Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀਅਤ ਨੂੰ ਪਰਣਾਇਆ ਪ੍ਰਾਣ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬੀਅਤ ਨੂੰ ਪਰਣਾਇਆ ਪ੍ਰਾਣ

ਉਸ ਨੂੰ ਹਮੇਸ਼ਾਂ ਡਰਾਉਣਾ ਖਲਨਾਇਕ ਸਮਝਿਆ ਜਾਂਦਾ ਸੀ। ਫ਼ਿਲਮੀ ਪਰਦੇ ’ਤੇ ਉਹ ਕਈ ਦਹਾਕੇ ਜ਼ਿਆਦਾਤਰ ਸਿਗਰਟਨੋਸ਼ੀ ਕਰਦਾ, ਸ਼ਰਾਬ ਪੀਂਦਾ, ਜੂਆ ਖੇਡਦਾ, ਜੁਗਤਾਂ ਲੜਾਉਂਦਾ, ਸਾਜ਼ਿਸ਼ਾਂ ਰਚਦਾ ਅਤੇ ਮਾਰ-ਧਾੜ ਕਰਦਾ ਨਜ਼ਰ ਆਇਆ। ਇਹ ਸਾਰੇ ਕੰਮ ਸਾਡੇ ਰੂੜ੍ਹੀਵਾਦੀ ਸਮਾਜ ਵਿੱਚ ਵਰਜਿਤ ਸਨ। ਉਹ ਆਪਣੇ ਨਾਂਹ-ਪੱਖੀ ਕਿਰਦਾਰਾਂ ਨੂੰ ਇਸ ਤਰ੍ਹਾਂ ਨਿਭਾਉਂਦਾ ਸੀ ਕਿ ਉਹ ਅਦਾਕਾਰੀ ਕਰਦਾ ਨਜ਼ਰ ਆਉਣ ਦੀ ਥਾਂ ਬਿਲਕੁਲ ਅਸਲੀ/ਸੁਭਾਵਿਕ ਜਾਪਾਦਾ ਸੀ। ਕੁਝ ਲੋਕ ਉਸ ਦੇ ਰੋਅਬ-ਦਾਬ ਤੋਂ ਮੁਤਾਸਿਰ ਅਤੇ ਕੁਝ ਲੋਕ ਭੈਅਭੀਤ ਹੁੰਦੇ ਸਨ।
ਜਦੋਂ ਸੰਨ 1969 ਵਿੱਚ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਤਾਂ ਮੇਰੇ ਮਨ ਵਿੱਚ ਵੀ ਇਹੀ ਰਲੀਆਂ-ਮਿਲੀਆਂ ਜਿਹੀਆਂ ਭਾਵਨਾਵਾਂ ਸਨ। ਉਹ ਚੰਡੀਗੜ੍ਹ ਨੇੜੇ ਇੱਕ ਪਿੰਡ ਵਿੱਚ ਫ਼ਿਲਮ ‘ਹੀਰ ਰਾਂਝਾ’ ਦੀ ਸ਼ੂਟਿੰਗ ਕਰ ਰਹੇ ਸਨ। ਮਰਹੂਮ ਡਾ. ਵਿਸ਼ਵਨਾਥ ਤਿਵਾੜੀ ਆਪਣੇ ਵਿਦਿਆਰਥੀਆਂ ਦੇ ਗਰੁੱਪ ਨੂੰ ਫ਼ਿਲਮ ਦੇ ਸੈੱਟ ’ਤੇ ਲੈ ਗਏ। ਤਿਵਾੜੀ ਜੀ ਫ਼ਿਲਮ ਦੇ ਨਿਰਦੇਸ਼ਕ ਚੇਤਨ ਆਨੰਦ ਦੇ ਗੂੜ੍ਹੇ ਮਿੱਤਰ ਸਨ।
ਜਦੋਂ ਅਸੀਂ ਚੇਤਨ ਸਾਬ੍ਹ ਨਾਲ ਗੱਲਾਂ ਕਰ ਰਹੇ ਸਾਂ ਤਾਂ ਕੈਦੋਂ ਵਾਲੀ ਵੇਸ-ਭੂਸ਼ਾ ਵਿੱਚ ਹੱਥ ’ਚ ਲਾਠੀ ਫੜੀ ਪ੍ਰਾਣ ਸਾਬ੍ਹ ਉਥੇ ਆ ਗਏ। ਚੇਤਨ ਸਾਬ੍ਹ ਇਹ ਕਹਿ ਕੇ ਉੱਥੋਂ ਚਲੇ ਗਏ, ‘‘ਆ ਗਿਆ ਮਾਮਾ ਹੀਰ ਦਾ ਮੁੰਡਿਓ। ਤੁਸੀਂ ਇਹਦੇ ਨਾਲ ਗੱਪਾਂ ਮਾਰੋ ਤੇ ਮੈਂ ਕੁਝ ਕੰਮ ਕਰ ਲਵਾਂ।’’ ਸਾਡੇ ਵਿੱਚਕਾਰ ਪ੍ਰਾਣ ਸਾਬ੍ਹ ਦੀ ਮੌਜੂਦਗੀ ਨਾਲ ਅਸੀਂ ਸਾਰੇ ਹੱਕੇ-ਬੱਕੇ ਰਹਿ ਗਏ। ਡਾਕਟਰ ਤਿਵਾੜੀ ਨੇ ਚੁੱਪ ਤੋੜੀ ਅਤੇ ਪ੍ਰਾਣ ਨਾਲ ਗੱਲਬਾਤ ਸ਼ੁਰੂ ਕੀਤੀ। ਉਨ੍ਹਾਂ ਨੇ ਤਿਵਾੜੀ ਜੀ ਦੇ ਮਨਭਾਉਂਦੇ ‘ਮਿਰਜ਼ਾ-ਸਾਹਿਬਾਂ’ ਦੇ ਕਿੱਸੇ ਬਾਰੇ ਚਰਚਾ ਸ਼ੁਰੂ ਕਰ ਦਿੱਤੀ। ਪ੍ਰਾਣ ਸਾਬ੍ਹ ਨੇ ਤਿਵਾੜੀ ਨੂੰ ਕਿਹਾ, ‘‘ਜੇ ਮੈਂ ਕਦੇ ਮਿਰਜ਼ਾ-ਸਾਹਿਬਾਂ ’ਤੇ ਫ਼ਿਲਮ ਬਣਾਈ ਤਾਂ ਤੈਨੂੰ ਹੀਰੋ ਲਵਾਂਗਾ।’’ ਇੰਨੇ ਨੂੰ ਚੇਤਨ ਸਾਬ੍ਹ ਵੀ ਮੁੜ ਆਏ ਤੇ ਇਸ ਪੇਸ਼ਕਸ਼ ਦੀ ਗੱਲ ਉਨ੍ਹਾਂ ਨੇ ਸੁਣ ਲਈ। ‘‘ਮੇਰੇ ਤੋਂ ਬਿਨਾਂ ਮਿਰਜ਼ਾ-ਸਾਹਿਬਾਂ ਦੀ ਕਹਾਣੀ ਨੂੰ ਕੋਈ ਹੱਥ ਨਹੀਂ ਪਾਵੇਗਾ, ਮੈਂ ਫ਼ਿਲਮ ਬਣਾਵਾਂਗਾ ਅਤੇ ਤਿਵਾੜੀ ਉਸ ਵਿੱਚ ਹੀਰੋ ਨਹੀਂ ਹੋਵੇਗਾ।’’ ਚੇਤਨ ਸਾਬ੍ਹ ਨੇ ਕਿਹਾ ਅਤੇ ਹੱਸ  ਪਏ। ਪ੍ਰਾਣ ਸਾਬ੍ਹ ਨੇ ਚੇਤਨ ਸਾਬ੍ਹ ਨੂੰ ਚੋਭ ਲਾਉਂਦਿਆਂ/ਫੱਬਤੀ ਕੱਸਦਿਆਂ ਕਿਹਾ, ‘‘ਤੇਰੇ ਮਾਮਲੇ ’ਚ ਹੀਰ ਦਾ ਮਾਮਾ ਕੌਣ ਬਣ ਰਿਹੈ?’’
ਇਸ ਨਾਲ ਮਾਹੌਲ ਖੁਸ਼ਗਵਾਰ ਹੋ  ਗਿਆ। ਪ੍ਰਾਣ ਸਾਬ੍ਹ ਦੇ ਖ਼ੌਫ਼ਨਾਕ ਹੋਣ ਦਾ ਵਿਚਾਰ ਸਕਿੰਟਾਂ ਵਿੱਚ ਹੀ ਉੱਡ-ਪੁੱਡ ਗਿਆ ਅਤੇ ਉਹ ਇੱਕ ਸੂਝਵਾਨ ਭੱਦਰ ਪੁਰਸ਼ ਜਾਪਣ ਲੱਗੇ।
ਪਿਛਲਝਾਤ ਮਾਰਿਆਂ ਮੈਨੂੰ ਯਾਦ ਆਉਂਦਾ ਹੈ ਕਿ ਸੰਨ 1982 ਵਿੱਚ ਪ੍ਰਾਣ ਸਾਬ੍ਹ ਨੇ ਇੱਕ ਹਿੰਦੀ ਫ਼ਿਲਮ ਬਣਾਈ ਪਰ ਇਹ ਮਿਰਜ਼ਾ ਸਾਹਿਬਾਂ ਨਹੀਂ ਸੀ। ਇਹ ਫ਼ਿਲਮ ‘ਲਕਸ਼ਮਣ ਰੇਖਾ’ ਸੀ। ਉਨ੍ਹਾਂ ਦੇ ਪੁੱਤਰ ਸੁਨੀਲ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਨੇ ਚੰਗੀ ਕਮਾਈ ਕੀਤੀ।
ਚੇਤਨ ਸਾਬ੍ਹ ਨੇ ਵੀ ਪੰਜਾਬ ਅਤੇ ਪਾਕਿਸਤਾਨ ਵਿੱਚੋਂ ਮਿਰਜ਼ਾ ਸਾਹਿਬਾਂ ਦੇ 50 ਤੋਂ ਵੱਧ ਕਿੱਸੇ ਇਕੱਠੇ ਕੀਤੇ। ਉਨ੍ਹਾਂ ਨੇ ਸਕ੍ਰਿਪਟ ਵੀ ਲਿਖ ਲਈ ਸੀ ਪਰ ਉਨ੍ਹਾਂ ਦੇ ਜਿਉਂਦੇ-ਜੀਅ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ। ਇਸ ਪ੍ਰਾਜੈਕਟ ਦੇ ਸਾਰੇ ਹਮਾਇਤੀਆਂ ਤਿਵਾੜੀ, ਚੇਤਨ  ਆਨੰਦ ਅਤੇ ਪ੍ਰਾਣ ਸਾਬ੍ਹ ਦੇ ਚਲਾਣੇ ਕਾਰਨ ਇਹ ਅਮਰ ਪ੍ਰੇਮ ਕਹਾਣੀ, ਕਹਾਣੀ ਹੀ ਰਹਿ ਜਾਵੇਗੀ।
ਪ੍ਰਾਣ ਸਾਬ੍ਹ ਦੀ ਸ਼ਖਸੀਅਤ ਦਾ ਸਭ ਤੋਂ ਖ਼ਾਸ ਪਹਿਲੂ ਉਨ੍ਹਾਂ ਵੱਲੋਂ ਅਨੁਸ਼ਾਸਨ, ਸਮੇਂ ਦੀ ਪਾਬੰਦੀ, ਸ਼ਿਸ਼ਟਤਾ ਅਤੇ ਨਿਮਰਤਾ ’ਤੇ ਜ਼ੋਰ ਦੇਣਾ ਸੀ। ਇਕ ਦਹਾਕੇ ਮਗਰੋਂ ਵੀ ਸੰਨ 1979 ਵਿੱਚ ਚੇਤਨ ਸਾਬ੍ਹ ਦੀ ਹਿਮਾਲਿਆ ਫ਼ਿਲਮਜ਼ ਵਿੱਚ ਕੰਮ ਕਰਦੇ ਸਮੇਂ ਉਨ੍ਹਾਂ ਦੇ ਇਸ ਗੁਣ ਦਾ ਮੈਂ ਗਵਾਹ ਹਾਂ।
