Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਾਲਾਂ ਜਿਹਾ ਮਾਸੂਮ ਡਾ. ਹਰਿਭਜਨ ਸਿੰਘ

ਸੱਚੋ-ਸੱਚੀ ਦੱਸ ਵੇ ਜੋਗੀ : ਜਸਵੰਤ ਦੀਦ

 

 

 

ਸ਼ਾਇਦ ਇਹ ਦਿੱਲੀ ਰੇਡਿਓ ’ਤੇ ਲੇਖਕਾਂ ਬਾਰੇ ਕੀਤੇ ਪ੍ਰੋਗਰਾਮਾਂ ਵਿੱਚੋਂ ਪਹਿਲਾ-ਦੂਜਾ ਪ੍ਰੋਗਰਾਮ ਸੀ ਮੇਰਾ। ਡਾ. ਹਰਿਭਜਨ ਸਿੰਘ ਉਨ੍ਹੀਂ ਦਿਨੀਂ ਧਰੂ ਤਾਰੇ ਵਾਂਗ ਚਮਕ ਰਿਹਾ ਸੀ। ਨੁੱਕਰਦਾਰ ਰੌਸ਼ਨੀ ਛੱਡਦਾ। ਹਵਾ ’ਚ ਹੱਥ ਫਹਿਰਾਉਂਦਾ। ਹਲੀਮੀ ਨਾਲ ਬੰਨ੍ਹੀ ਹੋਈ ਪੱਗ ਤੇ ਗੋਲ ਐਨਕਾਂ ਵਿੱਚ ਦੀ ਨਜ਼ਰ ਨੂੰ ਹਜ਼ਾਰਾਂ ਮੀਲ ਤੱਕ ਲੈ ਜਾਣ ਵਾਲਾ ਹਰਿਭਜਨ ਸਿੰਘ। ਉਹਦੇ ਅੱਗੇ ਪਿੱਛੇ ਕਈ ਨੂਰ, ਮੋਹਨਜੀਤ, ਜਗਬੀਰ, ਹਰਨਾਮ। ਪੂਰੀ ਸੈਨਾ ਤੇ ਹਰਿਭਜਨ ਸਿੰਘ ਦਾ ਲੋਹ ਲਸ਼ਕਰ! ਦਿੱਲੀਓਂ ਚੱਲ ਕੇ ਪੂਰਾ ਪੰਜਾਬ ਫ਼ਤਿਹ ਕਰਨਾ ਇਸ ਸ਼ਾਹੀ ਫ਼ੌਜ ਨੇ ਤੇ ਫੇਰ ਦੇਸ਼-ਵਿਦੇਸ਼ ਧੁੰਮਾਂ ਪਾਉਣੀਆਂ। ਹਰਿਭਜਨ ਸਿੰਘ ਵਿੱਚ ਜਾਨ ਸੀ, ਸ਼ਬਦਾਂ ਦੀ, ਸ਼ਖ਼ਸੀਅਤ ਦੀ ਤੇ ਪਾਵਰ ਦੀ। ਉਦੋਂ ਕਈਆਂ ਨੂੰ ਲੱਗਦਾ ਸੀ ਕਿ ਹਰਿਭਜਨ ਸਿੰਘ ਤਿਕੜਮਬਾਜੀਆਂ ਤੇ ਤਾਕਤ ਆਸਰੇ ਭੱਜਾ ਫਿਰਦਾ ਹੈ ਪਰ ਅੱਜ ਸਮਝ ਆਉਂਦੀ ਹੈ ਹਰਿਭਜਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਆਪਣੇ ਨਾਂ ਦਾ ਡੰਕਾ ਆਪਣੀ ਕਲਮ ਸਦਕਾ ਵੀ ਵਜਾਇਆ। ਉਹ ਆਖਰੀ ਦਿਨਾਂ ਵਿੱਚ ਇਕੱਲਾ ਰਿਹਾ। ਬਗੈਰ ਟੋਲੇ ਦੇ। ਉਹਦੇ ਚੇਲੇ ਤਾਂ ਛੱਡ ਛਡਾ ਕੇ ਭੱਜ ਗਏ ਪਰ ਉਹ ਫ਼ਕੀਰੀ ਦਾ ਚੋਲਾ ਪਾ ਕੇ ਆਪਣੇ ਗੀਤ ਕਵਿਤਾਵਾਂ ਲਿਖਦਾ-ਗਾਉਂਦਾ ਰਿਹਾ। ਅਸੀਂ ਤਾਂ ਨਾਂਗੇ ਫਕੀਰ, ਕੋਈ ਦਮ ਯਾਦ ਕਰੋਗੇ, ਚੋਲਾ ਟਾਕੀਆਂ ਵਾਲਾ! ਇਹ ਸਭ ਹਰਿਭਜਨ ਸਿੰਘ ਦੀ ਫੱਕਰ ਤਬੀਅਤ ਦੇ ਰੰਗ ਸਨ। ਉਹ ਮਾਡਰਨ ਦਰਵੇਸ਼ ਸੀ। ਆਪਣੀ ਹਉਂ ਤੇ ਆਪਣੀ ਹੋਂਦ ਲਈ ਜੀਣ ਵਾਲਾ। ਮੈਨੂੰ ਡਾਕਟਰ ਦੇ ਕਈ ਰੂਪ ਦੇਖਣ ਨੂੰ ਮਿਲੇ! ਪਰ ਇਨ੍ਹਾਂ ਸਭ ਰੂਪਾਂ ਦੀ ਗੇਂਦ ਬਣਾ ਕੇ ਕਵੀ ਹਰਨਾਮ ਹਵਾ ’ਚ ਉਛਾਲ ਦਿੰਦਾ ਤੇ ਠਹਾਕਾ ਮਾਰ ਕੇ ਹੱਸ ਪੈਂਦਾ! ਹਰਿਨਾਮ ਹਰਿਭਜਨ ਸਿੰਘ ਦਾ ਅਸਲੀ ਸਾਥੀ ਰਿਹਾ ਆਖਰੀ ਸਾਹ ਤੱਕ! ਹਰਿਨਾਮ ਬਾਲਾ ਮਰਦਾਨਾ ਸੀ ਡਾ. ਹਰਿਭਜਨ ਸਿੰਘ ਦਾ। ਮੈਂ ਇਸ ਚੁੰਬਕੀ ਖਿੱਚ ਵਾਲੇ ਕਵੀ ਨੂੰ ਇੰਟਰਵਿਊ ਕੀਤਾ। ਡਾ. ਦਵਿੰਦਰ ਕੌਰ ਮੇਰੇ ਨਾਲ ਰਹੀ ਇਸ ਕਾਰਜ ਵਿੱਚ। ਓਦੋਂ ਡਾਕਟਰ ਨੂੰ ਕਬੀਰ ਐਵਾਰਡ ਨਹੀਂ ਸੀ ਮਿਲਿਆ ਪਰ ਕਬੀਰ ਐਵਾਰਡ ਤੋਂ ਪਹਿਲਾਂ ਵੀ ਉਹ ਪੰਜਾਬੀ ਦਾ ਗੰਭੀਰ ਆਲੋਚਕ ਤੇ ਉਮਦਾ ਸ਼ਾਇਰ ਸੀ ਤੇ ਸਰੀਰਕ ਰੂਪ ਵਿੱਚ ਤੁਰ ਜਾਣ ਬਾਅਦ ਵੀ ਡਾ. ਹਰਿਭਜਨ ਸਿੰਘ ਪ੍ਰਬੁੱਧ ਆਲੋਚਕ ਤੇ ਗੌਲਣਯੋਗ ਸ਼ਾਇਰ ਹੈ। ਡਾ. ਹਰਿਭਜਨ ਸਿੰਘ, ਸੰਤ ਸਿੰਘ ਸੇਖੋਂ ਤੇ ਅਤਰ ਸਿੰਘ ਵਰਗੇ ਆਲੋਚਕਾਂ ਨੂੰ ਪੰਜਾਬੀ ਵਾਲੇ ਦੀਵਾ ਲੈ ਕੇ ਲੱਭਿਆ ਕਰਨਗੇ।
ਪੇਸ਼ ਹੈ ਡਾ. ਹਰਿਭਜਨ ਸਿੰਘ ਨਾਲ 28 ਵਰ੍ਹੇ ਪਹਿਲਾਂ ਕੀਤਾ ਇੰਟਰਵਿਊ:

