ਰੰਗ ਬਿਰੰਗੀ ਦੁਨੀਆਂ ਦੇ ਵਿੱਚ, ਕੀ ਕੀ ਰੰਗ ਵਿਖਾਉਂਦੇ ਲੋਕ
ਰੋਂਦਿਆਂ ਨੂੰ ਨੇ ਹੋਰ ਰਵਾਉਂਦੇ, ਹੱਸਦਿਆਂ ਹੋਰ ਹਸਾਉਂਦੇ ਲੋਕ
ਰੱਜਿਆਂ ਨੂੰ ਇਹ ਹੋਰ ਖਵਾਉਂਦੇ, ਭੁੱਖਿਆਂ ਨੂੰ ਮਾਰ ਭਜਾਉਂਦੇ ਲੋਕ
ਡਰਦੇ ਨਾ ਮਾੜੇ ਕੰਮ ਕਰਨੋਂ, ਦੂਜਿਆਂ ਨੂੰ ਰਹਿਣ ਡਰਾਉਂਦੇ ਲੋਕ
ਲੱਖ ਅਹਿਸਾਨਾ ਨੂੰ ਭੁੱਲ ਜਾਂਦੇ, ਖਤਾ ਨਾ ਇੱਕ ਭੁਲਾਉਂਦੇ ਲੋਕ
ਵਾਂਗ ਖਿਡੌਣਾ ਦਿਲ ਨਾਲ ਖੇਡਣ, ਇੰਝ ਵੀ ਦਿਲ ਪਰਚਾਉਂਦੇ ਲੋਕ
ਔਖੇ ਵੇਲੇ ਇਹ ਦੇਣ ਦਿਲਾਸਾ, ਪਰ ਅੰਦਰੋਂ ਖੁਸ਼ੀ ਮਨਾਉਂਦੇ ਲੋਕ
ਲੱਖ ਬੁਰਾ ਇਹ ਦਿਲ ਚ ਸੋਚਣ, ਸ਼ੁਭਚਿੰਤਕ ਅਖਵਾਉਂਦੇ ਲੋਕ
ਆਪਣੇ ਤੋਂ ਨੀਵੇਂ ਨੂੰ ਆਉਂਦੇ ਦੇਖ, ਦੂਰੋਂ ਹੀ ਅੱਖ ਫਿਰਾਉਂਦੇ ਲੋਕ
ਜਿਸ ਤਾਈਂ ਮਤਲਬ ਦੀ ਯਾਰੀ, ਓਹਨੂੰ ਆਪਣਾ ਕਹਿ ਮਿਲਾਉਂਦੇ ਲੋਕ
ਉਠਦਿਆਂ ਨੂੰ ਨੇ ਹੋਰ ਉਠਾਉਂਦੇ, ਗਿਰਦਿਆਂ ਨੂੰ ਹੋਰ ਗਿਰਾਉਂਦੇ ਲੋਕ
ਭਾਂਵੇਂ ਆਪਣਾ ਦਾਮਨ ਦਾਗੀ ਹੋਵੇ, ਹੋਰਾਂ ਤੇ ਤੋਹਮਤ ਲਾਉਂਦੇ ਲੋਕ
ਆਪ ਕਿਸੇ ਦੀ ਗੱਲ ਨਾ ਸੁਣਦੇ, ਹੋਰਾਂ ਨੂੰ ਸਮਝਾਉਂਦੇ ਲੋਕ
ਪਹਿਲਾਂ ਜਿਗਰੀ ਯਾਰ ਕਹਾਉਂਦੇ, ਮਗਰੋਂ ਪਿੱਠ ਦਿਖਾਉਂਦੇ ਲੋਕ
ਜੀਓਂਦੇ ਮਾਂਪਿਆਂ ਦੀ ਕਦਰ ਨਾ ਕਰਦੇ, ਮਗਰੋਂ ਸ਼ਰਾਧ ਕਰਾਉਂਦੇ ਲੋਕ
ਜੀਓਦਿਆਂ ਨੂੰ ਇਹ ਮਾਰਨ ਵੱਟੇ, ਅਰਥੀ ਤੇ ਫੁੱਲ ਚੜਾਉਂਦੇ ਲੋਕ
ਹੋਰਾਂ ਦੇ ਘਰ ਮਾਤਮ ਵੇਖ, ਝੂਠਾ ਅਫਸੋਸ ਜਤਾਉਂਦੇ ਲੋਕ
ਅੱਖੋਂ ਓਹਲੇ ਹੁੰਦਿਆਂ ਹੀ, ਮਹਫ਼ਿਲ ਆਪ ਸਜਾਉਂਦੇ ਲੋਕ
ਦੋ ਗੱਲਾਂ ਨਾਲ ਦੋ ਹੋਰ ਜੋੜ, ਅਫਵਾਹਾਂ ਨਿੱਤ ਉਡਾਉਂਦੇ ਲੋਕ
ਹੋਰਾਂ ਦੀ ਗੱਲ ਭੰਡਦੇ ਫਿਰਦੇ, ਖੁਦ ਨੂੰ ਰਹਿਣ ਸਲਾਹੁੰਦੇ ਲੋਕ
"ਮੰਨੂ" ਸਮਝ ਨਾ ਸਕਿਆ ਲੋਕਾਂ ਨੂੰ, ਸਦਾ ਰਹਿਣ ਭਰਮਾਉਂਦੇ ਲੋਕ
ਪਰ ਪਤਾ ਨਹੀਂ ਕਿਓਂ ਆਪ ਨਾ ਕਰਦੇ, ਦੂਜਿਆਂ ਤੋਂ ਜੋ ਨੇ ਚਾਹੁੰਦੇ ਲੋਕ
~ਸਿੰਘ ਮਨਪ੍ਰੀਤ~