Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੇ ਹੌਸਲਾ ਕਰ ਲੈਂਦਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜੇ ਹੌਸਲਾ ਕਰ ਲੈਂਦਾ

ਜਦੋਂ 54-55 ਦੇ ਸੈਸ਼ਨ ਵਿਚ ਮੈਂ ਡੀ.ਐਮ. ਕਾਲਜ, ਮੋਗਾ ਵਿਚ ਬੀ.ਟੀ. ਦਾ ਦਾਖਲਾ ਲਿਆ ਤਾਂ ਪੰਜਾਬੀ ਲੇਖਕ ਦੇ ਤੌਰ ’ਤੇ ਮੇਰਾ ‘ਚੰਗਾ-ਚੋਖਾ’ ਨਾਂ ਬਣ ਗਿਆ ਸੀ। ਇਹ ਨਹੀਂ ਕਿ ਮੈਂ ਬਹੁਤ ਸਾਰਾ ਲਿਖਿਆ ਸੀ। ਇਹ ਸੀ ਕਿ ਮੈਂ ਬਹੁਤ ਚੰਗੇ ਪੰਜਾਬੀ ਦੇ ਅਖ਼ਬਾਰ ਤੇ ਬਹੁਤ ਹੀ ਪ੍ਰਸਿੱਧ ਪੰਜਾਬੀ ਮਾਸਿਕ ਪੱਤਰਾਂ ਵਿਚ ਛਪਿਆ ਸੀ। ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਆਪਣੇ ਚਾਚੇ ਦੇ ਹਮ-ਜਮਾਤੀ ਜਸਵੰਤ ਸਿੰਘ ‘ਕੰਵਲ’ ਨੂੰ ਲਿਖਦਿਆਂ ਦੇਖ, ਲੇਖਕ ਬਣਨ ਦੀ ਲੱਲ ਲੱਗ ਗਈ ਸੀ। ਮੇਰੇ ਸਮਕਾਲੀ ਪਾਠਕਾਂ/ਲੇਖਕਾਂ ਨੂੰ ਯਾਦ ਹੋਵੇਗਾ ਕਿ ‘ਅਕਾਲੀ ਪੱਤ੍ਰਿਕਾ’ ਸਮਾਚਾਰ ਪੱਤਰ ਵਿਚ ਦਿੱਤੀ ‘ਸਮੱਸਿਆ’ ਨੂੰ ਦੇਖ ਕਈਆਂ ਨੂੰ ਕਵਿਤਾ ਲਿਖਣ ਦੀ ਪ੍ਰੇਰਨਾ ਮਿਲੀ ਸੀ। ਮੈਂ ਵੀ ਉਨ੍ਹਾਂ ਵਿਚੋਂ ਇਕ ਹਾਂ। ਮੇਰੀਆਂ ਕੁਝ ਕਵਿਤਾਵਾਂ ਤਾਂ ਅਖ਼ਬਾਰ ਦੇ ਮੂਹਰਲੇ ਸਫ਼ੇ ’ਤੇ ਵੀ ਛਪੀਆਂ ਸਨ।
ਸੰਨ 1950 ਵਿਚ ਜਸਵੰਤ ਸਿੰਘ ‘ਕੰਵਲ’ ਦਾ ਪਹਿਲਾ ਕਹਾਣੀ ਸੰਗ੍ਰਹਿ ‘ਕੰਡੇ’ ਛਪਿਆ। ਮੈਂ ਉਦੋਂ ਦਸਵੀਂ ਵਿਚ ਪੜ੍ਹਦਾ ਸਾਂ। ਇਸ ਕਹਾਣੀ ਸੰਗ੍ਰਹਿ ਨੂੰ ਪੜ੍ਹਨ ਪਿੱਛੋਂ ਮੈਂ ਮਹਿਸੂਸ ਕੀਤਾ ਕਿ ਆਪਣੀ ਗੱਲ ਕਵਿਤਾ ਨਾਲੋਂ ਕਹਾਣੀ ਵਿਚ ਚੰਗੀ ਤਰ੍ਹਾਂ ਕਹੀ ਜਾ ਸਕਦੀ ਹੈ। ਕਹਾਣੀ ਲਿਖਣ ਦਾ ਸਬੱਬ ਵੀ ਬਣ ਗਿਆ। ਕੈਨੇਡਾ ਤੋਂ ਆਏ ਕਪੂਰੇ ਪੱਤੀ ਵਾਲਾ ਜੋਗਿੰਦਰ ਸਿੰਘ ਮੇਰੇ ਬਾਪੂ ਜੀ ਨੂੰ ਦੱਸ ਰਿਹਾ ਸੀ: ਅਮਰੀਕਾ ਵਰਗੇ ਧਨੀ ਦੇਸ਼ ’ਚ ਜਦੋਂ ਲੋੜ ਤੋਂ ਵੱਧ ਅਨਾਜ ਪੈਦਾ ਹੋਵੇ ਜਾਂ ਤਾਂ ਉਹ ਇਹਨੂੰ ਅੱਗ ਲਾ ਦਿੰਦੇ ਹਨ ਜਾਂ ਸਮੁੰਦਰ ਵਿਚ ਸੁੱਟ ਦਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਅਨਾਜ ਸਸਤੇ ਭਾਅ ਨਾ ਵੇਚਣਾ ਪੈ ਜਾਵੇ। ਮੈਂ ਇਹ ਸੁਣ ਕੇ ਕਹਾਣੀ ਲਿਖੀ: ‘ਲੈ ਜਾਓ ਪਰ ਫੂਕਿਓ ਨਾ’ ’ਤੇ ‘ਪ੍ਰੀਤ ਲੜੀ’ ਨੂੰ ਛਪਣ ਲਈ ਭੇਜ ਦਿੱਤੀ ਤੇ ਜਦੋਂ ਇਹ ਕਹਾਣੀ ਛਪੀ ਤਾਂ ਮੇਰੇ ਧਰਤੀ ’ਤੇ ਪੈਰ ਨਾ ਲੱਗਣ। ਮੇਰੇ ਬਾਪੂ ਜੀ ਨੇ ਕਈਆਂ ਨੂੰ ਇਸ ਕਹਾਣੀ ਬਾਰੇ ਦੱਸਿਆ। ਉਸ ਰਾਤ ਮੈਂ ‘ਪ੍ਰੀਤ ਲੜੀ’ ਸਿਰਹਾਣੇ ਹੇਠ ਰੱਖ ਕੇ ਸੁੱਤਾ ਸੀ। ਮੇਰਾ ਹੌਸਲਾ ਵਧ ਗਿਆ। ਫੇਰ ਮੈਂ ਦੂਜੀ ਕਹਾਣੀ ‘ਨਵੇਂ ਸਿਰਿਓਂ ਫੁੱਟਿਆ ਮੁੱਢ’ ਲਿਖ ਕੇ ‘ਪ੍ਰੀਤ ਲੜੀ’ ਨੂੰ ਭੇਜੀ। ਇਹ ਵੀ ਛਪ ਗਈ। ਉਨ੍ਹਾਂ ਦਿਨਾਂ ’ਚ ਪ੍ਰੋ. ਮੋਹਨ ਸਿੰਘ ਦੇ ਮਾਸਿਕ ਪੱਤਰ ‘ਪੰਜ ਦਰਿਆ’ ਦੀ ਵੀ ਬੜੀ ਪ੍ਰਸਿੱਧੀ ਸੀ। ਮੈਂ ਦੋ ਕਹਾਣੀਆਂ ‘ਬੇਬਸੀ’ ਤੇ ‘ਕਤਲਗ਼ਾਹ’ ‘ਪੰਜ ਦਰਿਆ’ ਵਿਚ ਛਪਣ ਲਈ ਭੇਜੀਆਂ। ਇਹ ਵੀ ਛਪ ਗਈਆਂ। ਫੇਰ ਮੈਂ ਜਿੱਥੇ ਵੀ ਕਹਾਣੀ ਭੇਜਦਾ ਸਾਂ, ਛਪ ਜਾਂਦੀ ਸੀ। ‘ਅਕਾਲੀ ਪੱਤ੍ਰਿਕਾ’ ਵਿਚ ਛਪੀਆਂ ਕਵਿਤਾਵਾਂ ਅਤੇ ਵੱਖ-ਵੱਖ ਪਰਚਿਆਂ ਵਿਚ ਛਪੀਆਂ ਕਹਾਣੀਆਂ ਦੀ ਕਟਿੰਗ ਮੈਂ ਤਣੀਆਂ ਵਾਲੇ ਕੱਪੜੇ ਦੇ ਥੈਲੇ ਵਿਚ ਪਾ ਮੋਢੇ ਵਿਚ ਲਟਕਾਈ ਰੱਖਦਾ ਸੀ।
