Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਖ਼ੁਸ਼ੀਆਂ ਦੇ ਖ਼ਜ਼ਾਨੇ

ਮੈਂਨੂੰ ਪਿੰਡ ਦਲੀਏ ਵਾਲੀ ਗਿਆਂ ਨੂੰ ਦੋ ਸਾਲ ਹੋ ਗਏ ਸਨ। ਮੈਂ ਫਫੜੇ ਭਾਈਕੇ ਹਸਪਤਾਲ ਵਿਖੇ ਡਿਊਟੀ ’ਤੇ ਸੀ, ਜਦੋਂ ਮੈਨੂੰ ਪਿਛਲੇ ਪਿੰਡ ਭਾਵ ਦਲੀਏ ਵਾਲੀ ਤੋਂ ਇੱਕ ਵਿਅਕਤੀ ਦਾ ਫੋਨ ਆਇਆ। ਉਸ ਨੇ ਦੱਸਿਆ, ‘‘ਡਾਕਟਰ ਸਾਹਿਬ, ਮੈਂ ਸ਼ਹਿਰ ਮਾਨਸਾ ਤੁਹਾਡੇ ਘਰ ਤੋਂ ਹੀ ਬੋਲ ਰਿਹਾ ਹਾਂ,  ਸਾਡੇ ਘਰ ਅਖੰਡ ਪਾਠ ਦਾ ਭੋਗ ਹੈ। ਤੁਸੀਂ ਜ਼ਰੂਰ ਆਉਣਾ।’’ ਜਦੋਂ ਮੈਂ ਡਿਊਟੀ ਤੋਂ ਘਰ ਆਇਆ ਤਾਂ ਮੇਰੀ ਪਤਨੀ ਨੇ ਮੈਨੂੰ ਕਾਰਡ ਫੜਾਉਂਦਿਆਂ ਕਿਹਾ, ‘‘ਪਿਛਲੇ ਪਿੰਡ ਤੋਂ ਇੱਕ ਭਾਈ ਆਇਆ ਸੀ, ਨਾਲੇ ਉਲਾਂਭਾ ਵੀ ਦੇ ਕੇ ਗਿਆ ਸੀ ਕਿ ਲੜਕੇ ਦੇ ਵਿਆਹ ’ਤੇ ਤਾਂ ਤੁਸੀਂ ਨਹੀਂ ਆਏ, ਹੁਣ ਅਖੰਡ ਪਾਠ ਦੇ ਭੋਗ ’ਤੇ ਜ਼ਰੂਰ ਪਹੁੰਚਣਾ।’’
ਪਿੰਡ ਦਲੀਏਵਾਲਾ ਮਾਨਸਾ ਸ਼ਹਿਰ ਤੋਂ ਤਲਵੰਡੀ ਸਾਬੋ ਲਿੰਕ ਸੜਕ ’ਤੇ ਸਥਿਤ ਹੈ। ਪਿੰਡ ਦੇ ਬਾਹਰ ਵਾਰ ਸੜਕ ’ਤੇ ਛੋਟਾ ਹਸਪਤਾਲ ਬਣਿਆ ਹੋਇਆ ਹੈ ਜਿਸ ਵਿੱਚ ਮੈਂ ਸਿਹਤ ਵਰਕਰ ਵਜੋਂ ਅੱਠ ਸਾਲ ਨੌਕਰੀ ਕੀਤੀ। ਭਾਵੇਂ ਸੱਤ ਸਾਲ ਪਹਿਲਾਂ ਇਸ ਪਿੰਡ ਤੋਂ ਮੇਰੀ ਬਦਲੀ ਹੋ ਗਈ ਸੀ ਪਰ ਫਿਰ ਵੀ ਇੱਥੋਂ ਦੇ ਲੋਕਾਂ ਨਾਲ ਮੇਰਾ ਮੋਹ ਪਹਿਲਾਂ ਜਿਹਾ ਹੀ ਹੈ। ਛੁੱਟੀ ਵਾਲਾ ਦਿਨ ਸੀ। ਮੈਂ ਮਨ ਵਿੱਚ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਸਵੇਰੇ ਜਲਦੀ ਜਾਵਾਂਗਾ ਅਤੇ ਪੈਦਲ ਤੁਰ ਕੇ ਸਾਰੇ ਪਿੰਡ ਦਾ ਗੇੜਾ ਲਾ ਕੇ, ਪੁਰਾਣੇ ਮਿੱਤਰਾਂ ਨੂੰ ਮਿਲਾਂਗਾ ਅਤੇ ਸ਼ਾਮ ਨੂੰ ਆਖ਼ਰੀ ਬੱਸ ’ਤੇ ਘਰ ਵਾਪਸ ਆ ਜਾਵਾਂਗਾ। ਕਾਫ਼ੀ ਸਮੇਂ ਬਾਅਦ ਪੁਰਾਣੇ ਪਿੰਡ ਜਾਣ ਕਰਕੇ ਮੇਰੇ ਮਨ ਵਿੱਚ ਅਜੀਬ ਜਿਹੀ ਖ਼ੁਸ਼ੀ ਵੀ ਸੀ।
