Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਮਹਾਨ ਸਖਸ਼ੀਅਤ - ਜੱਗਾ (PART I)

ਸਰਦੀਆਂ ਦੇ ਦਿਨ ਦੁਪਹਿਰ ਵੇਲੇ, ਅਸੀਂ ਸ਼ੇਖ਼ੂਪੁਰੇ ਤੋਂ ਲਾਹੌਰ ਜਾ ਰਹੇ ਸੀ। ਸਾਹਮਣੇ ਸ਼ੀਸ਼ੇ ਵਿਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ। ਧੁੱਪ ਦਾ ਨਿੱਘ ਕਦੇ ਕਦੇ ਮੈਨੂੰ ਅੱਖ ਝਮਕਣ ਲਈ ਮਜਬੂਰ ਕਰ ਦਿੰਦਾ। ਅਰਸ਼ਦ ਵਿਰਕ ਨੇ ਸਟੀਰੀਓ ਦਾ ਬਟਨ ਦਬਾਇਆ, ਮਨ-ਮੋਹਣੇ ਸੰਗੀਤ ਨੇ ਮੈਨੂੰ ਇਕ-ਦਮ ਚੁਕੰਨਾ ਕਰ ਦਿੱਤਾ, 'ਲਓ ਸਰਦਾਰ ਸਾਹਿਬ ਇਹ ਕੈਸਟ ਤੁਹਾਡੇ ਲਈ ਲਾਈ ਏ' ਅਰਸ਼ਦ ਵਿਰਕ ਨੇ ਕਿਹਾ। ਇਕ ਬੁਲੰਦ ਤੇ ਸੁਰੀਲੀ ਆਵਾਜ਼ ਵਿਚ ਪਹਿਲਾ ਟੱਪਾ ਸੁਣਿਆ:


'ਜੱਗਾ ਜੰਮਿਆ, ਫਜ਼ਰ ਦੀ ਬਾਂਗੇ,

ਲੋਂਢੇ ਵੇਲੇ ਖੇਡਦਾ ਫਿਰੇ',


ਦੂਜਾ ਟੱਪਾ ਸੀ:

 

'ਜੱਗਾ ਜੰਮਿਆ ਤੇ ਮਿਲਣ ਵਧਾਈਆਂ,

ਵੱਡਾ ਹੋ ਕੇ ਡਾਕੇ ਮਾਰਦਾ।'

 

ਮੇਰੇ ਮੂੰਹੋਂ ਇਕਦਮ ਨਿਕਲ ਗਿਆ, 'ਯਾਰ ਇਹ ਜੱਗਾ ਤੇ ਸਾਡਾ ਏ?'

'ਨਹੀਂ ਸਰਦਾਰ ਸਾਹਿਬ, ਇੰਨੀ ਜ਼ਿਆਦਤੀ ਨਾ ਕਰੋ। ਜੱਗਾ ਵੀ ਤੁਹਾਡਾ ਤੇ ਕਸ਼ਮੀਰ ਵੀ ਤੁਹਾਡਾ, ਤੇ ਫਿਰ ਸਾਡੇ ਪੱਲੇ ਕੀ ਰਿਹਾ'?,


ਇੰਨਾ ਆਖ ਕੇ ਅਰਸ਼ਦ ਵਿਰਕ ਖਿੜਖਿੜਾ ਕੇ ਹੱਸ ਪਿਆ। ਲੱਗਦੇ ਹੱਥ 'ਨਵੀਦ ਵੜੈਚ' ਦਾ ਵੀ ਬਹਿਸ ਵਿਚ ਲੱਤ ਅੜਾਉਣ ਨੂੰ ਜੀਅ ਕਰ ਆਇਆ 'ਦੇਖੋ ਸਰਦਾਰ ਸਾਹਿਬ, ਨਾ ਜੱਗਾ ਹਿੰਦੁਸਤਾਨ ਦਾ ਏ, ਨਾ ਪਾਕਿਸਤਾਨ ਦਾ ਏ, ਜੱਗ ਤਾਂ ਪੰਜਾਬ ਦਾ ਏ, ਜੱਗਾ ਪੰਜਾਬ ਦਾ ਮਸ਼ਹੂਰ ਕਿਰਦਾਰ ਜੋ ਹੋਇਆ।'


ਇਹ ਟੱਪੇ ਪਾਕਿਸਤਾਨੀ ਪੰਜਾਬ ਦੇ ਮਹਾਨ ਗਾਇਕ ਸ਼ੌਕਤ ਅਲੀ ਨੇ ਗਾਏ ਸਨ। ਜਿਉਂ ਜਿਉਂ ਟੱਪੇ ਚੱਲਦੇ ਗਏ ਮੇਰੇ ਜਿਸਮ ਵਿਚ ਥਰਥਰਾਹਟ ਜਿਹੀ ਛਿੜ ਗਈ, ਅਜੀਬ ਕਿਸਮ ਦੀਆਂ ਚਿਣਗਾਂ ਜਿਸਮ ਵਿਚੋਂ ਨਿਕਲਦੀਆਂ ਮਹਿਸੂਸ ਹੋ ਰਹੀਆਂ ਸਨ। ਅਸੀਂ ਛੋਟੀ ਉਮਰੇ ਗਰਮੀਆਂ ਦੀਆਂ ਛੁੱਟੀਆਂ ਵਿਚ ਮਾਲ ਚਾਰਦੇ ਜੱਗਾ ਗਾਉਂਦੇ ਹੁੰਦੇ ਸਾਂ। ਪਰ ਹੈਰਾਨੀ ਵਾਲੀ ਗੱਲ ਇਹ ਸੀ, ਇਕ ਡਾਕੂ ਪਾਕਿਸਤਾਨ ਵਿਚ ਅਜੇ ਵੀ ਸਾਡੇ ਨਾਲੋਂ ਕਿਤੇ ਵੱਧ ਹਰਮਨ ਪਿਆਰਾ ਮੰਨਿਆ ਜਾਂਦਾ ਹੈ।


