Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜਗਜੀਤ ਸਿੰਘ ਤੇ ਪੰਜਾਬ

ਉਸ ਦੀ ਆਵਾਜ਼ ਹੀ ਰੇਸ਼ਮੀ ਨਹੀਂ ਸੀ, ਉਸ ਦੇ ਅੰਦਾਜ਼ ਦਾ ਧਾਗਾ ਵੀ ਅਜਿਹਾ ਸੀ ਕਿ ਜੋ ਕੁਝ ਗਾਉਂਦਾ ਉਹ ਕੰਨ ਤੋਂ ਤੁਰਦਾ‘ਤੇ ਸਿੱਧਾ ਮਨ ਵਿੱਚ ਉੱਤਰ ਜਾਂਦਾ। ਕਦੇ-ਕਦੇ ਤਾਂ ਇਉਂ ਲੱਗਦਾ ਸੀ ਜਿਵੇਂ ਉਹ ਗੀਤ-ਗ਼ਜ਼ਲ ਨਹੀਂ ਗਾ ਰਿਹਾ, ਕੋਈ ਅਧਿਆਤਮਕ ਸਫ਼ਰ ਕਰ ਰਿਹਾ ਹੈ। ਉਸ ਵਰਗਾ ਠਹਿਰਾਉ ਕਿੱਥੋਂ ਲੱਭੇਗਾ?ਅਮਰ ਸਿੰਘ ਦਾ ਪੁੱਤਰ ਜਗਜੀਤ ਸਿੰਘ ਆਪਣੇ ਮਾਪਿਆਂ ਦੀ ਇੰਜੀਨੀਅਰ ਜਾਂ ਡਾਕਟਰ ਬਣਨ ਦੀ ਖ਼ਾਹਿਸ਼ ਤਾਂ ਪੂਰੀ ਨਹੀਂ ਕਰ ਸਕਿਆ ਪਰ ਆਪਣੀ ਗਾਇਕੀ ਨਾਲ ਉਸ ਨੇ ਆਪਣੇ ਬਾਪ ਅਤੇ ਸਾਰੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ। ਜਗਜੀਤ ਨੂੰ ਗੁਲਜ਼ਾਰ ਗ਼ਜ਼ਲਜੀਤ ਕਹਿੰਦਾ ਹੁੰਦਾ ਸੀ। ਗ਼ਜ਼ਲਜੀਤ ਦੀ ਆਵਾਜ਼ ਹੁਣ ਟੇਪਾਂ, ਤਵਿਆਂ ਤੇ ਕੰਪਿਊਟਰਾਂ ਵਿੱਚੋਂ ਹੀ ਸੁਣੀ ਜਾ ਸਕੇਗੀ। ਉਸ ਦੀ ਮਖ਼ਮਲੀ ਆਵਾਜ਼ ਦਾ ਜਾਦੂ ਸਾਡੀਆਂ ਅੱਖਾਂ ਦੇ ਸਾਹਮਣੇ ਸਿਰ ਚੜ੍ਹ ਕੇ ਕਦੇ ਨਹੀਂ ਬੋਲੇਗਾ। ਉਸ ਨੇ ਗ਼ੁਲਾਮ ਅਲੀ ਨਾਲ ਮਿਲ ਕੇ ਇੱਕ ਸੰਗੀਤਕ ਸ਼ਾਮ ਸਜਾਉਣੀ ਸੀ ਪਰ ਅਜਿਹਾ ਨਹੀਂ ਹੋ ਸਕਿਆ ਅਤੇ ਉਹ ਗੰਭੀਰ ਰੋਗ ਦਾ ਸ਼ਿਕਾਰ ਹੋ ਗਿਆ। ਜਿਹੜੀ ਆਵਾਜ਼ ‘ਹੋਠੋਂ ਸੇ ਛੂ ਲੋ ਤੁਮ ਮੇਰਾ ਗੀਤ ਅਮਰ ਕਰ ਦੋ’ ਗਾ ਕੇ ਸਰੋਤਿਆਂ ਨੂੰ ਮਦਹੋਸ਼ ਕਰਦੀ ਸੀ ਇਸ ਵਾਰ ਉਹ ਆਪ ਬੇਹੋਸ਼ੀ ਦੇ ਆਲਮ ਵਿੱਚ ਸੀ। ਜਿਹੜਾ ਗੀਤ ਉਹ ਆਪਣੇ ਪੁੱਤਰ ਦੇ ਵਿਯੋਗ ਵਿੱਚ ਗਾਉਂਦਾ ਹੁੰਦਾ ਸੀ ਕਿ‘ਚਿੱਠੀ ਨਾ ਕੋਈ ਸੰਦੇਸ, ਜਾਨੇ ਵੋ ਕੌਨ ਸਾ ਦੇਸ਼, ਜਹਾਂ ਤੁਮ ਚਲੇ ਗਏ,’ਹੁਣ ਜਦੋਂ ਵੀ ਸੁਣਿਆਂ ਜਾਵੇਗਾ ਉਦੋਂ ਦੂਹਰੇ ਗ਼ਮ ਦੀ ਬਾਤ ਪਾਵੇਗਾ।
ਮੈਨੂੰ ਇਸ ਵੇਲੇ ਇੱਕ ਤੀਜਾ ਗ਼ਮ ਵੀ ਸਤਾ ਰਿਹਾ ਹੈ। ਜਗਜੀਤ ਦੇ ਜਾਣ ਨਾਲ ਪੰਜਾਬ ਅਤੇ ਪੰਜਾਬੀ ਬੋਲੀ ਦਾ ਜਿੱਡਾ ਵੱਡਾ ਨੁਕਸਾਨ ਹੋਇਆ ਹੈ ਕੀ ਇਸ ਦਾ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਅਹਿਸਾਸ ਵੀ ਹੈ! ਮੈਨੂੰ ਇਸ ਵਿੱਚ ਸ਼ੱਕ ਹੈ। ਪੰਜਾਬ ਦੇ ਸਵਾਮੀ ਹਰੀ ਦਾਸ ਨੇ ਬੈਜੂ ਬਾਵਰਾ ਤੇ ਤਾਨਸੈਨ ਵਰਗੇ ਸ਼ਾਗਿਰਦ ਪੈਦਾ ਕੀਤੇ ਪਰ ਪੰਜਾਬ ਦੇ ਚੇਤਿਆਂ ਵਿੱਚੋਂ ਉਹ ਗ਼ਾਇਬ ਹੈ; ਪੰਜਾਬ ਨੂੰ ਤਾਂ ਬੜੇ ਗ਼ੁਲਾਮ ਅਲੀ ਖਾਂ ਸਾਹਿਬ ਦੀ ਹੋਸ਼ ਨਹੀਂ। ਪੰਜਾਬ ਨੂੰ ਇਹ ਵੀ ਦੱਸਣਾ ਪਵੇਗਾ ਕਿ ਤਬਲੇ ਨੂੰ ਸਾਡੀ ਕਿੱਡੀ ਵੱਡੀ ਦੇਣ ਹੈ। ਹਾਂ, ਉਹਨੂੰ ਜਗਜੀਤ ਸਿੰਘ ਬਾਰੇ ਜ਼ਰੂਰ ਕੁਝ-ਕੁਝ ਹੋਸ਼ ਹੈ ਕਿਉਂਕਿ ਹਿੰਦੁਸਤਾਨ ਉਸ ਨੂੰ ਪਿਆਰਦਾ ਤੇ ਸਤਿਕਾਰਦਾ ਰਿਹਾ ਹੈ ਪਰ ਪੰਜਾਬ ਨੇ ਕੀ ਗਵਾਇਆ ਹੈ, ਇਸ ਦਾ ਅਹਿਸਾਸ ਹੋਣਾ ਵੀ ਲਾਜ਼ਮੀ ਹੈ।
ਭਾਵੇਂ ਉਹ ਰਾਜਸਥਾਨ ਵਿੱਚ ਪੈਦਾ ਹੋਇਆ, ਆਪਣੀ ਮੈਟ੍ਰਿਕ ਸ੍ਰੀ ਗੰਗਾਨਗਰ ਦੇ ਖ਼ਾਲਸਾ ਹਾਈ ਸਕੂਲ ਤੋਂ ਪਾਸ ਕੀਤੀ, ਸੰਗੀਤ ਦੀ ਮੁਢਲੀ ਸਿੱਖਿਆ ਗੰਗਾਨਗਰ ਦੇ ਹੀ ਪੰਡਿਤ ਸ਼ਗਨ ਲਾਲ ਤੋਂ ਪ੍ਰਾਪਤ ਕੀਤੀ ਅਤੇ ਖ਼ਿਆਲ, ਠੁਮਰੀ ਅਤੇ ਧਰੁਪਦ ਗਾਇਕੀ ਸਾਇਨੀਆਂ ਘਰਾਣੇ ਦੇ ਉਸਤਾਦ ਜਮਾਲ ਖ਼ਾਨ ਤੋਂ ਹਾਸਲ ਕੀਤੀ, ਫਿਰ ਵੀ ਜਗਜੀਤ ਸ਼ੁੱਧ ਪੰਜਾਬੀ ਸੀ। ਜੇ ਉਸ ਨੇ ਭਜਨ ਗਾਏ, ਨਾਤਾਂ ਗਈਆਂ ਤਾਂ ਗੁਰੂਬਾਣੀ ਵੀ ਗਾਈ, ਬਾਬਾ ਫ਼ਰੀਦ ਵੀ ਗਾਇਆ। ਜੇ ਉਸ ਦੇ ਕ੍ਰਿਸ਼ਨ ਗੀਤ ਅਤੇ ਹੇ ਰਾਮ ਬਹੁਤ ਪ੍ਰਸਿੱਧ ਹੋਏ ਤਾਂ ਮਿੱਤਰ ਪਿਆਰੇ ਨੂੰ ਵੀ ਰੱਜ ਕੇ ਸੁਣਿਆ ਗਿਆ। ਪੁੱਤਰ ਦੇ ਵਿਯੋਗ ਵਿੱਚ‘ਕਹਾਂ ਗਏ ਦੇ ਨਾਲ-ਨਾਲ ਉਸ ਨੇ‘ਮਿੱਟੀ ਦਾ ਬਾਵਾ ਵੀ ਗਾਇਆ’:
ਮਿੱਟੀ ਦਾ ਬਾਵਾ ਮੈਂ ਬਣਾਉਨੀਆਂ,
ਝੱਗਾ ਪਾਉਨੀਆਂ ਉੱਤੇ ਦੇਨੀਆਂ ਖੇਸੀ;
ਨਾ ਰੋ ਮਿੱਟੀ ਦਿਆ ਬਾਵਿਆ
ਤੇਰਾ ਪਿਉ ਪਰਦੇਸੀ’।

28 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


ਜਦੋਂ ਉਹ ਗਾਉਂਦਾ ਹੈ ਕਿ ‘ਨ੍ਹਾਉਣ ਲੱਗੀ ਦਾ ਖੁਰ ਗਿਆ, ਮੇਰਾ ਮਿੱਟੀ ਦਾ ਬਾਵਾ ਤਾਂ ਦਰਦ ਦੇ ਰੰਗ ਨੂੰ ਏਨਾ ਗੂੜ੍ਹਾ ਕਰ ਜਾਂਦਾ ਹੈ ਕਿ ਸੁਣਨ ਵਾਲਾ ਵੀ ਉਸ ਦੇ ਅੰਦਰ ਡੁੱਬ ਜਾਂਦਾ ਹੈ। ਦੁੱਖ ਤੇ ਸੁੱਖ ਆਪਣੀ ਬੋਲੀ ਵਿੱਚ ਹੀ ਆਪਣਾ ਰੰਗ ਦਿਖਾਉਂਦੇ ਨੇ। ਉਸ ਦੇ ਪਰਿਵਾਰ ਉੱਤੇ ਵੀ ਪੰਜਾਬ ਦਾ ਸੱਭਿਆਚਾਰ ਏਨਾ ਭਾਰੂ ਸੀ ਕਿ ਉਸ ਦਾ ਨਾਂ ਜਗਮੋਹਨ ਸਿੰਘ ਤੋਂ ਬਦਲ ਕੇ ਨਾਮਧਾਰੀ ਗੁਰੂ ਦੇ ਨਾਂ ‘ਤੇ ਰੱਖਿਆ ਗਿਆ ਕਿਉਂਕਿ ਸਤਿਗੁਰੂ ਜਗਜੀਤ ਸਿੰਘ ਸੰਗੀਤ ਦੇ ਬਹੁਤ ਵੱਡੇ ਸਰਪ੍ਰਸਤ ਹਨ।
