Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
…ਯਹੈ ਹਮਾਰੈ ਪੀਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
…ਯਹੈ ਹਮਾਰੈ ਪੀਰ

  ਸੋਨੇ ਦੇ ਹਥਿਆਰਾਂ ਨਾਲ ਅੱਜ ਤਕ ਕੋਈ ਜੰਗ ਨਹੀਂ ਜਿੱਤੀ ਗਈ। ਸੁਨਹਿਰੀ ਤਵਾਰੀਖ਼ ਹਮੇਸ਼ਾਂ ਸਰਬਲੋਹ ਦੇ ਸ਼ਸਤਰਾਂ ਅਤੇ ਸ਼ਾਸਤਰਾਂ ਦੇ ਸੁਮੇਲ ਨਾਲ ਹੀ ਲਿਖੀ ਜਾਂਦੀ ਰਹੀ ਹੈ।
ਸ੍ਰੀ ਅਕਾਲ ਤਖ਼ਤ ਦੇ ਭੋਰਾ ਸਾਹਿਬ ਵਿਖੇ ਗੁਰੂ ਸਾਹਿਬਾਨ ਅਤੇ ਧਰਮਵੀਰ ਸ਼ਹੀਦਾਂ ਦੇ 52 ਇਤਿਹਾਸਕ ਸ਼ਸਤਰਾਂ ਦੀ ‘ਕਾਰ ਸੇਵਾ’ ਆਖਰੀ ਪੜਾਅ ਵਿੱਚ ਹੈ। ‘ਗੁਰਮਰਿਆਦਾ’ ਅਨੁਸਾਰ ਚੱਲ ਰਹੀ ਅਜਿਹੀ ਪਹਿਲੀ ‘ਕਾਰ ਸੇਵਾ’ ਦੌਰਾਨ ਪੁਰਾਤਨ ਸ਼ਸਤਰਾਂ ਉੱਪਰ ਲੋੜ ਅਨੁਸਾਰ ਸੋਨੇ ਦੀ ਕਢਾਈ ਅਤੇ ਹੀਰੇ ਜੜਨ ਦਾ ਕੰਮ ਜਾਰੀ ਹੈ। ਅਕਾਲ ਤਖ਼ਤ ’ਤੇ ਸੁਸ਼ੋਭਿਤ 50 ਪੁਰਾਤਨ ਅਤੇ 2 ਨਵੇਂ ਸ਼ਸਤਰਾਂ ਵਿੱਚ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ, ਗੁਰੂ ਗੋਬਿੰਦ ਸਿੰਘ, ਭਾਈ ਜੇਠਾ ਜੀ, ਬਾਬਾ ਬੁੱਢਾ ਜੀ, ਬਾਬਾ ਕਰਮ ਸਿੰਘ ਸ਼ਹੀਦ ਦੇ ਸ਼ਸਤਰ (ਸਿਰੀ ਸਾਹਿਬ) ਤੇ ਸ਼ਹੀਦ ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖਸ਼ ਸਿੰਘ ਦੇ ਦੋਧਾਰੇ ਖੰਡੇ ਸ਼ਾਮਲ ਹਨ। ਇਨ੍ਹਾਂ ਅਹਿਮ ਇਤਿਹਾਸਕ ਸ਼ਸਤਰਾਂ-ਅਸਤਰਾਂ ਦੇ ਰਹਿਰਾਸ ਦੇ ਪਾਠ ਉਪਰੰਤ ਰੋਜ਼ਾਨਾ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਜੂਨ ਚੁਰਾਸੀ ਦੇ ਫ਼ੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਦੀ ਇਮਾਰਤ ਤੋਂ ਇਲਾਵਾ ਸਿੱਖ ਧਰਮ ਨਾਲ ਸਬੰਧਤ ਅਮੁੱਲੀਆਂ ਨਿਸ਼ਾਨੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਹ ‘ਸੇਵਾ’ ਹਜ਼ੂਰ ਸਾਹਿਬ ਤੋਂ ਆਏ ਸੰਤ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ, ਕਾਰ ਸੇਵਾ ਲੰਗਰ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਹੈ। ‘ਗੁਰਮਤਿ ਮਰਿਆਦਾ’ ਅਨੁਸਾਰ ਇਹ ‘ਸੇਵਾ’ ਬਾਕਾਇਦਾ ਰੂਪ ਵਿੱਚ 13 ਸਤੰਬਰ 2011 ਨੂੰ ਆਰੰਭ ਹੋਈ ਸੀ। ਇਨ੍ਹਾਂ ਦੀ ਮੁਰੰਮਤ ਲਈ ਨੰਦੇੜ ਤੋਂ ਹੀ ਹਜ਼ੂਰੀਏ ਸਿੱਖ ਜਗਬੀਰ ਸਿੰਘ ਤੇ ਉਨ੍ਹਾਂ ਦੇ ਸਾਥੀ ਸੱਦੇ ਗਏ ਹਨ। ਹਜ਼ੂਰੀਏ ਉਹ ਸਿੱਖ ਹਨ, ਜਿਨ੍ਹਾਂ ਦੇ ਪੁਰਖੇ ਗੁਰੂ ਸਾਹਿਬਾਨ ਦੇ ਅੰਗ-ਸੰਗ ਰਹਿੰਦਿਆਂ, ਉਨ੍ਹਾਂ ਦੇ ਸ਼ਸਤਰਾਂ ਦੀ ਸਾਂਭ-ਸੰਭਾਲ ਕਰਦੇ ਸਨ। ਸਰਬਲੋਹ ਦੀਆਂ ਜਿਨ੍ਹਾਂ ਪੁਰਾਤਨ ਕਿਰਪਾਨਾਂ, ਕਟਾਰਾਂ ਅਤੇ ਹੋਰ ਸ਼ਸਤਰਾਂ ਨੇ ਸੁਨਹਿਰੀ ਇਤਿਹਾਸ ਰਚਿਆ ਸੀ, ਉਨ੍ਹਾਂ ਦੀ ਉਮਰ ਵਧਾਉਣ ਲਈ ਅੱਜ ਸੋਨੇ ਅਤੇ ਹੀਰਿਆਂ ਦੀ ‘ਲੋੜ’ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਤਕ ਅੱਠ ਕਿੱਲੋ (24 ਕੈਰਟ) ਸੋਨੇ ਨਾਲ ਪੁਰਾਤਨ ਸ਼ਸਤਰਾਂ ਦੇ ਸੰਮ ਅਤੇ ਠੋਕਰਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ‘ਕਾਰ ਸੇਵਾ’ ਵਾਲਿਆਂ ਅਨੁਸਾਰ ਕੁਝ ਸ਼ਸਤਰਾਂ ’ਤੇ ਹੁਣ ਸੋਨੇ ਦੇ ਬਣਾਏ ਗਏ ਸੰਮਾਂ ’ਤੇ ਸੱਤ ਹੀਰੇ ਅਤੇ ਛੇ ਪੰਨੇ ਜੜੇ ਜਾ ਚੁੱਕੇ ਹਨ ਜੋ ਇਨ੍ਹਾਂ ਮਿਆਨਾਂ ਨੂੰ ‘ਹੋਰ ਖ਼ੂਬਸੂਰਤੀ’ ਪ੍ਰਦਾਨ ਕਰਨਗੇ। ਹੀਰੇ ਜੜਨ ਲਈ ਇਨ੍ਹਾਂ ਮਿਆਨਾਂ ਨੂੰ ਮੁੰਬਈ ਭੇਜਿਆ ਗਿਆ ਹੈ। ਸ਼ਹੀਦ ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖ਼ਸ਼ ਸਿੰਘ ਦੀਆਂ ਪਿਸਤੌਲਾਂ ’ਤੇ ਵੀ ਸੋਨੇ ਦੀ ਕਢਾਈ ਦਾ ਕੰਮ ਚੱਲ ਰਿਹਾ ਹੈ। ਇਸ ਕਾਰਜ ਲਈ ਰਾਜਸਥਾਨ ਤੋਂ ਵਿਸ਼ੇਸ਼ ਕਾਰੀਗਰ ਬੁਲਾਏ ਗਏ ਹਨ। ਵਿਰਾਸਤ ਨੂੰ ਪਰਨਾਏ ਵਿਦਵਾਨਾਂ ਅਨੁਸਾਰ ਇਸ ‘ਕਾਰ ਸੇਵਾ’ ਦੌਰਾਨ ਪੁਰਾਤਨ ਸ਼ਸਤਰਾਂ ਦੀ ਦਿੱਖ ਅਤੇ ਸਰੂਪ ਬਦਲਣ ਦਾ ਖ਼ਦਸ਼ਾ ਹੈ। ਰਸੂਲ ਹਮਜ਼ਾਤੋਵ ਦੀ ਸਵੈ-ਜੀਵਨੀ ਮੂਲਕ ਪੁਸਤਕ ‘ਮੇਰਾ ਦਾਗ਼ਿਸਤਾਨ’ ਵਿੱਚ ਕੂਬਾਚੀ ਦੇ ਇੱਕ ਵਿਅਕਤੀ ਦਾ ਕਥਨ ਦਰਜ ਹੈ, “ਸੋਨਾ ਜਾਂ ਚਾਂਦੀ ਆਪਣੇ ਆਪ ਵਿੱਚ ਕੁਝ ਮਹੱਤਤਾ ਨਹੀਂ ਰੱਖਦੇ। ਮਹੱਤਤਾ ਇਸ ਗੱਲ ਦੀ ਹੁੰਦੀ ਹੈ ਕਿ ਕਾਰੀਗਰ ਦੇ ਹੱਥ ਸੋਨੇ ਦੇ ਹੋਣ।”

21 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸਿੱਖ ਇਤਿਹਾਸ ਸਰਬਲੋਹੀ ਦੇਗ ਅਤੇ ਤੇਗ ਜਾਂ ਸ਼ਸਤਰ ਤੇ ਸ਼ਾਸਤਰ ਦੁਆਲੇ ਘੁੰਮਦਾ ਹੈ। ਸਿੱਖ ਦੇ ਇੱਕ ਹੱਥ ਗਿਆਨ-ਖੜਗ (ਬਾਣੀ) ਅਤੇ ਦੂਜੇ ਹੱਥ ਸਰਬਲੋਹੀ ਖੜਗ (ਸ਼ਸਤਰ) ਰਹੇ ਹਨ। ਇਨ੍ਹਾਂ ਦੇ ਸਮਤੋਲ ਵਿੱਚੋਂ ਹੀ ਉਹ ਸੋਨਾ ਬਣ ਕੇ ਨਿਕਲਦਾ ਰਿਹਾ ਹੈ। ਪੁਰਾਤਨ ਸ਼ਸਤਰਾਂ ਵਿੱਚ ਜਿੰਨੇ ਕੁ ਸੋਨੇ ਦੀ ਲੋੜ ਸੀ, ਉਹ ਪਹਿਲਾਂ ਹੀ ਮੌਜੂਦ ਹੈ, ਜਿਸ ਦੇ ਮਹਾਤਮ ਨੂੰ ਸਮਝਣ ਦੀ ਲੋੜ ਹੈ। ਇਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਦੋ ਤੀਰ ਸ਼ਾਮਲ ਹਨ ਜਿਨ੍ਹਾਂ ਦੀ ਨੋਕ ’ਤੇ ਸਵਾ-ਸਵਾ ਤੋਲਾ ਸੋਨਾ ਲੱਗਿਆ ਹੋਇਆ ਹੈ। ਇਹ ਸੋਨਾ ਤੀਰ ਨਾਲ ਫੁੰਡੇ ਗਏ ਵਿਅਕਤੀ ਦੇ ਪਰਿਵਾਰ ਦੀ ਮਦਦ ਲਈ ਹੁੰਦਾ ਸੀ ਤਾਂ ਜੋ ਉਹ ਮ੍ਰਿਤਕ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ।
ਦਸਮ ਗ੍ਰੰਥ ਵਿੱਚ ਸਰਬਲੋਹ ਤੋਂ ਪ੍ਰਗਟ ਕੀਤੇ ਗਏ ਸ਼ਸਤਰਾਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਪੀਰਾਂ ਦੀ ਉਪਾਧੀ ਦਿੱਤੀ ਗਈ ਹੈ:
ਅਸਿ ਕਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ

ਦਸਮ ਗ੍ਰੰਥ ਵਿੱਚ ਅਨੇਕਾਂ ਪ੍ਰਕਾਰ ਦੇ ਸ਼ਸਤਰਾਂ ਦਾ ਜ਼ਿਕਰ ਹੈ, ਜਿਸ ਵਿੱਚ ਇੱਕ ਵੀ ਸੋਨੇ ਦਾ ਨਹੀਂ। ਤੱਤੀ ਤਵੀ ਅਤੇ ਲੋਹ-ਲੰਗਰ ਨੇ ਹੀ ਤਵਾਰੀਖ਼ ਨੂੰ ਨਵਾਂ ਮੋੜਾ ਦਿੱਤਾ ਸੀ। ਸਪਸ਼ਟ ਹੈ, ਰਣ-ਤੱਤੇ ਵਿੱਚ ਜੂਝਣ ਵਾਲੀ ਕੌਮ ਨੂੰ ਪੀਲੀ ਧਾਤ ਨੇ ਕਦੇ ਆਕਰਸ਼ਿਤ ਨਹੀਂ ਸੀ ਕੀਤਾ। ਮਨਜੀਤ ਸਿੰਘ (ਗਤਕਾ ਮਾਸਟਰ) ਰਚਿਤ ‘ਸ਼ਸਤ੍ਰਨਾਮਾ’ ਵਿੱਚ ਸਰਬਲੋਹ ਦੇ ਮਹਾਤਮ ਦਾ ਥਾਂ-ਥਾਂ ਜ਼ਿਕਰ ਆਉਂਦਾ ਹੈ, ਸੋਨੇ ਦਾ ਨਹੀਂ। ‘ਸ਼ਸਤ੍ਰਨਾਮਾ’ ਅਨੁਸਾਰ “ਸਿੱਖ ਕੌਮ ਨੂੰ ਆਪਣੇ ਗੁਰੂ ਸਾਹਿਬ ਦਾ ਕੋਟਨਿ-ਕੋਟਿ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜਿਨ੍ਹਾਂ ਉਸ ਨੂੰ ਗੁੜ੍ਹਤੀ ਹੀ ਸ਼ਸਤ੍ਰ ਨਾਲ ਅੰਮ੍ਰਿਤ ਤਿਆਰ ਕਰ ਕੇ ਦਿੱਤੀ ਸੀ।” ਸਰਬਲੋਹ ਦੀ ਪਾਣ ਨਾਲ ਹੀ ਜਿਸਮ ਫੌਲਾਦ ਦਾ ਬਣਦਾ ਹੈ। ਸ਼ਸਤਰ ਵਿੱਦਿਆ ਦਾ ਸੁਨਹਿਰੀ ਯੁੱਗ ਮਹਾਂਭਾਰਤ ਦਾ ਕਾਲ ਮੰਨਿਆ ਜਾਂਦਾ ਹੈ। ਹਿੰਦੁਸਤਾਨ ਨੂੰ ਕਿਸੇ ਸਮੇਂ ‘ਸੋਨੇ ਦੀ ਚਿੜੀ’ ਕਿਹਾ ਜਾਂਦਾ ਸੀ ਜਿਸ ਦੀ ਚਮਕ-ਦਮਕ ਨੇ ਵਿਦੇਸ਼ੀ ਹਮਲਾਵਰਾਂ ਨੂੰ ਆਪਣੇ ਵੱਲ ਖਿੱਚਿਆ। ਕਦੇ ਚੰਗੇਜ਼ ਅਤੇ ਕਦੇ ਅੰਗਰੇਜ਼ ਸੋਨੇ ਦੀ ਚਿੜੀ ਦੇ ਖੰਭ ਨੋਚ ਕੇ ਲਿਜਾਂਦਾ ਰਿਹਾ। ਸ਼ਸਤਰਾਂ ਤੋਂ ਮੋਹ ਭੰਗ ਹੋਣ ਕਾਰਨ ਚੰਗੇਜ਼ ਖ਼ਾਨ ਵਰਗੇ ਭੇਡਾਂ ਚਾਰਨ ਵਾਲੇ ਲੁਟੇਰੇ ਬਾਦਸ਼ਾਹ ਬਣ ਗਏ ਅਤੇ ਰਾਜਿਆਂ ਨੂੰ ਰੰਕ ਬਣਨਾ ਪਿਆ। ਸਰਬਲੋਹ ਪ੍ਰਤੀ ਸਿੱਖਾਂ ਦੀ ਸ਼ਰਧਾ ਬਾਰੇ ‘ਸ਼ਸਤ੍ਰਨਾਮਾ’ ਵਿੱਚ ਇਤਿਹਾਸਕ ਹਵਾਲੇ ਦਿੱਤੇ ਗਏ ਹਨ:
   ਸਰਬ ਲੋਹ ਕੀ ਪੂਜਾ ਕਰੈ।
    ਨਮਸ਼ਕਾਰ ਕਰ ਸ਼ਸਤਰ ਫੜੈ।
ਸਿੰਘਾਂ ਦਾ ਕਹਿਣਾ ਕਿ ਅਸੀਂ ਸ਼ਸਤ੍ਰਾਂ ਤੋਂ ਬਗ਼ੈਰ ਇੱਕ ਪੈਰ ਨਹੀਂ ਤੁਰਦੇ ਜੋ ਖ਼ਾਲਸਾ ਪੰਥ ਦੀ ਆਨ-ਸ਼ਾਨ ਦੇ ਪ੍ਰਤੀਕ ਹਨ:
 ਹਮ ਬਿਨ ਸ਼ਸਤ੍ਰ ਨ ਪੈਰ ਉਠਾਵੈ।
 ਹਮਰੈ ਪੰਥ ਮਧ ਹੈ ਯਹਿ ਆਣ।

21 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

‘ਵਾਰ ਭਗਉਤੀ ਜੀ ਕੀ’ ਵਿੱਚ ਅੰਕਿਤ ਹੈ, ‘ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਜਾਇਆ’। ਸਰਬਲੋਹ ਦਾ ਬਣਿਆ ਖੰਡਾ ਦੋਧਾਰੀ ਕਿਰਪਾਨ ਦਾ ਹੀ ਦੂਸਰਾ ਸਰੂਪ ਹੈ। ਇਹੀ ਜੀਵਨ ਦਾ ਆਦਿ ਹੈ।
