|
ਜੋ ਮਿੱਟੀ’ਚ ਨਹੀਂ ਮਿਲਦੇ! |
ਮੌਤ ਇੱਕ ਸਧਾਰਨ ਘਟਨਾ ਹੈ ਪਰ ਕੁਝ ਸਿਰਲੱਥ ਯੋਧੇ ਆਪਣੀ ਮੌਤ ਨੂੰ ਵਿਸ਼ੇਸ ਬਣਾ ਦਿੰਦੇ ਹਨ। ਉਹ ਮਰਦੇ ਨਹੀਂ, ਅਮਰ ਹੋ ਜਾਂਦੇ ਹਨ। ਉਹ ਮਿੱਟੀ ‘ਚ ਨਹੀਂ ਮਿਲਦੇ ਸਗੋਂ ਸਦਾ ਲਈ ਆਕਾਸ਼ ‘ਚ ਤਾਰਿਆਂ ਵਾਂਗ ਚਮਕਦੇ ਰਹਿੰਦੇ ਹਨ। ਇਹ ਕਥਨ ਮੈਂ ਅੱਜ ਤੋਂ ਲਗਪਗ 43 ਸਾਲ ਪਹਿਲਾਂ ਆਪਣੇ ਸਮੇਂ ਦੇ ਇੱਕ ਮਹਾਨ ਇਨਸਾਨ ਕਾਮਰੇਡ ਬਾਬਾ ਬੂਝਾ ਸਿੰਘ ਦੇ ਮੂੰਹੋਂ ਸੁਣੇ ਸਨ ਪਰ ਓਦੋਂ ਮੈਨੂੰ ਨਹੀਂ ਸੀ ਪਤਾ ਕਿ ਉਹ ਕੌਣ ਸਨ। ਉਨ੍ਹਾਂ ਦਾ ਮੁਸਕਰਾਉਂਦਾ ਚਿਹਰਾ ਅੱਜ ਵੀ ਮੇਰੀ ਰੂਹ ਦੀ ਕਿਸੇ ਨੁਕਰ ‘ਚ ਉਕਰਿਆ ਹੋਇਆ ਹੈ। ਯੂਨੀਵਰਸਿਟੀ ਪੜ੍ਹਦਿਆਂ ਮੈਂ ਇਨਕਲਾਬੀ ਲਹਿਰ ਨਾਲ ਮਾੜੀ-ਮੋਟੀ ਹਮਦਰਦੀ ਰੱਖਦਾ ਸਾਂ। ਇੱਕ ਦਿਨ ਮੇਰਾ ਇੱਕ ਦੋਸਤ ਮੇਰੇ ਕੋਲ ਆਇਆ ਅਤੇ ਕਹਿਣ ਲੱਗਿਆ,”ਬਾਬਾ ਜੀ ਨੂੰ ਹੁਣੇ ਕਿਤੇ ਛੱਡ ਕੇ ਆਉਣੈ, ਤੂੰ ਕੋਈ ਸਾਈਕਲ ਲੈ ਕੇ ਜਾਹ!” ਉਹ ਬਾਬਾ ਜੀ ਨੂੰ ਮੇਰੇ ਕੋਲ ਛੱਡ ਕੇ, ਦੂਜੇ ਬੰਦੇ ਨੂੰ ਜਿਹੜਾ ਬਾਬਾ ਜੀ ਦੇ ਨਾਲ ਸੀ, ਨਾਲ ਲੈ ਕੇ ਉਨ੍ਹੀਂ ਪੈਰੀਂ ਮੁੜ ਗਿਆ। ਮੈਂ ਬਾਬਾ ਜੀ ਨੂੰ ਆਪਣੇ ਕਮਰੇ ਵਿੱਚ ਬਿਠਾ ਕੇ ਸਾਈਕਲ ਦਾ ਪ੍ਰਬੰਧ ਕਰਨ ਲਈ ਚਲਾ ਗਿਆ। ਸਾਈਕਲ ਮੈਨੂੰ ਸਾਡੇ ਹੋਸਟਲ ਦੀ ਮੈੱਸ ‘ਚੋਂ ਮਿਲ ਗਿਆ। ਬਾਬਾ ਜੀ ਕਹਿਣ ਲੱਗੇ,”ਪੁੱਤਰ,ਆਪਾਂ ਗੇਟ ਰਾਹੀਂ ਨਹੀਂ ਲੰਘਣਾ, ਕਿਸੇ ਹੋਰ ਪਾਸਿਓਂ ਜਾਣੈ।” ਮੈਂ ਸਾਈਕਲ ਆਪਣੇ ਸਾਥੀ ਨੂੰ ਦੇ ਕੇ ਉਸ ਨੂੰ ਗੇਟ ਰਾਹੀਂ ਕਰਤਾਰ ਭਵਨ ਕੋਲ ਪਹੁੰਚਣ ਲਈ ਕਿਹਾ। ਮੈਂ ਅਤੇ ਬਾਬਾ ਜੀ ਗਰਾਊਂਡਾਂ ਵਿਚਦੀ ਹੋ ਕੇ ਕਰਤਾਰ ਭਵਨ ਕੋਲ ਪਹੁੰਚ ਗਏ। ”ਪੁੱਤਰ, ਸ਼ਾਬਾਸ਼ੇ! ਹੁਣ ਤੂੰ ਮੁੜ ਜਾ, ਅਸੀਂ ਅਗਾਂਹ ਜਾਂਦੇ ਹਾਂ,” ਬਾਬਾ ਜੀ ਨੇ ਮੇਰੇ ਸਾਥੀ ਦੇ ਮੋਢਿਆਂ ‘ਤੇ ਹੱਥ ਰੱਖ ਕੇ ਅਸ਼ੀਰਵਾਦ ਦਿੰਦਿਆਂ ਕਿਹਾ। ਅਸੀਂ ਨਹਿਰ ਦੀ ਪਟੜੀ ‘ਤੇ ਜਾ ਰਹੇ ਸਾਂ। ਬਾਬਾ ਜੀ ਦੇ ਚਿਹਰੇ ‘ਤੇ ਅੰਤਾਂ ਦਾ ਨੂਰ ਸੀ। ਉਹ ਹਲਕੀ ਜਿਹੇ ਸਰੀਰ ਵਾਲੇ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਸਨ। ਉਹ ਮੇਰੇ ਸਾਈਕਲ ਦੇ ਮੂਹਰਲੇ ਡੰਡੇ ‘ਤੇ ਬੈਠੇ ਸਨ। ਉਹ ਸਹਿਜ ਅਤੇ ਧੀਮੀ ਆਵਾਜ਼ ‘ਚ ਬੋਲਣ ਲੱਗੇ, ”ਉਮਰ ਲੰਮੀ ਹੋਵੇ ਜਾਂ ਛੋਟੀ, ਵੱਖਰੀ ਅਤੇ ਨਿਰਾਲੀ ਹੋਣੀ ਚਾਹੀਦੀ ਹੈ। ਇਨਕਲਾਬ ਕੋਈ ਕਲਾਕਾਰੀ ਨਹੀਂ ਅਤੇ ਨਾ ਹੀ ਇਹ ਕੋਈ ਸ਼ੌਕ ਹੈ। ਇਹ ਤਾਂ ਇੱਕ ਖ਼ੂਨੀ ਜੰਗ ਹੈ, ਦੋ ਜਮਾਤਾਂ ਦੀ ਜੰਗ! ਇਸ ਵਿੱਚ ਦੱਬੇ-ਕੁਚਲਿਆਂ ਅਤੇ ਲੁੱਟੇ-ਪੁੱਟੇ ਜਾਂਦਿਆਂ ਨੇ ਜਰਵਾਣਿਆਂ ਅਤੇ ਲੋਟੂਆਂ ਤੋਂ ਰਾਜਸੀ ਤਾਕਤ ਖੋਹਣੀ ਹੁੰਦੀ ਹੈ। ਇਹ ਜੰਗ ਬਿਨਾਂ ਸ਼ੱਕ ਹਥਿਆਰਬੰਦ ਹੁੰਦੀ ਹੈ ਪਰ ਹਥਿਆਰਾਂ ਨੂੰ ਚਲਾਉਣ ਵਾਲੇ ਵੀ ਤਾਂ ਹੋਣੇ ਚਾਹੀਦੇ ਹਨ। ਨੌਜਵਾਨਾ! ਆਪਣੇ ਦੇਸ਼ ਵਿੱਚ ਚੱਲ ਰਹੀ ਇਨਕਲਾਬੀ ਲਹਿਰ ਨੂੰ ਕਾਮਯਾਬ ਕਰਨ ਦਾ ਸਿਹਰਾ ਤੁਹਾਡੇ ਸਿਰਾਂ ‘ਤੇ ਹੀ ਹੈ। ਇਸ ਨੂੰ ਤੁਸੀਂ ਕਾਮਯਾਬ ਕਰਨਾ ਹੈ। ਮੈਂ ਜਾਣਦਾ ਹਾਂ ਕਿ ਤੁਹਾਡੇ ਮਾਪਿਆਂ ਨੇ ਬੜੀਆਂ ਮੁਸ਼ਕਲਾਂ ਝੱਲ ਕੇ ਤੁਹਾਨੂੰ ਇੱਥੇ ਪੜ੍ਹਨ ਭੇਜਿਆ ਹੈ। ਤੁਹਾਡੀਆਂ ਮਹਿੰਗੀਆਂ ਫ਼ੀਸਾਂ ਭਰ ਰਹੇ ਹਨ। ਉਨ੍ਹਾਂ ਨੂੰ ਵੀ ਤੁਹਾਡੇ ਤੋਂ ਬਹੁਤ ਸਾਰੀਆਂ ਆਸਾਂ ਹਨ ਪਰ ਪੁੱਤਰ, ਪੜ੍ਹਾਈ ਦਾ ਮਤਲਬ ਤਾਂ ਇਹੀ ਹੈ ਕਿ ਤੁਸੀਂ ਅਸਲੀਅਤ ਤੋਂ ਜਾਣੂ ਹੋਵੋ। ਤੁਸੀਂ ਡਿਗਰੀਆਂ ਪ੍ਰਾਪਤ ਕਰ ਕੇ ਨੌਕਰੀਆਂ ਵੀ ਲੈ ਸਕੋਗੇ ਪਰ ਫੇਰ ਤੁਸੀਂ ਭੀੜ ‘ਚ ਗੁਆਚ ਜਾਓਗੇ। ਜੇ ਭਗਤ ਸਿੰਘ ਹੁਰਾਂ ਨੇ ਨੌਕਰੀਆਂ ਲਈਆਂ ਹੁੰਦੀਆਂ ਤਾਂ ਉਨ੍ਹਾਂ ਨੇ ਭੀੜ ਵੀ ‘ਚ ਗੁਆਚ ਜਾਣਾ ਸੀ ਪਰ ਹੁਣ ਉਹ ਹਮੇਸ਼ਾ ਲਈ ਅਮਰ ਹੋ ਗਏ। ਤੁਸੀਂ ਆਪਣੇ ਅਤੇ ਆਪਣੇ ਮਾਂ-ਬਾਪ ਪ੍ਰਤੀ ਆਪਣੇ ਫ਼ਰਜ਼ਾਂ ਦੇ ਨਾਲ ਆਪਣੇ ਦੇਸ਼ ਦੇ ਲੋਕਾਂ ਤੇ ਸਮੁੱਚੀ ਲੋਕਾਈ ਪ੍ਰਤੀ ਵੀ ਫ਼ਰਜ਼ਾਂ ਨੂੰ ਪਛਾਨਣਾ ਹੈ। ਪਹਿਲਾਂ ਆਪ ਸੁਚੇਤ ਹੋਵੋ, ਫੇਰ ਆਪਣੇ ਸਾਥੀਆਂ ਨੂੰ ਸੁਚੇਤ ਕਰੋ। ਆਪਣੇ ਮਾਂ-ਬਾਪ ਨੂੰ ਵੀ ਦੱਸੋ। ਤੁਸੀਂ ਹੀ ਇਨਕਲਾਬ ਦੀਆਂ ਨੀਹਾਂ ਭਰਨੀਆਂ ਹਨ। ਤੁਸੀਂ ਹੀ ਸੰਗਰਾਮ ਉਸਾਰਨੇ ਹਨ…” ਮੈਂ ਬਾਬਾ ਜੀ ਨੂੰ ਸੁਣਦਾ ਜਾ ਰਿਹਾ ਸਾਂ। ਅਖੀਰ ਇੱਕ ਥਾਂ ‘ਤੇ ਜਾ ਕੇ ਉਨ੍ਹਾਂ ਮੈਨੂੰ ਰੁਕਣ ਲਈ ਕਿਹਾ। ਮੈਂ ਸਾਈਕਲ ਰੋਕ ਲਿਆ। ਬਾਬਾ ਜੀ ਨੇ ਮੈਨੂੰ ਬਹੁਤ ਹੀ ਸਨੇਹ ਨਾਲ ਆਪਣੀ ਬੁੱਕਲ ‘ਚ ਲੈ ਲਿਆ। ਉਨ੍ਹਾਂ ਦੀ ਬੁੱਕਲ ਦਾ ਨਿੱਘ ਮੈਂ ਹਾਲੇ ਵੀ ਨਹੀਂ ਭੁੱਲਿਆ ਹਾਂ। ਪੁੱਤਰ, ਇਨਕਲਾਬ ਦੇ ਇਤਿਹਾਸ ਦੇ ਅੱਜ ਦੇ ਪੰਨਿਆਂ ‘ਤੇ ਤੁਹਾਡੇ ਵੀ ਨਾਂ ਉਕਰੇ ਗਏ ਹਨ। ਜੇ ਤੁਸੀਂ ਅੱਜ ਫੁਰਤੀ ਨਾ ਦਿਖਾਈ ਹੁੰਦੀ ਤਾਂ ਸ਼ਾਇਦ ਬਹੁਤ ਹੀ ਦੇਰ ਹੋ ਜਾਣੀ ਸੀ। ਕੋਈ ਵੱਡੀ ਘਟਨਾ ਵਾਪਰ ਜਾਣੀ ਸੀ। ਚੰਗਾ ਪੁੱਤਰ, ਹੁਣ ਤੂੰ ਮੁੜ ਜਾ, ਅੱਗੇ ਮੈਂ ਆਪੇ ਚਲਾ ਜਾਵਾਂਗਾ। ਹੋਸਟਲ ਪਹੁੰਚ ਕੇ ਪਤਾ ਲੱਗਿਆ ਕਿ ਪੁਲੀਸ ਗੇੜੇ ਮਾਰਦੀ ਫਿਰ ਰਹੀ ਸੀ। ਬਾਬਾ ਜੀ ਹੋਰਾਂ ਨੂੰ ਵੀ ਉਨ੍ਹਾਂ ਦੇ ਹੋ ਰਹੇ ਪਿੱਛੇ ਦਾ ਪਤਾ ਲੱਗ ਗਿਆ ਹੋਵੇਗਾ, ਇਸੇ ਲਈ ਉਨ੍ਹਾਂ ਨੇ ਕਿਹਾ ਸੀ ਕਿ ‘ਕੋਈ ਵੱਡੀ ਘਟਨਾ ਵਾਪਰ ਜਾਣੀ ਸੀ। ਓਹੀ ਵੱਡੀ ਘਟਨਾ ਤਾਂ ਕੁਝ ਮਹੀਨੇ ਬਾਅਦ 27 ਜੁਲਾਈ,1970 ਨੂੰ ਵਾਪਰ ਗਈ ਸੀ ਜਦੋਂ ਬਾਬਾ ਜੀ ਨੂੰ ਪੁਲੀਸ ਨੇ ਫੜ ਲਿਆ ਅਤੇ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਅੱਜ ਵੀ ਜਦੋਂ ਮੈਂ ਅਜਮੇਰ ਸਿੱਧੂ ਵੱਲੋਂ ਬਾਬਾ ਜੀ ਬਾਰੇ ਲਿਖੀ ਕਿਤਾਬ ਨੂੰ ਪੜ੍ਹਦਾ ਹਾਂ ਤਾਂ ਉਸ ਦੇ ਪਹਿਲੇ ਪੱਤਰਿਆਂ ‘ਤੇ ਉਕਰਿਆ ਬਾਬਾ ਜੀ ਦਾ ਸਿਖ਼ਰ ਮੇਰੇ ਧੁਰ ਅੰਦਰ ਤਕ ਉਤਰ ਜਾਂਦਾ ਹੈ। 43 ਸਾਲ ਪਹਿਲਾਂ ਦੇਖਿਆ ਉਨ੍ਹਾਂ ਦੇ ਚਿਹਰੇ ਦਾ ਜਲੌਅ ਮੇਰੇ ਅੰਦਰ ਝਰਨਾਹਟ ਛੇੜ ਦਿੰਦਾ ਹੈ। ਉਹ ਜੋ ਮਿੱਟੀ ‘ਚ ਨਹੀਂ ਮਿਲੇ, ਮੇਰੇ ਮਿੱਟੀ ‘ਚ ਮਿਲ ਜਾਣ ਤਕ ਮੇਰੇ ਮਨ ਵਿੱਚ ਇਉਂ ਹੀ ਵਸੇ ਰਹਿਣ, ਦੀ ਇੱਛਾ ਮਨ ‘ਚ ਸਾਂਭ ਕੇ ਮੈਂ ਕਿੰਨਾ ਹੀ ਚਿਰ ਆਕਾਸ਼ ‘ਚ ਸਦਾ ਲਈ ਚਮਕ ਰਹਿਆਂ ਨੂੰ ਵੇਖਦਾ ਰਹਿੰਦਾ ਹਾਂ।
ਨੰਦ ਸਿੰਘ ਮਹਿਤਾ * ਸੰਪਰਕ:94170-35744
|
|
13 Mar 2013
|