Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇਨਕਲਾਬੀ ਯੋਧਾ ਮਾਓ-ਜੇ-ਤੁੰਗ


ਆਧੁਨਿਕ ਸਮਿਆਂ ਵਿੱਚ ਇੱਕ ਸੰਘਰਸ਼ਸ਼ੀਲ ਯੋਧੇ ਵਜੋਂ ਮਾਓ-ਜੇ-ਤੁੰਗ ਦਾ ਨਾਂ ਬੜਾ ਉੱਘਾ ਹੈ। ਮਾਓਵਾਦ ਉਹਦੇ ਉਮਰ ਭਰ ਦੇ ਤਜਰਬਿਆਂ ਅਤੇ ਇਨਕਲਾਬੀ ਵਿਚਾਰਧਾਰਾ ਦੀ ਦੇਣ ਹੈ। ਨੀਲੇ ਪਹਾੜਾਂ, ਹਰੀਆਂ ਵਾਦੀਆਂ, ਚਿੱਟੇ ਚਸ਼ਮਿਆਂ ਤੇ ਸਾਫ਼ ਲਿਸ਼ਕਦੇ ਪਾਣੀਆਂ ਵਾਲੇ ਪ੍ਰਦੇਸ਼ ਹੁਨਾਨ ਦੇ ਨਦੀਆਂ, ਨਾਲਿਆਂ, ਜੰਗਲਾਂ, ਤਲਾਬਾਂ ਤੇ ਚਹਿਕਦੇ ਪੰਛੀਆਂ ਵਾਲੇ ਜ਼ਿਲ੍ਹੇ ਸ਼ਿਆਡਥਾਨ ਦੇ ਕੁਦਰਤ ਦੀ ਸੁਨਹਿਰੀ ਗੋਦ ਵਿੱਚ ਵਸੇ ਇੱਕ ਛੋਟੇ ਜਿਹੇ ਪਿੰਡ ਸ਼ਾਓਸ਼ਾਨ ਵਿੱਚ 19 ਦਸੰਬਰ 1893 ਨੂੰ ਇੱਕ ਗ਼ਰੀਬ ਪਰਿਵਾਰ ਵਿੱਚ ਉਹਦਾ ਜਨਮ ਹੋਇਆ। ਉਹਦੇ ਪਿੰਡ ਦੇ ਚਾਰ-ਚੁਫੇਰੇ ਛੋਟੀਆਂ-ਛੋਟੀਆਂ ਪਹਾੜੀਆਂ ਹਨ। ਉਹਦਾ ਪਿੰਡ ਇਨ੍ਹਾਂ ਪਹਾੜੀਆਂ ਵਿੱਚੋਂ ਇੱਕ ਦੀ ਢਲਾਣ ਦੇ ਵਿਸਥਾਰ ’ਤੇ ਫੈਲਿਆ ਹੋਇਆ ਹੈ। ਹੁਨਾਨ ਦੇ ਦੂਜੇ ਆਮ ਕਿਸਾਨਾਂ ਵਾਂਗ ਮਾਓ ਦਾ ਘਰ ਵੀ ਲੱਕੜ ਦਾ ਬਣਿਆ  ਹੋਇਆ ਸੀ, ਜਿਸ ਵਿੱਚ ਰਸੋਈ ਤੋਂ ਇਲਾਵਾ ਦੋ ਤਿੰਨ ਕਮਰੇ ਸਨ। ਇਨ੍ਹਾਂ ਵਿੱਚੋਂ ਹੀ ਇੱਕ ਕਮਰਾ ਮਾਓ ਦਾ ਸੀ, ਜਿੱਥੇ ਉਹ ਬਚਪਨ ਵਿੱਚ ਬਾਂਸ ਦੇ ਇੱਕ ਸਟੈਂਡ ’ਤੇ ਦੀਵਾ ਰੱਖ ਕੇ ਪਹਿਲਾਂ ਪੜ੍ਹਿਆ ਕਰਦਾ ਸੀ ਤੇ ਫਿਰ ਪਿਤਾ ਦੇ ਵਪਾਰ ਦਾ ਹਿਸਾਬ ਕਿਤਾਬ ਕਰਦਾ ਸੀ। ਉਹਦੇ ਘਰ ਦੇ ਬਾਹਰ ਇੱਕ ਛੋਟਾ ਜਿਹਾ ਵਿਹੜਾ ਸੀ, ਜਿਸ ਦੇ ਇੱਕ ਪਾਸੇ ਪਸ਼ੂਆਂ ਦਾ ਛੱਤਿਆ ਹੋਇਆ ਢਾਰਾ ਸੀ ਤੇ ਦੂਜੇ ਪਾਸੇ ਸਬਜ਼ੀਆਂ ਦੀਆਂ ਕਿਆਰੀਆਂ ਸਨ। ਆਸੇ-ਪਾਸੇ ਦੀਆਂ ਪਹਾੜੀਆਂ ਵਿੱਚੋਂ ਹੀ ਇੱਕ ਪਹਾੜੀ ’ਤੇ ਸਕੂਲ ਸੀ, ਜਿੱਥੇ ਮਾਓ ਨੇ ਮੁੱਢਲੀ ਪੜ੍ਹਾਈ ਕੀਤੀ। ਨਾਲ ਹੀ ਪਸ਼ੂ ਵੀ ਚਰਾਏ ਤੇ ਤਲਾਅ ਵਿੱਚ ਛਾਲਾਂ ਮਾਰ-ਮਾਰ ਟੁੱਬੀਆਂ ਵੀ ਲਾਈਆਂ।


ਆਪਣੇ ਬਚਪਨ ਬਾਰੇ ਉਹ ਖ਼ੁਦ ਲਿਖਦਾ ਹੈ, ‘‘ਜਦੋਂ ਮੈਂ ਦਸਾਂ ਵਰ੍ਹਿਆਂ ਦਾ ਸਾਂ ਤਾਂ ਮੇਰੇ ਘਰਦਿਆਂ ਕੋਲ ਕੇਵਲ ਪੰਦਰਾਂ ਮੂ (ਲਗਪਗ ਢਾਈ ਏਕੜ) ਜ਼ਮੀਨ ਸੀ ਤੇ ਪਰਿਵਾਰ ਦੇ ਪੰਜ ਜੀਅ ਸਨ। ਮੇਰੇ ਘਰਦਿਆਂ ਨੇ ਜਦੋਂ 7 ਮੂ ਜ਼ਮੀਨ ਹੋਰ ਖਰੀਦ ਲਈ ਤਾਂ ਮੇਰਾ ਦਾਦਾ ਚੱਲ ਵਸਿਆ ਪਰ ਮੇਰਾ ਛੋਟਾ ਭਰਾ ਉਸ ਤੋਂ ਬਾਅਦ ਜੰਮ ਪਿਆ ਤਦ ਵੀ ਅਸੀਂ ਸਾਲ ਵਿੱਚ 49 ਤਾਨ ਚੌਲ ਹਰ ਸਾਲ ਬਚਾ ਲੈਂਦੇ ਸਾਂ, ਜਿਸ ਨਾਲ ਮੇਰੇ ਪਿਤਾ ਜੀ ਹੌਲੀ-ਹੌਲੀ ਅਮੀਰ ਕਿਸਾਨਾਂ ਵਿੱਚ ਸ਼ਾਮਲ ਹੋ ਗਏ।’’
ਮਾਓ ਦੇ ਪਿਤਾ ਦਾ ਨਾਂ ਸ਼ੁਨਸ਼ਾਂਡ ਅਤੇ ਮਾਂ ਦਾ ਨਾਂ ਵਨ-ਛੀ-ਮੇਈ ਸੀ। ਉਹਦੇ ਪਿਤਾ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਸਨ। ਇਸ ਕਰਜ਼ੇ ਤੋਂ ਮੁਕਤੀ ਲਈ ਜਵਾਨੀ ਦੀ ਉਮਰੇ ਉਹ ਫ਼ੌਜ ਵਿੱਚ ਭਰਤੀ ਹੋ ਗਏ। ਫ਼ੌਜ ਦੀ ਨੌਕਰੀ ਉਪਰੰਤ ਉਹ ਆਪਣੀ ਜੋੜੀ ਪੂੰਜੀ ਨਾਲ ਵਾਪਸ ਪਰਤ ਆਏ। ਇਹ ਪੂੰਜੀ ਉਨ੍ਹਾਂ ਨੇ ਵਪਾਰ ਵਿੱਚ ਲਾ ਦਿੱਤੀ। ਹੌਲੀ-ਹੌਲੀ ਉਨ੍ਹਾਂ ਦਾ ਵਪਾਰ ਵਧਣ ਫੁਲਣ ਲੱਗਾ। ਇਸ ਨਾਲ ਨਾ ਉਨ੍ਹਾਂ ਆਪਣੀ ਜ਼ਮੀਨ ਛੁਡਾਈ, ਸਗੋਂ ਕੁਝ ਹੋਰ ਜ਼ਮੀਨ ਵੀ ਖਰੀਦ ਲਈ। ਆਰਥਿਕ ਪੱਖੋਂ ਭਾਵੇਂ ਹੁਣ ਉਹਦਾ ਪਿਤਾ ਕੁਝ ਸੌਖਾ ਹੋ ਗਿਆ ਸੀ ਪਰ ਇਹਦੇ ਲਈ ਉਹਨੇ ਕਈ ਜੁਗਤਾਂ ਵਰਤੀਆਂ। ਇਸ ਬਾਰੇ ਮਾਓ ਲਿਖਦਾ ਹੈ:
‘‘ਜਦੋਂ ਮੇਰੇ ਪਿਤਾ ਇੱਕ ਦਰਮਿਆਨੇ ਦਰਜੇ ਦੇ ਕਿਸਾਨ ਸਨ, ਤਦੋਂ ਹੀ ਉਨ੍ਹਾਂ ਨੇ ਅਨਾਜ ਇੱਕ ਥਾਂ ਤੋਂ ਦੂਜੀ ਥਾਂ ’ਤੇ ਢੋਅ ਕੇ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਉਨ੍ਹਾਂ ਨੂੰ ਮੁਨਾਫ਼ਾ ਹੁੰਦਾ ਸੀ। ਜਦੋਂ ਉਹ ਹੋਰ ਅਮੀਰ ਹੋ ਗਏ ਤਾਂ ਉਨ੍ਹਾਂ ਆਪਣਾ ਵਧੇਰੇ ਧਿਆਨ ਇਸ ਧੰਦੇ ’ਤੇ ਲਾ ਦਿੱਤਾ ਤੇ ਖੇਤਾਂ ਵਿੱਚ ਕੰਮ ਕਰਨ ਲਈ ਇੱਕ ਖੇਤ ਮਜ਼ਦੂਰ ਨੂੰ ਰੱਖ ਲਿਆ। ਉਹਦੇ ਨਾਲ ਬੱਚਿਆਂ ਅਤੇ ਪਤਨੀ ਨੂੰ ਵੀ ਲਾ ਦਿੱਤਾ। ਜਦੋਂ ਮੈਂ ਛੇ ਵਰ੍ਹਿਆਂ ਦਾ ਸਾਂ ਤਾਂ ਮੈਂ ਖੇਤੀਬਾੜੀ ਵਿੱਚ ਹੱਥ ਵਟਾਉਣ ਲੱਗਾ। ਮੇਰੇ ਪਿਤਾ ਕੋਲ ਆਪਣੇ ਕੰਮ ਧੰਦੇ ਲਈ ਕੋਈ ਦੁਕਾਨ ਨਹੀਂ ਸੀ। ਉਹ ਸਿੱਧੇ ਰੂਪ ਵਿੱਚ ਗ਼ਰੀਬ ਕਿਸਾਨਾਂ ਕੋਲੋਂ ਅਨਾਜ ਖਰੀਦਦੇ ਤੇ ਉਸ ਨੂੰ ਸ਼ਹਿਰ ਦੇ ਵਪਾਰੀਆਂ ਕੋਲ ਮੁਨਾਫ਼ੇ ’ਤੇ ਵੇਚ ਦਿੰਦੇ। ਸਰਦੀਆਂ ਦੇ ਮੌਸਮ ਵਿੱਚ ਜਦੋਂ ਛੜਾਈ ਦਾ ਸਮਾਂ ਹੁੰਦਾ ਤਾਂ ਉਹ ਹੋਰ ਕਈ ਮਜ਼ਦੂਰਾਂ ਨੂੰ ਬੁਲਾ ਲੈਂਦੇ। ਇਸ ਤਰ੍ਹਾਂ ਘਰ ਵਿੱਚ ਖਾਣ ਪੀਣ ਵਾਲਿਆਂ ਦੀ ਗਿਣਤੀ ਵਧ ਜਾਂਦੀ ਪਰ ਇਸ ਦੇ ਬਾਵਜੂਦ ਖਾਣ ਪੀਣ ਵਿੱਚ ਕਿਫ਼ਾਇਤ ਵਰਤੀ ਜਾਂਦੀ, ਹਾਲਾਂਕਿ ਸਾਡੇ ਕੋਲ ਅਨਾਜ ਕਾਫ਼ੀ ਮਾਤਰਾ ਵਿੱਚ ਪਿਆ ਹੁੰਦਾ।’’
ਘਰ ਦੇ ਸਖ਼ਤ ਹਾਲਾਤ ਤੇ ਪਿਓ ਦੇ ਅੱਖੜ ਸੁਭਾਅ ਤੋਂ ਉਹ ਬਚਪਨ ਵਿੱਚ ਹੀ ਖ਼ਫ਼ਾ ਰਹਿੰਦਾ ਸੀ। ਉਹਦੀ ਮਾਂ ਜਿੰਨੀ ਦਿਆਲੂ ਔਰਤ ਸੀ, ਪਿਤਾ ਓਨੇ ਹੀ ਸਖ਼ਤ ਸੁਭਾਅ ਦਾ ਸੀ। ਪਰਿਵਾਰ ਪ੍ਰਤੀ ਪ੍ਰਤਿਰੋਧ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਹਨੇ ਲਿਖਿਆ ਹੈ-