ਪੁਰਾਤਨ ਸ਼ਸਤਰਾਂ ਵਿੱਚ ਰਲਾਵਟ ਬਾਰੇ ਮਨਜੀਤ ਸਿੰਘ (ਗਤਕਾ ਮਾਸਟਰ) ਨੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹ ਪੁਰਾਤਨ ਨਿਸ਼ਾਨੀਆਂ ਨੂੰ ਜਿਉਂ ਦਾ ਤਿਉਂ ਸੰਭਾਲਣ ਦੇ ਹੱਕ ਵਿੱਚ ਹੈ। ਵਿਸ਼ਵ ਮੰਡੀ ਵਿੱਚ ਵਿਰਾਸਤੀ ਵਸਤੂਆਂ ਦੀ ਭਾਰੀ ਕੀਮਤ ਪੈਂਦੀ ਹੈ। ਵਿਰਾਸਤ ਦੇ ਨਾਂ ’ਤੇ ਵਿਸ਼ਵ ਪੱਧਰ ਉੱਤੇ ਠੱਗੀ ਵੱਜ ਰਹੀ ਹੈ। ਕੁਝ ਲੋਕ ਸੱਜਰੀਆਂ ਬਣੀਆਂ ਵਸਤੂਆਂ ’ਤੇ ਰਸਾਇਣਾਂ ਦੀ ਵਰਤੋਂ ਕਰਕੇ ਇਨ੍ਹਾਂ ਨੂੰ ਪੁਰਾਤਨ ਦਿੱਖ ਦਿੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਵਿਸ਼ਵ ਦੇ ਨਿਲਾਮੀਘਰਾਂ ਵਿੱਚ ਮੋਟੀ ਰਕਮ ਮਿਲ ਜਾਂਦੀ ਹੈ। ਦੂਜੇ ਪਾਸੇ ਕੁਝ ਲੋਕ ਸ਼ਰਧਾ ਵੱਸ ਸੋਨੇ ਜਵਾਹਰਾਤ ਨਾਲ ਪੁਰਾਤਨਤਾ ਨੂੰ ਨਵੀਨਤਾ ਦਾ ਵੇਸ ਪਾ ਦਿੰਦੇ ਹਨ। ਲੋਕ ਆਪਣੇ ਵਿਰਸੇ ਨੂੰ ਜਾਣਨਾ ਚਾਹੁੰਦੇ ਹਨ। ਸਾਡਾ ਵਿਰਸਾ, ਸੋਨੇ ਅਤੇ ਸੰਗਮਰਮਰ ਦੀਆਂ ਪਰਤਾਂ ਹੇਠ ਲੁਪਤ ਹੁੰਦਾ ਜਾ ਰਿਹਾ ਹੈ। “ਸੰਸਾਰ ਦੇ ਤਕਰੀਬਨ ਹਰੇਕ ਅਜਾਇਬਘਰ ਅੰਦਰ ਸ਼ਸਤ੍ਰਾਂ ਨੂੰ ਪੁਰਾਤਨ ਵਿਰਾਸਤ ਵਜੋਂ ਜਾਣ ਕੇ ਉਚੇਚੇ ਢੰਗ ਨਾਲ ਸੰਭਾਲ ਕੇ ਰੱਖਿਆ ਗਿਆ ਹੈ ਪਰ ਸਿੱਖ ਧਰਮ ਅੰਦਰ ਇਨ੍ਹਾਂ ਦੀ ਵਿਸ਼ੇਸ਼ ਸੰਭਾਲ ਦੇ ਨਾਲ-ਨਾਲ ਇਨ੍ਹਾਂ ਦਾ ਸਤਿਕਾਰ ਵੀ ਕੀਤਾ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਵੀ ਭਗੌਤੀ (ਕਿਰਪਾਨ) ਸ਼ਸਤ੍ਰ ਦਾ ਨਾਂ ਲੈ ਕੇ ਸ਼ੁਰੂ ਕੀਤੀ ਜਾਂਦੀ ਹੈ।”
ਸੋਨੇ ਤੋਂ ਬਣਨ ਵਾਲੇ ਹਾਰ-ਸ਼ਿੰਗਾਰ ਆਦਿ ਨੂੰ ਮਜ਼ਬੂਤੀ ਦੇਣ ਲਈ ਕਿਸੇ ਹੋਰ ਧਾਤ ਦੀ ਖੋਟ ਪਾਈ ਜਾਂਦੀ ਹੈ। ਸਰਬਲੋਹ ਵਿੱਚ ਸੋਨੇ ਦੀ ਰਲਾਵਟ ਜਾਂ ਖੋਟ ਉਸ ਨੂੰ ਕਮਜ਼ੋਰ ਕਰਦੀ ਹੈ। ਸੋਨੇ ਅਤੇ ਲੋਹੇ ਦਾ ਕਰਮ-ਧਰਮ ਅਲੱਗ-ਅਲੱਗ ਹੈ। ਸਰਬਲੋਹ ਦੇ ਸ਼ਸਤਰ ਸਰਬ-ਸਾਂਝੀ ਵਿਰਾਸਤ ਹਨ। ਇਨ੍ਹਾਂ ਸ਼ਸਤਰਾਂ ਦੀ ਬਦੌਲਤ ਗ਼ੁਲਾਮੀ ਅਤੇ ਜਾਤ-ਪਾਤ ਦੀਆਂ ਜ਼ੰਜੀਰਾਂ ਟੁੱਟੀਆਂ ਸਨ। ਇਸੇ ਸਰਬਲੋਹ ਨੇ ਮਨੁੱਖ ਨੂੰ ਮਹਾਂਬਲੀ ਬਣਾਇਆ ਸੀ। ਸਰਬਲੋਹ ਦੇ ਸ਼ਸਤਰ ਸਭ ਤੋਂ ਉੱਤਮ ਮੰਨੇ ਗਏ ਹਨ। ਰਸੂਲ ਲਿਖਦਾ ਹੈ, “ਲੱਕੜੀ ਦੀ ਛੁਰੀ ਕਿੰਨੀਂ ਵੀ ਖ਼ੂਬਸੂਰਤ ਕਿਉਂ ਨਾ ਹੋਵੇ, ਤੁਸੀਂ ਇਸ ਨਾਲ ਚੂਜ਼ੇ ਦਾ ਵੀ ਵਾਲ ਵਿੰਗਾ ਨਹੀਂ ਕਰ ਸਕਦੇ। ਵੱਧ ਤੋਂ ਵੱਧ ਇਹ ਵਸਦੇ ਮੀਂਹ ਦੇ ਧਾਗੇ ਹੀ ਕੱਟ ਸਕਦੀ ਹੈ।”
ਵਿਰਾਸਤ ਪ੍ਰਤੀ ਸ਼ਰਧਾ ਕੁਦਰਤੀ ਵਰਤਾਰਾ ਹੈ। ਲੋੜ ਤੋਂ ਵੱਧ ਸ਼ਰਧਾ ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਣ ਵਿੱਚ ਕਾਣ ਪਾ ਦਿੰਦੀ ਹੈ। ਪੁਰਾਤਨਤਾ ਹਰ ਹਾਲਤ ਵਿੱਚ ਬਰਕਰਾਰ ਰਹਿਣੀ ਚਾਹੀਦੀ ਹੈ। ਵਿਰਾਸਤੀ ਵਸਤੂਆਂ ਸਾਹ ਲੈਂਦੀਆਂ ਪ੍ਰਤੀਤ ਹੁੰਦੀਆਂ ਹਨ। ਜਗਿਆਸੂ ਦੀ ਹਰ ਗੱਲ ਦਾ ਉਹ ਹੁੰਗਾਰਾ ਭਰਦੀਆਂ ਹਨ। ਪੁਰਾਤਨ ਸ਼ਸਤਰ ਤੇ ਸ਼ਾਸਤਰ ਸਾਡਾ ਅਮੁੱਲਾ ਸਰਮਾਇਆ ਹਨ ਜਿਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਰਲਾਵਟ ਦਾ ਹਰਫ਼ ਨਹੀਂ ਆਉਣਾ ਚਾਹੀਦਾ।

ਵਰਿੰਦਰ ਵਾਲੀਆ

 

21 Apr 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Good one 22G,,, Tfs ! jio,,,

21 Apr 2013

Reply