|
 |
 |
 |
|
|
Home > Communities > Punjabi Culture n History > Forum > messages |
|
|
|
|
|
ਮੇਲਾ ਬਨਾਮ ਜੋੜ-ਮੇਲਾ |
ਧਾਰਮਿਕ ਮੇਲੇ ਆਮ ਲੋਕਾਂ ਦੀ ਭੀੜ ਨਹੀਂ ਸਗੋਂ ਜੋੜ-ਮੇਲੇ ਹੁੰਦੇ ਹਨ। ਧੂੜ ਪੁੱਟਦੀ ਹੋਈ ਭੀੜ ਮਨ-ਤਨ ਮਟਮੈਲਾ ਕਰਦੀ ਹੈ ਜਦੋਂਕਿ ਸੰਗਤ ਦੇ ਚਰਨ-ਕੰਵਲਾਂ ਨਾਲ ਉੱਡਦੀ ਧੂੜ ਨੂੰ ਲੋਕ ਮਨ-ਮਸਤਕ ਨਾਲ ਲਾਉਂਦੇ ਹਨ -‘ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨ’। ਸ਼ਰਧਾ ਦੀ ਉਂਗਲ ਫੜ ਕੇ ਲੋਕ ਸੁਤੇਸਿੱਧ ਜੋੜ-ਮੇਲਿਆਂ ਵਿੱਚ ਹਾਜ਼ਰੀ ਭਰਦੇ ਹਨ। ਮਾਝ ਬਾਰਹਮਾਹਾ (ਮ:5) ਵਿੱਚ ਫਰਮਾਇਆ ਹੈ ਕਿ ਮਾਘ ਮਹੀਨੇ ਵਿੱਚ ਸਤਿਸੰਗਤ ਦੇ ਚਰਨਾਂ ਦੀ ਧੂੜ ਵਿੱਚ ਨਹਾਉਣ ਨੂੰ ਤੀਰਥ ਅਸਥਾਨਾਂ ਦੇ ਸਰਵਰ ਸਮਾਨ ਸਮਝਣਾ ਚਾਹੀਦਾ ਹੈ। ਇਸ ਤਰ੍ਹਾਂ ਜਨਮ-ਜਨਮਾਂਤਰਾਂ ਦੇ ਮੰਦੇ ਅਮਲਾਂ ਦੀ ਮੈਲ ਉਤਰਨ ਨਾਲ ਹੰਕਾਰ ਦੂਰ ਹੋ ਜਾਂਦਾ ਹੈ। ਫਿਰ ਦੁਨੀਆਂ ਉਨ੍ਹਾਂ ਦੀ ਵਡਿਆਈ ਕਰਦੀ ਹੈ (ਸਚੈ ਮਾਰਗਿ ਚਲਦਿਆ/ਉਸਤਿਤ ਕਰੇ ਜਹਾਨੁ।।) ਦੇਸੀ ਮਹੀਨਾ ਮਾਘ ਦਾ ਆਗਾਜ਼ ਮਘਾ ਨਕਸ਼ਤਰ ਵਾਲੀ ਪੂਰਨਮਾਸ਼ੀ ਨੂੰ ਹੁੰਦਾ ਹੈ। ਮਾਘੀ ਤੋਂ ਭਾਵ ਹੈ ਮਾਘ ਮਹੀਨੇ ਦੀ ਸੰਗਰਾਂਦ, ਜੋ ਲੋਹੜੀ ਤੋਂ ਅਗਲੇ ਦਿਨ ਆਉਂਦੀ ਹੈ। ਪੁਰਾਤਨ ਗ੍ਰੰਥਾਂ ਮੁਤਾਬਕ ਮਾਘੀ ਦੇ ਇਸ਼ਨਾਨ ਦਾ ਵਿਸ਼ੇਸ਼ ਮਹਾਤਮ ਹੈ। ਵਿਗਿਆਨਕ ਕਸਵੱਟੀ ਕੁਝ ਹੋਰ ਕਹਿੰਦੀ ਹੈ। ਮਾਘੀ ਦੇ ਪਵਿੱਤਰ ਦਿਹਾੜੇ ਚਾਲ਼ੀ ਮੁਕਤਿਆਂ ਦੀ ਧਰਤੀ ’ਤੇ ਭਾਰੀ ਜੋੜ ਮੇਲਾ ਲੱਗਦਾ ਹੈ। ਸੰਗਤ ਆਪ-ਮੁਹਾਰੇ ਵਹੀਰਾਂ ਘੱਤੀ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਪਹੁੰਚਦੀ ਹੈ। ਅਰਦਾਸ ਵਿੱਚ ਰੋਜ਼ਾਨਾ ਯਾਦ ਕੀਤੇ ਜਾਣ ਵਾਲੇ ਚਾਲ਼ੀ ਮੁਕਤਿਆਂ ਅਤੇ ਧਰਮ ਹੇਤ ਸੀਸ ਦੇਣ ਵਾਲੇ ਸਿੰਘ-ਸਿੰਘਣੀਆਂ ਦੇ ਸ਼ਹੀਦੀ ਸਮਾਰਕਾਂ ਅੱਗੇ ਸ਼ਰਧਾਲੂ ਨਤਮਸਤਕ ਹੋਣ ਪੁੱਜਦੇ ਹਨ। ਮਾਘ ਮਹੀਨੇ ਦੀ ਠੰਢ ਦੇ ਬਾਵਜੂਦ ਉਹ ਪਵਿੱਤਰ ਸਰੋਵਰ ਵਿੱਚ ਟੁੱਭੀਆਂ ਲਾਉਂਦੇ ਹਨ। ਜੋੜ ਮੇਲਿਆਂ ਦਾ ਲਾਹਾ ਲੈਣ ਲਈ ਵਪਾਰੀ ਤੇ ਮਦਾਰੀ ਵੀ ਪਹੁੰਚ ਜਾਂਦੇ ਹਨ। ਮੇਲਾ ਤੇ ਜੋੜ-ਮੇਲਾ ਨਾਲ ਨਾਲ ਚੱਲਦਾ ਹੈ। ਸਿਆਸਤਦਾਨ ਆਪੋ-ਆਪਣੀ ਡੁਗਡੁਗੀ ਵਜਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਸਿਆਸੀ ਸਰਕਸ ਵਿੱਚ ਇਕੱਠ ਕਰਨ ਲਈ ਤਨ, ਮਨ ਤੇ ਧਨ ਲਗਾਇਆ ਜਾਂਦਾ ਹੈ। ਸੈਂਕੜੇ ਟਰੱਕ, ਟਰਾਲੀਆਂ ਅਤੇ ਬੱਸਾਂ ਵਿੱਚ ਭੀੜ ਢੋਈ ਜਾਂਦੀ ਹੈ। ਬਹੁਤੇ ਲੋਕਾਂ ਨੂੰ ਜੋੜ ਮੇਲੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਕਿਉਂਕਿ ਉਹ ਇਤਿਹਾਸ ਅਤੇ ਵਿਰਸੇ ਤੋਂ ਕੋਰੇ ਹੁੰਦੇ ਹਨ। ਸਿਆਸੀ ਤਕਰੀਰਾਂ ਮਾਘ ਦੇ ਮਹੀਨੇ ਵੀ ਤਪਸ਼ ਪੈਦਾ ਕਰਦੀਆਂ ਹਨ। ਇਨ੍ਹਾਂ ਸਿਆਸੀ ਕਾਨਫ਼ਰੰਸਾਂ ਵਿੱਚ ਰਣਜੀਤ ਨਗਾਰੇ ਜਾਂ ਰਣਸਿੰਙੇ ਨਹੀਂ ਵੱਜਦੇ। ਬਹੁਤੇ ਵਕਤਾ ‘ਬੇਦਾਵੇ ਤੋਂ ਖਿਦਰਾਣੇ ਦੀ ਢਾਬ’ ਦੇ ਅਤਿ ਦਰਦੀਲੇ ਸਫ਼ਰ ਤੋਂ ਵੀ ਅਭਿੱਜ ਹੁੰਦੇ ਹਨ। ਸਿਆਸੀ ਚਿੱਕੜ ਉਛਾਲਣ ਲੱਗਿਆਂ ਉਹ ਅਕਾਲ ਤਖ਼ਤ ਵੱਲੋਂ ਕੀਤੀਆਂ ਜਾਂਦੀਆਂ ਦਲੀਲਾਂ-ਅਪੀਲਾਂ ਦੀ ਵੀ ਪਰਵਾਹ ਨਹੀਂ ਕਰਦੇ। ਕਾਨਫ਼ਰੰਸਾਂ ਦੀ ਸਫ਼ਲਤਾ ਦਾ ਇੱਕੋ-ਇਕ ਮਾਪਦੰਡ ਵੱਧ ਤੋਂ ਵੱਧ ਭੀੜ ਇਕੱਠੀ ਕਰਨਾ ਹੁੰਦਾ ਹੈ ਜਿਸ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਇੱਕ ਸਮਾਂ ਸੀ ਜਦੋਂ ਸਿਆਸੀ ਕਾਨਫ਼ਰੰਸਾਂ ਵਿੱਚ ਢਾਡੀ ਸਿਰਲੱਥ ਯੋਧਿਆਂ ਦੀਆਂ ਵਾਰਾਂ ਗਾ ਕੇ ਸਰੋਤਿਆਂ ਨੂੰ ਨਿਹਾਲ ਕਰਦੇ ਤੇ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਕਰਦੇ ਸਨ। ਅੱਜ ਕੱਲ੍ਹ ਭੀੜ ਇਕੱਠੀ ਕਰਨ ਲਈ ਗਾਇਕਾਂ ਦਾ ਸਹਾਰਾ ਲਿਆ ਜਾਂਦਾ ਹੈ। ਗਾਇਕੀ ਦੇ ਪਿੜ ਤੋਂ ਬਾਅਦ ਸਿਆਸਤ ਦਾ ਅਖਾੜਾ ਭਖਦਾ ਹੈ। ਪੰਡਾਲਾਂ ਦੀ ਸਜਾਵਟ ’ਤੇ ਲੱਖਾਂ ਰੁਪਏ ਖਰਚੇ ਜਾਂਦੇ ਹਨ। ਅਕਾਲ ਤਖ਼ਤ ਦੇ ਆਦੇਸ਼ਾਂ ਦੇ ਬਾਵਜੂਦ ਸਿਆਸਤਦਾਨ ਮਾਘੀ ਮੇਲੇ ’ਤੇ ਆਗਾਮੀ ਮੋਗਾ ਜ਼ਿਮਨੀ ਚੋਣ ਲਈ ਬਿਗਲ ਵਜਾਉਣਗੇ। ਮੁਕਤਿਆਂ ਦੀ ਰੱਤ ਨਾਲ ਲਾਲ ਹੋਈ ਮੁਕਤਸਰ ਦੀ ਸਰਜ਼ਮੀਨ ’ਤੇ ਸਿਆਸੀ ਸੰਖ ਪੂਰਨੇ ਸ਼ੋਭਦੇ ਨਹੀਂ ਜਿੱਥੇ ਗੁਰੂ ਗੋਬਿੰਦ ਸਿੰਘ ਦੀ ਮੁਗ਼ਲਾਂ ਨਾਲ ਆਖਰੀ ਅਤੇ ਨਿਰਣਾਇਕ ਜੰਗ ਹੋਈ ਸੀ।