ਬੜੇ ਲੋਕਾਂ ਤੋਂ ਇਧਰਲੇ ਤੇ ਓਧਰਲੇ ਪੰਜਾਬ ਵਿਚ ਜੱਗੇ ਦੇ ਪਿੰਡ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਉੱਘ-ਸੁੱਘ ਨਾ ਮਿਲੀ। ਮੈਨੂੰ ਜੱਗੇ ਦੀ ਜਵਾਨੀ ਜਾਣਨ ਦੀ ਇਕ ਤਲਬ ਜਿਹੀ ਲੱਗ ਗਈ। ਕਿਸੇ ਸੱਜਣ ਨੇ ਦੱਸਿਆ: 'ਕਰਨਾਲ ਤੋਂ ਕੁਝ ਕਿਲੋਮੀਟਰ ਪਹਿਲਾਂ ਨਹਿਰ ਦੇ ਕੰਡੇ ਜੀ.ਟੀ. ਰੋਡ ਤੋਂ ਕੁੱਝ ਕਦਮਾਂ ਉੱਤੇ ਬਰੋਟੇ ਹੇਠ ਜੱਗੇ ਦੀ ਸਮਾਧ ਬਣੀ ਹੋਈ ਹੈ, ਇੱਥੇ ਹੀ ਜੱਗਾ ਕਤਲ ਹੋਇਆ ਸੀ।' ਪਰ ਪੜਤਾਲ ਕਰਨ 'ਤੇ ਇਹ ਸੱਚ ਨਾ ਨਿਕਲਿਆ। ਫਿਰ ਮੋਟੇ ਤੌਰ 'ਤੇ ਅੰਦਾਜ਼ਾ ਲਗਾਇਆ ਕਿ ਜੱਗੇ ਦੇ ਲਾਇਲਪੁਰ ਡਾਕਾ ਮਾਰਨ ਦਾ ਜ਼ਿਕਰ ਆਉਂਦਾ ਹੈ,


'ਜੱਗੇ ਮਾਰਿਆ ਲਾਇਲਪੁਰ ਡਾਕਾ,

ਤਾਰਾਂ ਖੜਕ ਗਈਆਂ।'


ਇਸ ਦਾ ਮਤਲਬ ਜੱਗਾ ਪੰਜਾਬ ਦੇ ਓਸ ਪਾਸੇ ਪੈਦਾ ਹੋਇਆ। ਇਸ ਘਟਨਾ ਨੂੰ ਆਧਾਰ ਮੰਨ ਕੇ ਪੜਤਾਲ ਕਰਨੀ ਸ਼ੁਰੂ ਕੀਤੀ। ਕੁਝ ਅਰਸਾ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜਥੇਦਾਰ ਹਰੀ ਸਿੰਘ ਵਿਰਕ ਨਾਲ ਹੋਈ। ਜਥੇਦਾਰ ਸਾਹਿਬ ਨੇ ਮੈਨੂੰ ਜੱਗੇ ਦਾ ਖੁਰਾ ਲੱਭ ਕੇ ਦਿੱਤਾ।

25 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
PART II

ਜੱਗਾ ਦਾ ਜਨਮ ੧੯੦੧ ਤੇ ੧੯੦੨ ਦੇ ਨੇੜੇ ਪਿੰਡ ਬੁਰਜ ਰਣ ਸਿੰਘ ਵਾਲਾ ਤਹਿਸੀਲ ਚੂੰਨੀਆਂ, ਜਿਲ੍ਹਾ ਕਸੂਰ ਵਿਖੇ ਹੋਇਆ। ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਇਆ ਜੱਗੇ ਦੇ ਸਿਰੋਂ ਬਚਪਨ ਵਿਚ ਹੀ ਉੱਠ ਗਿਆ ਸੀ ਤੇ ਉਸ ਦਾ ਪਾਲਣ-ਪੋਸ਼ਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਂ ਭਾਗਣ ਦੀ ਦੇਖ ਰੇਖ ਹੇਠ ਹੋਇਆ, ਜਿਨ੍ਹਾਂ ਨੂੰ ਜੱਗਾ ਬਹੁਤ ਪਿਆਰਾ ਸੀ। ਜਦੋਂ ਜੱਗਾ ਪੁਠੀਰ ਹੋਇਆ, ਉਹ ਸ਼ੌਕੀਆ ਕਦੇ ਕਦੇ ਦੋਸਤਾਂ ਨਾਲ ਮਾਲ ਪਸ਼ੂ ਚਾਰਨ ਚਲਿਆ ਜਾਂਦਾ। ਉਂਝ ਚਾਚਾ ਉਸ ਨੂੰ ਘੱਟ-ਵੱਧ ਹੀ ਕੰਮ ਕਰਨ ਦਿੰਦਾ ਸੀ ਤੇ ਸੀ ਵੀ ਜੱਗਾ ੨੫੦ ਕਿੱਲੇ ਦਾ ਮਾਲਕ।

 

ਇਕ ਦਿਨ ਜੱਗਾ ਡੰਗਰ ਚਾਰਦਾ ਸ਼ਰੀਕੇ ਦੇ ਚਾਚੇ ਇੰਦਰ ਸਿੰਘ ਦੇ ਖੇਤ ਵਿੱਚੋਂ ਸਾਰੇ ਦੋਸਤਾਂ ਲਈ ਗੰਨਿਆਂ ਦੀ ਸੱਥਰੀ ਪੁੱਟ ਲਿਆਇਆ। ਇੰਦਰ ਸਿੰਘ ਨੇ ਜੱਗੇ ਦੇ ਧੌਲ਼-ਧੱਫਾ ਕਰ ਦਿੱਤਾ, ਜੱਗੇ ਨੇ ਰਾਤੀਂ ਇੰਦਰ ਸਿੰਘ ਦੇ ਖੂਹ ਦਾ ਬੈੜ ਟੋਟੇ-ਟੋਟੇ ਕਰਕੇ ਖੂਹ ਵਿਚ ਸੁੱਟ ਦਿੱਤਾ। ਜਦੋਂ ਇੰਦਰ ਸਿੰਘ ਨੇ ਥਾਣੇ ਜਾਣ ਦੀ ਗੱਲ ਕਹੀ ਤਾਂ ਸਾਰੇ ਸ਼ਰੀਕੇ ਵਾਲਿਆਂ ਨੇ ਕਿਹਾ, "ਤੈਨੂੰ ਇਸ ਦਾ ਨਾਂ ਜਗਤ ਸਿੰਘ ਰੱਖਣ ਬਾਰੇ ਕਿਸ ਨੇ ਕਿਹਾ ਸੀ?"

 

ਪਿੰਡ ਬੁਰਜ ਰਣ ਸਿੰਘ ਵਾਲਾ ਵਿਚ ਬਹੁਤੇ ਘਰ ਮੁਸਲਮਾਨ ਤੇਲੀਆਂ ਦੇ ਸਨ। ਸਿਰਫ਼ ੧੭-੧੮ ਘਰ ਜੱਟ ਸਿੱਖਾਂ ਦੇ ਸਨ, ਇਨ੍ਹਾਂ ਦਾ ਗੋਤ ਸਿੱਧੂ ਸੀ। ਦੋਵਾਂ ਫਿਰਕਿਆਂ ਦੇ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਜੱਗੇ ਨੇ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਦਿਆਂ ਅਖਾੜਿਆਂ ਵਿਚ ਘੁਲਣਾ ਸ਼ੁਰੂ ਕਰ ਦਿੱਤਾ। ਇੱਕ ਹੋਰ ਤੇਲੀਆਂ ਦਾ ਮੁੰਡਾ ਜੱਗੇ ਨਾਲ ਅਖਾੜਿਆਂ ਵਿਚ ਘੁਲਣ ਜਾਂਦਾ ਸੀ ਜਿਸ ਦਾ ਨਾਮ ਸੀ 'ਸੋਹਣ'। ਸੋਹਣ ਤੇਲੀ ਨੇ ਜੱਗੇ ਨਾਲ ਮਰਦੇ ਦਮ ਤੀਕ ਦੋਸਤੀ ਨਿਭਾਈ। ਜੱਗੇ ਦਾ ਵਿਆਹ ਤਲਵੰਡੀ ਪਿੰਡ ਦੀ ਇੰਦਰ ਕੌਰ ਨਾਂ ਦੀ ਕੁੜੀ ਨਾਲ ਹੋਇਆ। ਇਨ੍ਹਾਂ ਦੇ ਘਰ ਇਕ ਕੁੜੀ ਪੈਦਾ ਹੋਈ ਜਿਸ ਦਾ ਨਾਂ 'ਗਾਭੋ' ਰੱਖਿਆ ਗਿਆ। ਅੱਜ-ਕੱਲ੍ਹ ਗਾਭੋ ਲੰਬੀ ਨੇੜੇ ਪਿੰਡ ਵੱਣਵਾਲਾ ਵਿਚ ਰਹਿੰਦੀ ਹੈ, ਜਿਸ ਦੀ ਉਮਰ ਲਗਭਗ ੮੦ ਸਾਲਾਂ ਦੇ ਨੇੜੇ ਹੈ।

 

ਫਰੰਗੀ ਦੇ ਰਾਜ ਵੇਲੇ ਹਰ ਗੱਭਰੂ 'ਤੇ ਨਿਗ੍ਹਾ ਰੱਖੀ ਜਾਂਦੀ ਸੀ, ਜਿਸ ਵਿਚ ਕੁੱਝ ਕਣੀ ਹੋਵੇ ਜਾਂ ਥੋੜ੍ਹੀ ਬਹੁਤ ਅਜ਼ਾਦ-ਦਾਨਾ ਤਬੀਅਤ ਦਾ ਮਾਲਕ ਹੋਵੇ। ਸਰਕਾਰ ਦੀ ਪਹਿਲੀ ਇਕਾਈ ਜੋ ਇਲਾਕੇ ਵਿਚ ਦਹਿਸ਼ਤ ਰੱਖਦੀ ਹੁੰਦੀ ਸੀ, ਉਸ ਦੇ ਆਮ ਮੈਂਬਰ ਪਿੰਡ ਦਾ ਪਟਵਾਰੀ, ਨੰਬਰਦਾਰ, ਇਲਾਕੇ ਦਾ ਥਾਣੇਦਾਰ ਤੇ ਸਫ਼ੈਦਪੋਸ਼ ਹੁੰਦੇ ਸਨ। ਹਰ ਵਿਅਕਤੀ ਨੂੰ ਇਨ੍ਹਾਂ ਅੱਗੇ ਸਿਰ ਝੁਕਾਉਣਾ ਪੈਂਦਾ ਸੀ, ਪਰ ਜੱਗੇ ਨੂੰ ਇਹ ਮਨਜ਼ੂਰ ਨਹੀਂ ਸੀ।

 