 

 

29 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

‘‘ਮੇਰਾ ਮਾਨਸਿਕ ਕਲੇਸ਼ ਵਧਦਾ ਗਿਆ। ਮੇਰੇ ਪਰਿਵਾਰ ਵਿੱਚ ਦਵੰਦਾਤਮਕ ਸੰਘਰਸ਼ ਲਗਾਤਾਰ ਵਿਕਾਸ ਕਰ ਰਿਹਾ ਸੀ। ਇੱਕ ਘਟਨਾ ਮੈਨੂੰ ਅਜੇ ਤਕ ਵੀ ਯਾਦ ਹੈ। ਜਦੋਂ ਮੈਂ ਲਗਪਗ ਤੇਰ੍ਹਾਂ ਵਰ੍ਹਿਆਂ ਦਾ ਸਾਂ, ਤਦੋਂ ਮੇਰੇ ਪਿਤਾ ਜੀ ਨੇ ਕਈ ਮਹਿਮਾਨਾਂ ਨੂੰ ਘਰੇ ਬੁਲਾਇਆ। ਉਨ੍ਹਾਂ ਦੀ ਹਾਜ਼ਰੀ ਵਿੱਚ ਹੀ ਸਾਡੇ ਦੋਵਾਂ ਵਿੱਚ ਕਿਸੇ ਗੱਲ ’ਤੇ ਵਾਦ ਵਿਵਾਦ ਹੋ ਗਿਆ। ਮੇਰੇ ਪਿਤਾ ਨੇ ਸਾਰੇ ਮਹਿਮਾਨਾਂ ਸਾਹਮਣੇ ਮੇਰੀ ਲਾਹ-ਪਾਹ ਕਰਦਿਆਂ ਮੈਨੂੰ ਨਿਕੰਮਾ ਤੇ ਆਲਸੀ ਕਿਹਾ। ਮੈਂ ਗੁੱਸੇ ਵਿੱਚ ਪਾਗਲ ਹੋ ਗਿਆ ਤੇ ਉਨ੍ਹਾਂ ਨੂੰ ਬੁਰਾ ਭਲਾ ਕਹਿੰਦਾ ਹੋਇਆ ਘਰੋਂ ਦੌੜ ਗਿਆ। ਮੇਰੀ ਮਾਂ ਮੇਰੇ ਪਿੱਛੇ ਦੌੜਦੀ ਆਈ ਤੇ ਮੈਨੂੰ ਮੋੜਨ ਲਈ ਤਰਲੇ ਕਰਨ ਲੱਗੀ। ਉਹਦੇ ਪਿੱਛੇ-ਪਿੱਛੇ ਮੇਰੇ ਪਿਤਾ ਵੀ ਆ ਗਏ। ਉਹ ਮੈਨੂੰ ਗੁੱਸੇ ਵਿੱਚ ਝਿੜਕ ਰਹੇ ਸਨ ਤੇ ਨਾਲ ਹੀ ਵਾਪਸ ਮੁੜਨ ਲਈ ਵੀ ਕਹਿ ਰਹੇ ਸਨ। ਤਦ ਤਕ ਮੈਂ ਇੱਕ ਤਲਾਅ ਨੇੜੇ ਪਹੁੰਚ ਚੁੱਕਾ ਸਾਂ। ਮੈਂ ਆਪਣੇ ਪਿਤਾ ਨੂੰ ਧਮਕੀ ਦਿੱਤੀ ਕਿ ਜੇ ਉਹ ਮੇਰੇ ਨੇੜੇ ਆਉਣਗੇ ਤਾਂ ਮੈਂ ਤਲਾਅ ਵਿੱਚ ਛਾਲ ਮਾਰ ਦਿਆਂਗਾ। ਅਜਿਹੀ ਸਥਿਤੀ ਵਿੱਚ ਘਰੇਲੂ ਯੁੱਧ ਬੰਦ ਕਰਨ ਲਈ ਮੈਂ ਆਪਣੀਆਂ ਕੁਝ ਜਵਾਬੀ ਮੰਗਾਂ ਪੇਸ਼ ਕਰ ਦਿੱਤੀਆਂ। ਮੇਰੇ ਪਿਤਾ ਦੀ ਜ਼ਿੱਦ ਸੀ ਕਿ ਮੈਂ ਮੁਆਫ਼ੀ ਮੰਗਾਂ ਅਤੇ ਨਾਲ ਹੀ ਡੰਡਵਤ ਹੋ ਕੇ ਭੁੱਲ ਬਖਸ਼ਾਵਾਂ। ਮੈਂ ਸਹਿਮਤ ਹੋ ਗਿਆ ਕਿ ਜੇ ਉਹ ਮੈਨੂੰ ਕੁੱਟਣ ਨਾ ਤਾਂ ਮੈਂ ਇੱਕ ਗੋਡਾ ਟੇਕ ਕੇ ਮੁਆਫ਼ੀ ਮੰਗਾਂਗਾ। ਇਸ ਤਰ੍ਹਾਂ ਸਾਡਾ ਦੋਵਾਂ ਦਾ ਯੁੱਧ ਸਮਾਪਤ ਹੋਇਆ। ਇਸ ਘਟਨਾ ਤੋਂ ਮੈਂ ਇਹ ਸਿੱਖਿਆ ਕਿ ਜਦੋਂ ਵੀ ਮੈਂ ਖੁੱਲ੍ਹੀ ਬਗ਼ਾਵਤ ਰਾਹੀਂ ਆਪਣੇ ਹਿੱਤਾਂ ਦੀ ਰੱਖਿਆ ਕਰਾਂਗਾ, ਤਦੋਂ ਮੇਰੇ ਪਿਤਾ ਮੇਰੇ ਮਗਰ ਪੈ ਜਾਣਗੇ ਪਰ ਜਦੋਂ ਮੈਂ ਗੋਡੇ-ਟੇਕੂ ਬਣਾਂਗਾ ਤਦੋਂ ਉਹ ਮੈਨੂੰ ਪਾਣੀ ਪੀ-ਪੀ ਕੋਸਣਗੇ ਤੇ ਪਹਿਲਾਂ ਨਾਲੋਂ ਜ਼ਿਆਦਾ ਕੁੱਟਣਗੇ।’’
ਉਹਦਾ ਪਿਤਾ ਗੁਸੈਲ ਤੇ ਅੱਖੜ ਸੁਭਾਅ ਦਾ ਸੀ। ਇਸ ਦੇ ਦੋ ਕਾਰਨ ਸਨ ਇੱਕ ਤਾਂ ਉਹਦੀ ਫ਼ੌਜ ਦੀ ਨੌਕਰੀ, ਜਿੱਥੇ ਅਨੁਸ਼ਾਸਨ ਵਿੱਚ ਰਹਿ ਕੇ ਹੁਕਮ ਮੰਨਣਾ ਸਿਖਾਇਆ ਜਾਂਦਾ ਹੈ। ਇਸੇ ਕਰਕੇ ਉਹ ਆਪਣੇ ਪੁੱਤਰਾਂ ਤੇ ਪਰਿਵਾਰ ਤੋਂ ਵੀ ਇਸ ਦੀ ਆਸ ਰੱਖਦਾ ਸੀ। ਦੂਜਾ ਉਹ ਨਵਾਂ-ਨਵਾਂ ਅਮੀਰ ਬਣਿਆ ਸੀ। ਗ਼ਰੀਬਾਂ ’ਤੇ ਉਹਦੀ ਪੂਰੀ ਧੌਂਸ ਸੀ। ਉਹਦੇ ਇਸ ਸੁਭਾਅ ’ਤੇ ਚਾਣਨਾ ਪਾਉਂਦੇ ਹੋਏ ਮਾਓ ਨੇ ਲਿਖਿਆ ਹੈ, ‘‘ਉਹ ਬੜੇ ਗੁਸੈਲ ਸੁਭਾਅ ਦੇ ਸਨ ਤੇ ਅਕਸਰ ਮੇਰੀ ਤੇ ਮੇਰੇ ਭਰਾਵਾਂ ਦੀ ਕੁੱਟਮਾਰ ਕਰਦੇ ਰਹਿੰਦੇ ਸਨ। ਸਾਨੂੰ ਰੁਪਏ ਪੈਸੇ ਦੇਣ ਲੱਗਿਆਂ ਉਹ ਅਕਸਰ ਆਨਾਕਾਨੀ ਕਰਦੇ ਸਨ। ਜਿਹੜਾ ਭੋਜਨ ਸਾਨੂੰ ਦਿੱਤਾ ਜਾਂਦਾ ਸੀ ਉਹ ਵੀ ਘਟੀਆ ਕਿਸਮ ਦਾ ਹੁੰਦਾ ਸੀ। ਹਰ ਮਹੀਨੇ ਦੀ 15 ਤਰੀਕ ਨੂੰ ਉਹ ਆਪਣੇ ਖੇਤ ਮਜ਼ਦੂਰਾਂ ਨੂੰ ਰਿਆਇਤੀ ਤੌਰ ’ਤੇ ਚੌਲਾਂ ਨਾਲ ਖਾਣ ਲਈ ਆਂਡੇ ਦਿੰਦੇ ਸਨ ਪਰ ਸਾਨੂੰ ਨਾ ਕਦੇ ਆਂਡੇ ਮਿਲੇ ਸਨ ਨਾ ਗੋਸ਼ਤ।’’