23 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਡਾ. ਸਾਹਿਬ ਅਕਸਰ ਇਉਂ ਹੁੰਦਾ ਹੈ ਕਿ ਕਿਸੇ ਲੇਖਕ-ਕਲਾਕਾਰ ਨਾਲ ਗੱਲ ਕਰਨ ਲੱਗਿਆਂ ਉਸ ਦੇ ਬਚਪਨ, ਉਸ ਦੇ ਮੁੱਢਲੇ ਵਰ੍ਹਿਆਂ ਤੋਂ ਗੱਲ ਸ਼ੁਰੂ ਕਰੀਦੀ ਹੈ ਪਰ ਮੈਂ ਗੱਲ ਉੱਥੋਂ ਸ਼ੁਰੂ ਕਰ ਰਿਹਾ ਹਾਂ ਜਿੱਥੇ ਤੁਸੀਂ ਵੀ ਅਜੇ ਪੁੱਜੇ ਨਹੀਂ- ਮੇਰਾ ਮਤਲਬ ਉਹ ਵਰ੍ਹੇ ਜੋ ਅਜੇ ਤੁਸਾਂ ਜੀਣੇ ਨੇ, ਵੇਖਣੇ ਨੇ। ਨਾ ਬੀਤੇ ਵਰ੍ਹੇ, ਨਾ ਬੀਤ ਰਹੇ ਸਗੋਂ ਬੀਤਣ ਵਾਲੇ। ਇੱਕ ਤਰ੍ਹਾਂ ਨਾਲ ਇਹ ਕਿਤਾਬ ਦਾ ਆਖ਼ਰੀ ਅਣਲਿਖਿਆ ਸਫ਼ਾ ਪੜ੍ਹਨ ਵਾਲੀ ਗੱਲ ਹੈ- ਦੱਸੋ ਕੁਝ?
* ਬਈ ਮੇਰੀ ਸਿਰਫ਼ ਏਨੀ ਹੀ ਰੀਝ ਹੈ ਕਿ ਮੇਰੀ ਸਾਹਿਤ ਨਾਲ ਦੋਸਤੀ ਸਵਾਸਾਂ ਨਾਲ ਨਿਭੇ। ਇਹਦੇ ’ਚ ਥੋੜ੍ਹੀਆਂ ਜੇਹੀਆਂ ਗੱਲਾਂ ਨੇ ਜੋ ਮੈੇਂ ਕਰਨਾ ਚਾਹੁੰਦਾ ਵਾਂ। ਉਹ ਮੈਂ ਕਰਕੇ ਏਸ ਦੁਨੀਆਂ ਤੋਂ ਵਿਦਾ ਹੋਣਾ ਚਾਹੁੰਨਾ ਵਾਂ। ਔਰ ਮੈਂ ਐਸ ਵੇਲੇ ਆਪਣੇ ਕੰਮ ਨੂੰ ਏਨਾ ਨਿਬੜਿਆ ਮਹਿਸੂਸ ਕਰਨਾ ਵਾਂ ਕਿ ਅਗਰ ਐਸ ਵੇਲੇ ਵੀ ਯਮਰਾਜ ਦਾ ਸੁਨੇਹਾ ਆਵੇ ਕਿ ਡਾਕਟਰ ਸਾਹਿਬ ਚੱਲੋ! ਤਾਂ ਮੈਂ ਕਹਾਂਗਾ- ਚਲੋ।
? ਤੇ ਹੁਣ ਪਹਿਲਾ ਪੰਨਾ ਜ਼ਿੰਦਗੀ ਦੀ ਕਿਤਾਬ ਦਾ। ਇਸ ਪੰਨੇ ਦਾ ਪਹਿਲਾ ਹਰਫ਼ ਕਿਹੜੇ ਥਾਂ ਉੱਕਰਿਆ। ਮੇਰਾ ਮਤਲਬ ਤੁਹਾਡਾ ਜਨਮ ਕਿੱਥੇ ਤੇ ਕਦੋਂ ਹੋਇਆ?
* ਆਸਾਮ ਵਿੱਚ ਇੱਕ ਕਸਬਾ ਏ ਜਿਸ ਦਾ ਨਾਮ ਏ ਲਮਡਿੰਗ- ਉੱਥੇ ਮੇਰਾ ਜਨਮ ਹੋਇਆ। ਇਹ ਥਾਂ ਹਿੰਦੋਸਤਾਨ ਤੇ ਬਰਮਾ ਦੀ ਸਰਹੱਦ ਦੇ ਲਾਗੇ-ਚਾਗੇ ਐ। ਉੱਥੇ ਮੇਰੇ ਪਿਤਾ ਜੀ ਕੰਮ-ਕਾਰ ਦੇ ਸਿਲਸਿਲੇ ਵਿਚ ਗਏ ਹੋਏ ਸਨ। ਚੰਗੀ ਨੌਕਰੀ ’ਤੇ ਸਨ। ਬੰਗ਼ਾਲ ਆਸਾਮ ਰੇਲਵੇ। ਉੱਥੇ ਮੇਰਾ ਜਨਮ ਹੋਇਆ। ਤੇ ਜਿਹੜਾ ਹੈਗਾ ਮੇਰਾ ਜਨਮ ਦਾ ਸੰਨ, ਉਹਦੇ ਬਾਰੇ ਭੁਲੇਖਾ ਹੈ। ਜਾਂ ਉਹ 1920 ਵਿੱਚ ਹੈ ਜਾਂ 1919 ਵਿੱਚ ਹੈ। ਸਰਟੀਫ਼ਿਕੇਟਾਂ ਵਿੱਚ ਤਾਂ ਸੰਨ 1919 ਏ।
? ਬਚਪਨ ਦੀਆਂ ਯਾਦਾਂ ਵੀ ਜਨਮ ਤਰੀਕਾਂ ਦੇ ਭੁਲੇਖੇ ਵਰਗੀਆਂ ਹੁੰਦੀਆਂ ਨੇ। ਕੋਈ ਅਜਿਹੀ ਯਾਦ ਹੈ ਜੋ ਤੁਹਾਡੀਆਂ ਰਚਨਾਵਾਂ ਵਿੱਚੋਂ ਵੀ ਪੇਸ਼ ਹੋਈ ਹੋਵੇ?
* ਰਚਨਾਵਾਂ ਵਿੱਚ ਮੈਂ ਘਟਨਾ ਨੂੰ ਨਹੀਂ ਲੈਂਦਾ। ਆਪਣੀਆਂ ਰਚਨਾਵਾਂ ਵਿੱਚ ਮੇਰੇ ਬਚਪਨ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਦਾ ਪੂਰਾ ਪਿਆ ਹੋਇਆ ਹੈ। ਉਹ ਇਹ ਕਿ ਜਦੋਂ ਮੇਰੀ ਦਾਦੀ, ਮਾਂ ਤੇ ਛੋਟੀ ਭੈਣ ਚੱਲ ਵਸੀਆਂ ਤਾਂ ਮੇਰੀ ਛੋਟੀ ਭੈਣ ਜਿਹੜੀ ਬੀਮਾਰ ਸੀ ਤੇ ਹਸਪਤਾਲ ਵਿੱਚ ਸੀ। ਮੈਂ ਜਦੋਂ ਸਵੇਰੇ ਉੱਠਿਆ ਤਾਂ ਮੈਂ ਦੇਖਿਆ ਕਿ ਮੇਰੇ ਘਰ ਨੂੰ ਜਿੰਦਰਾ ਲੱਗਾ ਹੋਇਆ ਏ ਤੇ ਮੈਂ ਵਿਹੜੇ ਵਿੱਚ ਬੈਠਾ ਹੋਇਆ ਆਂ। ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ? ਸਿਰ ’ਤੇ ਮੇਰੇ ਪੱਗ ਨਹੀਂ ਪੈਰੀਂ ਮੇਰੇ ਜੱੁਤੀ ਨਹੀਂ। ਇੰਨੀ ਦੇਰ ਨੂੰ ਇੱਕ ਮੁੰਡਾ ਆ ਗਿਆ ਕਿ ਮਾਸਟਰ ਸਾਹਿਬ ਨੇ ਤੁਹਾਨੂੰ ਸੱਦਿਆ। ਉਨ੍ਹਾਂ ਦਿਨਾਂ ਵਿੱਚ ਜਦੋਂ ਕੋਈ ਮੁੰਡਾ ਸਕੂਲ ਨਹੀਂ ਸੀ ਜਾਂਦਾ ਤਾਂ ਉਸ ਨੂੰ ਘਰੋਂ ਲਿਆਉਂਦੇ ਸੀ। ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਕੁੱਟ ਪੈਣੀ ਏਂ। ਮੈਂ ਸ਼ੂਟ ਵੱਟੀ ਤੇ ਬਾਹਰ ਹਸਪਤਾਲ ਵੱਲ ਤੁਰ ਪਿਆ। ਦੋ ਮੀਲ ਦੌੜਦਾ ਮੈਂ ਉੱਥੇ ਪਹੁੰਚ ਗਿਆ। ਮੇਰੇ ਕੱਪੜੇ ਗੰਦੇ ਸਨ, ਪਰ ਮੈਂ ਭੈਣ ਨੂੰ ਮਿਲਣਾ ਹੈ। ਮੈਂ ਅੰਦਰ ਚਲਾ ਗਿਆ। ਭੈਣ ਲੇਟੀ ਹੋਈ ਸੀ। ਮੈਨੂੰ ਪੁੱਛਣ ਲੱਗੀ, ਕਿੱਦਾਂ ਆਇਐਂ? ਮੈਂ ਕੀ ਜਵਾਬ ਦੇਣਾ ਸੀ। ਭੈਣ ਨੇ ਮੈਨੂੰ ਰਾਤ ਦੇ ਪਏ ਚੌਲ ਖਾਣ ਨੂੰ ਦਿੱਤੇ, ਮਰੀਜ਼ਾਂ ਵਾਲੇ। ਭੈਣ ਨੇ ਨਰਸ ਦੇ ਡਰੋਂ ਮੈਨੂੰ ਚੌਲ ਬਾਹਰ ਬਰਾਂਡੇ ਵਿੱਚ ਜਾ ਕੇ ਖਾਣ ਲਈ ਕਿਹਾ। ਮੈਂ ਉੱਥੇ ਜਾ ਕੇ ਬਾਸੇ ਚੌਲ ਖਾਣ ਲੱਗ ਪਿਆ। ਕਈ ਲੋਕ ਮੇਰੇ ਕੋਲ ਦੀ ਲੰਘੇ। ਅੱਜ ਜਦੋਂ ਮੈਂ ਸਮੇਂ ਦੀ ਦੂਰੀ ’ਤੇ ਖਲੋ ਕੇ ਮਹਿਸੂਸ ਕਰਦਾ ਹਾਂ ਤਾਂ ਐਂ ਲੱਗਦਾ ਕਿ ਜਿਹੜਾ ਹਸਪਤਾਲ ਦੀਆਂ ਸਫ਼ਾÂ ਕਰਮਚਾਰੀਆਂ ਦਾ ਬੱਚਾ ਬੈਠਾ ਹੋਇਐ, ਉਹ ਬਾਸੀ ਚੌਲ ਖਾ ਰਿਹੈ। ਇਹ ਮੇਰਾ ਉਹ ਮਹੌਲ ਹੈ, ਜਿਹੜਾ ਮੈਨੂੰ ਇਸ ਦੁਨੀਆਂ ਵਿੱਚ ਇਕੱਲਾ ਬੇਮਦਦ, ਬੇਜ਼ਾਰ, ਬੇਘਰ ਹੋਣ ਦੀ ਬੜੀ ਤਿੱਖੀ ਯਾਦ ਦਿਲਾਉਂਦਾ ਹੈ। ਪਰ ਇਹ ਗੱਲ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਰਚਨਾ ਦੇ ਆਰ-ਪਾਰ ਫੈਲੀ ਹੋਈ ਐ।

