Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗੁੰਮ ਗਈ ਮਖ਼ਮਲੀ ਆਵਾਜ਼: ਮਹਿਦੀ ਹਸਨ

ਗਜ਼ਲ ਗਾਇਕੀ ਦੀ ਪੁਰ-ਕਸ਼ਿਸ਼ ਆਵਾਜ਼ ਬ੍ਰਹਿਮੰਡ ’ਚ ਗੁੰਮ ਹੋ ਗਈ ਹੈ। ਆਪਣੀ ਮਖ਼ਮਲੀ ਆਵਾਜ਼ ਨਾਲ ਕਰੋੜਾਂ ਲੋਕਾਂ ਨੂੰ ਗਜ਼ਲ ਗਾਇਕੀ ਨਾਲ ਜੋੜਨ ਵਾਲਾ ਫ਼ਨਕਾਰ ਵਿਦਾ ਹੋ ਗਿਆ ਹੈ। ਮਹਿਦੀ ਹਸਨ ਇੱਕ ਜਨੂੰਨ ਦੀ ਆਵਾਜ਼ ਦਾ ਨਾਂ ਸੀ। ਅੱਜ ਸਰਹੱਦ ਦੇ ਇੱਧਰ ਤੇ ਉੱਧਰ ਉਦਾਸੀ ਦਾ ਆਲਮ ਹੈ। ਮਹਿਦੀ ਹਸਨ ਦੀ ਖਨਕ ਭਰੀ ਮਖ਼ਮਲੀ ਆਵਾਜ਼, ਅਹਿਸਾਸ ਦੇ ਬੋਲਾਂ ਦੇ ਅੰਦਾਜ਼ ਦੀ ਆਵਾਜ਼ ਹੁਣ ਕਦੀ ਨਹੀਂ ਆਵੇਗੀ। ਮਹਿਦੀ ਹਸਨ ਨੇ ਜਿਸ ਤਰ੍ਹਾਂ ਗਜ਼ਲ ਗਾਇਕੀ ਨੂੰ ਆਮ ਲੋਕਾਂ ਤਕ ਪਹੁੰਚਾਇਆ, ਉਹ ਹੋਰ ਕਿਸੇ ਫ਼ਨਕਾਰ ਦੇ ਹਿੱਸੇ ਨਹੀਂ ਆਇਆ ਹੈ। ਫ਼ਰਾਜ਼ ਸਾਹਿਬ ਦੇ ਕਲਾਮ- ‘ਅਬ ਕੇ ਹਮ ਬਿਛੜੇ ਤੋ ਸ਼ਾਇਦ ਕਭੀ ਹਮ ਖ਼ੁਆਬੋਂ ਮੇਂ ਮਿਲੇ, ਜਿਸ ਤਰਹ ਸੂਖੇ ਹੂਏ ਫੂਲ ਕਿਤਾਬੋਂ ਮੇਂ ਮਿਲੇ।’  ਨੂੰ ਮਨ ਦੀ ਗਹਿਰਾਈ ਤੇ ਸੁਰ ਦੀ ਅਜਿਹੀ ਸੰਜੀਦਗੀ ਮਹਿਦੀ ਹਸਨ ਨੇ ਬਖਸ਼ੀ ਕਿ ਇਹ ਕਲਾਮ ਅਮਰ ਹੋ ਗਿਆ। ਸੁਰਾਂ ਦੀ ਮਲਿਕਾ, ਲਤਾ ਮੰਗੇਸ਼ਕਰ ਨੇ ਮੇਂਹਦੀ ਹਸਨ ਦੀ ਆਵਾਜ਼ ਨੂੰ ‘ਰੱਬ ਦੀ ਆਵਾਜ਼’ ਕਿਹਾ ਸੀ। ਇਹ ਉਹ ਵੇਲਾ ਸੀ, ਜਦੋਂ 2010 ਵਿੱਚ ਉਨ੍ਹਾਂ ਦੀ ਆਵਾਜ਼ ਵਿੱਚ ਪਹਿਲਾ ਗਾਇਆ ਹੋਇਆ ਐਲਬਮ ‘ਤੇਰਾ ਮਿਲਨਾ’ ਰਿਲੀਜ਼ ਹੋਇਆ ਸੀ।