ਜੱਗੇ ਦਾ ਕੱਦ ਦਰਮਿਆਨਾ, ਰੰਗ ਕਣਕ ਵੰਨਾ, ਨਕਸ਼ ਤਿੱਖੇ, ਪਹਿਲਵਾਨਾਂ ਵਾਲਾ ਜੁੱਸਾ, ਦੂਹਰੇ ਛੱਲੇ ਵਾਲੀਆਂ ਮੁੱਛਾਂ ਤੇ ਅਣਖੀਲਾ ਸੁਭਾਅ ਸੀ। ਜੱਗਾ ਪਿੰਡ ਦੇ ਪਟਵਾਰੀ ਕੋਲੋਂ ਜ਼ਮੀਨ ਦੀਆਂ ਫਰਦਾਂ ਲੈਣ ਗਿਆ, ਨਾ ਪਟਵਾਰੀ ਨੂੰ ਸਾਹਿਬ-ਸਲਾਮ, ਨਾ ਕੋਈ ਫੀਸ, ਇਸ ਤਰ੍ਹਾਂ ਫਰਦਾਂ ਦੇਣਾ ਤੇ ਪਟਵਾਰੀ ਦੀ ਹੱਤਕ ਸੀ। ਅਖੀਰ ਗੱਲ ਤੂੰ-ਤੂੰ ਮੈਂ-ਮੈਂ ਤੇ ਆ ਗਈ। ਜੱਗੇ ਨੇ ਪਟਵਾਰੀ ਨੂੰ ਢਾਅ ਕੇ ਕੁੱਟਿਆ। ਪਟਵਾਰੀ ਨੂੰ ਫਰਦਾਂ ਵੀ ਦੇਣੀਆਂ ਪਈਆਂ ਤੇ ਮਿੰਨਤਾਂ ਕਰਕੇ ਖਹਿੜਾ ਛੁਡਵਾਉਣਾ ਪਿਆ।

 

ਇਕ ਟੱਪੇ ਵਿਚ ਜ਼ਿਕਰ ਆਉਂਦਾ ਹੈ:


'ਕੱਚੇ ਪੁਲਾਂ 'ਤੇ ਲੜਾਈਆਂ ਹੋਈਆਂ,

ਛਵ੍ਹੀਆਂ ਦੇ ਘੁੰਡ ਮੁੜ ਗਏ।'

 

ਕੱਚੇ ਪੁਲ ਪਿੰਡ ਤਲਵੰਡੀ ਤੇ ਬੁਰਜ ਪਿੰਡ ਦੇ ਵਿਚਕਾਰ ਹੁੰਦੇ ਸਨ। ਬਹਿੜਵਾਲੇ ਦੇ ਨਕਈ ਆਪਣੀ ਭੂਆ ਦੇ ਪਿੰਡ ਤਲਵੰਡੀ ਰਹਿੰਦੇ ਸਨ, ਜੋ ਬੜੇ ਭੂਤਰੇ ਹੋਏ ਸਨ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਪਰਿਵਾਰ ਨਾਲ ਤਾਅਲੁਕ ਰੱਖਦੇ ਸਨ। ਇਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਕੱਚੇ ਪੁਲਾਂ ਤੋਂ ਲੰਘ ਨਹੀਂ ਸੀ ਸਕਦਾ। ਜਦੋਂ ਜੱਗਾ ਘੋੜੀ 'ਤੇ ਚੜ੍ਹ ਕੇ ਪੁਲ ਲੰਘਣ ਲੱਗਿਆਂ, ਉਹਨਾਂ ਵਿਚੋਂ ਇਕ ਨੇ ਘੋੜੀ ਦੀ ਪਿੱਠ 'ਤੇ ਡਾਂਗ ਮਾਰ ਕੇ ਘੋੜੀ ਨੂੰ ਸਣੇ ਜੱਗੇ ਜ਼ਮੀਨ 'ਤੇ ਸੁੱਟ ਲਿਆ। ਜੱਗਾ ਇਕੱਲਾ ਤੇ ਨਕਈ ਚਾਰ-ਪੰਜ ਭਰਾ ਸਨ। ਜੱਗੇ ਨੇ ਸਾਰਿਆਂ ਨੂੰ ਛਵੀ ਨਾਲ ਵਾਅਣੇ ਪਾ ਲਿਆ। ਉਹ ਇੰਨੇ ਡਰੇ ਕਿ ਉਸ ਤੋਂ ਬਾਅਦ ਇਲਾਕਾ ਛੱਡ ਕੇ ਲਾਹੌਰ ਰਹਿਣ ਲੱਗ ਪਏ।