ਮੈਂ ਬੱਸ ਫੜੀ ਤੇ ਤਕਰੀਬਨ 9 ਕੁ ਵਜੇ ਪਿੰਡ ਪਹੁੰਚ ਗਿਆ। ਉਸ ਬੰਦੇ ਦੇ ਘਰ ਜਾ ਕੇ ਮੱਥਾ ਟੇਕਿਆ, ਗੁਰਬਾਣੀ ਦਾ ਪਾਠ ਸੁਣਿਆ ਤੇ ਭੋਗ ਪੈਣ ਤੋਂ ਬਾਅਦ ਲੰਗਰ ਛਕਿਆ। ਕਈ ਪੁਰਾਣੇ ਮਿੱਤਰ ਤਾਂ ਮੈਨੂੰ ਭੋਗ ’ਤੇ ਹੀ ਮਿਲ ਗਏ ਸਨ।  ਉਸ ਵਿਅਕਤੀ ਤੋਂ ਆਗਿਆ ਲੈ ਕੇ ਮੈਂ ਨੰਬਰਦਾਰ ਦੇ ਘਰ ਪੁੱਜਾ। ਇਹ ਉਹੀ ਘਰ ਸੀ ਜਿਸ ਨਾਲ ਮੇਰਾ ਰੋਟੀ-ਪਾਣੀ ਦਾ ਸੀਰ ਸੀ। ਨੰਬਰਦਾਰ ਨੇ ਮੈਨੂੰ ਕੁਝ ਖ਼ੁਸ਼ੀ ਅਤੇ ਦੁੱਖ ਭਰੀਆਂ ਗੱਲਾਂ ਸੁਣਾਉਂਦਿਆਂ ਕਿਹਾ, ‘‘ਡਾਕਟਰ ਸਾਹਿਬ, ਕੈਲਾ ਬੱਕਰੀਆਂ ਵਾਲਾ ਤਾਂ ਕਈ ਮਹੀਨੇ ਬੀਮਾਰ ਰਹਿਣ ਤੋਂ ਬਾਅਦ ਚਲਾਣਾ ਕਰ ਗਿਆ। ਮਿੱਠੂ ਦਾ ਛੋਟਾ ਮੁੰਡਾ ਪੜ੍ਹ-ਲਿਖ ਕੇ ਚੰਡੀਗੜ੍ਹ ਨੌਕਰੀ ’ਤੇ ਲੱਗ ਗਿਆ।’’ ਅਕਸਰ ਹੀ ਜਦੋਂ ਸਵੇਰ ਵੇਲੇ ਮੈਂ ਡਿਊਟੀ ’ਤੇ ਜਾਂਦਾ ਸੀ ਤਾਂ ਕੈਲਾ ਹਸਪਤਾਲ ਕੋਲ ਦੀ ਬੱਕਰੀਆਂ ਲੈ ਕੇ ਮਾਣਕ ਦੀਆਂ ਕਲੀਆਂ ਗਾਉਂਦਾ ਹੋਇਆ, ਮੈਨੂੰ ਬੁਲਾ ਕੇ ਲੰਘਦਾ ਸੀ। ਮਿੱਠੂ ਦਾ ਮੁੰਡਾ ਮੈਥੋਂ ਕਈ ਵਾਰ ਹਿਸਾਬ ਦੇ ਸਵਾਲ ਸਮਝਣ ਆਉਂਦਾ ਸੀ। ਚਾਹ-ਪਾਣੀ ਪੀਣ ਤੋਂ ਬਾਅਦ ਮੈਂ ਲੋਕ ਸੇਵਾ ਕਲੱਬ ਦੇ ਪ੍ਰਧਾਨ ਦੇ ਘਰ ਗਿਆ। ਮੈਂ ਤੇ ਪ੍ਰਧਾਨ ਨੇ ਮਿਲ ਕੇ ਲੋਕ ਭਲਾਈ ਦੇ ਕਾਰਜਾਂ ਲਈ ਅੱਖਾਂ ਦੇ ਕੈਂਪ ਲਗਵਾਇਆ ਕਰਦੇ ਸਾਂ। ਅਸੀਂ ਗੱਲਾਂ ਕਰਦਿਆਂ ਹਸਪਤਾਲ ਦੇ ਕੋਲ ਖੇਤ ਵਿੱਚ ਨਛੱਤਰੀ ਦੇ ਮੋਟਰ ’ਤੇ ਚਲੇ ਗਏ। ਜਦੋਂ ਜ਼ਿਆਦਾ ਗਰਮੀ ਹੁੰਦੀ ਸੀ ਤਾਂ ਅਸੀਂ ਮੋਟਰ ’ਤੇ ਡੇਕ ਹੇਠਾਂ ਬੈਠ ਕੇ ਵਿਹਲੇ ਸਮੇਂ ਦਾ ਆਨੰਦ ਮਾਣਦੇ ਸਾਂ। ਸਮਾਂ ਕਾਫ਼ੀ ਹੋ ਗਿਆ ਸੀ।