ਬਦਲਦੇ ਸਮੇਂ ਦੇ ਨਾਲ ਆਪਣੀ ਵਿਚਾਰ ਯਾਤਰਾ ਦੌਰਾਨ ਪਿਤਾ ਪੁੱਤਰ ਵਿੱਚ ਦ੍ਰਿਸ਼ਟੀ ਪੱਖੋਂ ਤਬਦੀਲੀ ਆਈ ਸੀ। ਉਹਦੀ ਮਾਂ ਬੜੀ ਦਿਆਲੂ ਤੇ ਗ਼ਰੀਬਾਂ ਨਾਲ ਹਮਦਰਦੀ ਰੱਖਣ ਵਾਲੀ ਨੇਕ ਔਰਤ ਸੀ। ਮਾਂ ਦੇ ਪ੍ਰਭਾਵ ਕਾਰਨ ਹੀ ਮਾਓ ਆਸਤਿਕ ਸੀ। ਉਹ ਨਾ ਕੇਵਲ ਬੁੱਧ ਦੀ ਮੂਰਤੀ ਦੀ ਪੂਜਾ ਕਰਦਾ ਸੀ, ਸਗੋਂ ਪਿਤਾ ਨੂੰ ਆਸਤਿਕ  ਬਣਾਉਣ ਦੇ ਮਾਂ ਦੇ ਯਤਨਾਂ ਵਿੱਚ ਮਦਦ ਵੀ ਕਰਦਾ ਸੀ ਪਰ ਉਹਦਾ ਪਿਤਾ ਅੰਤਾਂ ਦਾ ਭੌਤਿਕਵਾਦੀ ਸੀ। ਦਇਆ-ਦਾਨ-ਧਰਮ ਦੇ ਖ਼ਿਲਾਫ਼ ਧਨ ਜੋੜਨ ਦੀ ਧੁਨ ਵਿੱਚ ਉਹ ਨਾਸਤਿਕ ਬਣਿਆ ਰਿਹਾ ਪਰ ਇਹ ਜ਼ਿੰਦਗੀ ਦਾ ਅਨੋਖਾ ਸੰਜੋਗ ਹੀ ਸੀ ਕਿ ਸਾਹਿਤ ਤੇ ਵਿਗਿਆਨ ਦੇ ਡੂੰਘੇ ਅਧਿਐਨ ਨੇ ਮਾਓ ਨੂੰ ਨਾਸਤਿਕ ਬਣਾ ਦਿੱਤਾ ਤੇ ਓਧਰ ਪਿਤਾ ਨਾਲ ਇੱਕ ਘਟਨਾ ਵਾਪਰੀ ਜਦੋਂ ਜੰਗਲ ਵਿੱਚ ਇੱਕ ਸ਼ੇਰ ਉਹਨੂੰ ਦਬੋਚਣ ਲੱਗਾ ਤਾਂ ਉਹਨੂੰ ਰੱਬ ਯਾਦ ਆਇਆ। ਸਬੱਬ ਨਾਲ ਹੀ ਉਹ ਬਚ ਗਿਆ ਤੇ ਆਸਤਿਕ ਬਣ ਕੇ ਬੁੱਧ ਦੀ ਪੂਜਾ ਕਰਨ ਲੱਗਾ।

 

29 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੰਨ 1911 ਦੇ ਨੇੜੇ ਤੇੜੇ ਮਾਂਚੂ ਰਾਜਿਆਂ ਦੇ ਖ਼ਿਲਾਫ਼ ਲੋਕਾਂ ਵਿੱਚ ਰੋਹ ਪੈਦਾ ਹੋ ਚੁੱਕਾ ਸੀ। ਉਦੋਂ ਤਕ ਮਾਓ ਪਿੰਡ ਛੱਡ ਕੇ ਸ਼ਹਿਰ ਪਹੁੰਚ ਗਿਆ ਸੀ। ਇੱਥੇ ਹੀ ਉਸ ਨੇ ਪਹਿਲੀ ਵਾਰ ਅਖ਼ਬਾਰ ਦੇਖਿਆ। ‘ਜਨ ਸ਼ਕਤੀ’ ਨਾਂ ਦੇ ਇਸ ਅਖ਼ਬਾਰ ਵਿੱਚ ਉਸ ਨੇ ਮਾਂਚੂਆਂ ਦੇ ਖ਼ਿਲਾਫ਼ ਬਗਾਵਤ ਕਰਨ ਵਾਲੇ 72 ਸ਼ਹੀਦਾਂ ਬਾਰੇ ਲੇਖ ਪੜ੍ਹਿਆ। ਇਸ ਨੇ ਚੜ੍ਹਦੀ ਜਵਾਨੀ ਦੇ ਉਹਦੇ ਜੋਸ਼ ਨੂੰ ਵੰਗਾਰਿਆ। ਉਹਦੇ ਅੰਦਰ ਸੁੱਤੇ ਇਨਕਲਾਬੀ ਨੂੰ ਝੰਜੋੜਿਆ। ਇਸ ਤੋਂ ਬਾਅਦ ਹੀ ਮਾਓ ਨੇ ਰਾਜਨੀਤਕ ਸਾਹਿਤ ਪੜ੍ਹਨਾ ਸ਼ੁਰੂ ਕੀਤਾ ਅਤੇ ਰਾਜਨੀਤੀ ਦੀਆਂ ਤਹਿਆਂ ਨੂੰ ਸਮਝ ਕੇ ਆਪਣੇ ਭਵਿੱਖ ਦੇ ਦਾਅ ਪੇਚਾਂ ਨੂੰ ਥਾਂ ਸਿਰ ਕੀਤਾ। ਇੱਥੇ ਹੀ ਉਹ ਸੁਨਿਆਤ ਸੇਨ ਅਤੇ ਉਹਦੀ ਜਥੇਬੰਦੀ ਤੁੰਗ-ਮੇਨ-ਹੂਈ ਦੇ ਸੰਪਰਕ ਵਿੱਚ ਆਇਆ। ਸੁਨਿਆਤ ਸੇਨ ਦੇ ਵਿਚਾਰਾਂ ਅਤੇ ਨਿਸ਼ਾਨਿਆਂ ਵਿੱਚ ਉਹਦੀ ਡੂੰਘੀ ਦਿਲਚਸਪੀ ਪੈਦਾ ਹੋਈ। ਚੀਨੀ ਰਾਜ ਘਰਾਣੇ ਉਦੋਂ ਤਕ ਵਿਦੇਸ਼ੀ ਪੂੰਜੀਪਤੀਆਂ ਦੀ ਜਕੜ ਵਿੱਚ ਆ ਚੁੱਕੇ ਸਨ। ਸਥਿਤੀ ਇਹ ਬਣ ਚੁੱਕੀ ਸੀ ਕਿ ਸਥਾਨਕ ਰੇਲਾਂ ਦੀ ਉਸਾਰੀ ਤੇ ਦੂਜੇ ਠੇਕੇ ਸਵਦੇਸ਼ੀ ਪੂੰਜੀਪਤੀਆਂ ਨੂੰ ਦੇਣ ਦੀ ਬਜਾਏ ਵਿਦੇਸ਼ੀਆਂ ਨੂੰ ਦਿੱਤੇ ਗਏ ਜਿਸ ਕਰਕੇ ਸਵਦੇਸ਼ੀ ਪੂੰਜੀਪਤੀ ਰਾਜਿਆਂ ਦੇ ਖ਼ਿਲਾਫ਼ ਇਨਕਲਾਬੀ ਧਿਰਾਂ ਨਾਲ ਜੁੜ ਗਏ। ਰਾਜਿਆਂ ਖ਼ਿਲਾਫ਼ ਇਨਕਲਾਬੀ ਉਭਾਰ ਸ਼ੰਘਾਈ, ਕੈਂਟਨ ਆਦਿ ਵੱਡੇ ਵੱਡੇ ਸ਼ਹਿਰਾਂ ਵਿੱਚ ਫੈਲ ਗਿਆ। ਇਸ ਇਨਕਲਾਬ ਦੀ ਧੁਰੀ ਫ਼ੌਜੀ ਅਫ਼ਸਰ (ਸੇਵਾਮੁਕਤ), ਵਪਾਰੀ ਅਤੇ ਵਿਦਿਆਰਥੀ ਸਨ। ਹੁਨਾਨ ਵਿੱਚ ਇਹ ਇਨਕਲਾਬੀ ਰੋਹ ਵੱਡੇ ਪੱਧਰ ’ਤੇ ਫੈਲਿਆ। ਸਾਰਾ ਪ੍ਰਦੇਸ਼ ਨਾਅਰਿਆਂ ਨਾਲ ਗੂੰਜ ਉਠਿਆ, ‘ਗਣਰਾਜ ਕਾਇਮ ਕਰੋ, ਭੂਮੀ ਸਾਰਿਆਂ ’ਚ ਵੰਡੋ, ਮਾਂਚੂਆਂ ਨੂੰ ਮਾਰ ਭਜਾਓ’।
ਇੱਥੇ ਹੀ ਇੱਕ ਬੜੀ ਦਿਲਚਸਪ  ਘਟਨਾ ਵਾਪਰੀ। ਚੀਨੀ ਇਨਕਲਾਬ ਹੌਲੀ-ਹੌਲੀ ਸੱਭਿਆਚਾਰਕ ਕ੍ਰਾਂਤੀ ਦਾ ਰੂਪ ਧਾਰਨ ਲੱਗਾ। ਚੀਨ ਵਿੱਚ ਲੰਮੀ ਬੋਦੀ ਰੱਖਣੀ ਰਾਜ ਭਗਤੀ ਦਾ ਪ੍ਰਤੀਕ ਮੰਨੀ ਜਾਂਦੀ ਸੀ। ਆਧੁਨਿਕ ਵਿਚਾਰਾਂ ਵਾਲੇ ਲੋਕ ਇਹ ਬੋਦੀ ਨਹੀਂ ਸਨ ਰੱਖਦੇ। ਇਸ ਲਈ ਉਨ੍ਹਾਂ ਨੂੰ ਨਫ਼ਰਤ ਨਾਲ ਦੇਖਿਆ ਜਾਂਦਾ ਸੀ ਪਰ ਜਦੋਂ ਰਾਜਿਆਂ ਦੇ ਖ਼ਿਲਾਫ਼ ਬਗਾਵਤ ਭੜਕ ਉੱਠੀ ਤਾਂ ਲੰਮੀਆਂ ਬੋਦੀਆਂ ਨੂੰ ਕੱਟਣ ਨੇ ਮੁਹਿੰਮ ਦਾ ਰੂਪ ਧਾਰਨ ਕਰ ਲਿਆ। ਲੋਕ ਨਾ ਸਿਰਫ਼ ਆਪਣੀਆਂ ਬੋਦੀਆਂ ਕੱਟ ਰਹੇ ਸਨ, ਸਗੋਂ ਦੂਜਿਆਂ ਦੀਆਂ ਜ਼ਬਰਦਸਤੀ ਕੱਟਣ ਲੱਗੇ’।
ਮਾਓ ਆਪਣੇ ਸਕੂਲ ਵਿੱਚ ਬੋਦੀ ਕੱਟਣ ਵਾਲੀ ਮੁਹਿੰਮ ਵਿੱਚ ਸਾਰਿਆਂ ਨਾਲੋਂ ਅੱਗੇ ਸੀ। ਇਸ ਬਾਰੇ ਉਹ ਲਿਖਦਾ ਹੈ, ‘‘ਵਿਦੇਸ਼ੀ ਪੂੰਜੀ ਦਾ ਵਿਰੋਧ ਕਰਨ ਦੇ ਅੰਦੋਲਨ ਦੀ ਸ਼ੁਰੂਆਤ ‘ਸਛਵਾਨ ਹਾਨਖਓ’ ਰੇਲਵੇ ਦੀ ਉਸਾਰੀ ਦੇ ਪ੍ਰਸੰਗ ਵਿੱਚ ਹੋਈ। ਮੇਰੇ ਸਕੂਲ ਦੇ ਵਿਦਿਆਰਥੀ ਭੜਕ ਪਏ। ਉਨ੍ਹਾਂ ਨੇ ਲੰਮੀ ਬੋਦੀ ਰੱਖਣ ਵਾਲਿਆਂ ਵਿਰੁੱਧ ਮੁਹਿੰਮ ਵਿੱਢ ਦਿੱਤੀ। ਇਸ ਦੀ ਹਮਾਇਤ ਵਿੱਚ ਮੈਂ ਤੇ ਮੇਰੇ ਇੱਕ ਮਿੱਤਰ ਨੇ ਆਪਣੀ-ਆਪਣੀ ਬੋਦੀ ਕੱਟ ਦਿੱਤੀ। ਸਾਡੇ ਕੁਝ ਮਿੱਤਰ ਅਜਿਹੇ ਵੀ ਸਨ, ਜਿਨ੍ਹਾਂ ਨੇ ਬੋਦੀ ਕੱਟਣ ਦਾ ਵਾਅਦਾ ਤਾਂ ਕੀਤਾ ਸੀ ਪਰ ਬਾਅਦ ਵਿੱਚ ਮੁੱਕਰ ਗਏ। ਮੈਂ ਤੇ ਮੇਰੇ ਦੋਸਤ ਨੇ ਰਲ ਕੇ ਉਨ੍ਹਾਂ ’ਤੇ ਗੁਪਤ ਰੂਪ ਵਿੱਚ ਹਮਲਾ ਕਰ ਦਿੱਤਾ ਤੇ ਜ਼ਬਰਦਸਤੀ ਉਨ੍ਹਾਂ ਦੀਆਂ ਬੋਦੀਆਂ ਕੱਟ ਦਿੱਤੀਆਂ। ਕੱੁਲ ਮਿਲਾ ਕੇ 10 ਤੋਂ ਵੱਧ ਬੋਦੀਆਂ ਸਾਡੀਆਂ ਕੈਂਚੀਆਂ ਦਾ ਸ਼ਿਕਾਰ ਬਣੀਆਂ।’’

