Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਿਆ ਬਾਤਾਂ ਨੇ ਤਰਸੇਮ ਦੀਆਂ

ਜੀਵਨ ਵਿਚ ਤਰਸੇਮ ਸਾਹਮਣੇ ਦੋ ਰਾਹ ਸਨ ਜਾਂ ਤਾਂ ਉਹ ਨੇਤਰਹੀਣਤਾ ਦੇ ਹਨੇਰੇ ਤੋਂ ਘਬਰਾ ਕੇ ਢੇਰੀ ਢਾਹ ਬੈਠਦਾ ਅਤੇ ਆਪਣੀ ਜੀਵਨ-ਬੇੜੀ ਸਮੇਂ ਦੀਆਂ ਬੇਕਿਰਕ ਲਹਿਰਾਂ ਦੇ ਹਵਾਲੇ ਕਰ ਕੇ ਕਿਸੇ ਖਾਰੇ ਸਮੁੰਦਰ ਵਿਚ ਜਾ ਗ਼ਰਕਦਾ ਜਾਂ ਫੇਰ ਬਾਹਰ ਬੁਝ ਗਏ ਦੋ ਦੀਵਿਆਂ ਦੀ ਥਾਂ ਅੰਦਰ ਕਈ ਅਜਿਹੇ ਦੀਵੇ ਬਾਲ ਲੈਂਦਾ ਜਿਨ੍ਹਾਂ ਦੀ ਲੋਅ ਤੇ ਲਾਟ ਨੂੰ ਕੋਈ ਹਨੇਰੀ ਵੀ ਬੁਝਾ ਨਾ ਸਕਦੀ ਤੇ ਉਨ੍ਹਾਂ ਦੇ ਚਾਨਣ ਵਿੱਚ ਬਹੁਤੇ ਅੱਖਾਂ ਵਾਲਿਆਂ ਨਾਲੋਂ ਵਧੀਕ ਮੱਲਾਂ ਮਾਰਦਾ। ਉਹਨੇ ਅੰਦਰਲੇ ਦੀਵੇ ਬਾਲਣ ਦਾ ਆਸ਼ਾਵਾਦੀ ਰਾਹ ਚੁਣਿਆ। ਸਿੱਟਾ ਇਹ ਹੋਇਆ ਕਿ ਪ੍ਰਾਪਤ ਕਰ ਲਏ ਜਾਣ ਮਗਰੋਂ ਹਰ ਮੰਜ਼ਿਲ ਇਕ ਪੜਾਅ ਬਣ ਜਾਂਦੀ ਰਹੀ ਅਤੇ ਕਿਸੇ ਅਗਲੀ ਮੰਜ਼ਿਲ ਦੀ ਪ੍ਰਾਪਤੀ ਨਵਾਂ ਟੀਚਾ ਬਣ ਜਾਂਦੀ ਰਹੀ।
ਤਰਸੇਮ ਜਦੋਂ ਪਹਿਲੀ ਵਾਰ ਮਿਲਿਆ ਸੀ, ਉਹ ਅਜੇ ਐਸ ਨਹੀਂ ਸੀ ਬਣਿਆ ਅਤੇ ਸਾਹਿਤ-ਮਾਰਗ ਦਾ ਗਿਨਣਜੋਗ ਪਾਂਧੀ ਵੀ ਨਹੀਂ ਸੀ ਕਿਹਾ ਜਾ ਸਕਦਾ। ਉਹ ਰਾਮ ਸਰੂਪ ਅਣਖੀ ਨਾਲ ਆਇਆ ਸੀ। ਇਹ ਪਿਛਲੀ ਸਦੀ ਦੇ ਅੱਧ ਜਿਹੇ ਦੀ ਗੱਲ ਹੈ। ਅਣਖੀ ਨੇ ਉਹਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਸੀ,‘‘ਇਹ ਆਪਣਾ ਤਰਸੇਮ ਐ। ਤਪੇ ਤੋਂ। ਸਾਹਿਤ ਨਾਲ ਬਹੁਤ ਲਗਾਉ ਰਖਦਾ ਹੈ ਇਹ। ਪਾਠਕ ਬਹੁਤ ਵਧੀਆ ਐ ਤੇ ਲਿਖਣ ਬਾਰੇ ਵੀ ਖਾਸਾ ਗੰਭੀਰ ਐ।’’ ਮਗਰੋਂ ਐਸ. ਤਰਸੇਮ ਹੋ ਕੇ ਜਾਣਿਆ-ਪਛਾਣਿਆ ਕਲਮਕਾਰ ਬਣਨ ਦੇ ਉਹਦੇ ਪੂਰੇ ਦੇ ਪੂਰੇ ਚਾਨਣੇ ਸਫ਼ਰ ਦਾ ਮੈਂ ਦਰਸ਼ਕ ਰਿਹਾ ਹਾਂ। ਉਸ ਸਮੇਂ ਉਹਦੀ ਨੈਣਜੋਤ ਵੀ ਸਾਡੇ ਵਾਂਗ ਹੀ ਜਗਦੀ ਸੀ। ਮਗਰੋਂ, ਮੰਦੇਭਾਗਾਂ ਨੂੰ, ਨੈਣਜੋਤ ਦੇ ਹੌਲੀ ਹੌਲੀ ਘਟਦੇ ਜਾਣ ਅਤੇ ਅੰਤ ਨੂੰ ਬੁਝ ਜਾਣ ਤੱਕ ਦੇ ਉਹਦੇ ਪੂਰੇ ਦੇ ਪੂਰੇ ਹਨੇਰੇ ਸਫ਼ਰ ਦਾ ਵੀ ਮੈਂ ਦਰਸ਼ਕ ਰਿਹਾ ਹਾਂ, ਪਰ ਨਿਰੰਤਰ ਵਧਦੇ ਗਏ ਬਾਹਰਲੇ ਹਨੇਰੇ ਵਿਚ ਉਹਨੇ ਅੰਦਰਲੇ ਦੀਵੇ, ਮਨ ਦੇ ਦੀਵੇ ਇਕ ਇਕ ਕਰ ਕੇ ਬਾਲਦਿਆਂ ਜਿਵੇਂ ਥਿੜਕੇ ਬਿਨਾਂ, ਅਡੋਲ ਕਦਮਾਂ ਨਾਲ ਆਪਣਾ ਜੀਵਨ-ਸਫ਼ਰ ਜਾਰੀ ਰੱਖਿਆ ਹੈ, ਅਸਲ ਕਹਾਣੀ ਉਹ ਹੈ!