18 ਅਗਸਤ 1927 ਵਿੱਚ ਭਾਰਤ (ਅਣਵੰਡੇ) ਰਾਜਸਥਾਨ ਪ੍ਰਾਂਤ ਦੇ ਝੁਨਝੁੰਨੂ ਜ਼ਿਲ੍ਹੇ ਦੇ ਲੂਣਾ ਪਿੰਡ ’ਚ ਪੈਦਾ ਹੋਏ ਮਹਿਦੀ ਹਸਨ ਰੇਤੀਲੇ ਟਿੱਬਿਆਂ ਦੀ ਰੋਮਾਨੀਅਤ ਵਿੱਚ ਸੁਰ ਪਛਾਣਦੇ ਹੋਏ, ਆਪਣੇ ਪਰਿਵਾਰ ਨਾਲ ਵੰਡ ਵੇਲੇ ਪਾਕਿਸਤਾਨ ਚਲੇ ਗਏ ਪਰ ਭਾਰਤ ਉਨ੍ਹਾਂ ਦੀਆਂ ਯਾਦਾਂ ’ਚ ਹਰ ਦਮ ਤਾਜ਼ਾ ਰਿਹਾ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਗਾਉਣ ਨਾਲ ਤੁਅੱਲਕ ਰੱਖਦੀ ਹੋਈ ਪਰਿਵਾਰਕ ਪੀੜ੍ਹੀ ਦੇ 16ਵੇਂ ਗਾਇਕ ਸਨ ਅਰਥਾਤ ਗਾਇਕੀ ਦੀ 16ਵੀਂ ਪੀੜ੍ਹੀ ਦੇ ਵਾਰਸ ਨੇ ਕਲਾਸੀਕਲ ਤੇ ਰਵਾਇਤੀ ਧੁਰੁੱਪਦ ਗਾਇਕੀ ਨੂੰ ਛੱਡ ਕੇ ਗਜ਼ਲ ਗਾਇਕੀ ਨੂੰ ਅਪਣਾਇਆ। ਆਪਣੇ ਪਿਤਾ ਉਸਤਾਦ ਅੰਜੀਮ ਖਾਨ ਤੇ ਚਾਚਾ ਇਸਮਾਇਲ ਖਾਨ ਨੂੰ ਗੁਰੂ ਮੰਨਣ ਵਾਲੇ ਮਹਿਦੀ ਹਸਨ ਨੇ ਬਾਅਦ ਵਿੱਚ ਉਸਤਾਦ ਬਰਕਤ ਅਲੀ ਖਾਨ ਦੀ ਵੀ ਸ਼ਾਗਿਰਦੀ ਕੀਤੀ।
1957 ਵਿੱਚ ਮਹਿਦੀ ਹਸਨ ਪਹਿਲੀ ਵਾਰੀ ਇਸ ਦੁਨੀਆਂ ਦੇ ਸਾਹਮਣੇ ਆਏ। ਰੇਡੀਓ ਪਾਕਿਸਤਾਨ ਤੋਂ 1957 ’ਚ ਮਹਿਦੀ ਹਸਨ ਨੇ ਠੁਮਰੀ ਗਾਈ। ਇਸ ਤੋਂ ਬਾਅਦ  ਜੈਡ.ਏ. ਬੁਖਾਰੀ ਤੇ ਰਫ਼ੀਕ ਅਨਵਰ ਦੀ ਅਗਵਾਈ ’ਚ ਉਨ੍ਹਾਂ ਗਜ਼ਲ ਗਾਇਕੀ ’ਚ ਐਸਾ ਜਾਦੂ ਚਲਾਇਆ ਕਿ ਉਹ ਗਜ਼ਲ ਦੇ ਬਾਦਸ਼ਾਹ ਹੋ ਗਏ। ਜੈਪੁਰ ਵਿੱਚ ਆਪਣੇ ਵਿਰਾਸਤ ਸੋਲੋ ’ਚ ਰੇਸ਼ਮਾ ਨਾਲ ਆਏ ਮਹਿਦੀ ਹਸਨ ਨੂੰ ਲਾਈਵ ਰਿਕਾਰਡ ਕਰਦਿਆਂ ਮਹਿਦੀ ਹਸਨ ਦੇ ਅੰਦਰਲੇ ਫ਼ਨਕਾਰ ਨੂੰ ਪਛਾਣਿਆ ਜਾ ਸਕਦਾ ਹੈ। ਮੈਨੂੰ ਮਾਣ ਹੈ ਕਿ ਮੈਂ ਮਹਿਦੀ ਹਸਨ ਨੂੰ ਐਨਾ ਨੇੜਿਓਂ ਜਾਣ ਸਕਿਆ। ਆਪਣੀ ਇਸ ਜੈਪੁਰ ਮਿਲਣੀ ’ਚ ਉਨ੍ਹਾਂ ਨੇ ਕਿਹਾ ਸੀ- ਮੇਰੀਆਂ ਦੋ ਬੇਗ਼ਮਾਂ ਤੇ 13 ਬੱਚੇ ਨੇ ਪਰ ਮੈਨੂੰ ਤਆਜੁਬ ਹੋਇਆ ਕਿ ਵੰਡ ਵੇਲੇ ਇਸ ਮਹਾਨ ਸੁਰਾਂ ਦੇ ਬਾਦਸ਼ਾਹ ਨੇ ਪਹਿਲਾਂ ਸਾਈਕਲਾਂ ਦੀ ਦੁਕਾਨ ਤੇ ਫਿਰ ਮਕੈਨਿਕ ਵਜੋਂ ਵੀ ਕੰਮ ਕੀਤਾ ਸੀ।

13 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮਹਿਦੀ ਹਸਨ ਨੇ ਸਪਸ਼ਟ ਕਿਹਾ ਸੀ, ‘‘ਮੈਂ ਜ਼ਿੰਦਗੀ ਦਾ ਆਸ਼ਕ ਹਾਂ ਤਾਂ ਚੰਗੀ ਸ਼ਾਇਰੀ ਚੰਗਾ ਆਦਮੀ ਹੀ ਲਿਖ ਸਕਦਾ ਹੈ। ਹੁਣ ਫ਼ੈਜ਼ ਤੇ ਫ਼ਰਾਜ਼ ਕੋਈ ਦੁਬਾਰਾ ਪੈਦਾ ਹੋਣਗੇ। ਮੈਂ ਦੋਵਾਂ ਦੇ ਲਫ਼ਜ਼ਾਂ ਨੂੰ ਮਨ ਨਾਲ ਗਾਇਆ ਹੈ।’’ ਫ਼ਰਾਜ਼ ਤੇ ਫ਼ੈਜ਼ ਦੀਆਂ ਗ਼ਜ਼ਲਾਂ ਨੂੰ ਜਿਸ ਤਰ੍ਹਾਂ ਮਹਿਦੀ ਹਸਨ ਨੇ ਗਾ ਕੇ ਅਮਰ ਕਰ ਦਿੱਤਾ, ਉਸ ਤਰ੍ਹਾਂ ਦੀ ਅਦਾਇਗੀ ਕਿਸੇ ਹੋਰ ਦੇ ਹਿੱਸੇ ਨਹੀਂ ਆਈ। ਮੇਂਹਦੀ ਨੇ ਗਾਇਆ- ‘‘ਰੰਜਿਸ਼ੇ ਹੀ ਸਹੀ, ਦਿਲ ਹੀ ਦੁਖਾਨੇ ਕੇ ਲੀਏ ਆ।
