Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜੁਗਨੀ ਕਹਿੰਦੀ ਐ…

ਪੰਜਾਬੀ ਲੋਕ ਗਾਇਕ ਵਿਧੀਆਂ ਨਾਲ ਪੈੜ ਮੇਚਦੀ ਵਿਧਾ ‘ਜੁਗਨੀ’ ਤੋਂ ਹਰੇਕ ਪੰਜਾਬੀ ਵਾਕਫ਼ ਹੈ। ਜੁਗਨੀ ਦਾ ਨਾਂ ਲੈਂਦਿਆਂ ਹੀ ਅਣਜਾਣ ਲੋਕ ਤਾਂ… ਆਪ ਮੁਹਾਰੀ ਤੇ ਸ਼ਹਿਰੋਂ-ਸ਼ਹਿਰ ਘੁੰਮ ਕੇ ਗਾਉਣ ਵਾਲੀ ਕਿਸੇ ਮੁਟਿਆਰ ਦਾ ਨਾਂ ਹੀ ਕਿਆਸ ਲੈਂਦੇ ਹਨ ਜਦੋਂਕਿ ਜੁਗਨੀ ਦਾ ਬਾਕਾਇਦਾ ਆਪਣੇ-ਆਪ ਵਿੱਚ ਇੱਕ ਮਾਅਰਕਾਖੇਜ਼ ਤੇ ਵਿਲੱਖਣ ਇਤਿਹਾਸ ਹੈ। ਇਹ ਹੈ ਵੀ ਮਾਣਮੱਤਾ, ਦੇਸ਼-ਭਗਤੀ ਨਾਲ ਸੰਪੰਨ ਇੱਕ ਕੁਰਬਾਨੀ ਭਰਪੂਰ ਇਤਿਹਾਸ।

‘ਜੁਗਨੀ’ ਅਸਲ ਵਿੱਚ ਉਸ ਸਮੇਂ ਚਰਚਾ ਅਤੇ ਵਜੂਦ ਵਿੱਚ ਆਈ ਜਦੋਂ ਭਾਰਤ ਸਮੇਤ ਦੁਨੀਆਂ ਦੇ ਬਹੁਤੇ ਦੇਸ਼ਾਂ ਵਿੱਚ ਅੰਗਰੇਜ਼ੀ ਰਾਜ ਦਾ ਬੋਲਬਾਲਾ ਸੀ ਪਰ ਅੰਗਰੇਜ਼ਾਂ ਵੱਲੋਂ ਕੀਤੀ ਜਾਂਦੀ ਲੁੱਟ, ਹੋ ਰਹੀਆਂ ਵਧੀਕੀਆਂ ਕਾਰਨ ਭਾਰਤ ਸਮੇਤ ਦੂਜੇ ਦੇਸ਼ਾਂ ਵਿੱਚ ਵੀ ਕਦੇ-ਕਦੇ ਵਿਦਰੋਹੀ ਸੁਰਾਂ ਮੱਧਮ ਜਿਹੀ ਆਵਾਜ਼ ਵਿੱਚ ਉੱਠ ਰਹੀਆਂ ਸਨ। ਅੰਗਰੇਜ਼ ਆਪਣੀ ਸਰਕਾਰ ਦਾ ਦਬਦਬਾ ਹਰ ਕੀਮਤ ਉੱਤੇ ਕਾਇਮ ਰੱਖਣਾ ਚਾਹੁੰਦੇ ਸਨ। ਉਹ ਆਪਣੀ ਤਾਕਤ ਦਾ ਪ੍ਰਗਟਾਵਾ ਕਰਨ ਅਤੇ ਆਪਣੀ ਬੱਲੇ-ਬੱਲੇ ਕਰਵਾਉਣਾ ਚਾਹੁੰਦੇ ਸਨ। ਇਸ ਦੇ ਨਾਲ ਹੀ ਅੰਗਰੇਜ਼ ਆਪਣੇ ਗੁਲਾਮ ਮੁਲਕਾਂ ਨੂੰ ਉਨ੍ਹਾਂ ਦੀ ਗੁਲਾਮੀ ਦਾ ਅਹਿਸਾਸ ਵੀ ਕਰਵਾਉਣ ਲਈ ਸੋਚ-ਵਿਚਾਰਾਂ ਕਰਨ ਲੱਗੇ।
ਸਾਲ 1906 ਵਿੱਚ ਜਦੋਂ ਅੰਗਰੇਜ਼ ਸਰਕਾਰ ਆਪਣੇ ਸਾਮਰਾਜ ਦੀ ‘ਬ੍ਰਿਟਿਸ਼ ਅੰਪਾਇਰ ਜੁਬਲੀ’ ਮਨਾ ਰਹੇ ਸਨ। ਉਨ੍ਹਾਂ ਸੋਚਿਆ ਕਿ ਭਾਰਤ ਸਮੇਤ ਤਮਾਮ ਗੁਲਾਮ ਦੇਸ਼ਾਂ ਵਿੱਚ, ਕਿਸੇ ਨਾ ਕਿਸੇ ਬਹਾਨੇ ਦੇਸ਼ਾਂ ਦੇ ਆਮ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇ ਤੇ ਦੇਸ਼ ਦੇ ਲੋਕਾਂ ਸਾਹਮਣੇ ਅੰਗਰੇਜ਼ੀ ਸਰਕਾਰ ਦੀਆਂ ਹੁਣ ਤਕ ਦੀਆਂ ਸਾਰੀਆਂ ਪ੍ਰਾਪਤੀਆਂ ਦੱਸੀਆਂ ਜਾਣ। ਇਸ ਮੰਤਵ ਦੀ ਪੂਰਤੀ ਲਈ, ਉਨ੍ਹਾਂ ਇੱਕ ਮਸਾਲ ਤਿਆਰ ਕਰਵਾਈ ਜਿਸ ਨੂੰ ‘ਜੁਬਲੀ-ਫਲੇਮ’ ਦਾ ਨਾਂ ਦਿੱਤਾ ਗਿਆ। ਉਨ੍ਹਾਂ ਇਸ ਫਲੇਮ (ਜੋਤੀ) ਨੂੰ ਭਾਰਤ ਸਮੇਤ ਸਾਰੇ ਦੇਸ਼ਾਂ ਵਿੱਚ ਘੁਮਾਉਣ ਦੀ ਸੋਚੀ, ਜਿੱਥੇ-ਜਿੱਥੇ ਬਰਤਾਨੀਆ ਸਰਕਾਰ ਦਾ ਰਾਜ ਸੀ। ਇਹ ਸੋਨੇ ਦੇ ਕਲਸ਼ ਵਿੱਚ ਮੜ੍ਹੀ ‘ਜੁਬਲੀ-ਫਲੇਮ’ ਭਾਰਤ ਦੇ ਵੱਡੇ-ਵੱਡੇ ਨਗਰਾਂ ਤੇ ਸ਼ਹਿਰਾਂ ਵਿੱਚ ਘੁਮਾਈ ਗਈ। ਵੱਡੇ-ਵੱਡੇ ਸਰਕਾਰੀ ਸਮਾਗਮ ਰਚਾਏ ਗਏ। ਉਸੇ ਤਰ੍ਹਾਂ ਜਿਵੇਂ ‘ਰਾਸ਼ਟਰਮੰਡਲ ਖੇਡਾਂ’ ਸਮੇਂ ‘ਬੈਤੁਲ ਫਲੇਮ’ ਘੁਮਾਈ ਗਈ ਸੀ। ਇਨ੍ਹਾਂ ਸਾਰੇ ਸਮਾਗਮਾਂ ਵਿੱਚ ਮਹਾਰਾਣੀ ਵਿਕਟੋਰੀਆ ਤੇ ਉਸ ਦੀ ਸਰਕਾਰ ਦਾ ਪੂਰੇ ਜੋਸ਼ੋ-ਖਰੋਸ਼ ਨਾਲ ਗੁਣ-ਗਾਣ ਕੀਤਾ ਗਿਆ।
ਉਸ ਸਮੇਂ ਪੰਜਾਬ ਦੇ ਵਸਨੀਕ, ਲੋਕ ਗਾਇਕ ਬਿਸ਼ਨਾ ਜੱਟ ਤੇ ਮੁਹੰਮਦ (ਮੱਦੂ) ਆਪਣੇ ਵਧੀਆ ਗਾਉਣ ਕਰਕੇ ਲੋਕਾਂ ਵਿੱਚ ਬਹੁਤ ਮਕਬੂਲ ਸਨ। ਉਹ ਜਿੱਥੇ ਵੀ ਅਖਾੜਾ ਲਾਉਂਦੇ, ਉੱਥੋਂ ਹੀ ਲੋਕ ਸੈਂਕੜੇ-ਹਜ਼ਾਰਾਂ ਦੀ ਸੰਖਿਆ ’ਚ ਪਹੁੰਚ ਕੇ ਉਨ੍ਹਾਂ ਦੀ ਕਲਾ ਦਾ ਆਨੰਦ ਮਾਣਦੇ। ਉਹ ਦੋਵੇਂ ਗ਼ਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਸਨ। ਉਹ ਜੇਬ ਪੱਖੋਂ ਭਾਵੇਂ ਗ਼ਰੀਬੀ ਹੰਢਾਅ ਰਹੇ ਸਨ ਪਰ ਉਨ੍ਹਾਂ ਕੋਲ ਗਾਇਣ ਕਲਾ ਦੀ ਭਰਪੂਰ ਅਮੀਰੀ ਸੀ। ਗਾਉਣ ਵਿੱਚ ਨੇੜੇ-ਤੇੜੇ ਉਨ੍ਹਾਂ ਦਾ ਕੋਈ ਵੀ ਸਾਨੀ ਨਹੀਂ ਸੀ। ਉਨ੍ਹਾਂ ਅੰਦਰ ਵੀ ਆਜ਼ਾਦੀ ਦੀ ਤੜਪ ਤੇ ਦੇਸ਼ ਭਗਤੀ ਦੀ ਭਾਵਨਾ ਠਾਠਾਂ ਮਾਰ ਰਹੀ ਸੀ।

24 Jun 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਿਸ਼ਨੇ ਤੇ ਮੁਹੰਮਦ ਦੀ ਇਸ ਜੋੜੀ ਨੇ ਆਪਣੀ ਹੀ ਸਮਝ ਮੁਤਾਬਕ ‘ਜੁਬਲੀ’ ਸ਼ਬਦ ਦਾ ਪੰਜਾਬੀਕਰਨ ਕਰਕੇ ਇਸ ਨੂੰ ਜੁਬਲੀ ਤੋਂ ‘ਜੁਗਨੀ’ ਬਣਾ ਦਿੱਤਾ। ਉਨ੍ਹਾਂ ਉਸ ਵੇਲੇ ਅੰਗਰੇਜ਼ ਹਕੂਮਤ ਵੱਲੋਂ ਲੋਕਾਂ ਉੱਤੇ ਕੀਤੇ ਜਾਂਦੇ ਜ਼ੁਲਮੋ-ਸਿੱਤਮ, ਬੇਇਨਸਾਫ਼ੀਆਂ, ਧੱਕੇ ਜੋ ਉਨ੍ਹਾਂ ਆਪਣੇ ਅੱਖੀਂ ਦੇਖੇ, ਲੋਕਾਂ ਤੋਂ ਸੁਣੇ ਤੇ ਆਪਣੇ ਪਿੰਡਿਆਂ ਉੱਤੇ ਵੀ ਹੰਢਾਇਆ ਹੋਇਆ ਸੀ, ਇਨ੍ਹਾਂ ਸਾਰੇ ਦੁੱਖ-ਦਰਦਾਂ ਨੂੰ ਜੁਗਨੀ ਨਾਂ ਦੀ ਕਵਿਤਾ ਦੇ ਰੂਪ ਵਿੱਚ ਇੱਕ ਨਵੀਂ ਵਿਧਾ ਰਚ ਕੇ ਲੋਕਾਂ ਵਿਚਕਾਰ ਗਾਉਣਾ ਤੇ ਪ੍ਰਚਾਰਨਾ ਆਰੰਭ ਦਿੱਤਾ। ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਵੱਲੋਂ ਗਾਈ ਜਾਂਦੀ ਜੁਗਨੀ ਲੋਕਾਂ ਵਿੱਚ ਐਨੀ ਮਕਬੂਲ ਹੋਈ ਕਿ ਲੋਕ ਹੰੁਮ-ਹੰੁਮਾ ਕੇ ਜੁਗਨੀ ਸੁਣਨ ਲਈ ਪੁੱਛਣ ਲੱਗੇ। ਉਨ੍ਹਾਂ ਦਿਨਾਂ ਵਿੱਚ ਹਕੂਮਤ-ਏ-ਬਰਤਾਨੀਆ ਵੱਲੋਂ ਇਹ ‘ਜੁਬਲੀ ਫਲੇਮ’ ਪੰਜਾਬ ਦੇ ਗੁੱਜਰਾਂਵਾਲਾ ਨਾਂ ਦੇ ਸ਼ਹਿਰ ਵਿੱਚ ਵੀ ਲਿਆਂਦੀ ਗਈ ਸੀ।
