Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਸਲ ਮੁੱਦਈ- ਭਾਈ ਕਾਨ੍ਹ ਸਿੰਘ ਨਾਭਾ

 

 

 

 

 

ਭਾਈ ਕਾਨ੍ਹ ਸਿੰਘ ਨਾਭਾ ਇਕ ਸਫ਼ਲ ਪ੍ਰਸਾਸ਼ਕ, ਕੂਟਨੀਤਿਕ, ਕੋਸ਼ਕਾਰ, ਇਤਿਹਾਸਕਾਰ, ਸਿੱਖ ਆਲੋਚਕ, ਚਿੰਤਕ, ਵਿਦਵਾਨ ਅਤੇ ਗੱਦੀ-ਵਾਰਸਾਂ ਦਾ ਅਧਿਆਪਕ ਹੋਣ ਦੇ ਨਾਲ-ਨਾਲ ਇਕ ਉੱਚ ਦਰਜੇ ਦਾ ਸ਼ਿਕਾਰੀ, ਖਿਡਾਰੀ ਅਤੇ ਲਿਖਾਰੀ ਵੀ ਸੀ, ਜਿਸ ਨੇ ਢਾਈ ਦਰਜਨ ਦੇ ਕਰੀਬ ਚਰਚਿਤ ਪੁਸਤਕਾਂ ਦੀ ਰਚਨਾ ਕਰਨ ਦੇ ਨਾਲ-ਨਾਲ ਨਾਭਾ ਰਿਆਸਤ ਦੇ ਮਹਾਰਾਜੇ ਸਰਦਾਰ ਹੀਰਾ ਸਿੰਘ ਦੇ ਰਾਜ ਦੌਰਾਨ ਰਿਆਸਤ ਵਿਚ ਅਨੇਕਾਂ ਅਹਿਮ ਅਤੇ ਆਲ੍ਹਾ ਦਰਜੇ ਦੇ ਅਹੁਦਿਆਂ ‘ਤੇ ਕੰਮ ਕੀਤਾ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਸਲ ਮੁੱਦਈ ਬਣ ਕੇ ਹਰ ਖ਼ੇਤਰ ਵਿਚ ਆਪਣੀ ਅਮਿੱਟ ਛਾਪ ਛੱਡੀ।
ਭਾਵੇਂ ਕਿ ਉਨ੍ਹਾਂ ਨੂੰ ਵਧੇਰੇ ਕਰਕੇ ਮਹਾਨ ਕੋਸ਼ ਦੇ ਰਚੇਤਾ ਵਜੋਂ ਜਾਂ ਵਿਵਾਦਗ੍ਰਸਤ ਪੁਸਤਕ ”ਹਮ ਹਿੰਦੂ ਨਹੀਂ” ਦੇ ਲਿਖਾਰੀ ਵਜੋਂ ਜਾਣਿਆ ਜਾਂਦਾ ਹੈ, ਪਰ ਪੰਜਾਬੀ ਕੋਸ਼ਕਾਰੀ, ਸਿੱਖ ਸਿਧਾਂਤਾਂ ਅਤੇ ਵਿਭਿੰਨ ਧਾਰਮਿਕ ਵਿਸ਼ਿਆਂ ‘ਤੇ ਲਗਾਤਾਰ/ਨਿਰੰਤਰ ਲਿਖਣ ਵਾਲੇ ਇਸ ਮਹਾਨ ਲਿਖ਼ਾਰੀ ਅਤੇ ਵਿਦਵਾਨ ਚਿੰਤਕ ਦਾ ਪ੍ਰਸਾਸ਼ਨਿਕ, ਰਾਜਸੀ, ਧਾਰਮਿਕ, ਸਾਹਿਤਕ ਅਤੇ ਕੋਸ਼ਕਾਰੀ ਦੇ ਖ਼ੇਤਰ ਵਿਚ ਅਥਾਹ ਯੋਗਦਾਨ ਹੈ, ਜਿਸ ਦੀ ਸਾਖੀ ਉਨ੍ਹਾਂ ਦੇ ਕੰਮ, ਲਿਖਤਾਂ ਅਤੇ ਪ੍ਰਸਾਸ਼ਨਿਕ ਖ਼ੇਤਰ ਵਿਚ ਉਨ੍ਹਾਂ ਦੇ ਅਹੁਦੇ ਬੋਲਦੇ ਹਨ। ਨਾਭਾ ਸ਼ਹਿਰ ਦਾ ਨਾਮ ਵਿਸ਼ਵ-ਪੱਧਰ ‘ਤੇ ਪ੍ਰਸਿੱਧ ਕਰਨ ਵਾਲੇ ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ, 1861 ਨੂੰ ਮਹੰਤ ਨਰਾਇਣ ਸਿੰਘ ਦੇ ਘਰ ਹੋਇਆ ਸੀ, ਜੋ ਖੁਦ ਸਿੱਖਾਂ ਦੇ ਮਹਾਂ-ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੱੁਚੇ ਰੂਪ ਵਿਚ ਯਾਦ ਕਰਨ ਅਤੇ ਕਿਸੇ ਵੀ ਸਮੇਂ ਕੋਈ ਵੀ ਸ਼ਬਦ ਸੁਣਾਉਣ ਦੀ ਯੋਗਤਾ ਰੱਖਦੇ ਸਨ।
ਉਸ ਸਮੇਂ ਦੇ ਰਿਵਾਜ ਅਤੇ ਸਥਿਤੀਆਂ ਅਨੁਸਾਰ ਭਾਈ ਕਾਨ੍ਹ ਸਿੰਘ ਨਾਭਾ ਨੇ ਕੋਈ ਰਸਮੀ ਸਿੱਖਿਆ ਤਾਂ ਹਾਸਲ ਨਹੀਂ ਕੀਤੀ, ਪਰ ਉਨ੍ਹਾਂ ਨੂੰ ਘਰ ਵਿਚ ਕਈ ਅਧਿਆਪਕਾਂ, ਟਿਊਟਰਾਂ ਅਤੇ ਵਿਦਵਾਨਾਂ ਨੇ ਪੜ੍ਹਾਇਆ ਅਤੇ ਨਾਲ ਹੀ ਉਨ੍ਹਾਂ ਨਿਰੋਲ ਸਿੱਖੀ ਨਾਲ ਸੰਬੰਧਤ ਡੇਰਿਆਂ ਅਤੇ ਗੁਰਧਾਮਾਂ ਤੋਂ ਵੀ ਹਿੰਦੀ, ਬ੍ਰਜ ਭਾਸ਼ਾ, ਸੰਸਕ੍ਰਿਤ, ਅਰਬੀ, ਫ਼ਾਰਸੀ, ਉਰਦੂ, ਅੰਗਰੇਜ਼ੀ, ਪੰਜਾਬੀ ਅਤੇ ਸਾਧ-ਭਾਖਾ ਸਧੁੱਕੜੀ ਸਿੱਖੀ। ਉਸ ਸਮੇਂ ਦੀ ਸਿੰਘ ਸਭਾ ਸੁਧਾਰਵਾਦੀ ਲਹਿਰ ਦੇ ਅਸਰ ਕਰਕੇ ਉਸਨੂੰ ਨਟ-ਨ੍ਰਿਤ ਨੂੰ ਛੱਡ ਕੇ ਸਭ ਕਲਾਵਾਂ ਸਿਖਾਈਆਂ ਗਈਆਂ ਅਤੇ ”ਚੌਦਾਂ ਵਿੱਦਿਆ ਨਿਧਾਨ” ਦੇ ਆਦਰਸ਼ਕ ਢਾਂਚੇ ਦੀ ਸਿੱਖਿਆ ਦਿੱਤੀ ਗਈ। ਸੰਸਕ੍ਰਿਤ ਦੀ ਪੜ੍ਹਾਈ ਨੇ ਉਨ੍ਹਾਂ ਨੂੰ ਚਾਰ ਵੇਦ, 6 ਵੇਦਾਂਗ, (ਸਿਖਸ਼ਾ, ਕਲਪ, ਵਿਆਕਰਣ, ਜੋਤਿਸ਼, ਛੰਦ ਅਤੇ ਨਿਰੁਕਤ), ਨਿਆਯ, ਮੀਮਾਂਸਾ, ਪੁਰਾਣ ਅਤੇ ਧਰਮ ਸਿੱਖਿਆ ਦੇ ਅਧਿਐਨ ਦੀ ਸਮਰਥਾ ਦਿੱਤੀ। ਸੰਸਕ੍ਰਿਤ ਸਿੱਖਿਆ ਦੇ ਧੁਰੰਤਰ ਵਿਦਵਾਨ ਬਾਵਾ ਕਲਿਆਣ ਦਾਸ ਤੋਂ ਉਨ੍ਹਾਂ ਅੱਖਰ ਬੋਧ ਹਾਸਲ ਕੀਤਾ, ਕੋਸ਼ਕਾਰੀ ਦੀ ਔਖੀ ਵਿੱਦਿਆ ਹਾਸਲ ਕੀਤੀ। ਭਾਈ ਬੀਰ ਸਿੰਘ ਜਲਾਲ ਤੋਂ ਕਾਵਿ-ਸਾਸ਼ਤਰ, ਸੰਗੀਤ, ਅਤੇ ਹੋਰ ਵਿਧਾਵਾਂ ਦੀ ਸਿੱਖਿਆ ਹਾਸਲ ਕੀਤੀ। ਉੱਘੇ ਸੰਗੀਤਕਾਰ ਮਹੰਤ ਗੱਜਾ ਸਿੰਘ ਤੋਂ ਉਨ੍ਹਾਂ ਸੰਗੀਤ ਦੀ ਸਿੱਖਿਆ ਲਈ, ਅਤੇ ਨਿਹੰਗਾਂ ਤੋਂ ਯੁੱਧ ਕਲਾਵਾਂ, ਸ਼ਿਕਾਰ, ਤਲਵਾਰਬਾਜ਼ੀ ਅਤੇ ਘੋੜ ਸਵਾਰੀ ਸਿੱਖੀ। ਉਹ ਸਿਤਾਰ, ਦਿਲਰੁਬਾ ਅਤੇ ਹੋਰ ਸੰਗੀਤਕ ਯੰਤਰਾਂ ਦੇ ਮਾਹਰ ਸਨ।
 

07 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਭਾਈ ਕਾਨ੍ਹ ਸਿੰਘ ਨਾਭਾ ਨੇ ਇਸੇ ਸਮੇਂ ਦੌਰਾਨ ਘੋੜ-ਸਵਾਰੀ ਅਤੇ ਸ਼ਾਸ਼ਤਰ ਵਿਦਿਆ ਵੀ ਹਾਸਲ ਕੀਤੀ। ਇਸੇ ਸਮੇਂ ਉਨ੍ਹਾਂ ਦਾ ਝੁਕਾਅ ਅਰਬੀ, ਫਾਰਸੀ ਅਤੇ ਉਰਦੂ ਗ੍ਰੰਥਾਂ ਵੱਲ ਹੋ ਗਿਆ ਅਤੇ ਉਨ੍ਹਾਂ ਭਗਵਾਨ ਸਿੰਘ ਦੁੱਗਾਂ ਤੋਂ ਫ਼ਾਰਸੀ ਅਤੇ ਹੋਰ ਮੁਸਲਿਮ ਪਿਛੋਕੜ ਵਾਲੀਆਂ ਭਾਸ਼ਾਵਾਂ ਦਾ ਗੂੜ੍ਹਾ ਅਤੇ ਗੰਭੀਰ ਗਿਆਨ ਪ੍ਰਾਪਤ ਕੀਤਾ, ਅਤੇ ਭਾਈ ਨੰਦ ਲਾਲ ਕ੍ਰਿਤ ਜਫ਼ਰਨਾਮਹ ਅਤੇ ਗੁਰਬਾਣੀ ਨਾਲ ਸੰਬੰਧਤ ਹੋਰ ਫ਼ਾਰਸੀ, ਅਰਬੀ ਅਤੇ ਉਰਦੂ ਰਚਨਾਵਾਂ ਦਾ ਗੰਭੀਰ, ਸੂਖਮ ਅਤੇ ਵਾਰ-ਵਾਰ ਪਾਠ ਕੀਤਾ। ਉਨ੍ਹਾਂ ਸ਼ਾਸ਼ਤ੍ਰਾਰਥ ਦਾ ਢੰਗ ਅਤੇ ਲੋਵ ਜੋਗੀ ਅੰਗਰੇਜ਼ੀ ਵੀ ਸਿੱਖੀ। ਬਾਅਦ ਵਿਚ ਉਨ੍ਹਾਂ ਦੇ ਸ਼ਰਧਾਲੂ ਮੈਕਾਲਿਫ਼ ਦੀ ਸੰਗਤ ਅਤੇ ਯੂਰਪ ਦੀਆਂ ਯਾਤਰਾਵਾਂ ਨੇ ਉਨ੍ਹਾਂ ਦੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਅਤੇ ਬੋਲਣ-ਤੀਬਰਤਾ ਵਿਚ ਕਾਫ਼ੀ ਸੁਧਾਰ ਕੀਤਾ।
ਉਨ੍ਹਾਂ ਦੇ ਜੀਵਨੀਕਾਰ ਡਾ: ਸਮਸ਼ੇਰ ਸਿੰਘ ਅਸ਼ੋਕ ਅਨੁਸਾਰ 12-13 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦਾ ਵਿਆਹ ਧੂਰੇ ਪਿੰਡ ਦੇ ਇਕ ਸਰਦੇ-ਪੱੁਜਦੇ ਘਰ ਦੀ ਹੁੰਦੜਹੇਲ ਲੜਕੀ ਜੀਵਨ ਕੌਰ ਨਾਲ ਕੀਤਾ ਗਿਆ, ਕਿਉਂਕਿ ਉਨ੍ਹਾਂ ਦੀ ਬੀਮਾਰ ਮਾਂ ਜਿਊਂਦੇ ਜੀਅ ਇਹ ਚਾਅ ਪੂਰਾ ਕਰਨਾ ਚਾਹੁੰਦੀ ਸੀ, ਪਰ ਆਪਣੀ ਸੱਸ ਦੇ ਚੰਦਰੇ ਰੋਗ ਨੂੰ ਟਾਲਣ ਦੇ ਯਤਨਾਂ ਵਿਚ ਖੱਪਦੀ ਵਹੁਟੀ ਦੀ ਨਿਰਛਲ ਜਵਾਨੀ ਨੂੰ ਵੀ ਘੁਣ ਲੱਗ ਗਿਆ ਅਤੇ ਇਕ ਵਰ੍ਹੇ ਦੇ ਅੰਦਰ-ਅੰਦਰ ਨੂੰਹ-ਸੱਸ ਦੋਵੇਂ ਰੱਬ ਨੂੰ ਪਿਆਰੀਆਂ ਹੋ ਗਈਆਂ। ਭਾਈ ਸਾਹਿਬ ਦੀ ਦੂਜੀ ਸ਼ਾਦੀ ਮੁਕਤਸਰ ਹੋਈ ਪਰ ਉਹ ਪਤਨੀ ਵੀ ਇਕ ਵਰ੍ਹੇ ਤੋਂ ਵੱਧ ਨਾ ਕੱਟ ਸਕੀ। ਛੇਤੀ ਹੀ ਉਨ੍ਹਾਂ ਦੀ ਤੀਜੀ ਸ਼ਾਦੀ ਪਿੰਡ ਰਾਮਗੜ੍ਹ ਦੇ ਸਰਦਾਰ ਹਰਨਾਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਈ, ਜੋ ਚਿਰੰਜੀਵੀ ਅਤੇ ਸਿਹਤਮੰਦ ਸਾਬਤ ਹੋਈ। ਉਹ ਨਿੱਘੇ, ਮਿੱਠਬੋਲੜੇ ਅਤੇ ਚੰਗੇ ਸੁਭਾਅ ਦੀ ਸੁਘੜ-ਸਿਆਣੀ ਔਰਤ ਸੀ, ਜਿਸ ਦੇ ਘਰ ਆਉਣ ਸਮੇਂ ਕਾਹਨ ਸਿੰਘ ਦੇ ਪਿਤਾ ਭਾਈ ਨਰੈਣ ਸਿੰਘ ਅਤੇ 2 ਛੋਟੇ ਭਰਾ ਭਾਈ ਮੀਹਾਂ ਸਿੰਘ (1870-1936) ਅਤੇ ਭਾਈ ਬਿਸ਼ਨ ਸਿੰਘ (1873-1936) ਸਨ। ਦੋਹਾਂ ਦਿਉਰਾਂ ਦੀਆਂ ਖੁਸ਼ੀਆਂ ਉਨ੍ਹਾਂ ਆਪਣੇ ਹੱਥੀਂ ਬਟੋਰੀਆਂ। ਭਾਈ ਕਾਨ੍ਹ ਸਿੰਘ ਨਾਭਾ ਦੇ ਘਰਾਣੇ ਬਾਰੇ ਤਤਕਾਲੀ ਮਹਾਰਾਜਾ ਹੀਰਾ ਸਿੰਘ ਨੇ ਇਕ ਹਦਾਇਤ ਜਾਰੀ ਕਰਕੇ ਨਾਭਾ ਰਿਆਸਤ ਦੇ ਲੋਕਾਂ ਨੂੰ ”ਇਸ ਆਦਰਸ਼ਕ ਪਰਿਵਾਰ” ਤੋਂ ਪ੍ਰੇਰਨਾ ਲੈਣ ਅਤੇ ਰੀਸ ਕਰਨ ਦੀ ਵੱਡਮੁੱਲੀ ਸਲਾਹ ਦਿੱਤੀ ਸੀ।
ਇੱਕ ਪ੍ਰਸਾਸ਼ਕ ਵਜੋਂ ਉਨ੍ਹਾਂ ਆਪਣਾ ਜੀਵਨ 1885 ਵਿਚ ਆਰੰਭ ਕੀਤਾ, ਜਦੋਂ ਉਨ੍ਹਾਂ ਆਪਣੀ ਰਸਮੀ ਪੜ੍ਹਾਈ ਦਾ ਪੈਂਡਾ ਖਤਮ ਕਰਕੇ 1884 ਈਸਵੀ ਵਿਚ ਲਾਹੌਰ ਤੋਂ ਘਰ ਆਉਣ ‘ਤੇ ਗੁਣ-ਪਾਰਖ਼ੂ ਮਹਾਰਾਜਾ ਹੀਰਾ ਸਿੰਘ ਤੋਂ ”ਹਾਜਿਰ ਮੁਸਾਹਿਬਾਂ” (ਮਹਾਰਾਜੇ ਦੀ ਹਜ਼ੂਰੀ ਵਿਚ ਰਹਿਣ ਵਾਲੇ ਨਿਕਟ-ਵਰਤੀ) ਦਾ ਰੁਤਬਾ ਹਾਸਲ ਕੀਤਾ। 1885 ਵਿਚ ਰਾਵਲਪਿੰਡੀ ਵਿਖੇ ਇਕ ਦਰਬਾਰ ਵਿਚ ਭਾਰਤੀ ਵਾਇਸਰਾਏ ਅਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਅਬਦੁਰ ਰਹਿਮਾਨ ਦੀ ਮੌਜੂਦਗੀ ਵਿਚ ਉਨ੍ਹਾਂ ਦੀ ਮੁਲਾਕਾਤ ਉੱਘੇ ਅੰਗਰੇਜ਼ੀ ਸਿੱਖ ਇਤਿਹਾਸਕਾਰ ਸ੍ਰੀ ਮੈਕਸ ਆਰਥਰ ਮੈਕਾਲਫ਼ ਨਾਲ ਹੋਈ। ਇਹ ਮੁਲਾਕਾਤ ਦੋਹਾਂ ਵਿਚਕਾਰ ਚਿਰਸਥਾਈ ਦੋਸਤੀ ਵਿਚ ਬਦਲ ਗਈ। ਉਸ ਸਮੇਂ ਭਾਈ ਕਾਹਨ ਸਿੰਘ ਨਾਭਾ ਦੀਆਂ ਦੋ ਪੁਸਤਕਾਂ ”ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਯਾਯ”, ”ਰਾਜ ਧਰਮ” ਛਪ ਚੁੱਕੀਆਂ ਸਨ। ਮੈਕਾਲਿਫ਼ ਨੇ ਮਹਾਰਾਜੇ ਨੂੰ ਬੇਨਤੀ ਕਰਕੇ ਕਾਨ੍ਹ ਸਿੰਘ ਦੀ ਮਦਦ, ਸਹਿਯੋਗ ਅਤੇ ਅਧਿਆਪਨ ਲੈ ਕੇ ਸਿੱਖ ਧਰਮ ਬਾਰੇ ਹੋਰ ਡੂੰਘੀ ਅਤੇ ਪਕੇਰੀ ਜਾਣਕਾਰੀ ਹਾਸਲ ਕੀਤੀ, ਜਿਸ ਦਾ ਨਤੀਜਾ ਮੈਕਾਲਿਫ਼ ਦੀਆਂ ਸਿੱਖ ਇਤਿਹਾਸ ਬਾਰੇ ਲਿਖੀਆਂ ਢੇਰ ਪੁਸਤਕਾਂ ਹਨ। ਬਾਅਦ ਵਿਚ ਮਹਾਰਾਜੇ ਵਲੋਂ ਕਾਨ੍ਹ ਸਿੰਘ ਨੂੰ ਆਪਣੇ ਸਪੱੁਤਰ ਟਿੱਕਾ ਰਿਪੁਦਮਨ ਸਿੰਘ (ਭਵਿੱਖ ਦੇ ਮਹਾਰਾਜੇ) ਦਾ ਨਿਗਰਾਨ ਅਤੇ ਅਧਿਆਪਕ ਮੁਕੱਰਰ ਕਰਕੇ ਇਕ ਵੱਡੀ ਜਿੰਮੇਵਾਰੀ ਸੰਭਾਲ ਦਿੱਤੀ ਅਤੇ ਉਨ੍ਹਾਂ ਪੂਰੀ ਤਨਦੇਹੀ ਅਤੇ ਲਗਨ ਨਾਲ ਇਹ ਫਰਜ਼ ਨਿਭਾਇਆ। 1893 ਵਿਚ ਟਿੱਕਾ/ਰਾਜ ਕੁਮਾਰ/ਸ਼ਹਿਜ਼ਾਦੇ ਰਿਪੁਦਮਨ ਸਿੰਘ ਦੀ ਮੁੱਢਲੀ ਪੜ੍ਹਾਈ ਖਤਮ ਹੋਣ ਬਾਅਦ ਮਹਾਰਾਜੇ ਨੇ ਭਾਈ ਕਾਨ੍ਹ ਸਿੰਘ ਦੀ ਸੂਝ ਅਤੇ ਸਿਆਣਪ ਤੋਂ ਪ੍ਰਸੰਨ ਹੋ ਕੇ ਪਹਿਲਾਂ ਆਪਣਾ ਨਿੱਜੀ ਸਕੱਤਰ (ਪੀ.ਏ.) ਅਤੇ ਫਿਰ ਰਾਜਧਾਨੀ ਦਾ ਨਗਰ-ਅਦਾਲਤੀ (ਜੱਜ), ਫੇਰ ਨਹਿਰ-ਨਾਜ਼ਮ (ਰੈਵਿਨਿਊ ਕੁਲੈਕਟਰ ਐਂਡ ਇਰੀਗੇਸ਼ਨ ਅਫ਼ਸਰ) ਅਤੇ ਫਿਰ ਜ਼ਿਲ੍ਹਾ ਫੁਲ ਨਾਜ਼ਿਮ (ਡਿਪਟੀ ਕਮਿਸ਼ਨਰ) ਜਿਹੇ ਵੱਡੇ ਅਹੁਦਿਆਂ ‘ਤੇ ਨਿਯੁਕਤ ਕੀਤਾ। ਉਨ੍ਹਾਂ ਦਿਨਾਂ ਵਿਚ ਇਨ੍ਹਾਂ ਆਸਾਮੀਆਂ ਦੇ ਹੱਕ/ਅਧਿਕਾਰ/ਤਾਕਤਾਂ ਅਥਾਹ ਹੁੰਦੀਆਂ ਸਨ, ਅਤੇ ਮਹਾਰਾਜੇ ਦੀ ਦਖ਼ਲਅੰਦਾਜ਼ੀ ਵੀ ਸਿਫ਼ਰ ਦੇ ਕਰੀਬ ਹੁੰਦੀ ਸੀ। ਹਾਂ, ਅਧਿਕਾਰੀਆਂ ਖ਼ਿਲਾਫ ਲੋਕ ਮਹਾਰਾਜੇ ਕੋਲ ਸਿੱਧੀ ਸ਼ਿਕਾਇਤ ਦਰਜ ਕਰ ਸਕਦੇ ਸਨ। ਪਰ, ਭਾਈ ਕਾਨ੍ਹ ਸਿੰਘ ਨੇ ਆਪਣੀ ਈਮਾਨਦਾਰੀ, ਪ੍ਰਤੀਬੱਧਤਾ ਅਤੇ ਨੇਕਨਾਮੀ ਦੇ ਸਿਰ ‘ਤੇ ਲੋਕਾਂ ਵਿਚ ਲੋਕਪ੍ਰਿਅਤਾ ਹਾਸਲ ਕੀਤੀ ਅਤੇ ਇਕ ਵੀ ਸ਼ਿਕਾਇਤ ਉਨ੍ਹਾਂ ਵਿਰੁੱਧ ਦਰਜ ਨਾ ਹੋਈ।

07 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਉਨ੍ਹਾਂ ਇਨ੍ਹਾਂ ਆਸਾਮੀਆਂ ‘ਤੇ 1897 ਤੱਕ ਕੰਮ ਕੀਤਾ। ਇਸੇ ਸਾਲ ਉਨ੍ਹਾਂ ਦੀ ਸੁਪ੍ਰਸਿੱਧ ਅਤੇ ਵਿਵਾਦਗ੍ਰਸਤ ਪੁਸਤਕ ”ਹਮ ਹਿੰਦੂ ਨਹੀਂ” ਛਪੀ। ਭਾਵੇਂ ਕਿ ਸਰਕਾਰੀ ਮੁਲਾਜ਼ਮਤ ਨੂੰ ਇਸ ਪੁਸਤਕ/ਮਾਮਲੇ ਤੋਂ ਵੱਖਰਾ ਰੱਖਣ ਲਈ ਉਨ੍ਹਾਂ ਆਪਣੇ ਉਪਨਾਮ ਹਰਿ-ਬ੍ਰਿਜੇਸ਼ ਦੇ ਅੰਗਰੇਜ਼ੀ ਵਿਚ ਮੁੱਢਲੇ ਅੱਖਰ ”ਐਚ.ਬੀ.” ਦੀ ਵਰਤੋਂ ਕੀਤੀ, ਪਰ ਹਿੰਦੂ ਜੱਥੇਬੰਦੀਆਂ ਵਲੋਂ ਰੌਲਾ ਪਾਉਣ ‘ਤੇ ਮਹਾਰਾਜੇ ਨੇ ਭਾਈ ਕਾਨ੍ਹ ਸਿੰਘ ਨੂੰ ਤੁਰੰਤ ਨੌਕਰੀ ਤੋਂ ਵੱਖ ਕਰ ਦਿੱਤਾ। ਪਰ, ਛੇਤੀ ਹੀ ਮਹਾਰਾਜੇ ਦਾ ਗੱੁਸਾ ਨਰਮ ਹੋ ਜਾਣ ‘ਤੇ ਉਨ੍ਹਾਂ ਨੂੰ ਮੁੜ ਨੌਕਰੀ ‘ਤੇ ਰੱਖ ਲਿਆ ਗਿਆ ਅਤੇ ਰਾਜਧਾਨੀ ਵਿਚ ਰੱਖਣ ਦੀ ਥਾਂ (ਤਾਂ ਜੋ ਲੋਕ ਫਿਰ ਨਾ ਭੜਕ ਜਾਣ) ਅੰਗਰੇਜ਼ਾਂ ਕੋਲ ਅਹਿਲਕਾਰ (ਮਹਾਰਾਜੇ ਦਾ ਨੁਮਾਇੰਦਾ) ਨਿਯੁਕਤ ਕਰ ਦਿੱਤਾ। ਉਨ੍ਹਾਂ ਮਹਾਰਾਜੇ ਬਾਰੇ ਅੰਗਰੇਜ਼ਾਂ ਦੀ ਗ਼ਲਤਫਹਿਮੀ ਦੂਰ ਕਰਕੇ ਉਸ ਦਾ ਬਹੁਤ ਫਾਇਦਾ ਕੀਤਾ ਅਤੇ ਉਸਦਾ ਰਾਜ ਵੀ ਵਾਪਸ ਦਵਾਇਆ ਸੀ। ਕਾਨ੍ਹ ਸਿੰਘ ਦੀ ਅੰਗਰੇਜ਼ੀ ਵਿਚ ਮੁਹਾਰਤ ਅਤੇ ਅੰਗਰੇਜ਼ ਅਫ਼ਸਰਾਂ ਨਾਲ ਨਿੱਜੀ ਦੋਸਤੀ ਅਤੇ ਉਨ੍ਹਾਂ ਦਾ ਤੇਜ਼-ਤਰਾਰ, ਮਿੱਠਬੋਲੜਾ ਅਤੇ ਠਰੰਮ੍ਹੇ ਵਾਲਾ ਹੋਣਾ ਵੀ ਉਨ੍ਹਾਂ ਦੇ ਹੱਕ ਵਿਚ ਜਾਂਦਾ ਸੀ, ਪਰ ਮਈ 1905 ਵਿਚ ਦਰਬਾਰ ਸਾਹਿਬ ਵਿਚੋਂ ਮੂਰਤੀਆਂ ਉਠਾਉਣ ਵਾਲੇ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਵਲੋਂ ਸਰਕਾਰੀ ਕਾਗਜ਼ ‘ਤੇ ਨਿੱਜੀ ਖ਼ਤ ਲਿਖਣ ‘ਤੇ ਮਹਾਰਾਜੇ ਵਲੋਂ ਲੋਕਾਂ ਦੇ ਦਬਾਓ ਹੇਠ ਆ ਕੇ ਇਕ ਵਾਰ ਫਿਰ ਨੌਕਰੀ ਤੋਂ ਵੱਖ ਕਰਨਾ ਪਿਆ। 