29 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਨਕਲਾਬੀ ਧਾਰਾ ਨੂੰ ਪ੍ਰਚੰਡ ਕਰਨ ਲਈ ਕੁਝ ਜੋਸ਼ੀਲੇ ਵਿਦਿਆਰਥੀਆਂ ਨੇ ਇੱਕ ਫ਼ੌਜੀ ਦਸਤੇ ਦਾ ਗਠਨ ਕੀਤਾ ਪਰ ਮਾਓ ਨੂੰ ਇਹ ਪਸੰਦ ਨਹੀਂ ਸੀ। ਉਹਨੂੰ ਇਹ ਹਰਕਤ ਬਚਕਾਨਾ ਜਿਹੀ ਲੱਗੀ। ਇਸ ਦੇ ਮੁਕਾਬਲੇ ਉਹਨੇ ਸਿੱਧੇ ਰੂਪ ਵਿੱਚ ਫ਼ੌਜ ਵਿੱਚ ਭਰਤੀ ਹੋਣ ਨੂੰ ਤਰਜੀਹ ਦਿੱਤੀ। ਇਸ ਤਰ੍ਹਾਂ 18 ਵਰ੍ਹਿਆਂ ਦੀ ਉਮਰ ਵਿੱਚ ਮਾਓ ਫ਼ੌਜ ਵਿੱਚ ਭਰਤੀ ਹੋ ਗਿਆ। ਆਪਣੇ ਹਮਉਮਰਾਂ ਨਾਲੋਂ ਕੱਦ ਵਿੱਚ ਲੰਮਾ ਹੋਣ ਕਰਕੇ ਸਕੂਲ ਵਿੱਚ ਦਾਖਲ ਹੋਣ ਸਮੇਂ ਉਹਨੂੰ ਮੁਸ਼ਕਲ ਆਈ ਸੀ ਪਰ ਇਸੇ ਕੱਦ ਕਾਠ ਨੇ ਫ਼ੌਜ ਵਿੱਚ ਉਹਨੂੰ ਵਿਸ਼ੇਸ਼ ਅਹਿਮੀਅਤ ਦਿਵਾਈ। ਫ਼ੌਜੀਆਂ ਵਿੱਚ ਪੜ੍ਹੇ-ਲਿਖੇ ਘੱਟ ਸਨ। ਇਸੇ ਕਰਕੇ ਬਹੁਤੇ ਫੌਜੀ ਉਹਦੇ ਕੋਲੋਂ ਚਿੱਠੀਆਂ ਪੜ੍ਹਵਾਉਣ ਅਤੇ ਲਿਖਾਉਣ ਆਉਂਦੇ। ਇਨ੍ਹਾਂ ਫ਼ੌਜੀਆਂ ਵਿੱਚ ਵਧੇਰੇ ਸਾਧਾਰਨ ਸਿੱਧੇ ਸਾਦੇ ਕਿਸਾਨ, ਸ਼ਿਲਪਕਾਰ, ਲੋਹਾਰ ਤੇ ਖਾਣ ਮਜ਼ਦੂਰ ਸਨ। ਇੱਥੇ ਮਾਓ ਉਨ੍ਹਾਂ ਅੰਦਰ ਰਾਜਤੰਤਰ ਅਤੇ ਸਾਮੰਤਸ਼ਾਹੀ ਖ਼ਿਲਾਫ਼ ਵਿਚਾਰ ਪੈਦਾ ਕਰਨ ਵਿੱਚ ਕਾਮਯਾਬ ਹੋ ਗਿਆ। ਨਾਲ ਨਾਲ ਫ਼ੌਜ ਵਿੱਚ ਉਹ ਆਪਣਾ ਅਧਿਐਨ ਵੀ ਕਰਦਾ ਰਿਹਾ। ਉਹਦੀ ਤਨਖ਼ਾਹ ਦਾ ਵੱਡਾ ਹਿੱਸਾ ਅਖ਼ਬਾਰਾਂ ਅਤੇ ਰਸਾਲਿਆਂ ’ਤੇ ਖਰਚ ਹੋਣ ਲੱਗਾ। ਇਸ ਬਾਰੇ ਉਹਨੇ ਖਖ਼ਦ ਲਿਖਿਆ ਹੈ:
‘‘ਇਨਕਲਾਬ ਨਾਲ ਸਬੰਧ ਰੱਖਣ ਵਾਲੇ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਰੋਜ਼ਾਨਾ ‘ਸ਼ਿਆਡ ਚਿਆਂਗ’ ਅਖ਼ਬਾਰ ਵੀ ਸ਼ਾਮਲ ਸੀ। ਉਸ ਵਿੱਚ ਸਮਾਜਵਾਦ ਬਾਰੇ ਬਹਿਸ ਕੀਤੀ ਜਾਂਦੀ ਸੀ। ਉਹਦੇ ਕਾਲਮਾਂ ਵਿੱਚ ਹੀ ਪਹਿਲੀ ਵਾਰ ਮੈਂ ਇਹ ਸ਼ਬਦ ਪੜ੍ਹਿਆ।  ਮੈਂ ਸਮਾਜਵਾਦ ਦਰਅਸਲ ਸਮਾਜਿਕ ਸੁਧਾਰਵਾਦ ’ਤੇ ਹੋਰ ਵਿਦਿਆਰਥੀਆਂ ਅਤੇ ਫ਼ੌਜੀਆਂ ਨਾਲ ਬਹਿਸ ਕਰਦਾ ਸਾਂ। ਚਿਆਂਗ ਖੜਹੂ ਵੱਲੋਂ ਲਿਖੇ ਗਏ ਸਮਾਜਵਾਦ ਤੇ ਉਹਦੇ ਅਸੂਲਾਂ ਬਾਰੇ ਲਿਖੇ ਪੈਂਫਲੈਟ ਵੀ ਮੈਂ ਪੜ੍ਹੇ। ਇਨ੍ਹਾਂ ਬਾਰੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਬੜੇ ਉਤਸ਼ਾਹ ਨਾਲ ਲਿਖਿਆ ਪਰ ਉਨ੍ਹਾਂ ਵਿੱਚੋਂ ਕੇਵਲ ਇੱਕ ਨੇ ਹੀ ਮੈਨੂੰ ਇਸ ਬਾਰੇ ਵਾਪਸੀ ਜਵਾਬ ਦਿੱਤਾ।’’
ਕੁਝ ਚਿਰ ਪਿੱਛੋਂ ਸੁਨਿਆਤ ਸੇਨ ਤੇ ਰਾਜਤੰਤਰ ਵਿਚਾਲੇ ਸਮਝੌਤਾ ਹੋ ਗਿਆ। ਇਸ ਲਈ ਭਵਿੱਖ ਦੇ ਯੁੱਧ ਨੂੰ ਰੋਕ ਦਿੱਤਾ ਗਿਆ। ਇਹ ਸੋਚ ਕੇ ਹੁਣ ਇਨਕਲਾਬੀ ਅਮਲ ਖ਼ਤਮ ਹੋ ਗਿਆ। ਮਾਓ ਨੇ ਫ਼ੌਜ ਤੋਂ ਵਾਪਸੀ ਕਰ ਲਈ। ਇਸੇ ਸਮੇਂ ਉਸ ਨੇ ਆਪਣੇ ਆਪ ਨੂੰ ਸਵੈ-ਅਧਿਐਨ ਵਿੱਚ ਲਾਉਣ ਦਾ ਮਨ ਬਣਾਇਆ। ਹੁਨਾਨ ਦੀ ਪ੍ਰਾਂਤਕ ਲਾਇਬਰੇਰੀ ਵਿੱਚ ਉਸ ਨੇ ਸਵੈ-ਅਧਿਐਨ ਨੂੰ ਅਮਲੀਜਾਮਾ ਪੁਆਇਆ। ਇਸ ਬਾਰੇ ਚਰਚਾ ਕਰਦਾ ਉਹ ਲਿਖਦਾ ਹੈ-
‘‘ਮੈਂ ਬੜੇ ਨੇਮ ਨਾਲ ਹਰ ਰੋਜ਼ ਲਾਇਬਰੇਰੀ ਜਾਂਦਾ ਤੇ ਅੱਧੇ ਸਾਲ ਤਕ ਮੇਰਾ ਇਹ ਨੇਮ ਬੜੀ ਦ੍ਰਿੜ੍ਹਤਾ ਨਾਲ ਬਣਿਆ ਰਿਹਾ। ਇਹ ਸਮਾਂ ਮੇਰੇ ਵਿਚਾਰਾਂ ਨੂੰ ਪੁਖ਼ਤਾ ਕਰਨ ਲਈ ਬੜਾ ਲਾਹੇਵੰਦ ਸਾਬਤ ਹੋਇਆ। ਮੈਂ ਸਵੇਰੇ ਲਾਇਬਰੇਰੀ ਖੁੱਲ੍ਹਣ ਦੇ ਨਿਸ਼ਚਿਤ ਸਮੇਂ ਉੱਥੇ ਪਹੁੰਚ ਜਾਂਦਾ। ਦੁਪਹਿਰ ਨੂੰ ਚੌਲਾਂ ਦੀਆਂ ਦੋ ਟਿੱਕੀਆਂ ਖਾਂਦਾ। ਇਹੀ ਮੇਰਾ ਭੋਜਨ ਹੁੰਦਾ ਸੀ। ਭੋਜਨ ਖਰੀਦਣ ਤੇ ਖਾਣ ’ਤੇ ਜਿੰਨਾ ਸਮਾਂ ਲੱਗਦਾ, ਓਨੇ ਚਿਰ ਤਕ ਹੀ ਮੇਰੀ ਪੜ੍ਹਾਈ ਰੁਕਦੀ। ਇਸ ਸਮੇਂ ਦੌਰਾਨ ਮੈਂ ਕਈ ਕਿਤਾਬਾਂ ਪੜ੍ਹੀਆਂ ਜਿਨ੍ਹਾਂ ਵਿੱਚ ਭੂਗੋਲ ਤੇ ਇਤਿਹਾਸ ਦੇ ਅਧਿਐਨ ਸ਼ਾਮਲ ਸਨ। ਓਥੇ ਹੀ ਪਹਿਲੀ ਵਾਰ ਮੈਂ ਦੁਨੀਆਂ ਦਾ ਨਕਸ਼ਾ ਵੇਖਿਆ ਤੇ ਬੜੀ ਦਿਲਚਸਪੀ ਨਾਲ ਉਹਦਾ ਅਧਿਐਨ ਕੀਤਾ। ਪੁਸਤਕਾਂ ਵਿੱਚ ਐਡਮ, ਡਾਰਵਿਨ, ਜਾਨ ਸਟੂਅਰਟ ਮਿੱਲ, ਰੂਸੋ, ਸਪੈਂਸਰ, ਮਾਨਟੈਸਕਿਊ ਆਦਿ ਦੀਆਂ ਲਿਖਤਾਂ ਪੜ੍ਹੀਆਂ। ਇਨ੍ਹਾਂ ਦੇ ਨਾਲ-ਨਾਲ ਕਵਿਤਾਵਾਂ, ਬੀਰ ਗਾਥਾਵਾਂ ਅਤੇ ਪ੍ਰਚਾੀਨ ਯੂਨਾਨੀ ਕਥਾਵਾਂ ਨੂੰ ਵੀ ਵਾਚਿਆ।’’

29 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਲਦੀ ਹੀ ਇਹ ਸਵੈ-ਅਧਿਐਨ ਖ਼ਤਮ ਹੋ ਗਿਆ। ਇੱਕ ਤਾਂ ਇਹ ਕਿ ਸੇਵਾਮੁਕਤ ਫ਼ੌਜੀਆਂ ਅਤੇ ਵਿਦਿਆਰਥੀਆਂ ਵਿੱਚ ਖ਼ੂਨੀ ਝੜਪਾਂ ਹੋ ਗਈਆਂ ਜਿਸ ਕਰਕੇ ਉਹਨੂੰ ਆਪਣੀ ਜਾਨ ਬਚਾ ਕੇ ਉੱਥੋਂ ਦੌੜਨਾ ਪਿਆ। ਦੂਜਾ ਬਿਨਾਂ ਕਿਸੇ ਸਕੂਲ ਵਿੱਚ ਦਾਖਲਾ ਲਿਆਂ, ਆਪਣੇ ਆਪ ਪੜ੍ਹਨ ਦੀ ਅਹਿਮੀਅਤ ਉਹਦੇ ਪਿਤਾ ਦੀਆਂ ਨਜ਼ਰਾਂ ਵਿੱਚ ਬਿਲਕੁਲ ਨਹੀਂ ਸੀ। ਉਨ੍ਹਾਂ ਲਈ ਸਵੈ-ਅਧਿਐਨ ਕੇਵਲ ਸਮੇਂ ਦੀ ਬਰਬਾਦੀ ਦੇ ਅਰਥ ਹੀ ਰੱਖਦਾ ਸੀ। ਇਸ ਲਈ ਉਨ੍ਹਾਂ ਨੇ ਪੈਸੇ-ਟਕੇ ਦੀ ਮਦਦ ਤੋਂ ਹੱਥ ਖਿੱਚ ਲਿਆ। ਉਨ੍ਹਾਂ ਨੇ ਵਿਦਿਆਰਥੀ ਮਾਓ ਨੂੰ ਆਪਣੇ ਬਾਰੇ ਫ਼ੈਸਲਾ ਕਰਨ ਦੀ ਆਗਿਆ ਦੇ ਦਿੱਤੀ। ਉਹਨੇ ਅੱਗੋਂ ਪੜ੍ਹਨ ਦਾ ਫ਼ੈਸਲਾ ਕੀਤਾ ਤੇ ਅਗਲੇ ਪੰਜਾਂ ਵਰ੍ਹਿਆਂ ਲਈ ਹੁਨਾਨ ਨਾਰਮਨ ਸਕੂਲ ਵਿੱਚ ਦਾਖਲਾ ਲੈ ਲਿਆ।
ਉਸ ਤੋਂ ਬਾਅਦ ਉਹ ਕਾਲਜ ਦਾਖਲ ਹੋ ਗਿਆ। ਕਾਲਜ ਦੇ 600 ਵਿਦਿਆਰਥੀਆਂ ਦਾ ਉਹ ਸਰਬਸੰਮਤੀ ਨਾਲ ਨੇਤਾ ਬਣ ਗਿਆ। ਇੱਥੇ ਹੀ ਉਹਨੇ ਵਿਦਿਆਰਥੀਆਂ ਨੂੰ ਜਥੇਬੰਦ ਕਰਕੇ ਭਵਿੱਖ ਦੇ ਰਾਹ ਉਲੀਕੇ। ਇਸ ਵਿਦਿਆਰਥੀ ਜਥੇਬੰਦੀ ਦਾ ਯੂਨੀਵਰਸਿਟੀ ਵਿਦਿਆਰਥੀਆਂ ’ਤੇ ਬੜਾ ਪ੍ਰਭਾਵ ਪਿਆ। ਓਧਰ, ਮਾਂਚੂ ਰਾਜਿਆਂ ਦਾ ਰਾਜ ਸਮਾਪਤ ਹੋ ਚੁੱਕਾ ਸੀ ਪਰ ਯੂਨਾਨ-ਸ਼ਿ-ਕਾਈ ਸਰਕਾਰ ਰਾਜ ਦੇ ਸਾਰੇ ਪੁਰਾਣੇ ਢਾਂਚਿਆਂ ਵਾਂਗ ਸਿੱਖਿਆ ਤੰਤਰ ਨੂੰ ਵੀ ਜਿਉਂ ਦਾ ਤਿਉਂ ਕਾਇਮ ਰੱਖਣਾ ਚਾਹੁੰਦੀ ਸੀ। ਉਧਰ ਸਮਝੌਤਾ ਹੋ ਜਾਣ ਦੇ ਬਾਵਜੂਦ ਵਿਦਿਆਰਥੀ ਲਗਾਤਾਰ ਟਕਰਾਅ ਦੀ ਸਥਿਤੀ ਵਿੱਚ ਰਹਿੰਦੇ ਸਨ। ਕਈ ਵਾਰ ਉਨ੍ਹਾਂ ਦਾ ਟਕਰਾਅ ਕਾਲਜਾਂ ਦੇ ਭ੍ਰਿਸ਼ਟਾਚਾਰੀ ਅਫ਼ਸਰਾਂ ਨਾਲ ਹੋ ਜਾਂਦਾ। ਮਾਓ ਇਨ੍ਹਾਂ ਟਕਰਾਵਾਂ ਦੀ ਸੰਚਾਲਕ ਸ਼ਕਤੀ ਸੀ। ਇੱਕ ਵਾਰ ਉਸ ਨੂੰ ਕਾਲਜ ਵਿੱਚੋਂ ਕੱਢਣ ਦਾ ਫ਼ੈਸਲਾ ਕੀਤਾ ਗਿਆ ਪਰ ਵਿਦਿਆਰਥੀਆਂ ਦੇ ਦਬਾਅ ਕਰਕੇ ਫ਼ੈਸਲਾ ਵਾਪਸ ਲੈ ਲਿਆ ਗਿਆ।
ਕਾਲਜ ਦੀ ਪੜ੍ਹਾਈ ਦੌਰਾਨ ਪ੍ਰੋਫੈਸਰ ਯਾਂਡ ਦਾ ਉਸ ’ਤੇ ਕਾਫ਼ੀ ਪ੍ਰਭਾਵ ਪਿਆ। ਯਾਂਡ ਅਨੁਸਾਰ ਮਨੁੱਖ ਨੂੰ ਆਪਣੇ ਆਪ ’ਤੇ ਘੱਟ ਤੋਂ ਘੱਟ ਖਰਚ ਕਰਨਾ ਚਾਹੀਦਾ ਹੈ। ਉਹਦੇ ਅਨੁਸਾਰ ਸਵੇਰੇ ਨਾਸ਼ਤਾ ਕਰਨ ਦੀ ਲੋੜ ਨਹੀਂ। ਸਰੀਰ ਨੂੰ ਤੰਦਰੁਸਤ ਰੱਖਣ ਲਈ ਮਨੁੱਖ ਨੂੰ ਸਾਰਾ ਸਾਲ ਠੰਢੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਮਾਓ ਦਾ ਮੱਤ ਸੀ ਕਿ ਇਹ ਆਦਰਸ਼ਵਾਦੀ ਚਿੰਤਨ ਸਾਮੰਤੀ ਸਮਾਜ ਦੇ ਖ਼ਿਲਾਫ਼  ਵਿਦਰੋਹ ਦਾ ਹੀ ਰੂਪ ਸੀ। ਸਾਮੰਤੀ ਸਮਾਜ ਵਿੱਚ ਉਤਪਾਦਨ ਦੇ ਸਾਰੇ ਸਾਧਨ ਉਨ੍ਹਾਂ ਦੁਆਰਾ ਭੋਗੇ ਜਾਣ ਲਈ ਹੁੰਦੇ ਹਨ ਕਿਉਂਕਿ ਇਨ੍ਹਾਂ ਸਾਧਨਾਂ ’ਤੇ ਉਨ੍ਹਾਂ ਦਾ ਹੀ ਕਬਜ਼ਾ ਹੁੰਦਾ ਹੈ। ਇਸ ਦੇ ਉਲਟ ਪੂੰਜੀਵਾਦੀ ਸਮਾਜ ਵਿੱਚ ਸਾਧਨਾਂ ਅਤੇ ਉਤਪਾਦਨ ਦੀ ਬਹੁਲਤਾ ਤਾਂ ਹੁੰਦੀ ਹੈ ਪਰ ਮਿਹਨਤਕਸ਼ਾਂ ਕੋਲ ਇਨ੍ਹਾਂ ਦੀ ਖਰੀਦ ਸ਼ਕਤੀ ਨਹੀਂ ਹੁੰਦੀ। ਆਦਰਸ਼ਵਾਦੀ ਚਿੰਤਨ ਘੱਟ ਤੋਂ ਘੱਟ ਵਰਤੋਂ ਕਰਨ ਅਤੇ ਦੂਜੇ ਲੋੜਵੰਦਾਂ ਵਿੱਚ ਵੰਡਣ ਨੂੰ ਪਹਿਲ ਦਿੰਦਾ ਹੈ। ਪ੍ਰੋਫ਼ੈਸਰ ਯਾਂਡ ਦੇ ਪ੍ਰਭਾਵ ਹੇਠ ਹੀ ਤਕਰੀਬਨ ਦੋ ਸਾਲ ਤਕ ਮਾਓ ਨੇ ਨਾਸ਼ਤਾ ਨਹੀਂ ਕੀਤਾ। ਇੱਕ ਸਾਲ ਕਾਲਜ ਦੀਆਂ ਛੁੱਟੀਆਂ ਵਿੱਚ ਸਿਰਫ਼ ਇੱਕ ਪਰਨੇ ਤੇ ਕੁਝ ਕੁ ਕੱਪੜਿਆਂ ਨਾਲ ਠੰਢ ਦੇ ਮੌਸਮ ਵਿੱਚ ਪਹਾੜ ਉੱਪਰ ਖੁੱਲ੍ਹੇ ਆਕਾਸ਼ ਹੇਠ ਸੌਂਦਾ ਰਿਹਾ। ਇਸ ਬਾਰੇ ਉਹ ਲਿਖਦਾ ਹੈ-
‘‘ਅਸੀਂ ਬੜੇ ਜੋਸ਼ ਨਾਲ ਸਰੀਰਕ ਕਸਰਤ ਕਰਦੇ ਸਾਂ। ਸਰਦੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਪੈਦਲ ਖੇਤਾਂ ਦੀ ਸੈਰ ਕਰਦੇ ਸਾਂ। ਪਹਾੜਾਂ ’ਤੇ ਚੜ੍ਹਿਆ ਉਤਰਿਆ ਕਰਦੇ ਸਾਂ। ਸ਼ਹਿਰ ਦੀ ਕੰਧ ਦੇ ਨਾਲ-ਨਾਲ ਘੁੰਮਦੇ ਫਿਰਦੇ ਰਹਿੰਦੇ ਸਾਂ ਅਤੇ ਠੰਢੇ ਜਲ ਸੋਮਿਆਂ ਅਤੇ ਨਦੀਆਂ, ਝਰਨਿਆਂ ਨੂੰ ਪਾਰ ਕਰਦੇ ਸਾਂ। ਜੇ ਮੀਂਹ ਪੈ ਰਿਹਾ ਹੁੰਦਾ ਤਾਂ ਅਸੀਂ ਆਪਣੀਆਂ-ਆਪਣੀਆਂ ਕਮੀਜ਼ਾਂ ਉਤਾਰ ਕੇ ਮੀਂਹ ਵਿੱਚ ਭਿੱਜਦੇ ਰਹਿੰਦੇ। ਇਸ ਨੂੰ ਅਸੀਂ ਮੀਂਹ ਇਸ਼ਨਾਨ ਕਹਿੰਦੇ ਸਾਂ। ਜੇ ਤਿੱਖੀ, ਤੇਜ਼ ਧੁੱਪ ਹੁੰਦੀ ਤਾਂ ਵੀ ਅਸੀਂ ਆਪਣੀਆਂ ਕਮੀਜ਼ਾਂ ਉਤਾਰ ਲੈਂਦੇ। ਇਸ ਨੂੰ ਅਸੀਂ ਧੁੱਪ ਇਸ਼ਨਾਨ ਕਹਿੰਦੇ। ਬਸੰਤ ਦੀ ਰੁੱਤੇ ਜਦੋਂ ਤਿੱਖੀਆਂ ਤੇਜ਼ ਹਵਾਵਾਂ ਵਗਦੀਆਂ ਤਾਂ ਉਸ ਨੂੰ ਅਸੀਂ ਹਾਸੇ ਠੱਠੇ ਵਿੱਚ ਹਵਾ ਇਸ਼ਨਾਨ ਕਹਿੰਦੇ। ਸਰਦੀ ਦੇ ਮੌਸਮ ਵਿੱਚ ਵੀ ਅਸੀਂ ਖੁੱਲ੍ਹੇ ਅਸਮਾਨ ਹੇਠਾਂ ਸੌਂਦੇ ਅਤੇ ਨਵੰਬਰ ਦੇ ਮਹੀਨੇ ਠੰਢੇ ਦਰਿਆਵਾਂ ਵਿੱਚ ਇਸ਼ਨਾਨ ਕਰਦੇ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਅਸੀਂ ਸਰੀਰਕ ਅਭਿਆਸ ਦਾ ਨਾਂ ਦਿੱਤਾ ਹੋਇਆ ਸੀ। ਇਸ ਨਾਲ ਮੈਨੂੰ ਸਰੀਰਕ ਡੀਲ ਡੋਲ ਵਿਕਸਤ ਕਰਨ ਵਿੱਚ ਬੜੀ ਮਦਦ ਮਿਲੀ, ਜਿਹੜੀ ਬਾਅਦ ਵਿੱਚ ਦੱਖਣੀ ਚੀਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਕੂਚ ਕਰਨ ਵੇਲੇ ਅਤੇ ਚਿਆਂਗ-ਸ਼ਾਈ ਪ੍ਰਾਂਤ ਤੋਂ ਉੱਤਰ ਪੱਛਮੀ ਚੀਨ ਤਕ ਲਾਂਗ ਮਾਰਚ ਪੂਰਾ ਕਰਨ ਦੇ ਪੱਖੋਂ ਬੜੀ ਲਾਹੇਵੰਦ ਸਾਬਤ ਹੋਈ।
4 ਮਈ 1919 ਨੂੰ ਵਿਦਿਆਰਥੀਆਂ ਦੇ ਵਿਸ਼ਾਲ ਜਲੂਸ ਨੇ ਉਸ ਨੂੰ ਘੇਰ ਲਿਆ, ਜਿੱਥੇ ਸਰਕਾਰ ਦੇ ਮੰਤਰੀ ਜਪਾਨੀ ਰਾਜਦੂਤਾਂ ਨਾਲ ਚੀਨ ਦੀ ਲੁੱਟ-ਖਸੁੱਟ ਕਰਨ ਲਈ ਗੱਲਬਾਤ ਕਰ ਰਹੇ ਸਨ। ਪੁਲੀਸ ਨੇ ਵਿਦਿਆਰਥੀਆਂ ’ਤੇ ਗੋਲੀ ਚਲਾ ਦਿੱਤੀ ਤੇ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ। ਦੇਖਦੇ ਹੀ ਦੇਖਦੇ ਵਿਦੇਸ਼ੀ ਪੂੰਜੀਪਤੀਆਂ ਦੇ ਖ਼ਿਲਾਫ਼ ਸਮੁੱਚੇ ਦੇਸ਼ ਵਿੱਚ ਰੋਹ ਪੈਦਾ ਹੋ ਗਿਆ। ਇਸ ਦੌਰਾਨ ਹੀ ਮਾਓ ਨੇ ਇਹ ਨਾਅਰਾ ਦਿੱਤਾ, ‘‘ਇਹ ਦੁਨੀਆਂ ਸਾਡੀ ਹੈ, ਇਹ ਦੇਸ਼ ਸਾਡਾ ਹੈ, ਇਹ ਸਮਾਜ ਸਾਡਾ ਹੈ।’’ ਇਸੇ ਸਮੇਂ ਮਾਓ ਕੁਝ ਦੇਰ ਅਧਿਆਪਕ ਵੀ ਰਿਹਾ।

