|
ਸੱਭਿਆਚਾਰ ਨੂੰ ਸਾਂਭਣ ਲਈ ਨੀਤੀ |
ਪੰਜਾਬ ਦੀ ਜਰਖੇਜ਼ ਧਰਤੀ ਦੇ ਕਿੰਨੇ ਹੀ ਟੋਟੇ ਹੋਏ ਅਤੇ ਉਨ੍ਹਾਂ ਟੋਟਿਆਂ ਵਿੱਚੋਂ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦੀ ਖ਼ੁਸ਼ਬੋ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ ਸਾਡੇ ਪੁਰਖਿਆਂ ਨੇ ਬਹੁਤ ਉਪਰਾਲੇ ਕੀਤੇ। ਸਮਿਆਂ ਦੀਆਂ ਹਕੂਮਤਾਂ ਨੇ ਉਨ੍ਹਾਂ ਨੂੰ ਸਾਂਭਣ ਲਈ ਯੋਗ ਅਗਵਾਈ ਕੀਤੀ। ਅੱਜ ਪੰਜਾਬ ਦੇ ਅਮੀਰ ਵਿਰਸੇ ‘ਚੋਂ ਰਵਾਇਤੀ ਸੰਗੀਤ ਤਕਰੀਬਨ ਮਨਫ਼ੀ ਹੋ ਗਿਆ ਹੈ। ਸਿਰਫ਼ ਕੁਝ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਹੀ ਇਸ ਦੀ ਤਾਲੀਮ ਦਿੱਤੀ ਜਾਂਦੀ ਹੈ। ਸੱਭਿਆਚਾਰ ਦਾ ਕੋਈ ਵੀ ਵਿਸ਼ਾ ਸੰਗੀਤ, ਨਾਟ, ਨਾਚ, ਸੂਖ਼ਮ ਕਲਾਵਾਂ ਬਾਰੇ ਸਾਡੇ ਸਕੂਲਾਂ ਵਿੱਚ ਕੋਈ ਵੀ ਵਿਸ਼ਾ ਨਹੀਂ। ਕਾਲਜ ਵਿੱਚ ਜਾ ਕੇ 17 ਸਾਲ ਬਾਅਦ ਬੱਚਾ ਸੰਗੀਤ ਦੀ ਪਹਿਲੀ ਭਾਸ਼ਾ ਸਿੱਖਦਾ ਹੈ ਜਦੋਂਕਿ ਇਸ ਕੰਮ ਲਈ ਉਸ ਨੂੰ ਪਹਿਲੀ ਜਮਾਤ ਤੋਂ ਗਿਆਨ ਮਿਲਣਾ ਚਾਹੀਦਾ ਹੈ। ਇਸੇ ਤਰ੍ਹਾਂ ਬਾਕੀ ਨਾਟ, ਨਾਚ ਅਤੇ ਸੂਖ਼ਮ ਕਲਾਵਾਂ ਵਿੱਚ ਵੀ ਪੱਛੜ ਕੇ ਉਸ ਖੇਤਰ ਵਿੱਚ ਸਿੱਖਣ ਲਈ ਆਉਂਦਾ ਹੈ। ਸਕੂਲਾਂ, ਕਾਲਜਾਂ ਦੇ ਸੱਭਿਆਚਾਰਕ ਮੁਕਾਬਲੇ ਹੀ ਸਿਰਫ਼ ਇਨ੍ਹਾਂ ਵਿਦਿਆਰਥੀਆਂ ਦੇ ਹਿੱਸੇ ਆਉਂਦੇ ਹਨ। ਜਿੱਥੇ ਸਮੇਂ ਮੁਤਾਬਕ ਉਨ੍ਹਾਂ ਮੁਕਾਬਲਿਆਂ ਦਾ ਰੂਪ ਬਦਲਦਾ ਰਹਿੰਦਾ ਹੈ। ਗੱਲ ਇਹ ਹੈ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ? ਜਿਉਂ-ਜਿਉਂ ਸਮਾਂ ਬਦਲਦਾ ਹੈ, ਸੱਭਿਆਚਾਰ ਦੇ ਅਰਥ ਵੀ ਉਸੇ ਤਰ੍ਹਾਂ ਬਦਲਦੇ ਹਨ ਜਾਂ ਉਸ ਦੇ ਮਿਆਰ ਵਿੱਚ ਗਿਰਾਵਟ ਆ ਰਹੀ ਹੈ। ਸਾਡੀ ਸੋਚ ਸੌੜੀ ਹੁੰਦੀ ਜਾ ਰਹੀ ਹੈ ਜਾਂ ਫਿਰ ਸਮੇਂ ਦੀਆਂ ਹਕੂਮਤਾਂ ਇਸ ਪਾਸੇ ਤਵੱਜੋ ਨਹੀਂ ਦੇ ਰਹੀਆਂ। ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੀ ਦੂਜੀ ਪਾਰੀ ਵਿੱਚ ਪੈਰ ਜਮਾਏ ਹਨ। ਸਰਕਾਰ ਪੰਜਾਬ ਦੀ ਆਰਥਿਕਤਾ, ਕਿਸਾਨੀ ਅਤੇ ਖੇਡਾਂ ਨੂੰ ਪੈਰਾਂ ਸਿਰ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ। ਇਸ ਦੇ ਨਾਲ ਸਰਕਾਰ ਨੂੰ ਪੰਜਾਬ ਦਾ ਸੱਭਿਆਚਾਰ ਸਾਂਭਣ ਲਈ ਲੋਕਾਂ ਨੂੰ ਸੇਧ ਦੇਣੀ ਅਤੇ ਪੰਜਾਬ ਲਈ ਸੱਭਿਆਚਾਰ ਨੀਤੀ ਬਣਾਉਣੀ ਚਾਹੀਦੀ ਹੈ। ਇਉਂ ਰੁਲ ਰਹੀ ਵਿਰਾਸਤ ਬਚ ਸਕਦੀ ਹੈ। ਜੇ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੰੂ ਨਹੀਂ ਕਰਾਵਾਵਾਂਗੇ ਤਾਂ ਉਹ ਸਾਨੂੰ ਕਦੇ ਮੁਆਫ਼ ਨਹੀਂ ਕਰੇਗੀ। ਪੂਰੀ ਦੁਨੀਆਂ ‘ਚ ਵੱਸਦੇ ਪੰਜਾਬੀ ਇਸ ਗੱਲ ਲਈ ਫ਼ਿਕਰਮੰਦ ਹਨ ਕਿ ਅਸੀਂ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਕਿਧਰ ਲਿਜਾ ਜਾ ਰਹੇ ਹਾਂ। ਇਸ ਨੂੰ ਬਚਾਉਣ ਲਈ ਸਰਕਾਰ ਨੂੰ ਦ੍ਰਿੜ੍ਹਤਾ ਨਾਲ ਹੰਭਲਾ ਮਾਰਨਾ ਪਵੇਗਾ। ਸੱਭਿਆਚਾਰ ਨੀਤੀ ਜ਼ਰੀਏ ਬਜ਼ੁਰਗ ਕਲਾਕਾਰਾਂ ਨੂੰ ਪੈਨਸ਼ਨਾਂ, ਮੁਫ਼ਤ ਮੈਡੀਕਲ ਸਹੂਲਤਾਂ ਆਦਿ ਮਿਲਣ ਅਤੇ ਬੇਰੁਜ਼ਗਾਰਾਂ ਲਈ ਜ਼ਿਲ੍ਹਾ ਪੱਧਰ ‘ਤੇ ਸੱਭਿਆਚਾਰ ਕੇਂਦਰਾਂ ਦੀ ਸਥਾਪਨਾ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਜਾ ਸਕੇ। ਕਾਲਜਾਂ, ਯੂਨੀਵਰਸਿਟੀਆਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਸਰਗਰਮੀਆਂ ਵਿੱਚ ਮਾਅਰਕੇ ਮਾਰਨ ਵਾਲੇ ਕਲਾਕਾਰਾਂ ਨੂੰ ਖੇਡ ਕੋਟੇ ਵਾਂਗੂੰ ਨੌਕਰੀਆਂ ਲਈ ਰਾਖਵਾਂਕਰਨ ਅਤੇ ਚੰਗੇ ਕਲਾਕਾਰਾਂ ਨੂੰ ਸੂਬਾਈ ਪੱਧਰ ‘ਤੇ ਸਨਮਾਨ ਨਾਲ ਨਿਵਾਜਣ, ਸਟੇਟ ਐਂਟੀਪਾਇਰੇਸੀ ਐਕਟ ਲਾਗੂ ਕਰਨ ਦੇ ਨਾਲ ਨਾਲ ਪੰਜਾਬ ਵਿੱਚ ਖੋਜ ਕੇਂਦਰ ਸਥਾਪਤ ਕਰਕੇ ਉੱਥੇ ਪੁਰਾਤਨ ਅਮੀਰ ਵਿਰਸੇ ਦੀ ਆਡਿਓ ਅਤੇ ਵੀਡਿਓ ਸਟਾਕ ਕੀਤੀ ਜਾਵੇ ਜਿਸ ਵਿੱਚ ਸੰਗੀਤ, ਨਾਟ, ਲੋਕ-ਨਾਚ, ਲੋਕ-ਕਲਾਵਾਂ ਅਤੇ ਦਸਤਕਾਰੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇ। ਜੇ ਪੰਜਾਬ ਸਰਕਾਰ ਸੱਭਿਆਚਾਰਕ ਨੀਤੀ ਬਣਾਉਣ ਲਈ ਉਪਰਾਲਾ ਕਰੇ ਤਾਂ ਲੇਖਕ, ਫ਼ਿਲਮ ਨਿਰਦੇਸ਼ਕ, ਸੰਗੀਤਕਾਰ, ਗੀਤਕਾਰ, ਅਦਾਕਾਰ, ਕਲਾਕਾਰ ਅਤੇ ਵੱਖ-ਵੱਖ ਸੰਸਥਾਵਾਂ ਨਾਲ ਜੁੜੀਆਂ ਅਨੇਕਾਂ ਹਸਤੀਆਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਧੰਨਵਾਦੀ ਹੋਣਗੀਆਂ। ਪੰਜਾਬ ਦੇ ਸੱਭਿਆਚਾਰ ਵਿਭਾਗ ਤਹਿਤ ਕੰਮ ਕਰਦੀਆਂ ਤਿੰਨੇ ਅਕੈਡਮੀਆਂ ਵੀ ਚੰਗਾ ਬਜਟ ਮਿਲਣ ‘ਤੇ ਇਸ ਦਿਸ਼ਾ ਵਿੱਚ ਚੰਗਾ ਉਪਰਾਲਾ ਕਰ ਸਕਦੀਆਂ ਹਨ। ਪੰਜਾਬ ਦੇ ਸਮੁੱਚੇ ਕਲਾਕਾਰਾਂ ਨੂੰ ਇਨ੍ਹਾਂ ਅਕੈਡਮੀਆਂ ਨਾਲ ਜੋੜਿਆ ਜਾ ਸਕਦਾ ਹੈ
ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) * ਮੋਬਾਈਲ: 98140-19883
|
|
03 Dec 2012
|