ਆ, ਫਿਰ ਸੇ ਮੁਝੇ ਛੋੜ ਕੇ ਜਾਨੇ ਕੇ ਲੀਏ ਆ।’’
ਮਹਿਦੀ ਹਸਨ ਅਸਲ ’ਚ ਸੁਰਾਂ ਦਾ ਬਾਦਸ਼ਾਹ ਸੀ, ਇੱਕ ਅਣਥੱਕ ਯੋਧਾ, ਜਿਸ ਲਈ ਸੀਮਾਵਾਂ ਕੋਈ ਅਰਥ ਨਹੀਂ ਰੱਖਦੀਆਂ ਸਨ। ਉਸ ਨੂੰ ਪੂਰੀ ਦੁਨੀਆਂ ਵਿੱਚ ਪਿਆਰ ਤੇ ਸਤਿਕਾਰ ਮਿਲਿਆ ਜੋ ਲਾਜਵਾਬ ਸੀ। ਮਹਿਦੀ ਹਸਨ ਨੇ ਪਹਿਲੀ ਵਾਰੀ ਪਿਛਲੀ ਸਦੀ ਦੇ ਦੂਸਰੇ ਅੱਧ ਤੇ ਆਖ਼ਰੀ ਵੀਹ ਵਰ੍ਹਿਆਂ ’ਚ ਗਾਇਕੀ ਦੇ ਅੰਦਾਜ਼ ਤੇ ਗਜ਼ਲ ਦੀ ਪਹੁੰਚ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਸੀ। ਉਸ ਨੇ ਗਜ਼ਲ ਨੂੰ ਆਮ ਆਦਮੀ ਦੀ ਆਵਾਜ਼ ਤੇ ਗਾਇਕੀ ਦਾ ਨੀਲਮ ਬਣਾ ਕੇ ਅਮਰ ਕਰ ਦਿੱਤਾ। ਮੈਨੂੰ ਯਾਦ ਹੈ, ਉਨ੍ਹਾਂ ਕਿਹਾ ਸੀ, ‘‘ਹੁਣ ਗਜ਼ਲ ਸੁਣਨ ਵਾਲੇ ਕਿੱਥੇ ਨੇ। ਨਵੀਂ ਪੀੜ੍ਹੀ ਗਜ਼ਲ ਗਾਇਕੀ ਬਾਰੇ ਉਸ ਤਰ੍ਹਾਂ ਨਹੀਂ ਤਿਆਰ ਹੋਈ ਜਿਵੇਂ ਪਹਿਲਾਂ ਜਾਂ ਸਾਡੇ ਵੇਲੇ ਸੀ।’’
ਮਹਿਦੀ ਹਸਨ ਨੇ ਆਪਣੀ ਮਖ਼ਮਲੀ ਆਵਾਜ਼ ਨਾਲ ਖ਼ੁਆਬਾਂ ਦੀ ਆਮਦ ’ਚ ਅੱਖਾਂ ਦੀ ਨੀਂਦ ਨੂੰ ਸ਼ਬਦਾਂ ਦੀ ਰਵਾਨੀ ਨਾਲ ਢੱਕ ਦਿੱਤਾ। ਇੱਕ ਅਜਿਹੀ ਆਵਾਜ਼ ਜੋ ਦੇਰ ਤਕ ਤੁਹਾਡੇ ਦਿਲੋ-ਦਿਮਾਗ ’ਤੇ ਛਾ ਜਾਏ, ਅਜਿਹੀ ਆਵਾਜ਼ ਜੋ ਤੁਹਾਡੇ ਦਰਦ ਨੂੰ ਲਰਜ਼ਾ ਦੇਵੇ,  ਅਜਿਹੀ ਆਵਾਜ਼ ਜੋ ਰੱਬ ਦੀ ਆਮਦ ਨੂੰ ਸਾਹਮਣੇ ਖੜ੍ਹਾ ਕਰ ਦੇਵੇ- ਇਹ ਸਭ ਕੁਝ ਜੇ ਕਿਸੇ ਇੱਕ ਫ਼ਨਕਾਰ ’ਚ ਵੇਖਣਾ ਹੋਵੇ ਤਾਂ ਮੈਂ ਕਹਿ ਸਕਦਾ ਹਾਂ ਕਿ ਇਹ ਮਹਿਦੀ ਹਸਨ ਦੀ ਸ਼ਖ਼ਸੀਅਤ ਤੇ ਉਨ੍ਹਾਂ ਦੀ ਰੋਮਾਨੀ ਆਵਾਜ਼ ਵਿੱਚ ਸੀ।
ਮਹਿਦੀ ਹਸਨ ਦੀ ਥਾਂ ਕੋਈ ਹੋਰ ਕਦੇ ਵੀ ਨਹੀਂ ਲੈ ਸਕਦਾ। ਅੱਜ ਸਰਹੱਦ ਦੇ ਦੋਵੇਂ ਪਾਸੇ ਸੋਗ ਦੀ ਲਹਿਰ ਹੈ। ਉਨ੍ਹਾਂ ਨੇ ਗਜ਼ਲ ਗਾਇਕੀ ਨੂੰ ਨਵੇਂ ਅਯਾਮ ਦਿੱਤੇ। ਉਹ ਪਿਛਲੇ 11 ਵਰ੍ਹਿਆਂ ਤੋਂ ਗਲੇ ਦੇ ਕੈਂਸਰ ਤੋਂ ਪੀੜਤ ਸਨ ਪਰ ਉਨ੍ਹਾਂ ਫਿਰ ਵੀ ਹਾਰ ਨਹੀਂ ਮੰਨੀ। ਮਹਿਦੀ ਹਸਨ ਨੇ ਜ਼ਿੰਦਗੀ ਨਾਲ ਇਸ਼ਕ ਕੀਤਾ। ਕਰਾਚੀ ਦੇ ਹਸਪਤਾਲ ’ਚ ਆਖ਼ਰੀ ਸਾਹ ਲੈਣ ਵਾਲੇ ਇਸ ਮਹਾਨ ਫ਼ਨਕਾਰ ਦੇ ਤੁਰ ਜਾਣ ਨਾਲ ਗਜ਼ਲ ਦੇ ਬੋਲ ਭਾਵੇਂ ਲੋਕ ਦੁਬਾਰਾ ਨਹੀਂ ਸੁਣਨਗੇ ਪਰ ਗਜ਼ਲ ਤੇ ਗਜ਼ਲ ਦਾ ਬਾਦਸ਼ਾਹ ਅਮਰ ਹੈ। ਮਹਿਦੀ ਹਸਨ ਨੂੰ ਪੂਰੀ ਦੁਨੀਆਂ ਵਿੱਚੋਂ ਮਾਨ ਤੇ ਸਨਮਾਨ ਪ੍ਰਾਪਤ ਹੋਇਆ। ਤਮਗਾ-ਏ-ਇਮਤਿਆਜ਼ ਤੇ ਹਿਲਾਲੇ-ਏ-ਇਮਤਿਆਜ਼ ਦੇ ਨਾਲ ਨੇਪਾਲ ਤੇ ਭਾਰਤ ਨੇ ਉਨ੍ਹਾਂ ਦੀ ਗਾਇਕੀ ਨੂੰ ਸਨਮਾਨ ਦਿੱਤਾ। ਨੇਪਾਲ ਨੇ ਆਪਣਾ ਸਭ ਤੋਂ ਵੱਡਾ ਐਵਾਰਡ ‘ਦੱਖਣ-ਬਹੂ’ ਦਿੱਤਾ। ਇੱਕ ਥਾਂ ’ਤੇ ਫ਼ੈਜ਼ ਸਾਹਿਬ ਨੇ ਲਿਖਿਆ ਕਿ ਉਸ ਨੇ (ਮਹਿਦੀ) ਨੇ ਮੇਰੀ ਗਜ਼ਲ ਕੀ ਗਾਈ ਉਹ ਉਹਦੀ ਹੋ ਗਈ। ਗਜ਼ਲ ਦੇ ਸਰੋਤਿਆਂ ਨੂੰ ਯਾਦ ਹੋਵੇਗਾ ਕਿ ਫ਼ੈਜ਼ ਦੀ ਗਜ਼ਲ-
‘ਗੁਲੋਂ ਮੇਂ ਰੰਗ ਭਰੇ, ਬਾਗੇ ਨੌ-ਬਾਹਾਰ ਵਾਲੀ।’
ਐਨੇ ਪੁਰ-ਕਸ਼ਿਸ਼ ਤੇ ਸੰਜੀਦਗੀ ਨਾਲ ਗਾਈ ਗਈ ਹੈ ਕਿ ਫ਼ੈਜ਼ ਸਾਹਿਬ ਨੇ ਲਿਖਿਆ, ਇੱਕ ਵਾਰੀ ਮੁਸ਼ਾਇਰੇ ’ਚ ਲੋਕਾਂ ਨੇ ਫ਼ਰਮਾਇਸ਼ ਕੀਤੀ- ਕਿ ਮਹਿਦੀ ਹਸਨ ਵਾਲੀ ਗਜ਼ਲ ਸੁਨਾਈਏ। ਇਹ ਸੀ ਮਹਿਦੀ ਦੀ ਗਾਇਕੀ ਤੇ ਪ੍ਰਸਿੱਧੀ ਦਾ ਇੱਕ ਨਮੂਨਾ। ਮਹਿਦੀ ਹਸਨ ਵਰਗੇ ਫ਼ਨਕਾਰ ਕਦੀ-ਕਦੀ ਪੈਦਾ ਹੁੰਦੇ ਹਨ ਜੋ ਰੱਬ ਦੀਆਂ ਰਹਿਮਤਾਂ ’ਚ ਵੱਸਦੇ ਲੋਕਾਂ ਨੂੰ ਉਸ ਦੀ ਆਵਾਜ਼ ਦੀਆਂ ਰਹਿਮਤਾਂ ਨਾਲ ਲਬਰੇਜ਼ ਕਰ ਦਿੰਦੇ ਹਨ। ਮਹਿਦੀ ਅਜਿਹੇ ਹੀ ਫ਼ਨਕਾਰ ਸਨ। ਅੱਜ ਗਜ਼ਲ ਦਾ ਇੱਕ ਦੌਰ ਖ਼ਤਮ ਹੋ ਗਿਆ ਹੈ ਪਰ ਮਹਿਦੀ ਹਸਨ ਦੀ ਪੁਰਖਲੂਸ ਤੇ ਮਖਮਲੀ ਆਵਾਜ਼ ਦਾ ਜਾਦੂ ਤਾਂ ਸਦੀਆਂ ਤਕ ਰਹੇਗਾ। ਜਦੋਂ ਮਹਿਦੀ ਨੂੰ ਸੁਣਿਆ ਜਾਵੇਗਾ ਤਾਂ ਯਾਦ ਆਵੇਗਾ, ‘ਯੇ ਧੂੰਆਂ ਸਾ- ਕਹਾਂ ਸੇ ਉਠਤਾ ਹੈ।’ ਉਸ ਵਿਛੜੀ ਆਤਮਾ ਨੂੰ ਸਲਾਮ…

 

-ਡਾ. ਕ੍ਰਿਸ਼ਨ ਕੁਮਾਰ ਰੱਤੂ  
*  ਸੰਪਰਕ: 094635-98456

13 Jun 2012

Reply