25 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
PART IV

ਜੱਗੇ ਦੇ ਪਿੰਡ ਤੋਂ ਕੁਝ ਕੋਹ ਦੂਰ ਸਿੱਧੂਪੁਰ ਪਿੰਡ ਸੀ। ਇਸ ਪਿੰਡ ਦਾ ਮਲੰਗੀ ਡਾਕੂ ਹੋਇਆ ਹੈ ਤੇ ਇਸਦਾ ਇਕ ਸਾਥੀ ਹਰਨਾਮ ਸਿੰਘ ਸੀ। ਇਹ ਦੋ ਕੁ ਵਰ੍ਹੇ ਪਹਿਲਾਂ ਮਾਰੇ ਗਏ ਸਨ। ਮਲੰਗੀ ਮੁਸਲਮਾਨ ਫਕੀਰਾਂ ਦਾ ਮੁੰਡਾ ਸੀ ਤੇ ਹਰਨਾਮ ਸਿੰਘ ਇਕ ਛੋਟੇ ਜਿਹੇ ਸਿੱਖ ਕਿਸਾਨ ਪਰਿਵਾਰ ਦਾ ਮੁੰਡਾ ਸੀ। ਦੋਨਾਂ ਦੀ ਦੰਦ-ਟੁਕਵੀਂ ਰੋਟੀ ਸੀ। ਮਲੰਗੀ ਠੇਕੇ-ਵਟਾਈ 'ਤੇ ਜ਼ਮੀਨ ਦੀ ਵਾਹੀ ਕਰਦਾ ਸੀ। ਉਨ੍ਹਾਂ ਦਿਨਾਂ ਵਿਚ ਆਮ ਰਿਵਾਜ ਸੀ ਸਾਰੇ ਪਿੰਡ ਦੀ ਰੋਟੀ ਇਕ ਸਾਂਝੇ ਤੰਦੂਰ 'ਤੇ ਪੱਕਦੀ ਹੁੰਦੀ ਸੀ। ਮਲੰਗੀ ਦੀ ਛੋਟੀ ਭੈਣ ਤੇ ਭਾਈ ਤੰਦੂਰ ਤੇ ਰੋਟੀਆਂ ਪਕਾ ਰਹੇ ਸਨ, ਇੰਨੇ ਨੂੰ ਜ਼ੈਲਦਾਰ ਦੇ ਕਾਮੇ ਵੀ ਰੋਟੀਆਂ ਬਣਾਉਣ ਆ ਗਏ, ਉਨ੍ਹਾਂ ਨੇ ਤੰਦੂਰ ਤੋਂ ਮਲੰਗੀ ਦੀਆਂ ਰੋਟੀਆਂ ਬੰਦ ਕਰਕੇ ਪਹਿਲਾਂ ਜ਼ੈਲਦਾਰ ਦੀਆਂ ਰੋਟੀਆਂ ਲਾਉਣ ਲਈ ਕਿਹਾ। ਜਦੋਂ ਮਲੰਗੀ ਦੀ ਭੈਣ ਨਾ ਮੰਨੀ, ਕਾਮਿਆਂ ਨੇ ਉਸ ਦੀ ਗੁੱਤ ਪੁੱਟ ਦਿੱਤੀ ਤੇ ਚਪੇੜਾਂ ਮਾਰੀਆਂ। ਇਸੇ ਦੌਰਾਨ ਮਲੰਗੀ ਦਾ ਛੋਟਾ ਭਾਈ ਮਲੰਗੀ ਤੇ ਹਰਨਾਮੇ ਨੂੰ ਬੁਲਾ ਲਿਆਇਆ। ਝਗੜਾ ਵਧ ਗਿਆ। ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦਾ ਛੋਟਾ ਭਾਈ ਕਤਲ ਕਰ ਦਿੱਤਾ। ਮਲੰਗੀ ਤੇ ਹਰਨਾਮੇ ਦੇ ਵੀ ਸੱਟਾਂ ਮਾਰੀਆਂ, ਉਲਟਾ ਆਪਣੇ ਇਕ ਕਾਮੇ ਦੇ ਗੋਲੀਆਂ ਮਾਰ ਕੇ ਮਲੰਗੀ, ਹਰਨਾਮੇ ਤੇ ਹਰਨਾਮੇ ਦੇ ਬਾਪ 'ਤੇ ਕਤਲ ਦਾ ਕੇਸ ਬਣਾ ਦਿੱਤਾ।

 

ਮਲੰਗੀ ਹੋਰੀਂ ਹਵਾਲਾਤ ਵਿਚ ਹੀ ਸਨ, ਜਦੋਂ ਇਕ ਰਾਤ ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦੀ ਭੈਣ ਨੂੰ ਹੱਥ ਪਾ ਲਿਆ। ਮਲੰਗੀ ਦੀ ਅੰਨ੍ਹੀ ਮਾਂ ਕੰਧਾਂ ਨਾਲ ਟੱਕਰਾਂ ਮਾਰ ਕੇ ਬੇਹੋਸ਼ ਹੋ ਗਈ। ਜਦੋਂ ਇਸ ਘਟਨਾ ਦਾ ਮਲੰਗੀ ਹੋਰਾਂ ਨੂੰ ਪਤਾ ਲੱਗਿਆ ਤਾਂ ਹਰਨਾਮੇ ਦਾ ਬਾਪ ਦਿਲ ਦੇ ਦੌਰੇ ਨਾਲ ਥਾਂ ਹੀ ਢੇਰੀ ਹੋ ਗਿਆ ਤੇ ਕੁਝ ਦੇਰ ਬਾਅਦ ਮੌਤ ਹੋ ਗਈ। ਰੋਹ ਵਿਚ ਭਰੇ ਪੀਤੇ ਮਲੰਗੀ ਤੇ ਹਰਨਾਮਾ ਹਵਾਲਾਤ ਵਿਚੋਂ ਕੰਧ ਪਾੜ ਕੇ ਫ਼ਰਾਰ ਹੋ ਗਏ। ਹਵਾਲਾਤ ਵਿਚੋਂ ਬਾਹਰ ਆਉਂਦਿਆਂ ਇਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਧੂਪੁਰ ਦੇ ਜ਼ੈਲਦਾਰ ਦਾ (ਜ਼ਨਾਨੀਆਂ ਨੂੰ ਛੱਡ ਕੇ) ਸਾਰਾ ਟੱਬਰ ਮਾਰ ਦਿੱਤਾ। ਸਿਰਫ਼ ਮੁੰਡਾ ਆਪਣੀ ਜਾਨ ਬਚਾ ਕੇ ਨਿਕਲ ਗਿਆ। ਇਸ ਤੋਂ ਬਾਅਦ ਮਲੰਗੀ ਤੇ ਹਰਨਾਮਾ ਡਾਕੂ ਬਣ ਗਏ।

 