23 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਤੇ ਲਉ ਹੁਣ ਆਪਾਂ ਕਿਤਾਬ ਦੇ ਐਨ ਵਿਚਕਾਰਲੇ ਖੜ-ਖੜ ਕਰਦੇ ਸਫ਼ੇ ਉੱਤੇ ਉਂਗਲ ਰੱਖਦੇ ਆਂ- ਮਤਲਬ ਜਵਾਨੀ ਦੀ ਉਮਰ ਦਾ ਸਫ਼ਾ?
* ਅਸਲ ਗੱਲ ਕਿ ਮੇਰੀ ਜਵਾਨੀ ਦਾ ਬਹੁਤ ਹਿੱਸਾ ਇਸ ਤਿੱਖੇ ਅਹਿਸਾਸ ਤੋਂ ਬਿਨਾਂ ਹੀ ਬੀਤਿਆ ਏ। ਮੈਂ ਵਕਤ ਤੋਂ ਪਹਿਲਾਂ ਸਿਆਣਾ ਹੋ ਗਿਆ ਸਾਂ। ਇਹ ਸਿਆਣਪ ਮੇਰੀ ਆਪਣੀ ਮਾਨਸਕਤਾ ਲਈ ਵੀ ਖ਼ਤਰਨਾਕ ਸੀ। ਪਰ ਇੱਕ ਕੁੜੀ, ਜਿਸ ਨੇ ਮੇਰੀ ਜ਼ਿੰਦਗੀ ਵਿੱਚ ਮੈਨੂੰ ਮਹਿਸੂਸ ਕਰਾਇਆ ਕਿ ਨਹੀਂ, ਤੂੰ ਏਨਾ ਸਿਆਣਾ ਨਹੀਂ ਹੈਗਾ। ਤੂੰ ਕੁਝ ਹੋਰ ਵੀ ਏਂ। ਉਸ ਕੁੜੀ ਦਾ ਨਾਮ ਸੀ ਕਰਤਾਰੀ। ਉਸ ਨਾਲ ਮੈਂ ਕੋਈ ਗੱਲ ਵੀ ਨਹੀਂ ਸੀ ਕੀਤੀ। ਪਹਿਲ ਕਦਮੀ ਨਾ ਉਸ ਕੀਤੀ ਨਾ ਮੈਂ। ਪਤਾ ਨਹੀਂ ਕਿਸ ਤਰ੍ਹਾਂ ਹੋਇਆ ਕਿ ਇੱਕ ਰਾਤ ਅਚਨਚੇਤ ਉਹ ਮੇਰੇ ਕੋਲ ਆਈ। ਉਸ ਵੇਲੇ ਉਹ ਮੇਰੇ ਕੋਲ ਦਸ-ਪੰਦਰਾਂ ਮਿੰਟ ਰਹੀ ਹੋਵੇਗੀ। ਉਹ ਦਸ ਮਿੰਟਾਂ ਵਿੱਚ ਪਤਾ ਨਹੀਂ, ਉਸ ਕੀ ਕੀ ਬੋਲਿਆ। ਮੈਂ ਤਾਂ ਖਾਮੋਸ਼ ਰਿਹਾ। ਉਹ ਬੋਲਦੀ ਗਈ ਤੇ ਮੈਂ ਮਹਿਸੂਸ ਕੀਤਾ ਕਿ ਸ਼ਾਇਰ ਮੈਂ ਨਹੀਂ ਸ਼ਾਇਰ ਤਾਂ ਉਹ ਸੀ। ਉਸ ਨੇ ਬੜੇ ਸ਼ਿਅਰ ਬੋਲੇ। ਕਦੀ ਕਦੀ ਯਾਦ ਆਉਂਦੈ-
ਜੀਹਨਾਂ ਇਸ਼ਕ ਖਰੀਦ ਨਾ ਕੀਤਾ
ਐਵੇਂ ਆਏ ਵਿਗੁਤੇ।
ਇਸ਼ਕੇ ਦਾ ਜਿਉਂ ਫ਼ਰਕ ਨਾ ਕੋਈ
ਕਿਆ ਆਦਮ ਕਿਆ ਕੁੱਤੇ।
ਮੈਨੂੰ ਸੋਚ ਤੇ ਸਿਆਣਪ ਤੇ ਆਕਾਸ਼ ਤੋਂ ਬਿਲਕੁਲ ਧਰਤੀ ’ਤੇ ਲਿਆਉਣ ਵਾਲੀ ਸੀ ਇਹ ਕਰਤਾਰੀ।
? ਤੇ ਲਉ ਹੁਣ ਉਸ ਸਫ਼ੇ ਦੀ ਗੱਲ ਕਰਦੇ ਹਾਂ, ਜਿਸ ’ਤੇ ਲਿਖਿਆ ਹੁੰਦਾ ਏ ‘ਵਿਆਹ’?
* ਵਿਆਹ ਮੇਰਾ 1946 ਵਿੱਚ ਹੋਇਆ। ਵਿਆਹ ਮੇਰੀ ਮਰਜ਼ੀ ਦੇ ਖ਼ਿਲਾਫ ਹੀ ਹੋਇਆ। ਮੇਰੀ ਮਾਂ ਤੇ ਮੇਰੀ ਭੈਣ ਰੱਬ ਨੂੰ ਪਿਆਰੀਆਂ ਹੋ ਗਈਆਂ। ਮੈਂ ਅੱਠਾਂ-ਨੌਵਾਂ ਸਾਲਾਂ ਦਾ ਹੋਵਾਂਗਾ, ਜਦੋਂ ਆਪਣੀ ਮਾਸੀ ਦੇ ਕੋਲ ਚਲਾ ਗਿਆ। ਉਹ ਮੇਰੀ ਕੱਲਮ-ਕਾਰੀ ਰਿਸ਼ਤੇਦਾਰੀ ਸੀ, ਜਿਸ ਨੇ ਮੈਨੂੰ ਆਪਣੇ ਗਲ ਲਾ ਲਿਆ। ਜਦੋਂ ਐੱਮ. ਏ., ਬੀ. ਟੀ. ਕਰ ਲਈ ਤਾਂ ਉਹ ਰੋਣ ਲੱਗੀ ਕਿ ਤੂੰ ਮੈਨੂੰ ਮਾਂ ਨਹੀਂ ਸਮਝਦਾ। ਜੇ ਮਾਂ ਸਮਝਦਾ ਹੁੰਦਾ ਤਾਂ ਹੁਣ ਤੱਕ ਤੂੰ ਆਪਣਾ ਵਿਆਹ ਕਰਵਾ ਲੈਂਦਾ। ਵੈਸੇ ਮੈਂ ਫ਼ੈਸਲਾ ਕੀਤਾ ਹੋਇਆ ਸੀ, ਵਿਆਹ ਨਾ ਕਰਾਉਣ ਦਾ। ਫੇਰ ਮੇਰੀ ਮਾਸੀ ਦੀ ਧੀ ਭੈਣ ਨੇ ਫ਼ੈਸਲਾ ਕਰ ਦਿੱਤਾ। ਮੈਂ ਨੌਕਰੀ ਲੱਗਿਆ ਸੀ ਤੇ ਪੜ੍ਹਿਆ ਲਿਖਿਆ ਸੀ ਤੇ ਵਿਆਹ ਹੋ ਗਿਆ।
? ਤੇ ਹੁਣ ਸੱਚੀਮੁੱਚੀ ਕਿਤਾਬਾਂ ਦੀ ਗੱਲ। ਉਹ ਸਫ਼ੇ, ਜਿਹੜੇ ਸੱਚੀ ਕਿਤਾਬ ਬਣੇ। ਪਹਿਲੀ ਰਚਨਾ ਦੀ ਕੋਈ ਗੱਲ ਦੱਸੋ?
* ਨਿਸ਼ਚੇ ਨਾਲ ਨਹੀਂ ਕਹਿ ਸਕਦਾ ਕਿ ਪਹਿਲੀ ਰਚਨਾ ਕੀ ਸੀ। ਪਹਿਲਾਂ-ਪਹਿਲਾਂ ਇੱਕ ਕਵਿਤਾ ਛਪੀ ਸੀ- ‘ਪਤਝੜ ਦੇ ਫੁੱਲਾ ਪੀਲਿਆ, ਨਾ ਡਿੱਗ ਧਰਤੀ ਦੀ ਹਿੱਕ ’ਤੇ, ਹੋਵੇਗੀ ਡਾਢ੍ਹੀ ਪੀੜ ਵੇ।’ ਜਾਂ ਇਸ ਤਰ੍ਹਾਂ ਦੀ ਇੱਕ ਹੋਰ ਨਜ਼ਮ ਸੀ ‘ਬੇ-ਮਹਿਫ਼ਲ ਨਾਚ’। ਇੱਕ ਨਾਚੀ ਏ ਜਿਹੜੀ ਨੱਚਦੀ ਪਈ ਤੇ ਉਸ ਦਾ ਨਾਚ ਦੇਖਣ ਵਾਲਾ ਕੋਈ ਨਹੀਂ। ਕੁਝ ਜ਼ਾਤੀ ਨਜ਼ਮਾਂ ਨੇ, ਜੋ ਬਹੁਤੀਆਂ ਮੇਰੀ ਮਾਂ ਨੂੰ ਸਮਰਪਿਤ ਨੇ।

23 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਇਹ ਅਹਿਸਾਸਾਂ ਦੇ ਪੰਨੇ ਪੂਰੀ ਕਿਤਾਬ ਕਦੋਂ ਬਣੇ। ਮਤਲਬ ਪਹਿਲੀ ਕਿਤਾਬ ਕਿਹੜੀ ਸੀ?
* ਪਹਿਲੀ ਕਿਤਾਬ ਮੇਰੀ ਹੈਗੀ ਸੀ ‘ਲਾਸਾਂ’। ਇਸ ਦੇ ਛਾਪਣ ਦਾ ਜ਼ੋਰ ਮੇਰੇ ਦੋਸਤ ਨੇ ਦਿੱਤਾ। ਉਸ ਦੋਸਤ ਦਾ ਨਾਂ ਸੀ ਈਸ਼ਵਰ ਚਿੱਤਰਕਾਰ। ਉਸ ਵਾਸਤੇ ਪੈਸੇ ਨਹੀਂ ਸਨ ਤੇ ਛਾਪਣ ਲਈ ਕੋਈ ਤਿਆਰ ਨਹੀਂ ਸੀ। ਫੇਰ ਇੱਕ ਦੋਸਤ ਨੇ ਪੈਸੇ ਦਿੱਤੇ ਤੇ ਕਿਤਾਬ ਛਪ ਗਈ। ਲਾਸਾਂ ਦਾ ਜਿਹੜਾ ਪਹਿਲਾ ਰੀਵਿਊ ਸੀ, ਉਹ ਤੁਹਾਡੇ ਰੇਡੀਓ ਜਲੰਧਰ ਤੋਂ ਹੋਇਆ ਸੀ। ਜਲੰਧਰੋਂ ਮੇਰੇ ਇੱਕ ਦੋਸਤ ਨੇ ਤਾਰ ਦਿੱਤੀ ਕਿ ਮੇਰੀ ਕਿਤਾਬ ਦਾ ਰੀਵਿਊ ਇਸ ਦਿਨ ਰੇਡੀਓ ਤੋਂ ਹੋ ਰਿਹਾ ਹੈ। ਮੈਂ ਤੇ ਈਸ਼ਵਰ ਚਿੱਤਰਕਾਰ ਦੋਵੇਂ ਸਾਹ ਰੋਕ ਕੇ ਰੇਡੀਓ ਸੈੱਟ ਤੋਂ ਸੁਣ ਰਹੇ ਸੀ। ਰੀਵਿਊ ਕਰਨ ਵਾਲਾ ਸੀ ਡਾ. ਗੁਰਚਰਨ ਸਿੰਘ। ਹੁਣ ਕੁਝ ਯਾਦ ਨਹੀਂ, ਪਰ ਇੰਨੀ ਗੱਲ ਉਸ ਕਹੀ ਕਿ ਕੁਝ ਹੀ ਦਿਨਾਂ ਵਿੱਚ ਪੰਜਾਬੀ ਦੀ ਪਹਿਲੀ ਕਤਾਰ ਦੇ ਸ਼ਾਇਰਾਂ ਵਿੱਚ ਹੋਵੇਗਾ, ਇਹ ਸ਼ਾਇਰ ਹਰਿਭਜਨ ਸਿੰਘ। ਸੁਣ ਕੇ ਸਰੀਰ ਵਿੱਚ ਝੁਣਝੁਣੀ ਲੰਘ ਗਈ ਕਿ ਮੈਂ ਏਡਾ ਵੱਡਾ ਤਾਂ ਨਹੀਂ ਆਂ। ਜਦੋਂ ਲੋਕ ਬੜੀ ਦੁਸ਼ਮਣੀ ਵਗੈਰਾ ਕਰਦੇ ਤਾਂ ਮੈਂ ਇਹ ਸ਼ਿਅਰ ਗੁਣਗੁਣਾਉਂਦਾ ਰਿਹਾ:
ਹਮ ਕਹਾਂ ਕੇ ਦਾਨਾ ਥੇ ਔਰ ਕਿਸ ਹੁਨਰ ਕੇ ਯਕਤਾ ਥੇ
ਔਰ ਬੇਸਬਬ ਹੁਆ ਦੁਸ਼ਮਨ ਗਾਲਿਬ ਆਸਮਾਂ ਅਪਨਾ।
ਖ਼ੁਦ ਬਾਅਦ ਵਿੱਚ ਡਾ. ਗੁਰਚਰਨ ਸਿੰਘ ਨੇ ਮੇਰਾ ਬਹੁਤ ਅੱਛਾ ਨੋਟਿਸ ਲਿਆ, ਲੇਕਿਨ ਉਸਦੀਆਂ ਪਹਿਲੀਆਂ ਲਾਇਨਾਂ ਦਾ ਕਥਨ ਮੈਨੂੰ ਅੱਜ ਤੱਕ ਯਾਦ ਹੈ।
? ਤੇ ਹੁਣ ਉਸ ਸਫ਼ੇ ਦੀ ਗੱਲ, ਜਿਸ ’ਤੇ ਲਿਖਿਆ ਹੁੰਦਾ ਹੈ, ਇਨਾਮ। ਦੱਸੋ ਕਿ ਕਿਹੜਾ ਇਨਾਮ ਸਭ ਤੋਂ ਵੱਧ ਖ਼ੁਸ਼ੀ ਵਾਲਾ ਰਿਹਾ?
* ਇਨਾਮਾਂ ਬਾਰੇ ਕੀ ਕਹਾਂ ਕਿ ਕਿਹੜਾ ਖ਼ੁਸ਼ੀ ਵਾਲਾ ਸੀ? ਹਰ ਇਨਾਮ ਆਪਣੇ ਨਾਲ ਖ਼ੁਸ਼ੀ ਲੈ ਕੇ ਆਇਆ। ਪਰ ਦੋ-ਤਿੰਨ ਇਨਾਮ ਵੱਧ ਯਾਦ ਨੇ। ਸੋਵੀਅਤ ਲੈਂਡ ਨਹਿਰੂ ਐਵਾਰਡ ਨੇ ਮੈਨੂੰ ਰੂਸ ਭੇਜਿਆ। ਇਹ ਐਵਾਰਡ ਮੈਨੂੰ ਉਦੋਂ ਮਿਲਿਆ, ਜਦੋਂ ਲੋਕੀ ਇਹ ਮਹਿਸੂਸ ਕਰਦੇ ਸਨ ਕਿ ਮੈਂ ਸੋਵੀਅਤ ਲੈਂਡ ਦਾ ਵਿਰੋਧੀ ਹਾਂ। ਵਿਰੋਧੀ ਮੈਂ ਸੀ ਨਹੀਂ। ਇਸ ਦਾ ਮੈਨੂੰ ਕੋਈ ਪੈਸਾ ਨਹੀਂ ਮਿਲਿਆ। ਇਹ ਸਪੈਸ਼ਲ ਇਨਾਮ ਸੀ ਤੇ ਇਸ ਨੂੰ ਮੈਂ ਪਰਮਾਤਮਾ ਦਾ ਵਰਦਾਨ ਸਮਝ ਸਵੀਕਾਰ ਕੀਤਾ। ਇਹ ਉਹ ਇਨਾਮ ਸੀ, ਜਿਸ ਦਾ ਮੈਨੂੰ ਇੰਤਜ਼ਾਰ ਸੀ।
? ਡਾ. ਸਾਹਿਬ ਤੁਸੀਂ ਕਵੀ ਤੋਂ ਆਲੋਚਕ ਕਿਵੇਂ ਬਣੇ? ਕਿਉਂ ਇਹ ਪਾਸਾ ਲਿਆ?
* ਆਲੋਚਨਾ ਦਾ ਪ੍ਰਭਾਵ ਮੇਰੇ ’ਤੇ ਸ਼ਾਇਰੀ ਨਾਲੋਂ ਵੱਧ ਹੈ। ਰਾਮ ਚੰਦਰ ਸ਼ੁਕਲ ਨੇ ਮੈਨੂੰ ਸਭ ਤੋਂ ਪਹਿਲਾਂ ਆਲੋਚਨਾ ਲਈ ਪ੍ਰਭਾਵਿਤ ਕੀਤਾ। ਉਸ ਦੀ ਕਿਤਾਬ ‘ਚਿੰਤਾਮਣੀ’ ਮੈਂ ਬਾਰ-ਬਾਰ ਪੜ੍ਹੀ। ਜਦੋਂ ਮੈਂ ਈਸ਼ਵਰ ਚਿਤਰਕਾਰ ਤੇ ਤਾਰਾ ਸਿੰਘ ਦੀ ਕਿਤਾਬ ਦੀ ਭੂਮਿਕਾ ਲਿਖੀ ਤਾਂ ਮੈਂ ਮਹਿਸੂਸ ਕੀਤਾ ਕਿ ਮੈਂ ਸ਼ਾਇਰ ਹੀ ਨਹੀਂ, ਮੈਂ ਤਾਂ ਆਲੋਚਨਾ ਵੀ ਕਰ ਸਕਦਾ ਹਾਂ। ਜ਼ਿੰਦਗੀ ਦੇ ਹਾਲਾਤ ਨੇ ਮੈਨੂੰ ਸ਼ਾਇਰੀ ਲਈ ਤਿਆਰ ਕੀਤਾ ਅਤੇ ਪੜ੍ਹਨ ਦੇ ਸ਼ੌਕ ਨੇ ਆਲੋਚਨਾ ਲਈ।