12 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਸ ਅਸਲ ਕਹਾਣੀ ਦੇ ਕਈ ਕਾਂਡ ਹਨ। ਸਾਹਿਤ ਦਾ ਕਾਂਡ, ਜਿਸ ਵਿਚ ਅੱਗੋਂ ਸਾਹਿਤ-ਰਚਨਾ, ਆਲੋਚਨਾ, ਸੰਪਾਦਨ, ਜਥੇਬੰਦਕ ਕਾਰਜ ਆਦਿ ਦੇ ਉਪਕਾਂਡ ਸ਼ਾਮਲ ਹਨ। ਵਿਚਾਰਧਾਰਾ ਦਾ ਕਾਂਡ, ਜਿਸ ਵਿਚ ਕਮਿਊਨਿਸਟ ਪਾਰਟੀ, ਮੁਲਾਜ਼ਮ ਜਥੇਬੰਦੀਆਂ, ਖਾਸ ਕਰਕੇ ਅਧਿਆਪਕ ਸੰਗਠਨ ਆ ਜਾਂਦੇ ਹਨ। ਇਕ ਕਾਂਡ ਆਪਣੀ ਨੇਤਰਹੀਣਤਾ ਨਾਲ ਨਜਿੱਠਣ ਦਾ ਤੇ ਨੇਤਰਹੀਣ ਹੁੰਦਿਆਂ ਨੇਤਰਹੀਣਾਂ ਦੇ, ਕੇਵਲ ਪੰਜਾਬ ਦੇ ਹੀ ਨਹੀਂ ਸਗੋਂ ਭਾਰਤ ਪੱਧਰ ਦੇ ਵੀ ਸੰਗਠਨਾਂ ਦੀ ਅਗਵਾਈ ਕਰਨ ਦਾ ਹੈ। ਪਰਿਵਾਰਕ-ਸਮਾਜਕ ਮੋਰਚੇ ਦਾ ਕਾਂਡ ਤਾਂ ਹੈ ਹੀ ਜਿਸ ਮੋਰਚੇ ਉੱਤੇ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਹੱਦ ਤੱਕ ਜੂਝਣਾ ਪੈਂਦਾ ਹੈ। ਇਹ ਅਜਿਹਾ ਮੋਰਚਾ ਹੁੰਦਾ ਹੈ ਜਿਸ ਉੱਤੇ ਵਿਰੋਧੀਆਂ ਨਾਲ ਲੜਨ ਤੋਂ ਇਲਾਵਾ ਸਮੇਂ ਸਮੇਂ ਆਪਣਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਾਰਟੀ ਅਤੇ ਉਸ ਨਾਲ ਸਬੰਧਤ ਜਥੇਬੰਦੀਆਂ ਦਾ ਤਾਂ ਈਰਖਾ ਤੇ ਕਲਹ-ਕਲੇਸ਼ ਦਾ ਕਿੱਸਾ ਪੁਰਾਣਾ ਹੈ, ਲੇਖਕਾਂ ਦੀ ਜਥੇਬੰਦੀ ਵਿਚ ਵੀ ਮੈਂ ਉਹਦੇ ਉੱਦਮ ਤੇ ਸਾਹਸ ਦੀ ਪ੍ਰਸੰਸਾ ਦੀ ਥਾਂ ਉਹਦੇ ਮੁਕਾਬਲੇ ਉੱਤੇ ਜਿੱਤਣ ਤੋਂ ਅਸਮਰੱਥ ਲੋਕਾਂ ਨੂੰ ਉਹਦੀ ਨੇਤਰਹੀਣਤਾ ਵੱਲ ਸੰਕੇਤ ਕਰਦੇ ਦੇਖਿਆ ਹੈ ਜੋ ਉਨ੍ਹਾਂ ਅਨੁਸਾਰ ਜਥੇਬੰਦੀ ਦੇ ਕੰਮ ਦੇ ਰਾਹ ਵਿਚ ਰੋਕ ਬਨਣੀ ਸੀ। ਤਾਂ ਵੀ ਉਹਨੇ ਲੰਮੇ ਸਮੇਂ ਤੱਕ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਜਾਂ ਜਨਰਲ ਸਕੱਤਰ ਵਜੋਂ ਜ਼ਿੰਮੇਵਾਰੀ ਅਜਿਹੀ ਕੁਸ਼ਲਤਾ ਨਾਲ ਨਿਭਾਈ ਕਿ ਵਿਰੋਧੀ ਵੀ ਕੋਈ ਕਿੰਤੂ-ਪ੍ਰੰਤੂ ਨਹੀਂ ਕਰ ਸਕੇ। ਇਉਂ ਉਹ ਆਪ ਸਾਹਿਤ-ਰਚਨਾ ਕਰਦੇ ਰਹਿਣ ਦੇ ਨਾਲ ਨਾਲ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਲਈ ਸੁਖਾਵਾਂ ਮਾਹੌਲ ਸਿਰਜੇ ਜਾਣ ਦੇ ਸੰਘਰਸ਼ ਦੇ ਮੋਹਰੀਆਂ ਵਿਚ ਬਣਿਆ ਰਿਹਾ ਹੈ। ਇਸ ਸੰਘਰਸ਼ ਵਿਚ ਜਲਸੇ-ਜਲੂਸ ਵੀ ਸ਼ਾਮਲ ਹਨ, ਧਰਨੇ ਵੀ ਤੇ ਕੈਦਾਂ ਵੀ। ਗੱਲ ਕੀ, ਉਹ ਉਨ੍ਹਾਂ ਸਾਰੇ ਮੋਰਚਿਆਂ ਉੱਤੇ ਜੂਝ ਰਿਹਾ ਹੈ ਜਿਨ੍ਹਾਂ ਉੱਤੇ ਉਹਨੇ ਨੇਤਰਜੋਤ ਦੇ ਹੁੰਦਿਆਂ ਜੂਝਣਾ ਸੀ। ਸੰਘਰਸ਼ ਵਧੇਰੇ ਮੁਸ਼ਕਲ ਹੁੰਦਾ ਗਿਆ ਹੈ ਪਰ ਉਹਦੇ ਇਰਾਦੇ ਦੀ ਦ੍ਰਿੜ੍ਹਤਾ ਵੀ ਵਧਦੀ ਗਈ ਹੈ।

