Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੁੱਲ੍ਹਾ ਆਖੇ, ਬੰਦਿਆ, ਕੁੱਤੇ ਤੈਥੋਂ ਉੱਤੇ! :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬੁੱਲ੍ਹਾ ਆਖੇ, ਬੰਦਿਆ, ਕੁੱਤੇ ਤੈਥੋਂ ਉੱਤੇ!

ਕੁੱਤਾ ਮਨੁੱਖ ਦਾ ਸਭ ਤੋਂ ਵਫ਼ਾਦਾਰ ਜੀਵ ਹੈ। ਆਪਣੇ ਮਾਲਕ ਵਾਸਤੇ ਜਾਨ ਤੱਕ ਵਾਰ ਦੇਣ ਦੀਆਂ ਕੁੱਤਿਆਂ ਦੀਆਂ ਅਨੇਕ ਸੱਚੀਆਂ ਕਹਾਣੀਆਂ ਪੜ੍ਹਨ-ਸੁਨਣ ਨੂੰ ਮਿਲਦੀਆਂ ਹਨ। ਕਈ ਕੁੱਤੇ ਮਾਲਕ ਦੀ ਬਲਦੀ ਹੋਈ ਚਿਤਾ ਵਿਚ ਛਾਲ ਮਾਰ ਦਿੰਦੇ ਹਨ। ਕਈ ਮਾਲਕ ਦੇ ਵਿਛੋੜੇ ਦਾ ਸੱਲ ਸਹਿਣ ਨਾਲੋਂ ਅੰਨ-ਜਲ ਤਿਆਗ ਕੇ ਪੰਜਭੂਤਕ ਸਰੀਰ ਤੋਂ ਮੁਕਤੀ ਪਾ ਲੈਣਾ ਠੀਕ ਸਮਝਦੇ ਹਨ। ਕੁਝ ਸਮਾਂ ਪਹਿਲਾਂ ਇਕ ਨੌਜਵਾਨ ਟੀਵੀ ਉੱਤੇ ਦੱਸ ਰਿਹਾ ਸੀ ਕਿ ਬਚਪਨ ਵਿਚ ਕਈ ਸਾਲਾਂ ਤੱਕ ਹੁੰਦੇ ਰਹੇ ਕਾਮੀ ਅੱਤਿਆਚਾਰ ਕਾਰਨ ਜਦੋਂ ਉਹ ਚੁੱਪ ਰਹਿਣ ਲਈ ਮਜਬੂਰ, ਇਕੱਲਾ ਬੈਠ ਕੇ ਰੋਂਦਾ, ਹਮਦਰਦੀ ਵਿਚ ਭਿੱਜਿਆ ਕੁੱਤਾ ਸਾਹਮਣੇ ਬੈਠ ਕੇ ਉਹਦੇ ਹੰਝੂ ਚਟਦਾ ਰਹਿੰਦਾ। ਦੁਨੀਆਂ ਦੇ ਕਈ ਪ੍ਰਸਿੱਧ ਲੇਖਕਾਂ ਨੇ ਆਪਣੇ ਕੁੱਤਿਆਂ ਬਾਰੇ ਬੜੀਆਂ ਮੋਹ-ਭਿੱਜੀਆਂ, ਜਜ਼ਬੇ-ਗੁੱਧੀਆਂ ਪੁਸਤਕਾਂ ਲਿਖੀਆਂ ਹਨ।
ਨੋਬਲ ਪੁਰਸਕਾਰ ਜੇਤੂ ਅਮਰੀਕੀ ਲੇਖਕ ਜਾਨ ਸਟਾਈਨਬੈੱਕ ਨੇ ਆਪਣੇ ਦੇਸ ਨੂੰ ਨਵੇਂ ਸਿਰਿਓਂ ਦੇਖਣ ਦੀ ਇੱਛਾ ਨਾਲ ਇਕ ਟਰੱਕ-ਨਿਰਮਾਤਾ ਕੰਪਨੀ ਨੂੰ ਕਿਹਾ ਕਿ ਉਹ ਇਕ ਮਜ਼ਬੂਤ ਟਰੱਕ ਨੂੰ ਇਕ ਕੁੱਤੇ ਦੇ ਸੁਖ-ਆਰਾਮ ਸਮੇਤ ਸਭ ਸਾਧਨਾਂ ਤੇ ਸਹੂਲਤਾਂ ਨਾਲ ਲੈਸ ਸੁਖਦਾਈ ਫਿਰਤੂ ਮਕਾਨ ਦਾ ਰੂਪ ਦੇ ਦੇਵੇ। ਆਪਣੇ ਕੁੱਤੇ ਚਾਰਲੀ ਨੂੰ ਨਾਲ ਲੈ ਕੇ ਉਹ ਇਸ ਟਰੱਕ ਉੱਤੇ ਅਮਰੀਕਾ ਦੇ 34 ਸਰਹੱਦੀ ਰਾਜਾਂ ਵਿਚੋਂ ਦੀ ਲੰਘਦਿਆਂ ਦਸ ਹਜ਼ਾਰ ਮੀਲ ਘੁੰਮਿਆ। ਦੇਸ ਦੀ ਇਸ ਪਰਿਕਰਮਾ ਦਾ ਵਰਨਣ ਕਰਦਿਆਂ 1962 ਵਿਚ ਉਹਨੇ ਸੰਸਾਰ-ਪ੍ਰਸਿੱਧ ਪੁਸਤਕ ਟਰੈਵਲਜ਼ ਵਿਦ ਚਾਰਲੀ ਲਿਖੀ। ਆਪਣੀ ਅਮਰੀਕਾ ਯਾਤਰਾ ਸਮੇਂ ਮੈਂ ਉਹਦੀ ਕਮਾਲ ਦੀ ਵਿਉਂਤੀ, ਸਿਰਜੀ ਅਤੇ ਸਾਂਭੀ ਹੋਈ ਯਾਦਗਾਰ ਵਿਖੇ ਉਹ ਟਰੱਕ, ਯਾਤਰਾ ਦੀਆਂ ਤਸਵੀਰਾਂ, ਚਾਰਲੀ ਦੇ ਚਿੱਤਰ ਅਤੇ ਕੰਧ ਉੱਤੇ ਬਣਾਇਆ ਹੋਇਆ ਯਾਤਰਾ ਦੇ ਰਾਹ ਦਾ ਨਕਸ਼ਾ ਆਦਿ ਦੇਖੇ ਸਨ।
ਪਾਲਤੂ ਕੁੱਤਾ ਰੱਖਣ ਵਾਲੇ ਕਿਸੇ ਆਦਮੀ ਦੇ ਸਾਹਮਣੇ ਜੇ ਤੁਸੀਂ ਉਸ ਨੂੰ ਕੁੱਤਾ ਆਖ ਦਿਉ, ਮਾਲਕ ਬੁਰਾ ਮਨਾ ਜਾਂਦਾ ਹੈ। ਸਾਡੇ ਮੋਗਲੀ ਨੂੰ ਜੇ ਕੋਈ ਵਡਿਆਈ ਕਰਦਿਆਂ ਵੀ ਕੁੱਤਾ ਆਖ ਦਿੰਦਾ, ਮੇਰੇ ਮੂੰਹੋਂ ਇਕਦਮ ਹੈਰਾਨੀ ਨਾਲ ਨਿਕਲਦਾ, ਕੀ ਕਿਹਾ, ਕੁੱਤਾ? ਇਹਦਾ ਨਾਂ ਮੋਗਲੀ ਹੈ ਭਾਈ! ਰੂਸੀ ਮੂਲ ਦਾ ਹੋਣ ਦੇ ਬਾਵਜੂਦ ਮੋਗਲੀ ਨੇ ਸਾਡੇ ਨਾਲ ਇਕ ਹੋਣ ਲਈ ਏਨੀਂ ਪੰਜਾਬੀ ਸਿੱਖ ਲਈ ਸੀ ਜਿੰਨੀ ਸਾਡੇ ਕਈ ਸਵੈਥਾਪੇ ਭਾਸ਼ਾ-ਵਿਸ਼ੇਸ਼ਕਾਂ ਨੂੰ ਵੀ ਨਹੀਂ ਆਉਂਦੀ! ਜਦੋਂ ਕੋਈ ਅਕਸਰ ਆਉਣ ਵਾਲਾ ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਆਉਂਦਾ, ਅਸੀਂ ਉਸ ਵਿਅਕਤੀ ਦਾ ਜਾਂ ਰਿਸ਼ਤੇ ਦਾ ਨਾਂ ਲੈ ਕੇ ਆਖਦੇ, ਮੋਗਲੀ, ਅਮਕਾ ਜੀ ਨੂੰ ਸਤਿ ਸ੍ਰੀ ਅਕਾਲ ਬੁਲਾ। ਉਹ ਬਾਕੀ ਸਭ ਨੂੰ ਛੱਡ ਕੇ ਸਿੱਧਾ ਉਸ ਕੋਲ ਜਾਂਦਾ ਅਤੇ ਪੈਰਾਂ ਉੱਤੇ ਖਲੋ ਕੇ ਦੋਵੇਂ ਪੰਜੇ ਜੋੜਦਿਆਂ ਜ਼ੋਰ ਜ਼ੋਰ ਨਾਲ ਪੂਛ ਹਿਲਾਉਂਦਾ! 