ਫ਼ਿਲਮ ਲਾਈਨ ਵਿੱਚ ਬਹੁਤ ਘੱਟ ਲੋਕ ਜਾਣਦੇ ਸਨ ਕਿ ਬਹੁਪੱਖੀ ਪ੍ਰਤਿਭਾ ਦਾ ਮਾਲਕ ਪਰ ਇਕਾਂਤਪਸੰਦ ਅਦਾਕਾਰ ਰਾਜ ਕੁਮਾਰ ਹਮੇਸ਼ਾਂ ਆਪਣਾ ਜਨਮ ਦਿਨ ਜੁਹੂ ਸਥਿਤ ਚੇਤਨ ਸਾਬ੍ਹ ਦੇ ਸਮੁੰਦਰ ਵੱਲ ਮੂੰਹ ਵਾਲੇ ਰੈਣ-ਬਸੇਰੇ ਉੱਤੇ ਮਨਾਉਂਦਾ ਸੀ। ਪਾਰਟੀ ਵਿੱਚ ਸਿਰਫ਼ ਪਰਿਵਾਰ ਵਾਲੇ ਅਤੇ ਨੇੜਲੇ ਮਿੱਤਰ ਸ਼ਾਮਲ ਹੁੰਦੇ ਸਨ। ਉਸੇ ਦਿਨ ਪ੍ਰਾਣ ਸਾਬ੍ਹ ਇਲਾਕੇ ਵਿੱਚੋਂ ਲੰਘ ਰਹੇ ਸਨ ਅਤੇ ਉਨ੍ਹਾਂ ਨੇ ਚੇਤਨ ਸਾਬ੍ਹ ਨੂੰ ਮਿਲਣ ਦਾ ਫ਼ੈਸਲਾ ਕੀਤਾ। ਗੇਟ ’ਤੇ ਪਹੁੰਚ ਕੇ ਉਨ੍ਹਾਂ ਨੂੰ ਪਾਰਟੀ ਬਾਰੇ ਪਤਾ ਲੱਗਿਆ। ਚੌਕੀਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਰਾਜ ਸਾਬ੍ਹ ਦੀ ਪਾਰਟੀ ਹੈ।
ਚੇਤਨ ਸਾਬ੍ਹ ਦੇ ਪੁੱਤਰ ਕੂੰਕੀ (ਕੇਤਨ ਆਨੰਦ) ਨੇ ਪ੍ਰਾਣ ਸਾਬ੍ਹ ਨੂੰ ਦੇਖ ਲਿਆ ਅਤੇ ਗੇਟ ਵੱਲ ਤੁਰ ਪਿਆ। ਪਰ ਉਦੋਂ ਤਕ ਪ੍ਰਾਣ ਸਾਬ੍ਹ ਆਪਣੀ ਕਾਰ ਕੋਲ ਜਾ ਚੁੱਕੇ ਸਨ। ਕੂੰਕੀ ਕਾਰ ਪਿੱਛੇ ਦੌੜਿਆ ਵੀ ਅਤੇ ਮੈਂ ਕਾਰ ਨੂੰ ਜਿਵੇਂ-ਕਿਵੇਂ ਰੋਕ ਲਿਆ ਅਤੇ ਪ੍ਰਾਣ ਸਾਬ੍ਹ ਨੂੰ ਅੰਦਰ ਬੁਲਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੰਜ ਆ ਟਪਕਣ ਦਾ ਅਫ਼ਸੋਸ ਹੈ ਅਤੇ ਉਨ੍ਹਾਂ ਨੂੰ ਆਉਣ ਤੋਂ ਪਹਿਲਾਂ ਚੇਤਨ ਸਾਬ੍ਹ ਨੂੰ ਫੋਨ ਕਰ ਲੈਣਾ ਚਾਹੀਦਾ ਸੀ। ਇੰਨੇ ਨੂੰ ਕੂੰਕੀ ਵੀ ਪਹੁੰਚ ਗਿਆ ਅਤੇ ਪ੍ਰਾਣ ਸਾਬ੍ਹ ਨੂੰ ਅੰਦਰ ਲੈ ਲਿਆ।
ਉਨ੍ਹਾਂ ਉੱਥੇ ਦਸ ਮਿੰਟਾਂ ਤੋਂ ਜ਼ਿਆਦਾ ਨਹੀਂ ਗੁਜ਼ਾਰੇ। ਉਨ੍ਹਾਂ ਨੇ ਆਪਣੀ ਪਸੰਦੀਦਾ ‘ਬਲੈਕ ਲੇਬਲ’ ਦਾ ਪੈੱਗ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਕੋਲਡ ਡਰਿੰਕ ਪੀ ਕੇ ਹੀ ਚਲੇ ਗਏ ਪਰ ਉਹ ਇਸ ਦਾ ਬਦਲਾ ਚੁਕਾਉਣਾ ਭੁੱਲੇ ਨਹੀਂ। ਘੰਟੇ ਕੁ ਮਗਰੋਂ ਰਾਜ ਸਾਬ੍ਹ ਨੂੰ ਪ੍ਰਾਣ ਸਾਬ੍ਹ ਵੱਲੋਂ ਭੇਜਿਆ ਖ਼ੂਬਸੂਰਤ ਗੁਲਦਸਤਾ ਮਿਲਿਆ। ਇਹ ਵੇਖ ਕੇ ਚੇਤਨ ਸਾਬ੍ਹ ਦੀਆਂ ਅੱਖਾਂ ਭਰ ਆਈਆਂ।