12 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


ਸਾਡੀ ਪੀੜ੍ਹੀ ਦੇ ਜੀਵਨ ਦੇ ਮੁੱਢਲੇ ਵਰ੍ਹੇ ਉਸ ਸਮਾਜਕ ਮਾਹੌਲ ਵਿਚ ਬੀਤੇ ਜਦੋਂ ਘਰ ਵਿਚ ਵੱਡੇ ਭਰਾਵਾਂ ਸਮੇਤ ਪਰਿਵਾਰਕ ਵਡੇਰਿਆਂ ਦਾ ਦਬਦਬਾ ਕੁਛ ਵਧੇਰੇ ਹੀ ਹੁੰਦਾ ਸੀ ਅਤੇ ਹਰ ਪਰਿਵਾਰ ਦੇ ਕਾਰ-ਵਿਹਾਰ ਵਿਚ ਰਿਸ਼ਤੇਦਾਰਾਂ ਦਾ ਦਖ਼ਲ ਵੀ ਕਾਫ਼ੀ ਮੂੰਹਜ਼ੋਰ ਹੁੰਦਾ ਸੀ। ਕਈ ਸੂਰਤਾਂ ਵਿਚ ਇਹ ਵਡੇਰੇ ਤੇ ਰਿਸ਼ਤੇਦਾਰ ਵਿਅਕਤੀ ਦੇ ਵਿਕਾਸ ਵਿਚ ਸਹਾਈ ਵੀ ਬਣਦੇ ਪਰ ਬਹੁਤੀਆਂ ਸੂਰਤਾਂ ਵਿਚ ਉਹ ਰਾਹ ਨੂੰ ਸੌਖਾ-ਸਵਾਹਰਾ ਬਣਾਉਣ ਦੀ ਥਾਂ ਕੰਡਿਆਲਾ ਬਣਾ ਦਿੰਦੇ। ਉਹ ਇਕੋ ਟੱਬਰ ਦੇ ਬਰਾਬਰੀ ਦੇ ਹੱਕਦਾਰ ਜੀਆਂ ਵਿਚਕਾਰ ਵਿਤਕਰਾ ਕਰਦੇ ਅਤੇ ਅਕਸਰ ਇਹ ਵਿਤਕਰਾ ਕਿਸੇ ਧੱਕੜ ਦੇ ਹੱਕ ਵਿਚ ਤੇ ਸਾਊ-ਸਿੱਧੇ ਦੇ ਵਿਰੁੱਧ ਹੁੰਦਾ। ਤਰਸੇਮ ਦੂਜੀ ਕਿਸਮ ਦੇ ਲੋਕਾਂ ਵਿਚ ਸ਼ਾਮਲ ਹੈ। ਇਹ ਦੇ ਮੰਦਭਾਗ ਵਿਚ ਜੇ ਕੋਈ ਕਸਰ ਸੀ ਤਾਂ ਬਚਪਨ ਵਿਚ ਹੀ ਪਿਤਾ ਦੀ ਮੌਤ ਨੇ ਪੂਰੀ ਕਰ ਦਿੱਤੀ। ਇਕ ਪਾਸੇ ਪਰਿਵਾਰਕ ਹਾਲਾਤ ਅਸੁਖਾਵੇਂ ਅਤੇ ਦੂਜੇ ਪਾਸੇ ਅੱਖਾਂ ਦੇ ਦੀਵਿਆਂ ਦਾ ਤੇਲ ਨਿਰੰਤਰ ਘਟਦੇ ਜਾਣ ਕਰਕੇ ਲੰਮਾ ਸਮਾਂ ਪਹਿਲਾਂ ਇਹ ਪਤਾ ਹੋਣਾ ਕਿ ਅੰਤ ਨੂੰ ਬੱਤੀ ਨੇ ਬੁਝ ਜਾਣਾ ਹੈ, ਉਸੇ ਅਨੁਪਾਤ ਵਿਚ ਨਿਰਾਸ਼ਾ ਦਾ ਵਧਦੇ ਜਾਣਾ ਕੁਦਰਤੀ ਸੀ। ਇਹ ਨਿਰਾਸਾ ਏਨੀ ਵਾਜਬ ਸੀ ਕਿ ਬੰਦੇ ਦਾ ਉਸ ਵਿਚ ਗ਼ਰਕ ਹੋ ਜਾਣਾ ਕੋਈ ਅਸੁਭਾਵਿਕ ਨਹੀਂ ਸੀ ਹੋਣਾ। ਅਸਲ ਗੱਲ ਤਰਸੇਮ ਦਾ ਵਾਰ ਵਾਰ ਹੱਲੇ ਕਰ ਕਰ ਆਉਂਦੀ ਨਿਰਾਸ਼ਾ ਨੂੰ ਹਰ ਵਾਰ ਮਾਤ ਦੇਣਾ ਅਤੇ ਉਸ ਵਿਚੋਂ ਉਭਰਨਾ ਹੈ।
ਮੈਨੂੰ ਉਹ ਦੁਖਦਾਈ ਘਟਨਾ ਉਹਨੀਂ ਹੀ ਦਿਨੀਂ ਉਹਦੇ ਹੀ ਮੂੰਹੋਂ ਸੁਣੀ ਹੋਈ ਅੱਜ ਵੀ ਪੂਰੀ ਦੀ ਪੂਰੀ ਚੇਤੇ ਹੈ ਜਦੋਂ ਉਹ ਨੂੰ ਪਹਿਲੀ ਵਾਰ ਉਸ ਸਮੇਂ ਦੇ ਅੱਖਾਂ ਦੇ ਪ੍ਰਮੁੱਖ ਮਾਹਿਰ, ਡਾਕਟਰ ਧਨਵੰਤ ਸਿੰਘ ਨੇ ਕਿਹਾ ਸੀ ਕਿ ਹੁਣ ਅਸਲੀਅਤ ਛੁਪਾਉਣ ਦਾ ਕੋਈ ਫ਼ਾਇਦਾ ਨਹੀਂ ਸਗੋਂ ਸੱਚ ਦੱਸ ਦੇਣਾ ਹੀ ਮਰੀਜ਼ ਦੇ ਹਿਤ ਵਿਚ ਹੈ। ਉਹ ਨੇ ਦੱਸਿਆ ਸੀ ਕਿ ਇਹ ਰੋਗ ਲਾਇਲਾਜ ਹੈ ਅਤੇ ਜਵਾਨੀ ਵਿਚ ਹੀ ਨਜ਼ਰ ਘਟਦੀ ਘਟਦੀ ਅੰਤ ਨੂੰ ਮੁੱਕ ਜਾਵੇਗੀ। ਡਾਕਟਰ ਨੇ ਕੇਵਲ ਕੁਛ ਸਾਲਾਂ ਦਾ ਸਮਾਂ ਦਿੱਤਾ ਸੀ ਅਤੇ ਇਹ ਕਿਹਾ ਸੀ ਕਿ ਇਹ ਸਮਾਂ ਯਕੀਨ ਨਾਲ ਤਾਂ ਨਹੀਂ ਕਿਹਾ ਜਾ ਸਕਦਾ, ਪਰ ਹੋ ਸਕਦਾ ਹੈ ਸ਼ਾਇਦ ਕੁਛ ਵਧ ਜਾਵੇ, ਦਵਾਈਆਂ ਨਾਲ ਨਹੀਂ, ਖ਼ੁਰਾਕ ਵਿਚ ਕੁਛ ਤਬਦੀਲੀਆਂ ਤੇ ਵਾਧਿਆਂ ਨਾਲ। ਇਸ ਓਹੜ-ਪੋਹੜ ਵਿਚ ਫ਼ਲਾਂ ਦੇ ਰਸ ਅਤੇ ਸੁੱਕੇ ਮੇਵੇ ਹਰ ਰੋਜ਼ ਏਨੀ ਮਾਤਰਾ ਵਿਚ ਪੀਣੇ-ਖਾਣੇ ਸ਼ਾਮਲ ਸਨ ਜੋ ਤਰਸੇਮ ਦੇ ਉਸ ਵੇਲੇ ਦੇ ਸ਼ਬਦਾਂ ਅਨੁਸਾਰ,‘‘ਮੇਰੇ ਵਰਗੀ ਮਾਇਕ ਹਾਲਤ ਵਾਲੇ ਲਈ ਤਾਂ ਵੈਸੇ ਹੀ ਅਸੰਭਵ ਹਨ ਪਰ ਜਦੋਂ ਇਹ ਮਹਿੰਗੀਆਂ ਖ਼ੁਰਾਕਾਂ ਵੀ ਕੋਈ ਇਲਾਜ ਹੋਣ ਦੀ ਥਾਂ ਐਵੇਂ ਇਕ ਤਰਲਾ ਜਾਂ ਹਨੇਰੇ ਵਿਚ ਤੀਰ ਹੋਣ ਤਾਂ ਇਹ ਸਭ ਕੁਛ ਬੇਫ਼ਾਇਦਾ ਜਾਪਦਾ ਹੈ।’’

12 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਈ ਸਾਲਾਂ ਮਗਰੋਂ ਉਹ ਦਿੱਲੀ ਮੇਰੇ ਘਰ ਆਇਆ। ਨਜ਼ਰ ਦਾ ਹਾਲ ਪੁੱਛੇ ਤੋਂ ਬੋਲਿਆ,‘‘ਜੇ ਮੇਰੇ ਸਾਹਮਣੇ ਧੁੱਪੇ ਜਾਂ ਚਾਨਣ ਵਾਲੇ ਪਾਸੇ ਬੰਦੇ ਖੜ੍ਹੇ ਹੋਣ, ਬਹੁਤ ਹੀ ਮੱਧਮ ਆਕਾਰਾਂ ਦਾ ਝਾਉਲਾ ਜਿਹਾ ਪੈਂਦਾ ਹੈ। ਬੱਸ ਏਨਾ ਕੁ ਕਿ ਇਕ ਬੰਦਾ ਖੜ੍ਹਾ ਹੈ ਜਾਂ ਕਿੰਨੇ ਬੰਦੇ ਖੜ੍ਹੇ ਹਨ। ਉਹ ਕੌਣ ਹਨ, ਇਸਤਰੀਆਂ ਹਨ ਕਿ ਪੁਰਸ਼, ਅਜਿਹੀ ਪਛਾਣ ਦਾ ਤਾਂ ਸਵਾਲ ਹੀ ਨਹੀਂ।’’ ਫੇਰ ਕੁਛ ਸਮੇਂ ਵਿਚ ਇਹ ਆਕਾਰ ਵੀ ਗ਼ਾਇਬ ਹੋ ਗਏ। ਜਦੋਂ ਇਹ ਮੁਲਾਕਾਤ ਹੋਈ, ਉਹ ਨੇਤਰਹੀਣਾਂ ਦੇ ਕਿਸੇ ਸੰਗਠਨ ਦੀ ਇਕੱਤਰਤਾ ਲਈ ਆਇਆ ਸੀ। ਉਹ ਅਜਿਹੀਆਂ ਇਕੱਤਰਤਾਵਾਂ ਲਈ ਆਉਂਦਾ ਤਾਂ ਜ਼ਰੂਰ ਮਿਲ ਕੇ ਜਾਂਦਾ। ਇਹ ਮੁਲਾਕਾਤਾਂ ਉਸ ਸਮੇਂ ਹੋਰ ਵਧ ਗਈਆਂ ਜਦੋਂ ਉਹ ਦਾ ਬੇਟਾ ਰਾਜੇਸ਼ ਡਾਕਟਰੀ ਦੀ ਪੜ੍ਹਾਈ ਲਈ ਸੋਵੀਅਤ ਯੂਨੀਅਨ ਚਲਿਆ ਗਿਆ। ਕਦੀ ਉਹ ਉਹ ਨੂੰ ਜਹਾਜ਼ ਚੜ੍ਹਾਉਣ ਆਉਂਦਾ ਤੇ ਕਦੀ ਜਹਾਜ਼ੋਂ ਉੱਤਰੇ ਨੂੰ ਲੈਣ ਆਉਂਦਾ। ਮੈਂ ਹੱਸਦਾ, ‘‘ਤਰਸੇਮ, ਤੂੰ ਮੇਰੀ ਕਹਾਣੀ ‘ਥਕੇਵਾਂ’ ਦੀ ਆਸੋ ਵਾਂਗ ਰਾਜੇਸ਼ ਨੂੰ ਬੱਚਾ ਹੀ ਸਮਝ ਰਿਹਾ ਹੈਂ! ਸਹਾਇਕ ਦੇ ਸਹਾਰੇ ਏਨੀ ਖੇਚਲ ਕਾਹਦੇ ਲਈ ਕਰਦਾ ਹੈਂ! ਜੇ ਇਹ ਦਿੱਲੀ-ਮਾਸਕੋ ਸਫ਼ਰ ਇਕੱਲਾ ਕਰ ਸਕਦਾ ਹੈ, ਯਕੀਨਨ ਦਿੱਲੀ-ਮਾਲੇਰਕੋਟਲਾ ਰਾਹ ਤਾਂ ਉਸ ਨਾਲੋਂ ਔਖਾ ਨਹੀਂ।’’ ਪਰ ਮੋਹ-ਮਮਤਾ ਦਾ ਕੋਈ ਕੀ ਕਰੇ!
ਜੀਵਨ ਵਿਚ ਤਰਸੇਮ ਸਾਹਮਣੇ ਦੋ ਰਾਹ ਸਨ ਜਾਂ ਤਾਂ ਉਹ ਨੇਤਰਹੀਣਤਾ ਦੇ ਹਨੇਰੇ ਤੋਂ ਘਬਰਾ ਕੇ ਢੇਰੀ ਢਾਹ ਬੈਠਦਾ ਅਤੇ ਆਪਣੀ ਜੀਵਨ-ਬੇੜੀ ਸਮੇਂ ਦੀਆਂ ਬੇਕਿਰਕ ਲਹਿਰਾਂ ਦੇ ਹਵਾਲੇ ਕਰ ਕੇ ਕਿਸੇ ਖਾਰੇ ਸਮੁੰਦਰ ਵਿਚ ਜਾ ਗ਼ਰਕਦਾ ਜਾਂ ਫੇਰ ਬਾਹਰ ਬੁਝ ਗਏ ਦੋ ਦੀਵਿਆਂ ਦੀ ਥਾਂ ਅੰਦਰ ਕਈ ਅਜਿਹੇ ਦੀਵੇ ਬਾਲ ਲੈਂਦਾ ਜਿਨ੍ਹਾਂ ਦੀ ਲੋਅ ਤੇ ਲਾਟ ਨੂੰ ਕੋਈ ਹਨੇਰੀ ਵੀ ਬੁਝਾ ਨਾ ਸਕਦੀ ਤੇ ਉਨ੍ਹਾਂ ਦੇ ਚਾਨਣ ਵਿਚ ਬਹੁਤੇ ਅੱਖਾਂ ਵਾਲਿਆਂ ਨਾਲੋਂ ਵਧੀਕ ਮੱਲਾਂ ਮਾਰਦਾ। ਉਹਨੇ ਅੰਦਰਲੇ ਦੀਵੇ ਬਾਲਣ ਦਾ ਆਸ਼ਾਵਾਦੀ ਰਾਹ ਚੁਣਿਆ। ਸਿੱਟਾ ਇਹ ਹੋਇਆ ਕਿ ਪ੍ਰਾਪਤ ਕਰ ਲਏ ਜਾਣ ਮਗਰੋਂ ਹਰ ਮੰਜ਼ਿਲ ਇਕ ਪੜਾਅ ਬਣ ਜਾਂਦੀ ਰਹੀ ਅਤੇ ਕਿਸੇ ਅਗਲੀ ਮੰਜ਼ਿਲ ਦੀ ਪ੍ਰਾਪਤੀ ਨਵਾਂ ਟੀਚਾ ਬਣ ਜਾਂਦੀ ਰਹੀ। ਮੁੱਢਲੀਆਂ ਸਕੂਲੀ ਜਮਾਤਾਂ ਦਾ ਉਹ ਵਿਦਿਆਰਥੀ, ਜਿਸਦੀ ਪੜ੍ਹਾਈ ਲੜਖੜਾਉਂਦੀ ਚਾਲ ਨਾਲ ਚਲਦੀ ਰਹੀ ਸੀ, ਆਖ਼ਰ  ਨੂੰ ਪੰਜਾਬੀ, ਹਿੰਦੀ ਤੇ ਉਰਦੂ ਦੀ ਤੀਹਰੀ ਐਮ. ਏ. ਤੋਂ ਅੱਗੇ ਲੰਘ ਕੇ ‘ਬਾਵਾ ਬਲਵੰਤ ਦੀ ਕਵਿਤਾ ਦਾ ਆਲੋਚਨਾਤਮਕ ਅਧਿਐਨ’ ਕਰਦਿਆਂ ਡਾਕਟਰ ਬਣ ਗਿਆ। ਅਨਿਆਂ ਤੇ ਧੌਂਸ ਦੇ ਅੱਡੇ ਬਣੇ ਹੋਏ ਪ੍ਰਾਈਵੇਟ ਸਕੂਲਾਂ ਦੀ ਨੌਕਰੀ ਤੋਂ ਜਿਥੇ ਅਧਿਆਪਕਾਂ ਤੋਂ ਆਪਣੇ ਵਿਚਾਰਾਂ ਜਿਹੇ ਅਤੇ ਮਰਦਮਸ਼ੁਮਾਰੀ ਵਿਚ ਆਪਣੀ ਮਾਤਭਾਸ਼ਾ ਲਿਖਾਉਣ ਜਿਹੇ ਨਿਰੋਲ ਨਿੱਜੀ ਮਾਮਲਿਆਂ ਦੇ ਸੰਬੰਧ ਵਿਚ ਵੀ ਪ੍ਰਬੰਧਕ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਚੱਲਣ ਦੀ ਆਸ ਕੀਤੀ ਜਾਂਦੀ ਹੈ, ਤੁਰ ਕੇ ਕਾਲਜ ਲੈਕਚਰਾਰ ਦੀ ਮਾਣਮੱਤੀ ਪਦਵੀ ਤੱਕ ਪੁੱਜ ਗਿਆ। ਉਹਦੇ ਸੁਭਾਅ ਦੀ ਨਿਰਭੈਤਾ ਤੇ ਸਾਫ਼ਗੋਈ ਦਾ ਆਲਮ ਦੇਖੋ ਜਿੰਨੀ ਸਪੱਸ਼ਟਤਾ ਤੇ ਬੇਬਾਕੀ ਨਾਲ ਉਹ ਪ੍ਰਾਈਵੇਟ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਆਪਹੁਦਰਾਸ਼ਾਹੀ ਦਾ ਕੱਚਾ ਚਿੱਠਾ ਖੋਲ੍ਹਦਾ ਹੈ, ਓਨੀ ਨਾਲ ਹੀ ਆਪਣੇ ਸਹਿਕਰਮੀ ਕਾਲਜ ਲੈਕਚਰਾਰਾਂ ਦੀ ਹਉਮੈ-ਹੈਂਕੜ ਦੀ ਬਾਤ ਪਾਉਣ ਤੋਂ ਵੀ ਨਹੀਂ ਝਿਜਕਦਾ ਜੋ ਧੌਣ ਵਿਚ ਕਿੱਲਾ ਫ਼ਸਾਈਂ ਰੱਖਦੇ ਹਨ ਅਤੇ ਆਪਣੀ ਆਕੜ ਨੂੰ ਟਾਈ ਦੀ ਗੰਢ ਵਾਂਗ ਹੀ ਕਦੀ ਢਿੱਲੀ ਨਹੀਂ ਹੋਣ ਦਿੰਦੇ! ਉਹਦੇ ਵਿਕਾਸ ਦਾ ਤੱਥ ਉਸ ਸਮੇਂ ਹੋਰ ਵੀ ਦਿਲਚਸਪ ਲਗਦਾ ਹੈ ਜਦੋਂ ਇਹ ਗੱਲ ਚੇਤੇ ਰੱਖੀਏ ਕਿ ਇਸ ਕਾਲਜ ਲੈਕਚਰਾਰ ਨੇ ਮੁਸ਼ਕਲਾਂ ਤੇ ਥੁੜ੍ਹਾਂ ਕਾਰਨ ਵਿਦਿਆਰਥੀ ਵਜੋਂ ਆਪ ਕਦੀ ਕਿਸੇ ਕਾਲਜ ਜਾਂ ਯੂਨੀਵਰਸਿਟੀ ਦਾ ਮੂੰਹ ਨਹੀਂ ਸੀ ਦੇਖਿਆ। ਉਨ੍ਹਾਂ ਸਮਿਆਂ ਵਿਚ ਦਸਵੀਂ ਜਮਾਤ ਨਾਲ ਮੁੱਕ ਜਾਂਦੀ ਸਕੂਲੀ ਪੜ੍ਹਾਈ ਤੋਂ ਮਗਰੋਂ ਦੀ ਸਾਰੀ ਪੜ੍ਹਾਈ ਉਹਨੇ ਆਪਣੇ ਆਪ ਵਾਇਆ ਬਠਿੰਡਾ ਕੀਤੀ। ਕਾਲਜੀ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਨਵੇਂ ਸਾਹਿਤ ਨਾਲ ਜੁੜੇ ਰਹਿਣਾ ਅਤੇ ਵੱਧ ਤੋਂ ਵੱਧ ਸਮਕਾਲੀ ਸਾਹਿਤਕ ਜਾਣਕਾਰੀ ਉਨ੍ਹਾਂ ਤੱਕ ਪੁੱਜਦੀ ਕਰਦੇ ਰਹਿਣਾ ਕਿੰਨੀ ਹਿੰਮਤ ਲੋੜਦਾ ਸੀ, ਇਹ ਅੰਦਾਜ਼ਾ ਲਾਉਣਾ ਵੀ ਔਖਾ ਨਹੀਂ।