ਜਗਜੀਤ ਨੂੰ ਗ਼ਜ਼ਲ ਦਾ ਬਾਦਸ਼ਾਹ ਕਿਹਾ ਗਿਆ ਹੈ। ਉਸ ਨੇ ਗ਼ਜ਼ਲ ਗਾਇਕੀ ਵਿੱਚ ਉਦੋਂ ਪ੍ਰਵੇਸ਼ ਕੀਤਾ ਜਦੋਂ ਇਸ ਖੇਤਰ ਵਿੱਚ ਵੱਡੇ-ਵੱਡੇ ਮਹਾਂਰਥੀ ਆਪਣੀ ਧਾਂਕ ਜਮਾਈ ਬੈਠੇ ਸਨ। ਉਸ ਨੇ ਸੱਤਰਵਿਆਂ ਵਿੱਚ ਗਾਉਣਾ ਸ਼ੁਰੂ ਕੀਤਾ ਅਤੇ ਇਹ ਸਮਾਂ ਸੀ ਨੂਰ ਜਹਾਂ, ਬੇਗ਼ਮ ਅਖ਼ਤਰ, ਤਲਤ ਮਹਿਮੂਦ, ਮਹਿੰਦੀ ਹਸਨ ਅਤੇ ਮਲਿਕਾ ਪੁਖਰਾਜ ਦਾ। ਜਗਜੀਤ ਸਿੰਘ ਨੇ ਆਪਣੇ ਆਪ ਨੂੰ ਇੱਕ ਮੋਹਰੀ ਗ਼ਜ਼ਲ ਗਾਇਕ ਦੇ ਤੌਰ ’ਤੇ ਹੀ ਨਹੀਂ ਘੜਿਆ ਬਲਕਿ ਗ਼ਜ਼ਲ ਦਾ ਚਿਹਰਾ-ਮੋਹਰਾ ਵੀ ਨਿਖਾਰ ਦਿੱਤਾ, ਇਸ ਨੂੰ ਦੱਖਣ ਪੱਛਮ ਏਸ਼ੀਆ ਵਿੱਚ ਇੱਕ ਆਮ ਆਦਮੀ ਦੇ ਸੁਣਨ ਵਾਲੀ ਸ਼ੈਅ ਬਣਾ ਦਿੱਤਾ। ਓਸ ਨੇ ਇਸ ਨੂੰ ਸਿਰਫ਼ ਰੁਮਾਂਸ ਦੀ ਧੁੰਦ ਵਿੱਚ ਹੀ ਨਹੀਂ ਗਲੇਫ਼ੀ ਰੱਖਿਆ ਬਲਕਿ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਵੀ ਟਕਰਾਉਣ ਦਿੱਤਾ:
ਅਪਨੇ ਖੇਤੋਂ ਸੇ ਬਿਛੁੜਨੇ ਕੀ ਸਜ਼ਾ ਪਾਤਾ ਹੂੰ
ਖ਼ੁਦ ਕੋ ਰਾਸ਼ਨ ਕੀ ਕਤਾਰੋਂ ਮੇਂ ਖੜਾ ਪਾਤਾ ਹੂੰ
ਉਸ ਨੇ ਪਹਿਲੀ ਵਾਰ ਗ਼ਜ਼ਲ ਨੂੰ ਗਿਟਾਰ ਨਾਲ ਮਿਲਾਇਆ।‘‘ਹੋਠੋਂ ਸੇ ਛੂ ਲੋ ਤੁਮ’ ਨੇ ਗ਼ਜ਼ਲ ਗਾਇਕੀ’ ਨੂੰ ਨਵੇਂ ਰਾਹ ਤੋਰਿਆ। ਫ਼ਿਲਮ ‘ਅਰਥ’ ਅਤੇ ‘ਪ੍ਰੇਮ ਗੀਤ’ ਦਾ ਸੰਗੀਤ ਉਸ ਨੇ ਖ਼ੁਦ ਤਿਆਰ ਕੀਤਾ ਸੀ। ਇਨ੍ਹਾਂ ਫ਼ਿਲਮਾਂ ਤੋਂ ਬਾਅਦ ਉਸ ਨੇ ਗ਼ੈਰ ਫ਼ਿਲਮੀ ਗ਼ਜ਼ਲਾਂ ਵਿੱਚ ਵੀ ਕਈ ਤਜਰਬੇ ਕੀਤੇ। ਮਿਰਜ਼ਾ ਗ਼ਾਲਿਬ ਦੀਆਂ ਗ਼ਜ਼ਲਾਂ ਬਾਰੇ ਸੋਚ ਕੇ ਦੇਖੋ; ਏਦਾਂ ਲੱਗੇਗਾ ਕਿ ਹੋਰ ਕਿਸੇ ਦੀ ਆਵਾਜ਼ ਵਿੱਚ ਉਹ ਗਾਈਆਂ ਹੀ ਨਹੀਂ ਜਾ ਸਕਦੀਆਂ ਸਨ। ਉਸ ਨੇ ਸੁਦਰਸ਼ਨ ਫ਼ਾਕਿਰ ਨੂੰ ਘਰ-ਘਰ ਵਿੱਚ ਪਹੁੰਚਾ ਦਿੱਤਾ ਅਤੇ ਬਸ਼ੀਰ ਬਦਰ ਦਾ ਕੱਦ ਵੱਡਾ ਕਰ ਦਿੱਤਾ।
ਪਾਕਿਸਤਾਨ ਵਿੱਚੋਂ ਗ਼ੁਲਾਮ ਅਲੀ ਅਤੇ ਹਿੰਦੁਸਤਾਨ ਵਿੱਚੋਂ ਜਗਜੀਤ ਸਿੰਘ ਨੇ ਇਸ ਖੇਤਰ ਵਿੱਚ ਆਪਣਾ ਨਾਂ ਬਣਾਇਆ। ਪਿੱਛੇ ਜਿਹੇ ਸ਼ਿਕਾਗੋ ਵਿੱਚ ਗ਼ੁਲਾਮ ਅਲੀ ਦੀ ਇੱਕ ਮਹਿਫ਼ਿਲ ਵਿੱਚ ਬੈਠ ਕੇ ਉਸ ਨੂੰ ਸੁਣਨ ਦਾ ਮੌਕਾ ਮਿਲਿਆ। ਭਾਵੇਂ ਗ਼ੁਲਾਮ ਅਲੀ ਇਸ ਸਮੇਂ ਆਪਣੀ ਆਵਾਜ਼ ਦੇ ਪੁਰਾਣੇ ਜਾਦੂ ਤੋਂ ਉੱਖੜ ਚੁੱਕਾ ਹੈ ਪਰ ਸਰੋਤੇ ਉਸ ਦੇ ਪੁਰਾਣੇ ਰਸ ਨੂੰ ਪੂਰੀ ਤਰ੍ਹਾਂ ਮਾਣ ਰਹੇ ਸਨ। ਉਸ ਦੇ ਗਾਏ ਹਰੇਕ ਸ਼ੇਅਰ ’ਤੇ ਉਸ ਨੂੰ ਭਰਪੂਰ ਦਾਦ ਮਿਲ ਰਹੀ ਸੀ ਪਰ ਮੈਂ ਹੈਰਾਨ ਸਾਂ ਕਿ ਉਸ ਨੂੰ ਪੰਜਾਬੀ ਵਿੱਚ ਗਾਉਣ ਦੀ ਕੋਈ ਵਿਸ਼ੇਸ਼ ਫ਼ਰਮਾਇਸ਼ ਨਹੀਂ ਸੀ ਹੋਈ ਕਿਉਂਕਿ ਸਰੋਤਿਆਂ ਵਿੱਚ ਬਹੁਤੀ ਸੰਗਤ ਗ਼ੈਰ ਪੰਜਾਬੀਆਂ ਦੀ ਸੀ। ਜੇ ਏਸੇ ਹਾਲ ਵਿੱਚ ਕੋਈ ਲੋਕ-ਗਾਇਕ ਆਇਆ ਹੁੰਦਾ ਤਾਂ ਪੰਜਾਬੀਆਂ ਤੋਂ ਸਿਵਾ ਓਥੇ ਸ਼ਾਇਦ ਹੀ ਕੋਈ ਹੋਰ ਆਉਣ ਦੀ ਹਿੰਮਤ ਕਰਦਾ। ਪੰਜਾਬੀ ਉਸ ਨੂੰ ਸੁਣਨ ਲਈ ਉਸ ਉਮਾਹ ਨਾਲ ਨਹੀਂ ਸਨ ਗਏ ਜਿਸ ਨਾਲ ਉਹ ਲੋਕ-ਗਾਇਕੀ ਸੁਣਦੇ ਹਨ। ਸ਼ਾਇਦ ਹੁਣ ਪੰਜਾਬੀਆਂ ਨੂੰ ਗ਼ਜ਼ਲ ਦੀ ਗਾਇਕੀ ਉਸ ਰੂਪ ਵਿੱਚ ਪ੍ਰਵਾਨ ਨਹੀਂ ਹੈ ਜਿਸ ਰੂਪ ਵਿੱਚ ਲੋਕ-ਗਾਇਕੀ ਹੈ। ਮੈਂ ਸੋਚ ਰਿਹਾ ਸਾਂ ਕਿ ਕੀ ਹੁਣ ਪੰਜਾਬੀ ਵਿੱਚ ਗ਼ਜ਼ਲ ਗਾਇਕੀ ਬਿਲਕੁਲ ਖ਼ਤਮ ਹੋ ਰਹੀ ਹੈ! ਇੱਕ ਹੋਰ ਵੱਡੇ ਗਾਇਕ ਜਗਜੀਤ ਜ਼ੀਰਵੀ ਨੇ ਸਾਰੀ ਉਮਰ ਗ਼ਜ਼ਲ ਅਤੇ ਸੁਥਰੇ ਗੀਤਾਂ ਦੀ ਗਾਇਕੀ ਰਾਹੀਂ ਆਪਣੇ ਸੰਗੀਤ ਦੇ ਸਫ਼ਰ ਨੂੰ ਤੋਰੀ ਰੱਖਿਆ ਪਰ ਪੰਜਾਬ ਨੇ ਉਸ ਨੂੰ ਅੰਤ ਵਿੱਚ ਖੜਾ ਕਰ ਦਿੱਤਾ। ਇਸ ਵੇਲੇ ਉਹ ਉਸ ਤਰ੍ਹਾਂ ਦੀ ਸੁਰੀਲੀ ਜ਼ਿੰਦਗ਼ੀ ਨਹੀਂ ਜੀਅ ਰਿਹਾ ਜਿਸ ਦਾ ਉਹ ਹੱਕਦਾਰ ਹੈ।  ਜੇ ਜਗਜੀਤ ਸਿੰਘ ਵੀ ਪੰਜਾਬੀ ਨਾਲ ਇਹ ਮੋਹ ਪਾਉਂਦਾ ਤਾਂ ਸ਼ਾਇਦ ਕਿਤੇ ਨਾ ਪਹੁੰਚ ਸਕਦਾ।

28 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਗਜੀਤ ਨੇ ਪੰਜਾਬ ਵਿੱਚ ਆ ਕੇ ਪੰਜਾਬੀਆਂ ਨੂੰ ਖ਼ੁਸ਼ ਰੱਖਣ ਲਈ ਕੁਝ ਗੀਤ ਰੱਖੇ ਹੋਏ ਸਨ ਜਿਹੜੇ ਉਹ ਗਾਉਂਦਾ ਸੀ ਅਤੇ ਲੋਕ ਨੱਚਣ ਲੱਗਦੇ ਸਨ।‘‘ਢਾਈ ਦਿਨ ਨਾ ਜਵਾਨੀ ਨਾਲ ਚੱਲਦੀ, ਨੀਂ ਕੁੜਤੀ ਇਹ ਮਲਮਲ ਦੀ’,‘‘ਚੁਲ੍ਹੇ ਅੱਗ ਨਾ ਘੜੇ ‘ਚ ਪਾਣੀ, ਛੜਿਆਂ ਦੀ ਜੂਨ ਬੁਰੀ’’ਵਰਗੇ ਗੀਤਾਂ ਨਾਲ ਉਹ ਆਪਣੇ ਆਪ ਨੂੰ ਪੰਜਾਬੀਆਂ ਨਾਲ ਜੋੜਦਾ ਸੀ। ਸ਼ੁਰੂ ਵਿੱਚ ਪਤਨੀ ਚਿਤਰਾ ਸਿੰਘ ਨਾਲ ਮਿਲ ਕੇ ਉਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਬਹੁਤ ਸੁਹਣੇ ਗੀਤ ਅਤੇ ਗ਼ਜ਼ਲਾਂ ਗਾਈਆਂ ਪਰ ਮਹਿਫ਼ਿਲਾਂ ਵਿੱਚ ਉਹ ਕਿਸੇ ਨਾ ਸੁਣੀਆਂ। ਸੁਰਜੀਤ ਪਾਤਰ ਬੜੀ ਦਿਲਚਸਪ ਘਟਨਾ ਸੁਣਾਉਂਦਾ ਹੈ। ਇੱਕ ਵਾਰ ਜਗਜੀਤ ਸਿੰਘ ਲੁਧਿਆਣੇ  ਆਪਣੀਆਂ ਗ਼ਜ਼ਲਾਂ ਦਾ ਪ੍ਰੋਗਰਾਮ ਪੇਸ਼ ਕਰ ਰਿਹਾ ਸੀ। ਸਰੋਤਿਆਂ ਵਿੱਚੋਂ ਆਵਾਜ਼ ਆਈ: ‘ਪੰਜਾਬੀ’। ਜਗਜੀਤ ਸਿੰਘ ਨੇ ਬੜੇ ਚਾਅ ਨਾਲ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਸ਼ੁਰੂ ਕੀਤਾ। ਸਰੋਤਿਆਂ ਫ਼ੇਰ ਕਿਹਾ: ‘ਨਹੀਂ ਜਗਜੀਤ ਜੀ, ਪੰਜਾਬੀ’। ਗ਼ਜ਼ਲਜੀਤ ਨੂੰ ਇਹ ਕਹਿਣਾ ਪਿਆ ਕਿ ਅਗਲੀ ਵੇਰ ਮੈਂ ਹਾਰਮੋਨੀਅਮ ਦੀ ਥਾਂ ਢੋਲ ਲੈ ਕੇ ਆਵਾਂਗਾ। ਉਹ ਸੰਗੀਤਕ ਭਾਸ਼ਾ ਵਿੱਚ ਪੰਜਾਬੀਆਂ ਦਾ‘ਵਾਜਾ ਵਜਾ ਗਿਆ। ਕਈ ਵਾਰ ਉਸ ਨੂੰ ਸੰਗੀਤ ਦੇ ਪੰਜਾਬੀ ਪ੍ਰੋਗਰਾਮਾਂ ਵਿੱਚ ਚੁਟਕਲੇ ਵੀ ਸੁਣਾਉਣੇ ਪੈਂਦੇ ਸਨ।
ਅਸੀਂ ਲੋਕ-ਗਾਇਕੀ ਦੇ ਵਿਰੋਧੀ ਨਹੀਂ; ਇਹ ਗਾਇਕੀ ਸਾਡੀਆਂ ਧੁਰ ਅੰਦਰਲੀਆਂ ਮੂਲ ਭਾਵਨਾਵਾਂ ਨੂੰ ਆਵਾਜ਼ ਦਿੰਦੀ ਹੈ ਪਰ ਕੀ ਅਸੀਂ ਆਪਣੀਆਂ ਮੂਲ ਭਾਵਨਾਵਾਂ ਤੋਂ ਰਤਾ ਵੀ ਅੱਗੇ ਨਹੀਂ ਤੁਰ ਸਕੇ? ਸਾਡਾ ਗ਼ਮ ਇਹ ਹੈ ਕਿ ਗੁਰਬਾਣੀ ਕੀਰਤਨ ਦੀ ਏਨੀ ਵੱਡੀ ਪਰੰਪਰਾ ਵੀ ਸਾਡੀ ਸੰਗੀਤਕ ਅਤੇ ਸ਼ਾਇਰੀ ਦੀ ਸੰਵੇਦਨਾ ਵਿੱਚ ਕੋਈ ਵੱਡਾ ਵਾਧਾ ਕਿਉਂ ਨਹੀਂ ਕਰ ਸਕੀ! ਕੀ ਅਸੀਂ ਗੁਰਬਾਣੀ ਕੀਰਤਨ ਨੂੰ ਇੱਕ ਰਸਮ ਵਾਂਗ ਹੀ ਸੁਣ ਰਹੇ ਹਾਂ? ਉਸ ਦਾ ਕਾਵਿਕ ਅਤੇ ਸੰਗੀਤਕ ਬੋਧ ਸਾਡੇ ਅੰਦਰ ਉੱਕਾ ਨਹੀਂ ਸਮਾਇਆ? ਜੇ ਅਸੀਂ ਕੀਰਤਨ ਦੀ ਬਾਣੀ ਅਤੇ ਸੰਗੀਤ ਦੀ ਸੱਚਮੁੱਚ ਇੱਜ਼ਤ ਕੀਤੀ ਹੁੰਦੀ ਅਤੇ ਉਸ ਨੂੰ ਅੰਦਰ ਵਸਾਇਆ ਹੁੰਦਾ ਤਾਂ ਪੰਜਾਬੀ ਵਿੱਚ ਗੰਭੀਰ ਸ਼ਾਇਰੀ ਅਤੇ ਗਾਇਕੀ ਦਾ ਵੱਡਾ ਥਾਂ ਹੁੰਦਾ। ਜਗਜੀਤ ਸਿੰਘ ਨੇ ਮਿਰਜ਼ਾ ਗ਼ਾਲਿਬ, ਫ਼ਿਰਾਕ ਗੋਰਖਪੁਰੀ,  ਸ਼ਾਹਿਦ ਕਬੀਰ, ਅਮੀਰ ਮੀਨਾਈ, ਨਿਦਾ ਫ਼ਾਜ਼ਲੀ ਅਤੇ ਕਤੀਲ ਸ਼ਿਫ਼ਾਈ ਵਰਗੇ ਸ਼ਾਇਰਾਂ ਨੂੰ ਗਾਇਆ। ਨਵਿਆਂ ਵਿੱਚੋਂ ਉਸ ਨੇ ਜ਼ਕਾ ਸਦੀਕੀ, ਨਜ਼ੀਰ, ਫ਼ੈਜ਼ ਰਤਲਾਮੀ ਅਤੇ ਰਾਜੇਸ਼ ਰੈੱਡੀ ਦੀ ਚੋਣ ਕੀਤੀ। ਉਹ ਜਿਹੜੇ ਵੀ ਸ਼ਾਇਰ ਨੂੰ ਗਾਉਂਦਾ ਸਾਰੇ ਹਿੰਦੁਸਤਾਨ ਵਿੱਚ ਪਹੁੰਚਾ ਦਿੰਦਾ। ਮਹੇਸ਼ ਭੱਟ ਨੇ ਤਾਂ ਇੱਥੋਂ ਤਕ ਕਿਹਾ ਕਿ ਜੇ ਮੇਰੀ ਫ਼ਿਲਮ ਅਰਥ ਵਿੱਚ ਜਗਜੀਤ ਸਿੰਘ ਨੇ ਨਾ ਗਾਇਆ ਹੁੰਦਾ ਤਾਂ ਇਹ ਕਰੋੜਾਂ ਲੋਕਾਂ ਦੇ ਦਿਲਾਂ ਤਕ ਨਾ ਪਹੁੰਚਦੀ; ਬਹੁਤ ਧੰਨਵਾਦ ਮੇਰੇ ਦੋਸਤ!’