ਇਨ੍ਹਾਂ ਨੇ ਪਹਿਲਾਂ ਕੁਝ ਲੁਟੇਰਿਆਂ ਤੇ ਵਿਆਜ ਖਾਣੇ ਸ਼ਾਹੂਕਾਰਾਂ ਨੂੰ ਸੋਧਿਆ। ਫਿਰ ਜਿਹੜਾ ਕੋਈ ਸਰਕਾਰ ਪੱਖੀ, ਗਰੀਬਾਂ ਨੂੰ ਤੰਗ ਕਰਦਾ ਸੀ ਉਸ ਨੂੰ ਸੋਧਣਾ ਸ਼ੁਰੂ ਕੀਤਾ। ਇਕ ਕਹਾਵਤ ਬਣ ਗਈ 'ਦਿਨੇ ਰਾਜ ਫਰੰਗੀ ਦਾ, ਰਾਤੀਂ ਰਾਜ ਮਲੰਗੀ ਦਾ।' ਇਸ ਜੋੜੀ 'ਤੇ ਸਰਕਾਰ ਨੇ ਇਨਾਮ ਰੱਖ ਦਿੱਤਾ। ਇਕ ਰਾਤ ਮਲੰਗੀ ਤੇ ਹਰਨਾਮਾ ਕਿਸੇ ਵਾਕਫ਼ ਬੰਦੇ ਦੇ ਡੇਰੇ 'ਤੇ ਠਹਿਰੇ ਸਨ। ਡੇਰੇ ਵਾਲੇ ਨੇ ਮਲੰਗੀ ਹੋਰਾਂ ਨੂੰ ਮੇਥਿਆਂ ਵਾਲੀਆਂ ਰੋਟੀਆਂ ਦੱਸ ਕੇ ਭੰਗ ਵਾਲੀਆਂ ਖੁਆ ਦਿੱਤੀਆਂ। ਇਨਾਮ ਦੇ ਲਾਲਚ ਵਸ ਪੁਲਿਸ ਨੂੰ ਮਲੰਗੀ ਹੋਰਾਂ ਦੇ ਭੰਗ ਨਾਲ ਨਸ਼ਈ ਹੋਣ ਦੀ ਇਤਲਾਹ ਦੇ ਦਿੱਤੀ। ਮਲੰਗੀ ਤੇ ਹਰਨਾਮਾ ਡੇਰੇ 'ਤੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ।

 

ਇਕ ਦਿਨ ਜੱਗੇ ਨੇ ਸਾਥੀਆਂ ਨਾਲ ਮਲੰਗੀ ਦੇ ਪਿੰਡ ਸਿੱਧੂਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਥੇ ਉਹ ਮਲੰਗੀ ਦੀ ਮਾਂ ਦੀ ਖ਼ਬਰ-ਸਾਰ ਲੈਣਾ ਚਾਹੁੰਦਾ ਸੀ ਤੇ ਨਾਲੇ ਮਲੰਗੀ ਨੂੰ ਮਰਵਾਉਣ ਵਾਲੇ ਵੀ ਉਸ ਨੂੰ ਰੜਕ ਰਹੇ ਸਨ। ਮਲੰਗੀ ਦਾ ਡੇਰਾ ਉਜੜਿਆ ਪਿਆ ਸੀ, ਸਿਰਫ਼ ਅੰਨ੍ਹੀ ਮਾਂ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ। ਜੱਗੇ ਨੇ ਦੁਪਹਿਰ ਡੇਰੇ 'ਤੇ ਹੀ ਕੱਟਣ ਦਾ ਪ੍ਰੋਗਰਾਮ ਬਣਾ ਲਿਆ। ਉਸ ਨੇ ਲਾਲੂ ਨਾਈ ਨੂੰ ਰੋਟੀ ਟੁੱਕ ਦਾ ਇੰਤਜ਼ਾਮ ਕਰਨ ਲਈ ਕਿਹਾ। ਲਾਲੂ ਦਾ ਪਿੰਡ 'ਲੱਖੂ ਕੇ' ਸਿੱਧੂਪੁਰ ਦੇ ਨਾਲ ਹੀ ਪੈਂਦਾ ਸੀ। ਉਸ ਨੇ ਆਪਣੇ ਪੰਜੇ ਭਾਈਆਂ ਨੂੰ ਮਿਲਣ ਦੇ ਬਹਾਨੇ ਬੁਲਾ ਲਿਆ ਤੇ ਆਉਣ ਲੱਗਿਆਂ ਦੇਸੀ ਸ਼ਰਾਬ ਲਿਆਉਣ ਲਈ ਤਾਕੀਦ ਕੀਤੀ। ਮੰਦੇ ਭਾਗਾਂ ਨੂੰ ਜੱਗੇ ਨੇ ਰੋਟੀ ਤੋਂ ਪਹਿਲਾਂ ਸ਼ਰਾਬ ਦੇ ਦੋ-ਦੋ ਹਾੜੇ ਲਾਉਣ ਦਾ ਪ੍ਰੋਗਰਾਮ ਬਣਾ ਲਿਆ। ਬੰਤੇ ਤੇ ਜੱਗੇ ਨੇ ਆਪਣੇ ਆਪਣੇ ਗਿਲਾਸ ਵਿਚ ਸ਼ਰਾਬ ਪਾ ਕੇ ਬੋਤਲ ਮੰਜੇ ਦੀ ਦੌਣ ਵਿਚ ਫਸਾ ਦਿੱਤੀ। ਸੋਹਣ ਤੇਲੀ ਨੇ ਲਾਲੂ ਨਾਈ ਦੇ ਪਿੰਡ 'ਲੱਖੂ ਕੇ' ਕਿਸੇ ਦੋਸਤ ਨੂੰ ਮਿਲਣ ਜਾਣਾ ਸੀ, ਇਸ ਕਰਕੇ ਨਹੀਂ ਪੀਤੀ, ਉਸ ਨੇ ਭਾਈਆਂ ਸਮੇਤ ਪਹਿਰੇ 'ਤੇ ਖੜ੍ਹਨਾ ਸੀ। ਕਿੰਨੀ ਦੇਰ ਗਲਾਸ ਖੜਕਦੇ ਰਹੇ, ਠੱਠੇ-ਮਖੌਲ ਚੱਲਦੇ ਰਹੇ।

 

ਮਲੰਗੀ ਦੀ ਮਾਂ ਦੇ ਵਿਹੜੇ ਦੋ ਸਾਲ ਬਾਅਦ ਰੌਣਕ ਪਰਤੀ ਸੀ। ਅੱਜ ਅੰਨ੍ਹੀ ਮਾਂ ਨੂੰ ਜੱਗੇ ਦੀਆਂ ਗੱਲਾਂ ਵਿੱਚੋਂ ਮਲੰਗੀ ਦੇ ਬੋਲਾਂ ਦੀ ਖ਼ੁਸ਼ਬੋ ਆ ਰਹੀ ਸੀ। ਜੱਗੇ ਨੇ ਗੱਲਾਂ ਵਿਚ ਸਮਝਾਇਆ:

 

“ਮਾਂ ਮੇਰੀਏ ਕਿਤੇ ਸਾਡੇ ਯਾਰ ਮਲੰਗੀ ਦੀ ਰੂਹ ਇਸ ਗੱਲੋਂ ਨਾ ਤੜਫਦੀ ਰਵੇ ਕਿ ਮੇਰਾ ਕਿਸੇ ਨੇ ਬਦਲਾ ਨ੍ਹੀਂ ਲਿਆ, ਅੱਜ ਸਾਰੇ ਉਲਾਂਭੇ ਲਾਹ ਦਿਆਂਗੇ।"

 

ਸਾਰਿਆਂ ਇਕੱਠੇ ਰੋਟੀ ਪਾਣੀ ਖਾਧਾ। ਸੋਹਣ ਤੇਲੀ ਆਪਣੇ ਦੋਸਤ ਨੂੰ 'ਲੱਖੂ ਕੇ' ਮਿਲਣ ਤੁਰ ਪਿਆ, ਲਾਲੂ ਨਾਈ ਤੇ ਉਸ ਦਾ ਭਾਈ ਬੰਦੂਕਾਂ ਫੜ ਕੇ ਪਹਿਰੇ 'ਤੇ ਖਲੋ ਗਏ। ਕਲਹਿਣੀ ਸ਼ਰਾਬ ਦੇ ਲੋਰ ਵਿਚ ਜੱਗੇ ਤੇ ਬੰਤੇ ਦੀ ਅੱਖ ਲੱਗ ਗਈ, ਉਹ ਇਕੋ ਹੀ ਮੰਜੇ 'ਤੇ ਲੰਮੇ ਪੈ ਗਏ।

25 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
PART V

ਕੁਝ ਚਿਰ ਪਿੱਛੋਂ ਟਿਕੀ ਦੁਪਹਿਰ ਦੀ ਵੱਖੀ, ਦੋ ਗੋਲੀਆਂ ਦੀ ਇਕੱਠੀ ਆਵਾਜ਼ ਨੇ ਧਰਤੀ ਚੀਰ ਕੇ ਲਹੂ-ਲੁਹਾਨ ਕਰ ਦਿੱਤੀ। ਜੱਗੇ ਤੇ ਬੰਤੇ ਦੀਆਂ ਸਾਹ ਰਗਾਂ ਵਿਚ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਸਨ, ਮੰਜੇ 'ਤੇ ਦੋਹਾਂ ਦੇ ਸਰੀਰ ਤੜਫ਼ ਰਹੇ ਸਨ। ਫਿਰ ਹੋਰ ਗੋਲੀਆਂ ਨੇ ਇਨ੍ਹਾਂ ਦੇ ਸਰੀਰ ਨੂੰ ਠੰਢਿਆਂ ਕਰ ਦਿੱਤਾ।

 

ਸੋਹਣ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਮੁੜ ਆਇਆ, ਜਦੋਂ ਉਸ ਨੇ ਆ ਕੇ ਦੇਖਿਆ, ਜੱਗੇ ਤੇ ਬੰਤੇ ਦੀਆਂ ਲਾਸ਼ਾਂ ਵਿਚੋਂ ਖੂਨ ਚੋਅ ਕੇ ਮੰਜੇ ਦੀਆਂ ਵਿਰਲਾਂ ਰਾਹੀਂ ਧਰਤੀ 'ਤੇ ਟਪਕ ਰਿਹਾ ਸੀ,


'ਜੱਗਾ ਵੱਢਿਆ ਬੋਹੜ ਦੀ ਛਾਂਵੇਂ, ਨੌਂ ਮਣ ਰੇਤ ਭਿੱਜ ਗਈ।

ਪੂਰਨਾ, ਨਾਈਆਂ ਨੇ ਵੱਢ ਸੁੱਟਿਆ ਜੱਗਾ ਸੂਰਮਾ।'

 

ਸੋਹਣ ਤੇਲੀ ਇਹ ਵੇਖ ਕੇ ਗੁੱਸੇ ਵਿਚ ਪਾਗਲ ਹੋ ਉੱਠਿਆ ਤੇ ਲਾਲੂ ਨਾਈ ਨੂੰ ਹੱਥੀਂ ਪੈ ਗਿਆ। ਪਿੱਛੋਂ ਲਾਲੂ ਦੇ ਭਾਈ ਨੇ ਉਸ ਦੀ ਪਿੱਠ ਵਿਚ ਗੋਲੀ ਮਾਰ ਕੇ ਉਸ ਨੂੰ ਵੀ ਥਾਏਂ ਢੇਰੀ ਕਰ ਦਿੱਤਾ। ਖ਼ਬਰ ਅੱਗ ਵਾਂਗੂੰ ਫੈਲ ਗਈ। ਪੂਰੇ ਇਲਾਕੇ ਵਿਚ ਸੰਨਾਟਾ ਛਾ ਗਿਆ। ਹਰ ਕੋਈ ਇਕ ਦੂਜੇ ਕੋਲੋਂ ਅੱਖਾਂ ਵਿਚ ਅੱਖਾਂ ਪਾ ਕੇ ਬਗੈਰ ਬੁੱਲ੍ਹ ਹਿਲਾਇਆਂ ਤਸਦੀਕ ਕਰਦਾ ਸੀ:

 

ਕੀ ਜੱਗਾ ਸੱਚਮੁੱਚ ਮਾਰਿਆ ਗਿਆ?