12 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਉਹਦੀ ਸਾਹਿਤਕ ਰਚਨਾਤਮਿਕਤਾ ਕਹਾਣੀ ਦੇ ਰੂਪ ਵਿਚ ਵੀ ਸਾਹਮਣੇ ਆਈ ਅਤੇ ਕਵਿਤਾ ਦੇ ਰੂਪ ਵਿਚ ਵੀ। ਅੱਗੇ ਕਵਿਤਾ ਵਿਚੋਂ ਉਹਦੀ ਕਲਮ ਨੂੰ ਗ਼ਜ਼ਲ ਸੰਬੰਧੀ ਵਿਸ਼ੇਸ਼ ਪ੍ਰਪੱਕਤਾ ਪ੍ਰਾਪਤ ਹੈ। ਉਹਦੀ ਕਵਿਤਾ ਅਤੇ ਕਹਾਣੀ ਵਿਚ ਇਕ ਗੱਲ ਸਾਂਝੀ ਹੈ, ਨਿੱਜੀ ਅਨੁਭਵਾਂ ਤੇ ਭਾਵਨਾਵਾਂ ਦੇ ਪ੍ਰਗਟਾਵੇ ਦੇ ਨਾਲ ਨਾਲ ਭਖਦੇ ਸਮਾਜਕ, ਆਰਥਕ, ਰਾਜਨੀਤਕ ਮੁੱਦਿਆਂ ਤੇ ਮਾਮਲਿਆਂ ਨੂੰ ਕਦੀ ਵੀ ਅੱਖੋਂ ਓਹਲੇ ਨਾ ਕਰਨਾ। ਮੈਨੂੰ ਉਹਦੇ ਚੌਥੇ ਕਹਾਣੀ-ਸੰਗ੍ਰਹਿ ‘ਫ਼ੈਲਦੇ ਰਿਸ਼ਤੇ’ ਦੇ ਮੁੱਖ-ਸ਼ਬਦ ਲਿਖਣ ਦਾ ਮੌਕਾ ਮਿਲਿਆ ਤਾਂ ਮੈਂ ਕਿਹਾ ਸੀ,‘‘ਦੋ ਕਹਾਣੀਆਂ ਉਸ ਦੌਰ ਦੀ ਬਾਤ ਪਾਉਂਦੀਆਂ ਹਨ ਜਦੋਂ ਪੰਜਾਬ ਪਿਛਲੇ ਸਾਲਾਂ ਵਿਚ ਲੰਮੀ ਹਨੇਰੀ ਸੁਰੰਗ ਵਿਚੋਂ ਲੰਘ ਰਿਹਾ ਸੀ। ਇਸ ਵਿਸ਼ੇ ਉਤੇ ਪੰਜਾਬੀ ਦੇ ਹਰ ਸਾਹਿਤਕਾਰ ਨੇ ਰਚਨਾ ਕੀਤੀ ਹੈ ਅਤੇ ਵੱਡੀ ਤਸੱਲੀ ਵਾਲੀ ਗੱਲ ਇਹ ਹੈ ਕਿ ਲਗਪਗ ਹਰ ਰਚਨਾ ਮਾਨਵਵਾਦੀ ਨਜ਼ਰੀਏ ਤੋਂ ਕੀਤੀ ਗਈ ਹੈ। ਤਰਸੇਮ ਦੀਆਂ ਇਹ ਦੋਵੇਂ ਕਹਾਣੀਆਂ ਇਸ ਗੱਲ ਦੀ ਮਿਸਾਲ ਹਨ ਕਿ ਮਨੁੱਖ ਦਾ ਈਮਾਨ ਛੋਟੀ-ਮੋਟੀ ਥਿੜਕਣ, ਕਦੀ-ਕਦਾਈਂ ਦੀ ਡਾਵਾਂਡੋਲਤਾ ਤੋਂ ਮਗਰੋਂ ਆਖ਼ਰ ਨੂੰ ਰਣਖੇਤਰ ਵਿਚ ਡਟ ਜਾਣਾ ਹੈ, ਚਾਹੇ ਉਹ ਰਣਖੇਤਰ ਬਾਹਰਲਾ ਹੋਵੇ, ਚਾਹੇ ਮਨ ਦੇ ਅੰਦਰਲਾ ਤੇ ਜੀਵਨ-ਸੰਘਰਸ਼ ਦਾ ਭਵਸਾਗਰ ਤਾਂ ਮੱਥੇ ਵਿਚ ਸੂਝ ਦਾ ਸੂਰਜ ਉਦੈ ਕਰ ਕੇ ਮੁਸਕਰਾਉਂਦਿਆਂ ਅਤੇ ਗਾਉਂਦਿਆਂ ਹੌਸਲੇ ਦੀ ਕਿਸ਼ਤੀ ਰਾਹੀਂ ਹੀ ਪਾਰ ਕੀਤਾ ਜਾ ਸਕਦਾ ਹੈ। ਬਾਕੀ ਪੰਜੇ ਕਹਾਣੀਆਂ…ਵਿਆਹੋਂ ਬਾਹਰੇ ਰਿਸ਼ਤਿਆਂ ਦੇ ਧੁਰੇ ਦੁਆਲੇ ਘੁੰਮਦੀਆਂ ਹਨ। ਕੇਂਦਰੀ ਤੰਦ ਇਹੋ ਹੈ, ਬਾਕੀ ਸਭ ਇਸਦਾ ਵਿਸਤਾਰ ਹੈ। ਇਨ੍ਹਾਂ ਕਹਾਣੀਆਂ ਦਾ ਦੂਜਾ ਵਰਨਣਜੋਗ ਪੱਖ ਇਹ ਹੈ ਕਿ ਇਨ੍ਹਾਂ ਦੇ ਨਾਇਕ-ਨਾਇਕਾਵਾਂ, ਜਿਵੇਂ ਆਮ ਕਰਕੇ ਅਜਿਹੀਆਂ ਕਹਾਣੀਆਂ ਵਿਚ ਹੁੰਦਾ ਹੈ, ਕੱਚੀ ਉਮਰ ਦੇ ਮੁੰਡੇ-ਕੁੜੀਆਂ ਨਹੀਂ ਸਗੋਂ ਬਹੁਤੀਆਂ ਸੂਰਤਾਂ ਵਿਚ ਪਕੇਰੀ ਉਮਰ ਦੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਦਾ ਸਮਾਜ ਵਿਚ ਆਪਣਾ ਕੁਝ ਕੁਝ ਅਹਿਮ ਸਥਾਨ ਹੈ, ਕਾਮ ਮੂਲ ਜਜ਼ਬਾ ਹੈ। ਅਨੇਕ ਮਨੁੱਖੀ ਭਾਵਨਾਵਾਂ ਇਸੇ ਵਿਚੋਂ ਨਿਕਲੀਆਂ ਡਾਹਣੀਆਂ ਹਨ। ਜਦੋਂ ਤੋਂ ਰਚਨਹਾਰੇ ਨੇ ਇਸਤਰੀ ਅਤੇ ਪੁਰਸ਼ ਨੂੰ ਦੋ ਅੱਧਿਆਂ ਦੇ ਰੂਪ ਵਿਚ ਰਚਿਆ ਹੈ, ਇਨ੍ਹਾਂ ਦੀ ਇਕ ਦੂਜੇ ਨਾਲ ਮਿਲ ਕੇ ਸੰਪੂਰਨ ਹੋਣ ਦੀ ਤਾਂਘ ਜੁੱਗੋ-ਜੁੱਗ ਨਿਰੰਤਰ ਬਣੀ ਰਹੀ ਹੈ ਤੇ ਹਰ ਦੇਸ ਦੇ ਹਰ ਕਾਲ ਦੇ ਲੇਖਕ ਇਸ ਵਿਸ਼ੇ ਵੱਲ ਵਾਰ ਵਾਰ ਪਰਤੇ ਹਨ।’’