29 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੰਨ 1921-22 ਵਿੱਚ ਉਹਨੂੰ ਆਪਣੇ ਇੱਕ ਅਧਿਆਪਕ ਦੀ ਬੇਟੀ ਯਾਂਡ ਨਾਲ ਪ੍ਰੇਮ ਹੋ ਗਿਆ। ਯਾਂਡ ਇੰਨੀ ਵਰ੍ਹਿਆਂ ਦੀ ਜਵਾਨ ਉਮਰੇ 1921 ਵਿੱਚ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਈ। ਮਾਓ ਨਾਲ 1923 ਤੋਂ 1925 ਤਕ ਸ਼ੰਘਾਈ, ਚਿਆਂਗ-ਸ਼ਾਅ ਆਦਿ ਮੁਹਿੰਮਾਂ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਔਰਤਾਂ ਨੂੰ ਜਥੇਬੰਦ ਕਰਨ ਵਿੱਚ ਉਹਨੇ ਬੜੀ ਮਿਹਨਤ ਕੀਤੀ। ਸਾਲ 1927 ਵਿੱਚ ਇਨਕਲਾਬ ਦੇ ਅਸਫ਼ਲ ਹੋ ਜਾਣ ਤੋਂ ਬਾਅਦ ਮਾਓ ਲਾਲ ਫ਼ੌਜ ਦੇ ਗਠਨ ਲਈ ਰੂਪੋਸ਼ ਹੋ ਗਿਆ, ਤਦੋਂ ਵੀ ਉਹ ਕਮਿਊਨਿਸਟ ਪਾਰਟੀ ਦੀਆਂ ਗਤੀਵਿਧੀਆਂ ਨੂੰ ਚਲਾਉਂਦੀ ਰਹੀ। ਉਹ ਇੱਕ ਪ੍ਰਤਿਭਾਸ਼ਾਲੀ, ਇਨਕਲਾਬੀ ਵਿਚਾਰਾਂ ਨਾਲ ਪ੍ਰਣਾਈ ਔਰਤ ਸੀ। ਬੀਜਿੰਗ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਹੀ ਉਹਨੇ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਲਈ ਵੱਡਾ ਰੋਲ ਅਦਾ ਕੀਤਾ। ਉਹਦੇ ਦੋ ਬੱਚੇ ਸਨ, ਜਿਹੜੇ ਉਹਦੀ ਮੌਤ ਤੋਂ ਬਾਅਦ ਨਾਨਾ ਨਾਨੀ ਨੇ ਪਾਲੇ। ਜਵਾਨੀ ਦੀ ਉਮਰੇ ਹੀ ਕਿਸਾਨਾਂ ਨੂੰ ਜਥੇਬੰਦ ਕਰਦੀ ਉਹ ਗ੍ਰਿਫ਼ਤਾਰ ਕਰ ਲਈ ਗਈ ਤੇ ਬਾਅਦ ਵਿੱਚ ਉਹਨੂੰ ਗੋਲੀ ਮਾਰ ਦਿੱਤੀ ਗਈ। ਮਾਓ ਨਾਲ ਉਹਦਾ ਪਿਆਰ ਵਿਆਹ ਇਨਕਲਾਬੀ ਸਫਾਂ ਵਿੱਚ ਲੰਮੇ ਸਮੇਂ ਤਕ ਆਦਰਸ਼ ਬਣਿਆ ਰਿਹਾ।
ਰਾਜਨੀਤਕ ਜ਼ਿੰਦਗੀ ਵਿੱਚ ਮਾਓ ਦੇ ਪਰਿਵਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹਦੇ ਪਰਿਵਾਰ ਦੇ ਪੰਜ ਮੈਂਬਰ ਇਸ ਇਨਕਲਾਬੀ ਯਾਤਰਾ ਵਿੱਚ ਸ਼ਹੀਦ ਹੋ ਗਏ। ਉਹਦੇ ਭਰਾ ਮਾਓ ਚੇਤੀਨ ਨੂੰ 1943 ਵਿੱਚ 47 ਵਰ੍ਹਿਆਂ ਦੀ ਉਮਰ ਵਿੱਚ ਗੋਲੀ ਮਾਰ ਦਿੱਤੀ ਗਈ। ਉਹਦਾ ਛੋਟਾ ਭਰਾ ਮਾਓ-ਚ-ਥਾਨ 1935 ਵਿੱਚ ਕੌਮਿਤਾਂਗ ਯੁੱਧ ਵਿੱਚ 35 ਵਰ੍ਹਿਆਂ ਦੀ ਉਮਰ ਵਿੱਚ ਲੜਦਾ ਸ਼ਹੀਦ ਹੋ ਗਿਆ। ਸਾਲ 1929 ਵਿੱਚ ਉਹਦੀ ਚਚੇਰੀ ਭੈਣ ਮਾਓ-ਚਚੇਨ ਨੂੰ 24 ਵਰ੍ਹਿਆਂ ਦੀ ਉਮਰ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਮਾਓ-ਚ-ਥਾਨ ਦਾ ਬੇਟਾ ਮਾਓ-ਛੁ-ਸ਼ੁੰਗ ਕੇਵਲ 18 ਵਰ੍ਹਿਆਂ ਦੀ ਉਮਰ ਵਿੱਚ ਇਨਕਲਾਬ ਲਈ ਸ਼ਹੀਦ ਹੋ ਗਿਆ।
ਏਥੇ ਹੀ ਬਸ ਨਹੀਂ ਉਹਦਾ ਇੱਕ ਬੇਟਾ ਕਾਮਰੇਡ ਮਾਓ-ਆਨਈਡ ਕੋਰੀਆ ਵਿੱਚ ਸਾਮਰਾਜੀਆਂ ਨਾਲ ਯੁੱਧ ਵਿੱਚ ਲੜਦਾ ਸ਼ਹੀਦ ਹੋ ਗਿਆ। ਉਸ ਦੀ ਸ਼ਹੀਦੀ ਨੇ ਮਾਓ ਨੂੰ ਬੜਾ ਉਦਾਸ ਕੀਤਾ ਪਰ ਉਹਦੇ ਲਫ਼ਜ਼ ਸਨ, ‘‘ਇਹ ਯੁੱਧ ਹੈ, ਯੁੱਧ ਵਿੱਚ ਲੋਕਾਂ ਦੀਆਂ ਜਾਨਾਂ ਤਾਂ ਜਾਣਗੀਆਂ ਹੀ। ਇਹ ਨਾ ਸੋਚੋ ਕਿ ਆਨਈਡ ਨੂੰ ਚੀਨ ਅਤੇ ਕੋਰੀਆ ਦੇ ਲੋਕਾਂ ਲਈ ਇਸ ਕਰਕੇ ਸ਼ਹਾਦਤ ਨਹੀਂ ਸੀ ਦੇਣੀ ਚਾਹੀਦੀ ਕਿਉਂਕਿ ਉਹ ਮੇਰਾ ਪੁੱਤਰ ਹੈ।’’
ਸੰਨ 1930 ਵਿੱਚ ਮਾਓ ਨੇ ਹੋ-ਚਿਚਨ ਨਾਲ ਦੂਜਾ ਵਿਆਹ ਕਰ ਲਿਆ। ਉਹ ਯਾਂਡ ਵਾਂਗ ਪਾਰਟੀ ਦੀ ਵਰਕਰ ਤਾਂ ਨਹੀਂ ਸੀ ਪਰ ਉਂਜ ਸਹਿਯੋਗ ਦਿੰਦੀ ਸੀ। ਲਾਂਗ ਮਾਰਚ ਦੌਰਾਨ ਰਸਤੇ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਓ ਨੇ ਉਹਨੂੰ ਘਰ ਰਹਿਣ ਦੀ ਸਲਾਹ ਦਿੱਤੀ ਪਰ ਉਹ ਨਾ ਮੰਨੀ। ਰਸਤੇ ਵਿੱਚ ਉਹ ਬਹੁਤ ਬੀਮਾਰ ਹੋ ਗਈ। ਅੰਤ ਉਹਦੀ ਸਿਹਤ ਏਨੀ ਵਿਗੜ ਗਈ ਕਿ ਉਹਨੂੰ ਇਲਾਜ ਲਈ ਸੋਵੀਅਤ ਯੂਨੀਅਨ ਭੇਜਿਆ ਗਿਆ, ਜਿੱਥੇ ਉਹ ਮਾਨਸਿਕ ਰੋਗ ਦਾ ਸ਼ਿਕਾਰ ਹੋ ਗਈ।

29 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਨਕਲਾਬ ਤੋਂ ਬਾਅਦ ਲੋਕਾਂ ਨੇ ਮਾਓ ਨੂੰ ਕਿਹਾ ਕਿ ਉਹ ਚਿਚਨ ਦੇ ਬੱਚਿਆਂ ਦੀ ਭਾਲ ਕਰੇ ਪਰ ਮਾਓ ਨੇ ਇਨਕਾਰ ਕਰਦਿਆਂ ਕਿਹਾ ਜੇ ਤਾਂ ਉਹ ਲੱਖਾਂ ਚੀਨੀਆਂ ਨਾਲ ਇਨਕਲਾਬ ਦੀ ਖਾਤਰ ਸ਼ਹੀਦ ਹੋ ਗਏ ਹੋਣਗੇ, ਜੇ ਜਿਉਂਦੇ ਹੋਏ ਤਾਂ ਕਰੋੜਾਂ ਚੀਨੀਆਂ ਨਾਲ ਮਿਲ ਕੇ ਸਮਾਜਵਾਦ ਦੀ ਉਸਾਰੀ ਵਿੱਚ ਲੱਗੇ ਹੋਣਗੇ।
ਹੋ-ਚਿਚਨ ਤੋਂ ਵੱਖ ਹੋਣ ਤੋਂ ਬਾਅਦ ਮਾਓ ਦੀ ਮੁਲਾਕਾਤ ਚਿਆਂਗ-ਛਿੜ ਨਾਲ ਹੋਈ। ਚਿਆਂਗ ਸ਼ੰਘਾਈ ਦੀ ਪ੍ਰਸਿੱਧ ਹੀਰੋਇਨ ਸੀ ਤੇ ਉਸ ਦੌਰ ਵਿੱਚ ਚੀਨੀਆਂ ਵਿੱਚ ਵਧ ਰਹੀ ਕੌਮੀ ਭਾਵਨਾ ਕਰਕੇ ਉਹ ਕਮਿਊਨਿਸਟ ਲਹਿਰ ਨਾਲ ਜੁੜ ਗਈ ਸੀ। ਪਾਰਟੀ ਵਿੱਚ ਮਾਓ ਦੀ ਪਤਨੀ ਦੇ ਮੁਕਾਬਲੇ ਉਹਨੇ ਵਧੇਰੇ ਗਤੀਸ਼ੀਲ ਢੰਗ ਨਾਲ ਕਮਾਨ ਸੰਭਾਲ ਲਈ ਸੀ। ਇਨਕਲਾਬ ਤੋਂ ਬਾਅਦ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਧੇਰੇ ਰੁਚਿਤ ਹੋਣ ਕਾਰਨ ਉਹ ਇਸ ਮੁਹਿੰਮ ਦੀ ਅਗਵਾਈ ਵਾਲੀ ਟੀਮ ਦਾ ਹਿੱਸਾ ਬਣ ਗਈ। ਉਸ ਨੇ ਮਾਓ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਨਕਲਾਬੀ ਲਹਿਰ ਲਈ ਕੰਮ ਕੀਤਾ। ਮਾਓ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਮ ਲਾਂਗ ਮਾਰਚ ਸੀ ਜਿਸ ਨੇ ਚੀਨ ਵਿੱਚ ਇਨਕਲਾਬ ਲਿਆਉਣ ਲਈ ਆਧਾਰ ਭੂਮੀ ਕਾਇਮ ਕੀਤੀ। ਜੇ ਦੁਨੀਆਂ ਦੇ ਸੱਤ ਅਜੂਬਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਚੀਨ ਦੀ ਮਹਾਨ ਦੀਵਾਰ ਦਾ ਜ਼ਿਕਰ ਵੀ ਆਉਂਦਾ ਹੈ। ਜੇ ਮਨੱੁਖੀ ਸੰਘਰਸ਼ ਦੀ ਗੱਲ ਕਰੀਏ ਤਾਂ ਲਾਂਗ ਮਾਰਚ ਮਨੁੱਖੀ ਇਤਿਹਾਸ ਦਾ ਇੱਕ ਅਜੂਬਾ ਹੀ ਸੀ। ਇਸ ਮੁਹਿੰਮ ਦੀ ਸ਼ੁਰੂਆਤ ਭਾਵੇਂ ਹਾਰ ਕਾਰਨ ਹੋਈ ਨਿਰਾਸ਼ਾ ਵਿੱਚ ਪਈ ਸੀ ਪਰ ਸੁਨਹਿਰੀ ਭਵਿੱਖ ਦੀ ਆਸ ਇਸ ਦੇ ਰਾਹਾਂ ਵਿੱਚ ਖਿਲਰੀ ਨਜ਼ਰ ਆਉਂਦੀ ਸੀ। ਅਕਤੂਬਰ 1934 ਦੇ ਇਤਿਹਾਸਕ ਲਾਂਗ ਮਾਰਚ ਵੇਲੇ ਮਾਓ ਨੇ ਪ੍ਰਸਿੱਧ ਕਵਿਤਾ ਲਿਖੀ ਸੀ:
ਪੂਰਬ ਵੱਲ ਜਲਦੀ ਹੀ ਹੋਣ ਵਾਲਾ ਹੈ ਸਵੇਰਾ
ਇਹ ਨਾ ਕਹੋ। ਤੁਸੀਂ ਜਲਦੀ ਕਰ ਰਹੇ ਹੋ ਪ੍ਰਸਥਾਨ
ਦੇਖਦਿਆਂ ਦੇਖਦਿਆਂ ਅਸੀਂ ਉਲੰਘ ਜਾਵਾਂਗੇ
ਇਨ੍ਹਾਂ ਨੀਲੇ ਪਹਾੜਾਂ ਨੂੰ
ਜਿਨ੍ਹਾਂ ਦਾ ਦ੍ਰਿਸ਼ ਹੈ ਬੜਾ ਦਿਲਕਸ਼
ਹੂਈਚਾਂਗ ਦੀਆਂ ਦੀਵਾਰਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ
ਉੱਚੀਆਂ ਚੋਟੀਆਂ ਦਾ ਸਿਲਸਿਲਾ
ਇੱਕ ਤੋਂ ਬਾਅਦ ਇੱਕ ਪਰਬਤ ਲੜੀਆਂ
ਫੈਲੀਆਂ ਹਨ ਪੂਰਬੀ ਸਮੁੰਦਰਾਂ ਤਕ
ਦੱਖਣ ਵਿੱਚ ਕਵਾੜਤੁੜ ਨੂੰ
ਨਿਸ਼ਾਨਾ ਹੈ ਬਣਾਇਆ ਸਾਡੇ ਫ਼ੌਜੀਆਂ
ਦੂਰ ਜਿੱਥੇ ਫੈਲੀ ਹੈ ਹਰਿਆਲੀ
ਦਿਸ ਰਹੀ ਹੈ ਧੁੰਦਲੀ ਧੁੰਦਲੀ…