 

ਲਾਲੂ ਨਾਈ ਇਲਾਕੇ ਦੀ ਪੁਲਿਸ ਨਾਲ ਮਿਲ ਚੁੱਕਿਆ ਸੀ। ਲਾਲੂ ਨਾਈ ਨੇ ਯਾਰ ਮਾਰ ਕਰਕੇ ਭਾਰੀ ਰਕਮ, ਇਕ ਮੁਰੱਬਾ ਜ਼ਮੀਨ, ਇਕ ਘੋੜੇ ਦੀ ਖੱਟੀ ਖੱਟ ਲਈ ਸੀ ਜੋ ਕਿ ਸਰਕਾਰ ਵੱਲੋਂ ਜੱਗੇ 'ਤੇ ਇਨਾਮ ਰੱਖਿਆ ਹੋਇਆ ਸੀ। ਜਿਸ ਜੱਗੇ ਦੇ ਪਰਛਾਵੇਂ ਕੋਲੋਂ ਪੁਲਿਸ ਨੂੰ ਡਰ ਲੱਗਦਾ ਸੀ ਉਹਨੂੰ ਮਾਰਨਾ ਪੁਲਿਸ ਦੇ ਵੱਸ ਦੀ ਗੱਲ ਨਹੀਂ ਸੀ। ਸੋ, ਇਹ ਕਾਰਾ ਪੁਲਿਸ ਨੇ ਲਾਲੂ ਨਾਈ ਦੀ ਜ਼ਮੀਰ ਖਰੀਦ ਕੇ ਕਰਵਾਇਆ। ਲਾਲੂ ਨੂੰ ਵੀ ਜੇਲ੍ਹ ਹੋਈ। ਬਾਅਦ ਵਿਚ ਲਾਲੂ ਨੂੰ ਕੈਦੀਆਂ ਨੇ ਜੇਲ੍ਹ ਵਿਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ।

 

ਜੱਗਾ ੨੯ ਸਾਲਾਂ ਦੀ ਭਰੀ ਜਵਾਨੀ ਵਿਚ ਬੇਬਸ ਲੋਕਾਂ ਨੂੰ ਕਿਸੇ ਹੋਰ ਜੱਗੇ ਦਾ ਇੰਤਜ਼ਾਮ ਕਰਨ ਲਈ ਛੱਡ ਗਿਆ, ਜੋ ਇਨ੍ਹਾਂ ਨੂੰ ਕਿਸੇ ਅਸਗਰ ਅਲੀ ਥਾਣੇਦਾਰ, ਸੂਦਖ਼ੋਰ ਸ਼ਾਹੂਕਾਰ ਤੇ ਅੰਗਰੇਜ਼ ਪੱਖੀ ਜਾਗੀਰਦਾਰਾਂ ਤੋਂ ਨਜਾਤ ਦਿਵਾਏਗਾ। ਜੱਗਾ ਸਿਰਫ਼ ਤਿੰਨ ਮਹੀਨੇ ਭਗੌੜਾ ਰਿਹਾ। ਇਸ ਦੌਰਾਨ ਪੂਰੇ ਇਲਾਕੇ ਨੇ ਆਜ਼ਾਦ ਫਿਜ਼ਾ ਦਾ ਆਨੰਦ ਮਾਣਿਆ। ਨਾ ਪੁਲਿਸ ਦੀ ਧੌਂਸ, ਨਾ ਸ਼ਾਹੂਕਾਰਾਂ ਦੀਆਂ ਕੁਰਕੀਆਂ, ਸਗੋਂ ਸਰਕਾਰ ਪੱਖੀ ਆਪਣੀਆਂ ਜਾਨਾਂ ਬਚਾਉਂਦੇ ਰਹੇ। ਭਾਵੇਂ ਪਤੰਗੇ ਵਾਂਗੂੰ ਇਨ੍ਹਾਂ ਲੋਕਾਂ ਦੀ ਉਮਰ ਥੋੜੀ ਹੁੰਦੀ ਹੈ ਪਰ ਜਾਬਰ ਹੁਕਮਰਾਨ ਵਿਰੁੱਧ ਸੂਰਮੇ ਪੰਜਾਬੀਆਂ ਦੀ ਅਣਖ ਤੇ ਹੱਕਾਂ ਲਈ ਅਜਿਹੇ ਸੂਰਮੇ ਕਿਸੇ ਨਾ ਕਿਸੇ ਨਾਲ ਜੂਝਦੇ ਤੇ ਕੁਰਬਾਨੀਆਂ ਦਿੰਦੇ ਰਹੇ। ਕਦੇ ਦੁੱਲਾ ਭੱਟੀ ਬਣ ਕੇ, ਕਦੇ ਅਹਿਮਦ ਖਰਲ ਬਣ ਕੇ, ਕਦੇ ਜਿਊਣਾ ਮੌੜ, ਕਦੇ ਮਲੰਗੀ ਤੇ ਕਦੇ ਜੱਗਾ ਜੱਟ ਬਣ ਕੇ। ਭਾਈਚਾਰੇ ਦੀ ਆਜ਼ਾਦੀ ਸਿਰਾਂ ਦੇ ਸੌਦੇ ਕਰਕੇ ਇਨ੍ਹਾਂ ਲੋਕਾਂ ਨੇ ਕਾਇਮ ਰੱਖੀ। ਇਸ ਦੀ ਤਾਈਦ ਹਜ਼ਰਤ ਸੁਲਤਾਨ ਬਾਹੂ ਸਾਹਿਬ ਕਰਦੇ ਹਨ:


'ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ,

ਬਾਹੁ ਓਸ ਮੌਤੋਂ ਕਿਆਂ ਡਰਨਾ ਹੂ'

 

(ਲੇਖਕ: ਹਰਨੇਕ ਸਿੰਘ ਘੜੂੰਆਂ) 

25 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Bahut Vadeya Veer ji.................

Jagge jatt bare bahute loka nu nahi pata ji bahut khushi hoi ke aap ji ne jagge jatt de jiwan te kujh roshni pai hai ji

27 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sukriya veer g

29 Oct 2010

Reply