12 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪਾਠਕ ਵਜੋਂ ਕਵਿਤਾ ਵਿਚੋਂ ਮੇਰੀ ਨਜ਼ਰ ਗ਼ਜ਼ਲ ਉੱਤੇ ਪਹਿਲਾਂ ਪੈਂਦੀ ਹੈ। ਮੇਰਾ ਵਿਸ਼ਵਾਸ ਹੈ ਕਿ ਤਰਸੇਮ ਪੰਜਾਬੀ ਦੇ ਉਨ੍ਹਾਂ ਗ਼ਜ਼ਲਕਾਰਾਂ ਵਿਚੋਂ ਹੈ ਜਿਨ੍ਹਾਂ ਨੂੰ ਗ਼ਜ਼ਲ ਦੀ ਸੰਭਾਵਨਾ ਤੇ ਸਮਰੱਥਾ ਦਾ ਪੂਰਾ ਗਿਆਨ ਤੇ ਅਹਿਸਾਸ ਹੈ। ਉਹ ਗ਼ਜ਼ਲ ਦੇ ਮੂਲ ਸਿਧਾਂਤਾਂ ਦਾ ਜਾਣਕਾਰ ਵੀ ਹੈ ਅਤੇ ਪੰਜਾਬੀ ਦੇ ਨਾਲ ਨਾਲ ਉਰਦੂ ਗ਼ਜ਼ਲ ਦੇ ਲਾਜਵਾਬ ਵਿਰਸੇ ਤੇ ਖ਼ਜ਼ਾਨੇ ਦਾ ਰਸੀਆ ਪਾਠਕ ਵੀ ਹੈ। ਗ਼ਜ਼ਲ ਨਾਲ ਉਹਦਾ ਰਿਸ਼ਤਾ ਗ਼ਜ਼ਲਾਂ ਲਿਖਣ ਤੱਕ ਹੀ ਸੀਮਤ ਨਹੀਂ। 2002 ਵਿਚ ਉਹਨੇ ਰੂਪਕ ਤੇ ਤੋਲ-ਤੁਕਾਂਤਿਕ ਪੱਖ ਨੂੰ ਸਪੱਸ਼ਟ ਕਰਨ ਲਈ 200 ਤੋਂ ਵੱਧ ਪੰਨਿਆਂ ਦੀ ਪੁਸਤਕ ‘ਗ਼ਜ਼ਲ ਰੂਪ ਤੇ ਪਿੰਗਲ’ ਲਿਖੀ ਸੀ। 2011 ਵਿਚ 496 ਪੰਨੇ ਦੀ ਪੁਸਤਕ ‘ਪੰਜਾਬੀ ਗ਼ਜ਼ਲ ਸ਼ਾਸਤਰ’ ਲਿਖ ਕੇ ਉਹਨੇ ਪੂਰਨੇ-ਪਾਊ ਕੰਮ ਕਰ ਦਿਖਾਇਆ ਹੈ। ਉਹ ਉਨ੍ਹਾਂ ਪੰਜਾਬੀ ਗ਼ਜ਼ਲਕਾਰਾਂ ਵਿਚੋਂ ਹੈ ਜਿਨ੍ਹਾਂ ਨੇ ਇਸਤਰੀ ਨਾਲ ਗੱਲਾਂ ਵਜੋਂ ਅਰਥਾਈ ਜਾਂਦੀ ਰਹੀ ਗ਼ਜ਼ਲ ਨੂੰ ‘ਸਮਾਜਕ-ਆਰਥਕ ਤਬਦੀਲੀ ਲੋੜਦੇ ਪਾਠਕਾਂ ਨਾਲ ਗੱਲਾਂ’ ਦਾ ਸਾਧਨ ਵੀ  ਬਣਾਇਆ ਹੈ। ਉਹਦੇ ਕੁਛ ਸ਼ਿਅਰ ਦੇਖੋ। ਇਨ੍ਹਾਂ ਵਿਚ ਮੁਹੱਬਤ ਦੀ ਕਸਕ ਵੀ ਹੈ, ਸਮਾਜਕ ਸਥਿਤੀ ਦਾ ਸੱਚ ਵੀ ਹੈ ਅਤੇ ਮਨੁੱਖ ਲਈ ਚੰਗੇਰੇ ਭਵਿੱਖ ਦੀ ਕਾਮਨਾ ਤੇ ਇਸ ਕਾਮਨਾ ਦੀ ਪੂਰਤੀ ਦਾ ਵਿਸ਼ਵਾਸ ਵੀ ਹੈ। ਮੈਂ ਤ੍ਰੇਲ-ਤੁਬਕਿਆਂ ਵਰਗੇ ਇਹਨਾਂ ਸ਼ਿਅਰਾਂ ਨੂੰ ਵਿਆਖਿਆ ਦੇ ਪੋਟਿਆਂ ਨਾਲ ਛੂਹਣ ਦੀ ਗ਼ੁਸਤਾਖ਼ੀ ਬਿਲਕੁਲ ਨਹੀਂ ਕਰਾਂਗਾ; ਇਨ੍ਹਾਂ ਦੀ ਖ਼ੂਬਸੂਰਤੀ ਤੁਸੀਂ ਆਪ ਹੀ ਮਾਣੋ:
‘‘ਤੁਸੀਂ ਹੀ ਹੋਰ ਚਿਹਰਾ ਲਾ ਕੇ ਅੱਜ ਇਸ਼ਨਾਨ ਕੀਤਾ ਹੈ, ਕਿਸੇ ਨੇ ਗ਼ੁਸਲਖ਼ਾਨੇ ਦਾ ਨਹੀਂ ਹੈ ਬਦਲਿਆ ਸ਼ੀਸ਼ਾ।…ਨ ਰੋਸ਼ਨਦਾਨ ਨਾ ਬੂਹਾ ਤੇ ਨਾ ਖਿੜਕੀ ਬਣਾਉਂਦਾ ਹੈ, ਮਿਰੇ ਹੁਣ ਸ਼ਹਿਰ ਦਾ ਹਰ ਮਿਸਤਰੀ ਕੁਰਸੀ ਬਣਾਉਂਦਾ ਹੈ। ਕੋਈ ਮੰਜੀ ਬਣਾਉਂਦਾ ਹੈ ਕੋਈ ਅਰਥੀ ਬਣਾਉਂਦਾ ਹੈ, ਮਗਰ ਇਕ ਸ਼ਖ਼ਸ ਹੈ ਜੋ ਬਾਂਸ ਦੀ ਬੰਸੀ ਬਣਾਉਂਦਾ ਹੈ।…ਹੋਵੇ ਮਨੁੱਖ ਏਦਾਂ ਦੂਜੇ ਮਨੁੱਖ ਖ਼ਾਤਰ, ਫੁੱਲਾਂ ਦੇ ਜਿਸਮ ’ਤੇ ਜਿਉਂ ਤਿਤਲੀ ਦਾ ਭਾਰ ਹੋਵੇ। ਸਾਂਝਾ ਅਕਾਸ਼ ਜੇ ਹੈ ਸਾਂਝੀ ਜ਼ਮੀਨ ਵੀ ਹੈ, ਕਿਉਂ ਨਾ ਜ਼ਮੀਨ ’ਤੇ ਫਿਰ ਸਾਂਝੀ ਬਹਾਰ ਹੋਵੇ!”

