Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬੀਆਂ ਦੇ ਜੀਵਨ ’ਚੋਂ ਖ਼ਤਮ ਹੋ ਰਹੀਆਂ ਸਮਾਜਿਕ ਕਦਰਾਂ-ਕੀਮਤਾਂ

ਪੰਜਾਬ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਕਿ ਭਾਰਤ ਦੇ ਸਭ ਤੋਂ ਵੱਧ ਪਵਿੱਤਰ ਮੰਨੇ ਜਾਂਦੇ ਚਾਰੇ ਗ੍ਰੰਥਾਂ ਦੀ ਰਚਨਾ ਇਸੇ ਧਰਤੀ ਉੱਤੇ ਹੋਈ। ਇੱਥੋਂ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਵੇਦ ਰਚੇ ਗਏ, ਇਸ ਧਰਤੀ ਉੱਤੇ ਰਮਾਇਣ ਲਿਖੀ ਗਈ ਤੇ ਇੱਥੇ ਹੀ ਗੀਤਾ ਦਾ ਉਪਦੇਸ਼ ਗੂੰਜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਇੱਥੇ ਹੀ ਕੀਤੀ ਗਈ। ਇੰਜ ਪੰਜਾਬ ਨੇ ਭਾਰਤ ਲਈ ਹੀ ਨਹੀਂ, ਸਗੋਂ ਸਾਰੇ ਸੰਸਾਰ ਲਈ ਸਮਾਜਿਕ ਕਦਰਾਂ-ਕੀਮਤਾਂ ਦੀ ਰੂਪ-ਰੇਖਾ ਉਲੀਕੀ। ਪੰਜਾਬੀ ਆਪਣੇ ਖੁੱਲ੍ਹੇ-ਡੁੱਲ੍ਹੇ ਸੁਭਾਅ, ਆਪਣੇ ਉੱਤੇ ਆਪ ਹੀ ਹੱਸ ਲੈਣ ਦੀ ਸ਼ਕਤੀ, ਪਿਆਰ, ਪ੍ਰਾਹੁਣਾਚਾਰੀ ਤੇ ਬਾਣੀ ਦੀ ਮਿਠਾਸ ਲਈ ਪ੍ਰਸਿੱਧ ਹਨ ਪਰ ਪਿਛਲੇ ਕੁਝ ਸਮੇਂ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਪੰਜਾਬੀ ਵਿਸ਼ੇਸ਼ ਕਰਕੇ ਨਵੀਂ ਪੀੜ੍ਹੀ ਆਪਣੇ ਇਨ੍ਹਾਂ ਗੁਣਾਂ ਨੂੰ ਵਿਸਾਰ ਰਹੀ ਹੈ। ਨਵੀਂ ਪੀੜ੍ਹੀ ਵਿੱਚੋਂ ਸਹਿਣਸ਼ਕਤੀ, ਬਾਣੀ ਦੀ ਮਿਠਾਸ ਤੇ ਆਪਸੀ ਪਿਆਰ ਲੋਪ ਹੋ ਰਹੇ ਹਨ। ਆਪਣੇ-ਆਪ ਉੱਤੇ ਆਪ ਹੀ ਖੁੱਲ੍ਹ ਕੇ ਹੱਸਣਾ ਉਹ ਭੱੁਲ ਰਹੇ ਹਨ। ਮਖ਼ੌਲ ਕਰਨੇ ਤੇ ਕਰਵਾਉਣੇ ਦੁਸ਼ਮਣੀ ਦਾ ਆਧਾਰ ਬਣ ਰਹੇ ਹਨ। ਰੁੱਖਾ ਬੋਲਣਾ ਤੇ ਰਿਸ਼ਤਿਆਂ ਦਾ ਤ੍ਰਿਸਕਾਰ ਵਧ ਰਿਹਾ ਹੈ। ਕੋਈ ਸਮਾਂ ਵੀ ਜਦੋਂ ਵਿਆਹ ਦੇ ਜਸ਼ਨ ਕਈ ਦਿਨ ਚੱਲਦੇ ਸਨ।