23 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਹੁਣ ਤੁਸੀਂ ਕਵੀ ਦੇ ਤੌਰ ’ਤੇ ਵੀ ਜਾਣੇ ਜਾਂਦੇ ਹੋ ਤੇ ਆਲੋਚਨਾ ਤਾਂ ਤੁਹਾਡੀ ਹੈ ਹੀ ਜ਼ਿਕਰਯੋਗ। ਪਰ ਤੁਸੀਂ ਕਿਸ ਗੱਲ ਨੂੰ ਮਹੱਤਤਾ ਦਿੰਦੇ ਹੋ?
* ਇਸ ਦਾ ਜੁਆਬ ਤਾਂ ਮੈਂ ਤੁਹਾਨੂੰ ਦੇ ਦਿਆਂਗਾ, ਪਰ ਉਸ ’ਤੇ ਮੈਨੂੰ ਖ਼ੁਦ ਵਿਸ਼ਵਾਸ ਨਹੀਂ ਕਿ ਇਹ ਗੱਲ ਮੇਰੀ ਠੀਕ ਹੈ ਕਿ ਨਹੀਂ? ਮੈਂ ਸਮਝਦਾ ਹਾਂ ਕਿ ਲਿਖਣਾ ਅਕਰਮਕ ਕ੍ਰਿਆ ਏ। ਜੇਕਰ ਮੈਨੂੰ ਕੋਈ ਪੁੱਛੇ ਕਿ ਡਾ. ਸਾਹਿਬ ਕੀ ਕਰ ਰਹੇ ਹੋ? ਤਾਂ ਮੈਂ ਕਹਾਂਗਾ ਲਿਖਦਾ ਪਿਆ ਹਾਂ। ਭਾਵੇਂ ਮੈਂ ਕਵਿਤਾ ਲਿਖਦਾ ਹੋਵਾਂ, ਭਾਵੇਂ ਆਲੋਚਨਾ। ਮੈਂ ਇਸ ਨੂੰ ਸਮੀਖਿਆ ਕਹਿੰਦਾ ਹਾਂ, ਆਲੋਚਨਾ ਨਹੀਂ। ਸਮੀਖਿਆ ਵਿੱਚ ਵੀ ਕਵਿਤਾ ਜਿੰਨਾ ਆਨੰਦ ਹੈ।
? ਆਲੋਚਨਾ ਤੇ ਕਵਿਤਾ ਲਿਖਣਾ ਤੁਹਾਡੇ ਲਈ ਇੱਕੋ ਜਿਹੇ ਕਾਰਜ ਨੇ। ਕੀ ਦੋਵੇਂ ਲਿਖਣ ਵੇਲੇ ਦੀਆਂ ਲੋੜਾਂ ਵੀ ਇੱਕੋ ਨੇ?
* ਮੈਂ ਸਭ ਤੋਂ ਜ਼ਿਆਦਾ ਰਚਨਾ ਕਾਫ਼ੀ ਹਾਊਸ ਵਿੱਚ ਬੈਠ ਕੇ ਕੀਤੀ ਏ। ਲੋਕੀ ਮੈਨੂੰ ਹੱਸਦੇ ਹੁੰਦੇ ਸਨ ਕਿ ਕਾਫ਼ੀ ਹਾਊਸ ਤੇਰਾ ਡਰਾਇੰਗ ਰੂਮ ਏ। ਕਵਿਤਾ ਮੈਂ ਸਾਈਕਲ ’ਤੇ ਲਿਖੀ ਏ, ਬਸ ਵਿੱਚ ਲਿਖੀ ਏ। ਮੈਨੂੰ ਕੋਈ ਅਜਿਹਾ ਪੈੱਨ ਚਾਹੀਦਾ ਹੁੰਦਾ ਏ, ਜਿਹੜਾ ਰੁਕਦਾ ਨਾ ਹੋਵੇ। ਕਾਗ਼ਜ਼ ਅੱਛਾ ਹੋਵੇ। ਲਿਖਣ ਵਾਸਤੇ ਤਾਂ ਮੈਨੂੰ ਆਪਣਾ ਪੈੱਨ ਹੀ ਚਾਹੀਦਾ ਏ।
? ਕਿਸੇ ਨੂੰ ਪੁੱਛੋ ਕਿ ‘ਕਿਹੜੀ ਕਵਿਤਾ ਸਭ ਤੋਂ ਵਧੀਆ ਲੱਗਦੀ ਏ, ਤੁਹਾਨੂੰ ਆਪਣੀ?’ ਤਾਂ ਪੁਰਾਣਾ ਰਟਿਆ ਜੁਆਬ ਹੁੰਦਾ ਹੈ, ‘ਮੇਰੀਆਂ ਸਾਰੀਆਂ ਕਵਿਤਾਵਾਂ ਮੈਨੂੰ ਬੱਚਿਆਂ ਵਾਂਗ ਪਿਆਰੀਆਂ ਨੇ।’ ਕੀ ਤੁਹਾਡਾ ਵੀ ਇਹੀ ਜਵਾਬ ਏ?
* ਇਹ ਦੱਸਣਾ ਬੜਾ ਮੁਸ਼ਕਲ ਹੁੰਦਾ ਏ ਦਰਅਸਲ। ਮੇਰੀ ਇੱਕ ਕਵਿਤਾ ਹੈ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਿਤ ‘ਮੇਰੇ ਹਜ਼ੂਰ ਤੇਰੀ ਹਾਜ਼ਰੀ ਦੀ ਦਾਸਤਾਂ’। ਇੱਕ ਏ ‘ਨਦੀ ਕੰਢੇ’, ਇੱਕ ‘ਤਾਰ ਤੁਪਕਾ’। ਇਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਮੈਂ ਕਵੀ ਹਾਂ। ਮੈਂ ਬਾਰ-ਬਾਰ ਕਹਿੰਦਾ ਹਾਂ ਕਿ ਸਾਰੇ ਬੰਦੇ ਕਵਿਤਾ ਲਿਖਦੇ ਨੇ, ਪਰ ਉਹ ਕਵੀ ਨਹੀਂ ਹੁੰਦੇ। ਮੇਰਾ ਵੀ ਇਹੀ ਹਾਲ ਸੀ। ਪਰ ‘ਤਾਰ ਤੁਪਕਾ’ ਨਾਲ ਮੈਂ ਆਪਣੇ ਆਪ ਨੂੰ ਕਵੀ ਮੰਨਣਾ ਸ਼ੁਰੂ ਕੀਤਾ। ਪਰ ਮੈਂ ਕਿਸੇ ਖ਼ਾਸ ਪੱਧਰ ’ਤੇ ਪੁੱਜਿਆ ਮਹਿਸੂਸ ਕੀਤਾ ਹੈ ‘ਮੱਥੇ ਵਾਲਾ ਦੀਵਾ’ ਨਾਲ।
? ਡਾ. ਸਾਹਿਬ, ਤੁਸੀਂ ਨਜ਼ਮਾਂ ਵੀ ਲਿਖੀਆਂ ਤੇ ਗ਼ਜ਼ਲਾਂ ਵੀ। ਪਰ ਗ਼ਜ਼ਲਾਂ ਬਾਰੇ ਤੁਸਾਂ ਇੱਕ ਵਾਰ ਕਿਹਾ ਸੀ ਕਿ ਗ਼ਜ਼ਲ ਤਾਂ ਨਾਚੀ ਵਾਲਾ ਕੰਮ ਹੈ। ਮਤਲਬ ਜੇ ਗ਼ਜ਼ਲ ਸੁਣਾਉਣ ਵਾਲਾ ਨਾਲ ਹੈ ਤਾਂ ਠੀਕ ਹੈ, ਨਹੀਂ ਤਾਂ ਗ਼ਜ਼ਲ ਦਾ ਕੋਈ ਮੁੱਲ ਨਹੀਂ। ਮਤਲਬ ਨਾਚੀ ਹੈ ਤਾਂ ਨਾਚ ਹੈ, ਨਾਚੀ ਨਹੀਂ ਤਾਂ ਨਾਚ ਨਹੀਂ। ਯਾਨਿ ਗ਼ਜ਼ਲ-ਲੇਖਕ-ਗਾਇਕ (ਨਾਚੀ) ਹੈ ਤਾਂ ਗ਼ਜ਼ਲ (ਨਾਚ) ਹੈ। ਕੀ ਤੁਸੀਂ ਆਪਣੀਆਂ ਗ਼ਜ਼ਲਾਂ ਨੂੰ ਵੀ ਇਸੇ ਕੈਟਾਗਰੀ ਵਿੱਚ ਰੱਖੋਗੇ?

