Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਰਵਾ ਚੌਥ ਨਾਲ ਜੁੜੀ ਯਾਦ

ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਪੰਜਾਬ ਅਤੇ ਸਾਡੇ ਗੁਆਂਢੀ ਸੂਬੇ ਹਿਮਾਚਲ ਅਤੇ ਹਰਿਆਣਾ ਤੋਂ ਇਲਾਵਾ ਭਾਰਤ ਦੇ ਹੋਰ ਕਈ ਸੂਬਿਆਂ ਵਿੱਚ ਮਨਾਇਆ ਜਾਂਦਾ ਹੈ। ਕਰਵਾ ਚੌਥ ਦਾ ਵਰਤ ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਰੱਖਿਆ ਜਾਂਦਾ ਹੈ। ਭਾਵੇਂ ਮੇਰੇ ਪੇਕੇ ਜਾਂ ਸਹੁਰੇ ਪਰਿਵਾਰ ਵਿੱਚ ਕਦੇ ਕਿਸੇ ਨੇ ਇਹ ਵਰਤ ਨਹੀਂ ਰੱਖਿਆ ਪਰ ਮੈਂ ਇਹ ਬੜੀ ਹੀ ਰੀਝ ਨਾਲ ਦੇਖਿਆ-ਸੁਣਿਆ ਹੈ। ਮੈਂ ਆਪਣੇ ਚੇਤਿਆਂ ਵਿੱਚ ਵਸੀਆਂ ਯਾਦਾਂ ਇੱਕ ਲੇਖ ਵਿੱਚ ਪਰੋ ਕੇ ਇੱਕ ਅਖ਼ਬਾਰ ਨੂੰ ਭੇਜੀਆਂ ਸਨ ਜਿਸਨੂੰ ਪੜ੍ਹ ਕੇ ਮੈਨੂੰ ਬਹੁਤ ਲੋਕਾਂ ਦੇ ਫ਼ੋਨ ਆਏ ਸਨ। ਇਨ੍ਹਾਂ ਵਿੱਚੋਂ ਫ਼ੋਨ ’ਤੇ ਹੋਈ ਇੱਕ ਵਿਸ਼ੇਸ਼ ਗੱਲਬਾਤ ਮੇਰੀ ਰੂਹ ’ਤੇ ਉਕਰ ਗਈ ਸੀ। ਇਹ ਫ਼ੋਨ ਇੱਕ ਪ੍ਰਸਿੱਧ ਵਿਗਿਆਨੀ ਦਾ ਸੀ। ਉਨ੍ਹਾਂ ਮੈਥੋਂ ਪੁੱਛਿਆ,‘‘ਤੁਸੀਂ ਕਰਵਾ ਚੌਥ ਬਾਰੇ ਲਿਖੇ ਲੇਖ ਵਿੱਚ ਸਪਸ਼ਟ ਕੀਤਾ ਹੈ ਕਿ ਤੁਸੀਂ ਕਦੇ ਇਹ ਵਰਤ ਨਹੀਂ ਰੱਖਿਆ। ਤੁਸੀਂ ਲਿਖਿਆ ਹੈ ਕਿ ਸਾਡੇ ਘਰ ਵਿੱਚ ਖਾਣ-ਪੀਣ ਲਈ ਉਹ ਸਾਰਾ ਕੁਝ ਬਣਦਾ ਜ਼ਰੂਰ ਸੀ ਜੋ ਵਰਤ ਵਾਲੇ ਘਰਾਂ ਵਿੱਚ ਬਣਦਾ ਸੀ ਪਰ ਤੁਸੀਂ ਪੇਂਡੂ ਸਮਾਜ ਵਾਲੇ ਵਰਤ ‘ਸਰਘੀ’ ਦਾ ਜ਼ਿਕਰ ਬੜੀ ਬਰੀਕੀ ਨਾਲ ਕੀਤਾ ਹੈ।’’ ਮੈਂ ਗੱਲਾਂ-ਗੱਲਾਂ ਵਿੱਚ ਉਨ੍ਹਾਂ ਤੋਂ ਪੁੱਛਿਆ,‘‘ਡਾ. ਸਾਹਿਬ, ਤੁਸੀਂ ਵਿਗਿਆਨੀ ਹੋ ਅਤੇ ਵਿਗਿਆਨ ਅਨੁਸਾਰ ਪਤੀ ਦੀ ਉਮਰ ਲੰਮੀ ਕਰਨ ਲਈ ਇਹ ਵਰਤ ਕੋਈ ਅਰਥ ਨਹੀਂ ਰੱਖਦਾ, ਕੀ ਤੁਹਾਡੀ ਪਤਨੀ ਵੀ ਤੁਹਾਡੇ ਲਈ ਵਰਤ ਰੱਖਦੀ ਹੈ?’’ ਮੇਰੇ ਸੁਆਲ ਦੇ ਜੁਆਬ ਵਿੱਚ ਜੋ ਉਨ੍ਹਾਂ ਮੈਨੂੰ ਦੱਸਿਆ ਉਹ ਪਤਨੀਆਂ ਲਈ ਬੜੇ ਮਾਣ, ਕੁਝ ਪਤੀਆਂ ਲਈ ਸ਼ਾਨ ਅਤੇ ਕੁਝ ਲਈ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ।
ਉਸ ਵਿਗਿਆਨੀ ਨੇ ਦੱਸਿਆ ਕਿ ਮੇਰੀ ਪਤਨੀ ਹੀ ਨਹੀਂ ਬਲਕਿ ਮੈਂ ਵੀ ਆਪਣੀ ਪਤਨੀ ਲਈ ਕਰਵਾ ਚੌਥ ਦਾ ਵਰਤ ਰੱਖਦਾ ਸਾਂ ਪਰ ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਹੈ। ਮੈਨੂੰ ਆਪਣੇ ਕੀਤੇ ਪ੍ਰਸ਼ਨ ’ਤੇ ਪਛਤਾਵਾ ਹੋਇਆ ਅਤੇ ਮੈਂ ਖ਼ਿਮਾ ਮੰਗੀ। ਉਨ੍ਹਾਂ ਮੈਨੂੰ ਆਪਣੀ ਗੱਲ ਜਾਰੀ ਰੱਖਣ ਲਈ ਕਿਹਾ। ਮੈਂ ਬੜੀ ਉਲਝਣ ਵਿੱਚ ਪੈ ਗਈ ਸਾਂ ਕਿ ਇਹ ਉਸਾਰੂ ਵਿਚਾਰਾਂ ਵਾਲਾ ਵਿਗਿਆਨੀ ਵੀ ਅਜੀਬ ਹੈ। ਪਤਨੀ ਨੂੰ ਤਾਂ ਕੀ ਰੋਕਣਾ ਸੀ, ਇਹ ਆਪ ਵੀ ਵਰਤ ਰੱਖਣ ਲੱਗ ਪਿਆ। ਮੈਂ ਗੱਲ ਦੀ ਤਹਿ ਤਕ ਜਾਣ ਲਈ ਉਨ੍ਹਾਂ ਨੂੰ ਜਾਤੀ ਸੁਆਲ ਕੀਤਾ,‘‘ਡਾ. ਸਾਹਿਬ, ਕੀ ਤੁਸੀਂ ਇਨ੍ਹਾਂ ਗੱਲਾਂ ਵਿੱਚ ਯਕੀਨ ਰੱਖਦੇ ਹੋ?’’ ਉਨ੍ਹਾਂ ਕਿਹਾ,‘‘ਵਿਗਿਆਨ ਅਨੁਸਾਰ ਹਫ਼ਤੇ ’ਚ ਇੱਕ-ਦੋ ਵਾਰ ਵਰਤ ਰੱਖਣਾ ਆਪਣੀ ਸਿਹਤ ਲਈ ਚੰਗਾ ਹੁੰਦਾ ਹੈ, ਨਾ ਕਿ ਦੂਜੇ ਲਈ। ਮੈਂ ਦੋ-ਤਿੰਨ ਸਾਲ ਆਪਣੀ ਪਤਨੀ ਨੂੰ ਕਰਵਾ ਚੌਥ ’ਤੇ ਵਰਤ ਰੱਖਦਿਆਂ ਵੇਖਿਆ ਸੀ ਕਿ ਉਹ ਬੜੇ ਸਿਦਕ ਨਾਲ ਆਪਣਾ ਵਰਤ ਨਿਭਾਉਂਦੀ ਸੀ। ਮੈਂ ਉਸ ਦੀ ਪ੍ਰੇਮ ਭਾਵਨਾ ਅਤੇ ਆਸਥਾ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਚੌਥੇ ਕੁ ਸਾਲ ਤੋਂ ਮੈਂ ਵੀ ਉਸ ਦੇ ਨਾਲ ਉਸ ਲਈ ਵਰਤ ਰੱਖਣਾ ਸ਼ੁਰੂ ਕਰ ਦਿੱਤਾ ਤੇ ਪੂਰੇ ਤਨ-ਮਨ ਨਾਲ ਨਿਭਾਇਆ। ਮੈਂ ਇੱਕੋ ਸੋਚ ਅਧੀਨ ਵਰਤ ਰੱਖਿਆ ਕਿ ਮੇਰੀ ਪਤਨੀ ਦੀ ਇਹ ਆਸਥਾ ਹੈ, ਇਸ ਨਾਲ ਇਸ ਦੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਜੇ ਮੈਂ ਇਸ ਲਈ ਵਰਤ ਰੱਖਾਗਾਂ ਤਾਂ ਇਸ ਦੇ ਮਨ ਨੂੰ ਹੋਰ ਚੈਨ ਮਿਲੇਗਾ।’’
ਉਨ੍ਹਾਂ ਦੱਸਿਆ ਕਿ ਤਕਰੀਬਨ 20 ਸਾਲ ਉਹ ਇੱਕ-ਦੂਜੇ ਲਈ ਵਰਤ ਰੱਖਦੇ ਰਹੇ। ਇਹ ਸੁਣ ਕੇ ਮੈਂ ਉਨ੍ਹਾਂ ਨੂੰ ਕਿਹਾ,‘‘ਤੁਸੀਂ ਵੀਹ ਦੇ ਕਰੀਬ ਵਰਤ ਆਪਣੀ ਪਤਨੀ ਲਈ ਰੱਖੇ ਪਰ ਕੁਦਰਤ ਦਾ ਨਿਯਮ ਤਾਂ ਅਟੱਲ ਹੈ ਤੇ ਤੁਹਾਡੀ ਪਤਨੀ ਵੀ ਤੁਹਾਡੇ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਕਰਵਾਏ ਮਹਿੰਗੇ ਤੋਂ ਮਹਿੰਗੇ ਇਲਾਜ ਤੇ ਤਨੋ-ਮਨੋਂ ਕੀਤੀ ਸੇਵਾ-ਸੰਭਾਲ ਦੇ ਬਾਵਜੂਦ ਇਸ ਸੰਸਾਰ ਤੋਂ ਵਿਦਾ ਹੋ ਗਈ , ਇਸ ਬਾਰੇ ਤੁਹਾਡਾ ਕੀ ਵਿਚਾਰ ਹੈ?’’ ਡਾ. ਸਾਹਿਬ ਆਪਣੀ ਵਿਛੜ ਚੁੱਕੀ ਪਤਨੀ ਦਾ ਜ਼ਿਕਰ ਕਰਦੇ ਹੋਏ ਬਹੁਤ ਉਦਾਸ ਹੋ ਗਏ ਸਨ। ਫ਼ੋਨ ’ਤੇ ਮੈਨੂੰ ਇੱਕ ਜਨਾਨਾ ਆਵਾਜ਼ ਸੁਣਾਈ ਦਿੱਤੀ,‘‘ਪਾਪਾ, ਮਨ ਨੂੰ ਤਕੜਾ ਕਰੋ। ਲਓ ਪਾਣੀ ਪੀਓ, ਫਿਰ ਬਾਕੀ ਗੱਲ ਕਰਨੀ।’’ ਡਾ. ਸਾਹਿਬ ਨੇ ਮੈਨੂੰ ‘ਇੱਕ ਮਿੰਟ ਹੋਲਡ ਕਰਨਾ’ ਕਹਿ ਕੇ ਪਾਣੀ ਪੀਤਾ ਤੇ ਮੁੜ ਗੱਲ ਕਰਨ ਲੱਗੇ। ਮੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਕਿ ਉਨ੍ਹਾਂ ਦਾ ਐਨਾ ਧਿਆਨ ਰੱਖਣ ਵਾਲੀ ਇਹ ਉਨ੍ਹਾਂ ਦੀ ਨੂੰਹ ਸੀ। ਵਿਗਿਆਨੀ ਨੇ ਕਿਹਾ,‘‘ਤੁਹਾਡੀ ਗੱਲ ਠੀਕ ਹੈ, ਕੁਦਰਤ ਦਾ ਨਿਯਮ ਤਾਂ ਅਟੱਲ ਹੈ। ਰੀਤੀ-ਰਿਵਾਜ ਅਲੱਗ ਹਨ ਅਤੇ ਕਿਸੇ ਦੇ ਮਨ ਦੀ ਆਸਥਾ ਤੇ ਭਾਵਨਾ ਅਲੱਗ ਹੈ।’’ ਉਨ੍ਹਾਂ ਕਿਹਾ ਕਿ ਆਪਾਂ ਸਾਰੇ ਲੋਕ ਗੁਰਦੁਆਰੇ, ਮੰਦਰ ਜਾਂ ਮਸਜਿਦ, ਭਾਵ ਜਿੱਥੇ ਵੀ ਕਿਸੇ ਦੀ ਸ਼ਰਧਾ ਹੈ, ਉੱਥੇ ਜਾਂਦੇ ਹਾਂ ਤੇ ਉੱਥੇ ਜਾ ਕੇ ਸਾਨੂੰ ਬੜੀ ਸ਼ਾਂਤੀ ਮਿਲਦੀ ਹੈ ਪਰ ਜੋ ਕੁਦਰਤ ਦਾ ਵਿਧਾਨ ਹੈ, ਉਹ ਤਾਂ ਕੁਦਰਤ ਦੀ ਅਦਿੱਖ ਸ਼ਕਤੀ ਹੀ ਚਲਾਉਂਦੀ ਹੈ। ਉਨ੍ਹਾਂ ਗੱਲ ਮੁਕਾਉਂਦਿਆਂ ਕਿਹਾ,‘‘ਜੇ ਪਤਨੀ ਦੇ ਮਨ ਵਿੱਚ ਪਤੀ ਲਈ ਅਜਿਹੀ ਭਾਵਨਾ ਹੈ ਤਾਂ ਪਤੀ ਦੇ ਮਨ ਵਿੱਚ ਵੀ ਹੋਣੀ ਚਾਹੀਦੀ ਹੈ ਅਤੇ ਪਤੀ ਨੂੰ ਵੀ ਉਸ ਦੀ ਖ਼ੁਸ਼ੀ ਲਈ ਵਰਤ ਰੱਖਣਾ ਚਾਹੀਦਾ ਹੈ।
ਇਸ ਘਟਨਾ ਤੋਂ ਬਾਅਦ ਮੈਂ ਸੋਚਦੀ ਰਹੀ ਕਿ ਕਿੰਨਾ ਚੰਗਾ ਹੋਵੇ ਜੇ ਸਾਰੇ ਪਤੀ ਆਪਣੀਆਂ ਪਤਨੀਆਂ ਲਈ ਅਜਿਹੀ ਸੋਹਣੀ ਅਤੇ ਸਾਰਥਿਕ ਸੋਚ ਰੱਖਣ। ਪਤੀ ਆਪਣੀ ਪਤਨੀ ਨੂੰ ਅਸਲੀਅਤ ਵਿੱਚ ਵੀ ਸਮਝਣ ਤੇ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਨ। ਕਰਵਾ ਚੌਥ ਦੇ ਦਿਨਾਂ ਵਿੱਚ ਇਹ ਗੱਲ ਵਾਰ-ਵਾਰ ਮੇਰੇ ਜ਼ਿਹਨ ਵਿੱਚ ਆ ਜਾਂਦੀ ਹੈ।

ਪਰਮਜੀਤ ਕੌਰ ਸਰਹਿੰਦ : 98728-98599

21 Oct 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸਚੀ ਗਲ ਆ ਪਿਆਰ ਦੇ ਇਜਹਾਰ ਕਰਨ ਲਈ ਇਹ ਹੋ ਸਕਦਾ ਬਹੁਤ ਖੂਬ ਜੀ

22 Oct 2013

Reply