ਵਿਆਹ ਵਿੱਚ ਰੱਜ ਕੇ ਹਾਸਾ-ਠੱਠਾ, ਮਖ਼ੌਲ ਹੁੰਦਾ ਸੀ। ਸਿੱਠਣੀਆਂ ਦੇ ਕੇ ਔਰਤਾਂ ਬਰਾਤ ਦੀ ਵੀ ਪੂਰੀ ਲਾਹ-ਪਾਹ ਕਰਦੀਆਂ ਸਨ। ਸਾਲ਼ੀਆਂ ਤੇ ਭਰਜਾਈਆਂ ਦੇ ਮਖ਼ੌਲ ਹਾਸੇ ਦਾ ਆਧਾਰ ਬਣਦੇ ਸਨ। ਜਿੱਥੇ ਵੀ ਚਾਰ ਬੰਦੇ ਰਲ ਬੈਠਦੇ ਆਪਸ ਵਿੱਚ ਖੁੱਲ੍ਹ ਕੇ ਹਾਸਾ ਤੇ ਮਖ਼ੌਲ ਕਰਦੇ ਸਨ, ਕਦੇ ਕਿਸੇ ਨੇ ਬੁਰਾ ਨਹੀਂ ਮਨਾਇਆ ਸੀ। ਵੱਧ ਤੋਂ ਵੱਧ ਐਨਾ ਆਖਿਆ ਜਾਂਦਾ ਸੀ, ‘‘ਬਸ ਕਰੋ, ਹੁਣ ਬਹੁਤ ਹੋ ਗਿਆ।’’ ਆਪਣੇ ਉੱਤੇ ਆਪ ਹੀ ਹੱਸ ਲੈਣ ਦਾ ਕਾਰਜ ਆਤਮ-ਵਿਸ਼ਵਾਸ ਤੇ ਚੜ੍ਹਦੀ ਕਲਾ ਵਾਲੀਆਂ ਕੌਮਾਂ ਹੀ ਕਰ ਸਕਦੀਆਂ ਹਨ। ਹੁਣ ਅਜਿਹਾ ਮਾਹੌਲ ਬਣ ਰਿਹਾ ਹੈ ਕਿ ਕੋਈ ਵੀ ਕਿਸੇ ਹੋਰ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਅਖ਼ਬਾਰ ਵਿੱਚ ਨਿੱਤ ਹੀ ਖ਼ਬਰ ਛਪਦੀ ਹੈ ਕਿ ਮਾਮੂਲੀ ਮਖ਼ੌਲ ਉੱਤੇ ਭਰਾ ਨੇ ਭਰਾ ਨੂੰ ਗੋਲੀ ਮਾਰ ਦਿੱਤੀ ਤੇ ਦੋਸਤ ਨੇ ਦੋਸਤ ਦਾ ਖ਼ੂਨ ਕਰ ਦਿੱਤਾ। ਸ਼ਰੇਆਮ ਠੇਕਿਆਂ ਦੇ ਬਾਹਰ ਏ.ਸੀ. ਕਾਰਾਂ ਵਿੱਚ ਬੈਠ ਦਾਰੂ ਪੀਣਾ ਤਾਂ ਆਮ ਹੀ ਹੋ ਗਿਆ ਹੈ।
ਟੁੱਟ ਰਹੀਆਂ ਸਮਾਜਿਕ ਕਦਰਾਂ-ਕੀਮਤਾਂ ਅਤੇ ਪੰਜਾਬੀ ਸ਼ਖ਼ਸੀਅਤ ਵਿੱਚ ਆ ਰਹੇ ਇਸ ਭੈੜੇ ਬਦਲਾਓ ਨੂੰ ਪੀੜੀਆਂ ਦਾ ਫ਼ਰਕ ਆਖ ਸੁਰਖਰੂ ਹੋਣ ਦਾ ਯਤਨ ਕੀਤਾ ਜਾਂਦਾ ਹੈ ਜਾਂ ਫਿਰ ਪੱਛਮੀ ਸੱਭਿਆਚਾਰ ਦੇ ਅਸਰ ਦੀ ਓਟ ਵਿੱਚ ਸੱਚ ਤੋਂ ਮੁੱਖ ਮੋੜ ਲਿਆ ਜਾਂਦਾ ਹੈ। ਅਸਲ ਵਿੱਚ ਇਹ ਪੀੜੀਆਂ ਦਾ ਫ਼ਰਕ ਨਹੀਂ, ਸਗੋਂ ਆਪਸੀ ਸੰਚਾਰ ਵਿੱਚ ਆ ਰਹੀ ਘਾਟ ਕਾਰਨ ਹੈ। ਬੱਚਿਆਂ ਵਿੱਚ ਵਧ ਰਿਹਾ ਨਸ਼ਿਆਂ ਦਾ ਰੁਝਾਨ ਅਤੇ ਤਣਾਅ ਦਾ ਵੀ ਇਹੋ ਮੁੱਖ ਕਾਰਨ ਹੈ। ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਮਾਪਿਆਂ ਕੋਲ ਆਪਣੇ ਬੱਚਿਆਂ ਨਾਲ ਗੱਲ ਕਰਨ ਦਾ ਸਮਾਂ ਹੀ ਨਹੀਂ ਹੈ। ਬੱਚਿਆਂ ਦੀ ਲੋੜ ਮਾਪਿਆਂ ਨਾਲ ਆਪਣੀਆਂ ਭੋਲ਼ੀਆਂ ਗੱਲਾਂ ਕਰਨੀਆਂ ਤੇ ਜਾਣਕਾਰੀ ਪ੍ਰਾਪਤ ਕਰਨੀ ਹੁੰਦੀ ਹੈ ਜਦੋਂਕਿ ਵੱਡੇ ਇਨ੍ਹਾਂ ਮਾਸੂਮ ਹਾਸਿਆਂ ਦੀ ਊਰਜਾ ਨਾਲ ਆਪਣੀ ਥਕਾਵਟ ਤੇ ਝੁੰਝਲਾਹਟ ਤੋਂ ਮੁਕਤੀ ਪ੍ਰਾਪਤ ਕਰਦੇ ਹਨ। ਹੁਣ ਤੋਂ ਕੁਝ ਸਾਲ ਪਹਿਲਾਂ ਜਦੋਂ ਜੀਵਨ ਘੜੀ ਦੀਆਂ ਸੂਈਆਂ ਨਾਲ ਬੰਨ੍ਹਿਆ ਨਹੀਂ ਸੀ ਹੁੰਦਾ, ਬੱਚਿਆਂ ਨਾਲ ਤੇ ਆਪਸ ਵਿੱਚ ਗੱਲਾਂ ਕਰਨ ਦਾ ਖੁੱਲ੍ਹਾ ਸਮਾਂ ਹੁੰਦਾ ਸੀ। ਬੱਚੇ ਆਪਣੇ ਦਾਦਾ-ਦਾਦੀ ਦੀ ਗੋਦ ਵਿੱਚ ਬੈਠ ਗੱਲਾਂ ਸੁਣਾਉਂਦੇ ਤੇ ਕਹਾਣੀਆਂ ਸੁਣਦੇ ਸਨ। ਇੰਜ ਉਹ ਸਮਾਜਿਕ ਕਦਰਾਂ-ਕੀਮਤਾਂ ਤੋਂ ਜਾਣੂ ਹੀ ਨਹੀਂ ਸਨ ਹੁੰਦੇ ਸਗੋਂ ਇਨ੍ਹਾਂ ਦੀ ਮਹੱਤਤਾ ਤੋਂ ਵੀ ਵਾਕਫ਼ ਹੁੰਦੇ ਸਨ। ਉਨ੍ਹਾਂ ਨੂੰ ਰਿਸ਼ਤਿਆਂ ਦੀ ਪਛਾਣ ਅਤੇ ਸਤਿਕਾਰ ਦੀ ਜਾਂਚ ਆਉਂਦੀ ਸੀ। ਲੋਕਾਂ ਕੋਲ ਵੀ ਵਿਹਲ ਸੀ। ਰਲ ਬੈਠ ਗੱਲਾਂ ਕਰਨ ਨਾਲ ਆਪਸ ਵਿੱਚ ਪਿਆਰ ਤੇ ਸਤਿਕਾਰ ਵਧਦਾ ਹੈ, ਸਹਿਣਸ਼ੀਲਤਾ ਪਰਪੱਕ ਹੁੰਦੀ ਹੈ ਅਤੇ ਸਮਾਜਿਕ ਕਦਰਾਂ-ਕੀਮਤਾਂ ਹਿਰਦੇ ਵਿੱਚ ਵਸਦੀਆਂ ਹਨ।

13 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪੰਜਾਬ ਸੰਸਾਰ ਦੇ ਉਨ੍ਹਾਂ ਕੁਝ ਚੋਣਵਿਆਂ ਖਿੱਤਿਆਂ ਵਿੱਚੋਂ ਹੈ, ਜਿੱਥੇ ਮਨੁੱਖੀ ਸੱਭਿਅਤਾ ਵਿਕਸਤ ਹੋਈ। ਇੱਥੇ ਹੀ ਸਮਾਜ ਦੀ ਸਮੁੱਚੀ ਅਗਵਾਈ ਲਈ ਸਮਾਜਿਕ ਕਦਰਾਂ-ਕੀਮਤਾਂ ਮਿਥੀਆਂ, ਪਰਖੀਆਂ ਅਤੇ ਪ੍ਰਚਲਿਤ ਕੀਤੀਆਂ ਗਈਆਂ। ਇਨ੍ਹਾਂ ਦੇ ਆਧਾਰ ਉੱਤੇ ਇੱਕ ਵਿਸ਼ੇਸ਼ ਸੱਭਿਆਚਾਰ ਵਿਕਸਤ ਹੋਇਆ। ਇੱਥੋਂ ਦੀ ਅਮੀਰੀ, ਅਮੀਰ ਵਿਰਸੇ ਅਤੇ ਗਿਆਨ ਦੇ ਚਰਚੇ ਜਦੋਂ ਪਰਦੇਸਾਂ ਵਿੱਚ ਹੋਏ ਤਾਂ ਉਨ੍ਹਾਂ ਨੇ ਇਸ ਸੁੰਦਰ ਧਰਤੀ ਦਾ ਆਨੰਦ ਮਾਣਨ ਦੇ ਯਤਨ ਸ਼ੁਰੂ ਕੀਤੇ। ਸਭ ਤੋਂ ਪਹਿਲਾਂ ਜਿਹੜੇ ਵਿਦੇਸ਼ੀ ਇੱਥੇ ਆਏ ਉਹ ਆਰੀਆ ਲੋਕ ਸਨ। ਉਨ੍ਹਾਂ ਨੇ ਇਸ ਧਰਤੀ ਨੂੰ ਅਪਣਾਇਆ ਤੇ ਇੱਕ ਨਵਾਂ ਸੱਭਿਆਚਾਰ ਵਿਕਸਤ ਹੋਇਆ। ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਸਮੁੰਦਰੀ ਰਾਹ ਲੱਭਣ ਤੋਂ ਪਹਿਲਾਂ ਇਸੇ ਨੂੰ ਭਾਰਤ ਦਾ ਦੁਆਰ ਮੰਨਿਆ ਜਾਂਦਾ ਸੀ। ਜੇ ਪਿਛਲੀਆਂ ਵੀਹ ਸਦੀਆਂ ਵੱਲ ਝਾਤੀ ਮਾਰੀਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅੱਠਵੀਂ ਸਦੀ ਤੋਂ ਹੀ ਇੱਥੇ ਵਿਦੇਸ਼ੀਆਂ ਦੀ ਆਮਦ ਮੁੜ ਸ਼ੁਰੂ ਹੋ ਗਈ ਅਤੇ ਪੰਜਾਬ ਦਾ ਰਾਜਨੀਤਕ ਚੈਨ ਖ਼ਤਮ ਹੋ ਗਿਆ। ਉਦੋਂ ਤੋਂ ਹੁਣ ਤਕ ਕੋਈ ਅਜਿਹੀ ਸਦੀ ਨਹੀਂ ਆਈ, ਜਦੋਂ ਪੰਜਾਬ ਵਿੱਚ ਪੂਰੀ ਤਰ੍ਹਾਂ ਅਮਨ ਚੈਨ ਰਿਹਾ ਹੋਵੇ। ਵਿਦੇਸ਼ੀ, ਪੰਜਾਬ ਵਿੱਚ ਜਦੋਂ ਆਉਂਦੇ ਸਨ ਤਾਂ ਉਹ ਆਪਣੇ ਨਾਲ ਆਪਣੀਆਂ ਕਦਰਾਂ-ਕੀਮਤਾਂ, ਸੱਭਿਆਚਾਰ, ਪਹਿਰਾਵਾ ਅਤੇ ਵਰਤਾਰਾ ਵੀ ਲੈ ਕੇ ਆਉਂਦੇ ਸਨ। ਭਾਰਤ ਦੇ ਕਿਸੇ ਵੀ ਹੋਰ ਸੂਬੇ ਦੇ ਮੁਕਾਬਲੇ ਪੰਜਾਬ ਵਿੱਚ ਹੀ ਸਮਾਜਿਕ ਤੇ ਸੱਭਿਆਚਾਰਕ ਤਬਦੀਲੀਆਂ ਤੇਜ਼ੀ ਨਾਲ ਆਈਆਂ। ਸਭ ਤੋਂ ਆਖਰੀ ਪ੍ਰਭਾਵ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਪਿੱਛੋਂ ਪਿਆ। ਅੰਗਰੇਜ਼ਾਂ ਵਾਂਗ ਬਣਨ ਦੇ ਚੱਕਰ ਵਿੱਚ ਅਸੀਂ ਆਪਣੇ ਰਹਿਣ-ਸਹਿਣ, ਪਹਿਰਾਵੇ ਅਤੇ ਖਾਣ-ਪੀਣ ਨੂੰ ਤੇਜ਼ੀ ਨਾਲ ਬਦਲਿਆ ਪਰ ਇਸ ਦਾ ਬਹੁਤਾ ਪ੍ਰਭਾਵ ਸ਼ਹਿਰਾਂ ਅਤੇ ਕਸਬਿਆਂ ਤਕ ਹੀ ਸੀਮਤ ਰਿਹਾ। ਅਨਪੜ੍ਹਤਾ ਅਤੇ ਸੰਚਾਰ ਸਾਧਨਾਂ ਦੀ ਅਣਹੋਂਦ ਨੇ ਪਿੰਡਾਂ ਵਿੱਚ ਇਸ ਹਵਾ ਨੂੰ ਜਾਣ ਤੋਂ ਰੋਕੀ ਰੱਖਿਆ। ਇੰਜ ਪੰਜਾਬੀ ਰਹਿਣੀ, ਖਾਣਾ, ਪਹਿਨਣਾ, ਰਸਮ-ਰਿਵਾਜ, ਗੀਤ-ਸੰਗੀਤ ਆਦਿ ਪਿੰਡਾਂ ਨੇ ਸਾਂਭੀ ਰੱਖਿਆ। ਆਜ਼ਾਦੀ ਪਿੱਛੋਂ ਜਦੋਂ ਪੰਜਾਬ ਵਿੱਚ ਹਰਾ ਇਨਕਲਾਬ ਸਿਰਜਿਆ ਗਿਆ ਤਾਂ ਜਿਸ ਤੇਜ਼ੀ ਨਾਲ ਇੱਥੇ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਤਬਦੀਲੀ ਆਈ, ਉਸ ਤੇਜ਼ੀ ਨਾਲ ਭਾਰਤ ਤਾਂ ਕੀ ਸੰਸਾਰ ਦੇ ਕਿਸੇ ਵੀ ਖ਼ਿੱਤੇ ਵਿੱਚ ਅਜਿਹੀ ਤਬਦੀਲੀ ਨਹੀਂ ਆਈ ਸੀ। ਪੱਕੀਆਂ ਸੜਕਾਂ, ਬਿਜਲੀ, ਰੇਡੀਓ, ਟੀ.ਵੀ. ਤੇ ਆਵਾਜਾਈ ਦੇ ਸਾਧਨਾਂ ਨੇ ਪੇਂਡੂ ਲੋਕਾਂ ਦਾ ਰਾਬਤਾ ਬਾਹਰੀ ਜਗਤ ਨਾਲ ਜੋੜ ਦਿੱਤਾ। ਉਨ੍ਹਾਂ ਤੇਜ਼ੀ ਨਾਲ ਸ਼ਹਿਰੀ ਪ੍ਰਭਾਵ ਕਬੂਲਣਾ ਸ਼ੁਰੂ ਕਰ ਦਿੱਤਾ। ਵਪਾਰੀ ਵਰਗ ਹਮੇਸ਼ਾਂ ਇਸ ਤਾਕ ਵਿੱਚ ਰਹਿੰਦਾ ਹੈ ਕਿ ਕਿੱਥੇ ਅਤੇ ਕਿਵੇਂ ਲੁੱਟ ਮਚਾਈ ਜਾ ਸਕੇ। ਉਸ ਨੇ ਤਾਂ ਵਪਾਰ ਕਰਨਾ ਤੇ ਆਪਣਾ ਮਾਲ ਵੇਚਣਾ ਹੁੰਦਾ ਹੈ। ਪੰਜਾਬ ਵਿੱਚ ਆਈ ਖੁਸ਼ਹਾਲੀ ਨੂੰ ਉਹ ਕਿਵੇਂ ਨਜ਼ਰ-ਅੰਦਾਜ਼  ਕਰ ਸਕਦੇ ਸਨ।  ਵਧੀ ਆਮਦਨ ਨਾਲ ਲੋਕਾਂ ਵਿੱਚ ਪੈਸੇ ਦਾ ਮੋਹ ਜਾਗਿਆ ਤੇ ਇਸੇ ਦਾ ਲਾਭ ਉਠਾਉਂਦਿਆਂ ਹੋਇਆਂ ਬਾਹਰ ਭੇਜਣ ਵਾਲੀਆਂ ਕੰਪਨੀਆਂ ਪੰਜਾਬ ਵਿੱਚ ਖੰੁਬਾਂ ਵਾਂਗ ਉੱਗ ਆਈਆਂ। ਵਪਾਰੀਆਂ ਨੇ ਵਿਦਿਆ ਵਿੱਚ ਚੋਖੀ ਕਮਾਈ ਦੀ ਸੰਭਾਵਨਾ ਵੇਖੀ। ਬਾਹਰ ਜਾਣ ਲਈ ਅੰਗਰੇਜ਼ੀ ਦੀ ਮਹੱਤਤਾ ਦਾ ਪਾਠ ਪੜ੍ਹਾਇਆ ਤੇ ਅੰਗਰੇਜ਼ੀ ਸਕੂਲਾਂ ਦੇ ਨਾਂ ਉੱਤੇ ਵਿਦਿਅਕ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਪੰਜਾਬ ਨੇ ਸਾਰੇ ਸੰਸਾਰ ਨੂੰ ਸੰਗਤ, ਪੰਗਤ, ਨਿਮਰਤਾ ਤੇ ਕਿਰਤ ਦਾ ਪਾਠ ਪੜ੍ਹਾਇਆ ਪਰ ਪੰਜਾਬੀ ਆਪ ਇਸ ਤੋਂ ਦੂਰ ਹੋਣ ਲੱਗ ਪਏ। ਸਾਡੇ ਧਾਰਮਿਕ ਅਤੇ ਸਮਾਜਿਕ ਆਗੂਆਂ ਦਾ ਫ਼ਰਜ਼ ਬਣਦਾ ਸੀ ਕਿ ਉਹ ਸਹੀ ਰਾਹ ਵਿਖਾਉਂਦੇ। ਨੇਕੀ ਦਾ ਪਾਠ ਪੜ੍ਹਾਉਂਦੇ ਪਰ ਅਜਿਹਾ ਨਹੀਂ ਹੋਇਆ, ਸਗੋਂ ਆਲੀਸ਼ਾਨ ਧਾਰਮਿਕ ਸਥਾਨਾਂ ਤੇ ਡੇਰਿਆਂ ਦੀ ਉਸਾਰੀ ਹੋਣ ਲੱਗ ਪਈ ਜਿਸ ਦਾ ਲਾਭ ਵਪਾਰੀ ਵਰਗ ਨੇ ਉਠਾਇਆ। ਇੰਜ ਪੰਜਾਬੀ ਹਉਮੈਂ ਤੇ ਵਿਖਾਵੇ ਵਿੱਚ ਗ੍ਰਸੇ ਗਏ। ਇਸ ਦਾ ਸਭ ਤੋਂ ਬੁਰਾ ਅਸਰ ਪਿੰਡਾਂ ਉੱਤੇ ਹੋਇਆ।

