ਗੁਰਦੁਆਰਾ ਗੁਰੂ ਕੀ ਢਾਬ ਦੇ ਇਤਿਹਾਸਕ ਮੇਲੇ ਦਾ ਮਾਲਵੇ ਇਲਾਕੇ ਵਿਚ ਲੱਗਣ ਵਾਲੇ ਮੇਲਿਆਂ ਵਿਚ ਆਪਣਾ ਵੱਖਰਾ ਮਹੱਤਵ ਹੈ। ਇਹ ਸਥਾਨ ਜਿਥੇ ਆਪਣੇ ਧਾਰਮਿਕ ਪੱਖ ਕਾਰਨ ਵਿਸ਼ੇਸ਼ ਸਥਾਨ ਰੱਖਦਾ ਹੈ, ਉਥੇ ਮੇਲੇ ਦੌਰਾਨ ਰਾਜਸੀ ਕਾਨਫਰੰਸਾਂ ਵਜੋਂ ਵੀ ਇਸ ਦੀ ਵਿਸ਼ੇਸ਼ ਮਹੱਤਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਗੁਰੂ ਕੀ ਢਾਬ ਵਿਚ ਇਹ ਮੇਲਾ 2, 3 ਤੇ 4 ਅੱਸੂ ਨੂੰ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਪੰਜਾਬ ਦੀਆਂ ਉੱਘੀਆਂ ਪਾਰਟੀਆਂ ਆਪਣੀਆਂ ਕਾਨਫਰੰਸਾਂ ਇਥੇ ਆਯੋਜਿਤ ਕਰਦੀਆਂ ਹਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ, ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ, ਲੋਕ ਭਲਾਈ ਪਾਰਟੀ ਆਦਿ ਸ਼ਾਮਿਲ ਹਨ।
ਜੈਤੋੋ ਤੋਂ ਪੰਜ ਕਿਲੋਮੀਟਰ ਦੂਰ ਜੈਤੋ-ਕੋਟਕਪੂਰਾ ਮੁੱਖ ਮਾਰਗ 'ਤੇ ਸਥਿਤ ਗੁਰਦੁਆਰਾ ਗੁਰੂ ਕੀ ਢਾਬ ਦਾ ਵਰਨਣ 'ਸੂਰਜ ਪ੍ਰਕਾਸ਼' ਗ੍ਰੰਥ ਵਿਚ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ, ਸਿਰਸਾ ਨਦੀ ਪਾਰ ਕਰਕੇ, ਚਮਕੌਰ ਸਾਹਿਬ ਦੀ ਇਤਿਹਾਸਕ ਜੰਗ 'ਤੇ ਮਾਛੀਵਾੜੇ ਦੇ ਜੰਗਲਾਂ 'ਚੋਂ ਹੁੰਦੇ ਹੋਏ ਕੋਟਕਪੂਰਾ ਤੋਂ ਜੈਤੋ-ਮੁਕਤਸਰ ਜਾਂਦੇ ਸਮੇਂ ਪਿੰਡ ਬਹਿਬਲ, ਬਰਗਾੜੀ, ਸਰਾਵਾਂ ਤੇ ਗੁਰੂਸਰ ਹੁੰਦੇ ਹੋਏ ਸਿੱਖਾਂ ਸਮੇਤ ਤੀਸਰੇ ਪਹਿਰ ਤਿੰਨ ਅੱਸੂ ਨੂੰ ਇਸ ਸਥਾਨ 'ਤੇ ਪਹੁੰਚੇ। ਸੂਰਜ ਪ੍ਰਕਾਸ਼ ਮੁਤਾਬਿਕ ਇਥੇ ਜਲ ਦੀ ਢਾਬ ਸੀ ਜੋ ਕਿ ਦੋਦੇਵਾਲ ਤਾਲ ਦੇ ਨਾਂਅ ਨਾਲ ਮਸ਼ਹੂਰ ਸੀ। ਇਸ ਸਥਾਨ 'ਤੇ ਸ਼ਰੀਂਹ ਦਾ ਇਕ ਵੱਡਾ ਦਰੱਖਤ ਲੱਗਿਆ ਹੋਇਆ ਸੀ। ਉਸ ਵਿਚੋਂ ਇਕ ਵਿਅਕਤੀ ਨਿਕਲਿਆ ਅਤੇ ਗੁਰੂ ਜੀ ਦੇ ਚਰਨਾਂ ਉਪਰ ਆਪਣਾ ਸਿਰ ਨਿਵਾ ਦਿੱਤਾ। ਗੁਰੂ ਜੀ ਨੇ ਉਸ ਦਾ ਨਾਂਅ ਲੈ ਕੇ ਕਿਹਾ 'ਰਾਜ਼ੀ ਰਹਿ ਹੁਸੈਨ ਖਾਂ ਮੀਆਂ।' ਗੁਰੂ ਜੀ ਦੇ ਮੂੰਹੋਂ ਆਪਣਾ ਨਾਂਅ ਸੁਣ ਕੇ ਉਹ ਬਹੁਤ ਖੁਸ਼ ਹੋਇਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਤੁਹਾਡੇ ਦਰਸ਼ਨ ਕਰਕੇ ਅਥਾਹ ਸੁਖ ਮਿਲਿਆ ਹੈ। ਮੈਨੂੰ ਤੁਹਾਡੇ ਦਰਸ਼ਨਾਂ ਦੀ ਬੜੇ ਚਿਰਾਂ ਤੋਂ ਤਾਂਘ ਸੀ ਜੋ ਅੱਜ ਪੂਰੀ ਹੋ ਗਈ ਹੈ। ਇਉਂ ਜਾਪਦਾ ਹੈ ਕਿ ਜਿਵੇਂ ਮੇਰੇ ਸਾਰੇ ਪਾਪ ਧੋਤੇ ਗਏ ਅਤੇ ਮੇਰਾ ਕਲਿਆਣ ਹੋ ਗਿਆ ਹੈ। ਉਸ ਸੁੰਦਰ ਸਰੂਪ ਵਾਲੇ ਵਿਅਕਤੀ ਦੇ ਚਲੇ ਜਾਣ ਉਪੰਰਤ ਸੰਗਤਾਂ ਨੇ ਗੁਰੂ ਜੀ ਤੋਂ ਉਸ ਬਾਰੇ ਪੁੱÎÎਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਇਕ ਸ਼ਹੀਦ ਸੀ, ਜਿਸ ਦੀ ਕਿਸੇ ਵਿਘਨ ਕਾਰਨ ਮੁਕਤੀ ਨਹੀਂ ਸੀ ਹੋ ਸਕੀ। ਅੱਜ ਉਸ ਦੀ ਮੁਕਤੀ ਹੋ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਨੂੰ ਦੋਦਾ ਤਾਲ ਦਾ ਨਾਂਅ ਦਿੱਤਾ। ਇਸ ਸਥਾਨ ਉਪਰ ਇਕ ਸ਼ਾਨਦਾਰ ਇਤਿਹਾਸਕ ਗੁਰਦੁਆਰਾ ਸਾਹਿਬ, ਇਕ ਦੀਵਾਨ ਹਾਲ ਅਤੇ ਲੰਗਰ ਹਾਲ ਦੀ ਇਮਾਰਤ ਦੀ ਕਾਰ ਸੇਵਾ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਕਰਵਾਈ ਹੈ। ਇਸ ਸਥਾਨ ਉਪਰ 31 ਭਾਦੋਂ (14 ਸਤੰਬਰ) ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 2 ਅੱਸੂ (16 ਸਤੰਬਰ) ਨੂੰ ਪੈਣਗੇ। ਇਸ ਉਪੰਰਤ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ 3 ਅੱਸੂ (17 ਸਤੰਬਰ) ਨੂੰ ਤਖ਼ਤ ਸਹਿਬਾਨਾਂ, ਧਾਰਮਿਕ ਸ਼ਖਸੀਅਤਾਂ ਅਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਸਿਆਸੀ ਸਟੇਜਾਂ ਲੱਗਣਗੀਆਂ। ਮੇਲੇ ਦੇ ਅਖੀਰਲੇ ਦਿਨ 4 ਅੱਸੂ ਨੂੰ ਇਥੇ ਕਬੱਡੀ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਛੋਟੇ ਜਿਹੇ ਪਿੰਡ ਵਿਚ ਇਨ੍ਹਾਂ ਦਿਨਾਂ ਦੌਰਾਨ ਖੂਬ ਰੌਣਕਾਂ ਹੁੰਦੀਆਂ ਹਨ। ਦੂਰ-ਦੁਰਾਡੇ ਦੇ ਇਲਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਵਹੀਰਾਂ ਘੱਤ ਕੇ ਇਥੇ ਪਹੁੰਚਦੇ ਹਨ।
|