਜਾਬੀ, ਹਿੰਦੀ ਅਤੇ ਉਰਦੂ (ਲਿਪੀਅੰਤਰ) ਜੇ ਤੁਸੀਂ ਇਹਦੇ ਬਾਰੇ ਚੰਦ ਸਤਰਾਂ ਲਿਖ ਦਿਓ ਤਾਂ ਮੈਨੂੰ ਚੰਗਾ ਲੱਗੇਗਾ।’’ ਤੁਹਾਡੀ ਉਰਦੂ ਵਾਲੀ ਕਿਤਾਬ ਈ-ਮੇਲ ‘ਤੇ ਮਿਲ ਗਈ ਏ ਪਰ ਕੰਪਿਊਟਰ ‘ਤੇ ਪੜ੍ਹਨਾ ਮੇਰੇ ਲਈ ਔਖਾ ਏ ਜਦੋਂ ਕਿਤਾਬ ਆਈ ਤਾਂ ਨਿੱਠ ਕੇ ਪੜ੍ਹਾਂਗਾ।
ਪੰਜਾਬੀ ਮੈਂ ਪੜ੍ਹ ਲੈਂਦਾ ਪਰ ਹੌਲੀ-ਹੌਲੀ, ਅਸੀਂ ਉਰਦੂ ਵਾਲੇ ਲੋਕ ਇੰਜ ਦੇ ਹੀ ਆਂ, ਲਿਖਾਂਗਾ ਪਰ ਅਜੇ ਨਹੀਂ। ਹਾਂ, ਜੇ ਤੁਸੀਂ ਕਹਿੰਦੇ ਓ ਤਾਂ ਪੰਜ-ਸੱਤ ਸਤਰਾਂ ਲਿਖ ਦਿਆਂਗਾ ਪਰ ਮਜ਼ਾ ਨਹੀਂ ਆਏਗਾ।’’ ਮੈਂ ਕਿਹਾ,‘‘ਕੋਈ ਕਾਹਲੀ ਨਹੀਂ। ਮੈਨੂੰ ਪੰਜ-ਸੱਤ ਲਾਈਨਾਂ ਨਹੀਂ ਕੁਝ ਸਫ਼ੇ ਚਾਹੀਦੇ ਨੇ।’’ ਉਸ ਕਹਿਣਾ ਸ਼ੁਰੂ ਕੀਤਾ, ‘‘ਇਨ੍ਹੀਂ ਦਿਨੀਂ ਮੈਂ ਬਹੁਤ ਮਸ਼ਰੂਫ਼ ਆਂ। ਇੱਕ ਵੱਡਾ ਪ੍ਰਾਜੈਕਟ ਏ, ਜਿਸ ’ਤੇ ਕੰਮ ਕਰ ਰਿਹਾਂ ਚੌਵੀ ਜ਼ੁਬਾਨਾਂ ਦੀ ਕਵਿਤਾ ਟਰਾਂਸਲੇਟ ਕਰ ਰਿਹਾਂ। ਬੜਾ ਔਖਾ ਕੰਮ ਏ। ਰੋਜ਼ ਇੱਕ ਕਵਿਤਾ ਟਰਾਂਸਲੇਟ ਕਰਦਾਂ, ਨਾਲੋ- ਨਾਲ ਹੋਰ ਬੜੇ ਪ੍ਰਾਜੈਕਟ ਚੱਲ ਰਹੇ ਨੇ।’’ ਮੈਂ ਉਸ ਨੂੰ ਆਪਣੀਆਂ ਪੁਸਤਕਾਂ ਦਿੱਤੀਆਂ। ਉਸ ਨੇ ਬੜੇ ਪਿਆਰ ਨਾਲ ਕਿਤਾਬਾਂ ਫੋਲੀਆਂ/ਵੇਖੀਆਂ ਅਤੇ ਕਿਹਾ, ‘‘ਏਨਾ ਹੋਮ ਵਰਕ? ਅਜੇ ਮੈਂ ਇਹ ਤਿੰਨ ਕਿਤਾਬਾਂ ਹੀ ਰੱਖਾਂਗਾ ਛੋਟੀਆਂ-ਪਤਲੀਆਂ (ਉਹ ਹਲਕਾ ਜਿਹਾ ਮੁਸਕਰਾਇਆ), ਪੜ੍ਹਾਂਗਾ ਆਰਾਮ ਨਾਲ। ‘ਤੂੰ ਆਵਾਜ਼ ਮਾਰੀ ਹੈ’ ਪਰਤਾਉਂਦਿਆਂ ਉਸ ਕਿਹਾ, ਇਹ ਕਾਵਿ ਨਾਵਲ ਇਸੇ ਤਰ੍ਹਾਂ ਸੰਭਾਲ ਲੈਣਾ। ਵੱਡਾ ਏ ਨਾ। ਜਦੋਂ ਅਗਲੀ ਵਾਰ ਮਿਲੋਗੇ, ਤਦ ਇਹੋ ਕਿਤਾਬ ਦੇਣਾ, ਮੇਰੇ ਵੱਲ ਵੇਖ ਕੇ ਕਹਿਣ ਲੱਗਾ, ‘‘ਜੇ ਹੋਰ ਨਵੀਂ ਕਿਤਾਬ ਤੁਸਾਂ ਛਾਪ ਲਈ ਉਹ ਵੀ ਲੈਂਦੇ ਆਉਣਾ।’’ ਕੁਝ ਦੇਰ ਚੁੱਪ ਰਹਿਣ ਬਾਅਦ ਉਸ ਫਿਰ ਕਿਹਾ, ‘‘ਕਿਸੇ ਪ੍ਰਾਜੈਕਟ ’ਤੇ ਕੰਮ ਕਰ ਰਹੇ ਓ?’’ ਮੈਂ ਕਿਹਾ, ‘‘ਹਾਂ, ਇੱਕ ਬਹੁਤ ਦਿਲਚਸਪ ਕਿਤਾਬ ਟਰਾਂਸਲੇਟ ਕਰ ਰਹੀ ਆਂ। ਉਸ ਪਿੱਛੋਂ ਮੱਧ ਕਾਲ ਦੀ ਕਵਿਤਾ ਫਿਰ ਪੜ੍ਹਨ ਦਾ ਮਨ ਬਣਾਇਆ ਹੈ। ਤੁਹਾਡੀਆਂ ਕਿਤਾਬਾਂ ਪੜ੍ਹਾਂਗੀ ਸਾਰੀਆਂ। ਇੱਕ ਨਾਵਲ ਲਿਖਣ ਬਾਰੇ ਸੋਚ ਰਹੀ ਹਾਂ। ਆਟੋਬਾਇਓਗ੍ਰਾਫ਼ੀ ਵੀ ਲਿਖ ਰਹੀ ਹਾਂ ਡਾਇਰੀ ਵਾਂਗ। ਹੁਣ ਤੁਹਾਨੂੰ ਮਿਲਣ ਬਾਅਦ ਇੱਕ ਪ੍ਰਾਜੈਕਟ ਹੋਰ ਸੋਚ ਲਿਆ ਹੈ।’’ ਉਹ ਬੜੀ ਹੈਰਾਨੀ ਨਾਲ ਮੇਰੇ ਵੱਲ ਵੇਖ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕੀ ਅਫ਼ਲਾਤੂਨ ਲਿਖੇਂਗੀ! ਮੈਂ ਕਿਹਾ, ‘‘ਮੈਂ ਤੁਹਾਡੇ ਬਾਰੇ ਲਿਖਣਾ ਚਾਹਾਂਗੀ।’’ ਉਸ ਨੇ ਇੱਕਦਮ ਕਿਹਾ, ‘‘ਕੌਣ ਰੋਕ ਸਕਦਾ ਹੈ? ਲਿਖੋ।’’  ਮੈਂ ਕਿਹਾ, ‘‘ਨਹੀਂ, ਤੁਹਾਡੇ ਨਾਲ਼ ਗੱਲਬਾਤ ਕਰ ਕੇ ਲਿਖਾਂਗੀ।’’ ਉਸ ਫਿਰ ਕਿਹਾ, ‘‘ਜਦੋਂ ਲਿਖ ਲਓਗੇ ਤਾਂ ਆ ਜਾਇਓ। ਗੱਲਬਾਤ ਕਰ ਲਵਾਂਗੇ।’’ ਮੈਂ ਕਿਹਾ, ‘‘ਨਹੀਂ, ਮੈਂ ਤੁਹਾਡੀ ਕਵਿਤਾ ਬਾਰੇ ਜਾਂ ਹੋਰ ਕਿਸੇ ਲਿਖਤ ਬਾਰੇ ਨਹੀਂ ਲਿਖਣਾ। ਮੈਂ ਤਾਂ ਲਿਖਣਾ ਹੈ ਕਿ ਸੰਪੂਰਨ ਸਿੰਘ ਕਾਲੜਾ ਨੇ ਜਦੋਂ ਗੁਲਜ਼ਾਰ ਦੀਨਵੀ ਬਣ ਲਿਖਣਾ ਸ਼ੁਰੂ ਕੀਤਾ, ਜਦੋਂ ਰੱਲਾ ਤੋਂ ਮੁੰਬਈ ਪਹੁੰਚਿਆ, ਇੱਕ ਕਾਰ ਮਕੈਨਿਕ ਤੋਂ ਐੱਸ.ਡੀ. ਬਰਮਨ ਨੂੰ ਕਿਵੇਂ ਮਿਲਿਆ ਤੇ ਮੇਰਾ ਗੋਰਾ ਅੰਗ ਲਇਲੇ ਨਾਲ ਬੰਦਨੀ ਦਾ ਗੀਤਕਾਰ ਕਿਵੇਂ ਬਣਿਆ? ਉਹ ਸੰਜੀਦਾ ਹੋ ਗਿਆ। ਬੜੀ ਡੂੰਘੀ ਨਜ਼ਰ ਨਾਲ ਮੇਰੇ ਵੱਲ ਵੇਖਦਿਆਂ ਕਹਿਣ ਲੱਗਾ, 3-4 ਮਹੀਨੇ ਮੈਂ ਆਪਣੇ ਹੁਣ ਵਾਲੇ ਪ੍ਰਾਜੈਕਟ ਵਿੱਚ ਮਸ਼ਰੂਫ਼ ਰਹਾਂਗਾ। ਉਸ ਪਿੱਛੋਂ ਆ ਜਾਣਾ।’’…
ਮੈਂ ਜਿੰਨੀ ਦੇਰ ਬੈਠੀ ਹਾਂ ਗੁਲਜ਼ਾਰ ਬਹੁਤ ਘੱਟ ਹੱਸਿਆ ਅਤੇ ਮੁਸਕਰਾਇਆ। ਮੈਂ ਉਹਦੀਆਂ ਗਹਿਰੀਆਂ ਅੱਖਾਂ ਦੇ ਪਾਰ ਹੰਝੂਆਂ ਦਾ ਸੈਲਾਬ ਸਪਸ਼ਟ ਦੇਖ ਸਕਦੀ ਸਾਂ। ਧੀਮੇ ਬੋਲਾਂ ਵਿੱਚ ਅੰਤਾਂ ਦੀ ਗਹਿਰਾਈ। ਸਿਰ ਤੋਂ ਪੈਰਾਂ ਤੀਕ ਆਪਣੇ-ਆਪ ਨੂੰ ਲੇਖਣੀ ਵਿੱਚ ਡਬੋਈ ਉਹ ਜੀਵਨ ਦੀਆਂ ਤਲਖ਼ੀਆਂ ਨੂੰ ਸਮੇਟ ਰਿਹਾ ਹੋਵੇ ਜਿਵੇਂ। ਕਦੇ ਉਹਦੇ ਵਿੱਚੋਂ ਸੰਪੂਰਨ ਸਿੰਘ ਕਾਲੜਾ ਮਲਕੜੇ ਜਿਹੀ ਬਾਹਰ ਝਾਕਦਾ ਅਤੇ ਅਗਲੇ ਪਲ ਉਹ ਸੰਪੂਰਨ ਸਿੰਘ ਗੁਲਜ਼ਾਰ ਹੋ ਜਾਂਦਾ, ਫਿਰ ਵਟ ਜਾਂਦਾ ਉਹ ਗੁਲਜ਼ਾਰ ਦੀਨਵੀ ਵਿੱਚ। ਮੇਰੇ ਉੱਠਣ ਤਕ ਮੇਰੇ ਨਾਲ ਸਿਰਫ਼ ਫ਼ਿਲਮੀ ਦੁਨੀਆਂ ਵਾਲਾ ਮਸ਼ਹੂਰ ਗੀਤਕਾਰ ਫ਼ਿਲਮ ਡਾਇਰੈਕਟਰ, ਪ੍ਰੋਡਿਊਸਰ ਗੁਲਜ਼ਾਰ ਸੀ, ਜਿਸ ਨਾਲ਼ ਮੈਂ ਹੱਥ ਮਿਲਾ ਰਹੀ ਸਾਂ, ਵਿਦਾ ਲੈ ਰਹੀ ਸਾਂ ਤੇ ਉਹ ਮੇਰੇ ਨਾਲ ਸੀ ਦਰਵਾਜ਼ੇ ਤਕ।