ਬੀ.ਟੀ. ਲਈ ਭਰੇ ਫਾਰਮ ਵਿਚ ਤੇ ਬੀ.ਟੀ. ਲਈ ਹੋਈ ਇੰਟਰਵਿਊ ਵਿਚ ਮੈਂ ਇਨ੍ਹਾਂ ਰਚਨਾਵਾਂ ਦਾ ਜ਼ਿਕਰ ਕੀਤਾ ਸੀ। ਲਓ ਜੀ, ਮੈਨੂੰ ਦਾਖਲਾ ਮਿਲ ਗਿਆ ਤੇ ਕਾਲਜ ਦੀ ਪੰਜਾਬੀ ਸਾਹਿਤ ਸਭਾ ਦਾ ਮੈਨੂੰ ਜਨਰਲ ਸਕੱਤਰ ਵੀ ਬਣਾ ਦਿੱਤਾ। ਪੰਜਾਬੀ ਸਾਹਿਤ ਸਭਾ ਵੱਲੋਂ ਕਾਲਜ ਦੀ ਸਹਿਮਤੀ ਤੇ ਸਰਪ੍ਰਸਤੀ ਹੇਠ ਕਾਲਜ ਵਿਚ ‘ਕਵੀ ਦਰਬਾਰ’ ਕਰਵਾਇਆ ਗਿਆ, ਜਿਸ ਵਿਚ ਮੇਰਾ ਅਹਿਮ ਰੋਲ ਸੀ। ਮੈਨੂੰ ਯਾਦ ਹੈ ਕਾਲਜ ਦੇ ਵਿਦਿਆਰਥੀਆਂ ਨੇ ਇੰਦਰਜੀਤ ਸਿੰਘ ਤੁਲਸੀ ਦੇ ਇਸ ਗੀਤ ਨੂੰ ਤਿੰਨ ਵਾਰ ਸੁਣਿਆ ਸੀ:
ਏਧਰ ਕਣਕਾਂ ਓਧਰ ਕਣਕਾਂ
ਵਿੱਚ ਕਣਕਾਂ ਨੂੰ ਬੂਰ ਪਿਆ
ਮੁਟਿਆਰੇ ਜਾਣਾ ਦੂਰ ਪਿਆ।
ਗੀਤ ਵਧੀਆ ਸੀ, ‘ਤੁਲਸੀ’ ਦੀ ਗਾਇਕੀ ਬਾ-ਕਮਾਲ। ਪਿੱਛੋਂ ਪੰਜਾਬ ਸਰਕਾਰ ਨੇ ‘ਤੁਲਸੀ’ ਨੂੰ ਰਾਜ-ਕਵੀ ਦੇ ਖਿਤਾਬ ਨਾਲ ਵੀ ਨਿਵਾਜਿਆ ਸੀ।
ਪ੍ਰੋ. ਗਿਆਨੀ ਸੰਤ ਸਿੰਘ ਨਿਰਮਾਣ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ। ਇਕ ਦਿਨ ਮੈਨੂੰ ਜਮਾਤ ਵਿਚ ਕਹਿਣ ਲੱਗੇ: ਤੂੰ ਕਹਾਣੀਆਂ ਤੇ ਕਵਿਤਾਵਾਂ ਲਿਖੀਆਂ ਹਨ। ਕੋਈ ਗੀਤ ਨਹੀਂ ਲਿਖਿਆ। ਮੈਂ ਕਿਹਾ: ਲਿਖਿਆ ਸੀ। ਕੁਝ ਕਾਵਿ ਸਤਰਾਂ ਯਾਦ ਹਨ। ਮੈਂ ਉਹ ਸੁਣਾਈਆਂ:
ਤੇਰੇ ਬਿਨਾਂ ਬਹਾਰ ਨੂੰ ਮੈਂ ਕੀ ਹਾਂ?
