|
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ ਉਜਾਗਰ ਸਿੰਘ |
ਦੁਨੀਂਆਂ ਵਿੱਚ ਪੰਜਾਬੀਆਂ ਦੀ ਗਿਣਤੀ ਲਗਭਗ 12 ਕਰੋੜ ਤੋਂ ਉੱਪਰ ਹੈ। ਇਸ ਵਿੱਚੋਂ ਬਹੁਤੇ ਪੰਜਾਬੀ 7 ਕਰੋੜ 64 ਲੱਖ ਦੇ ਕਰੀਬ ਪਾਕਿਸਤਾਨ ਵਿੱਚ ਰਹਿੰਦੇ ਹਨ। ਪਾਕਿਸਤਾਨ ਦੀ ਕੁੱਲ ਜਨਸੰਖਿਆ ਦਾ 44 ਫੀਸਦੀ ਹਿੱਸਾ ਪੰਜਾਬੀ ਹਨ। ਭਾਰਤ ਵਿੱਚ ਪੰਜਾਬੀਆਂ ਦੀ ਵਸੋਂ 3 ਕਰੋੜ ਦੇ ਕਰੀਬ ਮੰਨੀ ਜਾ ਰਹੀ ਹੈ ਜਿਸ ਵਿੱਚੋਂ 2 ਕਰੋੜ ਦੇ ਕਰੀਬ ਪੰਜਾਬ ਵਿੱਚ ਅਤੇ 1 ਕਰੋੜ ਦੇ ਕਰੀਬ ਭਾਰਤ ਦੇ ਬਾਕੀ ਸੂਬਿਆਂ ਵਿੱਚ ਰਹਿ ਰਹੇ ਹਨ। ਪੰਜਾਬੀਆਂ ਨੂੰ ਉਦਮੀ ਅਤੇ ਮਿਹਨਤੀ ਗਿਣਿਆਂ ਜਾਂਦਾ ਹੈ, ਏਸੇ ਕਰਕੇ ਉਹਨਾਂ ਪੰਜਾਬ ਤੋਂ ਬਾਹਰ ਜਾ ਕੇ ਜੰਗਲ ਵਿੱਚ ਮੰਗਲ ਕਰ ਦਿੱਤਾ ਹੈ ਅਤੇ ਹਰ ਥਾਂ ਆਪਣੀ ਮਿਹਨਤ, ਰੁਚੀ ਤੇ ਦ੍ਰਿੜਤਾ ਕਰਕੇ ਆਪਣਾ ਸਿੱਕਾ ਜਮਾਂ ਲਿਆ ਹੈ। ਦੁਨੀਆਂ ਦਾ ਕੋਈ ਅਜਿਹਾ ਦੇਸ਼ ਨਹੀਂ ਜਿੱਥੇ ਪੰਜਾਬੀ ਨਹੀਂ ਪਹੁੰਚਿਆ। ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਹੀ ਬੋਲਬਾਲਾ ਹੈ।
ਦੁਨੀਆਂ ਵਿੱਚ ਸਭ ਤੋਂ ਵੱਧ ਪੰਜਾਬੀ, 24 ਲੱਖ ਦੇ ਕਰੀਬ ਇੰਗਲੈਂਡ ਵਿੱਚ, 8 ਲੱਖ ਦੇ ਕਰੀਬ ਕੈਨੇਡਾ, 7 ਲੱਖ ਦੇ ਕਰੀਬ ਯੂਨਾਈਟਡ ਅਰਬ, 6.5 ਲੱਖ ਦੇ ਕਰੀਬ ਅਮਰੀਕਾ, 6 ਲੱਖ 20 ਹਜ਼ਾਰ ਦੇ ਕਰੀਬ ਸਾਊਦੀ ਅਰਬੀਆ ਵਿੱਚ ਅਤੇ ਇਸ ਤੋਂ ਇਲਾਵਾ ਹਾਂਗਕਾਂਗ, ਮਲੇਸ਼ੀਆ, ਦੱਖਣੀ ਅਫਰੀਕਾ, ਰੂਸ, ਬਰਮਾ ਆਦਿ ਵਿੱਚ ਰਹਿੰਦੇ ਹਨ। ਇੰਗਲੈਂਡ ਵਿੱਚ ਲੰਡਨ ਦਾ ਸਾਊਥਹਾਲ ਇਲਾਕਾ ਤਾਂ ਪੰਜਾਬੀਆਂ ਦਾ ਗੜ ਹੈ। ਇੱਥੋਂ ਤਾਂ ਅੰਗਰੇਜ ਆਪਣੇ ਘਰ ਤੇ ਦੁਕਾਨਾਂ ਵੇਚ ਕੇ ਚਲੇ ਗਏ ਹਨ। ਇਹਨਾਂ ਅੰਕੜਿਆਂ ਅਨੁਸਾਰ 70 ਲੱਖ ਤੋਂ ਵੱਧ ਪੰਜਾਬੀ ਵਿਦੇਸ਼ਾਂ ਵਿੱਚ ਰਹਿੰਦੇ ਹਨ। ਵਿਦੇਸ਼ਾਂ ਵਿੱਚ ਪੰਜਾਬੀ ਪ੍ਰਵਾਸ ਹੀ ਨਹੀਂ ਕਰ ਰਹੇ ਸਗੋਂ ਬਹੁਤ ਸਾਰੇ ਦੇਸ਼ਾਂ ਵਿੱਚ ਤਾਂ ਉਹ ਮੂਹਰਲੀ ਕਤਾਰ ਦੇ ਕਾਰੋਬਾਰੀ ਅਤੇ ਸਿਆਸਤ ਵਿੱਚ ਬਤੌਰ ਗਵਰਨਰ, ਮੰਤਰੀ, ਐਮ.