ਦੁਸ਼ਮਣ ਨੂੰ ਧੋਖਾ ਦੇਣ ਲਈ ਦਿਸ਼ਾਵਾਂ ਵਿੱਚ ਤਬਦੀਲੀ ਕਰਦਿਆਂ ਤਿੰਨ ਰਾਤਾਂ ਤਕ ਲਾਲ ਫ਼ੌਜ ਪੱਛਮ ਵੱਲ ਅਤੇ ਫਿਰ ਦੱਖਣ ਵੱਲ ਮੁੜਦਿਆਂ ਹੁਨਾਨ ਤੋਂ ਬਾਅਦ ਨੇਚੁਆਨ ਵੱਲ ਚੱਲਣ ਲੱਗੀ। ਚੌਥੀ ਰਾਤ ਇਕੱਠਿਆਂ ਕੌਮਿਤਾਂਗ ਦੇ ਜ਼ਿਲ੍ਹੇ ’ਤੇ ਬੋਲ ਕੇ ਲਾਲ ਫ਼ੌਜ ਨੇ ਘੇਰੇ ਤੋਂ ਬਾਹਰ ਨਿਕਲਣ ਲਈ ਰਾਹ ਬਣਾਇਆ। ਚਾਰ-ਚਾਰ ਕਿਲ੍ਹੇਬੰਦੀਆਂ ਤੋੜ ਕੇ ਨੌਂ-ਨੌਂ ਲੜਾਈਆਂ ਲੜ ਕੇ ਲਾਲ ਫ਼ੌਜ ਕੇਵਲ ਇੱਕ ਤਿਹਾਈ ਹੀ ਬਚ ਸਕੀ। ਲਾਂਗ ਮਾਰਚ ਨੇ ਪਹਿਲੇ ਤਿੰਨ ਮਹੀਨਿਆਂ ਵਿੱਚ ਪਾਰਟੀ ਪੂਰੀ ਤਰ੍ਹਾਂ ਮਾਓ ਦੀ ਅਗਵਾਈ ਵਿੱਚ ਕੰਮ ਨਾ ਕਰ ਸਕੀ। ਲਾਂਗ ਮਾਰਚ ਦੌਰਾਨ ਹੀ ਜਦੋਂ 1935 ਵਿੱਚ ਚੁਨਾਈ ਵਿੱਚ ਕਾਨਫਰੰਸ ਹੋਈ ਤਾਂ ਪੂਰੀ ਤਰ੍ਹਾਂ ਮਾਓ ਦੀ ਅਗਵਾਈ ਨੂੰ ਸਵੀਕਾਰ ਕਰ ਲਿਆ ਗਿਆ ਤੇ ਇੰਜ ਇਸ ਮਹਾਨ ਇਨਕਲਾਬੀ ਯੋਧੇ ਨੇ ਚੀਨੀ ਅਵਾਮ ਦੀ ਮੁਕਤੀ ਦਾ ਰਾਹ ਖੋਲ੍ਹਿਆ। ਇਸ ਬਾਰੇ ਉਹਨੇ ਖ਼ੁਦ ਲਿਖਿਆ ਹੈ:
‘ਲਾਂਗ ਮਾਰਚ ਇੱਕ ਐਲਾਨਨਾਮਾ ਵੀ ਹੈ, ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲਾਲ ਫ਼ੌਜ ਯੋਧਿਆਂ ਦੀ ਫ਼ੌਜ ਹੈ ਅਤੇ ਸਾਮਰਾਜਵਾਦੀ ਤੇ ਉਨ੍ਹਾਂ ਦੇ ਪਾਲਤੂ ਕੁੱਤੇ ਇਹਦੇ ਸਾਹਮਣੇ ਕੋਈ ਹੈ ਹੈਸੀਅਤ ਨਹੀਂ ਰੱਖਦੇ। ਲਾਂਗ ਮਾਰਚ ਇੱਕ ਪ੍ਰਚਾਰਕ ਜੱਥਾ ਵੀ ਹੈ, ਜਿਸ ਨੇ ਗਿਆਰਾਂ ਪ੍ਰਦੇਸ਼ਾਂ ਦੀ ਲਗਪਗ 20 ਕਰੋੜ ਜਨਤਾ ਸਾਹਮਣੇ ਇਹ ਐਲਾਨ ਕਰ ਦਿੱਤਾ ਕਿ ਲਾਲ ਫ਼ੌਜ ਦਾ ਰਾਹ ਮੁਕਤੀ ਦਾ ਰਾਹ ਹੈ। ਇਹ ਸੰਸਾਰ ਦੀ ਅਜਿਹੀ ਮਹਾਨ ਸੱਚਾਈ ਵੀ ਹੈ, ਜਿਹੜੀ ਲਾਲ ਫ਼ੌਜ ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਹ ਲਾਂਗ ਮਾਰਚ ਬੀਜ ਬੀਜਣ ਵਾਲੀ ਮਸ਼ੀਨ ਵੀ ਹੈ, ਜਿਸ ਨੇ ਗਿਆਰਾਂ ਪ੍ਰਾਂਤਾਂ ਵਿੱਚ ਇਨਕਲਾਬ ਦਾ ਬੀਜ ਬੀਜਿਆ ਹੈ ਤੇ ਹੁਣ ਇਸ ਤੋਂ ਭਵਿੱਖ ਦੀਆਂ ਫ਼ਸਲਾਂ ਤਿਆਰ ਹੋਣਗੀਆਂ।’’
ਇਹ ਮਹਾਨ ਮੁਕਤੀਦਾਤਾ 9 ਸਤੰਬਰ 1976 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਹਦੀ ਲਾਲ ਗੁੰਜਾਰ ਅੱਜ ਵੀ ਇਤਿਹਾਸ ਦੇ ਪੰਨਿਆਂ ’ਤੇ ਮੁਕਤੀ ਦੇ ਤਰਾਨੇ ਵਜੋਂ ਗੂੰਜ ਰਹੀ ਹੈ:
ਉਠ ਖੜੇ ਹੋਏ ਨੇ ਹਜ਼ਾਰਾਂ ਲੱਖਾਂ
ਮਜ਼ਦੂਰ ਕਿਸਾਨ
ਤੇਜ਼ੀ ਨਾਲ ਪਾਰ ਕਰਦੇ ਹੋਏ ਚਿਆੜਸ਼ੀ ਨੂੰ
ਸਿੱਧੇ ਵਧ ਗਏ ਹਨ
ਹੁਨਾਨ ਤੇ ਹੁਪੇਹ ਵੱਲ
‘ਇੰਟਰਨੈਸ਼ਨਲ’ ਦੀ ਝੰਜੋੜਦੀ ਲੈਅ ਨਾਲ
ਆਕਾਸ਼ ਵਿੱਚੋਂ ਟੁੱਟ ਕੇ ਆ ਰਿਹਾ ਹੈ
ਇੱਕ ਪ੍ਰਚੰਡ, ਰੋਹੀਲਾ ਚੱਕਰਵਾਤ…।

 

ਡਾ. ਪਰਮਜੀਤ ਸਿੰਘ ਢੀਂਗਰਾ ਮੋਬਾਈਲ: 94173-58120

29 Mar 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

tfs     jio babeo

kamal krti ji ............

30 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANK FOR SHAIRING

30 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ......ਧਨਵਾਦ......ਸਾਂਝ ਪਾਓਣ ਲਈ........

06 Apr 2012

Reply