ਮਨਜੀਤ ਇੰਦਰਾ
ਸੰਪਰਕ: 9914903934

25 Dec 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ਬਿੱਟੂ ਬਾਈ ਜੀ, ਇਕ ਝਾਤ ਗੁਲਜ਼ਾਰ ਸਾਹਿਬ ਦੀ ਜਿੰਦਗੀ ਵਿਚ | ਇਕ ਵਿਸ਼ੇਸ਼ ਸ਼ਖਸੀਅਤ ਨਾਲ ਵਿਸ਼ੇਸ ਮੁਲਕ਼ਾਤ ਬਾਰੇ ਪੜ੍ਹ ਕੇ ਚੰਗਾ ਲੱਗਿਆ | ਮੇਰੇ ਕੋਲ ਸਮੇਂ ਦੀ ਕਮੀ ਸੀ, ਪਰ ਪੜ੍ਹ ਕੇ ਈ ਰੁਕਿਆ - ਐਸਾ ਹੈ ਜਾਦੂ ਗੁਲਜ਼ਾਰ ਦਾ ਜਾਂ ਜੀਵਨ ਘੋਲ ਦੇ ਘੁਲਾਟੀਆਂ ਅਤੇ ਜੇਤੂਆਂ ਦੇ ਤਜੁਰਬਿਆਂ ਦਾ !
ਵਿਸ਼ੇਸ਼ ਆਰਟੀਕਲ ਲਈ ਵਿਸ਼ੇਸ਼ ਧੰਨਵਾਦ ! 

ਵਾਹ ਬਿੱਟੂ ਬਾਈ ਜੀ, ਇਕ ਝਾਤ ਗੁਲਜ਼ਾਰ ਸਾਹਿਬ ਦੀ ਜਿੰਦਗੀ ਵਿਚ | ਇਕ ਵਿਸ਼ੇਸ਼ ਸ਼ਖਸੀਅਤ ਨਾਲ ਵਿਸ਼ੇਸ ਮੁਲਕ਼ਾਤ ਬਾਰੇ ਪੜ੍ਹ ਕੇ ਚੰਗਾ ਲੱਗਿਆ | ਮੇਰੇ ਕੋਲ ਸਮੇਂ ਦੀ ਕਮੀ ਸੀ, ਪਰ ਪੜ੍ਹ ਕੇ ਈ ਰੁਕਿਆ - ਐਸਾ ਹੈ ਜਾਦੂ ਗੁਲਜ਼ਾਰ ਦਾ ਜਾਂ ਜੀਵਨ ਘੋਲ ਦੇ ਘੁਲਾਟੀਆਂ ਅਤੇ ਜੇਤੂਆਂ ਦੇ ਤਜੁਰਬਿਆਂ ਦਾ !


ਵਿਸ਼ੇਸ਼ ਆਰਟੀਕਲ ਲਈ ਵਿਸ਼ੇਸ਼ ਧੰਨਵਾਦ ! 

 

25 Dec 2013

Reply