2001 ਵਿਚ ਛਪੀ ਚੋਣਵੀਆਂ ਕਹਾਣੀਆਂ ਦੀ ਆਪਣੀ ਪੁਸਤਕ ਤਿੰਨ ਮੂਰਤੀਆਂ ਵਾਲਾ ਮੰਦਰ  ਦਾ ਸਮਰਪਨ ਮੈਂ ਇਹਨਾਂ ਸ਼ਬਦਾਂ ਵਿਚ ਕੀਤਾ ਸੀ: ”ਪਿਆਰੇ ਮੋਗਲੀ ਸਿੰਘ ਦੇ ਨਾਂ ਜੋ ਆਸ ਬੰਨ੍ਹਾਉਂਦਾ ਹੈ ਕਿ ਜੇ ਮਾਨਵਜਾਤੀ ਵਿਚੋਂ ਮਾਨਵਤਾ ਮੁੱਕ ਵੀ ਗਈ, ਇਹ ਕੂਕਰਜਾਤੀ ਵਿਚ ਬਣੀ ਰਹੇਗੀ!” ਠੀਕ ਹੀ ਕੁੱਤੇ ਅਨੇਕ ਮਾਨਵਾਂ ਨਾਲੋਂ ਵੱਧ ਮਾਨਵੀ ਹੁੰਦੇ ਹਨ।
ਕੈਸਿਟਾਂ ਤੇ ਸੀਡੀਆਂ ਵਿਚਕਾਰ ਜੰਮੀਆਂ-ਪਲੀਆਂ ਅਜੋਕੀਆਂ ਪੀੜ੍ਹੀਆਂ ਨੇ ਤਾਂ ਸ਼ਾਇਦ ਹੀ ਦੇਖੀ ਹੋਵੇ, ਗਰਾਮੋਫ਼ੋਨ ਮਸ਼ੀਨਾਂ ਦੇ ਰਸੀਏ ਰਹੇ ਲੋਕਾਂ ਦੇ ਮਨਾਂ ਵਿਚ ਤਵਿਆਂ ਉੱਤੇ ਛਪੀ ਹੋਈ ਇਕ ਕੁੱਤੇ ਦੀ ਤਸਵੀਰ ਡੂੰਘੀ ਉੱਕਰੀ ਹੋਈ ਹੈ ਜੋ ਭੋਂਪੂ ਵਿਚੋਂ ਨਿਕਲਦੀ ਮਨੁੱਖੀ ਆਵਾਜ਼ ਨੂੰ ਬੜੀ ਹੀ ਇਕਾਗਰਤਾ ਅਤੇ ਭਾਵੁਕਤਾ ਨਾਲ ਸੁਣ ਰਿਹਾ ਹੈ। ਇਹ ਤਸਵੀਰ ਅੰਗਰੇਜ਼ ਚਿੱਤਰਕਾਰ ਫ਼ਰਾਂਸਿਸ ਬਰਾਡ ਦੇ ਇਕ ਅਜਿਹੇ ਚਿੱਤਰ ਉੱਤੇ ਆਧਾਰਿਤ ਹੈ ਜਿਸ ਦਾ ਪਿਛੋਕੜ ਦਿਲਚਸਪ ਵੀ ਸੀ ਤੇ ਮਾਰਮਿਕ ਵੀ। ਫ਼ਰਾਂਸਿਸ ਦੇ ਗਾਇਕ ਭਰਾ ਮਾਰਕ ਬਰਾਡ ਨੇ ਨਿੱਪਰ ਨਾਂ ਦਾ ਕੁੱਤਾ ਪਾਲਿਆ ਹੋਇਆ ਸੀ। ਮਾਰਕ ਬਰਾਡ ਅਚਾਨਕ ਗੁਜ਼ਰ ਗਿਆ ਤਾਂ ਫ਼ਰਾਂਸਿਸ ਨੂੰ ਮਿਲੀਆਂ ਚੀਜ਼ਾਂ ਵਿਚ ਉਹਦੀ ਆਵਾਜ਼ ਵਿਚ ਭਰੇ ਤਵਿਆਂ ਸਮੇਤ ਮਸ਼ੀਨ ਅਤੇ ਨਿੱਪਰ ਵੀ ਸ਼ਾਮਲ ਸਨ। ਇਕ ਦਿਨ ਭਰਾ ਯਾਦ ਆਇਆ ਤਾਂ ਉਦਾਸੇ ਫ਼ਰਾਂਸਿਸ ਨੇ ਉਹਦਾ ਇਕ ਤਵਾ ਮਸ਼ੀਨ ਉੱਤੇ ਚਾੜ੍ਹ ਦਿੱਤਾ। ਇਕ ਖੂੰਜੇ ਵਿਚ ਨਿਢਾਲ ਪਿਆ ਓਦਰਿਆ-ਨਿਰਾਸਿਆ ਨਿੱਪਰ ਝੱਟ ਭੱਜਿਆ ਆਇਆ ਅਤੇ ਭੋਂਪੂ ਸਾਹਮਣੇ ਬੈਠ ਕੇ ਗਹੁ ਨਾਲ ਸੁਣਨ ਲੱਗਿਆ। 1899 ਵਿਚ ਕਲਾਕਾਰ ਨੇ ”ਫ਼ੋਨੋਗਰਾਫ਼ ਨੂੰ ਦੇਖ ਤੇ ਸੁਣ ਰਿਹਾ ਕੁੱਤਾ” ਨਾਂ ਰੱਖ ਕੇ ਇਹ ਚਿੱਤਰ ਵੇਚਣਾ ਚਾਹਿਆ ਤਾਂ ”ਗਰਾਮੋਫ਼ੋਨ ਕੰਪਨੀ” ਨੇ ਖ਼ਰੀਦ ਲਿਆ ਪਰ ਇਸ ਸ਼ਰਤ ਨਾਲ ਕਿ ਉਹ ਚਿੱਤਰ ਵਿਚ ਸੋਧ ਕਰਕੇ ਕੰਪਨੀ ਦੀ ਬਣਾਈ ਮਸ਼ੀਨ ਦਿਖਾ ਦੇਵੇ। ਦਸੰਬਰ 1899 ਵਿਚ ਹੀ ਕੰਪਨੀ ਨੇ ਚਿੱਤਰ ਦੀ ਤਸਵੀਰ ਨੂੰ ”ਹਿਜ਼ ਮਾਸਟਰ’ਜ਼ ਵਾਇਸ” ਦੇ ਨਵੇਂ ਨਾਂ ਹੇਠ ਜ਼ੋਰ-ਸ਼ੋਰ ਨਾਲ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਵਪਾਰਕ ਪੱਖੋਂ ਨਾਂ ਏਨਾ ਚੱਲ ਨਿਕਲਿਆ ਕਿ ਛੇਤੀ ਹੀ ਕੰਪਨੀ ਨੇ ਆਪਣਾ ਨਾਂ ਵੀ ”ਗਰਾਮੋਫ਼ੋਨ ਕੰਪਨੀ” ਤੋਂ ਬਦਲ ਕੇ ”ਹਿਜ਼ ਮਾਸਟਰ’ਜ਼ ਵਾਇਸ” ਕਰ ਲਿਆ ਅਤੇ ਦੇਖਦਿਆਂ ਦੇਖਦਿਆਂ ਉਹ, ਬਿਨਾਂ-ਸ਼ੱਕ ਨਿੱਪਰ ਕੁੱਤੇ ਦੇ ਸਹਾਰੇ, ਭਾਰਤ ਸਮੇਤ ਅਣਗਿਣਤ ਦੇਸਾਂ ਵਿਚ ਤਵਿਆਂ ਤੇ ਮਸ਼ੀਨਾਂ ਦੀ ਪ੍ਰਮੁੱਖ ਕੰਪਨੀ ਬਣ ਕੇ ਆਵਾਜ਼ ਦੀ ਦੁਨੀਆ ਉੱਤੇ ਰਾਜ ਕਰਨ ਲੱਗ ਪਈ!