23 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

* ਜੀ, ਮੈਂ ਆਪਣੇ ਬਾਰੇ ਵੀ ਇਹੀ ਕਹਾਂਗਾ। ਅਸਲ ਵਿੱਚ ਗ਼ਜ਼ਲ ਵਿੱਚ ਲੰਮੀ ਦੂਰ ਤਕ ਜਾਣ ਵਾਲੀ ਗੱਲ ਨਹੀਂ ਹੁੰਦੀ। ਇਸ ਵਿੱਚ ਕਿਸੇ ਜਜ਼ਬੇ ਜਾਂ ਘਟਨਾ ਨੂੰ ਸਮੇਂ ਵਿੱਚ ਨਹੀਂ ਫੈਲਾਇਆ ਜਾ ਸਕਦਾ। ਇਸ ਵਿੱਚ ਸਿਰਫ਼ ਇੱਕ ਮਾਹੌਲ ਬੰਨ੍ਹਿਆ ਜਾ ਸਕਦਾ ਹੈ। ਇਹੀ ਗ਼ਜ਼ਲ ਦੀ ਸ਼ਕਤੀ ਹੈ ਤੇ ਇਹੀ ਕਮਜ਼ੋਰੀ ਵੀ। ਔਰ ਨਾਚੀ ਵਾਲੀ ਗੱਲ ਮੈਂ ਬਿਲਕੁਲ ਠੀਕ ਕਹਿਨਾ ਵਾਂ। ਸ਼ਾਇਦ ਤੁਸੀਂ ਗ਼ਜ਼ਲ ਨੂੰ ਕਿਤਾਬ ਵਿੱਚ ਪੜ੍ਹਨਾ ਨਹੀਂ ਚਾਹੋਗੇ। ਇਹਦੇ ’ਚ ਸ਼ਾਇਰੀ ਦੀ ਕਲਾ ਨਾਲੋਂ ਅਭਿਨੈ ਦੀ ਕਲਾ ਜ਼ਿਆਦਾ ਮਾਅਨੇ ਰੱਖਦੀ ਹੈ।
? ਸਾਡੇ ਇੱਕ ਅੱਛੇ ਗ਼ਜ਼ਲਗੋ ਨੂੰ ਮੈਂ ਇਹ ਗੱਲ ਇੱਕ ਵਾਰ ਆਖੀ ਤਾਂ ਉਨ੍ਹਾਂ ਕਿਹਾ ਸੀ ਕਿ ਡਾ. ਹਰਿਭਜਨ ਸਿੰਘ ਕਦੀ ਕੁਝ ਕਹਿੰਦੇ ਨੇ ਤੇ ਕਦੀ ਕੁਝ। ਤੁਹਾਡੇ ਮੂੰਹ ’ਤੇ ਹੋਰ ਤੇ ਮੇਰੇ ਮੂੰਹ ’ਤੇ ਹੋਰ। ਤੁਸੀਂ ਕਦੀ ਅੱਛੇ ਗ਼ਜ਼ਲਗੋਆਂ ਨੂੰ ਇਹੀ ਗੱਲ ਆਖੀ ਹੈ ਕਦੀ?
* ਗ਼ਜ਼ਲਾਂ ਲਿਖਣ ਵਾਲੇ ਮੈਨੂੰ ਨਾ ਤਾਂ ਕੋਈ ਅੱਛਾ ਗ਼ਜ਼ਲਗੋ ਮੰਨਦੇ ਨੇ ਤੇ ਸ਼ਾਂਇਦ ਨਾ ਹੀ ਉਹ ਇਹ ਸਮਝਦੇ ਨੇ ਕਿ ਮੈਂ ਇਸ ਕਾਬਿਲ ਹਾਂ ਕਿ ਉਨ੍ਹਾਂ ਨੂੰ ਗ਼ਜ਼ਲ ਦੇ ਬਾਰੇ ਕੋਈ ਰਾਇ ਦੇ ਸਕਾਂ। ਕਿਸੇ ਨੇ, ਕਿਸੇ ਵੀ ਗ਼ਜ਼ਲਗੋ ਨੇ ਗ਼ਜ਼ਲ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਤੇ ਮੈਂ ਅੰਦਾਜ਼ਾ ਇਹੋ ਹੀ ਲਾਇਐ ਕਿ ਜਾਂ ਤਾਂ ਉਹ ਇਹ ਸਮਝਦੇ ਨੇ ਕਿ ਮੈਂ ਇਸ ਸਬੰਧੀ ਰਾਇ ਦੇਣ ਦੇ ਕਾਬਲ ਨਹੀਂ ਤੇ ਜਾਂ ਸ਼ਾਇਦ ਉਹ ਮੇਰੀ ਰਾਇ ਤੋਂ ਡਰਦੇ ਨੇ।
? ਤੁਸੀਂ ਗੀਤਾਂ ਵਾਲੇ ਪਾਸੇ ਜ਼ਿਆਦਾ ਝੁਕਦੇ ਜਾਪਦੇ ਹੋ। ਲੈਅ-ਤਾਲ ਵੱਲ। ਸੰਗੀਤ ਵਾਲਾ ਪਾਸਾ ਜ਼ਿਆਦਾ ਭਾਰੀ ਰੱਖਣਾ ਚਾਹੁੰਦੇ ਹੋ। ਨਹੀਂ?
* ਮੇਰਾ ਆਪਣਾ ਵੀ ਖ਼ਿਆਲ ਹੈ ਕਿ ਜੇਕਰ ਕਦੀ ਮੈਨੂੰ ਮੌਕਾ ਮਿਲ ਜਾਂਦਾ ਅਤੇ ਮੇਰੇ ਪਿੰਡ ਵਿੱਚ ਕੋਈ ਮਿਊਜ਼ਿਕ ਸਿਖਾਉਣ ਵਾਲਾ ਹੁੰਦਾ ਤਾਂ ਮੈਂ ਮਿਊਜ਼ੀਸ਼ਨ ਬਣਦਾ। ਮੈਂ ਹਾਲੀ ਵੀ ਮਿਊਜ਼ਿਕ ਨੂੰ ‘ਹਾਈਐਸਟ ਫਾਰਮ ਆਫ਼ ਆਰਟ’ ਮੰਨਦਾ ਹਾਂ ਕਿਉਂਕਿ ਮਿਊਜ਼ਿਕ ਐਸੀ ਖ਼ੂਬਸੂਰਤ ਗੱਲ ਐ, ਜਿਹੜੀ ਕਿ ਕੋਈ ਲਫ਼ਜ਼ ਨਹੀਂ ਬੋਲਦੀ ਔਰ ਆਪਣਾ ਅਰਥ, ਆਪਣੀ ਸਾਰਥਕਤਾ ਜਿਹੜੀ ਹੈ, ਉਹ ਉਸਾਰਦੀ ਹੈ। ਮੈਨੂੰ ਕਈ ਵਾਰੀ ਥੋੜ੍ਹੀ ਤਕਲੀਫ਼ ਵੀ ਹੁੰਦੀ ਹੈ ਕਿ ਮੈਨੂੰ ਮੇਰੀ ਮਰਜ਼ੀ ਦੇ ਆਲੋਚਕ ਨਹੀਂ ਮਿਲੇ। ਉਹ ਮੇਰੇ ਲਫ਼ਜ਼ਾਂ ਨੂੰ ਤੇ ਜਾਣਦੇ ਨੇ, ਪਰ ਜਿਹੜੇ ਮੈਂ ਨਹੀਂ ਕਹੇ, ਜਿਹੜੀਆਂ ਗੱਲਾਂ ਮੈਂ ਉਹਦੇ ਵਿੱਚ ਆਪਣੀਆਂ ਧੁਨਾਂ ਵਿੱਚ ਛੱਡ ਜਾਨਾਂ ਵਾਂ, ਉਨ੍ਹਾਂ ਨੂੰ ਸਮਝਣ ਦਾ ਯਤਨ ਕਿਸੇ ਨੇ ਨਹੀਂ ਕੀਤਾ।
? ਤੁਹਾਨੂੰ ਬਚਪਨ ਤੋਂ ਸੰਗੀਤ ਦਾ ਸ਼ੌਕ ਹੈ ਤੇ ਹੁਣ ਸਫ਼ੈਦ ਵਾਲਾਂ ਦੀ ਉਮਰੇ ਤੁਸਾਂ ਫੇਰ ਸੰਗੀਤਮਈ ਰਚਨਾਵਾਂ, ਗੀਤਾਂ ਵੱਲ ਪਾਸਾ ਮੋੜਿਆ ਹੈ, ਇਹ ਮੁੜ ਕੇ ਬਚਪਨ ਵੱਲ ਜਾਣ ਦੀ ਇੱਛਾ ਹੀ ਤਾਂ ਨਹੀਂ? ਅਧੂਰੇ ਨੂੰ ਪੂਰਾ ਕਰਨ ਵਾਲੀ ਗੱਲ?
* ਹੋ ਸਕਦੈ, ਮੈਂ ਇਹਦੇ ਬਾਰੇ ਸੋਚਿਆ ਨਹੀਂ, ਪਰ ਹੋ ਸਕਦੈ ਏਸੇ ਤਰ੍ਹਾਂ ਹੋਵੇ। ਅਸਲ ਗੱਲ ਇਹ ਐ ਦੀਦ ਕਿ ਮੈਨੂੰ ਕਦੇ ਬਚਪਨ ਨੇ ਛੱਡਿਆ ਨਹੀਂ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਮੈਂ ਆਪਣੇ ਬਚਪਨ ’ਤੇ ਅਟਕ ਗਿਆ ਵਾਂ। ਪਰ ਮੇਰੇ ਅੰਦਰ ਜਿੰਨੀ ਨਿਮਰਲਤਾ ਹੈ, ਜਿੰਨੀ ਸਵੱਛਤਾ ਹੈ, ਉਹਦਾ ਕਾਰਨ ਉਹੀ ਐ ਕਿ ਮੈਨੂੰ ਬਚਪਨ ਦੀ ਮਾਸੂਮੀਅਤ ਨੇ ਪੂਰੇ ਦਾ ਪੂਰਾ ਨਹੀਂ ਛੱਡਿਆ। ਮੈਂ ਤਾਂ ਰੱਬ ਨੂੰ ਵੀ ਬੱਚਾ ਕਿਹੈ, ‘‘ਰੱਬ ਤਾਂ ਮਾਸੂਮ ਬਾਲ ਸੀ, ਤੁਰਦਾ ਸੀ ਨਾਲ ਨਾਲ। ਆਇਆ ਹਜੂਮ, ਉਂਗਲੀ ਅਸਾਂ ਤੋਂ ਛੁਡਾ ਗਿਆ।”
? ਤੁਹਾਡੀ ਕਵਿਤਾ ਵਿੱਚ ਮਾਸੂਮੀਅਤ ਹੈ, ਤੁਹਾਡੇ ਵਿੱਚ ਈ ਇਹ ਸ਼ਾਮਲ ਹੈ, ਪਰ ਇਹ ਦੱਸੋ ਆਲੋਚਨਾ ਕਰਦੇ ਵਕਤ ਤੁਹਾਡੇ ਇਸ ਬਾਲਪਣ ਦਾ ਕੀ ਬਣਦਾ ਹੈ?
* ਉੱਥੇ ਮੈਂ ਜ਼ਿਆਦਾ ਬੱਚਾ ਹੁੰਦਾ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਬੱਚਾ ਗੁੱਸੇ ’ਚ ਜਦੋਂ ਹੁੰਦਾ ਹੈ ਤਾਂ ਆਪਣੇ ਪਿਉ ਨੂੰ ਵੀ ਕਹਿੰਦਾ ਹੈ ਕਿ ਜਾਓ, ਮੈਂ ਤੁਹਾਡੇ ਨਾਲ ਨਹੀਂ ਬੋਲਦਾ। ਉਸ ਵੇਲੇ ਬੱਚੇ ’ਚ ਕੋਮਲਤਾ ਨਹੀਂ ਹੁੰਦੀ। ਬੜੀ ਝਰੀਟ ਪਾਉਂਦੇ ਨੇ ਉਹ ਉਸ ਵਕਤ ਸਾਡੇ ’ਤੇ।

                                       

 

 

                               --------------ਚਲਦਾ ----------------

23 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧਨਵਾਦ ਬਿੱਟੂ ਜੀ.....ਇਹਨਾ ਪੁਰਾਣੀਆ ਯਾਦਾ ਨਾਲ ਸਾਂਝ ਪਉਣ ਲਈ.......

23 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


ਮੇਰੀ ਬਦਲੀ ਦਿੱਲੀਓਂ ਜਲੰਧਰ ਹੋ ਗਈ। ਡਾ. ਹਰਿਭਜਨ ਸਿੰਘ ਨਾਲ ਮੇਰਾ ਸੰਬੰਧ ਬਣਿਆ ਰਿਹਾ। ਜਾਂ ਕਹਿ ਲਓ ਟੀ.ਵੀ. ਕਰਕੇ ਜਾਂ ਮਾੜਾ-ਮੋਟਾ ਕਵਿਤਾ ਕਰਕੇ। ਡਾ. ਹਰਿਭਜਨ ਸਿੰਘ ਮੇਰੇ ਉਸੇ ਸਕੂਟਰ ’ਤੇ ਮੇਰੇ ਪਿੱਛੇ ਬੈਠੇ ਜਿੱਥੇ ਕੁਝ ਮਹੀਨੇ ਪਹਿਲਾਂ ਤਾਰਾ ਸਿੰਘ ਬੈਠਾ ਸੀ। ਗਰਮੀ ’ਚ ਤਪੇ ਮੇਰੇ ਸਕੂਟਰ ਦੀ ਸੀਟ ’ਤੇ ਬੈਠਦਿਆਂ ਹੀ ਤਾਰਾ ਸਿੰਘ ਨੇ ਹੱਸਦਿਆਂ ਕਿਹਾ ਸੀ, ‘‘ਤੇਰਾ ਸਕੂਟਰ ਕਥਾ ਯਾਦ ਕਰਾਉਂਦਾ।’’ ਉਸੇ ਸਕੂਟਰ ਦੇ ਪਿੱਛੇ ਸਰਦੀ ਨਾਲ ਠਰੀ ਸੀਟ ’ਤੇ ਬੈਠੇ ਹਰਿਭਜਨ ਸਿੰਘ ਨੇ ਮੈਨੂੰ ਪੁੱਛਿਆ, ‘‘ਕੀ ਨਾਂ ਏ ਬਈ ਤੇਰੀ ਕਿਤਾਬ ਦਾ?’’ ਮੈਂ ਕਿਹਾ, ‘‘ਬੱਚੇ ਤੋਂ ਡਰਦੀ ਕਵਿਤਾ।’’ ਪਿੱਛੇ ਬੈਠਾ ਹਰਿਭਜਨ ਸਿੰਘ ਮੇਰੇ ਮੋਢਿਆਂ ਨੂੰ ਫੜ ਕੇ ਇੰਚ ਕੁ ਉਤਾਂਹ ਉੱਠਿਆ, ਉਨਾ ਕੁ ਜਿੰਨਾ ਕੁ ਤਾਰਾ ਸਿੰਘ ਤੱਤੀ ਸੀਟ ਤੋਂ ਉਠਿਆ ਸੀ। ਉੱਠ ਕੇ ਹਰਿਭਜਨ ਸਿੰਘ ਕਹਿਣ ਲੱਗਾ, ‘‘ਬੜਾ ਖ਼ਤਰਨਾਕ ਨਾਮ ਏ!’’ ‘ਬੱਚੇ ਤੋਂ ਡਰਦੀ ਕਵਿਤਾ!’ ਉਸ ਦੇ ਹਿੱਲਣ ਨਾਲ ਮੇਰਾ ਸਕੂਟਰ ਰਤਾ ਕੁ ਡੋਲਿਆ। ਮੈਂ ਹੱਥਾਂ ਦੀ ਪਕੜ ਹੈਂਡਲ ’ਤੇ ਮਜ਼ਬੂਤ ਕਰ ਦਿੱਤੀ ਤੇ ਹਰਿਭਜਨ ਸਿੰਘ ਨੇ ਮੇਰੇ ਮੋਢਿਆਂ ’ਤੇ ਆਪਣੇ ਹੱਥਾਂ ਦੀ ਪਕੜ ਮਜ਼ਬੂਤ ਕਰ ਦਿੱਤੀ। ਤੇ ਅਸੀਂ ਦੋਵੇਂ ਟਿਕਾਣੇ ਪਹੁੰਚ ਗਏ।
ਡਾ. ਹਰਿਭਜਨ ਸਿੰਘ ਫਕੀਰ ਵੀ ਸੀ ਤੇ ਪਾਵਰਫੁੱਲ ਪ੍ਰੋਫੈਸਰ ਵੀ। ਹਲੀਮ ਵੀ ਤੇ ਹਉਂ ਵਾਲਾ ਵੀ। ਮੈਂ ਇਸ ਹਉਂ ਵਾਲੇ ਹਲੀਮ ਬੰਦੇ ਨਾਲ ਦਿੱਲੀ ਦੇ ਕਨਾਟ ਪਲੇਸ ਵਿਚ ਇੱਕ ਟੈਕਸੀ ਸਟੈਂਡ ’ਤੇ ਨ੍ਹੇਰੇ ਵਿੱਚ ਪਏ ਲੱਕੜ ਦੇ ਤਖ਼ਤਪੋਸ਼ ’ਤੇ ਬਹਿ ਕੇ ਤਾਰਾ ਸਿੰਘ, ਹਰਿਨਾਮ ਤੇ ਨੂਰ ਦੀ ਸੰਗਤ ਵਿਚ ਮਦਿਰਾ-ਪਾਨ ਕੀਤੀ। ਫੇਰ ਡਾਕਟਰ ਹਰਿਭਜਨ ਸਿੰਘ ਨਾਲ ਅਣਗਿਣਤ ਮੁਲਕਾਤਾਂ।
ਡਾ. ਹਰਿਭਜਨ ਸਿੰਘ ਨਾਲ ਦਿੱਲੀ ਦੇ ਮੋਹਣ ਸਿੰਘ ਪਲੇਸ ਵਾਲੇ ਕਾਫੀ ਹਾਊਸ ’ਚ ਕੁਝ ਯਾਦਾਂ ਬੜੀਆਂ ਦਿਲਚਸਪ ਨੇ। ਹਰਨਾਮ ਆਖਦਾ, ‘‘ਲਓ ਆ ਗਿਆ ਜੇ ਡਾਕਟਰ ਵੀ!’’ ਪਤਾ ਨਹੀਂ ਕਿਉਂ ਹੱਸ ਪੈਂਦਾ ਹਰਨਾਮ। ਸਤਿਆਰਥੀ ਆਪਣਾ ਕਾਫੀ ਦਾ ਕੱਪ ਸੰਭਾਲ ਲੈਂਦਾ। ਨੂਰ ਆਪਣਾ ਪਾਣੀ ਦਾ ਗਿਲਾਸ ਸਾਂਭ ਲੈਂਦਾ। ਤੇ ਤਾਰਾ ਸਿੰਘ ਡਾ. ਹਰਿਭਜਨ ਦੇ ਆਉਂਦੇ-ਸਾਰ ਲਤੀਫਾ ਹਵਾ ’ਚ ਉਛਾਲ ਦਿੰਦਾ। ਮਹਿਫਲ ਭਖ ਜਾਂਦੀ। ਡਾ. ਹਰਿਭਜਨ ਸਿੰਘ ਅਚਾਨਕ ਹੱਸਦਾ ਹੱਸਦਾ ਕੁਝ ਗੁਣਗੁਣਾਉਣ ਲੱਗ ਜਾਂਦਾ। ਇਹ ਅਕਸਰ ਕਰਦਾ ਹਰਿਭਜਨ ਸਿੰਘ। ਉਹਦੇ ਅੰਦਰ ਇਕ ਰਾਗੀ ਬੈਠਾ ਸੀ ਜੋ ਪਤਾ ਨਹੀਂ ਕਦੋਂ ਜਾਗ ਪੈਂਦਾ। ਹਰਿਭਜਨ ਸਿੰਘ ਭੀੜ ‘ਚ ਇੱਕਲਾ ਹੋ ਜਾਂਦਾ। ਗੁਣਗੁਣਾਹਟ ਉਹਦੇ ਨਾਲ ਤੁਰਨ ਲੱਗ ਪੈਂਦੀ। ਇਹੀ ਗੁਣਗੁਣਾਹਟ ਡਾਕਟਰ ਦੇ ਗੀਤਾਂ ‘ਚ ਆਉਂਦੀ, ਇਹੀ ਅੱਖਾਂ ’ਚ, ਇਹੀ ਹੋਠਾਂ ’ਤੇ, ਇਹੀ ਜੀਵਨ ’ਚ, ਇਹੀ ਤੋਰ ’ਚ ਤੇ ਇਹੀ ਗੁਣਗਣਾਹਟ ਉਹਦੀ ਦੋਸਤੀ ’ਚ ਹੁੰਦੀ, ਦੁਸ਼ਮਣੀ ’ਚ ਹੁੰਦੀ, ਕਵਿਤਾ ’ਚ ਹੁੰਦੀ, ਆਲੋਚਨਾ ’ਚ ਹੁੰਦੀ। ਬਾਲਾਂ ਜਿਹਾ ਮਾਸੂਮ-ਮਾਸੂਮ ਡਾਕਟਰ ਉਹ ਬੱਚਾ ਬਣ ਜਾਂਦਾ ਜੋ ਝਰੀਟ ਪਾ ਜਾਂਦਾ ਹੈ ਦੀਵਾਰਾਂ ’ਤੇ, ਚਿਹਰੇ ’ਤੇ, ਅਤੇ ਕਦੀ-ਕਦਾਈਂ ਆਪਣੇ ਨਹੁੰ ਦਾ ਕੱਚਾ ਮਾਸ ਛਿੱਲ ਬਹਿੰਦਾ ਹੈ ਜਿਵੇਂ ਮਾਸੂਮ ਬਾਲ ਕੋਈ ਇਵੇਂ ਹੋ ਜਾਂਦਾ ਡਾ. ਹਰਿਭਜਨ ਸਿੰਘ।
ਹਰਿਭਜਨ ਸਿੰਘ ਦੀਆਂ ਲਿਖਤਾਂ ਪੜ੍ਹ ਕੇ ਇਸ ਸ਼ਖ਼ਸੀਅਤ ਵੱਲ ਪਿਛਲ ਝਾਤ ਮਾਰਦਿਆਂ ਉਹਦੀ ਹੀ ਕਵਿਤਾ ਦੀ ਇੱਕ ਸਤਰ ਯਾਦ ਆ ਜਾਂਦੀ ਹੈ, ‘ਕੋਈ ਦਮ ਯਾਦ ਕਰੋਗੇ!’ ਆਓ ਦੇਖਦੇ ਹਾਂ ਕੈਸਾ ਲਗਦਾ ਹੈ ਇਹ ਕਵੀ ਆਪਣੀ ਬੀਵੀ ਨਾਲ:

01 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਡਾ. ਸਾਹਿਬ ਆਲੋਚਨਾ, ਸਮੀਖਿਆ ਵੇਲੇ ਜਿਹੜਾ ਗੁੱਸਾ ਹੁੰਦੈ, ਉਹ ਤਾਂ ਤੁਸੀਂ ਹੀ ਦੱਸ ਸਕਦੇ ਸੀ, ਪਰ ਜਿਹੜਾ ਗੁੱਸਾ ਤੁਹਾਨੂੰ ਘਰ-ਪਰਿਵਾਰ ਦੀਆਂ ਉਲਝਣਾਂ ਤੋਂ ਆਉਂਦਾ ਹੈ, ਉਹਦੇ ਬਾਰੇ ਪੁੱਛਣ ਲਈ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਕਿ ਤੁਹਾਡੀ ਬੀਵੀ ਵੀ ਸਾਡੇ ਨਾਲ ਏ, ਇਜਾਜ਼ਤ ਹੋਵੇ ਤਾਂ ਪੁੱਛੀਏ ਕਿ ਤੁਸੀਂ ਗੁੱਸੇ ‘ਚ ਕਿਹੋ ਜਿਹੇ ਹੁੰਦੇ ਓ?
- ਹਾਂ ਜ਼ਰੂਰ! ਹਾਂ ਦੱਸ ਬਈ ਕਿਰਪਾਲ।
? ਤੁਸੀਂ ਦੱਸੋਗੇ ਕਿ ਡਾਕਟਰ ਸਾਹਿਬ ਗੁੱਸਾ ਕਿੰਨਾ ਕੁ ਕਰਦੇ ਨੇ, ਕਿਉਂ ਕਰਦੇ ਨੇ।
- ਜੀ ਮੈਂ ਤਾਂ ਉਨ੍ਹਾਂ ਦਾ ਗੁੱਸਾ ਕਦੀ ਖ਼ਾਸ ਵੇਖਿਆ ਨਹੀਂ। ਆਪਣੇ ਪੜ੍ਹਨ ’ਚ ਈ ਮਸਤ ਰਹਿੰਦੇ ਨੇ ਹਰ ਵੇਲੇ।
ਹਰਿ-ਨਹੀਂ ਕਈ ਵਾਰੀ ਮੈਂ ਤੈਨੂੰ ਗੁੱਸਾ ਹੋ ਜਾਨਾਂ। ਅਸਲ ਵਿਚ ਅਸੀਂ ਕਦੇ ਲੜੇ ਨਹੀਂ, ਝਗੜੇ ਜ਼ਰੂਰ ਹਾਂ ਤੇ ਮੈਂ ਸਮਝਨਾਂ ਇਹ ਵੀ ਸਾਡਾ ਇਕ ਦੂਜੇ ਪ੍ਰਤੀ ਪਿਆਰ ਪ੍ਰਗਟਾਉਣ ਦਾ ਹੀ ਤਰੀਕਾ ਐ।
ਮਿਸਿਜ਼ ਹਰਿਭਜਨ:- ਨਹੀਂ ਹੁਣ ਤਾਂ ਅਸੀਂ ਕਦੇ ਝਗੜੇ ਈ ਨਹੀਂ। ਜੇ ਝਗੜ ਪਈਏ ਤਾਂ ਸਾਡੇ ਪੋਤਰੇ ਈ ਸੁਲਾਹ ਕਰਵਾ ਦਿੰਦੇ ਨੇ।
? ਮਿਸਿਜ਼ ਹਰਿਭਜਨ ਤੁਸੀਂ ਇਹ ਦੱਸੋ ਕਿ ਜਵਾਨੀ ਵੇਲੇ ਡਾਕਟਰ ਸਾਹਿਬ ਦੀ ਜੋ ਪੜ੍ਹਨ-ਲਿਖਣ ਦੀ ਲਗਨ ਸੀ, ਉਸ ਨੇ ਤੁਹਾਨੂੰ ਪਰੇਸ਼ਾਨ ਕੀਤਾ ਕਿ ਖੁਸ਼ੀ ਦਿੱਤੀ?
- ਜਦੋਂ ਮੈਂ ਵਿਆਹੀ ਆਈ ਤਾਂ ਮੇਰੇ ’ਤੇ ਇਹ ਪ੍ਰਭਾਵ ਸੀ ਕਿ ਇਹ ਪੜ੍ਹੇ ਲਿਖੇ ਜ਼ਿਆਦਾ ਨੇ। ਇਨ੍ਹਾਂ ਆਉਂਦਿਆਂ ਹੀ ਮੇਰੇ ਹੱਥ ਥੈਲਾ ਫੜਾ ਦਿੱਤਾ, ਪਈ ਇੱਥੋਂ ਸਬਜ਼ੀ ਲਿਆਉਣੀ ਹੈ ਤੇ ਐਥੋਂ ਐਹ ਚੀਜ਼ ਲਿਆਉਣੀ ਐ। ਫੇਰ ਮੈਨੂੰ ਐਸੀ ਆਦਤ ਪੈ ਗਈ ਕਿ ਮੈਂ     ਇਨ੍ਹਾਂ ਨੂੰ ਪੜ੍ਹਨ ’ਤੇ ਈ ਲਾ ਦਿੱਤਾ ਤੇ ਆਪ ਘਰੇਲੂ ਔਰਤ ਬਣੀ ਰਹੀ।
ਹਰਿ-ਵੈਸੇ ਇਹ ਗੱਲ ਸਹੀ ਐ ਕਿ ਮੈਨੂੰ ਤੇ ਮੇਰੀ ਪੜ੍ਹਾਈ ਨੂੰ ਅੱਗੇ ਲਿਜਾਣ ਵਿਚ ਕਿਰਪਾਲ ਦਾ ਬੜਾ ਹੱਥ ਐ। ਵੈਸੇ ਕਦੀ-ਕਦੀ ਇਹ ਮੇਰੀ ਪੜ੍ਹਾਈ ਤੋਂ ਖਿੱਝ ਜਾਂਦੀ ਐ। ਕਿਤਾਬਾਂ ਦੇ ਖਲਾਰੇ ਤੋਂ ਖਿੱਝ ਜਾਂਦੀ ਐ। ਫੇਰ ਆਪੇ ਈ ਠੀਕ ਕਰਕੇ ਰੱਖ ਵੀ ਦਿੰਦੀ ਐ।
? ਲੇਖਕਾਂ ਦੇ ਘਰਾਂ ਵਿਚ ਆਏ ਗਏ ਦਾ ਬੜਾ ‘ਪੁਆੜਾ’ ਰਹਿੰਦੈ। ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
- ਪਹਿਲਾਂ ਅਸੀਂ ਕਰੋਲ ਬਾਗ਼ ਰਹਿੰਦੇ ਸੀ। ਉਥੇ ਬੜੇ ਲੋਕ ਆਉਂਦੇ ਜਾਂਦੇ ਰਹਿੰਦੇ ਸੀ। ਤੇ ਚਾਹ ਬਣਾ-ਬਣਾ ਕੇ ਬੰਦੀ ਹੋ ਜਾਂਦੈ। ਇਸ ਬਾਰੇ ਇਨ੍ਹਾਂ ਇਹ ਕੀਤਾ ਕਿ ਦੋਸਤਾਂ ਨੂੰ ਕਾਫੀ ਹਾਊਸ ਲੈ ਜਾਣਾ। ਮੈਂ ਇਸ ਗੱਲ ਤੋਂ ਵੀ ਦੁਖੀ ਹੋ ਗਈ, ਕਿਉਂਕਿ ਇਹ ਘੰਟਿਆਂਬੱਧੀ ਉਥੇ ਬੈਠੇ ਰਹਿੰਦੇ ਸਨ। ਘਰ ਮੈਂ ਬੱਚੇ ਦੇਖਣੇ ਤੇ ਇਨ੍ਹਾਂ ਨੇ ਆਉਣਾ ਈ ਨਾ।
ਹਰਿ-ਕਿਰਪਾਲ, ਅੱਜ-ਕੱਲ੍ਹ ਵੀ ਤਾਂ ਬੰਦੇ ਕਾਫੀ ਆਉਂਦੇ ਨੇ।
ਮਿਸਿਜ਼ ਹਰਿਭਜਨ- ਹਾਂ, ਆਉਂਦੇ ਨੇ ਅਜੇ ਵੀ। ਪਰ ਮੈਨੂੰ ਤਾਂ ਇਹ ਐ ਕਿ ਕਈ ਵਾਰ ਮਹਿਮਾਨ ਤਾਂ ਕਹਿਣਗੇ ਕਿ ਅਸੀਂ ਚਾਹ ਨਹੀਂ ਪੀਣੀ, ਪਰ ਡਾਕਟਰ ਸਾਹਿਬ ਕਹਿ ਦੇਣਗੇ ਕਿ ਮੈਂ ਪੀਣੀ ਐ, ਬਣਾ ਲੈ। ਫੇਰ ਸਾਰਿਆਂ ਲਈ ਬਣਾਉਣੀ ਪੈਂਦੀ ਐ। ਖ਼ੈਰ, ਹੁਣ ਤਾਂ ਸਾਡੀ ਨੂੰਹ ਨਾਲ ਏ। ਹੱਥ ਵਟਾ ਦਿੰਦੀ ਏ।
ਹਰਿ- ਮੈਂ ਆਪਣੀ ਨੂੰਹ ਬਾਰੇ ਕਹਿੰਨਾ ਕਿ ਉਹ ਘਰ ਦੀ ਮਾਂ ਏ। ਉਹ ਮੈਨੂੰ ਪੁੱਤਰ-ਧੀਆਂ ਨਾਲੋਂ ਵੱਧ ਪਿਆਰੀ ਏ। ਮੈਂ ਕਹਾਂਗਾ ਕਿ ਇਹੋ ਜਿਹੀਆਂ ਨੂੰਹਾਂ ਰੱਬ ਸਾਰਿਆਂ ਨੂੰ ਦੇਵੇ। ਉਹ ਜਲੰਧਰ ਦੀ ਐ। ਤੁਹਾਡੇ ਸ਼ਹਿਰ ਦੀ।
? ਅੱਛਾ ਮਿਸਿਜ਼ ਹਰਿਭਜਨ ਤੁਸੀਂ ਇਹ ਦੱਸੋ ਕਿ ਔਰਤਾਂ ਨਾਲ ਜੋ ਡਾਕਟਰ ਸਾਹਿਬ ਦਾ ਮਿਲਣ-ਗਿਲਣ ਹੈ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਜਵਾਨੀ ’ਚ ਤੁਹਾਡਾ ਇਸ ਗੱਲ ਬਾਰੇ ਕੀ ਰੀਐਕਸ਼ਨ ਹੁੰਦਾ ਸੀ?
- ਐਹ ਸੀ ਕਿ ਮਿਲਣ ਆਉਣਾ ਤਾਂ ਕਿਸੇ ਦਾ ਬੁਰੀ ਗੱਲ ਨਹੀਂ। ਪਰ ਜੇ ਕੋਈ ਨਾਲ ਜ਼ਿਆਦਾ ਈ ਮਤਲਬ (ਹਾਸਾ)…. ਦੇਖੋ ਜੀ! ਕਈਆਂ ਨੂੰ ਤਾਂ ਕੰਮ ਹੁੰਦੈ। ਬਿਲਕੁਲ ਈ, ਮਤਲਬ ਕਿਸੇ ’ਤੇ ਸ਼ੱਕ ਕਰੀ ਜਾਣਾ ਇਹ ਵੀ ਠੀਕ ਨਹੀਂ।