ਜਗਜੀਤ ਸਿੰਘ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਜ਼ਰੂਰ ਲਈ ਪਰ ਉਸ ਦੀ ਗਾਇਕੀ ਬਹੁਤ ਸਾਦਗੀ ਵਾਲੀ ਅਤੇ ਤਕਨੀਕ ਦੇ ਭਾਰ ਤੋਂ ਪੂਰੀ ਤਰ੍ਹਾਂ ਮੁਕਤ ਹੈ। ਫ਼ਿਰ ਵੀ ਪੰਜਾਬੀਆਂ ਨੇ ਉਸ ਨੂੰ ਆਪਣੀ ਜ਼ੁਬਾਨ ਵਿੱਚ ਨਹੀਂ ਸੁਣਿਆਂ। ਉਸ ਨੇ ਵੀ ਸ਼ਿਵ ਬਟਾਲਵੀ ਤੋਂ ਬਾਅਦ ਕਿਸੇ ਹੋਰ ਸ਼ਾਇਰ ਨੂੰ ਨਹੀਂ ਗਾਇਆ। ਹਕੀਕਤ ਇਹ ਵੀ ਹੈ ਕਿ ਜਗਜੀਤ ਅਤੇ ਸੁਰਜੀਤ ਪਾਤਰ ਸਮਕਾਲੀ ਹਨ ਅਤੇ ਸਾਡੇ ਸਰਵੋਤਮ ਨਾਵਾਂ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਕਿਤੇ ਇਕੱਠੇ ਨਹੀਂ ਹੁੰਦੇ। ਹਾਂ, ਦੂਰਦਰਸ਼ਨ ਦੇ ਇੱਕ ਪ੍ਰੋਗਰਾਮ ਵਿੱਚ ਉਹ ਜ਼ਰੂਰ ਇਕੱਠੇ ਹੋਏ; ਪਾਤਰ ਦਾ ਇੱਕ ਗੀਤ ਜਗਜੀਤ ਨੇ ਗਾਇਆ: ‘‘ਜ਼ਰਾ ਬਚ ਕੇ ਮੋੜ ਤੋਂ; ਰੋਕ ਰੋਕ ਪਹੀਆ, ਤੈਨੂੰ ਕਾਹਲ ਕਾਹਦੀ ਪਈ ਆ, ਕਿਹੜੀ ਅੱਗ ਲੱਗ ਗਈ ਆ, ਜਿਹੜੀ ਬੁਝੇ ਨਾ ਹੋਰ ਤੋਂ।’’ ਬਦਕਿਸਮਤੀ ਦੇਖੋ ਕਿ ਸਾਡੇ ਕੋਲ ਇਹ ਗੀਤ ਤਾਂ ਹੈ ਪਰ ਗੀਤ ਵਿੱਚ ਨਾ ਪਾਤਰ ਦੀ ਪਰਵਾਜ਼ ਹੈ ਨਾ ਜਗਜੀਤ ਦਾ ਜਲੌਅ। ਭਾਵੇਂ ਉਸ ਨੇ 1986 ਵਿੱਚ ਪੰਜਾਬੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਵਾਸਤੇ ਕੁਝ ਗੀਤ ਗਾਏ ਪਰ ਉਸ ਦਾ ਪਹਿਲਾ ਗਾਣਾ ਇੱਕ ਗੁਜਰਾਤੀ ਫ਼ਿਲਮ ਲਈ ਰਿਕਾਰਡ ਹੋਇਆ।

28 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਗਜੀਤ ਨੇ ਆਪਣੇ ਜੀਵਨ ਵਿੱਚ ਕੁੱਲ 40 ਆਡੀਓ ਐਲਬਮਾਂ ਤਿਆਰ ਕਰਵਾਈਆਂ ਅਤੇ  ਲਗਪਗ 25 ਫ਼ਿਲਮਾਂ ਲਈ ਗਾਇਆ। ਉਸ ਦੇ ਇਸ ਸਾਰੇ ਕੰਮ ਵਿੱਚ ਪੰਜਾਬੀ ਦਾ ਕੰਮ ਆਟੇ ਵਿੱਚ ਲੂਣ ਮਾਤਰ ਹੀ ਹੈ।
ਕੁਝ ਲੋਕਾਂ ਦਾ ਇਹ ਖ਼ਿਆਲ ਹੈ ਕਿ ਇਸ ਵਿੱਚ ਸਾਡੇ ਪੰਜਾਬੀ ਗਾਇਕਾਂ ਦਾ ਦੋਸ਼ ਹੈ। ਉਨ੍ਹਾਂ ਨੇ ਬਜ਼ਾਰ ਦੇ ਪ੍ਰਭਾਵ ਅਧੀਨ ਸੰਜੀਦਾ ਪੰਜਾਬੀ ਗੀਤ-ਗ਼ਜ਼ਲ ਨਹੀਂ ਗਾਏ। ਉਨ੍ਹਾਂ ਦਾ ਖ਼ਿਆਲ ਹੈ ਕਿ ਜੇ ਜਗਜੀਤ ਪੰਜਾਬੀ ਦੀ ਗੰਭੀਰ ਗਾਇਕੀ ਗਾਉਂਦਾ ਤਾਂ ਉਹ ਵੀ ਚੱਲ ਨਿਕਲਣੀ ਸੀ ਪਰ ਜੇ ਧਿਆਨ ਨਾਲ ਵਾਚੀਏ ਤਾਂ ਉਸ ਨੇ ਇਸ ਪਾਸੇ ਭਰਪੂਰ ਯਤਨ ਕੀਤਾ ਪਰ ਉਸ ਨੂੰ ਲੋੜੀਂਦਾ ਹੁੰਗਾਰਾ ਨਹੀਂ ਮਿਲਿਆ। ਕਲਾਕਾਰ ਨੂੰ ਜੇ ਉਸਦੇ ਕੰਮ ਦੀ ਸ਼ਾਬਾਸ਼ ਨਹੀਂ ਮਿਲਦੀ ਤਾਂ ਉਹ ਅੱਧਾ ਰਹਿ ਜਾਂਦਾ ਹੈ; ਜੇ ਸ਼ਾਬਾਸ਼ ਮਿਲਦੀ ਹੈ ਤਾਂ ਦੂਣਾ ਹੋ ਜਾਂਦਾ ਹੈ। ਇਉਂ ਜਗਜੀਤ ਦੀ ਪੰਜਾਬੀ ਗਾਇਕੀ ਨੂੰ ਪੰਜਾਬੀਆਂ ਨੇ ਹੀ ਅਣਜਾਣੇ ਵਿੱਚ ਇੱਕ ਚੁਥਾਈ ਕਰ ਦਿੱਤਾ ਸੀ। ਇਸ ਨਾਲ ਜਗਜੀਤ ਦਾ ਸ਼ਾਇਦ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਪੰਜਾਬੀ ਦਾ ਹੋਇਆ ਹੈ। ਜੇ ਉਸ ਦੀ ਗੰਭੀਰ ਪੰਜਾਬੀ ਗਾਇਕੀ ਨੂੰ ਪੰਜਾਬ ਵਿੱਚ ਉਸੇ ਤਰ੍ਹਾਂ ਸੁਣਿਆਂ ਜਾਂਦਾ ਜਿਵੇਂ ਉਹ ਸਾਰੇ ਸੰਸਾਰ ਵਿੱਚ ਸੁਣਿਆ ਜਾ ਰਿਹਾ ਹੈ ਤਾਂ ਪੰਜਾਬੀ ਸ਼ਾਇਰੀ ਕਿਤੇ ਅੱਗੇ ਚਲੀ ਜਾਣੀ ਸੀ। ਉਹ ‘ਸਿਲਸਿਲੇ’ ਅਤੇ ‘ਮਰਾਸਿਮ’ ਨਾਂ ਦੀ ਐਲਬਮ ਵਿੱਚ ਗੁਲਜ਼ਾਰ ਨੂੰ ਗਾਉਂਦਾ ਹੈ ਪਰ ਪੰਜਾਬੀ ਵਿੱਚ ਨਹੀਂ। ਪੰਜਾਬ ਦੇ ਸੁਦਰਸ਼ਨ ਫ਼ਾਕਿਰ ਨੂੰ ਗਾਉਂਦਾ ਹੈ ਪਰ ਉਰਦੂ ਵਿੱਚ। ਅਸੀਂ ਇਸ ਸਮੇਂ ਭਾਸ਼ਾ ਦਾ ਰੋਣਾ ਨਹੀਂ ਰੋ ਰਹੇ, ਸਕਾਫ਼ਤ ਜਾਂ ਸੱਭਿਆਚਾਰ ਦਾ ਦੁੱਖ ਫ਼ਰੋਲ ਰਹੇ ਹਾਂ। ਸ਼ਾਇਦ ਕੁਝ ਇਹ ਵੀ ਕਹਿਣ ਕਿ ਉਸ ਨੇ ਜ਼ਿਆਦਾਤਰ ਉਦਾਸ ਗਾਇਕੀ ਗਾਈ ਹੈ ਇਸ ਲਈ ਪੰਜਾਬੀ ਉਸ ਤੋਂ ਦੂਰ ਰਹੇ ਪਰ ਪੰਜਾਬੀ ਸ਼ਿਵ ਕੁਮਾਰ ਬਟਾਲਵੀ ਤੋਂ ਦੂਰ ਨਹੀਂ ਰਹੇ; ਪੰਜਾਬੀ ਲੋਕ ਨਾ ਤਾਂ ਹੀਰ ਤੋਂ ਦੂਰ ਰਹੇ ਨਾ ਸੱਸੀ ਤੇ ਸੋਹਣੀ ਤੋਂ। ਜੇ ਮਾਰਕੀਟ ਦੇ ਪ੍ਰਭਾਵ ਕਾਰਨ ਜਗਜੀਤ ਨੇ ਪੰਜਾਬੀ ਨੂੰ ਨਹੀਂ ਗਾਇਆ ਤਾਂ ਵੀ ਦੋਸ਼ ਪੰਜਾਬੀਆਂ ਦਾ ਹੀ ਹੈ; ਉਹੀ ਤਾਂ ਮਾਰਕੀਟ ਹਨ।
ਕੁਰੂਕਸ਼ੇਤਰ ਯੂਨੀਵਰਸਟੀ ਵਿੱਚੋਂ ਉਸ ਨੇ ਆਪਣੀ ਐਮ. ਏ. ਕੀਤੀ ਸੀ, ਇਸ ਯੂਨੀਵਰਸਟੀ ਨੇ ਜਗਜੀਤ ਨੂੰ ਸਤਿਕਾਰ ਵਜੋਂ ਡੀ ਲਿੱਟ ਡਿਗਰੀ ਦਿੱਤੀ ਪਰ ਪੰਜਾਬ ਦੀ ਕਿਸੇ ਯੂਨੀਵਰਸਟੀ ਜਾਂ ਸਰਕਾਰ ਨੇ ਉਸ ਨੂੰ ਕਦੇ ਨਹੀਂ ਗੌਲਿਆ। ਸ਼ਾਇਦ ਏਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਗਿਆ। ਸਵਾਲ ਇਹ ਹੈ ਕਿ ਅਜਿਹਾ ਬੰਦਾ ਸਾਡੇ ਚੇਤਿਆਂ ਵਿੱਚ ਕਿਉਂ ਨਹੀਂ ਆ ਸਕਿਆ ਜਿਸ ਨੂੰ ਭਾਰਤ ਦੀ ਸਰਕਾਰ ਨੇ ਪਦਮ ਭੂਸ਼ਨ ਨਾਲ ਸਨਮਾਨਤ ਕੀਤਾ ਅਤੇ ਗ਼ਦਰ ਦੇ ਡੇਢ ਸੌ ਸਾਲਾ ਜਸ਼ਨਾਂ ਸਮੇਂ ਜਿਸ ਨੇ ਭਾਰਤ ਦੀ ਪਾਰਲੀਮੈਂਟ ਵਿੱਚ ਬਹਾਦਰ ਸ਼ਾਹ ਦੀ ਰਚਨਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸਪੀਕਰ ਦੀ ਹਾਜ਼ਰੀ ਵਿੱਚ ਗਾਈ: ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੇਂ। ਉਸ ਬਾਰੇ ਆਸਕਰ ਜੇਤੂ ਏ ਆਰ ਰਹਿਮਾਨ ਕਹਿੰਦਾ ਹੈ: ‘‘ਕੋਈ ਵੀ ਜਗਜੀਤ ਦੀ ਆਵਾਜ਼ ਨਹੀਂ ਸਿਰਜ ਸਕਦਾ ਅਤੇ ਕਲਾ ਵਿੱਚ ਉਸ ਜੇਹੀ ਪ੍ਰਵੀਨਤਾ ਹਾਸਲ ਨਹੀਂ ਕਰ ਸਕਦਾ।’’ ਜਦੋਂ ਉਸ ਨੇ 1991 ਵਿੱਚ ਲਤਾ ਮੰਗੇਸ਼ਕਰ ਵਾਸਤੇ ਐਲਬਮ‘ਸੱਜਦਾ’ਦਾ ਸੰਗੀਤ ਦੇਣਾ ਸੀ ਤਾਂ ਪ੍ਰੋਡਿਊਸਰ ਦੇ ਫ਼ੈਸਲੇ ਅਨੁਸਾਰ ਉਸ ਵਿੱਚ ਲਤਾ ਨੇ ਇਕੱਲੇ ਹੀ ਗਾਉਣਾ ਸੀ ਪਰ ਲਤਾ ਨੇ ਜਗਜੀਤ ਨਾਲ ਮਿਲ ਕੇ ਗਾਉਣ ਦੀ ਪੇਸ਼ਕਸ਼ ਕੀਤੀ। ਉਸ ਦੀ ਆਵਾਜ਼ ਨੂੰ ਲਤਾ ਜਿਹੀ ਗਾਇਕਾ ਵੀ ਪਿਆਰ ਕਰਦੀ ਸੀ। ਫ਼ਿਰ ਅਸੀਂ ਪੰਜਾਬੀ ਉਸ ਨੂੰ ਕਿਉਂ ਭੁੱਲੇ ਰਹੇ ਜਾਂ ਉਹ ਪੰਜਾਬੀ ਤੋਂ ਵਿੱਥ‘’ਤੇ ਕਿਉਂ ਰਿਹਾ ਕਿਉਂਕਿ ਅਸੀਂ ਸੰਜੀਦਾ ਗਾਇਕੀ ਨੂੰ ਭੁੱਲ ਰਹੇ ਹਾਂ; ਸਾਡੇ ਤਾਂ ਕੀਰਤਨੀਏਂ ਵੀ ਫ਼ਿਲਮੀ ਧੁਨਾਂ ਦੇ ਪਿਛਲੱਗ ਹੋ ਰਹੇ ਹਨ। ਸੱਚ ਪੁੱਛੋ ਤਾਂ ਜਗਜੀਤ ਨੂੰ  ਪੰਜਾਬੀਆਂ ਦੀ ਘੱਟ ਲੋੜ ਸੀ, ਪੰਜਾਬੀ ਬੋਲੀ ਅਤੇ ਪੰਜਾਬੀਆਂ ਨੂੰ ਉਸ ਦੀ ਕਿਤੇ ਜ਼ਿਆਦਾ। ਉਸ ਬਾਰੇ ਕਈ ਖੱਟੀਆਂ-ਮਿੱਠੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਪਰ ਨਾਸਕ ਦਾ ਇੱਕ ਪੁਲੀਸ ਅਫ਼ਸਰ ਦੱਸਦਾ ਹੈ ਕਿ ਉਸ ਦੀ ਯਾਦ ਦਾ ਸਭ ਤੋਂ ਮਹੱਤਵਪੂਰਨ ਅਤੇ ਸੰਵੇਦਨਾ ਭਰਿਆ ਉਹ ਮੌਕਾ ਸੀ ਜਦੋਂ 2005 ਵਿੱਚ ਔਰੰਗਾਬਾਦ ਵਿੱਚ ਜਗਜੀਤ ਨੇ ਜ਼ਿਹਨੀ ਤੌਰ ’ਤੇ ਚੁਣੌਤੀ ਭੋਗ ਰਹੇ ਬੱਚਿਆਂ ਵਾਸਤੇ ਪ੍ਰੋਗਰਾਮ ਕੀਤਾ ਤਾਂ ਉਸ ਨੇ ਫ਼ੀਸ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਉਹ ਲੋਕ-ਭਲਾਈ ਦੇ ਕਾਰਜਾਂ ਵਾਸਤੇ ਹਮੇਸ਼ਾਂ ਦਰਿਆ-ਦਿਲ ਰਿਹਾ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦਾ ਸਾਰਾ ਸੱਭਿਆਚਾਰ ਢੋਲ ਦੇ ਅੰਦਰ ਨਹੀਂ ਸਮਾ ਸਕਦਾ, ਉਸ ਨੂੰ ਪਖਾਵਜ, ਮਿਰਦੰਗ ਅਤੇ ਤਬਲੇ ਦੀ ਵੀ ਸਦਾ ਲੋੜ ਹੈ। ਸਾਨੂੰ ਆਪਣੀਆਂ ਭੁੱਲਾਂ ਉਤੇ ਸੱਚਾ ਪਛਤਾਵਾ ਹੋਣਾ ਚਾਹੀਦਾ ਹੈ; ਜਗਜੀਤ ਵਾਸਤੇ ਨਹੀਂ, ਸਗੋਂ ਆਪਣੇ-ਆਪ ਵਾਸਤੇ
 
 ਆਤਮਜੀਤ : ਮੋਬਾਈਲ:98760-18501

28 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਚ ਬਿੱਟੂ ਜੀ ....ਇਹ ਕਦੇ ਨਾ ਪੂਰਾ ਹੋਂਣ ਵਾਲਾ ਘਾਟਾ ਹੈ  ਇਹ....ਪਤਾ ਨਹੀ ਕਿਓ ਸਾਡੇ ਸਿਸਟਮ ਇਦਾ ਦੇ ਕਿਓ ਹਨ .... ਕਿਸੇ ਅਨਮੋਲ ਘਾਟ ਹੋ ਜਾਣ ਪਿਛੋ ਸੋਚਦੇ ਹਨ ਜਾਂ ਫਿਰ ਕਈ ਬਾਰੀ ਤੇ ਸਿਸਟਮ ਨੂ ਹਲੂਣ ਕੇ ਯਾਦ ਕਰਾਨਾ ਪੇੰਦਾ ਹੈ............ਧਨਵਾਦ ਜੀ ਇਹ ਸਾਂਝ ਸਾਂਝੀ ਕਰਨ ਲਈ.........

28 Mar 2012

Reply