02 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮਨੁੱਖ ਜਾਤੀ ਦੇ ਪੂਰੇ ਇਤਿਹਾਸ ਵਿਚ ਮਨੁੱਖ ਤੋਂ ਇਲਾਵਾ ਕੁੱਤਾ ਹੀ ਇਕ ਅਜਿਹਾ ਜੀਵ ਹੈ ਜਿਸ ਨੂੰ ਸਵਰਗ ਵਿਚ ਜਾਣ ਦਾ ਮਾਣ ਅਤੇ ਮੌਕਾ ਮਿਲਿਆ। ਜਦੋਂ ਯੁਧਿਸ਼ਟਰ ਨੇ ਦੇਹ ਸਮੇਤ ਸਵਰਗ-ਪ੍ਰਵੇਸ਼ ਉੱਤੇ ਜ਼ੋਰ ਦਿੱਤਾ ਤਾਂ ਉਹਨੇ ਬਿਖੜੇ ਪੈਂਡੇ ਮਾਰ ਕੇ ਉਹਦੇ ਨਾਲ ਹੀ ਉਥੋਂ ਤੱਕ ਪੁੱਜੇ ਕੁੱਤੇ ਦੇ ਪ੍ਰਵੇਸ਼ ਦੀ ਵੀ ਮੰਗ ਕੀਤੀ।
ਇਸੇ ਜੂਨ ਦੀ ਪੰਜ ਤਾਰੀਖ਼ ਨੂੰ ਨਿਊਯਾਰਕ ਵਿਚ ਲੱਕੀ ਡਾਇਮੰਡ ਨਾਂ ਦੀ ਇਕ ਛੋਟੀ ਜਿਹੀ, ਪਿਆਰੀ ਜਿਹੀ ਸਫ਼ੈਦ ਕੁੱਤੀ ਦਾ ਪੰਦਰਾਂ ਸਾਲ ਦੀ ਉਮਰ ਵਿਚ ਕੈਂਸਰ ਨਾਲ ਆਪਣੇ ਘਰ ਦੇ ਬਿਸਤਰੇ ਵਿਚ ਸਵਰਗਵਾਸ ਹੋ ਗਿਆ ਤਾਂ ਉਹਨੂੰ ਜਾਨਣ ਵਾਲੇ ਦੁਨੀਆ ਭਰ ਦੇ ਅਣਗਿਣਤ ਲੋਕ ਉਦਾਸ ਹੋ ਗਏ। ਉਹਦੀ ਮਾਲਕ ਵੈਂਡੀ ਡਾਇਮੰਡ ਨੇ 1999 ਵਿਚ ਇਹ ਮਾਸੂਮ ਬੇਘਰੀ ਕਤੂਰੀ ਮਿਲਣ ਪਿੱਛੋਂ ਉਹਦੀ ਸਹਾਇਤਾ ਨਾਲ ਆਪਣਾ ਜੀਵਨ ਪੂਰੀ ਤਰ੍ਹਾਂ ਜੀਵ-ਭਲਾਈ ਦੇ ਲੇਖੇ ਲਾਇਆ ਹੋਇਆ ਸੀ। ਲੱਕੀ ਨੇ ਮਨੁੱਖ ਜਾਤੀ ਦੇ ਭਲੇ ਲਈ ਅਣਗਿਣਤ ਮਨੁੱਖਾਂ ਤੋਂ ਵਧ ਕੇ ਕੰਮ ਕੀਤਾ। ਮਨੁੱਖ-ਭਲਾਈ ਦੇ ਫ਼ੰਡਾਂ ਵਿਚ ਦਾਨ ਦੇਣ ਲਈ ਪ੍ਰੇਰਣ ਦੇ ਉਦੇਸ਼ ਨਾਲ ਉਹ ਕਿਸੇ ਸੰਸਾਰ-ਪ੍ਰਸਿੱਧ ਵਿਅਕਤੀ ਦੀ ਗੋਦੀ ਚੜ੍ਹ ਕੇ ਮੰਚ ਉੱਤੇ ਜਾਂਦੀ ਤਾਂ ਮਾਇਆ ਦੇ ਢੇਰ ਲੱਗ ਜਾਂਦੇ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਅਨੁਸਾਰ, ਜਿਸ ਵਿਚ ਉਹਦਾ ਨਾਂ ‘ਸੰਸਾਰ-ਪ੍ਰਸਿੱਧ ਵਿਅਕਤੀਆਂ ਨਾਲ ਸਭ ਤੋਂ ਵੱਧ ਤਸਵੀਰੇ ਗਏ ਜੀਵ’ ਵਜੋਂ ਦਰਜ ਹੈ। ਅੰਤਿਮ ਸਾਹ ਲੈਣ ਤੱਕ ਉਹ ਬਿਲ ਕਲਿੰਟਨ, ਮਾਰੀਆ ਸ਼ਾਰਾਪੋਵਾ, ਰਿਚਰਡ ਬਰਾਨਸਨ ਤੇ ਬੈਟੀ ਵ੍ਹਾਈਟ ਜਿਹੀਆਂ 363 ਪ੍ਰਮੁੱਖ ਹਸਤੀਆਂ ਦੀ ਗੋਦੀ ਚੜ੍ਹ ਕੇ ਦੇਸ-ਪ੍ਰਦੇਸ ਦੇ ਮੰਚਾਂ ਉੱਤੇ ਦਾਨ ਦੀ ਖ਼ਾਮੋਸ਼ ਅਪੀਲ ਬਣ ਚੁੱਕੀ ਸੀ! ਉਹਦਾ ਅੰਤਿਮ ਰੁਝੇਵਾਂ 6 ਮਈ ਨੂੰ ਮਨਹੱਟਨ ਵਿਖੇ ਅਮੈਰੀਕਨ ਕੈਂਸਰ ਸੁਸਾਇਟੀ ਦੇ ਸਮਾਗਮ ਦੀ ਚੇਅਰਡਾਗ ਬਣਨਾ ਸੀ। ਵੱਡੇ ਮਿਸ਼ਨ ਵਾਲੀ ਇਸ ਛੋਟੀ ਜਿਹੀ ਕੁੱਤੀ ਨੇ 12 ਜੁਲਾਈ ਨੂੰ ਦਿ ਹਿਊਮੇਨ ਸੁਸਾਇਟੀ ਆਫ਼ ਨਿਊਯਾਰਕ ਦੀ ਮਦਦ ਵਾਸਤੇ ਲਾੜੀ ਵਾਂਗ ਸਜ-ਧਜ ਕੇ ਤੇ ਹਾਰ-ਸ਼ਿੰਗਾਰ ਕਰਕੇ ਮੰਚ ਉੱਤੇ ਆਉਣਾ ਸੀ ਪਰ ਹੋਣੀ ਨੂੰ ਇਹ ਮਨਜ਼ੂਰ ਨਹੀਂ ਸੀ। ਵੈਂਡੀ ਡਾਇਮੰਡ ਦਾ ਕਹਿਣਾ ਹੈ ਕਿ ਮੈਂ ਲੱਕੀ ਦੀ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਚੰਗੀ ਇਨਸਾਨ ਬਣਾਇਆ ਅਤੇ ਉਹਦੇ ਮਿਸ਼ਨ ਤੇ ਮਨੋਰਥ ਨੂੰ ਜਾਰੀ ਰੱਖਣ ਵਾਸਤੇ ਮੈਂ ਹੋਰ ਲੱਕੀ ਜ਼ਰੂਰ ਲਿਆਵਾਂਗੀ।
ਇਹ ਤੱਥ ਕੁੱਤੇ ਦੀ ਵਡੱਤਣ ਦਾ ਲਖਾਇਕ ਹੀ ਹੈ ਕਿ ਕਿਸੇ ਇਸ਼ਟ ਨੂੰ ਮੰਨਣ ਵਾਲੇ ਲੋਕ ਆਪਣੀ ਸ਼ਰਧਾ ਆਪਣੇ ਆਪ ਨੂੰ ਉਸਦੇ ਦਰ ਦਾ ਕੂਕਰ ਆਖ ਕੇ ਪ੍ਰਗਟ ਕਰਦੇ ਹਨ। ਮਹਾਂਕਵੀ ਕਬੀਰ ਕਹਿੰਦੇ ਹਨ, ਹਮ ਕੂਕਰ ਤੇਰੇ ਦਰਬਾਰਿ! ਉਹ ਤਾਂ ਇਥੋਂ ਤੱਕ ਫ਼ਰਮਾਉਂਦੇ ਹਨ ਕਿ ਦੀਨਹੀਣ ਬੰਦੇ ਦੀ ਮਾਂ ਨਾਲੋਂ ਤਾਂ ਵਿਸ਼ਵਾਸੀ ਬੰਦੇ ਦੀ ਕੁੱਤੀ ਚੰਗੀ; ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ!  ਬਾਬੇ ਬੁੱਲ੍ਹੇ ਨੇ ਦੋ-ਟੁੱਕ ਸ਼ਬਦਾਂ ਵਿਚ ਗੱਲ ਮੁੱਕਦੀ ਹੀ ਕਰ ਦਿੱਤੀ ਹੈ: ਰਾਤੀਂ ਜਾਗੇਂ ਕਰੇਂ ਇਬਾਦਤ, ਰਾਤੀਂ ਜਾਗਣ ਕੁੱਤੇ, ਤੈਥੋਂ ਉੱਤੇ/ …ਖ਼ਸਮ ਆਪਣੇ ਦਾ ਦਰ ਨਾ ਛੱਡਦੇ, ਭਾਵੇਂ ਵੱਜਣ ਜੁੱਤੇ, ਤੈਥੋਂ ਉੱਤੇ!
ਸੱਜਰੀ ਖੋਜ ਅਨੁਸਾਰ ਕੁਛ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੰਨ-ਸੁਵੰਨੇ ਸਭ ਜੀਵ-ਜੰਤੂ ਇਕੋ ਮਹਾਂ-ਪਿਉ ਸੈੱਲ ਤੋਂ ਵਿਕਸਿਤ ਹੋਏ ਹਨ। ਇਸੇ ਕਾਰਨ ਹੀ ਬਹੁਤੇ ਜੀਵਾਂ ਦੇ ਅਨੇਕ ਮੂਲ ਲੱਛਣ ਸਾਂਝੇ ਹਨ, ਚਾਰ ਹੱਥ-ਪੈਰ, ਅੰਦਰਲਾ ਸਰੀਰਕ ਢਾਂਚਾ, ਦੋ ਦੋ ਅੱਖਾਂ, ਕੰਨ, ਨਾਸਾਂ, ਆਦਿ ਆਦਿ। ਇਸੇ ਕਰਕੇ ਕਈ ਵਾਰ ਭੁਲੇਖਾ ਲੱਗ ਜਾਂਦਾ ਹੈ ਕਿ ਇਹ ਜੀਵ ਕਿਹੜਾ ਹੈ। ਸ਼ਾਇਦ ਤੁਸੀਂ ਉਸ ਆਦਮੀ ਦਾ ਕਿੱਸਾ ਸੁਣਿਆ ਹੋਵੇ ਜੋ ਕੁੱਤੇ ਦੀ ਸੰਗਲੀ ਫੜੀਂ ਜਾਂਦਾ ਸੀ। ਅੱਗੋਂ ਆਉਂਦਾ ਇਕ ਬੰਦਾ ਬੋਲਿਆ, ਭਾਈ ਸਾਹਿਬ, ਇਹ ਗਧੇ ਨੂੰ ਕਿਧਰ ਲਈ ਜਾ ਰਹੇ ਹੋ? ਆਦਮੀ ਹੈਰਾਨ ਹੋ ਕੇ ਬੋਲਿਆ, ਗਧਾ? ਅੱਖਾਂ ਕੰਮ ਨਹੀਂ ਕਰਦੀਆਂ, ਕੁੱਤਾ ਤੁਹਾਨੂੰ ਗਧਾ ਦਿੱਸਦਾ ਹੈ? ਬੰਦੇ ਨੇ ਖਿਝ ਕੇ ਆਖਿਆ, ਚੁੱਪ ਕਰੋ ਜੀ, ਤੁਹਾਡੇ ਨਾਲ ਕੌਣ ਗੱਲ ਕਰ ਰਿਹਾ ਹੈ, ਮੈਂ ਤਾਂ ਕੁੱਤੇ ਨੂੰ ਪੁੱਛਿਆ ਹੈ!