ਤੇਰੇ ਨਾਲ ਸੀ ਰੰਗੀਲੀ ਰਾਤ ਮੇਰੀ
ਚਮਕਦੀ ਤੇ ਲਿਸ਼ਕਦੀ ਪ੍ਰਭਾਤ ਮੇਰੀ
ਤੂੰ ਨਹੀਂ ਮੇਰੇ ਲਈ, ਕੁਝ ਵੀ ਨਹੀਂ
ਇਹ ਧਰਤ ਸੂਰਜ ਚੰਦਰਮਾ ਜਾਂ ਇਹ ਸਮਾਂ

12 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਖੂਬ ਤਾੜੀਆਂ ਵੱਜੀਆਂ। ਇਕ ਵਿਦਿਆਰਥਣ ਸੁਰਜੀਤ ਉੱਠ ਕੇ ਕਹਿਣ ਲੱਗੀ: ਸਰ ਮੈਂ ਵੀ ਇਕ ਗੀਤ ਲਿਖਿਆ ਹੈ, ਕਹੋ ਤਾਂ ਸੁਣਾ ਦਿਆਂ। ‘ਭਾਈ, ਬੀਬਾ, ਤੂੰ ਵੀ ਸੁਣਾ ਦੇ।’ ਓਸ ਕੁੜੀ ਨੇ ਪਿਆਰ ਦਾ ਗੀਤ ਗਾ ਕੇ ਸੁਣਾਇਆ। ਸਾਰੀ ਜਮਾਤ ਨੇ ਉੱਠ ਕੇ ਤਾੜੀ ਵਜਾਈ।
ਸੁਰਜੀਤ ਨਾਲ ਮੇਰੀ ਨੇੜਤਾ ਵਧਦੀ ਗਈ। ਉਹ ਮੋਗੇ ਦੀ ਹੀ ਸੀ। ਇਕ ਦਿਨ ਮੈਂ ਉਹਦੇ ਘਰ ਚਲਿਆ ਗਿਆ। ਉਹਦੀ ਮਾਂ ਨੂੰ ਸਾਡੇ ਬਾਰੇ ਸਭ ਪਤਾ ਸੀ। ਉਹਦੀ ਮਾਂ ਨੇ ਕਈ ਸੁਆਲ ਤੇ ਗੱਲਾਂ ਮੈਨੂੰ ਪੁੱਛੀਆਂ। ਮੇਰੇ ਬਾਪੂ ਜੀ ਬਾਰੇ ਪੁੱਛਿਆ। ਮੈਂ ਦੱਸਿਆ: ਉਹ ਦਿਹਾਤੀ ਸਹਿਕਾਰੀ ਬੈਂਕ ਦੇ ਸਕੱਤਰ ਹਨ ਤੇ ਸਾਡਾ ਆਟੇ ਦੀ ਮਸ਼ੀਨ ਦਾ ਕਾਰਖਾਨਾ ਵੀ ਹੈ। ਉਹਦੀ ਮਾਂ ਕਹਿਣ ਲੱਗੀ: ਤੈਨੂੰ ਸੁਰਜੀਤ ਪਸੰਦ ਹੈ। ਮੈਂ ਕਿਹਾ ਬਹੁਤ ਪਸੰਦ ਹੈ। ਪਰ ਫੈਸਲਾ ਮੇਰੇ ਬਾਪੂ ਜੀ ਨੇ ਕਰਨਾ ਹੈ। ਇਕ ਦਿਨ ਮੈਂ ਜਕਦਿਆਂ-ਜਕਦਿਆਂ ਆਪਣੇ ਬਾਪੂ ਜੀ ਨੂੰ ਸਭ ਕੁਝ ਦੱਸ ਦਿੱਤਾ। ਉਹ ਕਹਿਣ ਲੱਗੇ ਤੂੰ ਆਪਣੇ ਘਰ ਬਾਰੇ ਸਭ ਦੱਸ ਦਿੱਤਾ ਹੈ। ਮੈਂ ਕਿਹਾ ‘ਹਾਂ’। ਕਹਿੰਦੇ ਤੂੰ ਦੱਸ ਦਿੱਤਾ ਹੈ ਕਿ ਜਿਸ ਵਿਹੜੇ ਵਿਚ ਅਸੀਂ ਰਾਤ ਨੂੰ ਸੌਂਦੇ ਹਾਂ, ਉਸ ਦੇ ਦੋਵੇਂ ਪਾਸੇ ਪਸ਼ੂ ਬੰਨ੍ਹੇ ਹੁੰਦੇ ਹਨ। ਮੇਰੀ ਮਾਂ ਅਨਪੜ੍ਹ ਹੈ। ਉਹ ਰੋਟੀ-ਟੁੱਕ ਤੇ ਗੋਹੇ-ਕੂੜੇ ਤੋਂ ਬਿਨਾਂ ਕੁਝ ਨਹੀਂ ਜਾਣਦੀ। ਘੁੰਡ ਕੱਢਦੀ ਹੈ। ਅਸੀਂ ਕਰਜ਼ਾ ਲੈ ਕੇ ਕਾਰਖਾਨਾ ਲਾਇਆ ਹੈ। ਕੋਠੇ ’ਤੇ ਚੜ੍ਹਨ ਲਈ ਲੱਕੜ ਦੀ ਪੌੜੀ ਹੈ। ਇਹ ਰਿਸ਼ਤਾ ਨਹੀਂ ਹੋ ਸਕਦਾ। ਜੇ ਮੈਥੋਂ ਵਾਹਰਾਂ ਹੋ ਕੇ ਕਰਨਾ ਹੈ ਤਾਂ ਸੌ ਵਾਰ ਕਰਲੈ। ਮੈਂ ਆਪਣੇ ਬਾਪੂ ਦੇ ਤੂਫ਼ਾਨੀ ਸੁਭਾਅ ਨੂੰ ਜਾਣਦਾ ਸੀ। ਮੈਂ ਉਸ ਕੁੜੀ ਨੂੰ ਜਾ ਦੱਸਿਆ। ਓਦਣ ਅਸੀਂ ਦੋਨੋਂ ਰੱਜ ਕੇ ਰੋਏ ਸਾਂ।
ਮੈਂ ਬੀ.ਟੀ. ਕਰ ਲਈ। ਮੈਨੂੰ ਨੌਕਰੀ ਮਿਲ ਗਈ। ਮੇਰਾ ਰਿਸ਼ਤਾ ਦਿੱਲੀ ਵਿਚ ਪੜ੍ਹਾਉਂਦੀ ਇਕ ਅਧਿਆਪਕਾ ਨਾਲ ਹੋ ਗਿਆ। ਉਹਦਾ ਪਿੰਡ ਧਰਮਕੋਟ ਕੋਲ ਸੀ। ਮੈਨੂੰ ਵੀ ਦਿੱਲੀ ਨੌਕਰੀ ਮਿਲ ਗਈ। ਸਾਲਾਂ ਦੇ ਸਾਲ ਬੀਤ ਗਏ, ਸਾਡੇ ਘਰ ਬੇਟਾ ਹੋਇਆ। ਗਰਮੀ ਦੀਆਂ ਛੁੱਟੀਆਂ ਵਿਚ ਅਸੀਂ ਪਿੰਡ ਆ ਜਾਂਦੇ ਸਾਂ। ਇਕ ਦਿਨ ਮੈਂ, ਮੇਰੀ ਬੀਵੀ ਤੇ ਬੇਟਾ ਮੋਗਾ ਰੇਲਵੇ ਸਟੇਸ਼ਨ ’ਤੇ ਖੜ੍ਹੇ ਪਿੰਡ ਨੂੰ ਜਾਣ ਵਾਲੀ ਗੱਡੀ ਦੀ ਇੰਤਜ਼ਾਰ ਕਰ ਰਹੇ ਸਾਂ ਕਿ  ਮੈਨੂੰ ਪਰ੍ਹੇ ਖੜ੍ਹੀ ਸੁਰਜੀਤ ਦਿਖਾਈ ਦਿੱਤੀ। ਮੈਂ ਸਭ ਕੁਝ ਆਪਣੀ ਬੀਵੀ ਨੂੰ ਪਹਿਲੇ ਦਿਨ ਹੀ ਦੱਸ ਦਿੱਤਾ ਸੀ। ਚਿਹਰਾ ਮੁਰਝਾਇਆ ਹੋਇਆ, ਸੁੰਦਰਤਾ-ਚੰਚਲਤਾ ਗਾਇਬ। ‘ਜੇ ਤੂੰ ਹੌਸਲਾ ਕਰ ਲੈਂਦਾ’ ਮੈਂ ਇਸ ਨਰਕੀ ਜੀਵਨ ਤੋਂ ਬਚ ਜਾਂਦੀ ਜਿਹੜਾ ਮੈਂ ਭੋਗ ਰਹੀ ਹਾਂ। ਵਹਿਮੀ, ਭਰਮੀ, ਸ਼ੱਕੀ ਤੇ ਸ਼ਰਾਬੀ ਬੰਦੇ ਨੇ ਮੇਰਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਉਹ ਮੈਨੂੰ ਚਿੰਬੜ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਈ। ਜਦੋਂ ਮੈਨੂੰ 50-55 ਸਾਲ ਦੀ ਇਹ ਗੱਲ ਯਾਦ ਆਉਂਦੀ ਹੈ ਤਾਂ ਮੈਂ ਬੇਚੈਨੀ ਤੇ ਪਛਤਾਵੇ ਨਾਲ ਤਿਲਮਲਾ ਉਠਦਾ ਹਾਂ। ਆਪਣੇ ਆਪ ਨੂੰ ਫਟਕਾਰਦਾ ਹਾਂ।
ਡਾ. ਅਜੀਤ ਸਿੰਘ-ਮੋਬਾਈਲ: 097172-65683

12 May 2013

Reply