ਪੀ., ਐਮ.ਐਲ.ਏ., ਜੱਜ ਅਤੇ ਮੇਅਰ ਆਦਿ ਦੇ ਅਹੁਦਿਆਂ ’ਤੇ ਵਿਰਾਜਮਾਨ ਹਨ। ਪੰਜਾਬ ਦਾ ਜੰਮਪਲ ਉੱਜਲ ਦੁਸਾਂਝ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਪ੍ਰੀਮੀਅਰ ਵੀ ਰਿਹਾ ਹੈ।
ਬਹੁਤ ਸਾਰੇ ਪੰਜਾਬੀ ਤਾਂ ਲੰਮੇ ਸਮੇਂ ਤੋਂ ਵਿਦੇਸ਼ਾਂ ਵਿੱਚ ਰਹਿੰਦੇ ਹੋਣ ਦੇ ਬਾਵਜੂਦ ਵੀ ਅਜੇ ਤੱਕ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ, ਕਈਆਂ ਨੇ ਤਾਂ ਅਜੇ ਤੱਕ ਪੰਜਾਬੀ ਤੇ ਸਿੱਖੀ ਸਰੂਪ ਨੂੰ ਬਰਕਰਾਰ ਰੱਖਿਆ ਹੋਇਆ ਹੈ ਪ੍ਰੰਤੂ ਇਸਦੇ ਨਾਲ ਹੀ ਵਿਦੇਸ਼ਾਂ ਦੀ ਲਿਬਰਲ ਸਭਿਅਤਾ ਤੇ ਸਭਿਆਚਾਰ ਦਾ ਪੰਜਾਬੀਆਂ ’ਤੇ ਪ੍ਰਭਾਵ ਪੈਣਾ ਕੁਦਰਤੀ ਹੈ ਕਿਉਂਕਿ ਹਮੇਸ਼ਾਂ ਰਹਿਣਾ ਤੇ ਵਿਚਰਨਾ ਤਾਂ ਉਹਨਾਂ ਦੇ ਨਾਲ ਹੀ ਹੈ। ਪੰਜਾਬੀਆਂ ਨੇ ਆਪਣੇ ਆਪ ਨੂੰ ਆਪਣੇ ਵਿਰਸੇ ਵਿੱਚ ਗੜੁਚ ਰਹਿਣ ਲਈ ਜਿੱਥੇ ਵੀ ਉਹ ਵੱਸਦੇ ਹਨ, ਉੱਥੇ ਹੀ ਗੁਰਦਵਾਰਾ ਸਾਹਿਬਾਨ ਅਤੇ ਮੰਦਰਾਂ ਦੀ ਉਸਾਰੀ ਕੀਤੀ ਹੋਈ ਹੈ ਤਾਂ ਜੋ ਉਹ ਆਧੁਨਿਕਤਾ ਦੀ ਹਨੇਰੀ ਵਿੱਚ ਰੁੜ ਨਾ ਜਾਣ। ਉਹ ਆਪਣੇ ਵਿਰਸੇ ਨਾਲ ਏਨੇ ਜੁੜੇ ਹੋਏ ਹਨ ਕਿ ਆਪਣੇ ਸਾਰੇ ਸਮਾਜਕ ਸਮਾਗਮ ਜਿਹਨਾਂ ਵਿੱਚ ਜਨਮ ਦਿਨ, ਮੰਗਣੇ ਤੇ ਵਿਆਹ ਸ਼ਾਮਲ ਹਨ, ਇਹਨਾਂ ਧਾਰਮਿਕ ਸਥਾਨਾਂ ’ਤੇ ਹੀ ਕਰਦੇ ਹਨ। ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਭੁੱਖ ਉਹਨਾਂ ਨੂੰ ਹਰ ਸਾਲ ਆਪੋ-ਆਪਣੇ ਸਕੇ-ਸਬੰਧੀਆਂ, ਦੋਸਤਾਂ-ਮਿੱਤਰਾਂ ਨੂੰ ਭਾਰਤ ਆ ਕੇ ਮਿਲਣ ਲਈ ਮਜਬੂਰ ਕਰਦੀ ਹੈ ਤਾਂ ਜੋ ਰਿਸ਼ਤਿਆਂ ਦੀ ਸਾਂਝ ਨੂੰ ਬਰਕਰਾਰ ਰੱਖਿਆ ਜਾ ਸਕੇ।
|
|
09 Dec 2011
|