|
|
|
|
|
|
Home > Communities > Anything goes here.. > Forum > messages |
|
|
|
|
|
ਸੰਤ ਸਿੰਘ ਸੇਖੋਂ ਤੇ ਮੇਮ |
ਲੋਕ ਪਿਆਰੇ ਕਵੀ, ਕਲਾਕਾਰ ਤੇ ਸਾਹਿਤਕਾਰ ਪਾਠਕਾਂ ਦੇ ਮਨ ਵਿੱਚ ਵਸ ਜਾਂਦੇ ਹਨ ਜਾਂ ਕਹੋ ਧਸ ਜਾਂਦੇ ਹਨ। ਪਾਠਕ ਉਨ੍ਹਾਂ ਅਤੇ ਉਨ੍ਹਾਂ ਦੇ ਨਿੱਜੀ ਜੀਵਨ ਅਥਵਾ ਵਿਵਹਾਰ ਬਾਰੇ ਜਾਣਨ ਵਾਸਤੇ ਉਤਸੁਕ ਹੁੰਦੇ ਹਨ। ਪਾਠਕ ਆਪਣੇ ਮਨਭਾਉਂਦੇ ਲੇਖਕਾਂ, ਕਵੀਆਂ, ਕਲਾਕਾਰਾਂ ਦੇ ਜੀਵਨ ਵਿੱਚ ਹੋਈਆਂ ਬੀਤੀਆਂ ਘਟਨਾਵਾਂ ਅਤੇ ਉਨ੍ਹਾਂ ਘਟਨਾਵਾਂ ਪ੍ਰਤੀ ਆਪਣੇ ਚਹੇਤੇ ਨਾਇਕਾਂ ਦਾ ਕ੍ਰਮ-ਪ੍ਰਤੀਕ੍ਰਮ ਜਾਣਨ ਲਈ ਤਤਪਰ ਰਹਿੰਦੇ ਹਨ। ਲੋਕਾ ਨਾਇਕਾਂ ਦੇ ਜੀਵਨ ਦੀਆਂ ਸਾਧਾਰਨ ਘਟਨਾਵਾਂ ਵੀ ਪਾਠਕ ਵਰਗ ਵਾਸਤੇ ਅਤਿ ਮਹੱਤਵਸ਼ੀਲ ਹੁੰਦੀਆਂ ਹਨ। ਅਜਿਹੇ ਹੀ ਕੁਝ ਮਹਾਨ ਵਿਅਕਤੀਆਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਅਥਵਾ ਵਿਚਾਰਾਂ ਦਾ ਪ੍ਰਗਟਾਅ ਕੀਤਾ ਗਿਆ ਹੈ, ਜਿਨ੍ਹਾਂ ਦੀ ਨੇੜਤਾ ਅਤੇ ਸੰਗਤ ਦਾ ਮਾਣ ਲੇਖਕ ਨੂੰ ਪ੍ਰਾਪਤ ਹੋਇਆ। ਸੰਤ ਸਿੰਘ ਸੇਖੋਂ ਆਧੁਨਿਕ ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰ ਹੀ ਨਹੀਂ, ਸਗੋਂ ਪੰਜਾਬੀ ਸਾਹਿਤ ਦੇ ‘ਬਾਬਾ ਬੋਹੜ’ ਕਰਕੇ ਜਾਣੇ ਤੇ ਸਤਿਕਾਰੇ ਜਾਂਦੇ ਹਨ। ਕਾਵਿ, ਕਹਾਣੀ, ਨਾਵਲ, ਨਾਟਕ ਅਤੇ ਸਮੀਖਿਆ ਦੇ ਖੇਤਰ ਵਿੱਚ ਸੇਖੋਂ ਨੂੰ ਮਹਾਨ ਸਥਾਨ ਪ੍ਰਾਪਤ ਹੈ। ਆਪਣੀਆਂ ਰਚਨਾਵਾਂ ਵਿੱਚ ਸੰਪੂਰਨ ਗੰਭੀਰਤਾ ਨਾਲ ਵਿਚਾਰਨ ਵਾਲਾ ਇਹ ਮਹਾਨ ਸਾਹਿਤਕਾਰ ਆਪਣੇ ਨੇੜਲੇ ਮਿੱਤਰਾਂ ਅਤੇ ਅਨੁਯਾਈਆਂ ਦੀਆਂ ਬੈਠਕਾਂ ਅਤੇ ਮੰਡਲੀਆਂ ਵਿੱਚ ਜਦੋਂ ਹਲਕੀ-ਫੁਲਕੀ ਨੋਕ-ਝੋਕ ਜਾਂ ਟਿੱਪਣੀ ਦੇ ਰੌਂਅ ਵਿੱਚ ਆਉਂਦਾ ਤਾਂ ਅੰਦਰੋਂ ਇਕ ਹੋ ਕੇ ਪਾਰਦਰਸ਼ੀ ਸਥਿਤੀ ਵਿੱਚ ਪ੍ਰਵੇਸ਼ ਕਰ ਜਾਂਦਾ। ਅਜਿਹੇ ਮੌਕਿਆਂ ’ਤੇ ਪਾਸ ਬੈਠੇ ਸੇਖੋਂ ਦਾ ਸਾਥ ਮਾਣ ਰਹੇ ਵਿਅਕਤੀ ਖੁਸ਼ੀ ਦੀ ਲਹਿਰ ਵਿੱਚ ਵਹਿ ਕੇ ਆਪ ਆਨੰਦ ਦੀ ਅਵਸਥਾ ਵਿੱਚ ਮੰਤਰ-ਮੁਗਧ ਹੋ ਜਾਂਦੇ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਸੇਖੋਂ ਸਾਹਿਬ ਦੀ ਸੰਗਤ ਦਾ ਹੁਲਾਰਾ ਲੈਣ ਦੇ ਕਈ ਅਵਸਰ ਨਸੀਬ ਹੋਏ ਹਨ। ਉਨ੍ਹਾਂ ਮਹਾਨ ਅਤੇ ਦੁਰਲੱਭ ਸਮਿਆਂ ਵਿੱਚ ਸੇਖੋਂ ਨੂੰ ਨੇੜਿਓਂ ਜਾਣੇ ਅਤੇ ਮਾਣੇ ਕੁਝ ਅਮੁੱਲੇ ਪਲਾਂ ਦਾ ਉਲੇਖ ਇਥੇ ਅਪ੍ਰਸੰਗਕ ਨਾ ਹੋ ਕੇ ਪਾਠਕਾਂ ਅਤੇ ਸੇਖੋਂ ਸ਼ਰਧਾਲੂਆਂ ਵਾਸਤੇ ਦਿਲਚਸਪ ਅਤੇ ਰੌਚਿਕ ਸਹਾਈ ਹੋਵੇਗਾ। ਸੰਤ ਸਿੰਘ ਸੇਖੋਂ ਦੇ ਸੁਭਾਅ ਦਾ ਇਕ ਵਿਸ਼ੇਸ਼ ਗੁਣ ਇਹ ਸੀ ਕਿ ਉਸ ਨੇ ਬਿਰਧ ਅਵਸਥਾ ਨੂੰ ਪਹੁੰਚ ਕੇ ਵੀ ਕਦੇ ਬੁੱਢਿਆਂ ਵਾਂਗ ਵਰਤਾਉ ਨਹੀਂ ਕੀਤਾ ਸੀ। ਪੰਜ-ਚਾਰ ਵਿਅਕਤੀ ਬੈਠੇ ਹੋਣ ਜਾਂ ਅੱਠ-ਦਸ, ਸੇਖੋਂ ਸਦਾ ਜਵਾਨ ਰੌਂਅ ਵਿੱਚ ਗੱਲ ਕਰਦੇ। ਕਦੇ ਵੀ ਸਿਆਪਣ ਦੇ ਬੋਝ ਹੇਠ ਦੱਬੇ ਰਹਿਣ ਦਾ ਸਾਂਗ ਨਹੀਂ ਰਚਾਇਆ ਅਤੇ ਨਾ ਹੀ ਬਜ਼ੁਰਗ ਹੋਣ ਦਾ ਵਿਖਾਵਾ ਕੀਤਾ। ਸੇਖੋਂ ਸਾਹਿਬ ਦਾ ਤਾਂ ਸਾਧਾਰਨ ਸਥਿਤੀ ਵਿੱਚ ਹੀ ਕੋਈ ਜਵਾਬ ਨਹੀਂ ਸੀ, ਪਰ ਜਦੋਂ ਕਿਤੇ ਮਨਭਾਉਂਦੀ ਸੰਗਤ ਅਤੇ ਨੀਮ ਪਿਆਜ਼ੀ ਨਸ਼ੇ ਵਿੱਚ ਹੋਣ ਤਾਂ ਕਹਿਣਾ ਹੀ ਕੀ। 1972-73 ਦੀ ਗੱਲ ਹੈ।
|
|
11 Feb 2013
|
|
|
|
ਓਨ੍ਹੀਂ ਦਿਨੀਂ ਮੈਂ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਪ੍ਰਾਧਿਆਪਕ ਸੀ। ਹਰ ਰੋਜ਼ ਬਟਾਲਾ ਤੋਂ ਕਾਲਜ ਜਾਂਦਾ ਤੇ ਵਾਪਸ ਆਉਂਦਾ। ਇਕ ਦਿਨ ਕਾਲਜ ਤੋਂ ਘਰ ਆਇਆ ਤਾਂ ਸੁਨੇਹਾ ਮਿਲਿਆ ਕਿ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਬਟਾਲਾ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਵਿਖੇ ਆਏ ਹੋਏ ਹਨ ਤੇ ਉਨ੍ਹਾਂ ਮੈਨੂੰ ਯਾਦ ਕੀਤਾ ਹੈ। ਮੈਂ ਝਟਪਟ ਬੀ.ਯੂ.ਸੀ. ਕਾਲਜ ਪਹੁੰਚ ਗਿਆ। ਪ੍ਰਿੰਸੀਪਲ ਰਾਮ ਸਿੰਘ ਨੇ ਦੱਸਿਆ ਕਿ ਸੇਖੋਂ ਸਾਹਿਬ ਉਸੇ ਕਾਲਜ ਦੇ ਪ੍ਰੋਫੈਸਰ ਰਾਹੀ ਦੀ ਕੋਠੀ ਵਿਖੇ ਠਹਿਰੇ ਹੋਏ ਹਨ। ਪ੍ਰੋਫੈਸਰ ਰਾਹੀ ਦੀ ਕੋਠੀ ਦਾ ਪਤਾ ਕਰਕੇ ਮੈਂ ਉਥੇ ਪਹੁੰਚ ਗਿਆ। ਸਾਹਮਣੇ ਸੇਖੋਂ ਸਾਹਿਬ ਬਾਹਰ ਫੁਲਵਾੜੀ ਵਿੱਚ ਬੈਠੇ ਸਨ। ਨਾਲ ਤਿੰਨ-ਚਾਰ ਹੋਰ ਪ੍ਰੋਫੈਸਰ ਲੋਕ ਬੈਠੇ ਸਨ। ਰਾਹੀ ਸਾਹਿਬ ਨਹੀਂ ਸਨ। ਮੈਂ ਉਨ੍ਹਾਂ ਦੇ ਨੇੜੇ ਗਿਆ ਤਾਂ ਸੇਖੋਂ ਸਾਹਿਬ ਮੁਸਕਰਾ ਕੇ ਬੋਲੇ, ‘‘ਆ ਬਈ ਸੁਰਿੰਦਰ।’’ ਉਨ੍ਹਾਂ ਹੱਥ ਅੱਗੇ ਵਧਾਇਆ। ਪਰ ਇਕ ਪਲ ਵਿੱਚ ਹੀ ਉਨ੍ਹਾਂ ਦੇ ਚਿਹਰੇ ਦਾ ਪ੍ਰਭਾਵ ਬਦਲ ਗਿਆ।… ‘‘ਪਰ ਨਹੀਂ। ਮੁੜ ਜਾ ਪਿੱਛੇ। ’ਕੱਲਾ ਕਿਉਂ ਆਇਆਂ? ਮੇਰੀ ਨੂੰਹ ਨੂੰ ਨਾਲ ਕਿਉਂ ਨਹੀਂ ਲਿਆਇਆਂ?’’ ਮੈਂ ਹੱਸਿਆ, ‘‘ਸੇਖੋਂ ਸਾਹਿਬ! ਮੈਂ ਸੁਨੇਹਾ ਮਿਲਦੇ ਸਾਰ ਤੁਹਾਨੂੰ ਮਿਲਣ ਆ ਗਿਆਂ। ਉਹ ਘਰ ਨਹੀਂ ਸੀ।’’ ਤਾਂ ਬਹਿ ਜਾ। ਸੁਣਾ ਕੀ ਹਾਲ ਆ? ਖੁਸ਼ ਆਂ! ਲੈ ਚਾਹ ਪੀ, ‘‘ਸੇਖੋਂ ਸਾਹਿਬ ਪਹਿਲਾਂ ਵਾਲੀ ਰੌਂਅ ਵਿੱਚ ਬੋਲੇ।’’ ਮੇਰੇ ਆਉਣ ਤੋਂ ਪਹਿਲਾਂ ਚੱਲ ਰਹੀ ਚਰਚਾ ‘ਪੰਜਾਬ ਦੀ ਰਾਜਨੀਤਕ ਸਥਿਤੀ ਅਤੇ ਪੰਜਾਬੀ’ ਵੱਲ ਮੁੜ ਚੱਲ ਪਈ। ਮੇਰੇ ਨਾਲ ਦੀ ਕੁਰਸੀ ’ਤੇ ਬੈਠਾ ਇਕ ਪ੍ਰੋਫੈਸਰ ਕੁਝ ਬੇਚੈਨ ਜਿਹਾ ਜਾਪ ਰਿਹਾ ਸੀ। ‘‘ਸਰ! ਜੇਕਰ ਬੁਰਾ ਨਾ ਮੰਨੋ ਤਾਂ ਮੈਂ ਸਿਗਰਟ ਸੁਲਘਾ ਲਵਾਂ?’’ ਉਹਨੇ ਅੰਗਰੇਜ਼ੀ ਵਿੱਚ ਪੁੱਛਿਆ। ਚੱਲ ਰਹੀ ਚਰਚਾ ’ਚ ਖੁੱਭੇ ਸੇਖੋਂ ਸਾਹਿਬ ਨੂੰ ਉਹਦੀ ਗੱਲ ਨਾ ਸੁਣੀ। ਬੇਚਾਰਾ ਪ੍ਰੋਫੈਸਰ ਦੂਜੀ ਵਾਰ ਬੇਨਤੀ ਕਰਨ ਲੱਗਾ ਤਾਂ ਮੈਂ ਕਿਹਾ, ‘‘ਸੇਖੋਂ ਸਾਹਿਬ ਕੋਈ ਇਤਰਾਜ਼ ਨਹੀਂ ਕਰਨਗੇ। ਤੁਸੀਂ ਸਿਗਰਟ ਪੀ ਲਵੋ।’’ ‘‘ਪਰ ਮੈਂ ਪ੍ਰਿੰਸੀਪਲ ਸਾਹਿਬ ਤੋਂ ਆਗਿਆ ਲੈਣੀ ਚਾਹੁੰਦਾ।’’ ਪ੍ਰੋਫੈਸਰ ਨੇ ਫਿਰ ਕਿਹਾ। ਸਾਡੀ ਘੁਸਰ-ਮੁਸਰ ਨੂੰ ਤਾੜ ਕੇ ਸੇਖੋਂ ਸਾਹਿਬ ਬੋਲੋ, ‘‘ਕੀ ਗੱਲ ਆ ਸੁਰਿੰਦਰ ਗਿੱਲ?’’ ‘‘ਇਹ ਪ੍ਰੋਫੈਸਰ ਸਾਹਿਬ ਸਿਗਰਟ ਪੀਣੀ ਚਾਹੁੰਦੇ ਨੇ। ਤੁਹਾਡੀ ਆਗਿਆ ਨਾਲ।’’ ਮੈਂ ਉੱਤਰ ਦਿੱਤਾ। ‘‘ਹਾਂ ਹਾਂ ਬੇਸ਼ੱਕ ਪੀਓ। ਮੈਥੋਂ ਕੀ ਪੁੱਛਣਾ?’’ ਸੇਖੋਂ ਸਾਹਿਬ ਦਾ ਉੱਤਰ ਸੀ। ਪ੍ਰੋਫੈਸਰ ਨੇ ਸਿਗਰਟ ਸੁਲਘਾ ਲਈ। ‘‘ਇਸ ਸਿਗਰਟ ਦੀ ਵੀ ਇਕ ਕਹਾਣੀ ਹੈ।’’…ਸੇਖੋਂ ਸਾਹਿਬ ਦੀਆਂ ਅੱਖਾਂ ਲਿਸ਼ਕ ਪਈਆਂ। ‘‘ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਗੱਲ ਹੈ।’’ ਸੇਖੋਂ ਸਾਹਿਬ ਅਤੀਤ ਵਿੱਚ ਖੁਭ ਗਏ। ‘‘ਹਾਂ ਜੀ!’’ ਅਸੀਂ ਸਾਰਿਆਂ ਨੇ ਨਿੱਘਾ ਹੁੰਗਾਰਾ ਭਰਿਆ। ‘‘ਐਫ ਸੀ ਕਾਲਜ ਲਾਹੌਰ ਵਿੱਚ ਆਧੁਨਿਕ ਅੰਗਰੇਜ਼ੀ ਕਵਿਤਾ ਸਬੰਧੀ ਮੇਰਾ ਭਾਸ਼ਣ ਸੀ। ਮੇਰੀ ਪੱਗ ਅਤੇ ਪੌਸ਼ਾਕ ਦੇਖ ਕੇ ਅੰਗਰੇਜ਼ੀ ਕਵਿਤਾ ਸਬੰਧੀ ਅੰਗਰੇਜ਼ੀ ਵਿੱਚ ਮੇਰਾ ਭਾਸ਼ਣ ਸੁਣ ਕੇ ਇਕ ਅੰਗਰੇਜ਼ ਤੀਵੀਂ ਅਥਵਾ ਮੇਮ ਨੇ ਮੈਨੂੰ ਕਈ ਸਵਾਲ ਕੀਤੇ। ਮੇਰੇ ਉੱਤਰ ਸੁਣ ਕੇ ਉਹ ਕੁਝ ਜ਼ਿਆਦਾ ਹੀ ਪ੍ਰਭਾਵਤ ਜਾਪਦੀ ਸੀ। ਅਗਲੇ ਹਫਤੇ ਕਈ ਵਾਰ ਸਾਡਾ ਮੌਕਾ-ਮੇਲ ਹੁੰਦਾ ਰਿਹਾ। ਜਦੋਂ ਕਦੇ ਮਿਲਦੀ ਉਹ ਗੱਲੀਂ ਲੱਗ ਜਾਂਦੀ।’’ ‘‘ਇਕ ਦਿਨ ਇਕ ਰੈਸਤਰਾਂ ਵਿੱਚ ਬੈਠੇ ਅਸੀਂ ਚਾਹ ਪੀ ਰਹੇ ਸੀ।…ਚਾਹ ਪੀਂਦਿਆਂ ਹੀ ਉਸ ਨੇ ਸਿਗਰਟ ਸੁਲਘਾ ਲਈ। ਉਹ ਬੜੀ ਖੂਬਸੂਰਤੀ ਨਾਲ ਸਿਗਰਟ ਦੇ ਕਸ਼ ਲਾਉਂਦੀ ਅਤੇ ਧੂੰਏਂ ਦੇ ਕੁੰਡਲ ਜਾਂ ਦਾਇਰੇ ਬਣਾ ਕੇ ਛੱਤ ਵੱਲ ਉਡਾਉਂਦੀ।’’ ਅਚਾਨਕ ਉਸ ਨੂੰ ਕੁਝ ਚੇਤੇ ਆਇਆ। ‘‘ਉਹ! ਸੌਰੀ!’’ ਆਖ ਕੇ ਉਸ ਨੇ ਸਿਗਰਟ ਬੁਝਾ ਦਿੱਤੀ। ‘‘ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਸਿਗਰਟ ਨੂੰ ਨਫਰਤ ਕਰਦੇ ਹੋ। ਮੈਂ ਗਲਤੀ ਕਰ ਬੈਠੀ ਸੀ।’’ ਉਹ ਨੇ ਬੜੀ ਨਿਮਰਤਾ ਨਾਲ ਕਿਹਾ। ‘‘ਹਾਂ ਸਾਡੇ ਧਰਮ ਵਿੱਚ ਸਿਗਰਟ ਦੀ ਮਨਾਹੀ ਹੈ…ਪਰ ਤੂੰ ਪੀਂਦੀ ਰਹਿ।’’ ‘‘ਕਿਉਂ?’’ ‘‘ਤੂੰ ਜਦੋਂ ਧੂੰਏਂ ਦੇ ਦਾਇਰੇ (ਕੁੰਡਲ) ਬਣਾਉਂਦੀ ਹੈ ਤਾਂ ਬਹੁਤ ਸੁਹਣਾ ਲੱਗਦਾ ਹੈਂ। ’’ ਆਪਣੀ ਉਮਰ ਦੇ ਚੌਥੇ ਪਹਿਰ ਸੇਖੋਂ ਆਪਣੀ ਜਵਾਨੀ ਵੇਲੇ ਦੀ ਯਾਦ ਤਾਜ਼ਾ ਕਰ ਰਿਹਾ ਸੀ। ਉਹ ਦੇ ਚਿਹਰੇ ’ਤੇ ਭਰ ਜਵਾਨੀ ਦੀ ਟਹਿਕ ਸੀ ਤੇ ਅੱਖਾਂ ਵਿੱਚ ਜਵਾਨੀ ਦਾ ਨਸ਼ਾ। ਬਜ਼ੁਰਗ ਸਾਹਿਤਕਾਰ ਸੰਤ ਸਿੰਘ ਸੇਖੋਂ ਦੇ ਮੁਖੜੇ ’ਤੇ ਆਈ ਜਵਾਨੀ ਦੀ ਲਹਿਰ ਦਾ ਉਹ ਦ੍ਰਿਸ਼ ਬਸ ਦੇਖਣ ਵਾਲਾ ਹੀ ਸੀ। ਡਾ. ਸੁਰਿੰਦਰ ਗਿੱਲ - ਮੋਬਾਈਲ: 99154-73505
|
|
11 Feb 2013
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|