ਇਹ ਪ੍ਰਾਣ ਸਾਬ੍ਹ ਨਾਲ ਮੇਰੇ ਲੰਮੇ ਸਾਥ ਦੀ ਸ਼ੁਰੂਆਤ ਸੀ। ਕੂੰਕੀ ਨੇ ‘ਰੇਗਿਸਤਾਨ’ ਨਾਂ ਦੀ ਫ਼ਿਲਮ ਸ਼ੁਰੂ ਕੀਤੀ ਅਤੇ ਮੈਂ ਫ਼ਿਲਮ ਦੇ ਸਹਿ-ਨਿਰਦੇਸ਼ਕਾਂ ਵਿੱਚੋਂ ਇੱਕ ਸੀ। ਕਹਾਣੀ ਇੱਕ-ਦੂਜੇ ਦੇ ਦੁਸ਼ਮਣ ਦੋ ਰਾਜਪੂਤ ਸਰਦਾਰਾਂ ਦੁਆਲੇ ਘੁੰਮਦੀ ਸੀ। ਇਨ੍ਹਾਂ ਵਿੱਚੋਂ ਇੱਕ ਪ੍ਰਾਣ ਸਾਬ੍ਹ ਸਨ ਅਤੇ ਦੂਜਾ ਨੈਸ਼ਨਲ ਸਕੂਲ ਆਫ ਡਰਾਮਾ ਦਾ ਦਿੱਗਜ, ਮਨੋਹਰ ਸਿੰਘ। ਮੇਰੇ ਲਈ ਇਹ ਸ਼ੁਗਲ ਮੇਲਾ ਵੀ ਸੀ ਅਤੇ ਸਿੱਖਣ ਦਾ ਮੌਕਾ ਵੀ ਕਿਉਂਕਿ ਮੈਂ ਪ੍ਰਾਣ ਸਾਬ੍ਹ ਨਾਲ ਗੱਲਬਾਤ ਕਰਦਿਆਂ ਕਈ ਘੰਟੇ ਬਿਤਾਏ।
ਪੰਜਾਬੀ ਸੱਭਿਆਚਾਰ, ਸਾਹਿਤ ਅਤੇ ਕਲਾ ਵਿੱਚ ਪ੍ਰਾਣ ਸਾਬ੍ਹ ਦੀ ਦਿਲਚਸਪੀ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਹੋਰ ਬਹੁਤ ਅਹਿਮ ਪਹਿਲੂ ਸੀ। ਮੈਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਪ੍ਰਾਣ ਸਾਬ੍ਹ ਨੇ ਕੂੰਕੀ ਨੂੰ 8 ਤੋਂ 14 ਅਪਰੈਲ ਤਕ ਸ਼ੂਟਿੰਗ ਲਈ ਨਾ ਆ ਸਕਣ ਬਾਰੇ ਦੱਸਿਆ। ਅਸੀਂ ਸਾਰੇ ਹੈਰਾਨ ਸੀ ਕਿ ਹਮੇਸ਼ਾ ਫਿੱਟ ਅਤੇ ਕੰਮ ਪ੍ਰਤੀ ਗੰਭੀਰ ਰਹਿਣ ਵਾਲੇ ਪ੍ਰਾਣ ਨੇ ਇੰਨੀ ਛੁੱਟੀ ਕਿਉਂ ਮੰਗੀ ਸੀ। ਉਸ ਦਿਨ ਸ਼ੂਟਿੰਗ ਖਤਮ ਹੋਣ ਮਗਰੋਂ ਪ੍ਰਾਣ ਸਾਬ੍ਹ ਨੇ ਮੈਨੂੰ ਦੱਸਿਆ ਕਿ ਉਹ ਮੁੰਬਈ ਦੀ ਪੰਜਾਬ ਐਸੋਸੀਏਸ਼ਨ ਵੱਲੋਂ ਵਿਸਾਖੀ ਮੌਕੇ ਕਰਵਾਏ ਜਾਂਦੇ ਸਾਲਾਨਾ ਸਮਾਗਮ ਸਬੰਧੀ ਤਿਆਰੀ ਕਰਨੀ ਚਾਹੁੰਦੇ ਸਨ। ਮੇਰੇ ਵੱਲੋਂ ਕੋਈ ਖਿਦਮਤ ਕਰਨ ਦੀ ਪੇਸ਼ਕਸ਼ ਪ੍ਰਾਣ ਸਾਬ੍ਹ ਨੇ ਸਵੀਕਾਰ ਕਰ ਲਈ। ਉਨ੍ਹਾਂ ਨੇ ਮੈਨੂੰ 8 ਅਪਰੈਲ ਨੂੰ ਸਵੇਰੇ 11 ਵਜੇ ਕਿੰਗਜ਼ ਸਰਕਲ ਰੇਲਵੇ ਸਟੇਸ਼ਨ ਨੇੜੇ ਪੰਜਾਬ ਐਸੋਸੀਏਸ਼ਨ ਹਾਲ ਵਿਖੇ ਪਹੁੰਚਣ ਲਈ ਕਿਹਾ।
ਉੱਥੇ ਵੱਖਰਾ ਹੀ ਦ੍ਰਿਸ਼, ਮਾਹੌਲ ਅਤੇ ਵੱਖਰੇ ਹੀ ਪ੍ਰਾਣ ਸਾਬ੍ਹ ਸਨ। ਉਹ ਆਪਣੇ ਮਿੱਤਰ ਜੈਰਾਜ ਜੀ, ਆਰ.ਪੀ. ਆਨੰਦ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨਾਲ ਸਟੇਜ ਉੱਤੇ ਪੇਸ਼ ਕੀਤੀਆਂ ਜਾਣ ਵਾਲੀਆਂ ਆਈਟਮਾਂ ਦੀ ਸੂਚੀ ਬਣਾ ਰਹੇ ਸਨ। ਉੱਥੇ ਬਹੁਤ ਸਾਰੇ ਕਲਾਕਾਰ, ਗਾਇਕ, ਕਾਮੇਡੀਅਨ ਅਤੇ ਲੋਕ ਨਾਚ ਕਰਨ ਵਾਲੇ ਕਲਾਕਾਰ ਸਨ। ਇਹ ਕਲਾਕਾਰਾਂ ਅਤੇ ਉਨ੍ਹਾਂ ਦੀਆਂ ਆਈਟਮਾਂ ਦੀ ਚੋਣ ਦਾ ਪਹਿਲਾ ਦਿਨ ਸੀ।
ਪ੍ਰਾਣ ਸਾਬ੍ਹ ਨੇ ਸਾਰੇ ਗਾਣੇ, ਦੋਗਾਣੇ ਸੁਣੇ, ਭੰਡਾਂ ਦੀਆਂ ਪੇਸ਼ਕਾਰੀਆਂ ਅਤੇ ਨ੍ਰਿਤ ਦੇਖੇ। ਉਹ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਸਚੇਤ ਸਨ ਕਿ ਕੋਈ ਵੀ ਆਈਟਮ ਜਾਂ ਹਾਵ-ਭਾਵ ਆਦਿ ਦਰਸ਼ਕਾਂ ਦੀਆਂ ਫ਼ਿਰਕੂ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਵੇ।
ਉਹ ਦੂਹਰੇ ਅਰਥਾਂ ਵਾਲੇ ਸ਼ਬਦਾਂ ਜਾਂ ਘਟੀਆ ਪੇਸ਼ਕਾਰੀ ਦੀ ਥਾਂ ‘ਸਾਫ਼-ਸੁਥਰੀਆਂ’ ਆਈਟਮਾਂ ਦੀ ਪੇਸ਼ਕਾਰੀ ਵਿੱਚ ਯਕੀਨ ਰੱਖਦੇ ਸਨ। ਉਹ ਹਮੇਸ਼ਾਂ ਕਲਾਕਾਰਾਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਅਮੀਰ ਰਵਾਇਤਾਂ ’ਤੇ ਪਹਿਰਾ ਦੇਣ ਲਈ ਕਹਿੰਦੇ ਸਨ।