ਦੂਜੇ ਪਾਸੇ ਬਿਸ਼ਨਾ ਤੇ ਮੁਹੰਮਦ ਨੇ ਵੀ ਇਸੇ ਸ਼ਹਿਰ ਵਿੱਚ ਆਪਣਾ ਜੁਗਨੀ ਦਾ ਅਖਾੜਾ ਲਾਇਆ, ਜਿਸ ਵਿੱਚ ਹਜ਼ਾਰਾਂ ਦਾ ਇਕੱਠ ਸੀ, ਜੋ ਜੁਬਲੀ ਫਲੇਮ ਦੇ ਸੀਮਤ ਜਿਹੇ ਇਕੱਠ ਦਾ ਮੂੰਹ ਚਿੜਾ ਰਿਹਾ ਸੀ। ਅੰਗਰੇਜ਼ ਹਕੂਮਤ ਇਹ ਦੇਖ ਕੇ ਬੜੀ ਮਾਯੂਸ ਹੋਈ ਤੇ ਦੇਸ਼-ਭਗਤ ਹਿੰਦੁਸਤਾਨੀਆਂ ਉੱਤੇ ਕਚੀਚੀਆਂ ਵੱਟਣ ਲੱਗੀ। ਅੰਗਰੇਜ਼ਾਂ ਨੇ ਇਸ ਨੂੰ ਆਪਣੀ ਬਹੁਤ ਵੱਡੀ ਹੱਤਕ ਸਮਝਿਆ। ਬਿਸ਼ਨੇ ਤੇ ਮੱਦੂ ਦੀ ਉਸ ਗਾਇਕ ਜੋੜੀ ਵੱਲੋਂ ‘ਜੁਗਨੀ’ ਵਿੱਚ ਗਾਏ ਗਏ ਕੁਝ ਕੁ ਟੱਪਿਆਂ ਦੀ ਵੰਨਗੀ ਪਾਠਕਾਂ ਦੀ ਦਿਲਚਸਪੀ ਲਈ ਹਾਜ਼ਰ ਹੈ-
ਜੁਗਨੀ ਆ ਵੜੀ ਮਜੀਠੇ,
ਕੋਈ ਰੰਨ ਨਾ ਆਟਾ ਪੀਠੇ।
ਪੁੱਤਰ ਗੱਭਰੂ ਮੁਲਕ ਵਿੱਚ ਮਾਰੇ,
ਰੋਵਣ ਅੱਖਾਂ ਬੁੱਲ੍ਹ ਨੇ ਸੀਤੇ
ਪੀਰ ਮੇਰਿਆਂ ਓ ਜੁਗਨੀ ਆਈ ਐ,
ਇਨ੍ਹਾਂ ਕਿਹੜੀ ਜੋਤ ਜਗਾਈ ਐ।
ਜੁਗਨੀ ਜਾ ਵੜੀ ਲੁਧਿਆਣੇ,
ਲੋਕੀਂ ਮਰਦੇ ਭੁੱਖ ਭਾਣੇ।
ਮਾਰਨ ਮੁੱਕੀਆਂ ਮੰਗਣ ਦਾਣੇ,
ਪੀਰ ਮੇਰਿਆਂ ਓ ਜੁਗਨੀ ਕਹਿੰਦੀ ਐ,
ਕਿੱਥੋਂ ਦੇਈਏ ਰੋਟੀ ਮਹਿੰਗੀ ਐ,
ਪੀਰ ਮੇਰਿਆਂ ਓ ਜੁਗਨੀ ਕਹਿੰਦੀ ਐ
ਜਿਹੜੀ ਨਾਮ ਅਲੀ ਦਾ ਲੈਂਦੀ ਹੈ।
ਜੁਗਨੀ ਜਾ ਵੜੀ ਕਲਕੱਤੇ,
ਜਿੱਥੇ ਇੱਕੋ ਰੋਟੀ ਪੱਕੇ।
ਭੁੱਖੇ ਢਿੱਡ ਪਾਣੀ ਨਾ ਪੱਚੇ,
ਫੜਦੇ ਮੱਛੀਆਂ ਜਾਲ ਨੇ ਕੱਚੇ।