1907 ਵਿਚ ਉਨ੍ਹਾਂ ਨੂੰ ਮੁੜ ਨੌਕਰੀ ‘ਤੇ ਬੁਲਾ ਕੇ ਰਿਆਸਤ ਦੇ ਦਰਜੇ ਅਤੇ ਇਲਾਕੇ ਦੀ ਵਾਪਸੀ ਦੇ ਮਾਮਲਿਆਂ ਦੀ ਪੈਰਵੀ ਲਈ ਇੰਗਲੈਂਡ ਭੇਜ ਦਿੱਤਾ। 1908 ਅਤੇ 1910 ਵਿਚ ਉਹ ਮੁੜ ਇੰਗਲੈਂਡ ਗਏ, ਅਤੇ ਵਾਪਸ ਆਉਣ ‘ਤੇ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਕੋਲ ਵਕੀਲੇ ਰਿਆਸਤ ਥਾਪ ਦਿੱਤਾ ਗਿਆ ਅਤੇ ਕਾਨ੍ਹ ਸਿੰਘ ਵਲੋਂ ਅਸ਼ੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਅਸਤੀਫ਼ੇ ਦੀ ਪੇਸ਼ਕਸ਼ ਕਰਨ ‘ਤੇ ਮਹਾਰਾਜੇ ਨੇ ਉਨ੍ਹਾਂ ਨੂੰ ਮੀਰ ਮੁਨਸ਼ੀ (ਫਾਰਮ ਮਨਿਸਟਰ) ਨਿਯੁਕਤ ਕਰ ਦਿੱਤਾ। 25 ਦਸੰਬਰ, 1911 ਵਿਚ ਮਹਾਰਾਜੇ ਦੇ ਅਚਾਨਕ ਦਿਹਾਂਤ ਬਾਅਦ ਮਹਾਰਾਜ ਰਿਪੁਦਮਨ ਸਿੰਘ ਨੇ ਭਾਈ ਕਾਨ੍ਹ ਸਿੰਘ ਨੂੰ ਕਾਨੂੰਨ ਦੇ ਮਹਿਕਮੇ ਦਾ ਵਜ਼ੀਰ ਲਗਾਇਆ, ਪਰ ਸਾਹਿਤਕ ਚੇਟਕ ਕਰਕੇ ਉਨ੍ਹਾਂ ਨੂੰ ਪੜ੍ਹਨ-ਲਿਖਣ ਦਾ ਵੇਹਲ ਰੁਝੇਵਿਆਂ ਕਰਕੇ ਨਹੀਂ ਮਿਲਦਾ ਸੀ। ਇਸ ਕਰਕੇ ਉਨ੍ਹਾਂ ਐਡੀ ਵੱਡੀ ਵਜ਼ੀਰੀ ਨੂੰ ਠੋਕਰ ਮਾਰ ਕੇ ਕਸ਼ਮੀਰ ਜਾ ਕੇ ਮਹਾਨ-ਕੋਸ਼ ਲਿਖਣ ਦਾ ਬੀੜਾ ਉਠਾ ਲਿਆ।
ਸੰਨ 1915 ਵਿਚ ਰਿਆਸਤ ਪਟਿਆਲਾ ਵਲੋਂ ਉਨ੍ਹਾਂ ਨੂੰ ਰੈਜ਼ੀਡੈਂਸੀ ਦਾ ਵਕੀਲ ਨਿਯੁਕਤ ਕੀਤਾ ਪਰ ਪਿਤਾ ਦੀ ਮੌਤ ਅਤੇ ਰਿਆਸਤ ਦੇ ਦੁਫੇੜ ਹੋਣ ‘ਤੇ ਉਨ੍ਹਾਂ ਨੂੰ ਨੌਕਰੀ ਤਿਆਗਣੀ ਪਈ। 1917 ਵਿਚ ਉਨ੍ਹਾਂ ਨੂੰ ਰਿਆਸਤ ਨਾਭਾ ਨੇ ਸਾਹਿਤਕ ਕੰਮਾਂ ਲਈ ਮਸੂਰੀ ਵਿਚ ਇਕ ਕੋਠੀ ਲੈ ਕੇ ਦਿੱਤੀ। ਅਗਲੇ ਸਾਲ 1918 ਵਿਚ ਉਨ੍ਹਾਂ ਨੂੰ ਮੁੜ ਨਾਭੇ ਸੱਦ ਕੇ ਪ੍ਰੀਵੀ ਕੌਂਸਲ ਦਾ ਨਿਆਂਇਕ ਮੈਂਬਰ ਅਤੇ ਗੋਰੀ ਸਰਕਾਰ ਦੇ ਰਾਜਸੀ ਵਿਭਾਗ ਨਾਲ ਤਾਲਮੇਲ ਰੱਖਣ ਲਈ ਵਿਸ਼ੇਸ਼ ਵਜ਼ੀਰ ਥਾਪਿਆ, ਜਿਥੇ ਉਨ੍ਹਾਂ ਲਗਾਤਾਰ ਛੇ ਸਾਲ (1923 ਤੱਕ) ਕੰਮ ਕੀਤਾ ਅਤੇ ਉਸ ਬਾਅਦ ਉਨ੍ਹਾਂ ਕਿਤੇ ਨੌਕਰੀ ਨਾ ਕੀਤੀ।