25 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਂ ਅਖ਼ੀਰਲੀ ਬੱਸ ’ਤੇ ਚੜ੍ਹਨ ਲਈ ਬੱਸ ਸਟੈਂਡ ਵੱਲ ਆ ਰਿਹਾ ਸਾਂ ਕਿ ਪਿੱਛੋਂ ਇੱਕ ਆਵਾਜ਼ ਆਈ, ‘‘ਡਾਕਟਰ ਸਾਹਿਬ, ਰੁਕਿਓ, ਮੈਨੂੰ ਮਿਲ ਕੇ ਜਾਇਓ।’’ ਮੈਂ ਪਿੱਛੇ ਮੁੜ ਕੇ ਦੇਖਿਆ, ਇਹ ਆਵਾਜ਼ ਚੌਕੀਦਾਰ ਦੀ ਸੀ। ਮੈਂ ਵਾਪਸ ਮੁੜ ਕੇ ਚੌਕੀਦਾਰ ਦੇ ਘਰ ਕੋਲ ਚਲਾ ਗਿਆ। ਉਹ ਮੈਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ ਤੇ ਇਕਦਮ ਬੋਲਿਆ, ‘‘ਸਤਿ ਸ੍ਰੀ ਅਕਾਲ! ਡਾਕਟਰ ਸਾਹਿਬ, ਬੜੇ ਚਿਰਾਂ ਬਾਅਦ ਗੇੜਾ ਮਾਰਿਐ’’, ਨਾਲੇ ਆਪਣੇ ਪੋਤੇ ਨੂੰ ਆਵਾਜ਼ ਮਾਰੀ, ‘‘ਓਏ ਜੱਗਿਆ, ਲੈ ਫੜ ਦੋ ਰੁਪਏ, ਦੁਕਾਨ ਤੋਂ ਭੱਜ ਕੇ ਬਰਫ ਲਿਆ, ਠੰਢਾ ਪਾਣੀ ਪਿਆਵਾਂਗੇ ਡਾਕਟਰ ਸਾਹਿਬ ਨੂੰ।’’ ਉਸ ਨੇ ਮੈਨੂੰ ਦੱਸਿਆ ਕਿ ਇਹ ਉਹੀ ਬੱਚਾ ਹੈ ਜਿਸ ਨੂੰ ਇੱਕ ਵਾਰ ਤੇਈਆ ਬੁਖਾਰ ਚੜ੍ਹਿਆ ਸੀ।
ਜੱਗਾ ਹੁਣ ਨੌਂ ਸਾਲ ਦਾ ਹੋ ਗਿਆ ਸੀ। ਇਸ ਬੱਚੇ ਨੂੰ ਦੇਖ ਕੇ ਮੈਨੂੰ ਪੁਰਾਣੇ ਦਿਨ ਯਾਦ ਆ ਗਏ, ਜਦੋਂ ਮੈਂ ਇਸ ਪਿੰਡ ਵਿੱਚ ਸਿਹਤ ਵਰਕਰ ਦੇ ਤੌਰ ’ਤੇ ਨੌਕਰੀ ਕਰਦਾ ਸੀ। ਮੈਂ ਹਰ ਹਫ਼ਤੇ ਹਸਪਤਾਲ ਵਿੱਚ ਬੱਚਿਆਂ ਨੂੰ ਕਾਲੀ ਖੰਘ, ਖਸਰੇ, ਪੋਲੀਓ ਤੋਂ ਬਚਾਅ ਦੇ ਟੀਕੇ ਲਾਇਆ ਕਰਦਾ ਸਾਂ। ਘਰ-ਘਰ ਜਾ ਕੇ ਬੁਖਾਰ ਵਾਲੇ ਮਰੀਜ਼ਾਂ ਦਾ ਖ਼ੂਨ ਟੈਸਟ ਕਰਦਾ ਸਾਂ। ਉਸ ਦਿਨ ਵੀ ਮੈਂ ਹਸਪਤਾਲ ਵਿੱਚ ਬੱਚਿਆਂ ਦੇ ਟੀਕੇ ਲਾ ਰਿਹਾ ਸਾਂ ਕਿ ਇੱਕ ਔਰਤ ਆਪਣੇ ਬੱਚੇ ਨੂੰ ਚੁੱਕੀ ਸਾਹੋ-ਸਾਹ ਹੋਈ ਮੇਰੇ ਕੋਲ ਆਈ ਤੇ ਤਰਲੇ ਕਰਨ ਲੱਗੀ, ‘‘ਵੇ ਭਾਈ, ਮੇਰੇ ਬੱਚੇ ਨੂੰ ਬਚਾਅ ਲੈ ਵੇ, ਵੀਰਾ, ਕੋਈ ਟੀਕਾ-ਟੂਕਾ ਲਾ ਦੇ, ਵੇ ਤੂੰ ਸਾਡੇ ਪਿੰਡ ਦਾ ਸਰਕਾਰੀ ਡਾਕਟਰ ਐਂ, ਬਾਈ ਬਣ ਕੇ ਛੇਤੀ ਕਰ।’’ ਉਹ ਔਰਤ ਬਹੁਤ ਜ਼ਿਆਦਾ ਘਬਰਾਈ ਹੋਈ ਸੀ। ਮੈਂ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਬੈਂਚ ’ਤੇ ਲਿਟਾ ਦਿੱਤਾ। ਬੱਚੇ ਦੇ ਘੁੰਡ ਮੁੜ ਗਏ ਸਨ ਤੇ ਅੱਖਾਂ ਖੜ੍ਹਨ ਲੱਗ ਪਈਆਂ ਸਨ। ਬੁਖਾਰ ਦੇਖਿਆ ਤਾਂ 107 ਸੈਂਟੀਗਰੇਡ ਸੀ। ਮੈਂ ਆਪਣੇ ਟੀਕਿਆਂ ਵਾਲੇ ਡੱਬੇ ਵਿੱਚੋਂ ਬਰਫ ਕੱਢੀ ਤੇ ਬੱਚੇ ਦੇ ਸਿਰ ਉੱਪਰ ਰੱਖ ਦਿੱਤੀ ਤੇ ਠੰਢੇ ਪਾਣੀਆਂ ਦੀਆਂ ਪੱਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੰਜ-ਸੱਤ ਮਿੰਟਾਂ ਪਿੱਛੋਂ ਬੱਚਾ ਹੋਸ਼ ਵਿੱਚ ਆ ਗਿਆ। ਤਕਰੀਬਨ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਉਹ ਬੱਚਾ ਬਿਲਕੁਲ ਠੀਕ ਹੋ ਗਿਆ। ਖ਼ੂਨ ਦੀ ਜਾਂਚ ਕਰਾਉਣ ’ਤੇ ਪਤਾ ਲੱਗਿਆ ਕਿ ਬੱਚੇ ਨੂੰ ਮਲੇਰੀਆ ਬੁਖਾਰ ਸੀ।
ਇਹ ਬੱਚਾ ਚੌਕੀਦਾਰ ਦਾ ਪੋਤਾ ਜੱਗਾ ਸੀ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਕਿਵੇਂ ਬਰਫ ਦੇ ਕੁਝ ਟੁਕੜਿਆਂ ਨੇ ਇਸ ਬੱਚੇ ਨੂੰ ਬਚਾਉਣ ਵਿੱਚ ਮੇਰੀ ਮਦਦ ਕੀਤੀ ਸੀ। ਅੱਜ ਜੱਗੇ ਦੇ ਹੱਥੋਂ ਬਰਫ ਵਾਲਾ ਪਾਣੀ ਪੀ ਕੇ ਮੈਨੂੰ ਲੱਗਾ ਜਿਵੇਂ ਮੇਰੀ ਜ਼ਿੰਦਗੀ ਦੀ ਸਾਰੀ ਪਿਆਸ ਹੀ ਬੁਝ ਗਈ ਹੋਵੇ। ਬੱਸ ਦਾ ਹਾਰਨ ਵੱਜਿਆ ਤੇ ਮੈਂ ਭੱਜ ਕੇ ਬੱਸ ਚੜ੍ਹ ਗਿਆ। ਸਾਰੇ ਰਸਤੇ ਮੈਂ ਇਹੀ ਸੋਚਦਾ ਆਇਆ ਕਿ ਜੇਕਰ ਅਸੀਂ ਈਮਾਨਦਾਰੀ ਨਾਲ ਫਰਜ਼ਾਂ ਨੂੰ ਨਿਭਾਈਏ ਤਾਂ ਖ਼ੁਸ਼ੀਆਂ ਦੇ ਖ਼ਜ਼ਾਨੇ ਹਰ ਸਮੇਂ ਭਰਪੂਰ ਮਿਲਦੇ ਹਨ।

 

 

ਕੇਵਲ ਸਿੰਘ - ਸੰਪਰਕ: 94171-02652

25 Jul 2012

Reply