ਅਨੇਕ ਵਾਰ ਮਨ ਦੁਬਿਧਾ ਵਿਚ  ਪੈ ਜਾਂਦਾ ਹੈ ਕਿ ਇਹ ਜੋ ਪ੍ਰਾਣੀ ਆਦਮੀ ਵਰਗਾ ਲਗਦਾ ਹੈ, ਇਹ ਸੱਚਮੁੱਚ ਆਦਮੀ ਹੀ ਹੈ? ਜਾਂ ਆਦਮੀ ਦੇ ਸਰੀਰ ਵਿਚ ਵੜਿਆ ਬੈਠਾ ਕੋਈ ਡੰਗਰ-ਪਸੂ ਹੈ? ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿਚ ਇਕ ਇਲਾਕਾ ਹੈ ਬੀੜ ਜੋ ਭਰੂਣ ਮਾਰ ਮਾਰ ਕੇ 2011 ਦੀ ਜਨਗਿਣਤੀ ਅਨੁਸਾਰ 1,000 ਮੁੰਡਿਆਂ ਦੇ ਮੁਕਾਬਲੇ 801 ਕੁੜੀਆਂ ਕਰਨ ਵਿਚ ਸਫ਼ਲ ਹੋ ਗਿਆ ਹੈ। ਇਸ ਘਾਲਣਾ ਵਿਚ ਉਥੋਂ ਦੇ ਸੈਂਕੜੇ ਇਸਤਰੀ-ਪੁਰਸ਼ ਡਾਕਟਰ ਜੀਅ-ਜਾਨ ਨਾਲ ਦਿਨ-ਰਾਤ ਲੱਗੇ ਹੋਏ ਹਨ। ਪਿਛਲੇ ਦਿਨੀਂ ਚਾਰ ਧੀਆਂ ਦੀ ਮਾਂ, 28 ਸਾਲ ਦੀ ਵਿਜੈਮਾਲਾ ਪਾਟੇਕਰ ਪੰਜਵੀਂ ਕੁੜੀ ਦਾ ਭਰੂਣ ਡੇਗਣ ਵਾਸਤੇ ਇਸ ਕੰਮ ਦੇ ਪੱਖੋਂ ਮਸ਼ਹੂਰ ਡਾਕਟਰਾਂ ਵਿਚੋਂ ਇਕ, ਡਾ. ਸੂਦਾਮ ਮੁੰਡੇ ਦੇ ਕਲੀਨਿਕ ਵਿਚ ਦਾਖ਼ਲ ਹੋ ਗਈ। ਭਾਣਾ ਇਹ ਵਰਤਿਆ ਕਿ ਉਹ ਮੇਜ਼ ਉੱਤੇ ਹੀ ਮਰ ਗਈ। ਪੁਲੀਸ ਨੇ ਮੁੰਡੇ ਅਤੇ ਉਹਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ”ਲਾਇਕ ਲੜਕੀ ਅਭਿਆਨ” ਨਾਂ ਦੀ ਜਥੇਬੰਦੀ ਨਾਲ ਸਬੰਧਿਤ ਸਮਾਜ-ਸੇਵੀ ਵਰਸ਼ਾ ਦੇਸ਼ਪਾਂਡੇ ਦਾ ਕਹਿਣਾ ਹੈ ਕਿ ਧਨ-ਸ਼ਕਤੀ ਅਤੇ ਪ੍ਰਭਾਵ ਕਾਰਨ ਇਨ੍ਹਾਂ ਦੋਵਾਂ ਨੂੰ ਕੁਛ ਨਹੀਂ ਹੋਵੇਗਾ। ਦੋਵੇਂ ਪਹਿਲਾਂ ਵੀ ਇਸੇ ਅਪਰਾਧ ਕਾਰਨ ਫੜੇ ਗਏ ਸਨ ਪਰ ਸਬੂਤਾਂ ਦੇ ਬਾਵਜੂਦ ਸਾਫ਼ ਬਚ ਗਏ ਸਨ।

02 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਆਮਿਰ ਖਾਂ ਦੇ ਪ੍ਰਸਿੱਧ ਲੋਕ-ਹਿਤੈਸ਼ੀ ਟੀਵੀ ਪਰੋਗਰਾਮ ਸਤਯਮੇਵਜਯਤੇ’ ਵਿਚ ਇਕ ਨੌਜਵਾਨ ਅਤੇ ਇਕ ਲੜਕੀ, ਦੋਵਾਂ ਪੱਤਰਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਿਲ ਕੇ ਕਈ ਸਾਲ ਪਹਿਲਾਂ ਖ਼ੁਫ਼ੀਆ ਕੈਮਰੇ ਵਿਚ ਇਕੱਲੇ ਰਾਜਸਥਾਨ ਦੇ 140 ਡਾਕਟਰ ਇਹ ਕਹਿੰਦੇ ਹੋਏ ਕੈਦ ਕਰ ਲਏ ਸਨ, ਪੰਜ ਮਿੰਟ ਲਾਵਾਂਗੇ, ਆਓ ਸਹੀ। ਪਤਾ ਹੈ, ਡਾਕਟਰਾਂ ਦਾ ਕੀ ਬਣਿਆ ਅਤੇ ਪੱਤਰਕਾਰਾਂ ਨੂੰ ਕੀ ਇਨਾਮ ਮਿਲਿਆ? ਸਰਕਾਰ ਵੱਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਉਹਨਾਂ ਡਾਕਟਰਾਂ ਨੇ ਇਹ ਸ਼ੁਭ ਕਾਰਜ ਜਾਰੀ ਰੱਖਿਆ ਹੋਇਆ ਹੈ ਅਤੇ ਆਪਸ ਵਿਚ ਸਲਾਹ ਕਰਕੇ ਦੋਵਾਂ ਪੱਤਰਕਾਰਾਂ ਵਿਰੁੱਧ ਵੱਖ ਵੱਖ ਅਦਾਲਤਾਂ ਵਿਚ ਅਨੇਕ ਮੁਕੱਦਮੇ ਕੀਤੇ ਹੋਏ ਹਨ ਜਿਨ੍ਹਾਂ ਦੀਆਂ ਤਾਰੀਖਾਂ ਭੁਗਤਣ ਲਈ ਉਹ ਬਿਚਾਰੇ ਅੱਜ ਵੀ ਅਨੇਕ ਅਦਾਲਤਾਂ ਦੇ ਗੇੜੇ ਕੱਢ ਰਹੇ ਹਨ।
ਕਿਤੇ ਇਹ ਨਾ ਸਮਝ ਲੈਣਾ ਕਿ ਇਹ ਕਹਾਣੀ ਮਹਾਰਾਸ਼ਟਰ ਅਤੇ ਰਾਜਸਥਾਨ ਦੀ ਹੀ ਹੈ। ਸੱਤ ਉੱਤਰ-ਪੂਰਬੀ ਰਾਜਾਂ ਨੂੰ ਛੱਡ ਕੇ ਇਹ ਵਿਕਾਸ ਦੇ ਨਾਅਰੇ ਵਾਲੇ ਆਪਣੇ ਪੰਜਾਬ ਸਮੇਤ ਸਾਰੇ ਭਾਰਤ ਮਹਾਨ ਦਾ ਸੱਚ ਹੈ। ਅਸਲ ਵਿਚ ਮਾਦਾ ਭਰੂਣ ਹੱਤਿਆ ਦਾ ਮਸਲਾ ਕੇਂਦਰੀ ਜਾਂ ਸੂਬਾਈ ਕਿਸੇ ਸਰਕਾਰ ਲਈ ਕੋਈ ਮਹੱਤਵ ਹੀ ਨਹੀਂ ਰੱਖਦਾ। ਨਵਾਂ ਸ਼ਹਿਰ ਦੇ ਇਕ ਡਿਪਟੀ ਕਮਿਸ਼ਨਰ ਸ੍ਰੀ ਕ੍ਰਿਸ਼ਣ ਕੁਮਾਰ ਨੇ ਰਾਹ-ਦਿਖਾਵਾ ਕੰਮ ਕਰ ਕੇ ਆਪਣੇ ਜ਼ਿਲ੍ਹੇ ਵਿਚ ਕੰਨਿਆ-ਜਨਮ ਦੀ ਦਰ ਵਧਾਉਣ ਸਬੰਧੀ ਸਪੱਸ਼ਟ ਨਤੀਜੇ ਦਿਖਾ ਦਿੱਤੇ ਸਨ। ਚਾਹੀਦਾ ਤਾਂ ਇਹ ਸੀ ਕਿ ਭਾਰਤ ਪੱਧਰ ਉੱਤੇ ਕੋਈ ‘ਮਾਦਾ ਭਰੂਣ ਰੱਖਿਅਕ ਕਮੇਟੀ’ ਬਣਾ ਕੇ ਉਹਨੂੰ ਮੁਖੀ ਥਾਪ ਦਿੱਤਾ ਜਾਂਦਾ। ਘੱਟੋ-ਘੱਟ ਪੰਜਾਬ ਸਰਕਾਰ ਤਾਂ ਅਜਿਹਾ ਕਰ ਹੀ ਸਕਦੀ ਸੀ। ਹੋਰ ਨਹੀਂ ਤਾਂ ਸਭ ਡਿਪਟੀ ਕਮਿਸ਼ਨਰਾਂ ਨੂੰ ਨਵਾਂ ਸ਼ਹਿਰ ਵਾਲੀ ਵਿਧੀ ਅਪਨਾਉਣ ਦਾ ਹੁਕਮ ਦਿੱਤਾ ਜਾ ਸਕਦਾ ਸੀ। ਅਸਲ ਵਿਚ ਕਿਤੇ ਵੀ ਨਵੇਂ ਪੂਰਨੇ ਪਾਉਣ ਵਾਲੇ ਵਿਅਕਤੀ ਲਕੀਰ ਦੇ ਫ਼ਕੀਰ ਦੂਜਿਆਂ ਲਈ ਖ਼ਾਹਮਖ਼ਾਹ ਮਿਸਾਲ ਦੀ ਮੁਸੀਬਤ ਖੜ੍ਹੀ ਕਰਨ ਵਾਲੀਆਂ ਕਾਲੀਆਂ ਭੇਡਾਂ ਸਮਝੇ ਜਾਂਦੇ ਹਨ। ਸ਼ਾਇਦ ਇਹ ਬਹੁਤੀ ‘ਕ੍ਰਿਸ਼ਣ ਕੁਮਾਰ…ਕ੍ਰਿਸ਼ਣ ਕੁਮਾਰ…’ ਹੋ ਜਾਣ ਦਾ ਨਤੀਜਾ ਸੀ ਕਿ ਪਹਿਲਾਂ ਉਹਨੂੰ ਮਹੱਤਵਹੀਣ ਪਦਵੀਆਂ ਉੱਤੇ ਬਦਲਿਆ ਗਿਆ ਅਤੇ ਅੰਤ ਨੂੰ ਉਹ ਦਿੱਲੀ ਪੁੱਜਦਾ ਹੋ ਗਿਆ। ਇਸੇ ਕਰਕੇ ਪੰਜਾਬ ਵਿਚ ‘ਨੰਨ੍ਹੀ ਛਾਂ’ ਦੇ ਢੋਲ-ਢਮੱਕੇ ਦੇ ਬਾਵਜੂਦ ਮਾਦਾ ਭਰੂਣ ਹੱਤਿਆਵਾਂ ਦੀ ਤਿੱਖੀ ਧੁੱਪ ਹੈ! ਇਸ ਤੱਥ ਦੀ ਪੁਸ਼ਟੀ ਲਈ ਪੰਜਾਬ ਦੇ ਕਿਸੇ ਵੀ ਨਗਰ ਵਿਚ ਇਸ ਕੰਮ ਦੇ ਪੱਖੋਂ ਆਮ ਜਾਣੇ ਜਾਂਦੇ ਜਾਂ ਜਾਣੀਆਂ ਜਾਂਦੀਆਂ ਡਾਕਟਰਾਂ ਵਿਚੋਂ ਕਿਸੇ ਕੋਲ ਵੀ ਚਲੇ ਜਾਉ ਅਤੇ ਜੇ ਕੋਈ ਗਰਭਵਤੀ ਸੰਪਰਕ ਵਿਚ ਨਹੀਂ, ਕਿਸੇ ਇਸਤਰੀ ਦੇ ਪੇਟ ਉੱਤੇ ਲੋਗੜ ਬੰਨ੍ਹ ਕੇ ਲੈ ਜਾਉ, ਸੱਚ ਝੱਟ ਤੁਹਾਡੇ ਸਾਹਮਣੇ ਆ ਜਾਵੇਗਾ!
ਤੁਸੀਂ ਕਹੋਗੇ, ਇਸ ਵਿਚ ਹੈਰਾਨੀ ਦੀ ਗੱਲ ਕਿਹੜੀ ਹੈ, ਸਾਰੇ ਦੇਸ ਵਿਚ ਅਲਟਰਾਸਾਊਂਡ ਮਸ਼ੀਨਾਂ ਵਾਲੇ ਬਹੁਗਿਣਤੀ ਡਾਕਟਰ ਮਾਦਾ ਭਰੂਣ ਹੱਤਿਆ ਦੇ ਸਿਰ ਉੱਤੇ ਹੀ ਐਸ਼ਾਂ ਕਰ ਰਹੇ ਹਨ। ਔਰਤਾਂ ਦੀਆਂ ਧੀਆਂ ਔਰਤ ਡਾਕਟਰ ਮਾਦਾ ਭਰੂਣ ਮਾਰਨ ਵਿਚ ਮਰਦ ਡਾਕਟਰਾਂ ਨਾਲੋਂ ਵੀ ਵੱਧ ਬੇਕਿਰਕ ਤੇ ਵਹਿਸ਼ੀ ਸਿੱਧ ਹੁੰਦੀਆਂ ਹਨ। ਔਰਤਾਂ ਦੇ ਪੇਟੋਂ ਜੰਮੇ ਤੇ ਔਰਤਾਂ ਨੂੰ ਵਿਆਹੇ ਮਰਦ ਡਾਕਟਰ ਮਾਦਾ ਭਰੂਣ ਮਾਰਨ ਸਮੇਂ ਕੀੜੀ-ਪਲਪੀਹੀ ਮਾਰਨ ਜਿੰਨੀ ਪੀੜ ਜਾਂ ਬੇਚੈਨੀ ਵੀ ਮਹਿਸੂਸ ਨਹੀਂ ਕਰਦੇ। ਅੰਦਰਲੀ ਮਨੁੱਖਤਾ ਨੂੰ ਮਾਰ ਲੈਣ ਮਗਰੋਂ ਨਰ-ਪਸੂ ਬਣੇ ਇਹਨਾਂ ਮਰਦ ਅਤੇ ਔਰਤ ਡਾਕਟਰਾਂ ਤੋਂ ਕਿਸੇ ਸ਼ਰਮ-ਹਯਾ ਦੀ ਆਸ ਰੱਖਣੀ ਤਾਂ ਵੈਸੇ ਹੀ ਨਿਹਫ਼ਲ ਹੈ। ਮਰਦ ਡਾਕਟਰਾਂ ਦੀਆਂ ਪਤਨੀਆਂ, ਜੋ ਬਹੁਤੀਆਂ ਸੂਰਤਾਂ ਵਿਚ ਆਪ ਡਾਕਟਰ ਹੁੰਦੀਆਂ ਹਨ, ਇਸ ਉਪੱਦਰ ਵਿਚ ਬੜੇ ਉਤਸਾਹ ਨਾਲ ਹੱਥ ਵਟਾਉਂਦੀਆਂ ਹਨ ਤਾਂ ਜੋ ਕਾਰੋਬਾਰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਸਕੇ ਅਤੇ ਅੱਗੋਂ ਉਹਨਾਂ ਦੇ ਬੱਚੇ ਇਸ ਮਾਇਆ ਦੇ ਜ਼ੋਰ ਨਾਲ ਡਾਕਟਰ ਬਣ ਕੇ ਮਾਦਾ ਭਰੂਣ ਮਾਰਨ ਦੀ ਸਮਾਜ-ਸੇਵਾ ਜਾਰੀ ਰੱਖ ਸਕਣ। ਇਹਨਾਂ ਨਾਰੀ-ਭਕਸ਼ਕ ਦੇਵੀਆਂ ਦੇ ਅੱਖਾਂ ਸਾਹਮਣੇ ਉਹ ਸਾੜ੍ਹੀਆਂ-ਸੂਟ ਤੇ ਅਤਰ-ਫੁਲੇਲ ਵੀ ਹੁੰਦੇ ਹਨ ਜੋ ਇਸ ਕਮਾਈ ਨਾਲ ਖਰੀਦਣੇ ਹੁੰਦੇ ਹਨ। ਇਸੇ ਕਰਕੇ ਤਾਂ ਰੂੜੀਆਂ ਉੱਤੇ, ਗੰਦੀਆਂ ਨਾਲੀਆਂ ਵਿਚ, ਝਾੜੀਆਂ ਵਿਚ ਅਕਸਰ ਹੀ ਮਾਦਾ ਭਰੂਣ ਮਿਲਦੇ ਹਨ।