12 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੱਚ-ਤੱਥ ਵਾਲੇ ਪਾਸੇ ਬੇਬਾਕੀ ਨਾਲ ਖਲੋਣ ਦਾ ਜੇਰਾ ਉਹਦੀ ਬਹੁ-ਚਰਚਿਤ ਸਵੈ-ਜੀਵਨੀ ‘ਧ੍ਰਿਤਰਾਸ਼ਟਰ’ ਵਿਚ ਵੀ ਨਿੱਖਰ ਕੇ ਸਾਹਮਣੇ ਆਇਆ ਹੈ। ਇਹਦਾ ਸ਼ੁਮਾਰ ਨਿਸਚੇ ਹੀ ਪੰਜਾਬੀ ਦੀਆਂ ਉਨ੍ਹਾਂ ਸਵੈਜੀਵਨੀਆਂ ਵਿਚ ਹੋਵੇਗਾ ਜੋ ਕੇਵਲ ਲੇਖਕ ਦੀ ਜੀਵਨ-ਝਲਕ ਹੀ ਪੇਸ਼ ਨਹੀਂ ਕਰਦੀਆਂ ਸਗੋਂ ਲੋੜੀਂਦੀ ਤੇ ਸੰਭਵ ਹੱਦ ਤੱਕ ਸਮਕਾਲ ਦਾ ਦਰਪਨ ਵੀ ਹੁੰਦੀਆਂ ਹਨ। ਸਵੈ-ਜੀਵਨੀ ਹੋਣੀ ਵੀ ਤਾਂ ਅਜਿਹੀ ਹੀ ਚਾਹੀਦੀ ਹੈ! ਇਸ ਵਿਚ ਨਾ ਤਾਂ ਉਹਨੇ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਲੁਕੋਣ ਦਾ ਜਤਨ ਕੀਤਾ ਹੈ ਅਤੇ ਨਾ ਹੀ ਆਪਣੀਆਂ ਪ੍ਰਾਪਤੀਆਂ ਦਾ ਬੇਮੇਚਾ ਗੁਣਗਾਨ ਕੀਤਾ ਹੈ। ਉਹਦੀ ਸਾਹਿਤਕ ਲਗਨ ਅਤੇ ਵਚਨਬੱਧਤਾ ਦਾ ਇਕ ਹੋਰ ਪੱਖ ਤ੍ਰੈਮਾਸਕ ‘ਨਜ਼ਰੀਆ’’ ਹੈ ਜਿਸਦੇ ਹੁਣ ਤੱਕ 32 ਅੰਕ ਪ੍ਰਕਾਸ਼ਿਤ ਹੋ ਚੁੱਕੇ ਹਨ। ਵੈਸੇ ਤਾਂ ਹਰ ਅੰਕ ਦਾ ਹੀ ਆਪਣਾ ਮਿਆਰ ਹੁੰਦਾ ਹੈ ਪਰ ਸਮੇਂ ਸਮੇਂ ਪ੍ਰਕਾਸ਼ਿਤ ਹੁੰਦੇ ਵਿਸ਼ੇਸ਼ ਅੰਕ ਤਾਂ ਸਾਂਭਣਜੋਗ ਹੋ ਨਿੱਬੜਦੇ ਹਨ। ਇਸ ਸਭ ਕੁਛ ਤੋਂ ਵਧ ਕੇ ਜਿਸ ਗੱਲ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ, ਉਹ ਹੈ ਇਕ ਮਨੁੱਖ ਵਜੋਂ ਐਸ. ਤਰਸੇਮ। ਜਿਸ ਕਿਸੇ ਦਾ ਕਿਸੇ ਕਾਰਨ ਥੋੜ੍ਹਾ-ਬਹੁਤਾ ਵਾਹ ਵੀ ਪਿਆ ਹੈ, ਉਹੋ ਇਸ ਗੱਲ ਦੀ ਸਾਹਦੀ ਭਰੇਗਾ ਕਿ ਉਹ ਇਕ ਸੁਹਿਰਦ, ਪੁਰਖ਼ਲੂਸ ਤੇ ਨਿੱਘਾ ਮਨੁੱਖ ਹੈ। ਦੋਸਤਾਨਾ ਸੰਬੰਧਾਂ ਵਿਚ ਉਹ ਬਾਹਰੋਂ ਨਹੀਂ, ਧੁਰ ਅੰਦਰੋਂ ਬੋਲਦਾ ਹੈ ਅਤੇ ਉਹਦੀ ਅੰਦਰਲੀ-ਬਾਹਰਲੀ ਇਕਮਿਕਤਾ ਇਕਦਮ ਉਜਾਗਰ ਹੋ ਜਾਂਦੀ ਹੈ। ਜੇ ਸੰਖੇਪ ਵਿਚ ਕਹਿਣਾ ਹੋਵੇ, ਐਸ. ਤਰਸੇਮ ਇਕ ਰਸੀਆ ਪਾਠਕ ਹੈ, ਵਚਨਬੱਧ ਲੇਖਕ ਹੈ, ਸੰਤੁਲਿਤ ਆਲੋਚਕ ਹੈ, ਸੂਝਵਾਨ ਸੰਪਾਦਕ ਹੈ, ਹਿੰਮਤੀ ਸਮਾਜ-ਸੇਵੀ ਹੈ ਅਤੇ ਸਭ ਤੋਂ ਵਧ ਕੇ ਇਕ ਵਧੀਆ ਇਨਸਾਨ ਹੈ!   ਗੁਰਬਚਨ ਸਿੰਘ ਭੁੱਲਰ * ਸੰਪਰਕ: 011-65736868

12 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਖੂਬ .....ਬਿੱਟੂ ਜੀ.........

12 Mar 2012

Reply