13 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸਾਡੇ ਸੱਭਿਆਚਾਰਕ ਦੇ ਅਖੌਤੀ ਰਾਖਿਆਂ ਨੇ ਸਮਾਜਿਕ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ਦੀ ਥਾਂ ਚੱਕੀ, ਚਰਖਾ, ਚੁੱਲ੍ਹਾ, ਮੱਕੀ ਦੀ ਰੋਟੀ, ਸਾਗ ਆਦਿ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਇਹ ਤਾਂ ਮਸ਼ੀਨਾਂ ਹਨ ਜਿਨ੍ਹਾਂ ਦੀ ਵਰਤੋਂ ਹਰੇਕ  ਵਰਗ ਵਿੱਚ ਹੁੰਦੀ ਸੀ। ਵਿਕਾਸ ਦੇ ਨਾਲ ਇਨ੍ਹਾਂ ਵਿੱਚ ਸੁਧਾਰ ਹੋਣਾ ਜ਼ਰੂਰੀ ਹੈ ਪਰ ਸੁਧਾਰ ਆਪਣੀ ਲੋੜ ਅਨੁਸਾਰ ਹੋਣਾ ਚਾਹੀਦਾ ਸੀ ਨਾ ਕਿ ਵਿਦੇਸ਼ੀ ਕੰਪਨੀਆਂ ਦੀ ਅੰਨ੍ਹੇਵਾਹ ਨਕਲ ਮਾਰੀ ਜਾਂਦੀ। ਮੱਕੀ ਦੀ ਰੋਟੀ ਤੇ ਸਾਗ ਸਿਆਲ ਵਿੱਚ ਗਰੀਬ ਦੀ ਖੁਰਾਕ ਮੰਨੀ ਜਾਂਦੀ ਸੀ। ਕਣਕ ਦੀ ਰੋਟੀ ਤਾਂ ਨਸੀਬਾਂ ਵਾਲਿਆਂ ਨੂੰ ਨਸੀਬ ਹੁੰਦੀ ਸੀ। ਆਮ ਲੋਕੀਂ ਤਾਂ ਕਣਕ ਤੇ ਛੋਲੇ ਰਲਾ ਕੇ ਮੱਕੀ ਜਾਂ ਬਾਜਰੇ ਦੀ ਰੋਟੀ ਹੀ ਖਾਂਦੇ ਸਨ ਕਿਉਂਕਿ ਕਣਕ ਸਭ ਤੋਂ ਵੱਧ ਮਹਿੰਗੀ ਸੀ। ਇੰਜ ਪੰਜਾਬੀਆਂ ਦਾ ਮਾਰਗ ਦਰਸ਼ਨ ਕਰਨ ਵਾਲੇ ਆਗੂ ਆਪ ਹੀ ਕੁਰਾਹੇ ਪੈ ਗਏ। ਪੰਜਾਬੀ ਦਾ ਹੇਜ ਰੱਖਣ ਵਾਲੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਭੇਜਦੇ ਹਨ। ਆਪਣੀ ਚਿੱਠੀ ਪੱਤਰ, ਦੁਕਾਨਾਂ ਦੇ ਬੋਰਡ, ਘਰਾਂ ਦੇ ਬਾਹਰ ਨਾਂ ਵੀ ਅੰਗਰੇਜ਼ੀ ਵਿੱਚ ਲਿਖਦੇ ਹਨ ਤੇ ਪ੍ਰਚਾਰ ਕਰਦੇ ਹਨ ਕਿ ਪੰਜਾਬੀ ਨੂੰ ਖਤਰਾ ਹੈ। ਸੱਚ ਤੇ ਹੱਕ ਦੀ ਗੱਲ ਕਰਨ ਵਾਲੇ ਝੂਠ ਦਾ ਸਹਾਰਾ ਲੈ ਕੇ ਸਭ ਤੋਂ ਵੱਧ ਪਰਾਇਆ ਮਾਲ ਹੜੱਪਣ ਦਾ ਯਤਨ ਕਰਦੇ ਹਨ। ਸਾਹਿਤਕਾਰਾਂ ਨੇ ਲੱਚਰ ਲਿਖਣ ਵਾਲਿਆਂ ਦਾ ਵਿਰੋਧ ਨਹੀਂ ਕੀਤਾ ਤੇ ਗਾਉਣ ਵਾਲਿਆਂ ਨੇ ਆਪਣੀਆਂ ਜੇਬਾਂ ਦਾ ਧਿਆਨ ਧਰਿਆ।  ਹੁਣ ਹਰ ਪਾਸੇ ਖ਼ਲਾਅ ਆ ਗਿਆ ਹੈ। ਅਸੀਂ ਆਪਣੇ ਰਸਮਾਂ-ਰਿਵਾਜ ਭੁਲਾ ਰਹੇ ਹਾਂ ਤੇ ਬੇਮੁਹਾਰੇ ਹੋ ਕੇ ਜੋ ਵੀ ਸਾਹਮਣੇ ਆ ਰਿਹਾ ਹੈ ਉਸ ਨੂੰ ਅਪਨਾ ਰਹੇ ਹਾਂ। ਵਪਾਰੀ ਨੂੰ ਤਾਂ ਆਪਣੀ ਫ਼ਿਕਰ ਹੁੰਦੀ ਹੈ। ਉਸ ਦਾ ਕਾਰੋਬਾਰ ਤਾਂ ਗੁਮਰਾਹ ਕਰਕੇ ਹੀ ਵਧਦਾ ਹੈ ਪਰ ਸਾਡੇ ਬੁੱਧੀਜੀਵੀ, ਧਾਰਮਿਕ ਤੇ ਸਮਾਜਿਕ ਆਗੂ ਕਿਉਂ ਅੱਖਾਂ ਮੀਟੀ ਬੈਠੇ ਹਨ। ਰਾਜਸੀ ਆਗੂ ਤਾਂ ਚਾਹੁੰਦੇ ਹਨ ਲੋਕ ਕੁਰਾਹੇ ਪਏ ਰਹਿਣ ਤਾਂ ਜੋ ਉਨ੍ਹਾਂ ਨੂੰ ਵੋਟਾਂ ਮਿਲਦੀਆਂ ਰਹਿਣ। ਸਰਕਾਰ ਤਾਂ ਹੁਣ ਚਲਦੀਆਂ ਹੀ ਸ਼ਰਾਬ ਤੇ ਵੈਟ ਦੀ ਆਮਦਨ ਤੋਂ ਹਨ। ਜੇ ਲੋਕਾਂ ਨੂੰ ਸੋਝੀ ਤੇ ਸੰਜਮ ਆ ਗਿਆ ਫਿਰ ਤਾਂ ਆਮਦਨ ਦਾ ਰਾਹ ਬੰਦ ਹੀ ਹੋ ਜਾਣਾ ਹੈ। ਧਾਰਮਿਕ ਗੰ੍ਰਥਾਂ ਦੀ ਰਚਨਾ ਲੋਕਾਂ ਦੀਆਂ ਦੁਨਿਆਵੀ ਮੰਗਾਂ ਪੂਰੀਆਂ ਕਰਨ ਲਈ ਨਹੀਂ ਸੀ ਹੋਈ, ਸਗੋਂ ਇਹ ਇਲਾਹੀ ਹੁਕਮ ਜੀਵਨ ਜਿਊਣ ਦੀ ਜਾਚ ਦੱਸਦੇ ਹਨ। ਇਹੋ ਪੰਜਾਬੀ ਸੱਭਿਆਚਾਰ ਹੈ। ਆਉ ਜਾਗੀਏ! ਲੋਕਾਈ ਨੂੰ ਇਨ੍ਹਾਂ ਨਾਲ ਜੋੜਨ ਦੀ ਥਾਂ ਇਨ੍ਹਾਂ ਵਿਚਲੇ ਸੁਨੇਹੇ ਨਾਲ ਜੋੜੀਏ। ਪਿਆਰ, ਮਿਠਾਸ, ਸਾਦਗੀ, ਨਿਮਰਤਾ, ਈਮਾਨਦਾਰੀ ਜਿਸ ਦਾ ਪਾਠ ਇਨ੍ਹਾਂ ਵਿੱਚ ਪੜ੍ਹਾਇਆ ਗਿਆ ਹੈ, ਉਸ ਨੂੰ ਲੋਕਾਂ ਤਕ ਪਹੁੰਚਾਈਏ ਤੇ ਸੱਚਾ-ਸੁੱਚਾ ਜੀਵਨ ਜਿਊਣ ਦਾ ਰਾਹ ਵਿਖਾਈਏ। ਰਿਸ਼ਤਿਆਂ ਦੀ ਪਛਾਣ ਕਰਵਾਈਏ ਤੇ ਉਨ੍ਹਾਂ ਨੂੰ ਨਿਭਾਉਣ ਦੀ ਜਾਚ ਸਿਖਾਈਏ। ਪੰਜਾਬੀ ਆਪਣੀ ਮਿਹਨਤ, ਬਹਾਦਰੀ ਅਤੇ ਮਿਲਣਸਾਰਤਾ ਲਈ ਪ੍ਰਸਿੱਧ ਹਨ। ਇਹੋ ਸਾਡਾ ਸੱਭਿਆਚਾਰ ਹੈ। ਜਦੋਂ ਤਕ ਲੋਕਾਂ ਨੂੰ ਸਿੱਧਾ ਰਾਹ ਨਹੀਂ ਵਿਖਾਇਆ ਜਾਵੇਗਾ ਤਾਂ ਫਿਰ ਉਹ ਜਿਸ ਪਾਸੇ ਰੌਸ਼ਨੀ ਵੇਖਣਗੇ ਉਸੇ ਪਾਸੇ ਤੁਰ ਪੈਣਗੇ। ਜਿਨ੍ਹਾਂ ਆਪਣਾ ਮਾਲ ਵੇਚਣਾ ਹੈ, ਉਹ ਰਾਹ ਨੂੰ ਸੁੰਦਰ ਬਣਾਉਂਦੇ ਹਨ ਤਾਂ ਜੋ ਲੋਕੀ ਮੰਜ਼ਿਲ ਨੂੰ ਭੱੁਲ ਰਾਹ ਦਾ ਆਨੰਦ ਮਾਣਨ ਲੱਗ ਪੈਣ ਤੇ ਉਨ੍ਹਾਂ ਦਾ ਵਪਾਰ ਚਮਕਦਾ ਰਹੇ। ਲੋਕਾਂ ਨੂੰ ਸਿਖਾਈਏ ਕਿ ਰਾਹ ਨਹੀਂ ਮੰਜ਼ਿਲ ਵੱਲ ਵੇਖੋ। ਮੰਜ਼ਿਲ ’ਤੇ ਪੁੱਜਣ ਲਈ ਰਾਹ ਦੀ ਔਖ ਵੀ ਝੱਲ ਲੈਣੀ ਚਾਹੀਦੀ ਹੈ ਕਿਉਂਕਿ ਮੰਜ਼ਿਲ ਸਦੀਵੀ ਹੈ।
ਸਾਡਾ ਫ਼ਰਜ਼ ਬਣਦਾ ਹੈ ਕਿ ਆਪਣੀ ਬੋਲੀ ਅਤੇ ਸੱਭਿਆਚਾਰ ਉੱਤੇ ਮਾਣ ਕਰਨ ਦਾ ਕੇਵਲ ਪ੍ਰਚਾਰ ਹੀ ਨਾ ਕਰੀਏ ਪਹਿਲਾਂ ਆਪ ਮਾਣ ਕਰੀਏ। ਜਦੋਂ ਤਕ ਕਹਿਣੀ ਤੇ ਕਥਨੀ ਇਕੱ ਨਹੀਂ ਹੁੰਦੀ ਉਦੋਂ ਤਕ ਪ੍ਰਚਾਰ ਅਤੇ ਪ੍ਰਚਾਰਕ ਦਾ ਪ੍ਰਭਾਵ ਨਹੀਂ ਕਬੂਲਿਆ ਜਾਂਦਾ। ਲੋੜ ਹੈ ਇੱਕ ਲੋਕ ਚੇਤਨਾ ਮੁਹਿੰਮ ਸ਼ੁਰੂ ਕਰਨ ਦੀ, ਜਿਸ ਦਾ ਆਰੰਭ ਪਿੰਡਾਂ ਦੇ ਸਕੂਲਾਂ ਤੋਂ ਕਰੀਏ, ਉਨ੍ਹਾਂ ਨੂੰ ਗਿਆਨ ਦੇ ਕੇਂਦਰ ਬਣਾਈਏ। ਨਕਲ ਤੋਂ ਬੱਚਿਆਂ ਨੂੰ ਬਚਾਈਏ ਤੇ ਉਨ੍ਹਾਂ ਨੂੰ ਸਮਾਜਿਕ ਕਦਰਾਂ-ਕੀਮਤਾਂ ਦਾ ਪਾਠ ਪੜ੍ਹਾਈਏ। ਬਹੁਤਾ ਵਿਗਾੜ ਵਿਖਾਵੇ ਦੇ ਨਾਂ ਉੱਤੇ ਹੁੰਦਾ ਹੈ। ਪੰਚਾਇਤਾਂ ਨੂੰ ਸਾਂਝੇ ਫ਼ੈਸਲੇ ਲੈ ਕੇ ਫ਼ਜ਼ੂਲ-ਖ਼ਰਚੀ ਤੇ ਲੱਚਰਪੁਣੇ ਉੱਤੇ ਕਾਬੂ ਪਾਉਣਾ ਚਾਹੀਦਾ ਹੈ। ਆਉ! ਮੁੜ ਪੰਜਾਬ ਨੂੰ ਸਮਾਜਿਕ ਕਦਰਾਂ-ਕੀਮਤਾਂ ਦਾ ਵਾਰਸ ਬਣਾਈਏ ਤੇ ਸੰਸਾਰ ਨੂੰ ਇੱਕ ਨਵਾਂ ਰਾਹ ਵਿਖਾਈਏ।      ਡਾ. ਰਣਜੀਤ ਸਿੰਘ

13 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Eho jihiyan likhtaan share karan layi shukriya Bittu jee

14 Jun 2012

Reply