02 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬੱਸ ਮਹਾਰਾਸ਼ਟਰ ਦਾ ਬੀੜ ਇਲਾਕਾ ਇਸ ਪੱਖੋਂ ਹੀ ਨਿਆਰਾ ਅਤੇ ਪ੍ਰਸੰਸਾਜੋਗ ਹੈ! ਉਥੋਂ ਦੇ ਡਾਕਟਰ ਮਾਦਾ ਭਰੂਣਾਂ ਦੀ ਵਾਜਬ ਇੱਜ਼ਤ ਕਰਦੇ ਹਨ ਅਤੇ ਇਉਂ ਥਾਂ ਥਾਂ ਸੁੱਟ ਕੇ ਉਹਨਾਂ ਦੀ ਨਿਰਾਦਰੀ ਨਹੀਂ ਕਰਦੇ। ਉਹਨਾਂ ਨੇ ਵਧੀਆ ਤਰੀਕਾ ਕੱਢਿਆ ਹੋਇਆ ਹੈ। ਉਹ ਕੁੱਤਿਆਂ ਦੀ ਆਪਣੇ ਮਾਲਕ ਉੱਤੇ ਭਰੋਸਾ ਕਰਨ ਵਾਲੀ ਮਾਸੂਮੀਅਤ ਦਾ ਅਤੇ ਥਾਲੀ ਵਿਚ ਮਾਲਕ ਦੀ ਪਾਈ ਹਰ ਚੀਜ਼ ਨੂੰ ਖਾ ਜਾਣ ਦੀ ਉਹਨਾਂ ਦੀ ਸੁਭਾਵਿਕਤਾ ਦਾ ਫ਼ਾਇਦਾ ਉਠਾਉਂਦੇ ਹਨ। ਕੁੱਤੇ ਬਿਚਾਰੇ ਤਾਂ ਸੋਚ ਵੀ ਨਹੀਂ ਸਕਦੇ ਕਿ ਮਨੁੱਖੀ ਜਾਮੇ ਵਾਲੇ ਡਾਕਟਰ ਜਾਨਵਰਾਂ ਤੋਂ ਵੀ ਨਿੱਘਰ ਕੇ ਉਹਨਾਂ ਨੂੰ ਪਤਾ ਨਹੀਂ ਕੀ ਕੀ ਖੁਆਈ ਜਾਂਦੇ ਹਨ! ਮੁੱਕਦੀ ਗੱਲ ਇਹ ਕਿ ਕੁੜੀਮਾਰ ਡਾਕਟਰ ਇਹ ਮਾਦਾ ਭਰੂਣ ਮਾਸ-ਮਾਸ ਵਿਚਕਾਰ ਕੋਈ ਫ਼ਰਕ ਕਰਨ ਅਤੇ ਸਮਝਣ ਤੋਂ ਅਸਮਰੱਥ ਆਪਣੇ ਪਾਲਤੂ ਕੁੱਤਿਆਂ ਨੂੰ ਪਾ ਦਿੰਦੇ ਹਨ। ਇਕ ਤਾਂ ਭਰੂਣਾਂ ਨੂੰ ਸਮੇਟਣ ਦੀ, ਸੁੱਟਣ ਲਈ ਥਾਂ ਲੱਭਣ ਦੀ ਤੇ ਸਬੂਤ ਖ਼ਤਮ ਕਰਨ ਦੀ ਸਮੱਸਿਆ ਨਹੀਂ ਰਹਿੰਦੀ। ਦੂਜੇ, ਕੁੱਤਿਆਂ ਲਈ ਮਹਿੰਗਾ ਮਾਸ ਨਹੀਂ ਖਰੀਦਣਾ ਪੈਂਦਾ। ਵਰਸ਼ਾ ਦੇਸ਼ਪਾਂਡੇ ਦਾ ਕਹਿਣਾ ਹੈ ਕਿ ਉਹਦੀ ਜਥੇਬੰਦੀ ਨੇ 2010 ਵਿਚ ਇਸੇ ਡਾ. ਮੁੰਡੇ ਦਾ ਸਟਿੰਗ ਉਪਰੇਸ਼ਨ ਕੀਤਾ ਸੀ; ਉਹਨੇ ਲੁਕਵੇਂ ਕੈਮਰੇ ਸਾਹਮਣੇ ਮਾਦਾ-ਭਰੂਣ ਡੇਗਣ ਦੀਆਂ ਅਤੇ ਉਹਨਾਂ ਨੂੰ ਆਪਣੇ ਪੰਜ ਕੁੱਤਿਆਂ ਨੂੰ ਖੁਆ ਦੇਣ ਦੀਆਂ ਗੱਲਾਂ ਬਿਲਕੁਲ ਨਿਰਭੈ ਹੋ ਕੇ ਕੀਤੀਆਂ ਸਨ। ਇਕ ਬੰਦੇ ਨੇ ਤਾਂ ਉਹਨੂੰ ਮਾਦਾ ਭਰੂਣ ਕੁੱਤਿਆਂ ਅੱਗੇ ਸੁੱਟਦਿਆਂ ਵੀ ਦੇਖਿਆ ਹੋਇਆ ਸੀ। ਬੀੜ ਵਿਚ ਇਹ ਗੱਲਾਂ ਹਰ ਕੋਈ ਜਾਣਦਾ ਹੈ। ਪਰ ਪੁਲਿਸ ਡਾਕਟਰ ਮੁੰਡੇ ਦੇ ਦਬਦਬੇ ਕਾਰਨ ਕੁਛ ਨਹੀਂ ਕਰਦੀ। ਫੜਿਆ, ਛੱਡਿਆ ਅਤੇ ਉਹਨੇ ਆਪਣਾ ਧੰਦਾ ਪਹਿਲਾਂ ਵਾਂਗ ਫੇਰ ਚਾਲੂ ਕਰ ਲਿਆ। ਉਸ ਇਕੱਲੇ ਦੇ ਪਾਲੇ ਹੋਏ ਪੰਜ ਕੁੱਤੇ ਉਹਦੇ ਵਧਦੇ-ਫੁਲਦੇ ਕਾਰੋਬਾਰ ਦੀ ਨਿਸ਼ਾਨੀ ਹੀ ਤਾਂ ਹਨ!
ਵਰਸ਼ਾ ਦੇਸ਼ਪਾਂਡੇ ਦਾ ਕਹਿਣਾ ਹੈ, ”ਅਸੀਂ ਨਹੀਂ ਚਾਹੁੰਦੇ ਕਿ ਮੁਕੱਦਮਾ ਬੀੜ ਜਾਂ ਮਰਾਠਵਾੜਾ ਵਿਚ ਚੱਲੇ। ਮੁਕੱਦਮਾ ਕਿਤੇ ਬਾਹਰ ਚੱਲਣਾ ਚਾਹੀਦਾ ਹੈ ਕਿਉਂਕਿ ਇਥੇ ਉਹਨਾਂ ਦਾ ਏਡਾ ਪ੍ਰਭਾਵ ਹੈ ਕਿ ਨਿਆਂ ਹੋ ਹੀ ਨਹੀਂ ਸਕਦਾ!” ਉਹਨਾਂ ਸਬੰਧੀ ਨਿਆਂ ਹੋਵੇ ਵੀ ਕਿਵੇਂ ਜਿਨ੍ਹਾਂ ਦਾ ਨਾਂ ਸੁਣ ਕੇ ਕਾਲੀਆਂ ਵਰਦੀਆਂ ਦੀਆਂ ਹੇੜ੍ਹਾਂ ਵਿਚਕਾਰ ਧੌਣਾਂ ਅਕੜਾ ਕੇ ਚੱਲਣ ਵਾਲੇ ਮੰਤਰੀ ਲੇਲ਼ੇ ਬਣ ਜਾਂਦੇ ਹੋਣ! ਮਹਾਰਾਸ਼ਟਰ ਦੇ ਸਿਹਤ ਮੰਤਰੀ, ਸੁਰੇਸ਼ ਸ਼ੈਟੀ ਨੇ ਇਹ ਤਾਂ ਮੰਨਿਆ ਕਿ ਮੈਂ ਵੀ ਬੀੜ ਵਿਚ ਮਾਦਾ ਭਰੂਣ ਕੁੱਤਿਆਂ ਨੂੰ ਖੁਆਏ ਜਾਣ ਬਾਰੇ ਸੁਣਿਆ ਹੈ, ਪਰ ਨਾਲ ਹੀ ਘੁੰਡੀ ਪਾਈ ਕਿ ਸਬੂਤ ਕਿਥੇ ਹੈ? ਉਹ ਠੀਕ ਹੀ ਕਹਿੰਦਾ ਹੈ; ਸਬੂਤ ਤਾਂ ਕੁੱਤਿਆਂ ਦੇ ਰੱਖੇ ਹੋਏ ਕੁੱਤੇ ਖਾ ਗਏ! ਉਸ ਬਿਚਾਰੇ ਤੋਂ ਤਾਂ ਆਪਣੀ ਬੇਵਸੀ ਵੀ ਦੱਸੀ ਗਈ। ਕਹਿੰਦਾ, ”ਸਾਡੀ ਜਿਹੜੀ ਸਿਵਲ ਸਰਜਨ ਡਾਕਟਰ ਮੁੰਡੇ ਦੇ ਹਸਪਤਾਲ ਦੀ ਪੜਤਾਲ ਕਰਨ ਗਈ, ਉਹਨੂੰ ਕੁਛ ਗੁੰਡਿਆਂ ਨੇ ਇਕ ਕਮਰੇ ਵਿਚ ਤਾਲਾ ਮਾਰ ਦਿੱਤਾ।” ਆਮ ਲੋਕਾਂ ਸਾਹਮਣੇ ਨਵਾਬ ਬਣ ਕੇ ਫਿਰਨ ਵਾਲੇ ਸਿਹਤ ਮੰਤਰੀ ਨੇ ਹੱਥ ਮਲੇ, ”ਦੇਖੋ ਜੀ, ਉਹਨਾਂ ਨੇ ਉਸ ਬਿਚਾਰੀ ਨੂੰ ਗਾਲ਼ਾਂ ਵੀ ਦਿੱਤੀਆਂ ਤੇ ਅਖ਼ੀਰ ਕਿਹਾ, ਚੱਲ ਭੱਜ ਇਥੋਂ! ਸਾਲ ਤੋਂ ਵੱਧ ਸਮਾਂ ਹੋ ਗਿਆ, ਜਦੋਂ ਇਹ ਸਿਵਲ ਸਰਜਨ ਕਿਸੇ ਅਜਿਹੇ ਡਾਕਟਰ ਵਿਰੁੱਧ ਕਾਰਵਾਈ ਕਰਨ ਲਗਦੀ ਹੈ, ਉਹਨੂੰ ਧਮਕੀਆਂ ਮਿਲਣ ਲਗਦੀਆਂ ਹਨ।” ਉਹਨੇ ਬਿਚਾਰਾ ਬਣਦਿਆਂ ਆਖਿਆ, ”ਅਸੀਂ ਗ੍ਰਹਿ ਵਿਭਾਗ ਤੋਂ ਆਪਣੇ ਅਮਲੇ ਲਈ ਸੁਰੱਖਿਆ ਮੰਗੀ ਹੈ।… ਕਿਉਂਕਿ ਸਥਾਨਕ ਪੁਲਿਸ ਬਹੁਤ ਦਬਾਅ ਹੇਠ ਲਗਦੀ ਹੈ, ਮੈਂ ਮੁੰਡੇ ਵਾਲੇ ਇਸ ਨਵੇਂ ਮਾਮਲੇ ਦੀ ਪੜਤਾਲ ਕਰਨ ਲਈ ਕਰਾਈਮ ਬਰਾਂਚ ਨੂੰ ਆਖਣ ਦਾ ਫ਼ੈਸਲਾ ਕੀਤਾ ਹੈ।”
ਹੁਣ ਤੁਸੀਂ ਦੋ ਇਨਾਮੀ ਸਵਾਲ ਹੱਲ ਕਰੋ। ਪਹਿਲਾ, ਡਾਕਟਰ ਮੁੰਡੇ ਬਹੁਤਾ ਸ਼ਕਤੀਸ਼ਾਲੀ ਹੈ ਕਿ ਸਿਹਤ ਮੰਤਰੀ? ਦੂਜਾ, ਅਜਿਹੇ ਡਾਕਟਰ ਵੱਧ ਦੁਰਕਾਰਨਜੋਗ ਹਨ ਕਿ ਕੁੱਤੇ ਆਖ ਕੇ ਦੁਰਕਾਰੇ ਜਾਂਦੇ ਕੁੱਤੇ? ਵਰਸ਼ਾ ਦੇਸ਼ਪਾਂਡੇ ਨੂੰ ਤਾਂ ਰਹਿਣ ਹੀ ਦੇਈਏ। ਇਹੋ ਜਿਹੀਆਂ ਬਿਚਾਰੀਆਂ ਨੂੰ ਪੁੱਛਦਾ ਹੀ ਕੌਣ ਹੈ ਤੇ ਉਸ ਬਿਚਾਰੀ ਦੀ ਹੈਸੀਅਤ ਹੀ ਕੀ ਹੈ! ਵਾਰਿਸ ਸ਼ਾਹ ਆਪਣੇ ਸਮੇਂ ਵਿਚ ਕਾਜ਼ੀ ਨੂੰ, ਜੋ ਮਜ਼ਹਬੀ ਮਾਮਲਿਆਂ ਵਿਚ ਬਾਦਸ਼ਾਹ ਤੋਂ ਵੀ ਉੱਤੋਂ ਦੀ ਹੋ ਜਾਂਦਾ ਸੀ, ਖਰੀਆਂ ਖਰੀਆਂ ਸੁਣਾਉਂਦਾ ਹੈ: ਪਵੇ ਹੱਤਿਆ ਕੌਮ ਉਹ ਨਸ਼ਟ ਹੋਵੇ, ਚਾੜ੍ਹੇ ਤੋੜ ਨਾ ਉਸ ਖ਼ੁਦਾ ਕਾਜ਼ੀ/ ਜਿਨ੍ਹਾਂ ਬੇਟੀਆਂ ਮਾਰੀਆਂ, ਰੋਜ਼ ਕਿਆਮਤ, ਸਿਰ ਤਿਨ੍ਹਾਂ ਦੇ ਵੱਡੇ ਗੁਨਾਹ ਕਾਜ਼ੀ! ਪਰ ਅਸਲ ਸੁਆਦ ਤਦ ਆਉਂਦਾ ਜੇ ਅੱਜ ਆਪਣਾ ਬਾਬਾ ਬੁੱਲ੍ਹਾ ਹੁੰਦਾ! ਉਹ ਅਜਿਹੇ ਡਾਕਟਰਾਂ ਨੂੰ ਤਾਂ ਕੀ, ਰੱਬ ਨੂੰ ਤੇ ਹਾਕਮਾਂ ਨੂੰ ਵੀ ਜ਼ਰੂਰ ਨਿਰਭੈ ਹੋ ਕੇ ਲਲਕਾਰਦਾ: ਦਰਦਮੰਦਾਂ ਦੇ ਹਉਕੇ-ਹਾਵੇ, ਚੜ੍ਹ ਗਏ ਅੰਬਰ ਉੱਤੇ, ਰੱਬ ਜੀ ਫੇਰ ਵੀ ਸੁੱਤੇ/ ਚੋਰ ਤੇ ਪਹਿਰੂ ਭਾਈ ਮਸੇਰੇ, ਹਾਕਮ ਗੂੜ੍ਹੇ ਸੁੱਤੇ, ਭ੍ਰਿਸ਼ਟਾਚਾਰ-ਵਿਗੁੱਤੇ/ ਮਾਸੂਮਾਂ ’ਤੇ ਕਹਿਰ ਕਮਾਵੇਂ, ਮਾਰੇਂ ਜੰਮਣ ਰੁੱਤੇ, ਸਿਰ ਤੇਰੇ ਸੌ ਜੁੱਤੇ/ ਜਾਹ ਡਾਕਟਰ ਤੇਰਾ ਮੁਰਦਾ ਮੁਸਕੇ, ਮਰ ਜਾਏਂ ਐਨ ਕਰੁੱਤੇ, ਮਾਸ ਨਾ ਖਾਵਣ ਕੁੱਤੇ!

 

ਗੁਰਬਚਨ ਸਿੰਘ ਭੁੱਲਰ

02 Jul 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

eh waddmulli jankari den layi bahut bahut shukariya veer ji...!!!

02 Jul 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵੱਧੀਆ ਜਾਣਕਾਰੀ ਲਈ ਧੰਨਵਾਦ......ਬਿੱਟੂ ਜੀ........

30 Oct 2012

Reply