Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੰਗੀਤ ਅਤੇ ਸਾਦਗੀ ਦਾ ਸੁਮੇਲ ਸੀ ਮੰਨਾ ਡੇ

ਮੰਨਾ ਡੇ ਦੇ ਇਸ ਸੰਸਾਰ ਤੋਂ ਰੁਖ਼ਸਤ ਹੋ ਜਾਣ ਨਾਲ ਭਾਰਤੀ ਸੰਗੀਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਕਲਾਸੀਕਲ ਅਤੇ ਭਾਰਤੀ ਸੰਗੀਤ ਦਾ ਜਿਸ ਤਰ੍ਹਾਂ ਦਾ ਸੁਮੇਲ ਮੰਨਾ ਡੇ ਦੀ ਗਾਇਕੀ ਵਿੱਚ ਵੇਖਣ ਨੂੰ ਮਿਲਦਾ ਸੀ, ਉਸ ਦੀ ਹੋਰ ਉਦਾਹਰਨ ਕਿਧਰੇ ਨਹੀਂ ਮਿਲਦੀ। ਜ਼ਿੰਦਗੀ ਦੀਆਂ ਆਸਾਂ ਭਰੀਆਂ ਲਹਿਰਾਂ ਨੂੰ ਆਪਣੇ ਅੰਦਾਜ਼ ’ਚ ਬਿਆਨ ਕਰਨ ਵਾਲਾ ਇਹ ਮਹਾਨ ਗਾਇਕ ਹੁਣ ਸਾਡੇ ਵਿਚਕਾਰ ਨਹੀਂ ਹੈ। ਮੰਨਾ ਡੇ ਭਾਵੇਂ ਚਲੇ ਗਏ ਹਨ ਪਰ ਇਹ ਉਹ ਘਾਟਾ ਹੈ, ਜੋ ਕਦੇ ਪੂਰਾ ਨਹੀਂ ਹੋ ਸਕਦਾ। ਮੰਨਾ ਡੇ ਦਾ ਕਹਿਣਾ ਸੀ ਕਿ ਸੰਗੀਤ ਆਦਮੀ ਨੂੰ ਜ਼ਿੰਦਾ ਰੱਖ ਸਕਦਾ, ਬਸ਼ਰਤੇ ਉਹ ਸੁਰ ਦੀ ਸਮਝ ਨਾਲ ਰੂਹ ਦੀ ਗਹਿਰਾਈ ਤੀਕ ਉਤਰਣ ਦੀ ਮੁਹਾਰਤ ਨਾਲ ਗਾਇਆ ਗਿਆ ਹੋਵੇ।
ਮੰਨਾ ਡੇ ਭਾਰਤੀ ਫ਼ਿਲਮੀ ਗਾਇਕੀ ਦਾ ਇੱਕ ਇਤਿਹਾਸ ਸਨ। ਉਹ ਹਰ ਗੀਤ ਕਿਸੇ ਵੀ ਭਾਸ਼ਾ ਵਿੱਚ ਗਾ ਸਕਦੇ ਸਨ, ਬਸ਼ਰਤੇ ਕਿ ਉਹ ਉਨ੍ਹਾਂ ਨੂੰ ਖ਼ੁਦ ਚੰਗਾ ਲੱਗ ਜਾਵੇ। ਉਨ੍ਹਾਂ ਦੇ ‘ਓ ਮੇਰੀ ਜ਼ੋਹਰਜਬੀ, ਲਾਗਾ ਚੁਨਰੀ ਮੇ ਦਾਗ਼ ਅਤੇ ਹਜ਼ਾਰਾਂ ਹੀ ਹੋਰ ਗੀਤ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ। ‘ਐ ਮੇਰੇ ਪਿਆਰ ਵਤਨ’ ਦੀ ਗਾਇਕੀ ਦਾ ਸਿਖ਼ਰ ਉਸ ਦੀ ਤਾਨ ਅਤੇ ਸੰਜੀਦਗੀ ਹੈ ਜੋ ਸੁਣਨ ਵਾਲੇ ਦੇ ਧੁਰ ਅੰਦਰ ਤਕ ਪਹੁੰਚਦੀ ਹੈ। ਮੰਨਾ ਡੇ 4-5 ਦਿਨਾਂ ਲਈ ਜੈਪੁਰ ਸੁਰ ਸੰਗੀਤ ਮੇਲੇ ਲਈ ਆਏ ਸਨ। ਉਨ੍ਹਾਂ ਉਪਰ ਇੱਕ ਫ਼ਿਲਮ ਬਣਾਈ ਜਾਣੀ ਸੀ। ਲੰਮੀ ਗੱਲਬਾਤ ਤੋਂ ਬਾਅਦ ਤੈਅ ਹੋਇਆ ਕਿ ਉਹ ਉਸ ਵਿੱਚ ਸਿਰਫ਼ ਆਪਣੀਆਂ ਯਾਦਾਂ ਤਾਜ਼ਾ ਕਰਨਗੇ ਪਰ ਮੰਨਾ ਡੇ ਨੇ ਕਿਹਾ ਕਿ ਜੇ ਮੈਂ ਉਸ ਵਿੱਚ ਗਾਵਾਂਗਾ ਨਹੀਂ ਤਾਂ ਮੇਰੇ ’ਤੇ ਫ਼ਿਲਮ ਕਿਹੋ ਜਿਹੀ ਹੋਵੇਗੀ! ਸ਼ੂਟਿੰਗ ਰਾਤ ਬਾਰ੍ਹਾਂ ਵਜੇ ਤੋਂ ਚੱਲਦੀ ਰਹੀ ਤੇ ਮੰਨਾ ਡੇ ਗੁਣਗਾਉਂਦੇ ਰਹੇ ਅਤੇ ਆਪਣੀਆਂ ਯਾਦਾਂ ਨਾਲ ਸਾਰਿਆਂ ਨੂੰ ਸਰਸ਼ਾਰ ਕਰਦੇ ਰਹੇ।
ਉਹ ਹਰਮੋਨੀਅਮ ਲੈ ਕੇ ਬਿਰਲਾ ਆਡੀਟੋਰੀਅਮ ਵਿੱਚ ਖੜ੍ਹੇ ਹੀ ਸਨ ਕਿ ਲੋਕਾਂ ਦੀਆਂ ਤਾੜੀਆਂ ਬੰਦ ਨਹੀਂ ਸਨ ਹੋ ਰਹੀਆਂ। ਮੰਨਾ ਡੇ ਨੇ ਉੱਥੋਂ ਹੀ ਹਰਮੋਨੀਅਮ ਦੇ ਸੁਰਾਂ ’ਤੇ ਹੱਥ ਰੱਖਿਆ ਅਤੇ ਗਾਉਣਾ ਸ਼ੁਰੂ ਕਰ ਦਿੱਤਾ। ਲੋਕ ਬੈਠ ਗਏ ਪਰ ਉਹ ਸਾਢੇ ਤਿੰਨ ਘੰਟੇ ਲਗਾਤਾਰ ਗਾਉਂਦੇ ਰਹੇ। ਨੱਬੇ ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੀ ਆਵਾਜ਼ ਵਿੱਚ ਬੇਮਿਸਾਲ ਕਸ਼ਿਸ਼ ਸੀ। ਇਹ ਇੱਕ ਅਜਿਹੀ ਕਸ਼ਿਸ਼ ਸੀ ਜੋ ਖੁਦਾ ਕਿਸੇ-ਕਿਸੇ ਨੂੰ ਦਿੰਦਾ ਹੈ। ਉਹ ਭਾਰਤੀ ਫ਼ਿਲਮਾਂ ਦੇ ਸ਼ੋਰ-ਸ਼ਰਾਬੇ ਵਾਲੇ ਸੰਗੀਤ ਤੋਂ ਹਮੇਸ਼ਾਂ ਪ੍ਰੇਸ਼ਾਨ ਤੇ ਹੈਰਾਨ ਹੁੰਦੇ ਸਨ। ਜ਼ਿੰਦਗੀ ਦੇ ਅਨੇਕਾਂ ਉਤਰਾਅ-ਚੜਾਅ ਮੰਨਾ ਡੇ ਜੀ ਨੇ ਵੇਖੇ। ਸਮੁੰਦਰ ਦੀ ਗਹਿਰਾਈ ਅਤੇ ਉਤਰਾਅ-ਚੜ੍ਹਾਅ ਤੇ ਲਹਿਰਾਂ ਦੀ ਖਲਬਲੀ ਵਾਲਾ ਉਨ੍ਹਾਂ ਦਾ ਸੰਗੀਤ ਆਪਣੀ ਮਿਸਾਲ ਰਿਹਾ ਹੈ ਤੇ ਭਾਰਤੀ ਸੰਗੀਤ ਦੀ ਵਿਰਾਸਤ ਦੇ ਖ਼ਜ਼ਾਨੇ ਵਾਂਗ ਜ਼ਿੰਦਾ ਰਹੇਗਾ।
ਰੋਮਾਨੀ ਆਵਾਜ਼ ਦੀ ਕਸ਼ਿਸ਼ ਨਾਲ ਰੋਸ਼ਨ ਗੀਤਾਂ ਦੇ ਗਾਇਕ ਮੰਨਾ ਡੇ ਦੀ ਆਵਾਜ਼ ’ਚ ਉਹ ਖਣਕ ਸੀ ਕਿ ਉਸ ਦੇ ਕਰਾਰੇਪਣ ਦੀ ਕੋਈ ਨਕਲ ਵੀ ਨਹੀਂ ਸੀ ਕਰ ਸਕਿਆ। ਉਨ੍ਹਾਂ ਦਾ ‘ਨਦੀਆ ਬਹੇ-ਬਹੇ ਰੇ ਧਾਰਾ’ ਵਰਗਾ ਗੀਤ ਕਦੋਂ ਦਿਲ ਦੀ ਗਹਿਰਾਈ ’ਚ ਛਾ ਜਾਂਦਾ ਹੈ, ਤੁਹਾਨੂੰ ਪਤਾ ਹੀ ਨਹੀਂ ਚੱਲਦਾ। ਇੱਕ ਹੋਰ ਗੀਤ- ‘ਜ਼ਿੰਦਗੀ ਕੈਸੀ ਹੈ ਪਹੇਲੀ ਹਾਏ, ਕਭੀ ਯੇ ਰੁਲਾਏ, ਕਭੀ ਯੇ ਹੰਸਾਏ’ ਵਰਗੀਆਂ ਪੰਕਤੀਆਂ ਨੂੰ ਜਦੋਂ ਮੰਨਾ ਡੇ ਦਾ ਸੁਰ ਮਿਲਿਆ ਤਾਂ ਸ਼ਬਦ ਅਮਰ ਹੋ ਗਏ। ਸੰਨ 1943 ਵਿੱਚ ‘ਰਾਮਰਾਜ’ ਫ਼ਿਲਮ ਨਾਲ ਸ਼ੁਰੂ ਹੋਇਆ ਇਹ ਸਫ਼ਰ 94 ਵਰ੍ਹਿਆਂ ਦੀ ਉਮਰ ਤਕ ਚੱਲਦਾ ਰਿਹਾ। ਇਸ ਵਿੱਚ ਇੱਕ ਸਮੂਹ ਗਾਨ ਵਿੱਚ ਮੰਨਾ ਡੇ ਦੀ ਆਵਾਜ਼ ਸਭ ਤੋਂ ਬੁਲੰਦ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਹਾਤਮਾ ਗਾਂਧੀ ਨੇ ਜਿਸ ਇੱਕ ਫ਼ਿਲਮ ਨੂੰ ਵੇਖਿਆ, ਉਹ ਇਹੀ ‘ਰਾਮਰਾਜ’ ਫ਼ਿਲਮ ਸੀ। ਫ਼ਿਲਮ ‘ਤਮੰਨਾ’ ਦੇ ਗੀਤਾਂ ਨਾਲ ਮੰਨਾ ਡੇ ਦੀ ਸ਼ੁਰੂਆਤ ਹੋਈ, ‘ਜਾਗੋ, ਆਈ ਊਸ਼ਾ…ਪੰਛੀ ਬੋਲੇ, ਜਾਗੋ’ ਨਾਲ ਫ਼ਿਲਮ ਸਨਅਤ ਵਿੱਚ ਆਪਣਾ ਬੋਲ ਉਦੈ ਕਰਨ ਵਾਲੇ ਮੰਨਾ ਡੇ ਨੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਜ਼ਿੰਦਗੀ ਦੀਆਂ ਯਾਦਾਂ ਨੂੰ ਬਿਆਨ ਕਰਦਿਆਂ ਉਹ ਕਹਿੰਦੇ ਸਨ ਕਿ ਜ਼ਿੰਦਗੀ ’ਚ ਉਨ੍ਹਾਂ ਨੇ ਸੰਗੀਤ ਨਾਲ ਹੀ ਤਾਂ ਦੋਸਤੀ ਨਿਭਾਈ ਹੈ, ਸ਼ਾਦੀ ਵੀ ਸੰਗੀਤ ਨਾਲ ਕੀਤੀ ਹੈ। ਇਹ ਉਦੋਂ ਦੀ ਗੱਲ ਹੈ ਜਦੋਂ ਸੰਨ 1953 ਵਿੱਚ ਉਨ੍ਹਾਂ ਨੇ ਕੇਰਲਾ ਦੀ ਕਲਾਸੀਕਲ ਗਾਉਣ ਵਾਲੀ ਸੁਲੋਚਨਾ ਕੁਮਾਰਨ ਨਾਲ ਵਿਆਹ ਕਰ ਲਿਆ ਸੀ। ਸੰਗੀਤ ਦੀ ਪਹਿਲੀ ਸਿੱਖਿਆ ਆਪਣੇ ਚਾਚਾ ਤੋਂ ਹਾਸਲ ਕਰਨ ਵਾਲੇ ਮੰਨਾ ਡੇ ਨੇ ਚਾਰ ਹਜ਼ਾਰ ਤੋਂ ਜ਼ਿਆਦਾ ਗੀਤ ਗਾਏ ਸਨ। ਸੰਨ 1971 ਵਿੱਚ ‘ਪਦਮਸ਼੍ਰੀ’, ਸਾਲ 2005 ਵਿੱਚ ‘ਪਦਮ ਵਿਭੂਸ਼ਣ’ ਅਤੇ 2007 ਵਿੱਚ ‘ਫ਼ਾਲਕੇ ਐਵਾਰਡ’ ਨਾਲ ਇਹ ਸਫ਼ਰ ਹੋਰ ਵੀ ਬੁਲੰਦੀਆਂ ’ਤੇ ਪਹੁੰਚ ਗਿਆ। ਉਨ੍ਹਾਂ ਨੂੰ ਸਾਲ 2004 ਵਿੱਚ ਰਵਿੰਦਰ ਭਾਰਤੀ ਯੂਨੀਵਰਸਿਟੀ ਨੇ ਡੀ.ਲਿੱਟ ਦੀ ਆਨਰੇਰੀ ਡਿਗਰੀ ਵੀ ਦਿੱਤੀ ਸੀ।
ਮੰਨਾ ਡੇ ਨੇ ਆਪਣੀਆਂ ਯਾਦਾਂ ਵਿੱਚ ਵਾਰ-ਵਾਰ ਰੱਬ ਦਾ ਸ਼ੁਕਰੀਆ ਅਦਾ ਕੀਤਾ ਹੈ ਅਤੇ ਨਿਮਰਤਾ ਨਾਲ ਉਸ ਵੱਲੋਂ ਦਿੱਤੀਆਂ ਦਾਤਾਂ ’ਤੇ ਸ਼ੁਕਰਾਨਾ ਅਦਾ ਕੀਤਾ ਹੈ। ਇਸੇ ਲਈ ਹੀ ਮੁਹੰਮਦ ਰਫ਼ੀ ਵਰਗੇ ਗਾਇਕ ਵੀ ਕਹਿੰਦੇ ਸਨ, ਤੁਸੀਂ ਮੈਨੂੰ ਸੁਣਦੇ ਹੋ ਮੈਂ ਖ਼ੁਦ ਮੰਨਾ ਡੇ ਨੂੰ ਸੁਣਦਾ ਹਾਂ। ਇੱਕ ਮਈ 1919 ਨੂੰ ਕੋਲਕਾਤਾ ਵਿੱਚ ਜੰਮੇ ਮੰਨਾ ਡੇ ਦੇ ਸੰਗੀਤ ਦੀ ਇਹ ਯਾਤਰਾ ਭਾਵੇਂ ਰੁਕ ਗਈ ਹੈ ਪਰ ਜਦੋਂ ਵੀ ਭਾਰਤੀ ਸੰਗੀਤ ਦੀਆਂ ਖ਼ੂਬੀਆਂ ’ਚ ਰਚਿਆ-ਵਸਿਆ ਸੰਗੀਤ ਯਾਦ ਆਵੇਗਾ ਤਾਂ ਮੰਨਾ ਡੇ ਯਾਦ ਆਉਣਗੇ।
ਮੰਨਾ ਡੇ ਦਾ ਗਾਇਆ ਗੀਤ ‘ਆਂਧੀ ਕਭੀ, ਤੂਫ਼ਾਨ ਕਭੀ, ਕਭੀ ਮੰਝਧਾਰ, ਜੀਤ ਹੈ ਉਸੀ ਕੀ, ਜਿਸ ਨੇ ਮਾਨੀ ਨਹੀਂ ਹੈ ਹਾਰ’ ਵਰਗੀ ਗਾਇਕੀ ਨੂੰ ਸੁਰ-ਸੁਦੀਵੀ ਬਣਾਉਣ ਵਾਲਾ ਇਹ ਗੀਤ-ਸੰਗੀਤ ਦਾ ਬਾਦਸ਼ਾਹ ਭਾਵੇਂ ਜਿਸਮਾਨੀ ਤੌਰ ’ਤੇ ਸਾਡੇ ਤੋਂ ਵਿਛੜ ਗਿਆ ਹੈ ਪਰ ਉਨ੍ਹਾਂ ਦੀ ਗਾਇਕੀ ਸਾਡੀ ਵਿਰਾਸਤ ਵਿੱਚ ਸ਼ਾਮਲ ਹੋ ਗਈ ਹੈ। ਮੰਨਾ ਡੇ ਵਰਗੇ ਗਾਇਕ ਨੂੰ ਭਾਰਤੀ ਸੰਗੀਤ ਦੀ ਦੁਨੀਆਂ ਵਿੱਚ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

 

ਡਾ. ਕ੍ਰਿਸ਼ਨ ਕੁਮਾਰ ਰੱਤੂ
  ਸੰਪਰਕ: 094103-93966

26 Oct 2013

Reply