ਪੰਜਾਬ ਦਾ ਤਕਰੀਬਨ ਹਰ ਜਾਣਿਆ-ਪਛਾਣਿਆ ਕਲਾਕਾਰ ਪੰਜਾਬੀਅਤ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਸਰੋਕਾਰ ਦਾ ਜਾਮਨ ਹੈ, ਭਾਵੇਂ ਉਹ ਹੰਸ ਰਾਜ ਹੰਸ, ਵਡਾਲੀ ਭਰਾ, ਗੁਰਦਾਸ ਮਾਨ, ਪੰਮੀ ਬਾਈ, ਜਸਪਿੰਦਰ ਨਰੂਲਾ ਹੋਵੇ ਜਾਂ ਕੋਈ ਹੋਰ। ਪ੍ਰਾਣ ਸਾਬ੍ਹ ਨਾਲ ਉਨ੍ਹਾਂ ਸਭ ਦੀ ਮਿੱਠੀਆਂ ਯਾਦਾਂ ਜੁੜੀਆਂ ਹਨ।
ਉਹ ਆਈਟਮਾਂ ਦੀ ਚੋਣ ਕਰਦੇ, ਰਿਹਰਸਲਾਂ ਵੇਖਦੇ ਅਤੇ ਇਨ੍ਹਾਂ ਬਾਰੇ ਜ਼ਰੂਰੀ ਸੁਝਾਅ ਦਿੰਦੇ। ਐਸੋਸੀਏਸ਼ਨ ਹਾਲ ਵਿੱਚ ਚਾਰ ਦਿਨ ਦੇ ਅਭਿਆਸ ਮਗਰੋਂ ਰਿਹਰਸਲਾਂ ਮੁੱਖ ਸਮਾਗਮ ਵਾਲੇ ਆਡੀਟੋਰੀਅਮ ਵਿੱਚ ਹੋਣੀਆਂ ਸਨ। ਪੂਰੇ ਸੈੱਟ, ਸੰਗੀਤ ਅਤੇ ਰੋਸ਼ਨੀਆਂ ਸਹਿਤ ਦੋ ਦਿਨ ਪੂਰੀ ਰਿਹਰਸਲ ਹੋਈ।
ਪ੍ਰਾਣ ਸਾਬ੍ਹ ਨੇ ਹਰ ਚੀਜ਼ ਦੀ ਨਿਗਰਾਨੀ ਕੀਤੀ। ਸਮਾਗਮ ਵਾਲੇ ਦਿਨ ਹੱਥ ਵਿੱਚ ਆਈਟਮਾਂ ਦੀ ਲਿਸਟ ਲੈ ਕੇ ਦਰਸ਼ਕਾਂ ਤੋਂ ਓਹਲੇ ਉਹ ਪਰਦੇ ਪਿੱਛੇ ਸਟੇਜ ਦੇ ਥਮ੍ਹਲਿਆਂ ਵਿਚਕਾਰ ਬੈਠਦੇ ਸਨ। ਚੱਲ ਰਹੀ ਪੇਸ਼ਕਾਰੀ ਮੁਕੰਮਲ ਹੋਣ ਤੋਂ ਪਹਿਲਾਂ ਉਹ ਅਗਲੇ ਕਲਾਕਾਰ ਨੂੰ ਤਿਆਰ ਰਹਿਣ ਲਈ ਕਹਿੰਦੇ। ਪੇਸ਼ਕਾਰੀਆਂ ਸਮੇਂ ਉਹ ਕਦੇ ਕਦੇ ਵੀ ਸਟੇਜ ਉੱਤੇ ਨਹੀਂ ਜਾਂਦੇ ਸਨ। ਇਹ ਉਨ੍ਹਾਂ ਦੀ ਪ੍ਰਤੀਬੱਧਤਾ ਸੀ। ਸਿਹਤ ਉੱਤੇ ਉਮਰ ਦਾ ਪ੍ਰਭਾਵ ਦਿਸਣ ਤੋਂ ਪਹਿਲਾਂ ਸਾਲ 2008 ਤਕ ੳਹ ਇਉਂ ਹੀ ਸਟੇਜ ਦੇ ਥਮ੍ਹਲਿਆਂ ਵਿਚਕਾਰ ਬੈਠਦੇ ਰਹੇ।
ਉਨ੍ਹਾਂ ਦੀ ਯਾਦਦਾਸ਼ਤ ਧੁੰਦਲੀ ਪੈਣ ਲੱਗੀ ਪਰ ਉਹ ਮਿੱਤਰਾਂ-ਪਿਆਰਿਆਂ ਨੂੰ ਅਤੇ ਉਨ੍ਹਾਂ ਦੇ ਨਾਂ ਯਾਦ ਕਰਨ ਲਈ ਸਾਥ ਛੱਡਦੇ ਜਾਂਦੇ ਦਿਮਾਗ਼ ਉੱਤੇ ਜ਼ੋਰ ਪਾਉਂਦੇ। ਮੈਂ 8 ਅਪਰੈਲ 2012 ਨੂੰ ਆਖਰੀ ਵਾਰ  ਪ੍ਰਾਣ ਸਾਬ੍ਹ ਨੂੰ ਮਿਲਿਆ। ਕਿੰਨੇ ਇਤਫ਼ਾਕ ਦੀ ਗੱਲ ਹੈ। ਮੇਰੇ ਖ਼ਬਰ ਚੈਨਲ ਦੇ ਮਾਲਕਾਂ ਨੇ ਪ੍ਰਾਣ ਸਾਬ੍ਹ ਨੂੰ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਅਤੇ ਉਹ ਉਨ੍ਹਾਂ ਤੋਂ ਪ੍ਰਵਾਨਗੀ ਦੀ ਚਿੱਠੀ ਚਾਹੁੰਦੇ ਸਨ। ਪਹਿਲਾਂ ਜਦੋਂ ਅਸੀਂ ਐਵਾਰਡ ਬਾਰੇ ਗੱਲਬਾਤ ਕਰ ਰਹੇ ਸਾਂ ਤਾਂ ਉਨ੍ਹਾਂ ਨੇ ਮੈਨੂੰ ਪਛਾਣਿਆ ਨਹੀਂ। ਮੈਂ ਪ੍ਰਾਣ ਸਾਬ੍ਹ ਨੂੰ ਪੁੱਛਿਆ ਕਿ ਕੀ ਉਹ ਹਾਲੇ ਵੀ ਪੰਜਾਬ ਐਸੋਸੀਏਸ਼ਨ ਵਾਲੇ ਆਰ  ਪੀ  ਆਨੰਦ ਅਤੇ ਕੁਲਵੰਤ ਸਿੰਘ ਕੋਹਲੀ ਦੇ ਸੰਪਰਕ ਵਿਚ ਸਨ। ਪ੍ਰਾਣ ਸਾਬ੍ਹ ਨੇ ਸਿਰਫ਼ ਕੰਧ ਵੱਲ ਵੇਖਿਆ ਅਤੇ ਕੋਈ ਜਵਾਬ ਨਾ ਦਿੱਤਾ। ਇੰਨੇ ਨੂੰ ਚਿੱਠੀ ਤਿਆਰ ਹੋ ਗਈ। ਮੈਂ ਪ੍ਰਾਣ ਸਾਬ੍ਹ ਦੇ ਪੈਰੀਂ ਹੱਥ ਲਾਏ ਅਤੇ ਅਤੇ ਜਾਣ ਦੀ ਇਜਾਜ਼ਤ ਮੰਗੀ। ਅਚਾਨਕ ਆਵਾਜ਼ ਆਈ ‘‘ਬਲਜੀਤ, ਆਰ ਪੀ ਦਾ ਕੀ ਹਾਲ ਹੈ?’’ ਉਨ੍ਹਾਂ ਪੁੱਛਿਆ। ਮੈਨੂੰ ਅਤੇ ਉਨ੍ਹਾਂ ਦੇ ਪੁੱਤਰ ਸੁਨੀਲ ਨੂੰ ਸੁਖ ਦਾ ਸਾਹ ਆਇਆ।
ਪਰ ਸਾਡੇ ਲਈ ਇੱਕ ਹੋਰ ਸਰਪ੍ਰਾਈਜ਼ ਵੀ ਸੀ। ਦਰਵਾਜ਼ੇ ਦੀ ਘੰਟੀ ਵੱਜੀ ਅਤੇ ਹਮੇਸ਼ਾਂ ਮੁਸਕਰਾਉਂਦੇ ਰਹਿਣ ਵਾਲੇ ਸਰਦਾਰ ਕੁਲਵੰਤ ਸਿੰਘ ਕੋਹਲੀ ਹੱਥ ਜੋੜੀ ਅੰਦਰ ਆਏ। ਪ੍ਰਾਣ ਸਾਬ੍ਹ ਦੇ ਹੋਠਾਂ ’ਤੇ ਮੁਸਕਰਾਹਟ ਅਤੇ ਚਿਹਰੇ ਉੱਤੇ ਜਲੌਅ ਸੀ। ਉਨ੍ਹਾਂ ਬਾਹਾਂ ਫੈਲਾਈਆਂ ਅਤੇ ਕੋਹਲੀ ਨੂੰ ਜੱਫ਼ੀ ਪਾ ਲਈ। ਉਹ ਆਪਣੇ ਪਿਆਰਿਆਂ ਨੂੰ ਹਮੇਸ਼ਾਂ ਯਾਦ ਰੱਖਦੇ ਅਤੇ ਪਛਾਣਦੇ ਸਨ। ਇਹੋ ਜਿਹੇ ਸਨ ਪ੍ਰਾਣ ਸਾਬ੍ਹ।
ਬਲਜੀਤ ਪਰਮਾਰ * ਮੋਬਾਈਲ: 098701-31868

15 Jul 2013

Reply