ਰੁੜ੍ਹ ਗਏ ਮਾਪੇ, ਰੋਂਦੇ ਬੱਚੇ।
ਸਾਡੀ ਭੁੱਖ ਨੇ ਸੁਰਤ ਭੰਵਾਈ ਹੈ।
ਪੀਰ ਮੇਰਿਆ ਓ ਜੁਗਨੀ ਆਈ ਐ,
ਇਹਨੇ ਕਿਹੜੀ ਜੋਤ ਜਗਾਈ ਐ।
ਜੁਗਨੀ ਜਾ ਵੜੀ ਬੰਬਈ,
ਟਾਟੇ ਹੋਟਲ ਬਣਾ ਲਏ ਕਈ।
ਜਿੱਥੇ ਮੌਜ ਗੋਰਿਆਂ ਲਈ,
ਇਹ ਕੇਹੇ ਚੋਜ ਅਮੀਰਾਂ ਦੇ।
ਇਹ ਮਰੀਆਂ ਹੋਈਆਂ ਜ਼ਮੀਰਾਂ ਦੇ,
ਇਹ ਜੁਗਨੀ ਨਹੀਂ ਹੈ ਲੋਕਾਂ ਦੀ
ਇਹ ਕਾਲੀਆਂ ਚਿੱਟੀਆਂ ਜੋਕਾਂ ਦੀ,
ਇਹ ਜਾਂਦੀ ਖ਼ੂਨ ਸੁਕਾਈ ਐ।
ਇਹਨੇ ਕਿਹੜੀ ਜੋਤ ਜਗਾਈ ਹੈ।
ਜੁਗਨੀ ਜਾ ਵੜੀ ਜਲੰਧਰ,
ਗੋਰੇ ਕਰਦੇ ਨਿੱਤ ਅਡੰਬਰ।
ਬੋਲੇ ਕੋਈ ਤਾਂ ਕਰਦੇ ਅੰਦਰ,
ਮਨ-ਸੁਲਘੇ ਬਣ ਕੇ ਖੰਘਰ,
ਹੁਣ ਭਾਂਬੜ ਬਣਨ ’ਤੇ ਆਈ ਐ।
ਪੀਰ ਮੇਰਿਆਂ ਓ ਜੁਗਨੀ ਆਈ ਐ
ਇਹਨੇ ਕਿਹੜੀ ਜੋਤ ਜਗਾਈ ਐ।
ਇਹ ਉਸ ਸਮੇਂ ਦੀ ਜੁਗਨੀ ਸੀ ਜੋ ਸ਼ਹਿਰ-ਸ਼ਹਿਰ, ਪਿੰਡ-ਪਿੰਡ ਥਾਂ-ਥਾਂ ਘੁੰਮ ਕੇ ਬਗ਼ਾਵਤ ਦਾ ਝੰਡਾ ਬੁਲੰਦ ਕਰਦੀ ਅਤੇ ਆਜ਼ਾਦੀ ਤੇ ਜਾਗ੍ਰਿਤੀ ਦਾ ਸੰਦੇਸ਼ ਘਰ-ਘਰ ਪਹੁੰਚਾਉਂਦੀ ਸੀ। ਅੰਗਰੇਜ਼ਾਂ ਨੂੰ ਗੁੱਜਰਾਂਵਾਲਾ ਵਿੱਚ ਬਿਸ਼ਨਾ ਤੇ ਮੁਹੰਮਦ ਦੇ ਇਕੱਠਾਂ ਵਿੱਚ ਹੁੰਮਾ-ਹੁੰਮਾ ਕੇ ਭਾਰੀ ਗਿਣਤੀ ਵਿਚ ਪੁੱਜਣਾ ਤੇ ਉਨ੍ਹਾਂ ਨੂੰ ਇਕਾਗਰਤਾ ਨਾਲ ਸੁਣਨਾ ਬਹੁਤ ਰੜਕਿਆ। ਉਨ੍ਹਾਂ ਆਪਣੇ ਟਾਊਟਾਂ ਤੋਂ ਇਨ੍ਹਾਂ ਦੇ ਸਾਹਿਤ ਤੇ  ਟੱਪਿਆਂ ਦਾ ਮਤਲਬ ਜਾਣਿਆ ਤਾਂ ਉਨ੍ਹਾਂ ਨੂੰ ਇਸ ਵਿੱਚੋਂ ਬਗ਼ਾਵਤ ਦੀ ਸੁਰ ਵਿਖਾਈ ਦਿੱਤੀ। ਹਕੂਮਤ ਵਿਰੁੱਧ ਬਗ਼ਾਵਤ ਕਰਨ ਦੇ ਦੋਸ਼ ਲਾ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣੇ ਵਿੱਚ ਹੀ ਉਨ੍ਹਾਂ ਉੱਤੇ ਇੰਨਾ ਅਣਮਨੁੱਖੀ ਤਸ਼ੱਦਦ ਕੀਤਾ, ਜਿਸ ਦੀ ਤਾਬ ਨਾ ਝੱਲਦੇ ਹੋਏ ਬਿਸ਼ਨਾ ਜੱਟ ਤੇ ਮੁਹੰਮਦ (ਮੱਦੂ) ਥਾਣੇ ਵਿੱਚ ਹੀ ਪ੍ਰਾਣ ਤਿਆਗ ਗਏ।
ਵੇਲੇ ਦੀ ਹਕੂਮਤ ਵੱਲੋਂ ਉਨ੍ਹਾਂ ਦੀਆਂ ਲਾਸ਼ਾਂ ਥਾਣੇ ਵਿੱਚੋਂ ਬਾਹਰ ਕੱਢ ਕੇ ਕਿਸੇ ਥਾਂ ਦਫ਼ਨਾ ਦਿੱਤੀਆਂ ਗਈਆਂ। ਇਸ ਤਰ੍ਹਾਂ ਇਹ ਬਿਸ਼ਨਾ ਤੇ ਮੁਹੰਮਦ  (ਮੱਦੂ) ਆਜ਼ਾਦੀ ਦੀ ਲੜਾਈ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਸਦਾ-ਸਦਾ ਲਈ ਅਮਰ ਹੋ ਗਏ, ਜਿਨ੍ਹਾਂ ਨੂੰ ਆਜ਼ਾਦੀ ਦੀ ਲੜਾਈ ਦੇ ਮੁਢਲੇ ਸ਼ਹੀਦ ਮੰਨਣਾ ਗੈਰ-ਵਾਜਬ ਨਹੀਂ ਹੋਵੇਗਾ।
ਜੁਗਨੀ ਅੱਜ ਵੀ ਗਾਈ ਜਾਂਦੀ ਹੈ ਪਰ ਲੱਗਦਾ ਹੈ ਕਿ ਜਿਵੇਂ ਇਸ ਨੂੰ ਦੇਸ਼ ਦੇ ਧਨ ਕੁਬੇਰਾਂ ਤੇ ਸ਼ਾਸਕਾਂ ਨੇ ਵਰਗਲਾ ਲਿਆ ਹੈ। ਇਸੇ ਕਰਕੇ ਅਜੋਕੇ ਗਾਇਕ ਜੁਗਨੀ ਨੂੰ ਇੱਕ ਆਪ-ਮੁਹਾਰੀ, ਮਹਿਜ਼ ਮਨੋਰੰਜਨ ਤਕ ਸੀਮਤ, ਘੁੰਮਣ-ਫਿਰਨ ਵਾਲੀ ਔਰਤ ਦੇ ਰੂਪ ਵਿੱਚ ਹੀ ਪੇਸ਼ ਕਰਦੇ ਹਨ, ਜੋ ਬਿਲਕੁਲ ਵਾਜਬ ਨਹੀਂ। ਕੀ ਅਸੀਂ ਕਾਮਨਾ ਕਰ ਸਕਦੇ ਹਾਂ ਕਿ ਜੁਗਨੀ ਗਾਉਣ ਵਾਲੇ ਗਾਇਕ ਅੱਗੇ ਤੋਂ ‘ਜੁਗਨੀ’ ਗਾਉਣ ਤੋਂ ਪਹਿਲਾਂ ਇਨ੍ਹਾਂ ਦੋ ਸੱਚੇ-ਸੁੱਚੇ ਗਾਇਕਾਂ ਦੀ ਸ਼ਹੀਦੀ ਨੂੰ ਧਿਆਨ ਵਿੱਚ ਰੱਖ ਕੇ ਸਾਫ਼-ਸੁਥਰੀ ‘ਜੁਗਨੀ’ ਗਾਉਣ ਦੀ ਪ੍ਰੇਰਨਾ ਲੈਣਗੇ।

-ਗੁਰਬਚਨ ਸਿੰਘ ਵਿਰਦੀ ਸਰਹਿੰਦ
ਸੰਪਰਕ: 98760-21122

24 Jun 2013

Reply