|
|
14 Jan 2013
|
|
|
|
ਮਾਘੀ, ਲਾਸਾਨੀ ਸ਼ਹਾਦਤਾਂ ਨੂੰ ਯਾਦ ਕਰਨ ਦਾ ਦਿਹਾੜਾ ਹੈ। ਆਨੰਦਪੁਰ ਸਾਹਿਬ ਵਿਖੇ ਮੁਗ਼ਲ ਫ਼ੌਜਾਂ ਦੀ ਲੰਮੀ ਘੇਰਾਬੰਦੀ ਤੋਂ ਲਾਚਾਰ ਹੋਣ ਤੋਂ ਬਾਅਦ ਮਾਝੇ ਦੇ ਕੁਝ ਸਿੱਖ ਗੁਰੂ ਤੋਂ ਬੇਮੁਖ ਹੁੰਦਿਆਂ ‘ਬੇਦਾਵਾ’ ਲਿਖ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ। ਇਹ ਦਾਗ਼ ਉਨ੍ਹਾਂ ਖਿਦਰਾਣੇ ਦੀ ਢਾਬ ਵਿੱਚ ਡੁੱਲ੍ਹੇ ਆਪਣੇ ਖ਼ੂਨ ਨਾਲ ਧੋਤਾ ਸੀ। ਟੁੱਟੀ ਗੰਢਣ ਵਾਸਤੇ ਮਾਈ ਭਾਗੋ ਪ੍ਰੇਰਨਾ-ਸਰੋਤ ਬਣੀ। ਮਾਝੇ ਦੀ ਇਸ ਬਹਾਦਰ ਸਿੰਘਣੀ ਨੇ ਬੇਦਾਵਾ ਲਿਖ ਕੇ ਘਰਾਂ ਨੂੰ ਪਰਤੇ ਸਿੰਘਾਂ ਦੀ ਰੂਹ ਨੂੰ ਝੰਜੋੜਿਆ ਸੀ। ਹੱਥ ਵਿੱਚ ਸ਼ਮਸ਼ੀਰ ਫੜ ਘੋੜ ਸਵਾਰ ਹੋਣ ਤੋਂ ਬਾਅਦ ਉਸ ਨੇ ਜ਼ਾਲਮ ਮੁਗ਼ਲ ਫ਼ੌਜਾਂ ਨਾਲ ਲੋਹਾ ਲੈ ਕੇ ਸਿੱਖ ਇਤਿਹਾਸ ਦੀ ਪਹਿਲੀ ਜਰਨੈਲ ਬੀਬੀ ਹੋਣ ਦਾ ਖ਼ਿਤਾਬ ਹਾਸਲ ਕੀਤਾ। ਮਾਈ ਭਾਗੋ ਵਰਗੀਆਂ ਸਾਹਸੀ ਬੀਬੀਆਂ ਦੀ ਗਲੀ ਵਣਜਾਰੇ ਹੋਕਾ ਨਹੀਂ ਦਿੰਦੇ। ਉਨ੍ਹਾਂ ਦੇ ਗਹਿਣੇ ਚੂੜੀਆਂ ਨਹੀਂ ਸਗੋਂ ਸਰਬਲੋਹ ਦੇ ਕੜੇ ਹੁੰਦੇ ਹਨ। ਉਨ੍ਹਾਂ ਹੱਥ ਚੂੜੀਆਂ ਲੱਗ ਵੀ ਜਾਣ ਤਾਂ ਉਹ ‘ਬੇਦਾਵਾ’ ਲਿਖਣ ਵਾਲਿਆਂ ਨੂੰ ਨਹੋਰਾ ਦੇਣ ਲਈ ਸਾਂਭ ਲੈਂਦੀਆਂ ਹਨ। ਮਾਈ ਭਾਗੋ ਜੇ ਬੇਦਾਵੀਏ ਸਿੰਘਾਂ ਨੂੰ ਪ੍ਰੇਰਕੇ ਖਿਦਰਾਣੇ ਦੀ ਢਾਬ ’ਤੇ ਜੰਗ ਨਾ ਕਰਦੀ ਤਾਂ ਸੰਭਵ ਹੈ ਇਤਿਹਾਸ ਕੁਝ ਹੋਰ ਹੋਣਾ ਸੀ। ਉਸ ਦੀ ਬਹਾਦਰੀ ਦੀ ਬਦੌਲਤ ਪੰਜਾਬਣਾਂ ਨੇ ਸ਼ਸਤਰਾਂ ਨੂੰ ਗਹਿਣਿਆਂ ਵਾਂਗ ਪਹਿਨਣਾ ਸ਼ੁਰੂ ਕੀਤਾ ਸੀ। ਪੱਟੀ (ਤਰਨਤਾਰਨ) ਨਿਵਾਸੀ ਭਾਈ ਨਿਧਾਨ ਸਿੰਘ ਵੜੈਚ ਨਾਲ ਵਿਆਹੀ ਬੀਬੀ ਭਾਗੋ ਖ਼ੁਦ ਖਿਦਰਾਣੇ ਦੀ ਜੰਗ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਜ਼ਾਲਮਾਂ ਨਾਲ ਲੜਦੀ ਰਹੀ। ਇਸ ਅਸਾਵੀਂ ਜੰਗ ਵਿੱਚ ਉਸ ਦਾ ਪਤੀ ਅਤੇ ਭਰਾ ਸ਼ਹੀਦ ਹੋ ਗਏ ਸਨ। ਇਸ ਬਹਾਦਰ ਔਰਤ ਨੇ ਗੁਰੂ ਗੋਬਿੰਦ ਸਿੰਘ ਦਾ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤਕ ਸਾਥ ਦਿੱਤਾ। ਪੰਜਵੇਂ ਤਖ਼ਤ, ਹਜੂਰ ਸਾਹਿਬ ਦੇ ਇੱਕ ਬੁੰਗੇ ਵਿੱਚ ਮਾਈ ਭਾਗੋ ਦੇ ਨਿੱਜੀ ਸ਼ਸਤਰ ਸਸ਼ੋਭਿਤ ਹਨ। ਸੁੱਚੇ ਲੋਹੇ ਤੋਂ ਬਣੇ ਇਹ ਸ਼ਸਤਰ, ਸੀਸ ਤਲੀ ’ਤੇ ਰੱਖ ਕੇ ਚੱਲਣ ਵਾਲਿਆਂ ਦੀ ਯਾਦ ਨੂੰ ਤਰੋ-ਤਾਜ਼ਾ ਰੱਖਦੇ ਹਨ। ਇਹ ਸ਼ਸਤਰ ਉਸ ਗੁਰੂ ਦੀ ਵੀ ਯਾਦ ਦਿਵਾਉਂਦੇ ਹਨ ਜਿਸ ਨੇ ਮਹਿਜ਼ ਚਾਰ ਦਹਾਕੇ ਦੀ ਸੰਸਾਰਕ ਯਾਤਰਾ ਦੌਰਾਨ ਲੋਹੇ ਨੂੰ ਢਾਲਣ ਵੇਲੇ ਉਸ ਵਿੱਚ ਅੱਖਾਂ, ਕੰਨ ਅਤੇ ਦਿਲ ਵੀ ਉੱਕਰ ਦਿੱਤੇ ਸਨ। ਸਰਬਲੋਹ ਦੇ ਖੰਡੇ ਨਾਲ ਪਤਾਸੇ ਘੋਲੇ ਗਏ ਤੇ ਇਸ ਸੁੱਚੇ ਲੋਹੇ ਨਾਲ ‘ਸਚਹੁ ਓਰੈ ਸਭ ਕੋ, ਉਪਰਿ ਸਚੁ ਆਚਾਰੁ’ ਦੀ ਇਬਾਰਤ ਲਿਖੀ ਗਈ। ਮਜ਼ਲੂਮਾਂ ਖਾਤਰ ਜੂਝਣ ਵਾਲਾ ਲੋਹਾ ਅਮਰ ਹੋ ਗਿਆ ਕਿਉਂਕਿ ਜ਼ਾਲਮਾਂ ਦੇ ਖ਼ੂਨ ਦੀ ਪਾਣ ਚੜ੍ਹਿਆ ਲੋਹਾ ਸਦਾ ਸਾਹ ਲੈਂਦਾ ਹੈ। ‘ਝੁਕਿਆ ਸੀਸ’ ਨਜ਼ਮ ਵਿੱਚ ਸ਼ਿਵ ਕੁਮਾਰ ਬਟਾਲਵੀ ਇਸ ਸੁੱਚੇ ਲੋਹੇ ਨੂੰ ਆਪਣੀ ਅਕੀਦਤ ਭੇਟ ਕਰਦਾ ਹੈ: ਮੈਂ ਤੇਰੀ ਦਾਸਤਾਂ ਸਾਵ੍ਹੇਂ, ਨਮੋਸ਼ਾ ਸੜਕ ’ਤੇ ਮਰਿਆ ਮੇਰੀ ਛਾਤੀ ’ਚ ਸੁੱਤੇ ਲੋਹੇ ਨੂੰ, ਇਕ ਤਾਪ ਚੜ੍ਹਿਆ ਤੇ ਨੰਗੀ ਅੱਖ ਬਿਨ-ਝਿਮਣੀ ’ਚ ਇਕ ਸ਼ੁਹਲਾ ਜਿਹਾ ਬਲਿਆ … … … ਮੈਂ ਉਸ ਦਿਨ ਪਹਿਲੀ ਵਾਰੀ, ਮਿਲ ਕੇ ਤੈਨੂੰ ਆ ਰਿਹਾ ਸਾਂ ਤੇ ਆਪਣੇ ਸੌਂ ਰਹੇ ਲੋਹੇ ਤੋਂ, ਮੈਂ ਸ਼ਰਮਾ ਰਿਹਾ ਸਾਂ ਤੇ ਫਿਰ ਇਕ ਬੋਲ ਤੇਰੇ ਨੇ, ਮੇਰਾ ਲੋਹਾ ਜਗਾ ਦਿੱਤਾ ਤੇ ਮੇਰੇ ਗੀਤ ਨੂੰ ਤੂੰ, ਖ਼ੁਦਕੁਸ਼ੀ ਕਰਨੋਂ ਬਚਾ ਲੀਤਾ ‘ਸਫ਼ਰ’ ਨਾਂ ਦੀ ਨਜ਼ਮ ਵਿੱਚ ਉਹ ਦਸ ਜਨਮਾਂ ਦੇ ਸਫ਼ਰ ਅਤੇ ‘ਜਾਗੀ ਬੀੜ’ ਦਾ ਹਵਾਲਾ ਦਿੰਦਾ ਹੈ: ਹੁਣੇ ਸਰਘੀ ਦੀ ’ਵਾ ਨੇ, ਪੰਛੀਆਂ ਦਾ ਬੋਲ ਪੀਤਾ ਹੈ ਤੇ ਜਾਗੀ ਬੀੜ ਨੇ, ਤੇਰੇ ਨਾਮ ਦਾ ਇਕ ਵਾਕ ਲੀਤਾ ਹੈ ਮੈਂ ਅੱਜ ਤੇਰੇ ਗੀਤ ਤੋਂ ਤਲਵਾਰ ਤਕ ਦਾ, ਸਫ਼ਰ ਕੀਤਾ ਹੈ ਮੈਨੂੰ ਤੇਰੇ ਗੀਤ ਤੋਂ, ਤਲਵਾਰ ਤਕ ਦਾ ਸਫ਼ਰ ਕਰਦੇ ਨੂੰ ਅਜਬ ਜਿਹੀ ਸ਼ਰਮ ਆਈ ਹੈ, ਅਜਬ ਜਿਹੀ ਪਿਆਸ ਲੱਗੀ ਹੈ ਤੇ ਮੈਂ ਤੇਰੇ ਗੀਤ ਦੇ ਸਾਹਵੇਂ, ਨਮੋਸ਼ੀ ਝੋਲ ਅੱਡੀ ਹੈ ਤੈਨੂੰ ਤੇਰੇ ਗੀਤ ਤੋਂ ਤਲਵਾਰ ਤਕ ਦਾ, ਸਫ਼ਰ ਕਰਦੇ ਨੂੰ ਪੂਰੇ ਦਸ ਜਨਮ ਲੱਗੇ ਸੀ … … … ਮੇਰੇ ਦਿਲ ਵਿੱਚ ਪਈ ਤਲਵਾਰ ਨੂੰ ਬਹੁ ਜੰਗ ਲੱਗਿਆ ਹੈ
ਸਿਆਸਤਦਾਨਾਂ ਦਾ ਮੇਲਾ ਤਾਂ ਕਾਨਫ਼ਰੰਸਾਂ ਤੋਂ ਬਾਅਦ ਖਿੰਡ-ਪੁੰਡ ਜਾਏਗਾ ਪਰ ਸ਼ਰਧਾਲੂਆਂ ਦਾ ਜੋੜ ਮੇਲਾ ਤੀਜੇ ਦਿਨ ਵੀ ਚੱਲੇਗਾ। ਅਖੀਰਲੇ ਦਿਨ ਮਹੱਲੇ ਦਾ ਜਲੂਸ ਦਰਬਾਰ ਸਾਹਿਬ (ਖਿਦਰਾਣੇ ਦੀ ਢਾਬ) ਤੋਂ ਨਿਕਲ ਕੇ ਗੁਰਦਆਰਾ ਟਿੱਬੀ ਸਾਹਿਬ ਵਿੱਚ ਸਮਾਪਤ ਹੋਵੇਗਾ। ਇਹੀ ‘ਸਿਆਸੀ ਮੇਲੇ’ ਤੇ ਜੋੜ-ਮੇਲੇ ਵਿੱਚ ਫ਼ਰਕ ਹੈ। ਭਵਿੱਖ ਵਿੱਚ ਸ਼ਾਇਦ ਜੋੜ ਮੇਲਿਆਂ ਨੂੰ ਉਨ੍ਹਾਂ ਦੀ ਭਾਵਨਾ ਮੁਤਾਬਕ ਮਨਾਉਣ ਲਈ ਸਿਆਸਤਦਾਨਾਂ ਨੂੰ ਸੋਝੀ ਆ ਹੀ ਜਾਵੇ। ਸ਼ਾਇਦ ਉਹ ਵੀ ਚਾਲ਼ੀ ਮੁਕਤਿਆਂ ਅਤੇ ਧਰਮ ਹੇਤ ਸੀਸ ਦੇਣ ਵਾਲਿਆਂ ਨੂੰ ਯਾਦ ਕਰਨ ਵਾਲੀ ਅਰਦਾਸ ਵਿੱਚ ਸ਼ਾਮਲ ਹੋ ਜਾਣ-ਬਿਰਥੀ ਕਦੇ ਨ ਹੋਵਈ, ਜਨ ਕੀ ਅਰਦਾਸਿ (ਬਿਲਾਵਲ ਮ:5)।
ਵਰਿੰਦਰ ਵਾਲੀਆ
|
|
14 Jan 2013
|
|
|
|
ਖੂਬਸੂਰਤ ਸਾਂਝ......tfs.....ਬਿੱਟੂ ਜੀ......
|
|
14 Jan 2013
|
|
|
|
|
|
|
|
|
 |
 |
 |
|
|
|