01 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਤੁਹਾਡਾ ਇਸ ਗੱਲ ਨੂੰ ਲੈ ਕੇ ਕਦੀ ਝਗੜਾ ਨਹੀਂ ਹੋਇਆ?
- ਨਹੀਂ, ਕੋਈ ਖ਼ਾਸ ਨਹੀਂ ਹੋਇਆ। ਬੱਸ ਇਕ ਅੱਧੀ ਵਾਰ।
(ਹਾਸਾ)
? ਕੋਈ ਇਕ ਝਗੜਾ ਸੁਣਾਓ?
- ਮੈਂ ਤਾਂ ਜੀ ਇਨ੍ਹਾਂ ਲੋਕਾਂ ਨੂੰ ਸੰਗਤ ਕਹਿੰਦੀ ਹਾਂ। ਇਨ੍ਹਾਂ ਦੀ ਸਾਧ-ਸੰਗਤ ਇਨ੍ਹਾਂ ਕੋਲ ਆਉਂਦੀ ਏ।
ਹਰਿ- ਇਕ ਅੱਧੀ ਵਾਰ ਦੁਖੀ ਵੀ ਹੋਈ ਐ। ਐਸੀ ਗੱਲ ਨਹੀਂ। ਪਰ ਮੈਨੂੰ ਫੇਰ ਬਖਸ਼ ਦਿੰਦੀ ਹੈ। ਜਿਸ ਤਰ੍ਹਾਂ ਉਹ ਸ਼ੇਅਰ ਹੈ ਨਾ ‘ਅਰੇ ਬਖਸ਼ ਦੋ ਗਰ ਗੁਨਾਹ   ਕਰੇ ਕੋਈ।’
ਮਿਸਿਜ਼ ਹਰਿਭਜਨ- ਪਰ ਜੀ ਮੈਨੂੰ ਕਿਸੇ ਨਾ ਕਿਸੇ ਰੂਪ ‘ਚ ਪਤਾ ਲੱਗ ਜਾਂਦੈ ਕਿ ਇਨ੍ਹਾਂ ਦੇ ਨਾਲ ਕੌਣ ਘੁੰਮਦੈ?
? ਰੀਟਾਇਰਮੈਂਟ ਤੋਂ ਬਾਅਦ ਕੈਸਾ ਲੱਗ ਰਿਹੈ ਡਾਕਟਰ ਸਾਹਬ?
- ਮੈਂ ਕਿਤੇ ਵੀ ਹੋਵਾਂ ਪੜ੍ਹਦਾ ਰਹਿੰਦਾ ਹਾਂ। ਮੈਂ ਜਿੰਨਾ ਰੀਟਾਇਰਮੈਂਟ ਤੋਂ ਬਾਅਦ ਪੜ੍ਹਿਆ, ਓਨਾ ਟੀਚਿੰਗ ਵੇਲੇ ਨਹੀਂ ਪੜ੍ਹਿਆ।
? ਤੁਹਾਨੂੰ ਕਈ ਤਰ੍ਹਾਂ ਦੇ ਵਿਦਿਆਰਥੀ ਮਿਲੇ ਹੋਣਗੇ। ਕੀ ਕਹਿਣਾ ਚਾਹੋਗੇ ਉਨ੍ਹਾਂ ਬਾਰੇ।
- ਮੈਨੂੰ ਵਿਦਿਆਰਥੀ ਬੜੇ ਚੰਗੇ ਮਿਲੇ ਨੇ। ਯੂਨੀਵਰਸਿਟੀ ਤੋਂ ਪਹਿਲਾਂ ਮੈਂ ਕਾਲਜ ਵਿਚ ਤੇ ਉਸ ਤੋਂ ਪਹਿਲਾਂ ਸਕੂਲ ਮਾਸਟਰ ਸਾਂ। ਉਸ ਵੇਲੇ ਦੇ ਵਿਦਿਆਰਥੀ ਜਦੋਂ ਮਿਲਦੇ ਨੇ ਤਾਂ ਮੈਂ ਮਹਿਸੂਸ ਕਰਦਾਂ ਕਿ ਇਤਨੀ ਜ਼ਿਆਦਾ ਸਵੱਛਤਾ ਏਸ ਦੁਨੀਆਂ ’ਚ ਅਜੇ ਮੌਜੂਦ ਹੈ। ਆ ਕੇ ਉਹ ਪੈਰੀਂ ਹੱਥ ਲਾਉਣਗੇ ਤੇ ਕਹਿਣਗੇ ਕਿ ਅਸੀਂ ਤੁਹਾਨੂੰ ਮਾਸਟਰ ਜੀ ਕਹੀਏ ਤਾਂ ਗੁੱਸਾ ਤਾਂ ਨਹੀਂ ਕਰੋਗੇ? ਮੈਂ ਕਹਿਨਾਂ ਕਹੋ, ਮੈਂ ਮਾਸਟਰ ਸਾਂ। ਮੈਂ ਤੁਹਾਡੇ ਨਾਲ ਰਿਸ਼ਤਾ ਤੋੜ ਥੋੜ੍ਹਾ ਸਕਨਾ ਵਾਂ। ਵਿਦਿਆਰਥੀਆਂ ਦੇ ਮਾਮਲੇ ਵਿਚ ਮੈਂ ਬੜਾ ਖ਼ੁਸਕਿਸਮਤ ਹਾਂ। ਮੈਨੂੰ ਦਿੱਕਤ ਸਿਰਫ ਇਹ ਹੋਈ ਕਿ ਮੈਨੂੰ ਗੁਰੂ ਬਹੁਤ ਘੱਟ ਮਿਲਿਐ। ਕਿਉਂਕਿ ਮੈਂ ਕਾਲਜਾਂ ਯੂਨੀਵਰਸਿਟੀਆਂ ’ਚ ਬਾਕਾਇਦਾ ਤੌਰ ’ਤੇ ਘੱਟ ਪੜ੍ਹਿਆ ਹਾਂ। ਪਰ ਮੈਨੂੰ ਵਿਦਿਆਰਥੀਆਂ ਦੇ ਮਾਮਲੇ ’ਚ ਸ਼ੁੱਧ ਵਿਦਿਆਰਥੀ ਮਿਲੇ ਨੇ। ਉਨ੍ਹਾਂ ਦੇ ਦੂਜੇ ਰੂਪਾਂ, ਮੇਰਾ ਮਤਲਬ ਵਿਦਿਆਰਥੀਆਂ ਤੋਂ ਇਲਾਵਾ ਵੀ ਇਕ ਬੰਦੇ ਦੇ ਕਈ ਰੂਪ ਹੁੰਦੇ ਨੇ, ਮੈਂ ਉਨ੍ਹਾਂ ਰੂਪਾਂ ਬਾਰੇ ਕੋਈ ਟਿੱਪਣੀ ਨਹੀਂ ਕਰਦਾ, ਲੇਕਿਨ ਵਿਦਿਆਰਥੀ ਦੇ ਤੌਰ ’ਤੇ ਮੈਂ ਉਨ੍ਹਾਂ ਤੋਂ ਬਹੁਤ ਖੁਸ਼ ਹਾਂ।
? ਮਿਸਿਜ਼ ਹਰਿਭਜਨ ਤੁਸੀਂ ਇਨ੍ਹਾਂ ਦੇ ਨਾਲ ਰਹਿ ਰਹੇ ਹੋ। ਇਨ੍ਹਾਂ ਦੀਆਂ ਕਵਿਤਾਵਾਂ ਗੀਤਾਂ ਦੇ ਵੀ ਨਾਲ ਵੱਸੇ ਹੋ ਕਦੀ? ਕੋਈ ਕਵਿਤਾ ਸੁਣਾਓ ਇਨ੍ਹਾਂ ਦੀ?
ਮਿਸਿਜ਼ ਹਰਿਭਜਨ :- ਜਿਹੜੀ ਪਹਿਲੀ ਕਿਤਾਬ ‘ਲਾਸਾਂ’ ਸੀ ਇਨ੍ਹਾਂ ਦੀ, ਉਸ ’ਚੋਂ ਮੈਨੂੰ ਕਵਿਤਾ ਯਾਦ ਐ, ਉਹ ਕਿ ‘ਮੈਂ ਇਕ ਤਾਰਾ ਹੋਰ, ਇਹਦੀ ਜੋਤ ਵਿਲੱਖਣ ਲਿਸ਼ਕਦੀ, ਇਹਦੀ ਆਭਾ ਨਵੀਂ ਨਕੋਰ।’
ਹਰਿ:- ਵੈਸੇ ਮੇਰੇ ਘਰ ਵਾਲੀ ਮੇਰੀ ਕਵਿਤਾ ਨੂੰ ਪੜ੍ਹਦੀ ਐ। ਸਮਝਦੀ ਵੀ ਐ।
ਮਿਸਿਜ਼ ਹਰਿਭਜਨ – ਮੈਂ ਤਾਂ ਵਿਚੋਂ ਕੋਈ ਲਾਈਨਾਂ ਕਟਾ ਵੀ ਦਿੰਦੀ ਸੀ ਕਈ ਵਾਰ।
ਹਰਿ – ਹਾਂ! ਮਿਸਾਲ ਦੇ ਤੌਰ ’ਤੇ ‘ਕਾਲੀ ਰਾਤ ਬਲੂੰਗਾ ਵਿਲਕੇ’ ਤੇ ਮੈਂ ਲਿਖਿਆ ਸੀ ‘ਕਾਲੀ ਰਾਤ ਕਤੂਰਾ ਵਿਲਕੇ’ ਤੇ ਇਹਨੇ ਕਿਹਾ ਸੀ ਕਿ ਕਤੂਰਾ ਕੱਟ ਕੇ ਬਲੂੰਗਾ ਕਰੋ। ਫੇਰ ਮੈਂ ਬਲੂੰਗਾ ਕੀਤਾ। ਇਹਦਾ ਮੇਰੀ ਕਵਿਤਾ ਨਾਲ ਬੜਾ ਵੱਖਰਾ ਰਿਸ਼ਤਾ ਹੈ। ਇਕ ਵਾਰੀ ਇਹ ਬੀਮਾਰ ਪਈ ਸੀ। ਮੈਂ ਪੜ੍ਹਾਉਣ ਗਿਆ ਹੋਇਆ ਸੀ। ਮੈਂ ਵਾਪਸ ਅਇਆ ਤਾਂ ਦੇਖਿਆ ਕਿ ਇਹ ਬੀਮਾਰ ਪਈ ਮੇਰੀ ਕਿਤਾਬ ‘ਤਾਰ ਤੁਪਕਾ’ ਪਈ ਪੜ੍ਹੇ। ਮੈਂ ਦਵਾ ਦਾਰੂ ਪੁੱਛਿਆ ਤੇ ਕਿਤਾਬ ਲੈ ਕੇ ਇਕ ਪਾਸੇ ਰੱਖ ਤੀ। ਉਸ ਤੋਂ ਬਾਅਦ ਮੇਰਾ ਇਕ ਦੋਸਤ ਆਇਆ। ਸ਼ਾਇਦ ਤੁਸੀਂ ਜਾਣਦੇ ਹੋਵੋ। ਉਹ ਆਪ ਸ਼ਾਇਰ ਸੀ। ਅਮਰ ਸਿੰਘ ਸੀ ਉਹਦਾ ਨਾਮ।

01 May 2012

Showing page 1 of 2 << Prev     1  2  Next >>   Last >> 
Reply