ਧਾਰਮਿਕ ਖ਼ੇਤਰ ਵਿਚ ਆਪਣੇ ਪ੍ਰਸਾਸ਼ਨਿਕ ਅਨੁਭਵ ਅਤੇ ਪ੍ਰਸਾਸ਼ਨਿਕ ਖ਼ੇਤਰ ਵਿਚ ਆਪਣੇ ਧਾਰਮਿਕ ਅਨੁਭਵ ਦਾ ਲਾਭ ਉਠਾਉਂਦਿਆਂ ਉਨ੍ਹਾਂ ਮਹਾਰਾਜਾ ਰਿਪੁਦਮਨ ਸਿੰਘ ਦੇ ਰਾਜ-ਕਾਲ ਦੌਰਾਨ, ਉਸ ਦੇ ਸੁਝਾਅ ਤੇ ਅਨੰਦ ਮੈਰਿਜ ਐਕਟ ਤਿਆਰ ਕੀਤਾ ਅਤੇ ਸਿੱਖ ਵਿਆਹਾਂ ਨੂੰ ਕਾਨੂੰਨੀ ਮਾਨਤਾ/ਸਟੇਟੱਸ ਪ੍ਰਦਾਨ ਕੀਤਾ। ਉਹ ਆਪਣਾ ਗਰਮੀਆਂ ਦਾ ਸਮਾਂ ਸੋਲਨ ਜਾਂ ਸ਼ਿਮਲਾ ਵਿਚ ਗੁਜ਼ਾਰਦੇ ਸਨ, ਜਿਸ ਸਮੇਂ ਦੌਰਾਨ ਉਨ੍ਹਾਂ ਦੀਆਂ ਵਧੇਰੇ ਲਿਖਤਾਂ ਦਾ ਜਨਮ ਹੋਇਆ।

07 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਕ ਮਹਾਨ ਚਿੰਤਕ ਅਤੇ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ ਦਾ ਰਚਨਾ ਸੰਸਾਰ ਖੂਬ ਵਿਸ਼ਾਲ ਹੈ। ਉਨ੍ਹਾਂ ਆਪਣੇ 77 ਸਾਲ ਦੇ ਜੀਵਨ ਕਾਲ ਦੌਰਾਨ ਅਨੇਕਾਂ ਨੌਕਰੀਆਂ ਕਰਦਿਆਂ ਅਤੇ ਘਰੇਲੂ ਜਿੰਮੇਵਾਰੀਆਂ ਸੰਭਾਲਣ ਦੇ ਨਾਲ-ਨਾਲ ਖੂਬ ਸੂਖਮ, ਵਿਸ਼ਾਲ ਅਤੇ ਬਹੁਪੱਖੀ ਰਚਨਾਵਾਂ ਲਿਖੀਆਂ। ਖੋਜਾਰਥੀ ਸ਼ਮਸੇਰ ਸਿੰਘ ਅਸ਼ੋਕ ਅਤੇ ਡਾ: ਸੁਖਜੀਤ ਕੌਰ ਨੇ ਉਨ੍ਹਾਂ ਦੀਆਂ ਰਚਨਾਵਾਂ ਦੀ ਗਿਣਤੀ 31 ਦੱਸੀ ਹੈ। ਭਾਈ ਕਾਨ੍ਹ ਸਿੰਘ ਦਾ ਰਚਨਾ ਕਾਲ 1884 ਤੋਂ 1938 ਤੱਕ (54 ਸਾਲ) ਮੰਨਿਆਂ ਜਾਂਦਾ ਹੈ, ਜਿਸ ਨੂੰ ਆਮ ਕਰਕੇ ਸਹੂਲਤ ਲਈ ਤਿੰਨ ਦੌਰਾਂ ਵਿਚ ਵੰਡ ਲਿਆ ਜਾਂਦਾ ਹੈ। ਪਹਿਲੇ ਦੌਰ ਵਿਚ ਉਨ੍ਹਾਂ ”ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਯਾਯ”, ”ਰਾਜ ਧਰਮ” ਅਤੇ ”ਨਾਟਕ ਭਾਵਾਰਥ ਦੀਪਿਕਾ” (1888) ਲਿਖੇ। ਦੂਜੇ ਦੌਰ ਦੀ ਪਹਿਲੀ ਲਿਖਤ ਅਤਿ-ਵਿਵਾਦਗ੍ਰਸਤ ਪੁਸਤਕ ‘ਹਮ ਹਿੰਦੂ ਨਹੀਂ’ (1898) ਹੈ, ਜਦੋਂ ਕਿ ਦੂਜੀਆਂ ਅਹਿਮ ਪੁਸਤਕਾਂ ਵਿਚ ਟੀਕਾ ਜੈਮੰਤ ਅਸਮੇਧ (1896), ਗੁਰਮਤਿ ਪ੍ਰਭਾਕਰ (1898), ਗੁਰਮਤਿ ਸੁਧਾਕਰ (1899), ਗੁਰ ਗਿਰਾ ਕਸੌਟੀ (1899), ਸਮਸਯਾ ਪੂਰਤੀ, ਸੱਦ ਪਰਮਾਰਥ, ਵਿਸ਼ਨੂੰ ਪੁਰਾਣ ਟੀਕਾ (1903) ਸ਼ਰਾਬ ਨਿਸ਼ੇਧ (1907), ਪਹਾੜ ਯਾਤ੍ਰਾ, ਵਿਲਾਇਤ ਯਾਤ੍ਰਾ, ਸਫ਼ਰਨਾਮਾ ਇੰਗਲੈਂਡ, ਇਕ ਜਯੋਤਿਸ਼ ਗ੍ਰੰਥ ਅਤੇ ਇਤਿਹਾਸ ਬਾਗੜੀਆਂ ਸ਼ਾਮਲ ਹਨ। ਤੀਜੇ ਦੌਰ ਵਿਚ ਗੁਰ ਛੰਦ ਦਿਵਾਕਰ, ਗੁਰ ਸ਼ਬਦਲੰਕਾਰ, ਅਨੇਕਾਰਥ ਕੋਸ਼, ਰੂਪ ਦੀਪ ਪਿੰਗਲ, ਠੱਗ ਲੀਲ੍ਹਾ, ਉਕਤਿ ਬਿਲਾਸ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ (1912-30), ਮਨ ਮੰਜਰੀ ਨਾਮ ਮਾਲਾ, ਚੰਡੀ ਦੀ ਵਾਰ ਸਟੀਕ, ਗੁਰਮਤਿ ਮਾਰਦੰਡ, ਗੁਰ ਮਹਿਮਾ ਰਤਨਾਵਲੀ, ਅਤੇ ਰਸ ਚਮਤਕਾਰ ਚੰਦ੍ਰਿਕਾ ਸ਼ਾਮਲ ਹਨ। ਭਾਵੇਂ ਕਿ ਉਨ੍ਹਾਂ ਦੁਆਰਾ ਲਿਖੀਆਂ ਅਨੇਕ ਪੁਸਤਕਾਂ ਚਰਚਾ ਵਿਚ ਰਹੀਆਂ ਹਨ, ਪਰ ਉਨਾਂ੍ਹ ਦੁਆਰਾ ਲਿਖੇ ਮਹਾਨ ਕੋਸ਼ ਨੇ ਉਨ੍ਹਾ ਨੂੰ ਸਾਹਿਤਕ ਖ਼ੇਤਰ ਵਿਚ ਅਮਰ ਕਰ ਦਿੱਤਾ, ਜਦੋਂ ਕਿ ਉਨ੍ਹਾਂ ਦੀ ਪ੍ਰਸਿੱਧ ਪੁਸਤਕ ”ਹਮ ਹਿੰਦੂ ਨਹੀਂ” ਨੇ ਉਨ੍ਹਾਂ ਨੂੰ ਕਈ ਅਦਾਲਤੀ ਮੁਕੱਦਮਿਆਂ ਵਿਚ ਹੀ ਘਸੀਟੀ ਨਹੀਂ ਰੱਖਿਆ, ਸਗੋਂ ਇਕ ਸਮੇਂ ਤੇ ਉਨ੍ਹਾਂ ਨੂੰ ਇਸ ਪੁਸਤਕ ਕਰਕੇ ਨੌਕਰੀ ਤੋਂ ਵੀ ਹੱਥ ਧੋਣੇ ਪਏ ਸਨ। ਮਹਾਨ ਕੋਸ਼ ਵਿਚ 64263 ਉਤਕ੍ਰਿਸ਼ਟੀਆਂ ਹਨ, ਅਤੇ ਇਹ ਸ਼ੁੱਧਤਾ ਕਰਕੇ ਜਾਣਿਆ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਸ ਮਹਾਨ ਕੋਸ਼ ਨੂੰ ਅੰਗਰੇਜ਼ੀ ਅਤੇ ਹਿੰਦੀ ਵਿਚ ਅਨੁਵਾਦ/ਉਲੱਥਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪੁੱਤਰ ਭਗਵੰਤ ਸਿੰਘ ਉਰਫ਼ ਹਰੀ ਜੀ, ਆਪਣੇ ਪਿਤਾ ਦੇ ਛੱਡੇ ਅਧੂਰੇ ਕੰਮ ਪੂਰੇ ਕਰਨ ਲਈ ਯਤਨਸ਼ੀਲ ਹਨ, ਅਤੇ ਉਨ੍ਹਾਂ ਦੀ ਪੁਸਤਕ ”ਦਸਮ ਗ੍ਰੰਥ ਤੱਕ ਤਤਕਰਾ” ਕਾਫ਼ੀ ਪ੍ਰਸਿੱਧ ਹੈ।
ਪੰਜਾਬੀ ਦੇ ਇਹ ਮਹਾਨ ਸਪੂਤ 23 ਨਵੰਬਰ, 1938 ਨੂੰ ਨਾਭੇ ਸਕੱਤਰੇਤ ਦੀ ਨਵੀਂ ਬਣੀ ਇਮਾਰਤ ਦੇ ਉਦਘਾਟਨ ਵਾਲੇ ਦਿਨ ਸਮਾਰੋਹ ਤੋਂ ਵਾਪਸ ਆਉਣ ‘ਤੇ ਦੁਪਹਿਰ ਭੋਜ ਬਾਅਦ ਆਰਾਮ ਕਰਨ ਸਮੇਂ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ 77 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਉਨ੍ਹਾਂ ਦੁਆਰਾ ਲਿਖਿਆ ਮਹਾਨ ਗ੍ਰੰਥ, ਮਹਾਨ ਵਿਸ਼ਵ-ਕੋਸ਼ ”ਮਹਾਨ ਕੋਸ਼” ਪੰਜਾਬੀ ਬੋਲੀ ਦੇ ਆਸ਼ਕਾਂ ਦੇ ਦਿਲੋ ਦਿਮਾਗ ਵਿਚ ਹਮੇਸ਼ਾ ਰਹੇਗਾ।

 

ਸੁਰਿੰਦਰ ਕੌਰ ਸੁਰ  ਮੋਬਾਈਲ:9646715568

07 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧੀਆ ਜਾਣਕਾਰੀ ਸਾਂਝੀ ਲਈ ਧਨਵਾਦ.....ਬਿੱਟੂ ਜੀ.....

09 May 2012

Reply